Editorial
ਕੀ ਦੁਬਾਰਾ ਇੱਕ ਮਜਬੂਤ ਸਿਆਸੀ ਪਾਰਟੀ ਬਣ ਪਾਏਗਾ ਅਕਾਲੀ ਦਲ?

ਪੰਜਾਬ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਸੰਕਟ ਕਾਰਨ ਇਸਦੇ ਭਵਿੱਖ ਬਾਰੇ ਕਿਆਸਅਰਾਈਆਂ ਦਾ ਦੌਰ ਜਾਰੀ ਹੈ। ਪਾਰਟੀ ਦੇ ਪ੍ਰਧਾਨ ਰਹੇ ਸੁਖਬੀਰ ਬਾਦਲ ਸਮੇਤ ਅਨੇਕਾਂ ਅਕਾਲੀ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਭੁਗਤ ਰਹੇ ਹਨ। ਬੀਬੀ ਜਗੀਰ ਕੌਰ ਸਮੇਤ ਕਈ ਅਕਾਲੀ ਆਗੂਆਂ ਦੀ ਧਾਰਮਿਕ ਸਜ਼ਾ ਮੁਕੰਮਲ ਵੀ ਹੋ ਗਈ ਹੈ।
ਇਸ ਦੌਰਾਨ ਵੱਡੀ ਗਿਣਤੀ ਅਕਾਲੀ ਆਗੂਆਂ ਨੂੰ ਆਸ ਹੈ ਕਿ ਧਾਰਮਿਕ ਸਜਾ ਪੁੂਰੀ ਹੋਣ ਤੋਂ ਬਾਅਦ ਅਤੇ ਅਕਾਲੀ ਦਲ ਦੇ ਨਵੇਂ ਮੈਂਬਰਾਂ ਦੀ ਭਰਤੀ ਤੋਂ ਬਾਅਦ ਅਕਾਲੀ ਦਲ ਦੀ ਮੁੜ ਸੁਰਜੀਤੀ ਹੋ ਜਾਵੇਗੀ ਅਤੇ ਅਕਾਲੀ ਦਲ ਪਹਿਲਾਂ ਵਾਂਗ ਮਜਬੂਤ ਸਿਆਸੀ ਪਾਰਟੀ ਬਣ ਜਾਵੇਗਾ। ਹੁਣ ਅਕਾਲੀ ਦਲ ਵੱਲੋਂ ਪੂਰੇ ਜੋਰ ਸ਼ੋਰ ਨਾਲ ਪੰਜਾਬ ਵਿੱਚ ਹੋ ਰਹੀਆਂ ਨਗਰ ਨਿਗਮ ਅਤੇ ਕੌਂਸਲ ਚੋਣਾਂ ਵਿੱਚ ਹਿੱਸਾ ਲਿਆ ਜਾ ਰਿਹਾ ਹੈ, ਜਦੋਂਕਿ ਪਿਛਲੇ ਦਿਨੀਂ ਹੋਈਆਂ ਚਾਰ ਜ਼ਿਮਨੀ ਚੋਣਾਂ ਤੋਂ ਅਕਾਲੀ ਦਲ ਨੇ ਦੂਰੀ ਬਣਾ ਕੇ ਰਖੀ ਸੀ।
ਅਕਾਲੀ ਦਲ ਦੀ ਲੀਡਰਸ਼ਿਪ ਅਕਾਲ ਤਖ਼ਤ ਸਾਹਿਬ ਵਿਖੇ ਭੁੱਲਾਂ ਬਖਸ਼ਾਉਣ ਤੋਂ ਬਾਅਦ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਗਾਈ ਗਈ ਸੇਵਾ ਪੂਰੀ ਕਰਨ ਨਾਲ ਆਪਣੇ ਆਪ ਨੂੰ ਸੁਭਾਗੀ ਮਹਿਸੂਸ ਕਰ ਰਹੀ ਹੈ, ਕਿਉਂਕਿ ਉਹ ਸਮਝਦੀ ਹੈ ਕਿ ਹੁਣ ਤੱਕ ਅਤੀਤ ਵਿੱਚ ਕੀਤੀਆਂ ਗਲਤੀਆਂ ਨੂੰ ਲੈ ਕੇ ਅਕਾਲੀ ਦਲ ਤੇ ਲੱਗਿਆ ਦਾਗ ਮਿਟ ਜਾਵੇਗਾ।
ਦੱਸਿਆ ਜਾਂਦਾ ਹੈ ਕਿ ਅਕਾਲੀ ਲੀਡਰਸ਼ਿਪ ਹੁਣ ਸੇਵਾ ਪੂਰੀ ਕਰਨ ਉਪਰੰਤ ਪੂਰੀ ਸਰਗਰਮੀ ਨਾਲ ਮੈਦਾਨ ਵਿੱਚ ਉੱਤਰੇਗੀ। ਨਿਗਮ ਤੇ ਕੌਂਸਲ ਚੋਣਾਂ ਲੜਨ ਦਾ ਫ਼ੈਸਲਾ ਵੀ ਪਾਰਟੀ ਨੇ ਹੇਠਲੇ ਪੱਧਰ ਤੇ ਵਰਕਰਾਂ ਵਿੱਚ ਜੋਸ਼ ਪੈਦਾ ਕਰਨ ਲਈ ਲਿਆ ਹੈ। ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਦਾ ਗਠਨ ਕਰਦਿਆਂ ਕਿਹਾ ਸੀ ਕਿ ਮੌਜੂਦਾ ਲੀਡਰਸ਼ਿਪ ਦੇ ਗੁਨਾਹਾਂ ਕਾਰਨ ਇਹ ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਆਧਾਰ ਗੁਆ ਚੁੱਕੀ ਹੈ। ਇਸ ਕਮੇਟੀ ਵਿੱਚ ਉਨ੍ਹਾਂ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬੰਡੂਗਰ, ਇਕਬਾਲ ਸਿੰਘ ਝੂੰਦਾਂ, ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਆਲੀ, ਸੰਤਾ ਸਿੰਘ ਉਮੇਦਪੁਰੀ ਅਤੇ ਸਤਵੰਤ ਕੌਰ ਨੂੰ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਮੈਂਬਰਾਂ ਦੀ ਭਰਤੀ ਦਾ ਕੰਮ ਸੌਂਪਿਆ ਗਿਆ ਹੈ ਤਾਂ ਜੋ ਛੇ ਮਹੀਨਿਆਂ ਵਿੱਚ ਪਾਰਟੀ ਦਾ ਪੁਨਰਗਠਨ ਕੀਤਾ ਜਾ ਸਕੇ। ਇਸਦੇ ਨਾਲ ਹੀ ਅਕਾਲ ਤਖਤ ਵਲੋਂ ਵਰਕਿੰਗ ਕਮੇਟੀ ਨੂੰ ਆਦੇਸ਼ ਦਿੱਤੇ ਸਨ ਕਿ ਜਿਨ੍ਹਾਂ ਨੇ ਅਸਤੀਫ਼ੇ ਦਿੱਤੇ ਹਨ, ਉਨ੍ਹਾਂ ਨੂੰ ਪ੍ਰਵਾਨ ਕਰਕੇ ਤਿੰਨ ਦਿਨਾਂ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੂਚਨਾ ਭੇਜੀ ਜਾਵੇ। ਇਹ ਸਮਾਂ ਸੀਮਾ ਹੁਣ ਵਧਾ ਦਿੱਤੀ ਗਈ ਹੈ।
