Editorial
ਲਗਾਤਾਰ ਵੱਧਦੇ ਨਾਜਾਇਜ਼ ਕਬਜ਼ਿਆਂ ਲਈ ਤੈਅ ਹੋਵੇ ਨਗਰ ਨਿਗਮ ਦੇ ਕਰਮਚਾਰੀਆਂ ਦੀ ਜਵਾਬਦੇਹੀ
ਸ਼ਹਿਰ ਵਿਚਲੀ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਬਹੁਤ ਪੁਰਾਣੀ ਹੈ ਅਤੇ ਪਿਛਲੇ ਸਮੇਂ ਦੌਰਾਨ ਇਸ ਵਿੱਚ ਬਹੁਤ ਜਿਆਦਾ ਵਾਧਾ ਹੋਇਆ ਹੈ। ਇਸ ਵੇਲੇ ਹਾਲਾਤ ਇਹ ਹਨ ਕਿ ਸ਼ਹਿਰ ਵਿੱਚ ਹਰ ਪਾਸੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ ਅਤੇ ਜਿਸ ਪਾਸੇ ਵੀ ਨਜਰ ਮਾਰੋ ਕੋਈ ਨਾ ਕੋਈ ਨਾਜਾਇਜ਼ ਕਬਜ਼ਾ ਨਜਰ ਆ ਹੀ ਜਾਂਦਾ ਹੈ। ਥਾਂ ਥਾਂ ਤੇ ਲੱਗਦੀਆਂ ਰੇਹੜੀਆਂ ਫੜੀਆਂ, ਮਾਰਕੀਟਾਂ ਦੀਆਂ ਪਾਰਕਿੰਗਾਂ ਅਤੇ ਬਰਾਮਦਿਆਂ ਵਿੱਚ ਖਾਣ ਪੀਣ ਦੇ ਸਾਮਾਨ ਤੋਂ ਲੈ ਕੇ ਹਰ ਤਰ੍ਹਾਂ ਦਾ ਛੋਟਾ ਵੱਡਾ ਸਾਮਾਨ ਵੇਚਣ ਲਈ ਲੱਗਦੇ ਸਟਾਲ, ਮੁੱਖ ਸੜਕਾਂ ਦੇ ਕਿਨਾਰੇ ਲੱਗਦੀਆਂ ਰੇਹੜੀਆਂ ਫੜੀਆਂ ਅਤੇ ਗਲੀਆਂ ਮੁਹੱਲਿਆਂ ਤੱਕ ਦੇ ਵਿੱਚ ਲੱਗਣ ਵਾਲੇ ਠੀਏ ਹਰ ਪਾਸੇ ਆਮ ਹਨ ਅਤੇ ਇਹ ਨਾਜਾਇਜ਼ ਕਬਜ਼ਾਕਾਰ ਹਰ ਥਾਂ ਤੇ ਆਪਣਾ ਤਾਮਝਾਮ ਖਿਲਾਰੀ ਨਜਰ ਆਉਂਦੇ ਹਨ ਜਿਹਨਾਂ ਨੂੰ ਵੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਪੂਰਾ ਸ਼ਹਿਰ ਹੀ ਇਹਨਾਂ ਨਾਜਾਇਜ਼ ਕਬਜ਼ਿਆਂ ਦੀ ਮਾਰ ਹੇਠ ਆ ਗਿਆ ਹੈ।
ਸ਼ਹਿਰ ਵਿੱਚ ਰੇਹੜੀਆਂ ਫੜੀਆਂ ਵਾਲਿਆਂ ਵਲੋਂ ਤਾਂ ਨਾਜਾਇਜ਼ ਕਬਜ਼ੇ ਕੀਤੇ ਹੀ ਜਾਂਦੇ ਹਨ, ਸ਼ਹਿਰ ਦੀਆਂ ਮਾਰਕੀਟਾਂ ਵਿਚਲੇ ਦੁਕਾਨਦਾਰਾਂ ਵਲੋਂ ਵੀ ਇਹਨਾਂ ਨਾਜਾਇਜ਼ ਕਬਜ਼ਿਆਂ ਵਿੱਚ ਭਰਪੂਰ ਯੋਗਦਾਨ ਦਿੱਤਾ ਜਾਂਦਾ ਹੈ ਅਤੇ ਇਹ ਦੁਕਾਨਦਾਰ ਮਾਰਕੀਟ ਦੇ ਵਰਾਂਡਿਆਂ ਵਿੱਚ ਆਪਣਾ ਤਾਮ ਝਾਮ ਖਿਲਾਰ ਕੇ ਰੱਖਦੇ ਹਨ। ਇਸਤੋਂ ਇਲਾਵਾ ਸ਼ੋਰੂਮਾਂ ਦੇ ਸਾਮ੍ਹਣੇ ਵਾਲੀ ਥਾਂ ਤੇ ਵੀ ਇਹ ਦੁਕਾਨਦਾਰ ਰੋਜਾਨਾ ਦੇ ਹਿਸਾਬ ਨਾਲ ਪੈਸੇ ਲੈ ਕੇ ਆਪੋ ਆਪਣੀਆਂ ਦੁਕਾਨਾਂ ਦੇ ਸਾਮ੍ਹਣੇ ਫੜੀਆਂ ਲਗਵਾਉਂਦੇ ਹਨ ਜਿਸ ਕਾਰਨ ਸ਼ੋਰੂਮਾਂ ਦੇ ਵਰਾਂਡੇ ਤਾਂ ਇੱਕ ਪਾਸੇ ਦੁਕਾਨਾਂ ਦੇ ਸਾਮ੍ਹਣੇ ਵਾਲੀ ਥਾਂ ਤੇ ਵੀ ਲੋਕਾਂ ਨੂੰ ਲੰਘਣ ਲਈ ਪੂਰੀ ਥਾਂ ਨਹੀਂ ਮਿਲਦੀ।
ਸ਼ਹਿਰ ਵਿੱਚ ਲਗਾਤਾਰ ਵੱਧਦੇ ਇਹਨਾਂ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਤੋਂ ਸਾਰੇ ਹੀ ਤੰਗ ਹਨ ਪਰੰਤੂ ਇਹਨਾਂ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਨਾ ਹੋਣ ਕਾਰਨ ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਹ ਰੇਹੜੀਆਂ ਫੜੀਆਂ ਵਾਲੇ ਭਾਵੇਂ ਹਰ ਸ਼ਹਿਰ, ਕਸਬੇ ਅਤੇ ਪਿੰਡ ਵਿੱਚ ਮੌਜੂਦ ਹੁੰਦੇ ਹਨ ਅਤੇ ਇਹਨਾਂ ਵਲੋਂ ਇਸੇ ਤਰੀਕੇ ਨਾਲ ਆਪਣਾ ਰੁਜਗਾਰ ਚਲਾਇਆ ਜਾਂਦਾ ਹੈ ਪਰੰਤੂ ਸਾਡੇ ਸ਼ਹਿਰ ਵਿੱਚ ਇਹਨਾਂ ਦੀ ਗਿਣਤੀ ਕੁੱਝ ਜਿਆਦਾ ਹੀ ਹੈ ਅਤੇ ਇਹਨਾਂ ਰੇਹੜੀਆਂ ਫੜੀਆਂ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ। ਲੋਕਾਂ ਨੂੰ ਨਾ ਤਾਂ ਮਾਰਕੀਟਾਂ ਦੇ ਵਰਾਂਡਿਆਂ ਵਿੱਚ ਤੁਰਨ ਦੀ ਥਾਂ ਮਿਲਦੀ ਹੈ ਅਤੇ ਨਾ ਹੀ ਪਾਰਕਿੰਗਾਂ ਵਿੱਚ ਵਾਹਨ ਖੜ੍ਹਾ ਕਰਨ ਦੀ, ਮੁੱਖ ਸੜਕਾਂ ਦੇ ਕਿਨਾਰੇ ਲਗਣ ਵਾਲੀਆਂ ਰੇਹੜੀਆਂ ਦੇ ਆਸ ਪਾਸ ਸਾਮਾਨ ਖਰੀਦਣ ਵਾਲਿਆਂ ਦੇ ਵਾਹਨ ਖੜ੍ਹੇ ਹੋ ਜਾਂਦੇ ਹਨ ਜੋ ਹੋਰਨਾਂ ਵਾਹਨਾਂ ਦੀ ਆਵਾਜਾਈ ਵਿੱਚ ਰੁਕਾਵਟ ਪੈਦਾ ਰਕਦੇ ਹਨ ਅਤੇ ਇਸ ਕਾਰਨ ਕਈ ਵਾਰ ਸੜਕ ਹਾਦਸੇ ਵੀ ਵਾਪਰਦੇ ਹਨ।
ਲਗਾਤਾਰ ਵੱਧਦੇ ਇਹਨਾਂ ਨਾਜਾਇਜ਼ ਕਬਜਿਆਂ ਦੀ ਗਿਣਤੀ ਵਿੱਚ ਹੋਣ ਵਾਲੇ ਇਸ ਲਗਾਤਾਰ ਵਾਧੇ ਦਾ ਇਕ ਕਾਰਨ ਇਹ ਵੀ ਹੈ ਕਿ ਨਗਰ ਨਿਗਮ ਵਿੱਚ ਨਾਜਾਇਜ਼ ਕਬਜ਼ੇ ਦੂਰ ਕਰਨ ਲਈ ਤੈਨਾਤ ਕੀਤੇ ਗਏ ਕਰਮਚਾਰੀ ਅਤੇ ਅਧਿਕਾਰੀ ਜਾਂ ਤਾਂ ਇਸ ਪਾਸੇ ਲੋੜੀਂਦਾ ਧਿਆਨ ਨਹੀਂ ਦਿੰਦੇ ਅਤੇ ਜਾ ਫਿਰ ਨਿਗਮ ਵਲੋਂ ਜਾਣ ਬੁੱਝ ਦੇ ਇਹਨਾਂ ਕਬਜਾਕਾਰਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਸੰਬੰਧੀ ਸ਼ਹਿਰ ਵਾਸੀਆਂ ਵਲੋਂ ਖੁੱਲੇਆਮ ਇਹ ਇਲਜਾਮ ਲਗਾਇਆ ਜਾਂਦਾ ਹੈ ਕਿ ਸ਼ਹਿਰ ਵਿੱਚ ਥਾਂ ਥਾਂ ਤੇ ਹੋਣ ਵਾਲੇ ਇਹ ਕਬਜ਼ੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਹੀ ਹੁੰਦੇ ਹਨ, ਜਿਹਨਾਂ ਦੀ ਆੜ ਵਿੱਚ ਭ੍ਰਿਸ਼ਟਾਚਾਰ ਦਾ ਇੱਕ ਲੰਬਾ ਚੌੜਾ ਕਾਰੋਬਾਰ ਚਲਦਾ ਹੈ।
ਲੋਕਾਂ ਦੇ ਇਸ ਇਲਜਾਮ ਨੂੰ ਇਸ ਗੱਲ ਨਾਲ ਵੀ ਜੋਰ ਮਿਲਦਾ ਹੈ ਕਿ ਨਾਜਾਇਜ਼ ਕਬਜ਼ੇ ਹਟਾਉਣ ਵਾਲੀ ਇਸ ਟੀਮ ਦੇ ਮਾਰਕੀਟਾਂ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਇਹਨਾਂ ਨਾਜਾਇਜ਼ ਕਬਰਜਾਕਾਰਾਂ ਨੂੰ ਇਸਦੀ ਜਾਣਕਾਰੀ ਮਿਲ ਜਾਂਦੀ ਹੈ ਅਤੇ ਉਹ ਇਸ ਟੀਮ ਦੇ ਪਹੁੰਚਣ ਤੋਂ ਪਹਿਲਾਂ ਆਪਣਾ ਤਾਮ ਝਾਮ ਸਮੇਟ ਲੈਂਦੇ ਹਨ। ਸ਼ਹਿਰ ਵਾਸੀ ਇਹ ਇਲਜ਼ਾਮ ਵੀ ਲਗਾਉਂਦੇ ਹਨ ਕਿ ਕੁੱਝ ਰਾਜਨੇਤਾਵਾਂ ਅਤੇ ਅਸਰ ਰਸੂਖ ਵਾਲੇ ਵਿਅਕਤੀਆਂ ਦੀ ਸ਼ਹਿਰ ਤੇ ਵੀ ਇਹਨਾਂ ਨਾਜਾਇਜ਼ ਕਬਜ਼ਿਆਂ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ।
ਸ਼ਹਿਰ ਵਿੱਚ ਲਗਾਤਾਰ ਵੱਧਦੀ ਨਾਜਾਇਜ਼ ਕਬਜ਼ਿਆਂ ਦੀ ਇਸ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਨਗਰ ਨਿਗਮ ਵਿੱਚ ਨਾਜਾਇਜ਼ ਕਬਜਿਆਂ ਤੇ ਕਾਬੂ ਕਰਨ ਲਈ ਤੈਨਾਤ ਕੀਤੇ ਗਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਉਹਨਾਂ ਤੋਂ ਇਸਦਾ ਜਵਾਬ ਮੰਗਿਆ ਜਾਵੇ, ਕਿਉਂਕਿ ਅਜਿਹਾ ਕੀਤੇ ਬਿਨਾ ਸ਼ਹਿਰਵਾਸੀਆਂ ਦੀ ਇਸ ਸਮੱਸਿਆ ਨੂੰ ਹਲ ਨਹੀਂ ਕੀਤਾ ਜਾ ਸਕਦਾ ਅਤੇ ਇਸ ਸਮੱਸਿਆ ਦੇ ਹਲ ਲਈ ਸਖਤ ਕਦਮ ਚੁੱਕੇ ਜਾਣੇ ਜਰੂਰੀ ਹਨ। ਨਗਰ ਨਿਗਮ ਦੇ ਕਮਿਸ਼ਨਰ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਨਾਜਾਇਜ਼ ਕਬਜਿਆਂ ਤੇ ਕਾਬੂ ਕਰਨ ਲਈ ਫੀਲਡ ਸਟਾਫ ਦੀ ਜਵਾਬਦੇਹੀ ਤੈਅ ਕਰਨ ਤਾਂ ਜੋ ਸ਼ਹਿਰ ਦੀ ਇਸ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ।
