Punjab
ਕੇਲਿਆਂ ਪਿੱਛੇ ਹੋਈ ਮਾਮੂਲੀ ਬਹਿਸ ਦੌਰਾਨ ਗ੍ਰਾਹਕ ਵੱਲੋਂ ਦੁਕਾਨਦਾਰ ਦਾ ਕਤਲ
ਖੰਨਾ, 30 ਨਵੰਬਰ (ਸ.ਬ.) ਖੰਨਾ ਦੇ ਪਿੰਡ ਬੀਜਾ ਵਿਖੇ ਕੇਲਿਆਂ ਨੂੰ ਲੈ ਕੇ ਹੋਈ ਲੜਾਈ ਵਿੱਚ ਇੱਕ ਦੁਕਾਨਦਾਰ ਦੀ ਜਾਨ ਚਲੀ ਗਈ। ਮਾਮੂਲੀ ਗੱਲ ਨੂੰ ਲੈ ਕੇ ਹੋਏ ਇਸ ਝਗੜੇ ਵਿੱਚ ਉਸ ਸਮੇਂ ਲੜਾਈ ਵਧ ਗਈ ਜਦੋਂ ਮੁਲਜ਼ਮ ਨੇ ਆਪਣੇ ਪੁੱਤ ਅਤੇ ਸਾਥੀਆਂ ਨੂੰ ਬੁਲਾ ਲਿਆ ਅਤੇ 50 ਸਾਲ ਦੇ ਫਲ ਕਾਰੋਬਾਰੀ ਤੇਜਿੰਦਰ ਕੁਮਾਰ ਬੌਬੀ ਦੇ ਸਿਰ ਵਿੱਚ ਸੱਟ ਮਾਰ ਕੇ ਕਤਲ ਕਰ ਦਿੱਤਾ। ਮਾਮਲੇ ਸਬੰਧੀ ਜਾਣਕਾਰੀ ਮਿਲਦੇ ਹੀ ਪੁਲੀਸ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਦੁਕਾਨ ਤੇ ਕੰਮ ਕਰਦੇ ਚੰਦੇਸ਼ਵਰ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਮਾਲਕ ਤੇਜਿੰਦਰ ਬੌਬੀ ਦੁਕਾਨ ਤੇ ਨਹੀਂ ਸੀ ਤਾਂ ਪਿੰਡ ਦੇ ਹੀ ਇੱਕ ਵਿਅਕਤੀ ਨੇ ਆ ਕੇ ਕੇਲੇ ਮੰਗਣੇ ਸ਼ੁਰੂ ਕਰ ਦਿੱਤੇ। ਕੇਲੇ ਖਰੀਦਣ ਤੋਂ ਬਾਅਦ ਜਦੋਂ ਉਸ ਨੇ ਪੈਸੇ ਨਾ ਦਿੱਤੇ ਤਾਂ ਉਸ ਨੇ ਪੈਸੇ ਮੰਗੇ। ਇਸ ਤੇ ਮੁਲਜ਼ਮ ਨੇ ਉਸ ਨੂੰ ਗਲੇ ਤੋਂ ਫੜ ਲਿਆ ਅਤੇ ਗਾਲ੍ਹਾਂ ਕੱਢਣ ਲੱਗ ਗਿਆ। ਇਸ ਦੌਰਾਨ ਉਸ ਨੇ ਆਪਣੇ ਮਾਲਕ ਤੇਜਿੰਦਰ ਬੌਬੀ ਨੂੰ ਫੋਨ ਕੀਤਾ, ਜਦੋਂ ਤੱਕ ਮਾਲਕ ਆਇਆ ਤਾਂ ਮੁਲਜ਼ਮ ਨੇ ਆਪਣੇ ਪੁੱਤਰ ਅਤੇ ਹੋਰ ਸਾਥੀਆਂ ਨੂੰ ਬੁਲਾ ਲਿਆ। ਜਿਵੇਂ ਹੀ ਮੁਲਜ਼ਮ ਦਾ ਲੜਕਾ ਆਇਆ ਤਾਂ ਉਸ ਨੇ ਦੁਕਾਨ ਮਾਲਕ ਦੇ ਸਿਰ ਵਿੱਚ ਸੱਟ ਮਾਰ ਦਿੱਤੀ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਗਈ। ਇਸ ਦੌਰਾਨ ਦੁਕਾਨ ਮਾਲਕ ਜ਼ਮੀਨ ਤੇ ਡਿੱਗ ਗਿਆ। ਜਦੋਂ ਦੁਕਾਨ ਮਾਲਕ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੂਚਨਾ ਮਿਲਣ ਤੇ ਖੰਨਾ ਦੇ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਤੁਰੰਤ ਐਸਐਚਓ ਸਦਰ ਸੁਖਵਿੰਦਰਪਾਲ ਸਿੰਘ ਸਮੇਤ ਮੌਕੇ ਤੇ ਪੁੱਜੇ। ਮਾਮਲੇ ਸਬੰਧੀ ਜਾਂਚ ਕਰਦਿਆਂ ਪੁਲੀਸ ਨੇ ਆਸ-ਪਾਸ ਲੱਗੇ ਸੀਸੀਟੀਵੀ ਵੀ ਚੈਕ ਕੀਤੇ। ਡੀਐਸਪੀ ਨੇ ਦੱਸਿਆ ਕਿ ਕੇਲੇ ਚੁੱਕਣ ਨੂੰ ਲੈਕੇ ਨਾਲ ਦੇ ਦੁਕਾਨਦਾਰ ਨਾਲ ਲੜਾਈ ਹੋ ਗਈ। ਇਸ ਦੌਰਾਨ ਦੂਜੇ ਪਾਸੇ ਦੇ ਦੁਕਾਨਦਾਰ ਨੇ ਕੁਝ ਲੋਕਾਂ ਨੂੰ ਬੁਲਾਇਆ ਅਤੇ ਝਗੜਾ ਹੋ ਗਿਆ। ਉੱਥੇ ਲੱਗੇ ਕੈਮਰੇ ਦੀ ਫੁਟੇਜ ਦੇਖ ਕੇ ਪੁਲੀਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
Chandigarh
ਚੋਣਾਂ ਤੋਂ ਪਹਿਲਾਂ ਹੀ ਹਾਰ ਮੰਨ ਗਏ ਹਨ ਕਾਂਗਰਸ ਅਤੇ ਅਕਾਲੀ ਦਲ : ਭਗਵੰਤ ਮਾਨ
ਚੰਡੀਗੜ੍ਹ, 13 ਦਸੰਬਰ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਵਿਰੋਧੀ ਧਿਰਾਂ, ਖਾਸ ਕਰਕੇ ਕਾਂਗਰਸ ਅਤੇ ਅਕਾਲੀ ਦਲ ਚੋਣਾਂ ਤੋਂ ਪਹਿਲਾਂ ਹੀ ਹਾਰ ਮੰਨ ਚੁੱਕੀਆਂ ਹਨ।
ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਹਾਲਤ ਇਹ ਹੈ ਕਿ ਉਹ ਹਮੇਸ਼ਾਂ ਆਪਣੀਆਂ ਕਰਤੂਤਾਂ ਕਰਕੇ ਹਾਰਦੀ ਹੈ ਪਰ ਹਾਰ ਦਾ ਠੀਕਰਾ ਦੂਜਿਆਂ ਸਿਰ ਭੰਨਦੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਾਏ ਗਏ ‘ਨਕਲੀ ਬੈਲਟ ਪੇਪਰ’ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਸੀ ਐਮ ਮਾਨ ਨੇ ਕਿਹਾ ਕਿ ਚੰਨੀ ਨੇ ਅਸਲ ਵਿੱਚ ਹਾਰ ਮੰਨ ਲਈ ਹੈ, ਇਸੇ ਕਰਕੇ ਉਹ ਅਜਿਹੇ ਬੇਬੁਨਿਆਦ ਇਲਜ਼ਾਮ ਲਗਾ ਰਹੇ ਹਨ।
