Punjab
ਸਿੰਘ ਸਹਿਬਾਨ ਨੇ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਮੰਤਰੀਆਂ ਨੂੰ ਸੁਣਾਈ ਧਾਰਮਿਕ ਸਜ਼ਾ
ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖਰ-ਏ-ਕੌਮ ਦਾ ਖ਼ਿਤਾਬ ਵਾਪਸ ਲੈਣ ਦਾ ਐਲਾਨ
ਅੰਮ੍ਰਿਤਸਰ, 2 ਦਸੰਬਰ (ਸ.ਬ.) ਅਕਾਲੀ ਦਲ ਦੀ ਸਰਕਾਰ ਵਿੱਚ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਮੰਤਰੀਆਂ ਵੱਲੋਂ ਕੀਤੀਆਂ ਗਲਤੀਆਂ ਮੰਨਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਜ਼ਾ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਸਾਰੇ ਇਕ ਘੰਟਾ ਪਖਾਨਿਆਂ ਦੀ ਸਫ਼ਾਈ ਕਰਨ ਤੋਂ ਇਲਾਵਾ ਲੰਗਰ ਦੀ ਸੇਵਾ ਕਰਨਗੇ। ਸਾਰੇ ਦੋਸ਼ੀ ਗਲੇ ਵਿੱਚ ਤਖਤੀਆਂ ਪਾ ਕੇ ਸੇਵਾ ਕਰਨਗੇ। ਸੁਖਬੀਰ ਸਿੰਘ ਬਾਦਲ ਦੀ ਲੱਤ ਤੇ ਪਲਾਸਟਰ ਹੋਣ ਕਾਰਨ ਉਨ੍ਹਾਂ ਨੂੰ ਬਰਛਾ ਲੈ ਕੇ ਵ੍ਹੀਲ ਚੇਅਰ ਤੇ ਬੈਠ ਕੇ ਮੁੱਖ ਗੇਟ ਤੇ ਇਕ ਘੰਟੇ ਦੀ ਸੇਵਾ ਤੇ ਫਿਰ ਲੰਗਰ ਦੇ ਬਰਤਨ ਧੋਣ ਦੀ ਸੇਵਾ ਦਿੱਤੀ ਗਈ ਹੈ। ਸਿੰਘ ਸਾਹਿਬਾਨ ਨੇ ਡੇਰਾ ਮੁਖੀ ਨੂੰ ਮਾਫ਼ੀ ਮੰਗਵਾਉਣ ਦੇ ਮਾਮਲੇ ਵਿੱਚ ਮਰਹੂਮ ਮੁੱਖ ਮੰਤਰੀ ਸz. ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ-ਏ-ਕੌਮ ਦਾ ਖਿਤਾਬ ਵਾਪਸ ਲੈਣ ਦਾ ਵੀ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਡੇਰਾ ਮੁਖੀ ਦੀ ਮਾਫ਼ੀ ਲਈ ਦਿੱਤੇ ਇਸ਼ਤਿਹਾਰ ਦੀ ਰਾਸ਼ੀ ਵੀ ਵਿਆਜ ਸਮੇਤ ਖਾਤੇ ਵਿੱਚ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਮੌਕੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੀਆਂ ਸਹੂਲਤਾਂ ਮੰਗਲਵਾਰ 12 ਵਜੇ ਤਕ ਵਾਪਸ ਲੈਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਗਿਆਨੀ ਗੁਰਮੁਖ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਤੋਂ ਹਟਾਉਣ ਤੇ ਅੰਮ੍ਰਿਤਸਰ ਤੋਂ ਬਾਹਰ ਡਿਊਟੀ ਲਾਉਣ ਦੇ ਆਦੇਸ਼ ਦਿੱਤੇ। ਇਨ੍ਹਾਂ ਦੋਵਾਂ ਸਾਬਕਾ ਜਥੇਦਾਰ ਵੱਲੋਂ ਦਿੱਤਾ ਸਪਸ਼ਟੀਕਰਨ ਵੀ ਪ੍ਰਵਾਣ ਨਹੀਂ ਕੀਤਾ ਗਿਆ ਤੇ ਇਨ੍ਹਾਂ ਉੱਪਰ ਧਾਰਮਿਕ ਸਮਾਗਮਾਂ ਵਿੱਚ ਬੋਲਣ ਤੇ ਰੋਕ ਲਗਾਈ ਗਈ ਹੈ। ਵਿਰਸਾ ਸਿੰਘ ਵਲਟੋਹਾ ਨੂੰ ਮੁੜ ਤਾੜਨਾ ਕਰਦਿਆਂ ਕਿਹਾ ਗਿਆ ਹੈ ਕਿ ਉਹ ਸੋਚ ਸਮਝ ਕੇ ਬਿਆਨਬਾਜ਼ੀ ਕਰਨ।
ਅੱਜ ਅਕਾਲ ਤਖਤ ਤੇ ਸੁਣਵਾਈ ਦੌਰਾਨ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਬਾਦਲ ਕੋਲੋਂ ਸਵਾਲ ਪੁੱਛਣੇ ਸ਼ੁਰੂ ਕੀਤੇ ਜਿਨ੍ਹਾਂ ਦਾ ਜਵਾਬ ਹਾਂ ਜਾਂ ਨਾਂਹ ਵਿਚ ਦੇਣ ਲਈ ਆਖਿਆ ਗਿਆ। ਸੁਖਬੀਰ ਬਾਦਲ ਨੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਥੋਂ ਬਹੁਤ ਸਾਰੀਆਂ ਭੁੱਲਾਂ ਹੋਈਆਂ ਹਨ। ਰਾਮ ਰਹੀਮ ਨੂੰ ਮਾਫ਼ੀ ਦੇਣ ਬਾਰੇ ਵੀ ਸੁਖਬੀਰ ਬਾਦਲ ਨੂੰ ਸਵਾਲ ਕੀਤੇ ਗਏ ਜਿਸ ਤੇ ਉਨ੍ਹਾਂ ਨੇ ਆਪਣਾ ਜਵਾਬ ਗਿਆਨੀ ਰਘਬੀਰ ਸਿੰਘ ਦੇ ਸਾਹਮਣੇ ਰੱਖਿਆ ਤੇ ਇਸ ਗੁਨਾਹ ਨੂੰ ਵੀ ਕਬੂਲ ਕੀਤਾ। ਸੁਖਬੀਰ ਬਾਦਲ ਨੇ ਬਰਗਾੜੀ ਗੋਲੀਕਾਂਡ ਦਾ ਗੁਨਾਹ ਵੀ ਮੰਨਿਆ।