Editorial
ਨੌਜਵਾਨਾਂ ਦੇ ਪਤਨ ਦਾ ਕਾਰਨ ਬਣ ਰਹੀ ਹੈ ਉਹਨਾਂ ਵਿੱਚ ਲਗਾਤਾਰ ਵੱਧਦੀ ਅਸਹਿਨਸ਼ੀਲਤਾ
ਭਾਰਤੀ ਨੌਜਵਾਨਾਂ ਵਿਚ ਅਸ਼ਹਿਨਸ਼ੀਲਤਾ ਲਗਾਤਾਰ ਵੱਧ ਰਹੀ ਹੈ ਅਤੇ ਅਜਿਹਾ ਆਮ ਵੇਖਣ ਵਿੱਚ ਆਉਂਦਾ ਹੈ ਕਿ ਸਾਡੇ ਨੌਜਵਾਨ ਨਾ ਸਿਰਫ ਮਾੜੀ ਜਿਹੀ ਗੱਲ ਤੇ ਭੜਕ ਜਾਂਦੇ ਹਨ ਬਲਕਿ ਹਿੰਸਕ ਹੋ ਕੇ ਇੱਕ ਦੂਜੇ ਤੇ ਕਿਰਚਾਂ, ਰਾਡਾਂ, ਕਿਰਪਾਨਾਂ ਆਦਿ ਨਾਲ ਹਮਲਾ ਕਰਨ ਲੱਗ ਜਾਂਦੇ ਹਨ। ਇਹਨਾਂ ਨੌਜਵਾਨਾਂ ਵਲੋਂ ਕਿਸੇ ਮਾੜੀ ਜਿਹੀ ਗੱਲ ਤੇ ਤੈਸ਼ ਵਿੱਚ ਆ ਕੇ ਕੀਤਾ ਜਾਣ ਵਾਲਾ ਇਹ ਹਿੰਸਕ ਟਕਰਾਅ ਕਈ ਵਾਰ ਮਨੁੱਖੀ ਜਾਨਾਂ ਦੇ ਘਾਣ ਦਾ ਵੀ ਕਾਰਨ ਬਣਦਾ ਹੈ ਅਤੇ ਨੌਜਵਾਨਾਂ ਵਿੱਚ ਲਗਾਤਾਰ ਵੱਧਦੀ ਅਸਹਿਣਸ਼ੀਲਤਾ ਦਾ ਹੀ ਨਤੀਜਾ ਹੈ ਕਿ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦੇ ਵੱਖ ਵੱਖ ਗਰੁੱਪਾਂ ਵਿੱਚ ਅਕਸਰ ਲੜਾਈ ਝਗੜੇ ਹੁੰਦੇ ਰਹਿੰਦੇ ਹਨ ਜਿਹੜੇ ਹਿੰਸਕ ਰੂਪ ਧਾਰ ਲੈਂਦੇ ਹਨ।
ਇਸ ਸਾਰੇ ਕੁੱਝ ਲਈ ਨੌਜਵਾਨਾਂ ਵਿੱਚ ਲਗਾਤਾਰ ਵੱਧ ਹੁੰਦੀ ਅਸ਼ਹਿਨਸ਼ੀਲਤਾ ਨੂੰ ਹੀ ਜਿੰਮੇਵਾਰ ਮੰਨਿਆ ਜਾ ਸਕਦਾ ਹੈ ਅਤੇ ਨੌਜਵਾਨਾਂ ਵਿਚਲੀ ਇਹ ਅਸਹਿਣਸ਼ੀਲਤਾ ਹਰ ਪਾਸੇ ਨਜਰ ਆਉਂਦੀ ਹੈ। ਕਿਸੇ ਵੀ ਮਾਮੂਲੀ ਗੱਲ ਤੇ ਤੈਸ਼ ਵਿੱਚ ਆਉਣ ਵਾਲੇ ਸਾਡੇ ਨੌਜਵਾਨ ਗੁੱਸੇ ਦੌਰਾਨ ਇੱਕ ਦੂਜੇ ਦੀ ਜਾਨ ਤਕ ਲੈਣ ਲਈ ਤਿਆਰ ਹੋ ਜਾਂਦੇ ਹਨ। ਇਹਨਾਂ ਨੌਜਵਾਨਾਂ ਵਿੱਚ ਹੋਣ ਵਾਲੇ ਇਹ ਝਗੜੇ ਬਹੁਤ ਲੰਬੇ ਚਲਦੇ ਹਨ ਜਿਸ ਦੌਰਾਨ ਇਹਨਾਂ ਵਿਚਾਲੇ ਹਿੰਸਕ ਟਕਰਾਓ ਹੁੰਦੇ ਹਨ ਅਤੇ ਇੱਕ ਦੂਜੇ ਤੋਂ ਬਦਲਾ ਲੈਣ ਵਿੱਚ ਹੀ ਇਹਨਾਂ ਨੌਜਵਾਨਾਂ ਦੇ ਕਈ ਕਈ ਸਾਲ ਲੰਘ ਜਾਂਦੇ ਹਨ।
ਸਾਡੇ ਨੌਜਵਾਨਾਂ ਵਿੱਚ ਲਗਾਤਾਰ ਵੱਧਦੀ ਇਹ ਅਸਹਿਣਸ਼ੀਲਤਾ ਇਹਨਾਂ ਨੌਜਵਾਨਾਂ ਵਲੋਂ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਅਤੇ ਹੋਰਨਾਂ ਜਨਤਕ ਥਾਵਾਂ ਤੇ ਇਕੱਠੇ ਹੋ ਕੇ ਕੀਤੀ ਜਾਂਦੀ ਹੁਲੱੜਬਾਜੀ ਅਤੇ ਹੁੜਦੰਗ ਦੇ ਰੂਪ ਵਿੱਚ ਵੀ ਦੇਖਣ ਨੂੰ ਮਿਲਦੀ ਹੈ ਜਿਸ ਦੌਰਾਨ ਇਹ ਨੌਜਵਾਨ ਛੋਟੀ ਛੋਟੀ ਗੱਲ ਤੇ ਲੜਣ ਲਈ ਤਿਆਰ ਦਿਖਦੇ ਹਨ ਅਤੇ ਇਹਨਾਂ ਦੀਆਂ ਹਰਕਤਾਂ ਆਮ ਲੋਕਾਂ ਵਿੱਚ ਦਹਿਸ਼ਤ ਦਾ ਪਸਾਰ ਕਰਦੀਆਂ ਹਨ। ਆਪਣੀ ਇਸ ਹੁਲੱੜਬਾਜੀ ਦੌਰਾਨ ਇਹ ਨੌਜਵਾਨ ਅਕਸਰ ਆਪਸ ਵਿੱਚ ਵੀ ਲੜ ਪੈਂਦੇ ਹਨ ਅਤੇ ਸਹਿਣਸ਼ੀਲਤਾ ਦੀ ਘਾਟ ਕਾਰਨ ਇਹਨਾਂ ਵਿਚਲੀ ਇਹ ਲੜਾਈ ਅਕਸਰ ਖੂਨੀ ਹਿੰਸਾ ਦਾ ਰੂਪ ਧਾਰਨ ਕਰ ਲੈਂਦੀ ਹੈ।
ਇਹਨਾਂ ਨੌਜਵਾਨਾਂ ਵਿਚੋਂ ਵੱਡੀ ਗਿਣਤੀ ਨੌਜਵਾਨ ਨਸ਼ੇੜੀ ਵੀ ਹੁੰਦੇ ਹਨ, ਜੋ ਕਿ ਅਕਸਰ ਹਨੇਰਾ ਹੋਣ ਤੇ ਅੰਡੇ, ਮੀਟ, ਚਿਕਨ, ਪਕੌੜੇ, ਮੱਛੀ ਆਦਿ ਵੇਚਣ ਵਾਲੀਆਂ ਰੇਹੜੀਆਂ ਤੇ ਖੜ ਕੇ ਸ਼ਰਾਬ ਦੀ ਗਲਾਸੀ ਖੜਕਾਉਂਦੇ ਹਨ ਅਤੇ ਇਹਨਾਂ ਕਾਰਨ ਮਾਰਕੀਟਾਂ ਵਿੱਚ ਆਉਣ ਵਾਲੇ ਲੋਕਾਂ ਦਾ ਲਾਂਘਾ ਤਕ ਔਖਾ ਹੋ ਜਾਂਦਾ ਹੈ। ਜੇਕਰ ਇਹਨਾਂ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਹ ਸਾਮ੍ਹਣੇ ਵਾਲੇ ਨਾਲ ਲੜਦੇ ਹਨ ਅਤੇ ਇਹਨਾਂ ਕਾਰਨ ਸ਼ਹਿਰ ਦਾ ਮਾਹੌਲ ਵੀ ਖਰਾਬ ਹੁੰਦਾ ਹੈ। ਇੱਕ ਵੱਡੀ ਸਮੱਸਿਆ ਇਹ ਵੀ ਹੈ ਕਿ ਸਾਡੇ ਵੱਡੀ ਗਿਣਤੀ ਨੌਜਵਾਨ ਨਸ਼ਿਆਂ ਦੇ ਆਦੀ ਬਣ ਚੁੱਕੇ ਹਨ ਅਤੇ ਹਰ ਵੇਲੇ ਨਸ਼ੇ ਦੀ ਲੋਰ ਵਿੱਚ ਆਏ ਇਹ ਨੌਜਵਾਨ ਕਿਸੇ ਵੀ ਵੱਡੇ ਛੋਟੇ ਦਾ ਲਿਹਾਜ ਨਹੀਂ ਕਰਦੇ।
ਸਾਡੇ ਨੌਜਵਾਨਾਂ ਵਿੱਚ ਲਗਾਤਾਰ ਵੱਧਦੀ ਅਸਹਿਣਸ਼ੀਲਤਾ ਦਾ ਇੱਕ ਕਾਰਨ ਨੌਜਵਾਨਾਂ ਨੂੰ ਨੈਤਿਕ ਸਿਖਿਆ ਦਾ ਨਾ ਮਿਲਣਾ ਅਤੇ ਹਰ ਚੀਜ ਨੂੰ ਛੇਤੀ ਹਾਸਿਲ ਕਰਨ ਦੀ ਤਾਂਘ ਵੀ ਹੈ ਅਤੇ ਉਹ ਸਬਰ ਰੱਖ ਕੇ ਮਿਹਨਤ ਕਰਨ ਦੀ ਥਾਂ ਤੁਰੰਤ ਸਭ ਕੱਝ ਹਾਸਿਲ ਕਰਨ ਲਈ ਕਾਹਲੇ ਪੈ ਜਾਂਦੇ ਹਨ। ਨੌਜਵਾਨਾਂ ਵਿਚ ਸਬਰ ਸੰਤੋਖ ਦੀ ਬਹੁਤ ਘਾਟ ਹੈ, ਉਹ ਨਾ ਸਿਰਫ ਇਕਦਮ ਅਮੀਰ ਬਣਨਾ ਚਾਹੁੰਦੇ ਹਨ ਬਲਕਿ ਸਾਰਾ ਕੁੱਝ ਹਾਸਿਲ ਵੀ ਕਰਨਾ ਚਾਹੁੰਦੇ ਹਨ ਅਤੇ ਆਪਣੇ ਅੰਦਰ ਸ਼ਹਿਨਸ਼ੀਲਤਾ ਦੀ ਘਾਟ ਕਾਰਨ ਉਹ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਹੋ ਜਾਂਦੇ ਹਨ। ਇਸ ਸਾਰੇ ਕੁੱਝ ਵਾਸਤੇ ਸਾਡੇ ਸਿਆਸੀ ਆਗੂ ਵੀ ਜਿੰਮੇਵਾਰ ਹਨ ਜਿਹਨਾਂ ਵਲੋਂ ਚੋਣਾਂ ਦੌਰਾਨ ਨੌਜਵਾਨਾਂ ਨੂੰ ਭੜਕਾ ਕੇ ਉਹਨਾਂ ਤੋਂ ਆਪਣੇ ਵਿਰੋਧੀਆਂ ਦੇ ਬੈਨਰ, ਪੋਸਟਰ ਪਾੜਨ ਅਤੇ ਵਿਰੋਧੀ ਵਰਕਰਾਂ ਨਾਲ ਮਾਰ ਕੁਟਾਈ ਕਰਨ ਵਰਗੇ ਕੰਮ ਲਏ ਜਾਂਦੇ ਹਨ। ਇਹਨਾਂ ਨੌਜਵਾਨਾਂ ਨੂੰ ਸਿਆਸੀ ਆਗੂਆਂ ਵਲੋਂ ਦਿੱਤੀ ਜਾਂਦੀ ਸ਼ਹਿ ਵੀ ਉਹਨਾਂ ਨੂੰ ਪਤਨ ਦੇ ਰਾਹ ਵੱਲ ਲੈ ਕੇ ਜਾਂਦੀ ਹੈ ਜਿਸਤੋਂ ਉਹਨਾਂ ਨੂੰ ਬਚਾਇਆ ਜਾਣਾ ਜਰੂਰੀ ਹੈ।
ਸਾਡੇ ਨੌਜਵਾਨ ਸਾਡਾ ਆਉਣ ਵਾਲਾ ਭਵਿੱਖ ਹਨ ਅਤੇ ਉਹਨਾਂ ਵਿੱਚ ਹਰ ਗੱਲ ਨੂੰ ਸੋਚ ਸਮਝ ਕੇ ਅਤੇ ਫਿਰ ਉਸੇ ਅਨੁਸਾਰ ਕੋਈ ਫੈਸਲਾ ਕਰਨ ਦੀ ਸਮਝ ਦੇ ਨਾਲ ਨਾਲ ਸਬਰ ਹੋਣਾ ਵੀ ਜਰੂਰੀ ਹੈ ਵਰਨਾ ਨੌਜਵਾਨਾਂ ਵਿੱਚ ਲਗਾਤਾਰ ਵੱਧਦੀ ਅਸਹਿਣਸ਼ੀਲਤਾ ਇੱਕ ਦਿਨ ਪੂਰੇ ਸਮਾਜ ਨੂੰ ਹੀ ਲੈ ਡੁੱਬੇਗੀ ਇਸ ਲਈ ਨੌਜਵਾਨਾਂ ਨੂੰ ਸਹੀ ਸੇਧ ਦੇਣ ਦੀ ਲੋੜ ਹੈ ਅਤੇ ਇਸ ਵਾਸਤੇ ਸਾਰਿਆਂ ਨੂੰ ਆਪਣੀ ਬਣਦੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
Editorial
ਕੀ ਸੜਕ ਹਾਦਸਿਆਂ ਦੀ ਰਫਤਾਰ ਨੂੰ ਵੀ ਲੱਗ ਸਕਣਗੀਆਂ ਬਰੇਕਾਂ?

ਪੰਜਾਬ ਵਿੱਚ ਜਿਸ ਤਰੀਕੇ ਨਾਲ ਵਾਹਨਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਉਸੇ ਤਰ੍ਹਾਂ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਏ ਜਾਣ ਲਈ ਯਤਨ ਵੀ ਕੀਤੇ ਜਾਂਦੇ ਹਨ ਪਰ ਇਸ ਦੇ ਬਾਵਜੂੁਦ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ।
ਜਿਆਦਾਤਰ ਹਾਦਸੇ ਵਾਹਨ ਚਾਲਕਾਂ ਦੀ ਅਣਗਹਿਲੀ ਅਤੇ ਤੇਜ ਰਫਤਾਰ ਨਾਲ ਹੁੰਦੇ ਹਨ। ਇਸ ਤੋਂ ਇਲਾਵਾ ਰਾਤ ਸਮੇਂ ਬਿਨਾਂ ਰਿਫਲੈਕਟਰ ਦੇ ਚਲਦੀਆਂ ਟ੍ਰੈਕਟਰ ਟਰਾਲੀਆਂ ਵੀ ਵੱਡੇ ਹਾਦਸਿਆਂ ਦਾ ਕਾਰਨ ਬਣਦੀਆਂ ਹਨ। ਅਕਸਰ ਇਹ ਟਰਾਲੀਆ ਓਵਰਲੋਡ ਹੁੰਦੀਆਂ ਹਨ ਅਤੇ ਇਹਨਾਂ ਦੇ ਪਿਛਲੇ ਪਾਸੇ ਲਾਈਟਾਂ ਅਤੇ ਰਿਫਲੈਕਟਰ ਨਾ ਹੋਣ ਕਾਰਨ ਰਾਤ ਸਮੇਂ ਇਹ ਟ੍ਰੈਕਟਰ ਟਰਾਲੀਆਂ ਹੋਰਨਾਂ ਵਾਹਨ ਚਾਲਕਾਂ ਨੂੰ ਦਿਖਾਈ ਨਹੀਂ ਦਿੰਦੀਆਂ, ਜਿਸ ਕਾਰਨ ਹੋਰ ਵਾਹਨ ਇਹਨਾਂ ਟਰਾਲੀਆਂ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਕਾਰਨ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਇਸ ਤਰ੍ਹਾਂ ਦੇ ਹਾਦਸੇ ਅਕਸਰ ਵਾਪਰਦੇ ਰਹਿੰਦੇ ਹਨ। ਇਸ ਦੇ ਬਾਵਜੂਦ ਬਿਨਾਂ ਰਿਫਲੈਕਟਰ ਚਲਦੀਆਂ ਟ੍ਰੈਕਟਰ ਟਰਾਲੀਆਂ ਵਿਰੁਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ।
ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਇੱਕ ਹੀ ਸਕੂਟਰ, ਮੋਟਰ ਸਾਈਕਲ ਜਾਂ ਸਾਈਕਲ ਉਤੇ ਕੁਝ ਲੋਕ ਸਾਰੇ ਟੱਬਰ ਨੂੰ ਸਫ਼ਰ ਕਰਵਾਉਣਾ ਆਪਣਾ ਹੱਕ ਸਮਝਦੇ ਹਨ। ਆਟੋ ਰਿਕਸ਼ਾ ਤਿੰਨ ਸਵਾਰੀਆਂ ਲਈ ਬਣਾਇਆ ਹੁੰਦਾ ਹੈ ਪਰ ਜਦੋਂ ਤਕ 10 ਸਵਾਰੀਆਂ ਬੈਠ ਨਾ ਜਾਣ, ਚਾਲਕ ਦੀ ਤਸੱਲੀ ਨਹੀਂ ਹੁੰਦੀ। ਸਕੂਲੀ ਬੱਚਿਆਂ ਨੂੰ ਲਿਆ ਰਹੇ ਟੈਂਪੂ ਤੇ ਆਟੋ ਰਿਕਸ਼ਾ ਵੀ ਓਵਰ ਲੋਡ ਹੁੰਦੇ ਹਨ ਅਤੇ ਇਹਨਾਂ ਦੀ ਤੇਜ ਰਫਤਾਰ ਕਾਰਨ ਅਕਸਰ ਹਾਦਸੇ ਵਾਪਰਦੇ ਹਨ। ਸਕੂਲ ਬੱਸਾਂ ਬਾਰੇ ਅਤੇ ਸਕੂਲੀ ਬੱਚਿਆਂ ਵਾਲੇ ਆਟੋਆਂ ਅਤੇ ਹੋਰ ਵਾਹਨਾਂ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇਹ ਬਹੁਤ ਤੇਜ ਰਫਤਾਰ ਨਾਲ ਚਲਾਏ ਜਾਂਦੇ ਹਨ। ਜਦੋਂ ਇਹਨਾਂ ਵਾਹਨਾਂ ਦੇ ਡਰਾਇਵਰਾਂ ਨੂੰ ਤੇਜ ਰਫਤਾਰ ਚਲਾਉਣ ਬਾਰੇ ਪੁਛਿਆ ਜਾਂਦਾ ਹੈ ਤਾਂ ਇਹਨਾਂ ਦਾ ਜਵਾਬ ਹੁੰਦਾ ਹੈ ਕਿ ਇਹਨਾਂ ਨੇ ਬੱਚਿਆਂ ਨੂੰ ਸਮੇਂ ਸਿਰ ਸਕੂਲ ਪਹੁੰਚਾਉਣਾ ਹੁੰਦਾ ਹੈ। ਇਹਨਾਂ ਨੂੰ ਇਹ ਕੌਣ ਸਮਝਾਵੇ ਕਿ ਸਮੇਂ ਸਿਰ ਸਕੂਲ ਪਹੁੰਚਣ ਲਈ ਸਮੇਂ ਸਿਰ ਤੁਰ ਪੈਣਾ ਅਕਲਮੰਦੀ ਹੁੰਦੀ ਹੈ ਪਰ ਇਹ ਕਿਸੇ ਦੀ ਪਰਵਾਹ ਨਹੀਂ ਕਰਦੇ। ਸਕੂਲਾਂ ਦੀ ਛੁੱਟੀ ਸਮੇਂ ਤਾਂ ਸਕੂਲ ਪਹੁੰਚਣ ਦੀ ਜਲਦੀ ਵੀ ਨਹੀਂ ਹੁੰਦੀ ਅਤੇ ਬੱਚਿਆਂ ਨੇ ਆਰਾਮ ਨਾਲ ਘਰ ਜਾਣਾ ਹੁੰਦਾ ਹੈ ਪਰ ਉਸ ਸਮੇਂ ਵੀ ਸਕੂਲ ਬੱਸਾਂ ਅਤੇ ਸਕੂਲੀ ਬੱਚਿਆਂ ਵਾਲੇ ਆਟੋ ਬਹੁਤ ਤੇਜ ਰਫਤਾਰ ਨਾਲ ਚੱਲਦੇ ਹਨ।