ਚੋਣਾਂ ਵਿੱਚ ‘ਧੱਕੇਸ਼ਾਹੀ’ ਦੇ ਦੋਸ਼ਾਂ ਨੂੰ ਨਕਾਰਦਿਆਂ ਮੁੱਖ ਮੰਤਰੀ ਨੇ ਅੰਕੜੇ ਪੇਸ਼ ਕਰਦਿਆਂ ਉਹਨਾਂ ਕਿਹਾ ਕਿ ਬਲਾਕ ਸੰਮਤੀ ਦੇ ਕੁੱਲ 2833 ਜ਼ੋਨਾਂ ਵਿੱਚ ਚੋਣਾਂ ਹੋਣੀਆਂ ਹਨ। ਇਹਨਾਂ ਵਿੱਚੋਂ 340 ਤੇ ਆਮ ਆਦਮੀ ਪਾਰਟੀ, 3 ਤੇ ਕਾਂਗਰਸ ਅਤੇ 8 ਤੇ ਆਜ਼ਾਦ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਉਹਨਾਂ ਸਪੱਸ਼ਟ ਕੀਤਾ ਕਿ ਇੱਥੇ ਕੋਈ ਧੱਕਾ ਨਹੀਂ ਹੋਇਆ ਅਤੇ ਸੱਚਾਈ ਇਹ ਹੈ ਕਿ ਵਿਰੋਧੀ ਪਾਰਟੀਆਂ ਨੂੰ ਚੋਣ ਲੜਨ ਲਈ ਉਮੀਦਵਾਰ ਹੀ ਨਹੀਂ ਲੱਭ ਰਹੇ।
ਮੁੱਖ ਮੰਤਰੀ ਨੇ ਦੱਸਿਆ ਕਿ ਚੋਣ ਮੈਦਾਨ ਵਿੱਚ ਆਮ ਆਦਮੀ ਪਾਰਟੀ ਦੇ 2771, ਕਾਂਗਰਸ ਦੇ 2433, ਸ਼੍ਰੋਮਣੀ ਅਕਾਲੀ ਦਲ ਦੇ 1814, ਭਾਜਪਾ ਦੇ 1127, ਬਸਪਾ ਦੇ 195 ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ 3 ਉਮੀਦਵਾਰ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਕੁੱਲ 347 ਜ਼ੋਨਾਂ ਲਈ ਕੁੱਲ 1396 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚ ਕਾਂਗਰਸ ਦੇ 331, ਅਕਾਲੀ ਦਲ ਦੇ 298 ਅਤੇ ਭਾਜਪਾ ਦੇ 215 ਉਮੀਦਵਾਰ ਚੋਣ ਲੜ ਰਹੇ ਹਨ। ਮਾਨ ਨੇ ਕਿਹਾ ਕਿ ਜੇਕਰ ਇੱਕ-ਦੋ ਥਾਵਾਂ ਤੇ ਕੋਈ ਮਾਮੂਲੀ ਧੱਕਾ ਹੋ ਵੀ ਗਿਆ ਤਾਂ ਉਸਨੂੰ ਇੰਨਾ ਵੱਡਾ ਮੁੱਦਾ ਬਣਾਉਣ ਦੀ ਕੀ ਲੋੜ ਹੈ? ਵਿਰੋਧੀਆਂ ਨੂੰ ਆਪਣੀ ਸਮੀਖਿਆ ਕਰਨੀ ਚਾਹੀਦੀ ਹੈ ਕਿ ਉਹ ਕਿਉਂ ਹਾਰ ਰਹੇ ਹਨ।
ਵਿਰੋਧੀ ਪਾਰਟੀਆਂ ਦੀ ਖਿਚਾਈ ਕਰਦਿਆਂ ਉਹਨਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਕੋਲ ਹੁਣ ਕੋਈ ਮੁੱਦਾ ਨਹੀਂ ਬਚਿਆ, ਇਸੇ ਲਈ ਇਹ ਸਿਰਫ਼ ਬੇਬੁਨਿਆਦ ਇਲਜ਼ਾਮ ਲਗਾ ਰਹੀਆਂ ਹਨ। ਉਹਨਾਂ ਕਿਹਾ ਕਿ ਦਿੱਲੀ ਵਿੱਚ ਇਨ੍ਹਾਂ ਦਾ ਕਦੇ ਖਾਤਾ ਨਹੀਂ ਖੁੱਲ੍ਹਦਾ ਅਤੇ ਉੱਥੇ ਇਹ ਕਦੇ ਅਜਿਹੇ ਇਲਜ਼ਾਮ ਨਹੀਂ ਲਾਉਂਦੇ ਪਰ ਪੰਜਾਬ ਵਿੱਚ ਹਾਰ ਦੇ ਡਰੋਂ ਰੌਲਾ ਪਾ ਰਹੇ ਹਨ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵਿਅੰਗ ਕਰਦਿਆਂ ਉਹਨਾਂ ਕਿਹਾ ਕਿ ਲੋਕਾਂ ਨੇ ਉਹਨਾਂ ਨੂੰ ਪਹਿਲਾਂ ਹੀ ਬਹੁਤ ਮੌਕੇ ਦਿੱਤੇ ਹਨ, ਹੁਣ ਤੁਹਾਨੂੰ ਦੁਬਾਰਾ ਵਾਰੀ ਨਹੀਂ ਮਿਲਣੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਤੰਜ ਕਸਦਿਆਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਪਹਿਲਾਂ ਬਲਾਕ ਸੰਮਤੀ ਦਾ ਮਤਲਬ ਤੱਕ ਨਹੀਂ ਪਤਾ ਸੀ, ਅੱਜ ਉਹ ਮੋਟਰਸਾਈਕਲ ਤੇ ਪ੍ਰਚਾਰ ਕਰਦੇ ਫਿਰ ਰਹੇ ਹਨ। ਉਨ੍ਹਾਂ ਰਾਜਾ ਵੜਿੰਗ ਬਾਰੇ ਵੀ ਕਿਹਾ ਕਿ ਇਹ ਸਭ ਸਾਡੀ ਬਦੌਲਤ ਹੀ ਹੈ ਕਿ ਅੱਜ ਇਹ ਲੀਡਰ ਲੋਕਾਂ ਵਿੱਚ ਜਾ ਕੇ ਪ੍ਰਚਾਰ ਕਰਨ ਲਈ ਮਜਬੂਰ ਹੋਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਅਸਲ ਮੁੱਦਿਆਂ ਤੇ ਚੋਣ ਲੜ ਰਹੀ ਹੈ। ਸਾਡੇ ਕੋਲ ਗਿਣਾਉਣ ਲਈ ਮੁਫ਼ਤ ਬਿਜਲੀ, ਖੇਤਾਂ ਦੀਆਂ ਟੇਲਾਂ ਤੱਕ ਪਾਣੀ, ਸੜਕਾਂ ਦਾ ਨਿਰਮਾਣ, ਆਮ ਆਦਮੀ ਕਲੀਨਿਕ, ਸ਼ਾਨਦਾਰ ਸਰਕਾਰੀ ਸਕੂਲ ਅਤੇ ਖੇਡਾਂ ਵਰਗੇ ਕੰਮ ਹਨ, ਜਦਕਿ ਵਿਰੋਧੀ ਖਾਲੀ ਹੱਥ ਹਨ।
ਨਵਜੋਤ ਸਿੱਧੂ ਬਾਰੇ ਉਹਨਾਂ ਕਿਹਾ ਕਿ ਨਵਜੋਤ ਕੌਰ ਸਿੱਧੂ ਸਾਰਿਆਂ ਦੇ ‘ਰੇਟ’ ਦੱਸ ਰਹੀ ਹੈ ਅਤੇ ਪਹਾੜਾਂ ਤੋਂ ‘ਜੋਗੀ’ (ਨਵਜੋਤ ਸਿੱਧੂ) ਵੀ ਵਾਪਸ ਆ ਗਿਆ ਹੈ। ਉਹਨਾਂ ਕਿਹਾ ਕਿ ਚੋਣਾਂ ਨੇੜੇ ਆਉਂਦੇ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਯਾਦ ਆ ਜਾਂਦਾ ਹੈ। ਹੁਣ ਕੈਪਟਨ ਭਾਜਪਾ ਨੂੰ ਨਿਸ਼ਾਨਾ ਬਣਾ ਰਹੇ ਹਨ, ਜੇਕਰ ਉਨ੍ਹਾਂ ਨੂੰ ਭਾਜਪਾ ਤੋਂ ਇੰਨੀ ਦਿੱਕਤ ਹੈ ਤਾਂ ਉਹ ਅਸਤੀਫਾ ਦੇ ਦੇਣ।
