Connect with us

Editorial

ਆਵਾਰਾ ਕੁੱਤਿਆਂ ਦੀ ਲਗਾਤਾਰ ਵੱਧਦੀ ਸਮੱਸਿਆ ਦੇ ਹੱਲ ਲਈ ਹੋਵੇ ਠੋਸ ਕਾਰਵਾਈ

Published

on

 

 

ਸਾਡੇ ਸ਼ਹਿਰ ਦੀ ਉਸਾਰੀ ਦੇ ਮੁੱਢਲੇ ਪੜਾਅ ਤੋਂ ਹੀ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਚਲਦੀ ਆ ਰਹੀ ਹੈ ਜਿਹੜੀ ਹੁਣ ਬਹੁਤ ਜਿਆਦਾ ਵੱਧ ਚੁੱਕੀ ਹੈ ਅਤੇ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੇ ਝੁੰਡ ਆਮ ਦਿਖ ਜਾਂਦੇ ਹਨ। ਸ਼ਹਿਰ ਦੀਆਂਗਲੀਆਂ, ਪਾਰਕਾਂ ਅਤੇ ਬਾਜਾਰਾਂ ਵਿੱਚ ਘੁੰਮਦੇ ਵਿੱਚ ਆਵਾਰਾ ਕੁੱਤਿਆਂ ਦੇ ਇਹ ਝੁੰਡ ਅਕਸਰ ਆਮ ਲੋਕਾਂ ਤੇ ਹਮਲਾ ਵੀ ਕਰ ਦਿੰਦੇ ਹਨ ਅਤੇ ਇਹਨਾਂ ਵਲੋਂ ਛੋਟੇ ਬੱਚਿਆਂ, ਔਰਤਾਂ ਅਤੇ ਬਜੁਰਗਾਂ ਨੂੰ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਹੈ। ਸਾਡੇ ਸ਼ਹਿਰ ਦੀ ਤਾਂ ਇਹ ਹਾਲਤ ਹੈ ਕਿ ਇਹਨਾਂ ਆਵਾਰਾ ਕੁੱਤਿਆਂ ਕਾਰਨ ਕਈ ਖੇਤਰਾਂ ਵਿੱਚ ਛੋਟੇ ਬੱਚੇ ਆਪਣੇ ਘਰਾਂ ਤੋਂ ਬਾਹਰ ਨਿਕਲਣ ਵਿੱਚ ਵੀ ਡਰਦੇ ਹਨ। ਪਾਰਕਾਂ ਵਿੱਚ ਵੀ ਇਹਨਾਂ ਆਵਾਰਾ ਕੁੱਤਿਆਂ ਦੀ ਭਰਮਾਰ ਕਾਰਨ ਲੋਕ ਪਾਰਕਾਂ ਵਿੱਚ ਸੈਰ ਕਰਨ ਜਾਣ ਵੇਲੇ ਵੀ ਡਰਦੇ ਹਨ।

ਆਵਾਰਾ ਕੁੱਤਿਆਂ ਦੀ ਸਮੱਸਿਆ ਅਜਿਹੀ ਹੈ ਜਿਹੜੀ ਆਮ ਲੋਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਕਰਦੀ ਹੈ। ਇਹਨਾਂ ਆਵਾਰਾ ਕੁੱਤਿਆਂ ਵਲੋਂ ਆਮ ਲੋਕਾਂ ਖਾਸ ਕਰ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਆਏ ਦਿਨ ਸਾਮ੍ਹਣੇ ਆਉਂਦੀਆਂ ਰਹਿੰਦੀਆਂ ਹਨ, ਪਰੰਤੂ ਸਰਕਾਰ ਅਤੇ ਪ੍ਰਸ਼ਾਸ਼ਨ ਆਵਾਰਾ ਕੁੱਤਿਆਂ ਦੀ ਇਸ ਅਹਿਮ ਸਮੱਸਿਆ ਦਾ ਹਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ ਅਤੇ ਇਹਨਾਂ ਕੁਤਿਆਂ ਵਲੋਂ ਆਮ ਲੋਕਾਂ ਨੂੰ ਵੱਢੇ ਜਾਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ।

ਇਸ ਵੇਲੇ ਹਾਲਾਤ ਇਹ ਹਨ ਕਿ ਪੰਜਾਬ ਦੇ ਹਰ ਸ਼ਹਿਰ, ਕਸਬੇ ਅਤੇ ਪਿੰਡਾਂ ਵਿੱਚ ਹਰ ਗਲੀ ਮੁਹੱਲੇ ਵਿੱਚ ਆਵਾਰਾ ਕੁੱਤਿਆਂ ਦੇ ਝੁੰਡ ਦਿਖ ਜਾਂਦੇ ਹਨ। ਇਹ ਕੁੱਤੇ ਜਿਥੇ ਆਵਾਜਾਈ ਵਿਚ ਵਿਘਨ ਪਾਉਦੇ ਹਨ, ਉਥੇ ਇਹਨਾਂ ਕੁੱਤਿਆਂ ਕਾਰਨ ਅਕਸਰ ਹਾਦਸੇ ਵੀ ਵਾਪਰਦੇ ਹਨ। ਇਹ ਆਵਾਰਾ ਕੁੱਤੇ ਥਾਂ ਥਾਂ ਤੇ ਗੰਦਗੀ ਫੈਲਾਉਂਦੇ ਹਨ ਅਤੇ ਅਕਸਰ ਆਪਸ ਵਿੱਚ ਹੀ ਲੜ ਪੈਂਦੇ ਹਨ ਜਿਸ ਦੌਰਾਨ ਆਉਂਦੇ ਜਾਂਦੇ ਲੋਕਾਂ ਅਤੇ ਵਾਹਨਾਂ ਵਿੱਚ ਵੱਜਦੇ ਹਨ ਅਤੇ ਹਾਦਸਿਆਂ ਦਾ ਕਾਰਨ ਬਣਦੇ ਹਨ। ਇਹਨਾਂ ਕੁੱਤਿਆਂ ਕਾਰਨ ਛੋਟੇ ਬੱਚੇ ਵੀ ਘਰਾਂ ਤੋਂ ਬਾਹਰ ਆਉਣ ਤੋਂ ਵੀ ਡਰਨ ਲੱਗ ਗਏ ਹਨ ਕਿਉਂਕਿ ਇਹ ਛੋਟੇ ਬੱਚਿਆਂ, ਔਰਤਾਂ ਅਤੇ ਬਜੁਰਗਾਂ ਤੇ ਅਕਸਰ ਹਮਲਾ ਕਰ ਦਿੰਦੇ ਹਨ।

