Punjab
ਦਿੱਲੀ ਕੂਚ ਕਰ ਰਹੇ ਕਿਸਾਨਾਂ ਤੇ ਹਰਿਆਣਾ ਪੁਲੀਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਛੱਡੀ, 15 ਕਿਸਾਨ ਜ਼ਖ਼ਮੀ, ਇਕ ਕਿਸਾਨ ਨੂੰ ਗੋਲੀ ਮਾਰਨ ਦੇ ਦੋਸ਼
ਕਿਸਾਨਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਕਿਸਾਨਾਂ ਦਾ ਜਥਾ ਵਾਪਸ ਸੱਦਿਆ
ਸ਼ੰਭੂ, 14 ਦਸੰਬਰ (ਸ.ਬ.) ਸ਼ੰਭੂ ਬਾਰਡਰ ਤੋਂ ਕਿਸਾਨਾਂ ਦੇ ਜੱਥੇ ਵਲੋਂ ਅੱਜ ਮੁੜ ਦਿੱਲੀ ਵੱਲ ਕੂਚ ਕੀਤਾ ਗਿਆ ਜਿਸ ਦੌਰਾਨ ਕਿਸਾਨਾਂ ਨੇ ਬੈਰੀਕੇਡ ਲੰਘਣ ਦੀ ਕੋਸ਼ਿਸ਼ ਕੀਤੀ ਪਰੰਤੂ ਹਰਿਆਣਾ ਪੁਲੀਸ ਵਲੋਂ ਸਖਤੀ ਕਰਦਿਆਂ ਕਿਸਾਨਾਂ ਨੂੰ ਰੋਕ ਦਿੱਤਾ ਗਿਆ। ਇਸ ਦੌਰਾਨ ਪੁਲੀਸ ਨੇ ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲੇ ਦਾਗੇ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਿਸ ਕਾਰਨ 15 ਕਿਸਾਨ ਜ਼ਖ਼ਮੀ ਹੋ ਗਏ ਹਨ। ਇਸ ਦੌਰਾਨ ਇਕ ਕਿਸਾਨ ਦੇ ਰਬੜ ਦੀ ਗੋਲੀ ਵੱਜਣ ਦੀ ਵੀ ਜਾਣਕਾਰੀ ਮਿਲੀ ਹੈ। ਕਿਸਾਨ ਯੂਨੀਅਨ ਦੇ ਬੁਲਾਰੇ ਤੇਜਵੀਰ ਸਿੰਘ ਪੰਜੋਖਰਾ ਨੇ ਅੰਬਾਲਾ ਪੁਲੀਸ ਤੇ ਇੱਕ ਕਿਸਾਨ ਦੇ ਸਿੱਧੀ ਗੋਲੀ ਮਾਰਨ ਦਾ ਦੋਸ਼ ਲਾਇਆ ਹੈ।
ਕਿਸਾਨ ਜਥੇ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਮਲਕੀਤ ਸਿੰਘ ਗੁਲਾਮੀ ਵਾਲਾ ਨੇ ਦੱਸਿਆ ਕਿ ਕਿਸਾਨਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਕਿਸਾਨ ਸੰਘਰਸ਼ ਦੀ ਅਗਵਾਈ ਕਰ ਰਹੀ ਲੀਡਰਸ਼ਿਪ ਨੇ ਦਿੱਲੀ ਕੂਚ ਕਰਨ ਵਾਲੇ 101 ਕਿਸਾਨਾਂ ਦੇ ਤੀਜੇ ਜਥੇ ਨੂੰ ਵਾਪਸ ਬੁਲਾ ਲਿਆ ਜਿਸਤੋਂ ਬਾਅਦ ਜਥਾ ਵਾਪਸ ਧਰਨੇ ਵਾਲੇ ਕੈਂਪ ਵਿੱਚ ਪਰਤ ਆਇਆ ਹੈ।