ਇਸ ਦੌਰਾਨ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਆਪਣੀ ਜਥੇਬੰਦੀ ਦਾ ਢਾਂਚਾ ਭੰਗ ਕਰਨ ਦਾ ਰਸਮੀ ਐਲਾਨ ਕੀਤਾ ਹੈ। ਜਥੇਬੰਦੀ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਹੈ ਕਿ ਸ਼੍ਰੋੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਅਧਿਕਾਰਤ ਤੌਰ ਤੇ ਭੰਗ ਕਰਕੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਸ ਸਬੰਧੀ ਦੱਸ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜਥੇਦਾਰ ਸਾਹਿਬਾਨ ਨੇ ਦੋਵਾਂ ਧੜਿਆਂ ਨੂੰ ਏਕਤਾ ਕਰਨ ਲਈ ਕਿਹਾ ਸੀ।
ਕੁਝ ਵਿਦਵਾਨ ਕਹਿ ਰਹੇ ਹਨ ਕਿ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਹੁਣ ਅਕਾਲੀ ਆਗੂ ਸਿਆਸੀ ਤੌਰ ਤੇ ਮਜਬੂਤ ਹੁੰਦੇ ਹਨ ਜਾਂ ਸਾਰੇ ਅਕਾਲੀ ਆਗੂ ਰਲ ਮਿਲ ਕੇ ਅਕਾਲੀ ਦਲ ਨੂੰ ਸਿਆਸੀ ਤੌਰ ਤੇ ਮਜਬੂਤ ਕਰਦੇ ਹਨ? ਕੁਝ ਵਿਦਵਾਨ ਕਹਿ ਰਹੇ ਹਨ ਕਿ ਅਕਾਲੀ ਦਲ ਦਾ ਪੰਜਾਬ ਵਿੱਚ ਮਜਬੂਤ ਹੋਣਾ ਬਹੁਤ ਜਰੂਰੀ ਹੈ ਕਿਉਂਕਿ ਅਕਾਲੀ ਦਲ ਖੇਤਰੀ ਪਾਰਟੀ ਹੈ ਅਤੇ ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਸਿਆਸੀ ਪਾਰਟੀ ਹੈ। ਇਹਨਾਂ ਵਿਦਵਾਨਾਂ ਅਨੁਸਾਰ ਅਕਾਲੀ ਦਲ ਲੰਬਾਂ ਸਮਾਂ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਰਿਹਾ ਹੈ। ਪੰਜਾਬ ਵਿੱਚ ਸਿੱਖ ਬਹੁਗਿਣਤੀ ਵਿੱਚ ਹਨ ਅਤੇ ਅਕਾਲੀ ਦਲ ਲੰਬਾ ਸਮਾਂ ਸਿੱਖਾਂ ਦੀ ਪਸੰਦੀਦਾ ਸਿਆਸੀ ਪਾਰਟੀ ਰਿਹਾ ਹੈ।
ਵਿਦਵਾਨਾਂ ਅਨੁਸਾਰ ਪੰਜਾਬ ਦੇ ਸਿੱਖ ਹੁਣ ਅਜਿਹੀ ਸਿਆਸੀ ਪਾਰਟੀ ਦੀ ਭਾਲ ਵਿੱਚ ਹਨ ਜੋ ਕਿ ਉਹਨਾਂ ਦੀਆਂ ਸਿਆਸੀ, ਆਰਥਿਕ ਅਤੇ ਧਾਰਮਿਕ ਮੰਗਾਂ ਦਾ ਨਿਪਟਾਰੇ ਲਈ ਉਪਰਾਲੇ ਕਰੇ। ਜੇ ਅਕਾਲੀ ਆਗੁ ਹੁਣ ਆਪਣੀ ਹਉਂਮੇਂ ਅਤੇ ਚੌਧਰ ਨੂੰ ਛੱਡ ਕੇ ਰਲ ਮਿਲ ਕੇ ਅਕਾਲੀ ਦਲ ਦੀ ਮਜਬੂਤੀ ਵੱਲ ਧਿਆਨ ਦੇਣ ਤਾਂ ਅਕਾਲੀ ਦਲ ਮੁੜ ਸਿੱਖਾਂ ਦੀ ਨੁਮਾਇੰਦਾ ਸਿਆਸੀ ਮਾਤ ਬਣ ਸਕਦਾ ਹੈ।
Editorial
ਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਦੇ ਸਾਮਾਨ ਤੇ ਪਾਬੰਦੀ ਨੂੰ ਸਖਤੀ ਨਾਲ ਲਾਗੂ ਕਰੇ ਪ੍ਰਸ਼ਾਸ਼ਨ
ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪਲਾਸਟਿਕ ਇੱਕ ਅਜਿਹਾ ਤੱਤ ਹੈ ਜਿਹੜਾ ਸਾਡੇ ਵਾਤਾਵਰਨ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰਦਾ ਹੈ। ਇਹ ਸਾਡੇ ਵਾਤਾਵਰਨ ਵਿੱਚ ਕਈ ਦਹਾਕਿਆਂ ਤਕ ਬਣਿਆ ਰਹਿੰਦਾ ਹੈ ਅਤੇ ਇਸਦਾ ਜਹਿਰੀਲਾ ਅਸਰ ਧਰਤੀ ਦੇ ਜੀਵਨ ਤੇ ਬਹੁਤ ਬੁਰਾ ਪ੍ਰਭਾਵ ਪਾਉਂਦਾ ਹੈ। ਇਸਨੂੰ ਨਾ ਤਾਂ ਜੰਗ ਲੱਗਦੀ ਹੈ ਅਤੇ ਨਾ ਹੀ ਇਹ ਮਿੱਟੀ ਵਿੱਚ ਗਲਦਾ ਹੈ। ਜੇਕਰ ਇਸਨੂੰ ਪਾਣੀ ਵਿੱਚ ਸੁੱਟ ਦਿੱਤਾ ਜਾਵੇ ਤਾਂ ਇਸਦੇ ਬਾਰੀਕ ਕਣ ਪਾਣੀ ਵਿੱਚ ਘੁਲ ਜਾਂਦੇ ਹਨ ਜਿਸ ਨਾਲ ਪਾਣੀ ਜਹਿਰੀਲਾ ਹੋ ਜਾਂਦਾ ਹੈ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਜੇਕਰ ਇਸਨੂੰ ਅੱਗ ਲਗਾਈ ਜਾਵੇ ਤਾਂ ਵੀ ਇਸ ਨਾਲ ਜਿਹੜਾ ਜਹਿਰੀਲਾ ਧੂਆਂ ਨਿਗਲਦਾ ਹੈ ਉਹ ਬਹੁਤ ਜਿਆਦਾ ਘਾਤਕ ਹੁੰਦਾ ਹੈ।
ਹਾਲਾਤ ਇਹ ਹਨ ਕਿ ਪਲਾਸਟਿਕ ਦਾ ਕਚਰਾ ਦੁਨੀਆ ਭਰ ਵਿੱਚ ਵੱਡਾ ਮੁੱਦਾ ਬਣਿਆ ਹੋਇਆ ਹੈ। ਨਦੀਆਂ, ਨਾਲੇ ਅਤੇ ਸਮੁੰਦਰ ਇਸ ਨਾਲ ਭਰੇ ਪਏ ਹਨ ਅਤੇ ਪਲਾਸਟਿਕ ਦੀ ਲਗਾਤਾਰ ਵੱਧਦੀ ਵਰਤੋਂ ਕਾਰਨ ਧਰਤੀ ਤੇ ਰੋਜਾਨਾ ਟਨਾਂ ਦੇ ਹਿਸਾਬ ਨਾਲ ਪਲਾਸਟਿਕ ਦਾ ਕਚਰਾ ਪੈਦਾ ਹੁੰਦਾ ਹੈ ਜਿਹੜਾ ਸਾਡੇ ਵਾਤਾਵਰਨ ਨੂੰ ਬਹੁਤ ਜਿਆਦਾ ਨੁਕਸਾਨ ਪਹੁੰਚਾਉਂਦਾ ਹੈ ਅਤੇ ਇਸਤੋਂ ਬਚਣ ਦਾ ਇਕਲੌਤਾ ਤਰੀਕਾ ਇਹੀ ਹੈ ਕਿ ਪਲਾਸਟਿਕ ਦੀ ਵਰਤੋਂ ਤੇ ਪਾਬੰਦੀ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ।
ਇਸ ਸੰਬੰਧੀ ਭਾਵੇਂ ਕੇਂਦਰ ਸਰਕਾਰ ਵਲੋਂ ਕਾਫੀ ਸਮਾਂ ਪਹਿਲਾਂ ਤੋਂ ਹੀ ਦੇਸ਼ ਭਰ ਵਿੱਚ ਸਿਰਫ ਇੱਕ ਵਾਰ ਵਰਤੋਂਯੋਗ (ਸਿੰਗਲ ਯੂਜ) ਪਲਾਸਟਿਕ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਸਥਾਨਕ ਪ੍ਰਸ਼ਾਸ਼ਨ ਵਲੋਂ ਵੀ ਪਲਾਸਟਿਕ ਦੀ ਵਰਤੋਂ ਤੇ ਪਾਬੰਦੀ ਨੂੰ ਮੁਕੰਮਲ ਤਰੀਕੇ ਨਾਲ ਲਾਗੂ ਕਰਨ ਦੀ ਗੱਲ ਵੀ ਕੀਤੀ ਜਾਂਦੀ ਹੈ, ਪਰੰਤੂ ਜਮੀਨੀ ਪੱਧਰ ਤੇ ਹਾਲਾਤ ਵਿੱਚ ਕੋਈ ਫਰਕ ਨਹੀਂ ਪਿਆ ਹੈ ਅਤੇ ਪਲਾਸਟਿਕ ਨਾਲ ਬਣੀਆਂ ਇਹਨਾਂ ਵਸਤੂਆਂ (ਲਿਫਾਫੇ, ਕਟਲਰੀ, ਪੈਕਿੰਗ ਵਾਲੀਆਂ ਡੱਬੀਆਂ ਅਤੇ ਅਜਿਹੇ ਹੋਰ ਸਾਮਾਨ) ਦੀ ਵਰਤੋਂ ਹੁਣ ਵੀ ਪਹਿਲਾਂ ਵਾਂਗ ਹੀ ਹੋ ਰਹੀ ਹੈ। ਇਸੇ ਤਰ੍ਹਾਂ ਦੁਕਾਨਦਾਰਾਂ ਵਲੋਂ ਪਲਾਸਟਿਕ ਦੇ ਲਿਫਾਫਿਆਂ (ਜਿਹਨਾਂ ਦੀ ਸਭਤੋਂ ਜਿਆਦਾ ਵਰਤੋਂ ਹੁੰਦੀ ਹੈ) ਦੀ ਵਰਤੋਂ ਹੁਣੇ ਵੀ ਪਹਿਲਾਂ ਵਾਂਗ ਹੀ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਦੌਰਾਨ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਸ਼ਹਿਰ ਦੇ ਵੱਖ ਵੱਖ ਫੇਜ਼ਾਂ ਦੀਆਂ ਮਾਰਕੀਟਾਂ ਵਿਚਲੀਆਂ ਦੁਕਾਨਾਂ ਤੇ ਜਾ ਕੇ ਦੁਕਾਨਦਾਰਾਂ ਨੂੰ ਇਸ ਸੰਬੰਧੀ ਜਾਗਰੂਕ ਜਰੂਰ ਕੀਤਾ ਜਾਂਦਾ ਹੈ ਅਤੇ ਇਸ ਦੌਰਾਨ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਦੇ ਚਾਲਾਨ ਵੀ ਕੱਟੇ ਜਾਂਦੇ ਹਨ ਪਰੰਤੂ ਪ੍ਰਸ਼ਾਸ਼ਨ ਦੀ ਇਹ ਕਾਰਵਾਈ ਨਾਕਾਫੀ ਹੈ ਅਤੇ ਇਸਦਾ ਕੋਈ ਖਾਸ ਅਸਰ ਨਜਰ ਨਹੀਂ ਆਉਂਦਾ।