ਸਥਾਨਕ ਪ੍ਰਸ਼ਾਸਨ (ਨਗਰ ਨਿਗਮ) ਵਲੋਂ ਆਵਾਰਾ ਕੁੱਤਿਆਂ ਦੀ ਇਸ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਈ ਕਰਨ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰੰਤੂ ਅਸਲੀਅਤ ਇਹੀ ਹੈ ਕਿ ਸਰਕਾਰ ਇਸ ਪੱਖੋਂ ਪੂਰੀ ਤਰ੍ਹਾਂ ਨਾਕਾਰਾ ਸਾਬਿਤ ਹੋਈ ਹੈ। ਇਸਦਾ ਇੱਕ ਮੁੱਖ ਕਾਰਨ ਮਾਣਯੋਗ ਅਦਾਲਤ ਵਲੋਂ ਆਵਾਰਾ ਕੁੱਤਿਆਂ ਨੂੰ ਮਾਰਨ ਤੇ ਲਗਾਈ ਗਈ ਰੋਕ ਵੀ ਹੈ। ਕੁੱਝ ਸਾਲ ਪਹਿਲਾਂ ਤਕ ਸਰਕਾਰ ਅਤੇ ਪ੍ਰਸ਼ਾਸ਼ਨ ਵਲੋਂ ਆਵਾਰਾ ਕੁੱਤਿਆਂ ਨੂੰ ਫੜ ਕੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ ਪਰੰਤੂ ਬਾਅਦ ਵਿੱਚ ਜਾਨਵਰਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਇੱਕ ਸੰਸਥਾ ਵਲੋਂ ਅਦਾਲਤ ਵਿੱਚ ਸਰਕਾਰ ਦੇ ਖਿਲਾਫ ਕੇਸ ਪਾਏ ਜਾਣ ਤੋਂ ਬਾਅਦ ਮਾਣਯੋਗ ਅਦਲਤ ਵਲੋਂ ਕੁੱਤਿਆਂ ਨੂੰ ਮਾਰਨ ਦੀ ਇਸ ਕਾਰਵਾਈ ਤੇ ਰੋਕ ਲਗਾ ਦਿੱਤੀ ਗਈ ਸੀ ਅਤੇ ਹੁਣ ਹਾਲਤ ਇਹ ਹੋ ਗਈ ਹੈ ਕਿ ਇਹ ਆਵਾਰਾ ਕੁੱਤੇ ਇਨਸਾਨਾਂ ਨੂੰ ਹੀ ਮਾਰਨ ਲੱਗ ਪਏ ਹਨ।

ਪ੍ਰਸ਼ਾਸ਼ਨ ਵਲੋਂ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹਲ ਦੇ ਨਾਮ ਤੇ ਕੁੱਤਿਆਂ ਦੀ ਨਸਬੰਦੀ ਸਕੀਮ ਚਲਾਈ ਜਾਂਦੀ ਹੈ ਜਿਸਤੇ ਕਾਫੀ ਜਿਆਦਾ ਰਕਮ ਵੀ ਖਰਚ ਕੀਤੀ ਜਾਂਦੀ ਹੈ ਪਰੰਤੂ ਇਸਦਾ ਕੋਈ ਫਾਇਦਾ ਹੁੰਦਾ ਨਹੀਂ ਦਿਖਦਾ ਅਤੇ ਸਾਲ ਦਰ ਸਾਲ ਇਹਨਾਂ ਆਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਮੁਹਾਲੀ ਨਗਰ ਨਿਗਮ ਵਲੋਂ ਚਲਾਈ ਜਾਂਦੀ ਕੁੱਤਿਆਂ ਦੀ ਨਸਬੰਦੀ ਮੁਹਿੰਮ ਦੇ ਤਹਿਤ ਕੁੱਤਿਆਂ ਦੇ ਆਪਰੇਸ਼ਨ ਵੀ ਕੀਤੇ ਜਾਂਦੇ ਹਨ ਪਰੰਤੂ ਇਸਦੇ ਬਾਵਜੂਦ ਆਵਾਰਾ ਕੁੱਤਿਆਂ ਦੀ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ।

ਇਸ ਸਮੱਸਿਆ ਤੇ ਕਾਬੂ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ ਅਤੇ ਜੇਕਰ ਸਰਕਾਰ (ਅਤੇ ਪ੍ਰਸ਼ਾਸ਼ਨ) ਕੁੱਤਿਆਂ ਨੂੰ ਮਾਰ ਨਹੀਂ ਸਕਦੀ ਤਾਂ ਵੀ ਉਹ ਇਹਨਾਂ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਹਲ ਕਰਨ ਦੀ ਜਿੰਮੇਵਾਰੀ ਤੋਂ ਹੱਥ ਨਹੀਂ ਝਾੜ ਸਕਦੀ ਅਤੇ ਲੋਕਾਂ ਨੂੰ ਇਹਨਾਂ ਕੁੱਤਿਆਂ ਦੇ ਕਹਿਰ ਤੋਂ ਬਚਾਉਣਾ ਉਸਦੀ ਮੁੱਢਲੀ ਜਿੰਮੇਵਾਰੀ ਹੈ। ਵਿਸ਼ਵ ਦੇ ਹੋਰਨਾਂ ਦੇਸ਼ਾਂ (ਜਿਹਨਾਂ ਵਿੱਚ ਆਵਾਰਾ ਕੁੱਤਿਆਂ ਨੂੰ ਮਾਰਨ ਤੇ ਰੋਕ ਹੈ) ਵਿੱਚ ਇਹਨਾਂ ਆਵਾਰਾ ਕੁੱਤਿਆਂ ਨੂੰ ਫੜ ਕੇ ਉਹਨਾਂ ਵਾਸਤੇ ਖਾਸ ਤੌਰ ਤੇ ਬਣਾਏ ਕੁੱਤਾ ਘਰਾਂ ਵਿੱਚ ਰੱਖਿਆ ਜਾਂਦਾ ਹੈ ਜਿੱਥੇ ਉਹਨਾਂ ਦੇ ਖਾਣ ਪੀਣ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਚਾਹੇ ਤਾਂ ਉਸ ਵਲੋਂ ਵੀ ਅਜਿਹਾ ਕਰਕੇ ਆਵਾਰਾ ਕੁੱਤਿਆਂ ਦੀ ਇਸ ਸਮੱਸਿਆ ਤੇ ਕਾਫੀ ਹੱਦ ਤਕ ਕਾਬੂ ਕੀਤਾ ਜਾ ਸਕਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸੰਬੰਧੀ ਲੋੜੀਦੀ ਕਾਰਵਾਈ ਕਰੇ ਅਤੇ ਪਿੰਡ ਪੱਧਰ ਤੇ ਕੁੱਤਾ ਘਰਾਂ ਦੀ ਉਸਾਰੀ ਕਰਕੇ ਇਹਨਾਂ ਕੁੱਤਿਆਂ ਦੀ ਲਗਾਤਾਰ ਵੱਧਦੀ ਸਮੱਸਿਆ ਨੂੰ ਕਾਬੂ ਕੀਤਾ ਜਾਵੇ। ਇਸ ਵਾਸਤੇ ਸਮਾਂਬੱਧ ਕਾਰਵਾਈ ਕੀਤੀਜਾਣੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਨੂੰ ਇਹਨਾਂ ਕੁੱਤਿਆਂ ਦੇ ਕਹਿਰ ਤੋਂ ਛੁਟਕਾਰਾ ਮਿਲੇ।