ਇਸ ਤੋਂ ਪਹਿਲਾਂ ਦਿੱਲੀ ਚੱਲੋ ਮਾਰਚ ਦੌਰਾਨ ਇੱਕ ਕਿਸਾਨ ਆਗੂ ਨੇ ਬੈਰੀਕੇਡਾਂ ਰਾਹੀਂ ਪੁਲੀਸ ਨੂੰ ਕਿਹਾ ਕਿ ਉਹ ਸਾਰੇ ਸ਼ਾਂਤੀਪੂਰਵਕ ਦਿੱਲੀ ਵੱਲ ਮਾਰਚ ਕਰਨਾ ਚਾਹੁੰਦੇ ਹਨ ਅਤੇ ਬੇਨਤੀ ਕਰਦੇ ਹਨ ਕਿ ਕਿਰਪਾ ਕਰਕੇ ਕਿਸਾਨਾਂ ਨੂੰ ਸੜਕ ਤੇ ਲਾਂਘਾ ਦਿੱਤਾ ਜਾਵੇ ਅਤੇ ਉਹਨਾਂ ਨੂੰ ਅੱਗੇ ਵਧਣ ਦਿੱਤਾ ਜਾਵੇ। ਕਿਸਾਨਾਂ ਨੇ ਕਿਹਾ ਕਿ ਉਹਨਾਂ ਦੀ ਆਵਾਜ਼ ਨੂੰ ਇਨ੍ਹਾਂ ਲੋਹੇ ਅਤੇ ਪੱਥਰ ਦੀਆਂ ਰੁਕਾਵਟਾਂ ਨਾਲ ਦਬਾਇਆ ਨਹੀਂ ਜਾਣਾ ਚਾਹੀਦਾ।
ਐਸ ਪੀ ਅੰਬਾਲਾ ਸੁਰਿੰਦਰ ਸਿੰਘ ਭੋਰੀਆ ਨੇ ਕਿਸਾਨ ਆਗੂ ਦੇ ਤਰਕਾਂ ਨੂੰ ਦਰਕਿਨਾਰ ਕਰਦਿਆਂ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਅਤੇ 24 ਜੁਲਾਈ ਦੇ ਬਾਰਡਰ ਤੇ ਸਥਿਤੀ ਜਿਉਂ ਦੀ ਤਿਉਂ ਕਾਇਮ ਰੱਖਣ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਹਾਈ ਪਾਵਰ ਕਮੇਟੀ ਦੀ ਮੀਟਿੰਗ 3-4 ਦਿਨਾਂ ਵਿਚ ਹੋਣੀ ਹੈ ਅਤੇ ਅਗਲੀ ਸੁਣਵਾਈ 18 ਤਰੀਖ਼ ਦੀ ਰੱਖੀ ਗਈ ਹੈ। ਐਸ ਪੀ ਅੰਬਾਲਾ ਨੇ ਕਿਸਾਨਾਂ ਨੂੰ ਸ਼ਾਂਤਮਈ ਢੰਗ ਨਾਲ ਬੈਠਣ ਦੀ ਅਪੀਲ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਦਿੱਲੀ ਜਾਣ ਦੀ ਮਨਜ਼ੂਰੀ ਮਿਲੇਗੀ ਉਹ ਖੁਦ ਕਿਸਾਨਾਂ ਨੂੰ ਦਿੱਲੀ ਛੱਡ ਕੇ ਆਉਣਗੇ।
ਜਿਕਰਯੋਗ ਹੈ ਕਿ ਸ਼ੰਭੂ ਅਤੇ ਢਾਬੀ ਗੁਜਰਾਂ ਸਰਹੱਦਾਂ ਉੱਤੇ ਧਰਨਾ ਦੇ ਰਹੇ ਕਿਸਾਨਾਂ ਨੇ ਬਿਨਾਂ ਟਰੈਕਟਰਾਂ-ਟਰਾਲੀਆਂ ਤੋਂ ਸ਼ਾਂਤਮਈ ਢੰਗ ਨਾਲ ਪੈਦਲ ਦਿੱਲੀ ਕੂਚ ਕਰਨ ਦਾ ਫ਼ੈਸਲਾ ਕੀਤਾ ਸੀ, ਜਿਸ ਤਹਿਤ ਪਹਿਲਾਂ 6 ਦਸੰਬਰ ਨੂੰ 101 ਕਿਸਾਨ ਗਏ ਸਨ ਪਰ ਹਰਿਆਣਾ ਪੁਲੀਸ ਨੇ ਕਿਸਾਨਾਂ ਦੇ ਜਥੇ ਨੂੰ ਸ਼ੰਭੂ ਬਾਰਡਰ ਨਹੀਂ ਟੱਪਣ ਦਿੱਤਾ ਅਤੇ ਉਨ੍ਹਾਂ ਸਖ਼ਤੀ ਨਾਲ ਰੋਕ ਦਿੱਤਾ। ਇਸ ਤੋਂ ਬਾਅਦ 8 ਦਸੰਬਰ ਨੂੰ ਫਿਰ 101 ਕਿਸਾਨਾਂ ਦੇ ਜਥੇ ਨੇ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਪਰ ਇਸ ਕੋਸ਼ਿਸ਼ ਨੂੰ ਵੀ ਹਰਿਆਣਾ ਪੁਲੀਸ ਨੇ ਸਖ਼ਤੀ ਨਾਲ ਨਾਕਾਮ ਕਰ ਦਿੱਤਾ ਸੀ ਅਤੇ ਅੱਜ ਵੀ ਹਰਿਆਣਾ ਪੁਲੀਸ ਨੇ ਕਿਸਾਨ ਨੂੰ ਅੱਗੇ ਜਾਣ ਤੋਂ ਜਬਰੀ ਰੋਕ ਦਿੱਤਾ ਹੈ।