ਸਥਾਨਕ ਪ੍ਰਸ਼ਾਸ਼ਨ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਪਲਾਸਟਿਕ ਦੀ ਵਰਤੋਂ ਤੇ ਪਾਬੰਦੀ ਲਗਾਏ ਜਾਣ ਸੰਬੰਧੀ ਸਿਰਫ ਫੋਕੇ ਐਲਾਨਾਂ ਨਾਲ ਕੁੱਝ ਹੋਣ ਵਾਲਾ ਨਹੀਂ ਹੈ ਬਲਕਿ ਇਸਨੂੰ ਸਖਤੀ ਨਾਲ ਲਾਗੂ ਕੀਤਾ ਜਾਣਾ ਜਰੂਰੀ ਹੈ। ਇਸ ਸੰਬੰਧੀ ਪ੍ਰਸ਼ਾਸ਼ਨ ਵਲੋਂ ਹੁਣ ਤਕ ਜਿਹੜੀ (ਅੱਧੀ ਅਧੂਰੀ) ਕਾਰਵਾਈ ਕੀਤੀ ਗਈ ਹੈ ਉਸ ਨਾਲ ਪਲਾਸਟਿਕ ਦੀ ਵਰਤੋਂ ਤੇ ਰੋਕ ਲੱਗਣ ਦੀ ਦੂਰ ਦੂਰ ਤਕ ਕੋਈ ਸੰਭਾਵਨਾ ਨਜਰ ਨਹੀਂ ਆ ਰਹੀ ਹੈ ਅਤੇ ਇਸ ਗੰਭੀਰ ਸਮੱਸਿਆ ਦੇ ਹਲ ਲਈ ਜਿੱਥੇ ਪ੍ਰਸ਼ਾਸ਼ਨ ਵਲੋਂ ਵਿਸ਼ੇਸ਼ ਟੀਮਾਂ ਬਣਾ ਕੇ ਲਗਾਤਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ।
ਇਸਦੇ ਨਾਲ ਨਾਲ ਇਹ ਵੀ ਜਰੂਰੀ ਹੈ ਕਿ ਆਮ ਲੋਕ ਵੀ ਆਪਣੀ ਜਿੰਮੇਵਾਰੀ ਸਮਝਣ ਅਤੇ ਪਲਾਸਟਿਕ ਦੀਆਂ ਵਸਤਾਂ ਤੇ ਆਪਣੀ ਨਿਰਭਰਤਾ ਨੂੰ ਘੱਟ ਕਰਨ। ਜਿਆਦਾਤਰ ਦੁਕਾਨਦਾਰਾਂ ਨੂੰ ਇਸ ਕਰਕੇ ਵੀ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨੀ ਪੈਂਦੀ ਹੈ ਕਿਉਂਕਿ ਉਹਨਾਂ ਕੋਲ ਆਉਣ ਵਾਲੇ ਗ੍ਰਾਹਕ ਇਹਨਾਂ ਦੀ ਮੰਗ ਕਰਦੇ ਹਨ ਅਤੇ ਇੱਕ ਦੂਜੇ ਦੀ ਦੇਖਾਦੇਖੀ ਇਹ ਅਮਲ ਵੱਧਦਾ ਜਾਂਦਾ ਹੈ। ਇਸਦੇ ਹਲ ਲਈ ਜਰੂਰੀ ਹੈ ਕਿ ਆਮ ਲੋਕ ਛੋਟਾ ਮੋਟਾ ਸਾਮਾਨ ਖਰੀਦਣ ਲਈ ਬਾਜਾਰ ਜਾਣ ਵੇਲੇ ਆਪਣੇ ਨਾਲ ਝੋਲਾ ਜਰੂਰ ਰੱਖਣ ਤਾਂ ਜੋ ਲੋੜ ਪੈਣ ਤੇ ਸਾਮਾਨ ਉਸ ਵਿੱਚ ਪਾਇਆ ਜਾ ਸਕੇ। ਜੇਕਰ ਅਸੀਂ ਧਰਤੀ ਦੇ ਵਾਤਾਵਰਨ ਨੂੰ ਬਚਾਉਣਾ ਹੈ ਤਾਂ ਸਾਨੂੰ ਪਲਾਸਟਿਕ ਦੀ ਵਰਤੋਂ ਤੇ ਰੋਕ ਤਾਂ ਲਗਾਉਣੀ ਹੀ ਪੈਣੀ ਹੈ ਇਸ ਲਈ ਸਾਨੂੰ ਪਲਾਸਟਿਕ ਦੇ ਸਮਾਨ ਦੀ ਆਦਤ ਦਾ ਤਿਆਗ ਕਰਕੇ ਦੂਜੇ ਬਦਲ ਅਪਣਾਉਣੇ ਚਾਹੀਦੇ ਹਨ ਤਾਂ ਜੋ ਧਰਤੀ ਦੇ ਵਾਤਾਵਰਨ ਵਿੱਚ ਲਗਾਤਾਰ ਵੱਧਦੇ ਪਲਾਸਟਿਕ ਦੇ ਜਹਿਰੀਲ ਕਚਰੇ ਦੀ ਸਮੱਸਿਆ ਨੂੰ ਕਾਬੂ ਕੀਤਾ ਜਾ ਸਕੇ।
Editorial
ਦੇਸ਼ ਨਿਕਾਲਾ ਵੀ ਰੋਕ ਨਹੀਂ ਸਕਿਆ ਪੰਜਾਬੀਆਂ ਦੇ ਪਰਵਾਸ ਨੂੰ
ਵਿਦਿਆਰਥੀਆਂ ਅਤੇ ਪੜੇ ਲਿਖੇ ਲੋਕਾਂ ਦੇ ਨਾਲ ਘੱਟ ਪੜੇ ਜਾਂ ਅਨਪੜ ਲੋਕਾਂ ਵਿੱਚ ਵੀ ਵੱਧ ਰਿਹਾ ਹੈ ਵਿਦੇਸ਼ ਜਾਣ ਦਾ ਰੁਝਾਨ
ਅਮਰੀਕਾ ਵਿੱਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਵਿੱਚ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀਆਂ ਨੂੰ ਤਿੰਨ ਫੌਜੀ ਜਹਾਜਾਂ ਵਿੱਚ ਅੰਮ੍ਰਿਤਸਰ ਅਤੇ ਬਾਅਦ ਵਿੱਚ ਇੱਕ ਆਮ ਜਹਾਜ ਵਿੱਚ ਦਿੱਲੀ ਭੇਜਿਆ ਜਾ ਚੁਕਿਆ ਹੈ, ਜਿਹਨਾਂ ਵਿੱਚ ਅਨੇਕਾਂ ਪੰਜਾਬੀ ਵੀ ਸ਼ਾਮਲ ਹਨ। ਟਰੰਪ ਦਾ ਸਪਸ਼ਟ ਕਹਿਣਾ ਹੈ ਕਿ ਅਮਰੀਕਾ ਵਿੱਚ ਗੈਰ ਕਾਨੂੰਨੀ ਪਰਵਾਸੀਆਂ ਦੇ ਰਹਿਣ ਲਈ ਕੋਈ ਥਾਂ ਨਹੀਂ ਹੈ।
ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਵੱਲੋਂ ਦੂਜੇ ਦੇਸ਼ਾਂ ਦੇ ਵਿਦਿਆਰਥੀਆਂ ਅਤੇ ਲੋਕਾਂ ਲਈ ਸਖ਼ਤ ਕਾਨੂੰਨ ਬਣਾ ਦਿਤੇ ਗਏ ਹਨ ਪਰ ਇਹ ਸਖਤ ਕਾਨੂੰਨ ਵੀ ਪੰਜਾਬੀਆਂ ਦੇ ਪਰਵਾਸ ਨੂੰ ਰੋਕਣ ਵਿੱਚ ਅਸਫਲ ਹੋ ਰਹੇ ਹਨ। ਹਾਂ, ਇੰਨਾ ਕੁ ਜਰੂਰ ਹੋਇਆ ਹੈ ਕਿ ਇਹਨਾਂ ਦੇਸ਼ਾਂ ਦੀ ਸਖਤੀ ਕਾਰਨ ਗੈਰ ਕਾਨੂੰਨੀ ਪਰਵਾਸ ਕਰਨ ਵਾਲਿਆਂ ਦੀ ਗਿਣਤੀ ਜਰੂਰ ਕੁੱਝ ਘੱਟ ਗਈ ਹੈ ਤੇ ਲੋਕ ਹੁਣ ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਜਾਣ ਨੂੰ ਤਰਜੀਹ ਦੇ ਰਹੇ ਹਨ।
ਜਦੋਂ ਅਮਰੀਕਾ ਵੱਲੋਂ ਗੈਰ ਕਾਨੂੰਨੀ ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ ਤਾਂ ਸਮਝਿਆ ਜਾ ਰਿਹਾ ਸੀ ਕਿ ਇਸ ਨਾਲ ਹੁਣ ਪੰਜਾਬ ਤੋਂ ਹੁੰਦੇ ਪਰਵਾਸ ਨੂੰ ਠੱਲ ਪੈ ਜਾਵੇਗੀ ਪਰ ਪੰਜਾਬੀਆਂ ਵਿੱਚ ਪਰਵਾਸ ਕਰਨ ਦਾ ਰੁਝਾਨ ਮੱਠਾ ਨਹੀਂ ਪਿਆ ਬਲਕਿ ਪੰਜਾਬੀਆਂ ਵਿੱਚ ਵਿਦੇਸ਼ਾਂ ਵਿੱਚ ਜਾਣ ਦਾ ਮੋਹ ਪਹਿਲਾਂ ਵਾਂਗ ਜਾਰੀ ਹੈ। ਹਾਲਾਤ ਇਹ ਹਨ ਕਿ ਜਿਹੜੇ ਲੋਕ ਡਿਪੋਰਟ ਕੀਤੇ ਗਏ ਹਨ, ਉਹਨਾਂ ਵਿਚੋਂ ਵੀ ਕਈ ਵਿਅਕਤੀ ਮੁੜ ਵਿਦੇਸ ਜਾਣਾ ਚਾਹੁੰਦੇ ਹਨ ਭਾਵੇਂ ਕਿ ਇਹਨਾਂ ਵਿਚੋਂ ਵੱਡੀ ਗਿਣਤੀ ਹੁਣ ਪੰਜਾਬ ਵਿੱਚ ਹੀ ਕੋਈ ਕੰਮ ਧੰਦਾ ਕਰਨਾ ਚਾਹੁੰਦੇ ਹਨ।
ਜਿਹੜੇ ਲੋਕ ਅਮਰੀਕਾ ਤੋਂ ਦੇਸ਼ ਨਿਕਾਲਾ ਦੇ ਕੇ ਵਾਪਸ ਭੇਜੇ ਗਏ ਹਨ, ਉਹਨਾਂ ਵਿੱਚ ਕੁਝ ਕੁ ਅਜਿਹੇ ਵੀ ਹਨ, ਜੋ ਕਿ ਮੁੜ ਵਿਦੇਸ਼ ਜਾਣਾ ਚਾਹੁੰਦੇ ਹਨ। ਇਸ ਲਈ ਉਹਨਾਂ ਨੂੰ ਭਾਵੇਂ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਅਜਿਹੇ ਲੋਕਾਂ ਵਿੱਚ ਹੀ ਸ਼ਾਮਲ ਇੱਕ ਲੜਕੀ ਦੀ ਚਰਚਾ ਮੀਡੀਆ ਵਿੱਚ ਹੋ ਰਹੀ ਹੈ, ਜੋ ਕਿ ਪਹਿਲਾਂ ਇੰਗਲੈਂਡ ਗਈ ਸੀ, ਉਥੋਂ ਉਹ ਗ਼ੈਰ ਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਪਹੁੰਚ ਗਈ ਪਰ ਅਮਰੀਕਾ ਵੱਲੋਂ ਉਸ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ। ਇਹ ਲੜਕੀ ਹੁਣ ਖੁਦ ਆਪਣੇ ਮੂੰਹੋਂ ਮੁੜ ਇੰਗਲੈਂਡ ਜਾਣ ਦਾ ਯਤਨ ਕਰਨ ਦੀ ਗੱਲ ਕਹਿ ਰਹੀ ਹੈ।
ਗ਼ੈਰ ਕਾਨੂੰਨੀ ਪਰਵਾਸ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਪਰ ਕੀ ਕਿਸੇ ਨੇ ਕਦੇ ਇਹ ਸੋਚਿਆ ਹੈ ਕਿ ਜਿਹੜੇ ਕਰੀਬ 30 ਲੱਖ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਸਖ਼ਤ ਮਿਹਨਤ ਕਰ ਕੇ ਭਾਰਤ ਦੇ ਵਿਦੇਸ਼ੀ ਕਰੰਸੀ ਦੇ ਭੰਡਾਰ ਭਰ ਰਹੇ ਹਨ, ਜੇ ਉਹ ਵਿਦੇਸ਼ ਨਾ ਜਾਂਦੇ ਅਤੇ ਪੰਜਾਬ ਵਿੱਚ ਹੀ ਰਹਿ ਕੇ ਨੌਕਰੀਆਂ ਚਾਹੁਣ ਵਾਲਿਆਂ ਦੀ ਕਤਾਰ ਵਿੱਚ ਖੜੇ ਹੁੰਦੇ ਤਾਂ ਸਥਿਤੀ ਕਿਸ ਤਰ੍ਹਾਂ ਦੀ ਬਣਦੀ? ਕੀ ਕਦੇ ਕਿਸੇ ਸਰਕਾਰ ਜਾਂ ਬੁੱਧੀਜੀਵੀ ਨੇ ਇਸ ਬਾਰੇ ਸੋਚਿਆ ਹੈ? ਜੇ ਇਹ ਸਵਾਲ ਕੀਤਾ ਜਾਵੇ ਤਾਂ ਜਵਾਬ ਨਾਂਹ ਵਿੱਚ ਹੀ ਹੋਵੇਗਾ।