Continue Reading

Editorial

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ ਬੀਬੀ ਜਰਨੈਲ ਕੌਰ ਰਾਮੂਵਾਲੀਆ

Published

on

By

 

ਬੀਬੀ ਜਰਨੈਲ ਕੌਰ ਰਾਮੂੰਵਾਲੀਆ ਨੇ ਸਵਰਗਵਾਸੀ ਸਰਦਾਰ ਖੁਸ਼ਹਾਲ ਸਿੰਘ ਅਤੇ ਸਰਦਾਰਨੀ ਬਸੰਤ ਕੌਰ (ਗੁਰਸਿੱਖ ਕਿਸਾਨ ਪਰਿਵਾਰ) ਦੇ ਘਰ ਪਿੰਡ ਜੰਡਾਲੀ ਕਲਾਂ (ਅਹਿਮਦਗੜ੍ਹ ਮੰਡੀ) ਵਿਖੇ 3 ਜੂਨ 1939 ਨੂੰ ਜਨਮ ਲਿਆ। ਉਨ੍ਹਾਂ ਦਾ ਪਰਿਵਾਰ ਭਾਵੇਂ ਵੱਡਾ ਸੀ ਪਰ ਚਾਰੇ ਭਰਾ ਲੰਬੀ ਚੌੜੀ ਖੇਤੀ ਦੇ ਮਾਲਕ ਹੋਣ ਦੇ ਬਾਵਜੂਦ ਇੱਕ ਰਹੇ।

ਬੀਬੀ ਜੀ ਗੁਰਮੁਖ ਪਰਿਵਾਰ ਦੇ ਸੰਸਕਾਰਾਂ ਨੂੰ ਆਖ਼ਰੀ ਸਵਾਸਾਂ ਤਕ ਪੂਰਾ ਕਰਦੇ ਰਹੇ। ਉਹਨਾਂ ਸਮਿਆਂ ਵਿਦਿਆ ਰੁਝਾਨ ਅਨੁਸਾਰ ਗਿਆਨੀ ਡਿਪਲੋਮਾ ਪ੍ਰਾਪਤ ਕੀਤਾ। ਕੁਝ ਸਮਾਂ ਅਧਿਆਪਕ ਵਜੋਂ ਸੇਵਾ ਵੀ ਨਿਭਾਈ। ਅੱਗੋਂ ਧੀਆਂ ਪੁੱਤਰ ਨੂੰ ਯੋਗ ਬਣਾਇਆ। ਉੁਹਨਾਂ ਦੇ ਪਿਤਾ ਸ. ਖੁਸ਼ਹਾਲ ਸਿੰਘ ਨੇ ਆਪਣੇ ਪਰਮ ਮਿੱਤਰ ਸ ਕਰਨੈਲ ਸਿੰਘ ਪਾਰਸ (ਸ਼੍ਰੋਮਣੀ ਕਵੀਸ਼ਰ) ਦੇ ਪੁੱਤਰ ਬਲਵੰਤ ਸਿੰਘ ਰਾਮੂਵਾਲੀਆ ਨਾਲ ਰਿਸ਼ਤਾ ਪੱਕਾ ਕਰ ਦਿੱਤਾ। ਬੀਬੀ ਜੀ 22 ਸਾਲ ਦੀ ਉਮਰ ਵਿੱਚ ਬਲਵੰਤ ਸਿੰਘ ਰਾਮੂਵਾਲੀਆ (ਜੋ ਉਸ ਵੇਲੇ 11ਵੀਂ ਕਲਾਸ ਵਿੱਚ ਪੜ੍ਹਦੇ ਸਨ) ਨਾਲ ਵਿਆਹ ਦੀ ਸਦੀਵੀ ਜੀਵਨ ਸਾਂਝ ਵਿਚ ਬੱਝ ਗਏ।

ਉਹਨਾਂ ਕਿਸਾਨ ਪਰਿਵਾਰ ਦੀ ਹਿੰਮਤੀ ਅਣਥੱਕ ਨੂੰਹ ਬਣਕੇ ਸਹੁਰੇ ਪਰਿਵਾਰ ਨੂੰ ਪੇਕੇ ਪਰਿਵਾਰ ਵਾਂਗ ਅਪਨਾ ਲਿਆ। ਆਂਢ ਗੁਆਂਢ ਅਤੇ ਸਾਰੇ ਪਿੰਡ ਦੀਆਂ ਧੀਆਂ ਅਤੇ ਆਪਣੇ ਪਤੀ ਦੀਆਂ ਚਾਚੀਆਂ ਤਾਈਆਂ ਨਾਲ ਮਿੱਠੀ ਸਾਂਝ ਬਣਾਈ। ਉਹਨਾਂ ਨੇ ਆਪਣੇ ਇੱਕੋ ਇੱਕ ਪੁੱਤਰ ਨਵਤੇਜ ਸਿੰਘ ਗਿੱਲ ਅਤੇ ਦੋ ਧੀਆਂ ਅਤੇ ਦੋ ਧੀਆਂ ਅਮਨਜੋਤ ਕੌਰ ਤੇ ਨਵਜੋਤ ਕੌਰ ਨੂੰ ਰੀਝ ਨਾਲ ਪਾਲਿਆ ਅਤੇ ਪੜਣ ਦੀ ਪ੍ਰੇਰਨਾ ਦਿੱਤੀ। ਆਪਣੇ ਬੱਚਿਆਂ ਨੂੰ ਹਮੇਸ਼ਾ ਅਣਥੱਕ ਮਿਹਨਤ, ਹੱਕ ਸੱਚ ਦੀ ਕਮਾਈ ਕਰਨ ਦੀ ਸਿੱਖਿਆ ਦੇ ਕੇ ਵਾਹਿਗੁਰੂ ਸਿਮਰਨ ਦੀ ਪ੍ਰੇਰਨਾ ਦਿੱਤੀ। ਉਹਨਾਂ ਦਾ ਪੁੱਤਰ ਨਵਤੇਜ ਸਿੰਘ ਉੱਚ ਦਰਜੇ ਦਾ ਕਿਸਾਨ ਅਤੇ ਵਿਸ਼ਾਲ ਡੇਰੀ ਫਾਰਮ ਦਾ ਮਾਲਕ ਵੀ ਹੈ। ਧੀ ਅਮਨਜੋਤ ਕੌਰ ਭਾਜਪਾ ਵਿੱਚ ਉੱਚ ਰਾਜਨੀਤੀਵਾਨ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਛੋਟੀ ਧੀ ਨਵਜੋਤ ਕੌਰ ਵੀ ਕਮਰਸ਼ੀਅਲ ਪਾਇਲਟ ਵਜੋਂ ਸਥਾਪਿਤ ਹੋ ਚੁੱਕੀ ਹੈ।

ਬੀਬੀ ਜੀ ਨੇ ਆਪਣੇ ਪਤੀ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਦੀ ਸਿਆਸਤ ਦੇ ਲੰਬੇ ਸੰਘਰਸ਼ ਵੇਲੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਘਰ ਅਤੇ ਬੱਚੇ ਬੜੀ ਹਿੰਮਤ ਨਾਲ ਸੰਭਾਲੇ ਅਤੇ ਪਾਲਣ ਪੋਸ਼ਣ ਕੀਤਾ। ਐਮਰਜੈਂਸੀ ਵਰਗੇ ਸਮੇਂ ਵਿੱਚ ਜਦੋਂ ਰਾਮੂਵਾਲੀਆ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਰਹਿ ਰਹੇ ਸਨ ਤਾਂ ਬੀਬੀ ਜੀ ਘਰ ਦੀ ਖੇਤੀ ਆਪਣੀ ਸੁਹਿਰਦ ਸੱਸ ਨਾਲ ਮਿਲ ਕੇ ਸਫਲ ਕੀਤੀ। ਉਪਰੰਤ ਆਪਣੇ ਪਤੀ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਦੀ ਮੈਂਬਰ ਪਾਰਲੀਮੈਂਟ ਦੀ ਚੋਣ ਵੇਲੇ ਪਿੰਡ ਪਿੰਡ ਜਾ ਕੇ ਚੋਣ ਪ੍ਰਚਾਰ ਕੀਤਾ।

ਜਦੋਂ ਧਰਮ ਯੁੱਧ ਮੋਰਚਾ ਲੱਗਿਆ ਤੇ ਪਰਿਵਾਰ ਨੂੰ ਜਾਨੋ ਮਾਰਨੀਆਂ ਧਮਕੀਆਂ ਆਉਣ ਲੱਗੀਆਂ ਤਾਂ ਪੁੱਤਰ ਨਵਤੇਜ ਸਿੰਘ ਅਤੇ ਛੋਟੀ ਧੀ ਨਵਜੋਤ ਕੌਰ ਨੂੰ ਕਨੇਡਾ ਵਿਖੇ ਪੜਨ ਲਈ ਭੇਜ ਦਿੱਤਾ ਗਿਆ ਬੀਬੀ ਜੀ ਨੇ ਤੰਗੀਆਂ ਦੇ ਸਮੇਂ ਵਿੱਚ ਮਿਹਨਤ ਅਤੇ ਵਾਹਿਗੁਰੂ ਉੱਤੇ ਯਕੀਨ ਨਹੀਂ ਛੱਡਿਆ ਅਤੇ ਦਸ ਮੱਝਾਂ ਦਾ ਦੁੱਧ ਵੇਚ ਕੇ ਆਪਣੇ ਧੀਆਂ ਪੁੱਤਰਾਂ ਨੂੰ ਪੜਾਇਆ।

ਦੂਜੇ ਪਾਸੇ ਆਪਰੇਸ਼ਨ ਸਾਕਾ ਨੀਲਾ ਤਾਰਾ ਵਾਪਰਿਆ ਜਿਸ ਦੌਰਾਨ ਉਹਨਾਂ ਦੇ ਪਤੀ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਇੱਕ ਮਹੀਨੇ ਲਈ ਲਾਪਤਾ ਰਹੇ। ਇਸ ਮਾੜੇ ਸਮੇਂ ਵਿੱਚ ਵੀ ਬੀਬੀ ਜੀ ਨੇ ਦਿਲ ਨਹੀਂ ਛੱਡਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅੱਗੇ ਅਰਦਾਸ ਕਰਕੇ ਪਿੰਡ ਵਾਲਿਆਂ ਨੂੰ ਨਾਲ ਲੈ ਕੇ ਤੁਰ ਕੇ ਹੀ ਆਪਣੇ ਪਤੀ ਨੂੰ ਲੱਭਣ ਲਈ ਅੰਮ੍ਰਿਤਸਰ ਵੱਲ ਚਲੇ ਗਏ ਜਿੱਥੇ ਉਹਨਾਂ ਨੂੰ ਆਪਣੇ ਪਤੀ ਬਾਰੇ ਕੁਝ ਵੀ ਪਤਾ ਨਹੀਂ ਲੱਗਣ ਦੀ ਮਾਯੂਸੀ ਦੇ ਬਾਅਦ ਵੀ ਬੀਬੀ ਜੀ ਨੇ ਦਿਲ ਨਹੀਂ ਛੱਡਿਆ। ਬਾਅਦ ਇਹ ਪਤਾ ਲੱਗਾ ਕਿ ਉਹਨਾਂ ਦੇ ਪਤੀ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਜਿੰਦਾ ਹਨ। ਬੀਬੀ ਜੀ ਜੀਵਨ ਭਰ ਆਪਣੇ ਪਤੀ ਨਾਲ ਮੋਢੇ ਨਾਲ ਮੋਢਾ ਲਾ ਕੇ ਦਲੇਰੀ ਨਾਲ ਉਹਨਾਂ ਦਾ ਸਾਥ ਨਿਭਾਉਂਦੇ ਰਹੇ। ਉਹਨਾਂ ਦੇ ਪਤੀ ਕੇਂਦਰ ਸਰਕਾਰ ਵਿੱਚ ਸੀਨੀਅਰ ਮੰਤਰੀ ਬਣੇ ਅਤੇ ਬੀਬੀ ਜੀ ਨੇ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਮੰਤਰੀਆਂ ਨਾਲ ਮੁਲਾਕਾਤਾਂ ਵੀ ਕੀਤੀਆਂ ਅਤੇ ਅੱਧੀ ਦੁਨੀਆਂ ਘੁੰਮੀ।

ਉਹਨਾਂ ਆਪਣੇ ਜੀਵਨ ਵਿੱਚ ਚੰਗੇ ਅਤੇ ਮਾੜੇ ਦਿਨ ਅਡੋਲ ਰਹਿ ਕੇ ਦੇਖੇ ਪਰ ਹਮੇਸ਼ਾ ਹੌਸਲੇ ਵਿੱਚ ਰਹੇ। ਤਾਕਤ ਦਾ ਨਸ਼ਾ ਵੀ ਉਹਨਾਂ ਦੇ ਸਿਰ ਤੇ ਕਦੇ ਨਹੀਂ ਚੜਿਆ ਅਤੇ ਜਦੋਂ ਕਿਸੇ ਨੇ ਮਦਦ ਲਈ ਉਹਨਾਂ ਦਾ ਦਰਵਾਜ਼ਾ ਖੜਕਾਇਆ ਤਾਂ ਉਹਨਾਂ ਹਮੇਸ਼ਾ ਹੀ ਉਸਦੇ ਸਿਰ ਉੱਤੇ ਹੱਥ ਰੱਖਿਆ।