Mohali
ਨਿਗਮ ਵਲੋਂ ਕਰਵਾਏ ਜਾਂਦੇ ਕੰਮਾਂ ਦੀ ਕੁਆਲਿਟੀ ਨਾਲ ਨਹੀਂ ਹੋਵੇਗਾ ਸਮਝੌਤਾ, ਕੁਤਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ : ਮੇਅਰ ਜੀਤੀ ਸਿੱਧੂ
ਮੇਅਰ ਦੀ ਅਗਵਾਈ ਹੇਠ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ 70 ਕਰੋੜ 60 ਲੱਖ ਦੇ ਕੰਮਾਂ ਦੇ ਵਰਕ ਆਰਡਰ ਦਿੱਤੇ, 3 ਕਰੋੜ 62 ਲੱਖ ਦੇ ਨਵੇਂ ਵਿਕਾਸ ਕੰਮਾਂ ਦੇ ਐਸਟੀਮੇਟ ਵੀ ਕੀਤੇ ਪਾਸ
ਐਸ ਏ ਐਸ ਨਗਰ, 16 ਜਨਵਰੀ (ਸ.ਬ.) ਮੁਹਾਲੀ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ 70 ਕਰੋੜ 60 ਲੱਖ ਰੁਪਏ ਦੇ ਪਹਿਲਾਂ ਪਾਸ ਕੀਤੇ ਕੰਮਾਂ ਦੇ ਵਰਕ ਆਰਡਰ ਦਿੱਤੇ ਗਏ ਜਦੋਂ ਕਿ 3 ਕਰੋੜ 62 ਲੱਖ ਰੁਪਏ ਦੇ ਨਵੇਂ ਐਸਟੀਮੇਟ ਪਾਸ ਕੀਤੇ ਗਏ ਹਨ। ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਨਿਗਮ ਕਮਿਸ਼ਨਰ ਟੀ ਬੈਨਿਥ, ਕੌਂਸਲਰ ਮੈਂਬਰ ਜਸਬੀਰ ਸਿੰਘ ਮਣਕੂ ਅਤੇ ਅਨੁਰਾਧਾ ਅਨੰਦ ਅਤੇ ਹੋਰ ਅਧਿਕਾਰੀ ਸ਼ਾਮਿਲ ਹੋਏ।
ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਦੱਸਿਆ ਕਿ ਮੀਟਿੰਗ ਵਿੱਚ ਮੰਜੂਰ ਕੀਤੇ ਗਏ ਕੰਮਾਂ ਵਿੱਚ ਸੈਕਟਰ 74, 90-91 ਵਿਖੇ ਨਵੇਂ ਟਰੈਫਿਕ ਸਿਗਨਲ ਲਗਾਉਣ, ਸੈਕਟਰ 69 ਅਤੇ 70 ਦੇ ਕਮਿਊਨਿਟੀ ਸੈਂਟਰ ਦੀ ਰੈਨੋਵੇਸ਼ਨ ਕਰਨ, ਮੁਹਾਲੀ ਦੇ ਸ਼ਮਸ਼ਾਨ ਘਾਟ ਵਾਸਤੇ ਇੱਕ ਹੋਰ ਫਿਊਨਰਲ ਵੈਨ ਖਰੀਦਣ, ਨਗਰ ਨਿਗਮ ਵੱਲੋਂ ਚਲਾਈਆਂ ਜਾ ਰਹੀਆਂ ਲਾਈਬ੍ਰੇਰੀਆਂ ਸਮਾਜ ਭਲਾਈ ਸੰਸਥਾਵਾਂ ਦੇ ਹਵਾਲੇ ਕਰਨ, ਬਾਬਾ ਵਾਈਟ ਹਾਊਸ ਤੋਂ ਜਗਤਪੁਰਾ ਐਂਟਰੀ ਤੱਕ ਗ੍ਰੀਨ ਬੈਲਟਾਂ ਦੀ ਸਾਂਭ ਸੰਭਾਲ, ਸਿਲਵੀ ਪਾਰਕ ਵਿੱਚ ਯੋਗਾ ਸ਼ੈਡ ਬਣਾਉਣ, ਮੁਹਾਲੀ ਦੇ ਫੇਜ਼ ਅੱਠ ਬੀ ਵਿਚਲੇ ਡੰਪਿੰਗ ਪੁਆਇੰਟ ਵਿਖੇ ਸੋਲਿਡ ਵੇਸਟ ਮੈਨੇਜਮੈਂਟ ਦੇ ਕੰਮ, ਮਿਨੀ ਮਾਰਕੀਟ ਫੇਜ਼ 10 ਵਿੱਚ ਸ਼ੈਡ ਦੀ ਉਸਾਰੀ, ਜਗਤਪੁਰਾ ਡੰਪਿੰਗ ਪੁਆਇੰਟ ਵਿਖੇ ਸ਼ੈਡ ਦੀ ਉਸਾਰੀ ਵਰਗੇ ਪ੍ਰਮੁੱਖ ਕੰਮ ਸ਼ਾਮਿਲ ਹਨ।