ਜਿਹੜੇ ਪੰਜਾਬੀ ਵਿਦੇਸ਼ ਗਏ ਹੋਏ ਹਨ, ਉਹ ਬਹੁਤ ਸਾਰਾ ਪੈਸਾ ਹਰ ਸਾਲ ਪੰਜਾਬ ਵਿੱਚ ਆਪਣੇ ਪਰਿਵਾਰਾਂ ਨੂੰ ਭੇਜਦੇ ਹਨ, ਜਿਸ ਕਾਰਨ ਪੰਜਾਬ ਦੀ ਆਰਥਿਕਤਾ ਮਜਬੂਤ ਹੁੰਦੀ ਹੈ। ਦੂਜੇ ਪਾਸੇ ਇਹ ਵੀ ਅਸਲੀਅਤ ਹੈ ਕਿ ਜੇ ਵਿਦੇਸ਼ਾਂ ਤੋਂ ਪੰਜਾਬੀ ਪੰਜਾਬ ਵਿੱਚ ਪੈਸਾ ਭੇਜਦੇ ਹਨ ਤਾਂ ਪੰਜਾਬ ਵਿੱਚ ਰਹਿ ਰਹੇ ਦੂਜੇ ਰਾਜਾਂ ਦੇ ਲੋਕ (ਖਾਸ ਕਰਕੇ ਪਰਵਾਸੀ ਮਜਦੂਰ) ਪੰਜਾਬ ਤੋਂ ਪੈਸਾ ਕਮਾ ਕੇ ਆਪਣੇ ਮੁੂਲ ਰਾਜਾਂ ਨੂੰ ਭੇਜਦੇ ਹਨ, ਜਿਸ ਕਾਰਨ ਉਹਨਾਂ ਰਾਜਾਂ ਦੀ ਆਰਥਿਕਤਾ ਪੰਜਾਬ ਤੋਂ ਭੇਜੇ ਪੈਸੇ ਨਾਲ ਹੀ ਮਜਬੂਤ ਹੋ ਜਾਂਦੀ ਹੈ। ਇਹ ਸਿਲਸਿਲਾ ਬਹੁਤ ਸਾਲਾਂ ਤੋਂ ਚਲਦਾ ਆ ਰਿਹਾ ਹੈ। ਕਿਹਾ ਜਾਂਦਾ ਹੈ ਕਿ ਜਿੰਨੇ ਕੁ ਪੰਜਾਬੀ ਵਿਦੇਸ਼ ਰਹਿੰਦੇ ਹਨ, ਉਨੇ ਕੁ ਹੀ ਪਰਵਾਸੀ ਮਜਦੂਰ ਪੰਜਾਬ ਵਿੱਚ ਆ ਕੇ ਰਹਿਣ ਲੱਗ ਪਏ ਹਨ। ਇਹ ਸਭ ਕੁਝ ਦੇਖਦਿਆਂ ਅਤੇ ਸਮਝਦਿਆਂ ਵੀ ਪੰਜਾਬੀਆਂ ਵਿੱਚ ਪੰਜਾਬ ਛੱਡ ਕੇ ਵਿਦੇਸ਼ ਜਾਣ ਦਾ ਮੋਹ ਘੱਟ ਨਹੀਂ ਹੋ ਰਿਹਾ।
ਅੱਜ ਕੱਲ ਪੰਜਾਬ ਵਿੱਚ ਬਰਸਾਤ ਦੇ ਦਿਨ ਹਨ ਅਤੇ ਬਰਸਾਤ ਦੇ ਮੌਸਮ ਵਿੱਚ ਵੀ ਅਨੇਕਾਂ ਪੰਜਾਬੀਆਂ ਨੂੰ ਟ੍ਰੇਵਲ ਏਜੰਟਾਂ ਦੇ ਦਫਤਰਾਂ, ਪਾਸਪੋਰਟ ਦਫਤਰ ਅਤੇ ਤੇ ਵੀਜ਼ਾ ਸਲਾਹਕਾਰਾਂ ਦੇ ਦਫਤਰਾਂ ਵਿੱਚ ਗੇੜੇ ਮਾਰਦਿਆਂ ਵੇਖਿਆ ਜਾ ਰਿਹਾ ਹੈ। ਇਥੋਂ ਤਕ ਕਿ ਅਨਪੜ੍ਹ, ਘੱਟ ਪੜੇ ਲਿਖੇ ਅਤੇ ਪੰਜਾਬ ਦੇ ਪਿਛੜੇ ਇਲਾਕਿਆਂ ਦੇ ਲੋਕ ਵੀ ਵਿਦੇਸ਼ ਜਾਣ ਲਈ ਵੱਡੇ ਸ਼ਹਿਰਾਂ ਵਿੱਚ ਆ ਕੇ ਸ਼ੀਸੇ ਲੱਗੀਆਂ ਦੁਕਾਨਾਂ ਜਾਂ ਸ਼ੋਅਰੂਮਾਂ ਵਿੱਚ ਜਾ ਕੇ ਵਿਦੇਸ਼ ਜਾਣ ਬਾਰੇ ਜਾਂ ਟ੍ਰੈਵਲ ਏਜੰਟਾਂ ਬਾਰੇ ਪੁੱਛਣ ਲੱਗ ਪੈਂਦੇ ਹਨ। ਅਸਲ ਵਿੱਚ ਜਾਣਕਾਰੀ ਦੀ ਘਾਟ, ਅਨਪੜ ਹੋਣ ਅਤੇ ਘੱਟ ਪੜੇ ਲਿਖੇ ਹੋਣ ਕਰਕੇ ਇਹ ਲੋਕ ਸ਼ੀਸੇ ਲੱਗੇ ਸ਼ੋਅਰੂਮਾਂ ਨੂੰ ਟ੍ਰੈਵਲ ਏਜੰਟਾਂ ਦੇ ਦਫਤਰ ਹੀ ਸਮਝ ਲੈਂਦੇ ਹਨ। ਜਿਸ ਤੋਂ ਪਤਾ ਚਲਦਾ ਹੈ ਕਿ ਪੜੇ ਲਿਖੇ ਲੋਕਾਂ ਅਤੇ ਵਿਦਿਆਰਥੀਆਂ ਦੇ ਨਾਲ ਨਾਲ ਅਨਪੜ ਲੋਕਾਂ ਵਿੱਚ ਵੀ ਵਿਦੇਸ਼ ਜਾਣ ਦਾ ਰੁਝਾਨ ਵੱਧ ਰਿਹਾ ਹੈ। ਇਥੋਂ ਤਕ ਕਿ ਕਈ ਛੜੇ ਲੋਕ ਵੀ ਇਸ ਲਾਲਚ ਵਿੱਚ ਵਿਦੇਸ਼ ਜਾਣਾ ਚਾਹੁੰਦੇ ਹਨ ਕਿ ਸ਼ਾਇਦ ਵਿਦੇਸ਼ ਜਾ ਕੇ ਹੀ ਉਹਨਾਂ ਦਾ ਵਿਆਹ ਹੋ ਜਾਵੇ ਭਾਵੇਂ ਇਸ ਲਈ ਉਹਨਾਂ ਨੂੰ ਆਪਣਾ ਘਰ ਅਤੇ ਜਮੀਨ ਹੀ ਕਿਉਂ ਨਾ ਵੇਚਣੀ ਪਵੇ।
ਪੰਜਾਬੀਆਂ ਦੇ ਵਿਦੇਸ਼ ਜਾਣ ਦੇ ਕਾਰਨ ਭਾਵੇਂ ਕੋਈ ਵੀ ਹੋਣ ਪਰ ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਅਮਰੀਕਾ ਵੱਲੋਂ ਗੈਰ ਕਾਨੂੰਨੀ ਭਾਰਤੀਆਂ ਨੂੰ ਦਿਤਾ ਗਿਆ ਦੇਸ਼ ਨਿਕਾਲਾ ਅਤੇ ਵਿਦੇਸ਼ਾਂ ਦੇ ਸਖਤ ਕਾਨੂੰਨ ਵੀ ਪੰਜਾਬੀਆਂ ਦੇ ਪਰਵਾਸ ਨੂੰ ਰੋਕਣ ਵਿੱਚ ਅਜੇ ਤਕ ਅਸਫਲ ਰਹੇ ਹਨ, ਜਿਸ ਕਾਰਨ ਪੰਜਾਬ ਤੋਂ ਵਿਦੇਸ਼ ਨੂੰ ਹੋ ਰਿਹਾ ਪਰਵਾਸ ਪਹਿਲਾਂ ਵਾਂਗ ਜਾਰੀ ਹੈ।
ਬਿਊਰੋ
Editorial
ਆਧੁਨਿਕ ਯੁੱਗ ਦੀਆਂ ਵਿਦਿਅਕ ਸੰਸਥਾਵਾਂ ਵਿੱਚ ਜਾਦੂ ਟੂਣੇ ਦੀ ਕਾਰਵਾਈ ਚਿੰਤਾ ਦਾ ਵਿਸ਼ਾ