Chandigarh
ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਭਲਕੇ ਪੈਣਗੀਆਂ ਵੋਟਾਂ, 17 ਦਸੰਬਰ ਨੂੰ ਆਏਗਾ ਨਤੀਜਾ
ਚੰਡੀਗੜ੍ਹ, 13 ਦਸੰਬਰ (ਸ.ਬ.) ਜ਼ਿਲ੍ਹਾ ਪ੍ਰੀਸ਼ਦ ਦੀਆਂ 347 ਸੀਟਾਂ ਅਤੇ ਪੰਚਾਇਤ ਸੰਮਤੀ ਦੀਆਂ 2838 ਸੀਟਾਂ ਲਈ ਭਲਕੇ ਵੋਟਾਂ ਪੈਣਗੀਆਂ। ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗਾ ਅਤੇ ਸ਼ਾਮ 4 ਵਜੇ ਤਕ ਜਾਰੀ ਰਹੇਗਾ। ਇਸ ਸੰਬੰਧੀ ਪੋਲਿੰਗ ਪਾਰਟੀਆਂ ਪੋਲਿੰਗ ਸਮੱਗਰੀ ਲੈ ਕੇ ਬੂਥਾਂ ਤੇ ਪੁੱਜ ਗਈਆਂ ਹਨ। ਵੋਟਾਂ ਬੈਲਟ ਪੇਪਰ ਰਾਹੀਂ ਪਾਈਆਂ ਜਾਣਗੀਆਂ।
ਚੋਣ ਪ੍ਰੀਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਕਰੀਬ 90 ਹਜ਼ਾਰ ਚੋਣ ਸਟਾਫ਼ ਦੀ ਤਾਇਨਾਤੀ ਕੀਤੀ ਗਈ ਹੈ। ਇਸਤੋ ਇਲਾਵਾ 44 ਹਜ਼ਾਰ ਦੇ ਕਰੀਬ ਪੁਲੀਸ ਮੁਲਾਜ਼ਮਾਂ ਨੂੰ ਬੂਥਾਂ ਅਤੇ ਪੈਟਰੋਲਿੰਗ ਡਿਊਟੀ ਤੇ ਲਗਾਇਆ ਗਿਆ ਹੈ। ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਹੋਵੇਗੀ ਅਤੇ ਗਿਣਤੀ ਉਪਰੰਤ ਨਤੀਜ਼ਾ ਐਲਾਨਿਆ ਜਾਵੇਗਾ।
ਪ੍ਰਾਪਤ ਜਾਣਕਾਰੀ ਜਾਣਕਾਰੀ ਅਨੁਸਾਰ 22 ਜ਼ਿਲ੍ਹਿਆਂ ਵਿਚ ਜ਼ਿਲ੍ਹਾ ਪ੍ਰੀਸ਼ਦ ਲਈ 1280 ਅਤੇ ਪੰਚਾਇਤ ਸੰਮਤੀ ਲਈ 8495 ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਹਨ। ਹੁਕਮਰਾਨ ਧਿਰ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ ਚੋਣ ਨਿਸ਼ਾਨ ਤੇ ਚੋਣ ਲੜ੍ਹ ਰਹੀਆਂ ਹਨ। ਜਦਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਅਕਾਲੀ ਦਲ ਪੁਨਰ ਸੁਰਜੀਤ ਨੇ ਵੀ ਕੁੱਝ ਥਾਵਾਂ ਤੇ ਉਮੀਦਵਾਰ ਖੜ੍ਹੇ ਕੀਤੇ ਹਨ ਜਾਂ ਫਿਰ ਕਈ ਥਾਵਾਂ ਤੇ ਅਜ਼ਾਦ ਉਮੀਦਵਾਰਾਂ ਨੂੰ ਸਮਰਥਨ ਦਿੱਤਾ ਹੈ।