ਮੇਅਰ ਵਲੋਂ ਸੈਨੀਟੇਸ਼ਨ ਬ੍ਰਾਂਚ ਦੇ ਅਧਿਕਾਰੀਆਂ ਨਾਲ ਮੀਟਿੰਗ
ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਉਪਰੰਤ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸੈਨੀਟੇਸ਼ਨ ਵਿਭਾਗ ਨਾਲ ਮੀਟਿੰਗ ਕੀਤੀ ਅਤੇ ਵਿਸ਼ੇਸ਼ ਤੌਰ ਤੇ ਮਕੈਨਿਕਲ ਸਵੀਪਿੰਗ ਕਰਨ ਵਾਲੇ ਠੇਕੇਦਾਰ ਨੂੰ ਮੀਟਿੰਗ ਵਿੱਚ ਸੱਦ ਕੇ ਹਦਾਇਤਾਂ ਦਿੱਤੀਆਂ। ਮੇਅਰ ਨੇ ਠੇਕੇਦਾਰ ਕੰਪਨੀ ਨੂੰ ਕਿਹਾ ਕਿ ਮੁੱਖ ਸੜਕਾਂ ਉੱਤੇ ਵਾਲ ਟੂ ਵਾਲ ਮਕੈਨਿਕਲ ਸਫਾਈ ਕਰਵਾਈ ਜਾਵੇ ਅਤੇ ਫੇਜ਼ 8 ਬੀ ਇੰਡਸਟਰੀ ਏਰੀਆ ਦੇ ਖੇਤਰ ਵਿੱਚ ਵੀ ਸਫਾਈ ਦਾ ਕੰਮ ਕੀਤਾ ਜਾਵੇ ਜੋ ਕਿ ਨਹੀਂ ਹੋ ਰਿਹਾ। ਠੇਕੇਦਾਰ ਕੰਪਨੀ ਦੇ ਨੁਮਾਇੰਦੇ ਵੱਲੋਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਭਰੋਸਾ ਵਿਸ਼ਵਾਸ਼ ਦਵਾਇਆ ਗਿਆ ਕਿ ਕੰਮ ਫੌਰੀ ਤੌਰ ਤੇ ਆਰੰਭ ਕਰਵਾ ਦਿੱਤੇ ਜਾਣਗੇ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਖੁਦ ਕੰਮਾਂ ਦੀ ਨਜ਼ਰਸ਼ਾਨੀ ਕਰਨ ਅਤੇ ਕੰਮਾਂ ਦੀ ਕੁਆਲਿਟੀ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
Punjab
17 ਜਨਵਰੀ ਨੂੰ ਰਿਲੀਜ਼ ਹੋ ਰਹੀ ਫਿਲਮ ‘ਐਮਰਜੈਂਸੀ’ ਨੂੰ ਪੰਜਾਬ ਵਿੱਚ ਰਿਲੀਜ਼ ਕੀਤੇ ਜਾਣ ਦੇ ਵਿਰੋਧ ਵਿੱਚ ਐੱਸ ਜੀ ਪੀ ਸੀ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਫ਼ਿਲਮ ਪ੍ਰਤੀ ਸਿੱਖਾਂ ਵਿੱਚ ਪਾਏ ਜਾ ਰਹੇ ‘ਰੋਸ ਤੇ ਰੋਹ’ ਦਿੱਤਾ ਹਵਾਲਾ
ਅੰਮ੍ਰਿਤਸਰ, 16 ਜਨਵਰੀ (ਸ.ਬ.) ਭਾਜਪਾ ਦੀ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਨੂੰ ਪੰਜਾਬ ਵਿੱਚ ਰਿਲੀਜ਼ ਕੀਤੇ ਜਾਣ ਦੇ ਵਿਰੋਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਸਬੰਧ ਵਿੱਚ ਇੱਕ ਪੱਤਰ ਭੇਜ ਕੇ ਇਸ ਫਿਲਮ ਤੇ ਸੂਬੇ ਵਿੱਚ ਰੋਕ ਲਗਾਉਣ ਦੀ ਮੰਗ ਕੀਤੀ ਹੈ। ਪੱਤਰ ਵਿੱਚ ਉਹਨਾਂ ਕਿਹਾ ਹੈ ਕਿ ਇਹ ਫਿਲਮ ਸਿੱਖਾਂ ਨੂੰ ਬਦਨਾਮ ਕਰਨ ਦੇ ਮੰਤਵ ਨਾਲ ਨੀਤੀਗਤ ਢੰਗ ਨਾਲ ਬਣਾਈ ਗਈ ਹੈ। ਉਨ੍ਹਾਂ ਸਾਫ਼ ਕਿਹਾ ਕਿ ਜੇ ਫਿਲਮ ਪੰਜਾਬ ਵਿਚ ਜਾਰੀ ਹੁੰਦੀ ਹੈ ਤਾਂ ਸ਼੍ਰੋਮਣੀ ਕਮੇਟੀ ਇਸ ਦਾ ਕਰੜਾ ਵਿਰੋਧ ਕਰੇਗੀ। ਇਹ ਫਿਲਮ ਭਲਕੇ 17 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ।
ਮੁੱਖ ਮੰਤਰੀ ਨੂੰ ਇਸ ਸਬੰਧੀ ਭੇਜੇ ਪੱਤਰ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਕੰਗਨਾ ਰਣੌਤ ਵੱਲੋਂ ਬਣਾਈ ਗਈ ਫ਼ਿਲਮ ‘ਐਮਰਜੈਂਸੀ’ ਭਲਕੇ 17 ਜਨਵਰੀ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਸਿਨੇਮਾ ਘਰਾਂ ਵਿੱਚ ਲੱਗਣ ਜਾ ਰਹੀ ਹੈ ਅਤੇ ਇਸ ਸਬੰਧੀ ਟਿਕਟਾਂ ਵੀ ਬੁੱਕ ਹੋਣੀਆਂ ਸ਼ੁਰੂ ਹੋ ਗਈਆਂ ਹਨ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਫਿਲਮ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਰੋਸ ਪ੍ਰਗਟ ਕਰਦਿਆਂ ਪੰਜਾਬ ਦੇ ਮੁੱਖ ਸਕੱਤਰ ਨੂੰ 14 ਨਵੰਬਰ 2024 ਨੂੰ ਇਤਰਾਜ਼ ਦਰਜ ਕਰਵਾਇਆ ਗਿਆ ਸੀ। ਇਸ ਸਬੰਧ ਵਿੱਚ ਅੰਤਰਿੰਗ ਕਮੇਟੀ ਵੱਲੋਂ ਪਾਸ ਕੀਤਾ ਗਿਆ ਮਤਾ ਵੀ ਭੇਜਿਆ ਗਿਆ ਸੀ। ਇਸ ਮਤੇ ਵਿਚ ਦੋਸ਼ ਲਾਇਆ ਗਿਆ ਹੈ ਕਿ ਇਹ ਫਿਲਮ ਸਿੱਖਾਂ ਨੂੰ ਬਦਨਾਮ ਕਰਨ ਦੇ ਮੰਤਵ ਨਾਲ ਨੀਤੀਗਤ ਢੰਗ ਨਾਲ ਬਣਾਈ ਗਈ ਹੈ। ਇਸ ਲਈ ਇਸ ਫਿਲਮ ਨੂੰ ਪੰਜਾਬ ਵਿੱਚ ਨਹੀਂ ਚੱਲਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਤੇ ਰਾਹੀਂ ਇਸ ਫਿਲਮ ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਆਪ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਹੁਣ ਤੱਕ ਕੋਈ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਜੇ 17 ਜਨਵਰੀ ਨੂੰ ਇਹ ਫਿਲਮ ਰਿਲੀਜ਼ ਹੁੰਦੀ ਹੈ, ਤਾਂ ਇਸ ਨਾਲ ਸਿੱਖ ਜਗਤ ਅੰਦਰ ਰੋਸ ਤੇ ਰੋਹ ਪੈਦਾ ਹੋਵੇਗਾ। ਉਨ੍ਹਾਂ ਲਿਖਿਆ ਹੈ ਕਿ ਇਸ ਫਿਲਮ ਵਿੱਚ ਸਾਕਾ ਨੀਲਾ ਤਾਰਾ ਸਮੇਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਤੇ ਕੀਤੇ ਗਏ ਫੌਜੀ ਹਮਲੇ ਦੇ ਨਾਲ ਨਾਲ ਸਿੱਖ ਕਤਲੇਆਮ ਅਤੇ ਨਸਲਕੁਸ਼ੀ ਦੇ ਮਾਮਲੇ ਵਿੱਚ ਵੀ ਸਿੱਖਾਂ ਖਿਲਾਫ ਜ਼ਹਿਰ ਉਗਲਣ ਦੀ ਭਾਵਨਾ ਨਾਲ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਮ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਵੀ ‘ਕਿਰਦਾਰਕੁਸ਼ੀ’ ਕੀਤੀ ਗਈ ਹੈ।
ਉਨ੍ਹਾਂ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਹੈ ਕਿ ਇਸ ਫਿਲਮ ਨੂੰ ਪੰਜਾਬ ਵਿੱਚ 17 ਜਨਵਰੀ ਨੂੰ ਜਾਰੀ ਹੋਣ ਤੋਂ ਤੁਰੰਤ ਰੋਕਿਆ ਜਾਵੇ। ਜੇ ਫਿਲਮ ਪੰਜਾਬ ਵਿੱਚ ਰਿਲੀਜ਼ ਹੁੰਦੀ ਹੈ ਤਾਂ ਇਸ ਦਾ ਸੂਬਾ ਪੱਧਰ ਉੱਤੇ ਸਖ਼ਤ ਵਿਰੋਧ ਕਰਨ ਲਈ ਮਜਬੂਰ ਹੋਣਗੇ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਪੱਤਰ ਮੁੱਖ ਮੰਤਰੀ ਦਫਤਰ ਤੋਂ ਇਲਾਵਾ ਪੰਜਾਬ ਦੇ ਮੁੱਖ ਸਕੱਤਰ, ਡੀਜੀਪੀ ਤੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤੇ ਹੋਰਨਾਂ ਨੂੰ ਵੀ ਭੇਜੇ ਗਏ ਹਨ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਇੱਕ ਪੱਤਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਸੌਂਪਿਆ ਗਿਆ ਹੈ।
Mohali
ਵਿਜੀਲੈਂਸ ਵਲੋਂ 50 ਹਜ਼ਾਰ ਰੁਪਏ ਰਿਸ਼ਵਤ ਸਮੇਤ ਗ੍ਰਿਫਤਾਰ ਮੁਲਜਮ 2 ਦਿਨ ਦੇ ਰਿਮਾਂਡ ਤੇ