ਪਿਛਲੇ ਦਿਨੀਂ ਪਟਿਆਲਾ ਦੀ ਪ੍ਰਸਿੱਧ ਪੰਜਾਬੀ ਯੂਨੀਵਰਸਿਟੀ ਵਿੱਚ ਸਥਿਤ ਕੁੜੀਆਂ ਦੇ ਹੋਸਟਲ ਵਿੱਚ ਟੂਣੇ ਟੋਟਕੇ ਦੀ ਗੱਲ ਸਾਮ੍ਹਣੇ ਆਉਣ ਤੋਂ ਬਾਅਦ ਜਿਥੇ ਵਿਦਿਆਰਥਣਾਂ ਵਿੱਚ ਇੱਕ ਵਾਰ ਸਹਿਮ ਫੈਲ ਗਿਆ, ਉਥੇ ਇਸ ਘਟਨਾ ਨੇ ਆਧੁਨਿਕ ਕਹੇ ਜਾਂਦੇ ਇਸ ਵਿਦਿਅਕ ਯੁੱਗ ਵਿੱਚ ਲੋਕਾਂ ਦੀ ਅੰਧ ਵਿਸਵਾਸੀ ਸੋਚ ਦਾ ਪ੍ਰਗਟਾਵਾ ਵੀ ਕਰ ਦਿਤਾ ਹੈ।
ਹੋਸਟਲ ਦੀਆਂ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਇਸ ਹੋਸਟਲ ਵਿੱਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਭਾਵੇਂ ਕਿ ਹੋਸਟਲ ਦੀ ਵਾਰਡਨ ਦਾ ਕਹਿਣਾ ਹੈ ਕਿ ਇਹ ਕਿਸੇ ਲੜਕੀ ਜਾਂ ਲੜਕੀਆਂ ਵੱਲੋਂ ਕੀਤਾ ਗਿਆ ਮਜਾਕ ਵੀ ਹੋ ਸਕਦਾ ਹੈ। ਅਸਲੀਅਤ ਭਾਵੇਂ ਕੁਝ ਵੀ ਹੋਵੇ ਪਰ ਹੋਸਟਲ ਦੀਆਂ ਵਿਦਿਆਰਥਣਾਂ ਵਿੱਚ ਸਹਿਮ ਦਾ ਮਾਹੌਲ ਜਰੂਰ ਵੇਖਿਆ ਜਾ ਰਿਹਾ ਹੈ।
ਜਨਤਕ ਥਾਵਾਂ ਤੇ ਜਾਦੂ ਟੋਣੇ ਹੋਣੇ ਨਵੀਂ ਗੱਲ ਨਹੀਂ, ਅਕਸਰ ਹੀ ਅਸੀਂ ਚੌਂਕਾਂ ਅਤੇ ਹੋਰ ਥਾਂਵਾਂ ਤੇ ਜਾਦੂ ਟੂਣਾ ਹੋਇਆ ਵੇਖਦੇ ਹਾਂ ਪਰ ਵਿਦਿਅਕ ਸੰਸਥਾਵਾਂ ਵਿੱਚ, ਉਹ ਵੀ ਉਚੇਰੀ ਸਿਖਿਆ ਦੇ ਸੰਸਥਾਨ ਵਿੱਚਲੇ ਕੁੜੀਆਂ ਦੇ ਹੋਸਟਲ ਦੇ ਵਿੱਚ ਜਾਦੂ ਟੋਣਾ ਹੋਣਾ ਸਾਰਿਆਂ ਦਾ ਧਿਆਨ ਖਿੱਚਦਾ ਹੈ। ਹੈਰਾਨੀ ਦੀ ਗੱਲ ਹੈ ਕਿ ਕੁੜੀਆਂ ਦੇ ਹੋਸਟਲ ਵਿੱਚ ਮੁੰਡਿਆਂ ਦਾ ਦਾਖਲਾ ਸੰਭਵ ਨਹੀਂ, ਨਹੀਂ ਤਾਂ ਇਹ ਸਮਝਿਆ ਜਾਣਾ ਸੀ ਕਿ ਸ਼ਾਇਦ ਕਿਸੇ ਮੁੰਡੇ ਨੇ ਕਿਸੇ ਕੁੜੀ ਦੇ ਪਿਆਰ ਵਿੱਚ ਕਿਸੇ ਤਾਂਤਰਿਕ ਤੋਂ ਕੋਈ ਜਾਦੂ ਟੁਣਾ ਕਰਵਾ ਦਿਤਾ ਹੈ। ਕੁੜੀਆਂ ਦੇ ਹੋਸਟਲ ਵਿੱਚ ਤਾਂ ਸਿਰਫ ਕੁੜੀਆਂ ਹੀ ਹੁੰਦੀਆਂ ਹਨ, ਇਸ ਕਰਕੇ ਉਥੇ ਇਹ ਕੰਮ ਕਿਸੇ ਕੁੜੀ ਵਲੋਂ ਹੀ ਕੀਤਾ ਹੋਣ ਦੀ ਸੰਭਾਵਨਾ ਹੈ।
ਯੂਨੀਵਰਸਿਟੀਆਂ ਨੂੰ ਉਚੇਰੀ ਸਿਖਿਆ ਦਾ ਮੰਦਰ ਕਿਹਾ ਜਾਂਦਾ ਹੈ ਅਤੇ ਯੂਨੀਵਰਸਿਟੀ ਦੀ ਪੜਾਈ ਤੋਂ ਉਪਰ ਕੋਈ ਪੜਾਈ ਨਹੀਂ ਹੁੰਦੀ। ਯੂਨੀਵਰਸਿਟੀਆਂ ਵਿਚੋਂ ਪੜ ਕੇ ਹੀ ਲੋਕ ਵੱਡੇ ਵੱਡੇ ਅਹੁਦਿਆਂ ਤੇ ਪਹੁੰਚਦੇ ਹਨ ਅਤੇ ਯੂਨੀਵਰਸਿਟੀਆਂ ਗਿਆਨ ਦਾ ਕੇਂਦਰ ਕਿਹਾ ਜਾਂਦਾ ਹੈ। ਕਹਿਣ ਦਾ ਭਾਵ ਇਹ ਹੈ ਕਿ ਯੂਨੀਵਰਸਿਟੀਆਂ ਦੀ ਪੜਾਈ ਤਾਂ ਵਿਦਿਆਰਥਣਾਂ ਨੂੰ ਅੰਧ ਵਿਸਵਾਸ ਵਿਚੋਂ ਕੱਢਦੀ ਹੈ ਅਤੇ ਵਿਦਿਆਰਥੀਆਂ ਲਈ ਰੌਸ਼ਨੀ ਦੇ ਨਵੇਂ ਰਾਹ ਖੋਲਦੀ ਹੈ, ਪਰ ਅਜਿਹੀ ਵਿਦਿਅਕ ਸੰਸਥਾ ਵਿੱਚ ਹੀ ਜਾਦੂ ਟੋਣੇ ਹੋਣੇ ਅਤੇ ਇਹਨਾਂ ਜਾਦੂ ਟੂਣਿਆ ਕਾਰਨ ਵਿਦਿਆਰਥਣਾ ਵਿੱਚ ਸਹਿਮ ਦਾ ਪਸਾਰ ਹੋਣਾ ਚਿੰਤਾ ਦਾ ਵਿਸ਼ਾ ਹੈ।
ਇਹ ਗੱਲ ਵੀ ਅਕਸਰ ਆਖੀ ਜਾਂਦੀ ਹੈ ਕਿ ਜਿਥੇ ਸਿਖਿਆ ਮਨੁੱਖ ਨੂੰ ਅੰਧਕਾਰ ਅਤੇ ਅੰਧਵਿਸਵਾਸ ਵਿਚੋਂ ਬਾਹਰ ਕੱਢਦੀ ਹੈ, ਉਥੇ ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜਿਹਨਾਂ ਦੇ ਮਨਾਂ ਅੰਦਰ ਹਨੇਰਾ ਅਤੇ ਅੰਧ ਵਿਸਵਾਸ ਇੰਨੀ ਬੁਰੀ ਤਰ੍ਹਾਂ ਭਰੇ ਹੁੰਦੇ ਹਨ ਕਿ ਉਹ ਉਚੇਰੀ ਪੜਾਈ ਕਰਨ ਦੇ ਬਾਵਜੂਦ ਸਾਰੀ ਉਮਰ ਅੰਧ ਵਿਸਵਾਸ ਵਿਚ ਹੀ ਗੁਜਾਰ ਦਿੰਦੇ ਹਨ।