ਰਾਜ ਚੋਣ ਕਮਿਸ਼ਨ ਰਾਜ ਕਮਲ ਚੌਧਰੀ ਅਨੁਸਾਰ ਨਿਰਪੱਖ ਤੇ ਸ਼ਾਂਤੀ ਨਾਲ ਚੋਣਾਂ ਕਰਵਾਉਣ ਲਈ ਜਿੱਥੇ 23 ਜ਼ਿਲ੍ਹਿਆਂ ਵਿਚ ਸੀਨੀਅਰ ਆਈ. ਏ. ਐਸ, ਪੀ. ਸੀ. ਐਸ ਅਧਿਕਾਰੀਆਂ ਨੂੰ ਬਤੌਰ ਆਬਜ਼ਰਵਰ ਤਾਇਨਾਤ ਕੀਤਾ ਗਿਆ ਹੈ ਉਥੇ ਕੁੱਝ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਬਰਨਾਲਾ, ਤਰਨਤਾਰਨ, ਰੂਪਨਗਰ, ਜਲੰਧਰ, ਕਪੂਰਥਲਾ ਅਤੇ ਮੋਗਾ ਵਿਖੇ ਆਈ. ਪੀ. ਐਸ ਅਧਿਕਾਰੀਆਂ ਨੂੰ ਵੀ ਆਬਜ਼ਰਵਰ ਲਗਾਇਆ ਗਿਆ ਹੈ।
ਚੋਣ ਕਮਿਸ਼ਨ ਨੇ ਸੂਬੇ ਵਿਚ 860 ਪੋਲਿੰਗ ਸਟੇਸ਼ਨ ਅਤਿ ਨਾਜ਼ੁਕ ਅਤੇ 3405 ਨਾਜ਼ੁਕ ਘੋਸ਼ਿਤ ਕੀਤੇ ਹਨ। ਇਹਨਾਂ ਥਾਵਾਂ ਤੇ ਪੁਲੀਸ ਮੁਲਾਜ਼ਮਾਂ ਦੀ ਵੱਧ ਤਾਇਨਾਤੀ ਕੀਤੀ ਗਈ ਹੈ ਅਤੇ ਪੁਲੀਸ ਨੂੰ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਗਏ ਹਨ।
Chandigarh
ਸੁਖਪਾਲ ਖਹਿਰਾ ਨੇ ਵੋਟਾਂ ਤੋਂ 1 ਦਿਨ ਪਹਿਲਾਂ ਪੰਜਾਬ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
ਹਲਕਾ ਭੁਲੱਥ ਦੇ ਸਾਰੇ ਚੋਣ ਬੂਥਾਂ ਤੇ ਜ਼ਿਲ੍ਹੇ ਤੋਂ ਬਾਹਰ ਦਾ ਪੁਲੀਸ ਸੁਰੱਖਿਆ ਅਮਲਾ ਤਾਇਨਾਤ ਕਰਨ ਦੀ ਮੰਗ ਕੀਤੀ
ਚੰਡੀਗੜ੍ਹ, 13 ਦਸੰਬਰ (ਸ.ਬ.) ਭਲਕੇ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਤੋਂ ਇਕ ਦਿਨ ਪਹਿਲਾਂ ਵਿਧਾਨ ਸਭਾ ਹਲਕਾ ਭੁਲੱਥ ਦੇ ਵਿਧਾਇਕ ਅਤੇ ਪੰਜਾਬ ਵਿਧਾਨਸਭਾ ਵਿੱਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਰਾਜ ਚੋਣ ਕਮਿਸ਼ਨਰ ਨੂੰ ਸ਼ਿਕਾਇਤ ਕਰਨ ਦੇ ਨਾਲ ਨਾਲ ਇਹ ਮੰਗ ਕੀਤੀ ਹੈ ਕਿ ਇਨ੍ਹਾਂ ਚੋਣਾਂ ਵਾਲੇ ਦਿਨ ਹਲਕਾ ਭੁਲੱਥ ਦੇ ਸਾਰੇ ਚੋਣ ਬੂਥਾਂ ਤੇ ਜ਼ਿਲ੍ਹੇ ਤੋਂ ਬਾਹਰ ਦਾ ਪੁਲੀਸ ਸੁਰੱਖਿਆ ਅਮਲਾ ਤਾਇਨਾਤ ਕੀਤਾ ਜਾਵੇ, ਤਾਂ ਜੋ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਈਆਂ ਜਾ ਸਕਣ।