ਇਹੀ ਹਾਲ ਹੋਰਨਾਂ ਵਾਹਨਾਂ ਦਾ ਹੈ। ਵੱਡੀ ਗਿਣਤੀ ਵਾਹਨ ਚਾਲਕ ਤੇਜ ਰਫਤਾਰ ਨਾਲ ਵਾਹਨ ਚਲਾਉਣ ਨੂੰ ਆਪਣੀ ਸ਼ਾਨ ਸਮਝਦੇ ਹਨ ਜਦੋਂ ਕਿ ਉਹਨਾਂ ਨੂੰ ਕਿਸੇ ਪਾਸੇ ਪਹੁੰਚਣ ਲਈ ਸਮੇਂ ਦੀ ਘਾਟ ਵੀ ਨਹੀਂ ਹੁੰਦੀ। ਸਿਰਫ ਫੌਕੀ ਸ਼ਾਨ ਲਈ ਤੇਜ ਰਫਤਾਰ ਨਾਲ ਚਲਾਏ ਜਾਂਦੇ ਵਾਹਨ ਅਕਸਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਲੋਕਾਂ ਨੇ ਮੋਟਰਸਾਈਕਲਾਂ ਨਾਲ ਰੇਹੜੀਆਂ ਵੀ ਜੋੜੀਆਂ ਹੋਈਆਂ ਹਨ ਜਿਹਨਾਂ ਦੇ ਚਾਲਕ ਇਹਨਾਂ ਨੂੰ ਤੇਜ ਰਫਤਾਰ ਨਾਲ ਚਲਾ ਕੇ ਆਪਣੀ ਅਤੇ ਹੋਰਨਾਂ ਲੋਕਾਂ ਦੀ ਜ਼ਿੰਦਗੀ ਖਤਰੇ ਵਿੱਚ ਪਾਉਂਦੇ ਹਨ। ਇਸ ਤੋਂ ਇਲਾਵਾ ਤੂੜੀ ਦੇ ਓਵਰਲੋਡ ਟਰੱਕ ਵੀ ਹਾਦਸਿਆਂ ਨੂੰ ਸੱਦਾ ਦਿੰਦੇ ਹਨ।
ਇਸ ਸਮੇਂ ਪੰਜਾਬ ਵਿੱਚ ਬਰਸਾਤ ਦਾ ਮੌਸਮ ਹੈ ਅਤੇ ਸੜਕਾਂ ਤੇ ਅਕਸਰ ਪਾਣੀ ਵੀ ਖੜਾ ਹੁੰਦਾ ਹੈ ਜਾਂ ਸੜਕਾਂ ਬਰਸਾਤ ਕਾਰਨ ਗਿੱਲੀਆਂ ਹੁੰਦੀਆਂ ਹਨ, ਜਿਸ ਕਾਰਨ ਵਾਹਨਾਂ ਦੇ ਸਲਿਪ ਹੋਣ ਦਾ ਖਤਰਾ ਹੁੰਦਾ ਹੈ, ਜਿਸ ਕਾਰਨ ਸੜਕ ਹਾਦਸਿਆਂ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ। ਜਿਸ ਤਰੀਕੇ ਨਾਲ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਉਹ ਚਿੰਤਾ ਦਾ ਵਿਸ਼ਾ ਹੈ।
ਬਿਊਰੋ
Editorial
ਠੱਗਾਂ ਵਲੋਂ ਇੰਟਰਨੈਟ ਤੇ ਨਕਲੀ ਅਤੇ ਘਟੀਆ ਸਾਮਾਨ ਵੇਚਣ ਦੀ ਕਾਰਵਾਈ ਤੇ ਸਖਤੀ ਨਾਲ ਕਾਬੂ ਕਰੇ ਸਰਕਾਰ
ਅੱਜਕੱਲ ਆਨ ਲਾਈਨ ਸ਼ਾਪਿੰਗ ਦਾ ਜਮਾਨਾ ਹੈ ਅਤੇ ਲੋਕਾਂ ਵਿੱਚ ਆਪਣੀ ਲੋੜ ਦੇ ਹਰ ਛੋਟੇ ਵੱਡੇ ਸਾਮਾਨ ਦੀ ਆਨ ਲਾਈਨ ਖਰੀਦਦਾਰੀ ਦਾ ਰੁਝਾਨ ਕਾਫੀ ਜਿਆਦਾ ਵੱਧ ਗਿਆ ਹੈ। ਇਸ ਦੌਰਾਨ ਜਿੱਥੇ ਇੰਟਰਨੈਟ ਤੇ ਹਰ ਤਰ੍ਹਾਂ ਦਾ ਸਾਮਾਨ ਵੇਚਣ ਵਾਲੀਆਂ ਕਈ ਵੈਬਸਾਈਟਾਂ ਹੋਂਦ ਵਿੱਚ ਆ ਗਈਆਂ ਹਨ, ਉੱਥੇ ਅਜਿਹੇ ਵਿਅਕਤੀ ਵੀ ਸਰਗਰਮ ਹੋ ਗਏ ਹਨ ਜਿਹੜੇ ਲੋਕਾਂ ਵਲੋਂ ਕੀਤੀ ਜਾਂਦੀ ਆਨਲਾਈਨ ਖਰੀਦਦਾਰੀ ਦੌਰਾਨ ਉਹਨਾਂ ਨੂੰ ਘਟੀਆ ਕੁਆਲਟੀ ਜਾਂ ਨਕਲੀ ਮਾਲ ਦੀ ਸਪਲਾਈ ਕਰਕੇ ਉਹਨਾਂ ਨਾਲ ਠੱਗੀਆਂ ਮਾਰਦੇ ਹਨ। ਇਸ ਸੰਬੰਧੀ ਵੱਖ ਵੱਖ ਵਸਤੂਆਂ ਦੀ ਆਨਲਾਈਨ ਖਰੀਦਦਾਰੀ ਕਰਨ ਵਾਲੇ ਲੋਕ ਅਕਸਰ ਸਾਮਾਨ ਦੀ ਘਟੀਆ ਕੁਆਲਟੀ ਦੀ ਸ਼ਿਕਾਇਤ ਕਰਦੇ ਵੀ ਦਿਖ ਜਾਂਦੇ ਹਨ ਅਤੇ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਲਗਾਤਾਰ ਵੱਧ ਰਹੀਆਂ ਹਨ।