ਕੁੱਝ ਲੋਕਾਂ ਦੀ ਸੋਚ ਅਜਿਹੀ ਹੁੰਦੀ ਹੈ ਕਿ ਉਹ ਕਿਸੇ ਦੀ ਤਰੱਕੀ ਬਰਦਾਸ਼ਤ ਨਹੀਂ ਕਰ ਪਾਉਂਦੇ ਅਤੇ ਈਰਖਾ ਦੀ ਅੱਗ ਵਿੱਚ ਸੜਦੇ ਰਹਿੰਦੇ ਹਨ। ਇਸ ਸਾੜੇ ਕਾਰਨ ਦੂਜਿਆਂ ਦਾ ਨੁਕਸਾਨ ਕਰਨ ਲਈ ਇਹ ਲੋਕ ਜਾਦੂ ਟੂਣੇ ਅਤੇ ਤਾਂਤਰਿਕਾਂ ਦਾ ਸਹਾਰਾ ਲੈਂਦੇ ਹਨ। ਅਕਸਰ ਹੀ ਵੱਖ ਵੱਖ ਥਾਵਾਂ ਅਤੇ ਬੱਸਾਂ ਆਦਿ ਵਿੱਚ ਵੱਖ ਵੱਖ ਤਾਂਤਰਿਕਾਂ ਦੇ ਇਸ਼ਤਿਹਾਰ ਲੱਗੇ ਹੁੰਦੇ ਹਨ, ਜੋ ਕਿ ਆਪਣੇ ਆਪ ਨੂੰ ਕਾਲੇ ਜਾਦੂ ਅਤੇ ਹੋਰ ਕਈ ਇਲਮਾਂ ਦਾ ਮਾਹਿਰ ਦਸਦੇ ਹਨ ਅਤੇ ਇਹ ਵੀ ਦਾਅਵਾ ਕਰਦੇ ਹਨ ਕਿ ਉਹਨਾਂ ਦੇ ਕੀਤੇ ਕਰਾਏ ਦੀ ਕੋਈ ਕਾਟ ਨਹੀਂ ਹੈ। ਅਜਿਹੇ ਇਸ਼ਤਿਹਾਰ ਪੜ ਕੇ ਅਕਸਰ ਲੋਕ ਗੁੰਮਰਾਹ ਹੋ ਜਾਂਦੇ ਹਨ ਅਤੇ ਅਜਿਹੇ ਤਾਂਤਰਿਕਾਂ ਦੇ ਜਾਲ ਵਿੱਚ ਫਸ ਜਾਂਦੇ ਹਨ। ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਵਿੱਚ ਵੀ ਕੁਝ ਵਿਦਿਆਰਥੀ ਤੇ ਵਿਦਿਆਰਥਣਾਂ ਅਜਿਹੇ ਹੁੰਦੇ ਹਨ ਜੋ ਕਿ ਦੂਜੀਆਂ ਵਿਦਿਆਰਥਣਾਂ ਦੇ ਪੜਾਈ ਵਿਚ ਅੱਵਲ ਹੋਣ ਤੇ ਸਾੜਾ ਕਰਦੇ ਹਨ ਅਤੇ ਉਹਨਾਂ ਨੂੰ ਨੂਕਸਾਨ ਪਹੁੰਚਾਉਣ ਦੀ ਤਾਕ ਵਿੱਚ ਰਹਿੰਦੇ ਹਨ। ਇਸ ਲਈ ਝੂਠੀਆਂ ਸ਼ਿਕਾਇਤਾਂ ਵੀ ਲਗਾਈਆਂ ਜਾਂਦੀਆਂ ਹਨ ਅਤੇ ਇਸ ਤਰਾਂ ਦੇ ਜਾਦੂ ਟੋਣੇ ਵੀ ਕੀਤੇ ਜਾਂਦੇ ਹਨ।
ਉਚੇਰੀ ਸਿਖਿਆ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਅੰਧਵਿਸ਼ਵਾਸ਼ਾਂ ਅਤੇ ਜਾਦੂ ਟੂਣੇ ਦਾ ਸ਼ਿਕਾਰ ਹੋਣਾ ਚਿੰਤਾ ਦਾ ਵਿਸ਼ਾ ਹੈ। ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਸਮਝਣਾਚਾਹੀਦਾ ਹੈ ਕਿ ਇਸ ਤਰੀਕੇ ਦੇ ਜਾਦੂ ਟੂਣੇ ਦਾ ਕਿਸੇ ਤੇ ਮਨੋਵਿਗਿਆਨਕ ਅਸਰ ਭਾਵੇਂ ਹੋ ਜਾਵੇ ਪਰੰਤੂ ਹਕੀਕੀ ਤੌਰ ਤੇ ਇਸਦਾ ਕੋਈ ਅਸਰ ਨਹੀਂ ਹੁੰਦਾ ਇਸ ਲਈ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਮਿਹਨਤ ਅਤੇ ਸਖਤ ਪੜਾਈ ਕਰਕੇ ਅੱਗੇ ਵੱਧਣ ਅਤੇ ਇਕ ਦੂਜੇ ਨਾਲ ਸਾੜਾ ਨਾ ਕਰਨ।
ਬਿਊਰੋ
-
International2 months ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
Mohali2 months ago
ਦੁਖ ਦਾ ਪ੍ਰਗਟਾਵਾ
-
Mohali2 months ago
ਗਣਤੰਤਰਤ ਦਿਵਸ ਨੂੰ ਲੈ ਕੇ ਮੁਹਾਲੀ ਸ਼ਹਿਰ ਅਤੇ ਰੇਲਵੇ ਸਟੇਸ਼ਨ ਤੇ ਪੁਲੀਸ ਨੇ ਚਲਾਇਆ ਚੈਕਿੰਗ ਅਭਿਆਨ
-
International1 month ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International4 weeks ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
International1 month ago
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
-
National2 months ago
ਮੌਸਮ ਵਿਭਾਗ ਵੱਲੋਂ 17 ਰਾਜਾਂ ਵਿੱਚ ਧੁੰਦ ਦਾ ਅਲਰਟ ਜਾਰੀ