ਸੁਖਬੀਰ ਸਿੰਘ ਬਾਦਲ ਨੇ ਮੰਨਿਆ ਕਿ ਸਰਕਾਰ ਹੁੰਦਿਆਂ ਉਨ੍ਹਾਂ ਨੇ ਗੁਰੂ ਮਹਾਰਾਜ ਦੇ ਦੋਸ਼ੀਆਂ, ਨੌਜਵਾਨਾਂ ਸਬੰਧੀ ਕੋਈ ਵੀ ਉੱਚ ਕਦਮ ਨਹੀਂ ਚੁੱਕਿਆ ਤੇ ਇਹ ਉਨ੍ਹਾਂ ਦੀ ਭੁੱਲ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਜਿਨ੍ਹਾਂ ਪੁਲੀਸ ਅਫਸਰਾਂ ਤੇ ਦੋਸ਼ ਲੱਗਦੇ ਸਨ, ਉਨ੍ਹਾਂ ਨੂੰ ਵੀ ਉਨ੍ਹਾਂ ਦੀ ਸਰਕਾਰ ਵੱਲੋਂ ਤਰੱਕੀਆਂ ਦਿੱਤੀਆਂ ਗਈਆਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਪਾਰਟੀ ਵਿੱਚ ਅਹੁਦੇ ਤੇ ਟਿਕਟਾਂ ਦਿੱਤੀਆਂ ਗਈਆਂ।
ਸੁਖਬੀਰ ਸਿੰਘ ਬਾਦਲ ਨੇ ਮੰਨਿਆ ਕਿ ਡੇਰਾ ਸਿਰਸਾ ਮੁਖੀ ਨੂੰ ਮਾਫੀ ਦਿਵਾਉਣ ਲਈ ਉਨ੍ਹਾਂ ਨੇ ਜਥੇਦਾਰਾਂ ਨੂੰ ਚੰਡੀਗੜ੍ਹ ਕੋਠੀ ਵਿੱਚ ਸੱਦਿਆ ਤੇ ਮਾਫੀ ਮੰਗਣ ਲਈ ਦਬਾਅ ਬਣਾਇਆ। ਬਾਦਲ ਨੇ ਮੰਨਿਆ ਕਿ ਉਨ੍ਹਾਂ ਵੱਲੋਂ ਡੇਰਾ ਸਿਰਸਾ ਮੁਖੀ ਦੇ ਮਾਮਲੇ ਵਿੱਚ ਅਖਬਾਰੀ ਇਸ਼ਤਿਆਰਾਂ ਲਈ ਸ਼੍ਰੋਮਣੀ ਕਮੇਟੀ ਤੇ ਦਬਾਅ ਬਣਾਇਆ ਅਤੇ ਗੋਲਕ ਦੀ ਦੁਰਵਰਤੋਂ ਕੀਤੀ ਗਈ।
ਉਹਨਾਂ ਮੰਨਿਆ ਕਿ ਸਰਕਾਰ ਹੁੰਦਿਆਂ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹੋਈ ਪਾਵਨ ਸਰੂਪ ਦੀ ਚੋਰੀ ਅਤੇ ਬਾਅਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸੰਬੰਧੀ ਉਹ ਨਾਕਾਮ ਰਹੇ। ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਧਰਨਾ ਲਗਾ ਕੇ ਇਨਸਾਫ ਲਈ ਬੈਠੀਆਂ ਸੰਗਤਾਂ ਤੇ ਪੁਲੀਸ ਬਲ ਦਾ ਦੁਰਉਪਯੋਗ ਕਰਨਾ ਅਤੇ ਉਸ ਦੌਰਾਨ ਦੋ ਨੌਜਵਾਨ ਸ਼ਹੀਦ ਹੋਣੇ ਵੀ ਉਹਨਾਂ ਦੀ ਸਰਕਾਰ ਦੀ ਭੁੱਲ ਹੈ।
ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਡੇਰਾ ਮੁਖੀ ਤੇ ਸਜ਼ਾ ਮਾਫ਼ੀ ਸਬੰਧੀ ਦਿੱਤੇ ਅਖ਼ਬਾਰੀ ਬਿਆਨ ਤੇ ਕਿਹਾ ਕਿ ਮੈਂ ਨਹੀਂ ਦਿੱਤਾ। ਗਿਆਨੀ ਹਰਪ੍ਰੀਤ ਸਿੰਘ ਨੇ ਇਹ ਬਿਆਨ ਪੜ੍ਹ ਕੇ ਸੁਣਾਇਆ। ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਉਸ ਸਮੇਂ ਦੀ ਸਰਕਾਰ ਦੇ ਸਾਰੇ ਵਜੀਰ ਗੁਨਾਹਗਾਰ ਹਨ ਤੇ ਸਾਰਿਆਂ ਨੂੰ ਹੀ ਇਕੋ ਜਿਹੀ ਸਜ਼ਾ ਦਿੱਤੀ ਜਾਵੇ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਡੇਰਾ ਮੁਖੀ ਦੀ ਮਾਫੀ ਦਾ ਮਾਮਲਾ ਕਿਸੇ ਵੀ ਕੈਬਨਿਟ ਮੀਟਿੰਗ ਵਿੱਚ ਨਹੀਂ ਆਇਆ। ਮੈਂ ਉਸ ਗਲਤੀ ਬਾਰੇ ਆਪਣੀ ਆਵਾਜ਼ ਨਹੀਂ ਉਠਾਈ ਜੋ ਮੈਨੂੰ ਕਰਨੀ ਚਾਹੀਦੀ ਸੀ। ਮੈਂ ਸਰਕਾਰ ਦਾ ਹਿੱਸਾ ਸੀ, ਇਸ ਲਈ ਮੈਂ ਆਪਣੀ ਗਲਤੀ ਸਵੀਕਾਰ ਕਰਦਾ ਹਾਂ। ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅਸੀਂ ਸਵੀਕਾਰ ਕਰਦੇ ਹਾਂ ਕਿ ਸਰਕਾਰ ਵੇਲੇ ਗਲਤੀਆਂ ਹੋਈਆਂ ਹਨ। ਮੇਰੇ ਘਰ ਡੇਰਾ ਮੁਖੀ ਦੀ ਕੋਈ ਮਾਫ਼ੀ ਮੀਟਿੰਗ ਨਹੀਂ ਹੋਈ। ਜਨਮੇਜਾ ਸਿੰਘ ਨੇ ਕਿਹਾ ਕਿ ਇਹ ਗਲਤੀਆਂ ਏਜੰਡੇ ਤੇ ਨਹੀਂ ਸਨ ਪਰ ਅਸੀਂ ਗਲਤੀਆਂ ਵਿੱਚ ਸ਼ਾਮਲ ਹਾਂ ਕਿਉਂਕਿ ਅਸੀਂ ਗਲਤੀਆਂ ਦਾ ਵਿਰੋਧ ਨਹੀਂ ਕੀਤਾ। ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਅਸੀਂ ਸਾਰੇ ਗੁਨਾਹਗਾਰ ਹਾਂ।
Punjab
ਦਰਬਾਰ ਸਾਹਿਬ ਦੇ ਬਾਹਰ ਸੇਵਾ ਕਰ ਰਹੇ ਸੁਖਬੀਰ ਬਾਦਲ ਤੇ ਜਾਨਲੇਵਾ ਹਮਲਾ
ਦਲ ਖਾਲਸਾ ਦੇ ਨਰਾਇਣ ਸਿੰਘ ਚੌੜਾ ਨੇ ਚਲਾਈ ਗੋਲ਼ੀ
ਅੰਮ੍ਰਿਤਸਰ, 4 ਦਸੰਬਰ (ਸ.ਬ.) ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਸੇਵਾ ਕਰ ਰਹੇ ਸਾਬਕਾ ਮੁੱਖ ਮੰਤਰੀ ਸz. ਸੁਖਬੀਰ ਸਿੰਘ ਬਾਦਲ ਤੇ ਦਲ ਖਾਲਸਾ ਦੇ ਕਾਰਕੰਨ ਵਲੋਂ ਗੋਲੀ ਚਲਾ ਦਿੱਤੀ ਗਈ। ਘਟਨਾ ਉਸ ਵੇਲੇ ਵਾਪਰੀ ਜਦੋਂ ਸz. ਸੁਖਬੀਰ ਸਿੰਘ ਬਾਦਲ ਦਰਸ਼ਨੀ ਡਿਊਡੀ ਤੇ ਵੀਲ੍ਹ ਚੇਅਰ ਤੇ ਬੈਠ ਕੇ ਬਰਛਾ ਫੜ ਕੇ ਸੇਵਾ ਨਿਭਾ ਰਹੇ ਸਨ। ਇਸ ਦੌਰਾਨ ਦਲ ਖਾਲਸਾ ਦਾ ਕਾਰਕੁੰਨ ਨਾਰਾਇਣ ਸਿੰਘ ਚੌੜਾ ਉਹਨਾਂ ਦੇ ਨੇੜੇ ਆਇਆ ਅਤੇ ਉਸਨੇ ਆਪਣੇ ਡੱਬ ਵਿੱਚੋਂ ਪਿਸਤੌਲ ਕੱਢਿਆ। ਇਸਤੋਂ ਪਹਿਲਾਂ ਕਿ ਉਹ ਸੁਖਬੀਰ ਬਾਦਲ ਨੂੰ ਗੋਲੀ ਮਾਰ ਪਾਉਂਦਾ ਸੁਰਖਿਆ ਕਰਮਚਾਰੀਆਂ ਵਲੋਂ ਉਸਨੂੰ ਜੱਫਾ ਮਾਰ ਲਿਆ ਗਿਆ ਅਤੇ ਗੋਲੀ ਸੁਖਬੀਰ ਦੇ ਸਿਰ ਦੇ ਉੱਪਰ ਤੋਂ ਲੰਘ ਗਈ।
ਪੁਲੀਸ ਨੇ ਮੁਲਜ਼ਮ ਨਰਾਇਣ ਸਿੰਘ ਚੌੜਾ ਨੂੰ ਗ੍ਰਿਫਤਾਰ ਕਰ ਲਿਆ ਹੈ। ਏ ਡੀ ਸੀ ਪੀ ਹਰਪਾਲ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦਲ ਖਾਲਸਾ ਨਾਲ ਸੰਬੰਧਤ ਨਾਰਾਇਣ ਸਿੰਘ ਚੌੜਾ ਤੇ ਪੁਲੀਸ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਉਹ ਅਜਿਹੀ ਕਿਸੇ ਘਟਨਾ ਨੂੰ ਅੰਜਾਮ ਦੇ ਸਕਦਾ ਹੈ, ਇਸ ਲਈ ਪੁਲੀਸ ਵਲੋਂ ਉਸਤੇ ਨਜ਼ਰ ਰੱਖੀ ਜਾ ਰਹੀ ਸੀ।
ਇਹ ਘਟਨਾ ਸਵੇਰੇ ਸਾਢੇ 9 ਵਜੇ ਦੀ ਹੈ। ਘਟਨਾ ਵੇਲੇ ਸੁਖਬੀਰ ਬਾਦਲ ਸੇਵਾ ਤੇ ਤਾਇਨਾਤ ਸਨ ਜਦੋਂ ਅਚਾਨਕ ਨਰਾਇਣ ਸਿੰਘ ਬਾਦਲ ਦੇ ਬਿਲਕੁਲ ਨੇੜੇ ਆਇਆ ਅਤੇ ਕੁਝ ਮੀਟਰ ਦੀ ਦੂਰੀ ਤੇ ਉਸ ਨੇ ਆਪਣੀ ਪਿਸਤੌਲ ਕੱਢ ਕੇ ਸੁਖਬੀਰ ਵੱਲ ਨਿਸ਼ਾਨਾ ਸਾਧਿਆ। ਇਸ ਮੌਕੇ ਇੱਕ ਸੁਰੱਖਿਆ ਕਰਮਚਾਰੀ ਤੁਰੰਤ ਨਰਾਇਣ ਸਿੰਘ ਵੱਲ ਵਧਿਆ ਤੇ ਪਿਸਤੌਲ ਦੇ ਮੂੰਹ ਨੂੰ ਉੱਪਰ ਅਸਮਾਨ ਵੱਲ ਕੀਤਾ ਜਿਸ ਕਾਰਨ ਇਹ ਹਫਾਈ ਫਾਇਰ ਹੋ ਗਿਆ ਤੇ ਨਿਸ਼ਾਨਾ ਖੁੰਝ ਗਿਆ। ਸਾਦੀ ਵਰਦੀ ਵਿੱਚ ਮੌਜੂਦ ਸੁਰੱਖਿਆ ਕਰਮੀਆਂ ਨੇ ਤੁਰੰਤ ਘੇਰਾਬੰਦੀ ਕਰ ਕੇ ਬਾਦਲ ਨੂੰ ਸੁਰੱਖਿਆ ਘੇਰੇ ਵਿੱਚ ਲੈ ਲਿਆ।
Punjab
ਹਮਲਾ ਸੁਖਬੀਰ ਬਾਦਲ ਤੇ ਨਹੀਂ ਸੇਵਾਦਾਰ ਤੇ ਹੋਇਆ : ਜਥੇਦਾਰ