ਸੰਨ 2000 ਵਿੱਚ ਉਹ ਬਲੱਡ ਕੈਂਸਰ ਤੋਂ ਪੀੜਿਤ ਹੋ ਗਏ ਪਰੰਤੂ ਫਿਰ ਵੀ ਉਹਨਾਂ ਹੌਸਲਾ ਨਹੀਂ ਛੱਡਿਆ ਤੇ ਹੱਸ ਹੱਸ ਕੇ ਜੀਵਨ ਦਾ ਹਰ ਦਿਨ ਬਤੀਤ ਕੀਤਾ ਤੇ ਭਿਆਨਕ ਬਿਮਾਰੀ ਦਾ ਮੁਕਾਬਲਾ ਕੀਤਾ। ਬੀਬੀ ਜਰਨੈਲ ਕੌਰ ਰਾਮੂਵਾਲੀਆ ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ ਜਿਨਾਂ ਨੇ ਕਦੇ ਵੀ ਜ਼ਿੰਦਗੀ ਵਿੱਚ ਮਿਹਨਤ ਸਬਰ ਸਿਦਕ ਅਤੇ ਪਰਮਾਤਮਾ ਤੋਂ ਯਕੀਨ ਨਹੀਂ ਛੱਡਿਆ ਉਹ ਕਦੇ ਵੀ ਕਿਸੇ ਦੀ ਕਿਸੇ ਹਾਲਾਤ ਵਿੱਚ ਗੁੱਸਾ ਨਹੀਂ ਸੀ ਕਰਦੇ ਅਤੇ ਹਰ ਇੱਕ ਨੂੰ ਮਾਫ ਕਰਨਾ ਤਾਂ ਇਕੱਲੇ ਉਹਨਾਂ ਨੂੰ ਹੀ ਆਉਂਦਾ ਸੀ।

ਬੀਤੀ 5 ਜਨਵਰੀ 2025 ਨੂੰ ਦੁਖੀਆਂ ਦੀ ਰੂਹ ਬਣ ਕੇ ਜਨਮ ਸਫਲਾ ਕਰਕੇ ਆਪਣੇ ਆਖਰੀ ਸਵਾਸ ਲੈਂਦੇ ਹੋਏ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਅਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਜਾ ਬਿਰਾਜੇ।

ਸਕਾਈ ਬਿਊਰੋ

Continue Reading

Editorial

ਦੇਸ਼ ਨੂੰ ਰੇਗਿਸਤਾਨ ਬਣਾ ਦੇਵੇਗਾ ਪਾਣੀ ਦਾ ਲਗਾਤਾਰ ਵੱਧਦਾ ਸੰਕਟ

Published

on

By

 

 

ਪਿਛਲੇ ਕੁੱਝ ਸਾਲਾਂ ਦੌਰਾਨ ਮੌਸਮ ਵਿੱਚ ਆਉਣ ਵਾਲੀਆਂ ਲਗਾਤਾਰ ਤਬਦੀਲੀਆਂ ਨੇ ਸਾਡੇ ਪੌਣ ਪਾਣੀ ਤੇ ਬਹੁਤ ਵੱਡਾ ਅਸਰ ਪਾਇਆ ਹੈ ਅਤੇ ਇਸ ਕਾਰਨ ਪੂਰੇ ਵਿਸ਼ਵ ਦਾ ਵਾਤਾਵਰਨ ਪ੍ਰਭਾਵਿਤ ਹੋਇਆ ਹੈ। ਇਸ ਦੌਰਾਨ ਦੇਸ਼ ਦੇ ਇੱਕ ਵੱਡੇ ਹਿੱਸੇ ਵਿੱਚ ਪਾਣੀ ਦਾ ਸੰਕਟ ਵੀ ਲਗਾਤਾਰ ਆਪਣਾ ਅਸਰ ਵਿਖਾਉਂਦਾ ਆ ਰਿਹਾ ਹੈ ਅਤੇ ਪਿਛਲੇ ਕੁੱਝ ਸਾਲਾਂ ਤੋਂ ਪਾਣੀ ਦੀ ਲਗਾਤਾਰ ਹੁੰਦੀ ਕਮੀ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਹਰ ਸਾਲ ਸੋਕੇ ਦੇ ਹਾਲਾਤ ਬਣ ਜਾਂਦੇ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਪਾਣੀ ਦੀ ਸਾਂਭ ਸੰਭਾਲ ਨਾ ਹੋਣ ਕਾਰਨ ਸਾਡਾ ਦੇਸ਼ ਬੜੀ ਤੇਜੀ ਨਾਲ ਰੇਗਿਸਤਾਨ ਬਣਨ ਵੱਲ ਵੱਧ ਰਿਹਾ ਹੈ।

ਪੂਰੇ ਦੇਸ਼ ਵਾਂਗ ਪੰਜਾਬ ਵਿੱਚ ਵੀ ਪਾਣੀ ਦਾ ਸੰਕਟ ਲਗਾਤਾਰ ਵੱਧ ਰਿਹਾ ਹੈ ਅਤੇ ਜਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਹੁੰਦਾ ਜਾ ਰਿਹਾ ਹੈ। ਮਾਹਿਰਾਂ ਅਨੁਸਾਰ ਭਾਰਤ ਦੇ ਉਤਰੀ ਹਿੱਸੇ (ਜਿਸ ਵਿੱਚ ਪੰਜਾਬ ਵੀ ਆਉਂਦਾ ਹੈ) ਵਿੱਚ ਜਮੀਨ ਹੇਠਲੇ ਪਾਣੀ ਦਾ ਪੱਧਰ ਤੇਜੀ ਨਾਲ ਥੱਲੇ ਜਾ ਰਿਹਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਸਿਰਫ ਉਤਰੀ ਭਾਰਤ ਹੀ ਨਹੀਂ ਬਲਕਿ ਪੂਰਾ ਦੇਸ਼ ਹੀ ਪਾਣੀ ਦੇ ਇਸ ਗੰਭੀਰ ਸੰਕਟ ਵਿੱਚ ਫਸਣ ਵਾਲਾ ਹੈ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਦੇਸ਼ ਦੀ ਆਬਾਦੀ ਵਿੱਚ ਹੋਣ ਵਾਲੇ ਲਗਾਤਾਰ ਵਾਧੇ ਕਾਰਨ ਜਿੱਥੇ ਪਾਣੀ ਦੀ ਖਪਤ ਲਗਾਤਾਰ ਵੱਧ ਰਹੀ ਹੈ ਉੱਥੇ ਪ੍ਰਤੀ ਵਿਅਕਤੀ ਪਾਣੀ ਦੀ ਉਪਲਬਧਤਾ ਵੀ ਘੱਟ ਹੁੰਦੀ ਜਾ ਰਹੀ ਹੈ।