ਸੁਖਪਾਲ ਸਿੰਘ ਖਹਿਰਾ ਨੇ ਕਮਿਸ਼ਨ ਨੂੰ ਦੱਸਿਆ ਕਿ ਚੋਣਾਂ ਦੌਰਾਨ ਸੱਤਾਧਾਰੀ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਅਤੇ ਧੱਕੇਸ਼ਾਹੀ ਨੂੰ ਉਹ ਵਾਰ-ਵਾਰ ਕਮਿਸ਼ਨ ਦੇ ਧਿਆਨ ਵਿਚ ਲਿਆ ਚੁੱਕੇ ਹਨ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਹੈ ਕਿ ਚੋਣਾਂ ਵਾਲੇ ਦਿਨ ਲੋਕਲ ਪੁਲੀਸ ਵੱਲੋਂ ਸਿਆਸੀ ਦਬਾਅ ਹੇਠ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਹਰ ਹੀਲਾ ਵਰਤਿਆ ਜਾ ਸਕਦਾ ਹੈ। ਇਸ ਦੌਰਾਨ ਚੋਣ ਬੂਥਾਂ ਤੇ ਕਬਜ਼ਾ ਕੀਤਾ ਜਾਣਾ ਵੀ ਸੰਭਵ ਹੈ।
ਖਹਿਰਾ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵੋਟਰਾਂ ਨੂੰ ਡਰਾਉਣ-ਧਮਕਾਉਣ ਲਈ, ਕਪੂਰਥਲਾ ਪੁਲੀਸ ਨੇ ਸੱਤਾਧਾਰੀ ਪਾਰਟੀ ਦੇ ਦਬਾਅ ਹੇਠ 14 ਨਵੰਬਰ 2025 ਨੂੰ ਥਾਣਾ ਸੁਭਾਨਪੁਰ ਵਿਖੇ ਇੱਕ ਝੂਠਾ ਅਤੇ ਮਨਘੜਤ ਮੁਕੱਦਮਾ ਨੰਬਰ 251 ਦਰਜ ਕੀਤਾ ਸੀ ਜਿਸ ਵਿਚ ਕੁੱਲ 8 ਕਾਂਗਰਸੀ ਵਰਕਰਾਂ ਅਤੇ ਕੁਝ ਅਣਪਛਾਤਿਆਂ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ 2 ਆਗੂਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਜਦਕਿ ਬਾਕੀਆਂ ਦੀਆਂ ਜ਼ਮਾਨਤਾਂ ਹੋ ਗਈਆਂ ਸਨ। ਇਸ ਸਾਜਿਸ਼ ਤਹਿਤ ਬਾਅਦ ਵਿਚ ਹੋਰ ਕਾਂਗਰਸੀ ਆਗੂਆਂ ਨੂੰ ਚੁਣ-ਚੁਣ ਕੇ ਅਣਪਛਾਤਿਆਂ ਵਿਚ ਨਾਮਜ਼ਦ ਕੀਤਾ ਗਿਆ ਤਾਂ ਜੋ ਸਹਿਮ ਦਾ ਮਾਹੌਲ ਬਣਾਕੇ ਚੋਣਾਂ ਨੂੰ ਲੁੱਟਿਆ ਜਾ ਸਕੇ।