ਈ.ਓ ਵਿੰਗ ਮੁਹਾਲੀ ਦਾ ਮੁਣਸ਼ੀ ਅਮ੍ਰਿਤਪਾਲ ਸਿੰਘ ਹਾਲੇ ਵੀ ਫਰਾਰ
ਐਸ.ਏ.ਐਸ.ਨਗਰ, 16 ਜਨਵਰੀ (ਜਸਬੀਰ ਸਿੰਘ ਜੱਸੀ) ਵਿਜੀਲੈਂਸ ਵਲੋਂ 50 ਹਜਾਰ ਰੁਪਏ ਦੀ ਰਿਸ਼ਵਤ ਸਮੇਤ ਗ੍ਰਿਫਤਾਰ ਕੀਤੇ ਗਏ ਪ੍ਰਾਈਵੇਟ ਵਿਅਕਤੀ ਗੁਰਪ੍ਰੀਤ ਸਿੰਘ ਨੂੰ ਅੱਜ ਮੁਹਾਲੀ ਦੀ ਇਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਵਲੋਂ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜਮ ਗੁਰਪ੍ਰੀਤ ਸਿੰਘ ਨੂੰ 2 ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ। ਇਸ ਮਾਮਲੇ ਵਿੱਚ ਨਾਮਜ਼ਦ ਈ.ਓ ਵਿੰਗ ਮੁਹਾਲੀ ਵਿੱਚ ਤੈਨਾਤ ਹੌਲਦਾਰ ਅਮ੍ਰਿਤਪਾਲ ਸਿੰਘ ਜੋ ਕਿ ਇਸ ਵਿੰਗ ਦਾ ਮੁਣਸ਼ੀ ਵੀ ਹੈ, ਹਾਲੇ ਵੀ ਵਿਜੀਲੈਂਸ ਦੀ ਗ੍ਰਿਫਤ ਤੋਂ ਬਾਹਰ ਹੈ।
ਵਿਜੀਲੈਂਸ ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਰਿਸ਼ਵਤ ਦੇ ਪੈਸਿਆਂ ਦੀ ਮੰਗ ਮੁਣਸ਼ੀ ਅਮ੍ਰਿਤਪਾਲ ਸਿੰਘ ਵਲੋਂ ਕੀਤੀ ਗਈ ਸੀ। ਵਿਜੀਲੈਂਸ ਮੁਤਾਬਕ ਸ਼ਿਕਾਇਤਕਰਤਾ ਅਸ਼ੋਕ ਕੁਮਾਰ ਵਾਸੀ ਸੈਕਟਰ 31 ਚੰਡੀਮੰਦਰ ਜਿਲਾ ਪੰਚਕੂਲਾ ਨੇ ਦਿੱਤੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਹ ਨਗਰ ਨਿਗਮ ਚੰਡੀਗੜ੍ਹ ਵਿਖੇ ਬਤੌਰ ਡਰਾਫਟਸਮੈਨ ਨੌਕਰੀ ਕਰ ਰਿਹਾ ਹੈ। ਉਸ ਦੀ ਭੈਣ ਗੀਤਾ ਸੱਗਰ ਪਿੰਡ ਦਿੱਗਲ ਤਹਿਸੀਲ ਨਾਲਾਗੜ੍ਹ ਵਲੋਂ ਉਸ ਸਮੇਤ ਹੋਰਾਂ ਵਿਰੁਧ ਮਕਾਨ ਨੰਬਰ 12,13,14 ਸੈਣੀ ਵਿਹਾਰ ਫੇਜ਼ 3 ਬਲਟਾਣਾ ਜਿਲਾ ਮੁਹਾਲੀ ਨੂੰ ਹੜੱਪਣ ਦੇ ਦੋਸ਼ਾਂ ਤਹਿਤ ਐਸ.ਐਸ.ਪੀ ਮੁਹਾਲੀ ਨੂੰ ਸ਼ਿਕਾਇਤ ਦਿੱਤੀ ਸੀ। ਇਸ ਸ਼ਿਕਾਇਤ ਸਬੰਧੀ ਈ.ਓ ਵਿੰਗ ਮੁਹਾਲੀ ਤੋਂ ਉਸ ਨੂੰ ਲਿਖਤੀ ਰੂਪ ਵਿੱਚ ਬੁਲਾਇਆ ਗਿਆ ਸੀ। ਉਹ ਕਿਸੇ ਕਾਰਨ ਈ.ਓ ਵਿੰਗ ਦੇ ਦਫਤਰ ਨਹੀਂ ਆ ਸਕਿਆ ਅਤੇ ਉਸ ਨੂੰ ਮੁੜ ਹੌਲਦਾਰ ਅਮ੍ਰਿਤਪਾਲ ਸਿੰਘ ਵਲੋਂ ਫੋਨ ਕਰਕੇ ਈ.ਓ ਵਿੰਗ ਬੁਲਾਇਆ ਗਿਆ। ਉਹ ਆਪਣੇ ਵਕੀਲ ਈ.ਓ ਵਿੰਗ ਮੁਹਾਲੀ ਪਹੁੰਚਿਆ ਤਾਂ ਉਸ ਨੂੰ ਹੌਲਦਾਰ ਅਮ੍ਰਿਤਪਾਲ ਸਿੰਘ ਮਿਲਿਆ, ਜਿਸ ਨੇ ਉਸ ਵਿਰੁਧ ਚੱਲ ਰਹੀ ਸ਼ਿਕਾਇਤ ਦਾ ਬਿਆਨ ਆਪਣੇ ਆਪਰੇਟਰ ਤੋਂ ਲਿਖਵਾਇਆ ਅਤੇ ਕਿਹਾ ਕਿ ਉਸ ਦਾ ਬਿਆਨ ਵਧੀਆ ਲਿਖ ਦਿੱਤਾ ਹੈ ਅਤੇ ਉਹ ਹੁਣ ਉਸ ਬਾਰੇ ਵੀ ਕੁਝ ਸੋਚੇ।
ਸ਼ਿਕਾਇਤਕਰਤਾ ਮੁਤਾਬਕ ਅਮ੍ਰਿਤਪਾਲ ਸਿੰਘ ਨੇ ਉਸ ਕੋਲੋਂ 50 ਹਜਾਰ ਰੁਪਏ ਦੀ ਰਿਸ਼ਵਤ ਮੰਗੀ ਅਤੇ ਕਿਹਾ ਕਿ ਜੇਕਰ ਰਿਸ਼ਵਤ ਨਾ ਦਿੱਤੀ ਗਈ ਤਾਂ ਉਸ ਖਿਲਾਫ ਕਾਰਵਾਈ ਹੋ ਸਕਦੀ ਹੈ। ਸ਼ਿਕਾਇਤਕਰਤਾ ਨੇ ਸਾਰੀ ਗੱਲ ਫੋਨ ਵਿੱਚ ਰਿਕਾਰਡ ਕਰ ਲਈ ਅਤੇ ਵਿਜੀਲੈਂਸ ਨੂੰ ਇਸ ਦੀ ਜਾਣਕਾਰੀ ਦਿੱਤੀ। ਵਿਜੀਲੈਂਸ ਨੇ ਟ੍ਰੈਪ ਲਗਾ ਕੇ ਗੁਰਪ੍ਰੀਤ ਸਿੰਘ ਨਾਂ ਦੇ ਵਿਅਕਤੀ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਕਾਬੂ ਕਰ ਲਿਆ, ਜਦੋਂ ਕਿ ਹੌਲਦਾਰ ਅਮ੍ਰਿਤਪਾਲ ਸਿੰਘ ਮੌਕੇ ਤੋਂ ਖਿਸਕ ਗਿਆ।
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali2 months ago
ਮੁਹਾਲੀ ਪੁਲੀਸ ਵੱਲੋਂ 150 ਗ੍ਰਾਮ ਹੈਰੋਇਨ ਸਮੇਤ 1 ਸਮਗਲਰ ਕਾਬੂ
-
Mohali2 months ago
ਸ਼ਹਿਰ ਨੂੰ ਸਫਾਈ ਪੱਖੋਂ ਬਿਹਤਰ ਬਣਾਉਣ ਲਈ ਨਿਵਾਸੀਆਂ ਦਾ ਸਹਿਯੋਗ ਜਰੂਰੀ : ਟੀ ਬੈਨਿਥ
-
National1 month ago
ਦੋ ਕਾਰਾਂ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਦੀ ਮੌਤ
-
Mohali2 months ago
ਇਪਟਾ, ਪੰਜਾਬ ਵੱਲੋਂ ਦਸਤਾਵੇਜ਼ੀ ਫਿਲਮ ‘ਪੋੜੀ’ ਦਾ ਪ੍ਰਦਰਸ਼ਨ
-
National2 months ago
ਬ੍ਰੇਕਾਂ ਫੇਲ੍ਹ ਹੋਣ ਕਾਰਨ ਐਚ ਆਰ ਟੀ ਸੀ ਬੱਸ ਘਰ ਨਾਲ ਟਕਰਾਈ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
National2 months ago
ਚੱਕਰਵਾਤੀ ਫੇਂਗਲ ਚੇਨਈ ਦੇ ਨੇੜੇ ਲੈਂਡਫਾਲ ਕਰਨ ਲਈ ਤਿਆਰ, ਅਲਰਟ ਜਾਰੀ