ਦੇਸ਼ ਵਿੱਚ ਪਾਣੀ ਦੇ ਕੁਦਰਤੀ ਸਰੋਤ ਸੁੱਕ ਰਹੇ ਹਨ ਅਤੇ ਹਿਮਾਲਿਆ ਦੇ ਗਲੇਸ਼ੀਅਰ ਤੇਜੀ ਨਾਲ ਛੋਟੇ ਹੁੰਦੇ ਜਾ ਰਹੇ ਹਨ। ਅਗਰ ਇਹੀ ਹਾਲ ਰਿਹਾ ਤਾਂ ਇੱਕ ਦਿਨ ਇਹ ਗਲੇਸ਼ੀਅਰ ਬਿਲਕੁਲ ਹੀ ਖਤਮ ਹੋ ਜਾਣਗੇ ਅਤੇ ਅਜਿਹਾ ਹੋਣ ਤੇ ਇਹਨਾਂ ਤੋਂ ਮਿਲਣ ਵਾਲੇ ਪਾਣੀ ਦੀ ਅਣਹੋਂਦ ਕਾਰਨ ਗੰਗਾ, ਯਮੁਨਾ ਅਤੇ ਹੋਰ ਨਦੀਆਂ ਵੀ ਸੁੁੱਕ ਜਾਣੀਆਂ ਹਨ। ਇਸ ਸੰਬੰਧੀ ਯੂਨੈਸਕੋ ਵੱਲੋਂ ਚਾਰ ਸਾਲ ਪਹਿਲਾਂ ਬਾਕਾਇਦਾ ਰਿਪੋਰਟ ਜਾਰੀ ਕਰਕੇ ਦਾਅਵਾ ਕੀਤਾ ਜਾ ਚੁੱਕਿਆ ਹੈ ਕਿ ਭਾਰਤ ਤੇਜੀ ਨਾਲ ਮਾਰੂਥਲ ਬਣਨ ਵੱਲ ਵੱਧ ਰਿਹਾ ਹੈ ਅਤੇ ਇਸ ਰਿਪੋਰਟ ਅਨੁਸਾਰ ਅਗਲੇ ਤੀਹ ਸਾਲਾਂ (2050 ਤਕ) ਵਿੱਚ ਭਾਰਤ ਵਿੱਚ ਬਹੁਤ ਵੱਡੇ ਪੱਧਰ ਉਪਰ ਪਾਣੀ ਦਾ ਸੰਕਟ ਆ ਜਾਵੇਗਾ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਇਸ ਸੰਕਟ ਤੋਂ ਬਚਣ ਲਈ ਜੇਕਰ ਤੁਰੰਤ (ਜੰਗੀ ਪੱਧਰ ਤੇ) ਕਦਮ ਨਾ ਚੁੱਕੇ ਗਏ ਤਾਂ ਦੇਸ਼ ਦਾ ਵੱਡਾ ਖੇਤਰ ਮਾਰੂਥਲ ਬਣ ਸਕਦਾ ਹੈ।

ਮਾਹਿਰ ਦੱਸਦੇ ਹਨ ਕਿ ਆਉਣ ਵਾਲੇ ਤੀਹ ਸਾਲਾਂ ਤਕ ਭਾਰਤ ਦੇ ਪਾਣੀ ਦੇ ਸਰੋਤਾਂ ਵਿੱਚ 40 ਫੀਸਦੀ ਤੋਂ ਵੀ ਵੱਧ ਦੀ ਕਮੀ ਆ ਜਾਵੇਗੀ ਅਤੇ ਇਸ ਕਾਰਨ ਇਸ ਖੇਤਰ ਵਿੱਚ ਪਾਣੀ ਦਾ ਭਾਰੀ ਸੰਕਟ ਖੜਾ ਹੋ ਜਾਵੇਗਾ। ਸਾਡੇ ਦੇਸ਼ ਵਿੱਚ ਪਾਣੀ ਦੀ ਉਪਲਬਧਤਾ ਸਬੰਧੀ ਹਾਲਾਤ ਇੰਨੇ ਜਿਆਦਾ ਖਰਾਬ ਹਨ ਕਿ ਜੇਕਰ ਪਾਣੀ ਬਚਾਉਣ ਲਈ ਜੰਗੀ ਪੱਧਰ ਤੇ ਉਪਰਾਲੇ ਨਾ ਹੋਏ ਤਾਂ ਆਉਣ ਵਾਲੇ ਸਾਲਾਂ ਵਿੱਚ ਪਾਣੀ ਦਾ ਗੰਭੀਰ ਸੰਕਟ ਆਉਣਾ ਤੈਅ ਹੈ ਪਰੰਤੂ ਹੈਰਾਨੀ ਦੀ ਗੱਲ ਹੈ ਕਿ ਇਸ ਸਭ ਦੇ ਬਾਵਜੂਦ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਪਾਣੀ ਨੂੰ ਬਚਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ। ਪਾਣੀ ਦੇ ਆ ਰਹੇ ਇਸ ਸੰਕਟ ਦੇ ਹਲ ਲਈ ਹੁਣ ਤਕ ਸਿਰਫ ਜੁਬਾਨੀ ਜਮਾਂ ਖਰਚ ਹੀ ਹੁੰਦਾ ਰਿਹਾ ਹੈ ਅਤੇ ਠੋਸ ਕਾਰਵਾਈ ਘੱਟ ਹੀ ਹੋਈ ਹੈ।

ਇਹੀ ਕਾਰਨ ਹੈ ਕਿ ਦੇਸ਼ ਵਿੱਚ ਪ੍ਰਤੀ ਵਿਅਕਤੀ ਪਾਣੀ ਦੀ ਉਪਲਬਧਤਾ ਲਗਾਤਾਰ ਘੱਟਦੀ ਜਾ ਰਹੀ ਹੈ। ਸਾਲ 2001 ਵਿੱਚ ਪ੍ਰਤੀ ਵਿਅਕਤੀ ਪਾਣੀ ਦੀ ਉਪਲਬਧਤਾ 1820 ਘਣ ਮੀਟਰ ਸੀ ਜੋ ਕਿ ਸਾਲ 2011 ਵਿੱਚ 1545 ਘਣ ਮੀਟਰ ਰਹਿ ਗਈ ਅਤੇ 2015 ਤਕ ਇਹ ਉਪਲਬਧਤਾ 1341 ਘਣ ਮੀਟਰ ਰਹਿ ਗਈ। 2050 ਵਿੱਚ ਪ੍ਰਤੀ ਵਿਅਕਤੀ ਪਾਣੀ ਦੀ ਉਪਲਬਧਤਾ 1140 ਘਣ ਮੀਟਰ ਰਹਿ ਜਾਣ ਦਾ ਖਤਰਾ ਬਣਿਆ ਹੋਇਆ ਹੈ। ਯੂਨੈਸਕੋ ਦੇ ਅੰਕੜੇ ਦਸਦੇ ਹਨ ਕਿ ਭਾਰਤ ਵਿੱਚ 10 ਕਰੋੜ ਤੋਂ ਵੱਧ ਲੋਕਾਂ ਨੂੰ ਪੀਣ ਲਈ ਸ਼ੁੱਧ ਪਾਣੀ ਨਹੀਂ ਮਿਲ ਰਿਹਾ। ਇਹ ਵੀ ਇੱਕ ਹਕੀਕਤ ਹੈ ਕਿ ਭਾਰਤ ਵਿੱਚ ਹਰ ਸਾਲ ਇੱਕ ਲੱਖ ਤੋਂ ਵੱਧ ਬੱਚੇ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਮਰ ਜਾਂਦੇ ਹਨ।

ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਮੌਜੂਦ ਦਰਿਆਵਾਂ ਅਤੇ ਨਦੀ ਨਾਲਿਆਂ ਦੇ ਬਾਵਜੂਦ ਦੇਸ਼ ਦੀ 80 ਫੀਸਦੀ ਤਕ ਪਾਣੀ ਦੀ ਲੋੜ ਧਰਤੀ ਹੇਠਲੇ ਪਾਣੀ ਰਾਹੀਂ ਹੀ ਪੂਰੀ ਕੀਤੀ ਜਾਂਦੀ ਹੈ ਜਿਸ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ। ਧਰਤੀ ਹੇਠਲਾ ਪਾਣੀ ਤਾਂ ਅਸੀਂ ਬਾਹਰ ਕੱਢ ਹੀ ਰਹੇ ਹਾਂ ਪਰ ਧਰਤੀ ਹੇਠਾਂ ਮੁੜ ਪਾਣੀ ਭੇਜਣ ਬਾਰੇ ਕੋਈ ਕੁੱਝ ਨਹੀਂ ਸੋਚਦਾ। ਵਿਸ਼ਵ ਦੇ ਕਈ ਦੇਸ਼ਾਂ ਵਿੱਚ ਖੇਤੀ ਵਾਸਤੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਉਪਰ ਪੂਰਨ ਪਾਬੰਦੀ ਹੈ। ਉਹਨਾਂ ਦੇਸ਼ਾਂ ਵਿੱਚ ਸਾਰੀ ਖੇਤੀ ਨਹਿਰੀ ਪਾਣੀ ਅਤੇ ਬਰਸਾਤੀ ਪਾਣੀ ਨਾਲ ਹੀ ਕੀਤੀ ਜਾਂਦੀ ਹੈ।

ਇਸ ਸੰਬਧੀ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਪਾਣੀ ਦੇ ਲਗਾਤਾਰ ਵੱਧਦੇ ਸੰਕਟ ਨੂੰ ਗੰਭੀਰਤਾ ਨਾਲ ਲਵੇ ਅਤੇ ਆਉਣ ਵਾਲੇ ਸਾਲਾਂ ਵਿੱਚ ਆਉਣ ਵਾਲੇ ਪਾਣੀ ਦੇ ਇਸ ਗੰਭੀਰ ਸੰਕਟ ਤੋਂ ਬਚਾਓ ਲਈ ਜੰਗੀ ਪੱਧਰ ਤੇ ਉਪਰਾਲੇ ਆਰੰਭ ਕੀਤੇ ਜਾਣ ਤਾਂ ਜੋ ਆਉਣ ਵਾਲੇ ਸਾਲਾਂ ਦੌਰਾਨ ਦੇਸ਼ ਨੂੰ ਮਾਰੂਥਲ ਬਣਨ ਤੋਂ ਬਚਾਇਆ ਜਾ ਸਕੇ।

 

Continue Reading

Editorial

ਪੱਤਰਕਾਰੀ ਤੇ ਸਾਹਿਤਕਾਰੀ ਦਾ ਡਿੱਗਦਾ ਮਿਆਰ

Published

on

By

 

ਬੀਤੇ ਦਿਨ ਸ਼ੰਭੂ ਮੋਰਚੇ ਤੇ ਇੱਕ ਕਿਸਾਨ ਵੱਲੋਂ ਸਲਫਾਸ ਖਾ ਕੇ ਖੁਦਕਸ਼ੀ ਕਰ ਲਈ ਗਈ। ਜਦੋਂ ਇਹ ਕਿਸਾਨ ਪਟਿਆਲਾ ਦੇ ਇੱਕ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ ਤਾਂ ਇੱਕ ਪੱਤਰਕਾਰ ਉਸ ਨੂੰ ਕਦੇ ਉਸ ਦੀ ਉਮਰ ਪੁੱਛ ਰਿਹਾ ਸੀ ਅਤੇ ਕਦੇ ਪੁੱਛ ਰਿਹਾ ਸੀ ਕਿ ਉਸ ਨੇ ਕੀ ਖਾਧਾ ਹੈ?

ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕਿਸਾਨ ਦੇ ਸਾਥੀਆਂ ਵੱਲੋਂ ਪੱਤਰਕਾਰਾਂ ਨੂੰ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਗਿਆ ਸੀ ਫਿਰ ਵੀ ਪੱਤਰਕਾਰਾਂ ਵੱਲੋਂ ਮੌਤ ਦੇ ਮੂੰਹ ਵਿੱਚ ਪਏ ਵਿਅਕਤੀ ਅੱਗੇ ਮਾਈਕ ਕਰਕੇ ਕਈ ਕਿਸਮ ਦੇ ਸਵਾਲ ਪੁੱਛੇ ਜਾ ਰਹੇ ਸਨ ਅਤੇ ਮਰ ਰਿਹਾ ਵਿਅਕਤੀ ਬਹੁਤ ਮੁਸ਼ਕਿਲ ਨਾਲ ਜਵਾਬ ਦੇ ਰਿਹਾ ਸੀ। ਸਵਾਲ ਇਹ ਉਠਦਾ ਹੈ ਕਿ ਕੀ ਇੱਕ ਮਰਨ ਵਾਲੇ ਵਿਅਕਤੀ ਤੋਂ ਇਸ ਤਰ੍ਹਾਂ ਦੇ ਸਵਾਲ ਪੁੱਛਣੇ ਪੱਤਰਕਾਰੀ ਦੇ ਮਿਆਰਾਂ ਅਨੁਸਾਰ ਸਹੀ ਹੈ? ਉਹ ਵੀ ਉਦੋਂ, ਜਦੋਂ ਉਸ ਦੇ ਸਾਥੀ ਪਹਿਲਾਂ ਹੀ ਪੱਤਰਕਾਰਾਂ ਨੂੰ ਸਾਰੀ ਜਾਣਕਾਰੀ ਦੇ ਚੁੱਕੇ ਹੋਣ।

ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ, ਜਦੋਂ ਅਹਿਸਾਸ ਹੁੰਦਾ ਹੈ ਕਿ ਪੱਤਰਕਾਰੀ ਵੀ ਨਿਵਾਣਾਂ ਵੱਲ ਜਾ ਰਹੀ ਹੈ। ਕਈ ਸਾਲ ਪਹਿਲਾਂ ਪਟਿਆਲਾ ਦੀ ਪਰੌਂਠਾ ਮਾਰਕੀਟ ਦੇ ਮਾਮਲੇ ਨੂੰ ਲੈ ਕੇ ਇੱਕ ਵਿਅਕਤੀ ਵੱਲੋਂ ਆਪਣੇ ਆਪ ਨੂੰ ਅੱਗ ਲਗਾ ਲਈ ਗਈ ਸੀ। ਉਸ ਵੇਲੇ ਖੁਦ ਨੂੰ ਅੱਗ ਲਗਾਉਣ ਜਾ ਰਹੇ ਵਿਅਕਤੀ ਨੂੰ ਇੱਕ ਪੱਤਰਕਾਰ ਵਲੋਂ ਕਿਹਾ ਗਿਆ ਸੀ ਕਿ ‘ਜੋ ਕਰਨਾ ਹੈ, ਜਲਦੀ ਕਰ, ਅਸੀਂ ਅੱਗੇ ਵੀ ਜਾਣਾ ਹੈ।’ ਦੁੱਖ ਦੀ ਗੱਲ ਹੈ ਕਿ ਉਸ ਵਿਅਕਤੀ ਨੂੰ ਅੱਗ ਲਗਾਉਣ ਤੋਂ ਰੋਕਣ ਦੀ ਥਾਂ ਉਕਤ ਪੱਤਰਕਾਰ ਉਸ ਨੂੰ ਆਪਣੇ ਆਪ ਨੂੰ ਜਲਦੀ ਅੱਗ ਲਗਾਉਣ ਲਈ ਕਹਿ ਰਿਹਾ ਸੀ।

ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਦੇਸ਼ ਵਿੱਚ ਵਾਪਰ ਚੁੱਕੀਆਂ ਹਨ ਜਦੋਂ ਪੱਤਰਕਾਰੀ ਤੇ ਹੀ ਸਵਾਲ ਖੜੇ ਹੋਏ ਹਨ। ਪਿਛਲੇ ਕੁਝ ਸਾਲਾਂ ਤੋਂ ਕੌਮੀ ਹਿੰਦੀ ਚੈਨਲਾਂ ਦੇ ਐਂਕਰ ਜਿਸ ਤਰੀਕੇ ਨਾਲ ਆਪਣੀ ਸੀਟ ਤੋਂ ਉਛਲ ਉਛਲ ਕੇ ਕੋਈ ਮੁੱਦਾ ਉਛਾਲਦੇ ਹਨ ਜਾਂ ਕਿਸੇ ਖਾਸ ਫਿਰਕੇ ਜਾਂ ਕਿਸੇ ਖਾਸ ਧਰਮ ਬਾਰੇ ਕੋਈ ਨਾਂਹਪੱਖੀ ਗੱਲ ਉਭਾਰਦੇ ਹਨ ਉਸ ਨਾਲ ਵੀ ਪੱਤਰਕਾਰੀ ਦੇ ਡਿੱਗਦੇ ਮਿਆਰ ਦਾ ਪ੍ਰਗਟਾਵਾ ਹੁੰਦਾ ਹੈ।

ਕੁਝ ਇਹੋ ਜਿਹਾ ਹਾਲ ਹੀ ਸਾਹਿਤਕ ਖੇਤਰ ਦਾ ਵੀ ਹੈ। ਸਾਹਿਤਕ ਖੇਤਰ ਵਿੱਚ ਵੀ ਕੁਝ ਅਜਿਹੇ ਲੇਖਕ ਆ ਗਏ ਹਨ, ਜਿਹਨਾਂ ਕੋਲੋਂ ਮਿਆਰੀ ਸਾਹਿਤ ਤਾਂ ਲਿਖਿਆ ਨਹੀਂ ਜਾਂਦਾ ਸਿਰਫ ਕੱਚਘਰੜ ਅਤੇ ਦੂਜਿਆਂ ਦੀਆਂ ਰਚਨਾਵਾਂ ਦੀ ਨਕਲ ਮਾਰ ਕੇ ਆਪਣੀਆਂ ਰਚਨਾਵਾਂ ਲਿਖ ਲੈਂਦੇ ਹਨ ਅਤੇ ਫਿਰ ਉਹਨਾਂ ਦੀਆਂ ਕਿਤਾਬਾਂ ਛਪਵਾ ਕੇ ਖੁਦ ਨੂੰ ਮਹਾਨ ਲੇਖਕ ਹੋਣ ਦਾ ਭਰਮ ਪਾਲ ਲੈਂਦੇ ਹਨ। ਇਸ ਕੰਮ ਵਿੱਚ ਕੁਝ ਮਹਿਲਾਵਾਂ ਵੀ ਸ਼ਾਮਲ ਹਨ। ਵੱਖ ਵੱਖ ਵੱਡੇ ਸ਼ਹਿਰਾਂ ਵਿੱਚ ਕੁਝ ਅਜਿਹੀਆਂ ਸਾਹਿਤਕ ਸੰਸਥਾਵਾਂ ਹਨ, ਜਿਹਨਾਂ ਦੇ ਆਪੇ ਬਣੇ ਪ੍ਰਬੰਧਕ ਅਕਸਰ ਕਿਸੇ ਨਾ ਕਿਸੇ ਸੁੰਦਰ ਲੜਕੀ ਜਾਂ ਮਹਿਲਾ ਨੂੰ ਮਹਾਨ ਲੇਖਿਕਾ ਵਜੋਂ ਉਭਾਰਦੇ ਹਨ ਅਤੇ ਕਈ ਵਾਰ ਖੁਦ ਰਚਨਾਵਾਂ ਲਿਖ ਕੇ ਉਸ ਮਹਿਲਾ ਨੂੰ ਦੇ ਦਿੰਦੇ ਹਨ ਅਤੇ ਉਹ ਮਹਿਲਾ ਉਹਨਾਂ ਰਚਨਾਵਾਂ ਨੂੰ ਆਪਣੇ ਨਾਮ ਨਾਲ ਪੇਸ਼ ਕਰਦੀ ਰਹਿੰਦੀ ਹੈ। ਅਜਿਹਾ ਦੇਸ਼ ਦੇ ਹਰ ਇਲਾਕੇ ਵਿੱਚ ਅਤੇ ਹਰ ਭਾਸ਼ਾ ਵਿੱਚ ਹੋ ਰਿਹਾ ਹੈ, ਜਿਸ ਕਰਕੇ ਸਾਹਿਤ ਖੇਤਰ ਵਿੱਚ ਵੀ ਗੈਰ ਸਾਹਿਤਕ ਲੋਕਾਂ ਦਾ ਆਗਮਨ ਹੋ ਚੁਕਿਆ ਹੈ।

ਪੱਤਰਕਾਰੀ ਅਤੇ ਸਾਹਿਤਕਾਰੀ ਜੇ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਇਹ ਬਹੁਤ ਉਸਾਰੂ ਭੂਮਿਕਾ ਨਿਭਾਉਂਦੇ ਹਨ, ਪਰੰਤੂ ਕੁੱਝ ਪੱਤਰਕਾਰਾਂ ਅਤੇ ਅਖੌਤੀ ਲੇਖਕਾਂ ਕਾਰਨ ਜਿੱਥੇ ਸਾਰਿਆਂ ਦੀ ਬਦਨਾਮੀ ਹੁੰਦੀ ਹੈ। ਉੱਥੇ ਸਾਫ ਸੁਥਰਾ ਕੰਮ ਕਰਨ ਵਾਲੇ ਪੱਤਰਕਾਰਾਂ ਅਤੇ ਸਾਹਿਕਾਰਾਂ ਨੂੰ ਵੀ ਨਮੋਸ਼ੀ ਸਹਿਣੀ ਪੈਂਦੀ ਹੈ।

ਬਿਊਰੋ

Continue Reading

Latest News

Trending