ਉਹਨਾਂ ਕਿਹਾ ਕਿ ਮੁਕੱਦਮੇ ਵਿਚ ਨਾਮਜ਼ਦ ਕੀਤੇ ਗਏ ਕਾਂਗਰਸੀ ਆਗੂਆਂ ਵਿਚ ਬਲਾਕ ਸੰਮਤੀ ਉਮੀਦਵਾਰ ਪੂਰਨ ਸਿੰਘ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਉਮੀਦਵਾਰ ਨਰਿੰਦਰਜੀਤ ਕੌਰ ਦੇ ਪਤੀ ਜਸਵਿੰਦਰ ਸਿੰਘ ਵੀ ਸ਼ਾਮਲ ਹਨ। ਖਹਿਰਾ ਨੇ ਕਿਹਾ ਕਿ ਪੁਲੀਸ ਵੱਲੋਂ ਇਹ ਸਾਰੀ ਪੱਖਪਾਤੀ ਕਾਰਵਾਈ ਸਿਰਫ਼ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਵਿਚ ਡਰ ਦਾ ਮਾਹੌਲ ਪੈਦਾ ਕਰਨ ਲਈ ਕੀਤੀ ਗਈ ਹੈ।
-
International2 months agoਇਜ਼ਰਾਈਲ ਵੱਲੋਂ ਗਾਜ਼ਾ ਤੇ ਹਮਲਾ, 33 ਵਿਅਕਤੀਆਂ ਦੀ ਮੌਤ
-
International2 months agoਕੈਨੇਡਾ ਵਿੱਚ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ
-
Chandigarh2 months agoਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਯੂਨੀਫਾਈਡ ਬਿਲਡਿੰਗ ਬਿੱਲ-2025 ਨੂੰ ਮਨਜ਼ੂਰੀ, ਹੁਣ 15 ਮੀਟਰ ਦੀ ਥਾਂ 21 ਮੀਟਰ ਤਕ ਉੱਚੀਆਂ ਹੋਣਗੀਆਂ ਇਮਾਰਤਾਂ
-
International1 month agoਅਫ਼ਗਾਨਿਸਤਾਨ ਵਿੱਚ ਭੂਚਾਲ ਕਾਰਨ 20 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International2 months ago
ਪਾਕਿਸਤਾਨੀ ਸੁਰੱਖਿਆ ਬਲਾਂ ਵੱਲੋਂ 18 ਅੱਤਵਾਦੀ ਢੇਰ
-
International2 months agoਬ੍ਰਾਜ਼ੀਲ ਵਿੱਚ ਡਰੱਗ ਮਾਫੀਆ ਦੇ ਇਲਾਕਿਆਂ ਵਿੱਚ ਛਾਪੇਮਾਰੀ, 4 ਪੁਲੀਸ ਅਧਿਕਾਰੀਆਂ ਸਮੇਤ 64 ਵਿਅਕਤੀਆਂ ਦੀ ਮੌਤ
-
Mohali2 months ago
ਪ੍ਰਾਈਵੇਟ ਪਲੇਅ-ਵੇਅ ਸਕੂਲਾਂ ਦੀ ਰਜਿਸਟ੍ਰੇਸ਼ਨ ਲਾਜ਼ਮੀ
-
Editorial1 month agoਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ……