ਆਨਲਾਈਨ ਸਾਮਾਨ ਵੇਚਣ ਵਾਲੀਆਂ ਵੈਬਸਾਈਟਾਂ ਵਲੋਂ ਬ੍ਰਾਂਡਿਡ ਸਾਮਾਨ ਦੇ ਨਾਮ ਤੇ ਗ੍ਰਾਹਕਾਂ ਨੂੰ ਨਕਲੀ ਸਾਮਾਨ ਵੇਚ ਕੇ ਠੱਗਣ ਦ ਮਾਮਲੇ ਵੀ ਅਕਸਰ ਸਾਮ੍ਹਣੇ ਆਉਂਦੇ ਹਨ। ਅਜਿਹੀਆਂ ਤਮਾਮ ਵੈਬਸਾਈਟਾ ਵਲੋਂ ਭਾਵੇਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਹਨਾਂ ਵਲੋਂ ਆਪਣੇ ਗ੍ਰਾਹਕਾਂ ਨੂੰ ਜਿਹੜਾ ਸਾਮਾਨ ਵੇਚਿਆ ਜਾਂਦਾ ਹੈ ਉਹ ਬ੍ਰਾਂਡਿਡ ਕੰਪਨੀਆਂ ਵਲੋਂ ਤਿਆਰ ਕੀਤਾ ਗਿਆ ਅਸਲੀ ਸਾਮਾਨ ਹੀ ਹੁੰਦਾ ਹੈ ਅਤੇ ਆਮ ਲੋਕ ਵੈਬਸਾਈਟ ਤੇ ਇਸ ਸਾਮਾਨ ਦੀਆਂ ਤਸਵੀਰਾਂ ਵੇਖ ਕੇ ਇਹ ਸਾਮਾਨ ਖਰੀਦਣ ਲਈ ਆਰਡਰ ਵੀ ਕਰਦੇ ਹਨ ਪਰੰਤੂ ਬਾਅਦ ਵਿੱਚ ਇਹਨਾਂ ਕੰਪਨੀਆਂ ਵਲੋਂ ਲੋਕਾਂ ਦੇ ਘਰਾਂ ਵਿੱਚ ਨਕਲੀ ਸਾਮਾਨ ਭੇਜ ਦਿੱਤਾ ਜਾਂਦਾ ਹੈ।
ਆਨਲਾਈਨ ਸਾਮਾਨ ਵੇਚਣ ਵਾਲੀਆਂ ਇਹਨਾਂ ਵੈਬਸਾਈਟਾਂ ਵਲੋਂ ਆਮ ਲੋਕਾਂ ਨੂੰ ਅਸਲੀ ਦੇ ਨਾਮ ਤੇ ਨਕਲੀ ਸਾਮਾਨ ਵੇਚਣ ਦੀ ਇਹ ਕਾਰਵਾਈ ਨਵੀਂ ਨਹੀਂ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਅਜਿਹਾ ਹੁੰਦਾ ਆ ਰਿਹਾ ਹੈ। ਹੋਰ ਤਾਂ ਹੋਰ ਕਈ ਨਾਮੀ ਈ ਕਾਮਰਸ ਕੰਪਨੀਆਂ ਤਕ ਵਲੋਂ ਆਮ ਲੋਕਾਂ ਨੂੰ ਅਜਿਹਾ ਨਕਲੀ ਸਾਮਾਨ ਸਪਲਾਈ ਕਰ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਸਾਮਾਨ ਖਰੀਦਣ ਵਾਲੇ ਵਿਅਕਤੀ ਨੂੰ ਪਰੇਸ਼ਾਨ ਹੋਣਾ ਪੈਂਦਾ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ ਇਹਨਾਂ ਈ ਕਾਮਰਸ ਕੰਪਨੀਆਂ ਦੇ ਪਲੇਟਫਾਰਮ ਤੇ ਅੱਗੇ ਕਈ ਹੋਰ ਛੋਟੇ ਵੱਡੇ ਦੁਕਾਨਦਾਰ ਆਪੋ ਆਪਣਾ ਸਾਮਾਨ ਵੇਚਦੇ ਹਨ ਜਿਹਨਾਂ ਤੋਂ ਇਹ ਈ ਕਾਮਰਸ ਕੰਪਨੀਆਂ ਕਮਿਸ਼ਨ ਲੈਂਦੀਆਂ ਹਨ। ਹਾਲਾਂਕਿ ਇਹ ਈ ਕਾਮਰਸ ਕੰਪਨੀਆਂ ਆਪਣੇ ਗ੍ਰਾਹਕਾਂ ਨੂੰ ਸਾਮਾਨ ਵਾਪਸ ਮੋੜਣ ਦੀ ਸੁਵਿਧਾ ਦਿੰਦੀਆਂ ਹਨ ਪਰੰਤੂ ਇਸਦੇ ਬਾਵਜੂਦ ਗ੍ਰਾਹਕਾਂ ਨੂੰ ਪਰੇਸ਼ਾਨ ਤਾਂ ਹੋਣਾ ਹੀ ਪੈਂਦਾ ਹੈ।
ਵੱਡੀਆਂ ਕੰਪਨੀਆਂ ਦੇ ਸਾਮਾਨ ਦੇ ਨਾਮ ਤੇ ਆਮ ਲੋਕਾਂ ਨੂੰ ਇਸ ਤਰੀਕੇ ਨਾਲ ਨਕਲੀ ਸਾਮਾਨ ਵੇਚਣ ਦੀ ਇਹ ਕਾਰਵਾਈ ਉਹਨਾਂ ਨਾਲ ਸਿੱਧੀ ਠੱਗੀ ਹੈ ਪਰੰਤੂ ਇਸ ਤਰੀਕੇ ਨਾਲ ਖਪਤਕਾਰਾਂ ਦੀ ਹੁੰਦੀ ਲੁੱਟ ਤੇ ਕਾਬੂ ਕਰਨ ਲਈ ਸਰਕਾਰ ਵਲੋਂ ਕੋਈ ਸਖਤ ਨਿਯਮ ਨਾ ਬਣਾਏ ਜਾਣ ਕਾਰਨ ਠੱਗੀ ਦੀ ਇਹ ਕਾਰਵਾਈ ਲਗਾਤਾਰ ਚਲ ਰਹੀ ਹੈ। ਅਜਿਹਾ ਵੀ ਨਹੀਂ ਹੈ ਕਿ ਆਨਲਾਈਨ ਵਿਕਰੀ ਦੇ ਨਾਮ ਤੇ ਠੱਗੀ ਦੀ ਇਹ ਕਾਰਵਾਈ ਸਿਰਫ ਭਾਰਤ ਵਿੱਚ ਹੀ ਹੁੰਦੀ ਹੈ, ਬਲਕਿ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਵਿੱਚ ਅਜਿਹਾ ਆਮ ਹੁੰਦਾ ਹੈ ਪਰੰਤੂ ਵਿਸ਼ਵ ਦੇ ਜਿਆਦਾਤਰ ਵਿਕਸਿਤ ਮੁਲਕਾਂ ਵਿੱਚ ਨਕਲੀ ਸਾਮਾਨ ਵੇਚਣ ਵਾਲੀਆਂ ਆਨਲਾਈਨ ਕੰਪਨੀਆਂ ਵਲੋਂ ਆਮ ਖਪਤਕਾਰਾਂ ਦੀ ਲੁੱਟ ਤੇ ਰੋਕ ਲਗਾਉਣ ਲਈ ਸਖਤ ਕਾਨੂੰਨ ਲਾਗੂ ਹਨ ਅਤੇ ਕਿਸੇ ਵੀ ਕੰਪਨੀ ਵਲੋਂ ਗ੍ਰਾਹਕਾਂ ਨੂੰ ਵੇਚੇ ਗਏ ਸਾਮਾਨ ਦੇ ਖਰਾਬ ਨਿਕਲਣ ਜਾਂ ਉਸ ਵਿੱਚ ਕੋਈ ਨੁਕਸ ਸਾਮ੍ਹਣੇ ਆਉਣ ਤੇ ਕੰਪਨੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ ਹੈ। ਪਰੰਤੂ ਸਾਡੇ ਦੇਸ਼ ਵਿੱਚ ਅਜਿਹਾ ਕੁੱਝ ਵੀ ਨਹੀਂ ਹੈ ਅਤੇ ਇਹਨਾਂ ਆਨ ਲਾਈਨ ਕੰਪਨੀਆਂ ਵਲੋਂ ਆਮ ਲੋਕਾਂ ਦੀ ਧੜ੍ਹਲੇ ਨਾਲ ਲੁੱਟ ਕੀਤੀ ਜਾਂਦੀ ਹੈ। ਸਾਡੇ ਦੇਸ਼ ਵਿੱਚ ਤਾਂ ਇਹ ਹਾਲ ਹੈ ਕਿ ਝੂਠੇ ਦਾਅਵੇ ਕਰਕੇ ਆਪਣਾ ਮਾਲ ਵੇਚਣ ਵਾਲੀਆਂ ਆਨਲਾਈਨ ਕੰਪਨੀਆਂ ਗ੍ਰਾਹਕ ਨੂੰ ਘਟੀਆ ਸਾਮਾਨ ਵੇਚਣ ਤੋਂ ਬਾਅਦ ਉਸਦੀ ਗੱਲ ਤਕ ਸੁਣਨ ਲਈ ਤਿਆਰ ਨਹੀਂ ਹੁੰਦੀਆਂ ਅਤੇ ਖਪਤਕਾਰ ਖੱਜਲ-ਖੁਆਰ ਹੁੰਦੇ ਰਹਿੰਦੇ ਹਨ।
ਆਮ ਲੋਕਾਂ ਨਾਲ ਕੀਤੀ ਜਾਂਦੀ ਠੱਗੀ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਜਰੂਰੀ ਹੈ ਕਿ ਸਰਕਾਰ ਵਲੋਂ ਦੇਸ਼ ਵਿੱਚ ਵਿਕਣ ਵਾਲੇ ਵੱਖ ਵੱਖ ਤਰ੍ਹਾਂ ਦੇ ਸਾਮਾਨ ਦੀ ਕੁਆਲਟੀ ਦੇ ਮਿਆਰ ਤੈਅ ਕਰਕੇ ਅਜਿਹੇ ਸਾਮਾਨ ਦਾ ਉਤਪਾਦਨ ਜਾਂ ਮਾਰਕੀਟਿੰਗ ਕਰਨ ਵਾਲੀਆਂ ਕੰਪਨੀਆਂ ਨੂੰ ਇਸ ਗੱਲ ਲਈ ਪਾਬੰਦ ਕੀਤਾ ਜਾਵੇ ਕਿ ਜੇਕਰ ਕਿਸੇ ਕੰਪਨੀ ਵਲੋਂ ਤਿਆਰ ਕੀਤਾ ਗਿਆ ਸਾਮਾਨ ਘਟੀਆ ਪੱਧਰ ਦਾ ਨਿਕਲਦਾ ਹੈ ਤਾਂ ਕੰਪਨੀਆਂ ਨਾ ਸਿਰਫ ਮਾਰਕੀਟ ਵਿੱਚ ਵੇਚਿਆ ਗਿਆ ਆਪਣਾ ਪੂਰਾ ਸਾਮਾਨ ਵਾਪਿਸ ਲੈਣਗੀਆਂ ਬਲਕਿ ਖਪਤਕਾਰਾਂ ਨੂੰ ਹੋਣ ਵਾਲੇ ਨੁਕਸਾਨ ਦਾ ਹਰਜਾਨਾ ਵੀ ਅਦਾ ਕਰਨਗੀਆਂ। ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਦੇਸ਼ ਦੇ ਖਪਤਕਾਰਾਂ ਨੂੰ ਠੱਗੀ ਦੀ ਇਸ ਕਾਰਵਾਈ ਤੋਂ ਬਚਾਉਣ ਲਈ ਲੋੜੀਂਦੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਅਤੇ ਇਸ ਸੰਬੰਧੀ ਸਖਤ ਕਾਨੂੰਨ ਬਣਾ ਕੇ ਖਪਤਕਾਰਾਂ ਦੇ ਹਿੱਤਾ ਦੀ ਰਾਖੀ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਦੀ ਇਸ ਤਰੀਕੇ ਨਾਲ ਕੀਤੀ ਜਾਂਦੀ ਲੁੱਟ ਤੇ ਰੋਕ ਲੱਗੇ।
-
International2 months ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
Mohali2 months ago
ਦੁਖ ਦਾ ਪ੍ਰਗਟਾਵਾ
-
Mohali2 months ago
ਗਣਤੰਤਰਤ ਦਿਵਸ ਨੂੰ ਲੈ ਕੇ ਮੁਹਾਲੀ ਸ਼ਹਿਰ ਅਤੇ ਰੇਲਵੇ ਸਟੇਸ਼ਨ ਤੇ ਪੁਲੀਸ ਨੇ ਚਲਾਇਆ ਚੈਕਿੰਗ ਅਭਿਆਨ
-
International1 month ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International4 weeks ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
International1 month ago
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
-
National2 months ago
ਮੌਸਮ ਵਿਭਾਗ ਵੱਲੋਂ 17 ਰਾਜਾਂ ਵਿੱਚ ਧੁੰਦ ਦਾ ਅਲਰਟ ਜਾਰੀ