ਅੰਮ੍ਰਿਤਸਰ, 4 ਦਸੰਬਰ (ਸ.ਬ.) ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਸੇਵਾ ਕਰ ਰਹੇ ਸਾਬਕਾ ਮੁੱਖ ਮੰਤਰੀ ਸz. ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਘੰਟਾ ਘਰ ਡਿਉਢੀ ਦੇ ਬਾਹਰਵਾਰ ਹੋਇਆ ਹਮਲਾ ਸੁਖਬੀਰ ਬਾਦਲ ਤੇ ਨਹੀਂ ਬਲਕਿ ਸੇਵਾਦਾਰ ਤੇ ਹੋਇਆ ਹੈ।
ਉਹਨਾਂ ਕਿਹਾ ਕਿ ਇਹ ਘਟਨਾ ਬਹੁਤ ਹੀ ਮੰਦਭਾਗੀ ਹੈ। ਸੁਖਬੀਰ ਸਿੰਘ ਬਾਦਲ ਦੋ ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਸਾਥੀਆਂ ਸਮੇਤ ਸੇਵਾ ਲਗਾਈ ਗਈ ਸੀ ਜਿਸ ਵਿੱਚ ਘੰਟਾ ਘਰ ਡਿਉਢੀ ਦੇ ਬਾਹਰ ਵਾਰ ਇਕ ਘੰਟਾ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥ ਵਿੱਚ ਬਰਛਾ ਫੜ ਕੇ ਉੱਥੇ ਡਿਊਟੀ ਕਰਨ ਦੀ ਵੀ ਸੇਵਾ ਲਗਾਈ ਗਈ ਸੀ ਅਤੇ ਅੱਜ ਜਦ ਉਹ ਤਨਖਾਹ ਲੱਗੀ ਹੋਈ ਸੇਵਾ ਕਰ ਰਹੇ ਸੀ ਇਸ ਸੇਵਾ ਦੌਰਾਨ ਉਹਨਾਂ ਉੱਤੇ ਜਾਨਲੇਵਾ ਹਮਲਾ ਹੋਇਆ।
ਉਹਨਾਂ ਕਿਹਾ ਕਿ ਮੌਕੇ ਤੇ ਸੇਵਾਦਾਰਾਂ ਤੇ ਸਿਕਿਓਰਟੀ ਵੱਲੋਂ ਵਰਤੀ ਮੁਸਤੈਦੀ ਨਾਲ ਉਹ ਗੋਲੀ ਉਹਨਾਂ ਤੇ ਨਹੀਂ ਲੱਗੀ ਪਰ ਉਹ ਗੋਲੀ ਚਰਨ ਕੁੰਡ (ਜਿਥੇ ਸੰਗਤ ਆਪਣੇ ਚਰਨ ਧੋ ਕੇ ਪਰਿਕਰਮਾ ਦੇ ਵਿੱਚ ਪ੍ਰਵੇਸ਼ ਕਰਦੀ ਹੈ) ਵਿੱਚ ਜਾ ਕੇ ਲੱਗੀ ਹੈ। ਉਹਨਾਂ ਕਿਹਾ ਕਿ ਇਹ ਸੁਖਬੀਰ ਸਿੰਘ ਬਾਦਲ ਤੇ ਹਮਲਾ ਨਹੀਂ ਹੈ ਬਲਕਿ ਇਹ ਹਮਲਾ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਲੱਗੀ ਹੋਈ ਸੇਵਾ ਦੌਰਾਨ ਡਿਊਟੀ ਕਰ ਰਹੇ ਉਸ ਸੇਵਾਦਾਰ ਤੇ ਹੋਇਆ ਹੈ ਜੋ ਸੇਵਾਦਾਰ ਦਾ ਚੋਲਾ ਪਾ ਕੇ ਹੱਥ ਵਿੱਚ ਬਰਛਾ ਫੜ ਕੇ ਘੰਟਾ ਘਰ ਦੇ ਬਾਹਰ ਸੇਵਾ ਕਰ ਰਿਹਾ ਸੀ।
ਉਹਨਾਂ ਕਿਹਾ ਕਿ ਉਹ ਇਸਦੀ ਘੋਰ ਨਿੰਦਾ ਕਰਦੇ ਹਨ ਅਤੇ ਸਰਕਾਰ ਨੂੰ ਤਾੜਨਾ ਕਰਦੇ ਹਾਂ ਕਿ ਇਸ ਗੱਲ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇ ਕਿ ਇਸਦੇ ਪਿੱਛੇ ਕੌਣ ਹੈ ਅਤੇ ਸਾਰਾ ਵਰਤਾਰਾ ਕਿਉਂ ਵਾਪਰਿਆ ਹੈ। ਇਸ ਮੌਕੇ ਉਹਨਾਂ ਦੇ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਵੀ ਮੌਜੂਦ ਸਨ।
Chandigarh
ਕੌਣ ਹੈ ਸੁਖਬੀਰ ਬਾਦਲ ਤੇ ਗੋਲੀ ਚਲਾਉਣ ਵਾਲਾ ਨਰਾਇਣ ਸਿੰਘ ਚੌੜਾ?
ਚੰਡੀਗੜ੍ਹ, 4 ਦਸੰਬਰ (ਸ.ਬ.) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਅੱਜ ਸਵੇਰੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਬਾਹਰ ਸੇਵਾਦਾਰ ਦੀ ਡਿਊਟੀ ਨਿਭਾਉਣ ਦੌਰਾਨ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਨਰਾਇਣ ਸਿੰਘ ਚੌੜਾ ਵਜੋਂ ਹੋਈ ਹੈ, ਜੋ ਕਿ ਦਲ ਖਾਲਸਾ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ।
ਪੁਲੀਸ ਸੂਤਰਾਂ ਅਨੁਸਾਰ ਪਾਕਿਸਤਾਨ ਵਿੱਚ ਸਿਖਲਾਈ ਪ੍ਰਾਪਤ ਅਕਾਲ ਫੈਡਰੇਸ਼ਨ ਦੇ ਸਾਬਕਾ ਮੁਖੀ ਚੌੜਾ ਨੇ ਸਿੱਖ ਖਾੜਕੂਵਾਦ ਬਾਰੇ ਕਿਤਾਬਾਂ ਲਿਖੀਆਂ ਹਨ। ਚੌੜਾ 1995 ਵਿੱਚ ਭਾਰਤ ਪਰਤਣ ਤੋਂ ਪਹਿਲਾਂ ਤਿੰਨ ਵਾਰ ਪਾਕਿਸਤਾਨ ਜਾ ਚੁੱਕਾ ਹੈ।
ਚੌੜਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਵੀ ਸ਼ੱਕੀ ਸੀ। ਉਹ ਕਥਿਤ ਤੌਰ ਤੇ 2004 ਦੇ ਬੁੜੈਲ ਜੇਲ੍ਹ ਭੱਜਣ ਦੇ ਕੇਸ ਵਿੱਚ ਵੀ ਸ਼ਾਮਲ ਸੀ ਜਿੱਥੋਂ ਬੇਅੰਤ ਸਿੰਘ ਦੇ ਕਾਤਲ ਅਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਜਗਤਾਰ ਸਿੰਘ ਹਵਾਰਾ ਸਮੇਤ ਚਾਰ ਅੰਡਰ ਟਰਾਇਲ ਜੇਲ੍ਹ ਦੀ ਬੈਰਕ ਨੰਬਰ 7 ਵਿੱਚੋਂ ਸੁਰੰਗ ਪੁੱਟ ਕੇ ਫਰਾਰ ਹੋ ਗਏ ਸਨ। ਇਹ ਘਟਨਾ 21 ਜਨਵਰੀ 2004 ਦੀ ਰਾਤ ਨੂੰ ਵਾਪਰੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਚੌੜਾ ਤੇ 8 ਮਈ 2010 ਨੂੰ ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ਵਿੱਚ ਵਿਸਫੋਟਕ ਐਕਟ ਤਹਿਤ 30 ਦੇ ਕਰੀਬ ਕੇਸ ਦਰਜ ਕੀਤੇ ਗਏ ਸਨ। ਇਸ ਤੋਂ ਇਲਾਵਾ ਅੰਮ੍ਰਿਤਸਰ, ਤਰਨਤਾਰਨ ਅਤੇ ਰੋਪੜ ਵਿੱਚ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਦਰਜ ਕੇਸਾਂ ਵਿੱਚ ਵੀ ਲੋੜੀਂਦਾ ਸੀ।
-
Mohali1 month ago
ਪਿੰਡ ਮੌਲੀ ਵੈਦਵਾਨ ਦੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀ ਤੇ ਪੈਨਸਲਾਂ ਵੰਡੀਆਂ
-
Mohali1 month ago
ਰਾਜ ਪੱਧਰੀ ਕ੍ਰਿਕਟ ਮੁਕਾਬਲਿਆਂ ਦੌਰਾਨ ਐਸ ਏ ਐਸ ਨਗਰ ਦੀ ਟੀਮ ਵੱਲੋਂ ਜੇਤੂ ਸ਼ੁਰੂਆਤ
-
National2 months ago
ਜਨਮ ਦਿਨ ਮੌਕੇ ਸਿਲੰਡਰ ਫਟਣ ਕਾਰਨ ਦਾਦਾ-ਦਾਦੀ ਅਤੇ ਪੋਤੇ ਦੀ ਮੌਤ
-
National2 months ago
ਸੁਪਰੀਮ ਕੋਰਟ ਦੇ ਨਵੇਂ ਚੀਫ ਜਸਟਿਸ ਹੋਣਗੇ ਸੰਜੀਵ ਖੰਨਾ
-
Mohali1 month ago
29 ਅਕਤੂਬਰ ਤੋਂ ਸ਼ੁਰੂ ਹੋਵੇਗਾ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਸੰਬੰਧੀ ਪ੍ਰੋਗਰਾਮ
-
Horscope1 month ago
ਇਸ ਹਫਤੇ ਦਾ ਤੁਹਾਡਾ ਰਾਸ਼ੀਫਲ
-
Mohali1 month ago
ਜ਼ਿਲ੍ਹਾ ਜਿਮਨਾਸਟਿਕ ਮੁਕਾਬਲਿਆਂ ਵਿੱਚ ਲਾਰੈਂਸ ਸਕੂਲ ਦੇ ਵਿਦਿਆਰਥੀ ਚਮਕੇ
-
Mohali1 month ago
ਐਮ ਪੀ ਸੀ ਏ ਵੱਲੋਂ ਦਿਵਾਲੀ ਦੇ ਤਿਉਹਾਰ ਸੰਬੰਧੀ ਪ੍ਰੋਗਰਾਮ ਦਾ ਆਯੋਜਨ