Punjab
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਤੇ ਰੋਕ, ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੂੰ ਸੌਂਪਿਆ ਚਾਰਜ
ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਗਠਿਤ, ਜਥੇਦਾਰ ਤੇ ਲੱਗੇ ਦੋਸ਼ਾਂ ਦੀ ਕਰੇਗੀ ਪੜਤਾਲ
ਲੁਧਿਆਣਾ, 19 ਦਸੰਬਰ (ਸ.ਬ.) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਉਚੇਚੀ ਇੱਕਤਰਤਾ ਵਲੋਂ ਫੈਸਲਾ ਲੈਂਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਤੇ ਰੋਕ ਲਗਾਉਂਦਿਆਂ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੂੰ ਚਾਰਜ ਸੌਂਪ ਦਿੱਤਾ ਹੈ।
ਗੁਰਦੁਆਰਾ ਦੇਗਸਰ ਸਾਹਿਬ ਕਟਾਣਾ (ਲੁਧਿਆਣਾ) ਵਿਖੇ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਹੋਈ ਇਕਤਰਤਾਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਸz: ਗੁਰਪ੍ਰੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਵੱਲੋਂ ਕੀਤੀ ਸ਼ਕਾਇਤ ਵਿੱਚ ਲਾਏ ਗਏ ਸੰਗੀਨ ਇਲਜਾਮਾਂ ਤੇ ਡੂੰਘਾ ਵਿਚਾਰ ਵਟਾਂਦਰਾ ਕੀਤਾ ਗਿਆ। ਇੱਕਤਰਤਾ ਵਿੱਚ ਹਾਜ਼ਰ ਮੈਂਬਰ ਸਾਹਿਬਾਨ ਦੀ ਰਾਏ ਤੋਂ ਬਾਅਦ ਪ੍ਰਵਾਨ ਹੋਇਆ ਕਿ ਸਿੰਘ ਸਾਹਿਬ ਦੇ ਅਹੁਦੇ ਦੇ ਮਾਣ-ਸਨਮਾਨ ਨੂੰ ਮੁੱਖ ਰੱਖਦਿਆਂ ਲੱਗੇ ਇਲਜ਼ਾਮਾਂ ਦੀ ਪੜਤਾਲ ਬਹੁਤ ਜਰੂਰੀ ਹੈ।
ਇਕੱਤਰਤਾ ਦੌਰਾਨ ਪਾਸ ਕੀਤੇ ਮਤੇ ਰਾਹੀਂ ਪੜਤਾਲ ਵਾਸਤੇ ਇੱਕ ਸਬ ਕਮੇਟੀ ਦਾ ਗਠਿਨ ਕੀਤਾ ਗਿਆ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜਨਰਲ ਸਕੱਤਰ ਸ. ਸ਼ੇਰ ਸਿੰਘ ਮੰਡਵਾਲਾ ਅਤੇ ਅੰਤ੍ਰਿਗ ਮੈਂਬਰ ਸ. ਦਲਜੀਤ ਸਿੰਘ ਭਿੰਡਰ ਨੂੰ ਸ਼ਾਮਲ ਕੀਤਾ ਗਿਆ। ਇਹ ਸਬ ਕਮੇਟੀ ਮੁਕੰਮਲ ਪੜਤਾਲ ਕਰਕੇ 15 ਦਿਨਾਂ ਵਿੱਚ ਆਪਣੀ ਰਿਪੋਰਟ ਪੇਸ਼ ਕਰੇਗੀ ਅਤੇ ਉਸ ਸਮੇਂ ਤੱਕ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਸਮੇਂ ਦਰਮਿਆਨ ਤਖਤ ਸ੍ਰੀ ਦਮਦਮਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਕਾਰਜਕਾਰੀ ਤੌਰ ਤੇ ਸੇਵਾਵਾਂ ਨਿਭਾਉਣਗੇ। ਅੰਤ੍ਰਿੰਗ ਕਮੇਟੀ ਵਿੱਚ ਇਹ ਵੀ ਫੈਸਲਾ ਹੋਇਆ ਕਿ ਪੜਤਾਲ ਦੀ ਰਿਪੋਰਟ ਤੇ ਫੈਸਲੇ ਆਉਣ ਤੱਕ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਤਖ਼ਤ ਸਾਹਿਬ ਦੇ ਅਧਿਕਾਰ ਖੇਤਰ ਵਾਲੀਆਂ ਸੇਵਾਵਾਂ ਨਿਭਾਉਣਗੇ।
ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਲਿਆਣ, ਜਨਰਲ ਸਕੱਤਰ ਸ. ਸ਼ੇਰ ਸਿੰਘ ਮੰਡਵਾਲਾ, ਅੰਤ੍ਰਿੰਗ ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ, ਸ. ਸੁਰਜੀਤ ਸਿੰਘ ਤੁਗਲਵਾਲ, ਸ. ਪਰਮਜੀਤ ਸਿੰਘ ਖ਼ਾਲਸਾ, ਸ. ਸੁਰਜੀਤ ਸਿੰਘ ਗੜ੍ਹੀ, ਸ. ਦਲਜੀਤ ਸਿੰਘ ਭਿੰਡਰ, ਸ. ਰਵਿੰਦਰ ਸਿੰਘ ਖ਼ਾਲਸਾ, ਸ. ਜਸਵੰਤ ਸਿੰਘ ਪੁੜੈਣ, ਸ. ਪਰਮਜੀਤ ਸਿੰਘ ਰਾਏਪੁਰ, ਸਕੱਤਰ ਸ ਪ੍ਰਤਾਪ ਸਿੰਘ, ਸੁਖਮਿੰਦਰ ਸਿੰਘ, ਨਿੱਜੀ ਸਕੱਤਰ ਸ. ਸ਼ਾਹਬਾਜ ਸਿੰਘ, ਇੰਚਾਰਜ ਸ. ਆਜ਼ਾਦਦੀਪ ਸਿੰਘ ਆਦਿ ਹਾਜ਼ਰ ਸਨ।
Mohali
ਪਿੰਡ ਸੋਹਾਣਾ ਵਿਖੇ 4 ਮੰਜਿਲਾ ਇਮਾਰਤ ਡਿੱਗਣ ਕਾਰਨ ਕਈ ਦਰਜਨ ਵਿਅਕਤੀ ਹੇਠਾਂ ਦੱਬੇ
ਪਿੰਡ ਵਾਸੀਆਂ ਦੀ ਮੱਦਦ ਨਾਲ ਮਲਬੇ ਹੇਠਾਂ ਦਬੇ ਵਿਅਕਤੀਆਂ ਦੀ ਭਾਲ ਜਾਰੀ, ਕਈ ਵਿਅਕਤੀਆਂ ਦੇ ਮਰਨ ਦਾ ਖਦਸਾ
ਐਸ.ਏ.ਐਸ.ਨਗਰ, 21 ਦਸੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਵਿਚਲੇ ਪਿੰਡ ਸੋਹਾਣਾ ਵਿੱਚ ਅੱਜ ਬਾਅਦ ਦੁਪਹਿਰ ਇਕ ਚਾਰ ਮੰਜਿਲਾ ਬਿਲਡਿੰਗ ਦੇ ਡਿੱਗਣ ਕਾਰਨ ਕਈ ਦਰਜਨ ਵਿਅਕਤੀਆਂ ਦੇ ਹੇਠਾਂ ਦਬ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਰਾਇਲ ਜਿਮ ਦੇ ਨਾਮ ਵਾਲੀ ਉਕਤ ਇਮਾਰਤ ਦੇ ਨਾਲ ਲਗਦੀ ਖਾਲੀ ਥਾਂ ਤੇ ਬੇਸਮੈਂਟ ਦੀ ਪੁਟਾਈ ਦਾ ਕੰਮ. ਚੱਲ ਰਿਹਾ ਸੀ ਅਤੇ ਰਾਇਲ ਜਿਮ ਵਾਲੀ ਇਮਾਰਤ ਦੇ ਡਿਗਣ ਦਾ ਕਾਰਨ ਉਸੇ ਬੇਸਮੈਂਟ ਦੀ ਪਟਾਈ ਦੱਸਿਆ ਜਾ ਰਿਹਾ ਹੈ। ਮੌਕੇ ਤੇ ਮੌਜੂਦ ਪਿੰਡ ਵਾਸੀਆਂ ਵਲੋਂ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਮੌਕੇ ਤੇ ਸਿਰਫ ਪੁਲੀਸ ਦੀ ਟੀਮ ਹੀ ਪਹੁੰਚੀ ਹੋਈ ਸੀ।
ਮੌਕੇ ਤੇ ਮੌਜੂਦ ਪਹਿਲਵਾਨ ਅਮਰਜੀਤ ਸਿੰਘ ਲਖਨੌਰ ਅਤੇ ਹੋਰਨਾਂ ਨੇ ਦੱਸਿਆ ਕਿ ਬਾਅਦ ਦੁਪਹਿਰ ਇਕ ਧਮਾਕੇ ਦੀ ਆਵਾਜ ਆਈ ਅਤੇ ਲੋਕ ਬਾਹਰ ਵੱਲ ਨੂੰ ਭੱਜੇ। ਉਹਨਾਂ ਦੱਸਿਆ ਕਿ ਰਾਇਲ ਜਿੰਮ ਵਾਲੀ ਇਮਾਰਤ ਕੁਝ ਹੀ ਸਕਿੰਟਾ ਵਿੱਚ ਮਲਬੇ ਵਿੱਚ ਤਬਦੀਲ ਹੋ ਗਈ। ਇਹ ਜਿੰਮ ਇਮਰਾਤ ਦੀਆਂ ਦੋ ਮੰਜਿਲਾ ਵਿੱਚ ਚੱਲ ਰਿਹਾ ਸੀ, ਜਦੋਂ ਕਿ ਉਪਰਲੀ ਮੰਜਿਲ ਤੇ ਇਕ ਟਿਊਸ਼ਨ ਸੈਂਟਰ ਦੱਸਿਆ ਜਾ ਰਿਹਾ ਹੈ। ਇਸ ਜਿੰਮ ਵਿਚ ਸ਼ਾਮ 4 ਵਜੇ ਦੇ ਕਰੀਬ ਲੋਕ ਜਿੰਮ ਕਰਨ ਲਈ ਪਹੁੰਚ ਜਾਂਦੇ ਹਨ।
ਇਸ ਸਬੰਧੀ ਪਿੰਡ ਦੇ ਵਸਨੀਕ ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ ਨੇ ਦੱਸਿਆ ਕਿ ਉਕਤ ਬਿਲਡਿੰਗ ਦੀ ਘਟਨਾ ਬੜੀ ਮੰਦਭਾਗੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪਿੰਡ ਵਾਸੀਆਂ ਦੀ ਮੱਦਦ ਨਾਲ ਬਿਲਡਿੰਗ ਦਾ ਮਲਬਾ ਹਟਾਇਆ ਜਾ ਰਿਹਾ ਹੈ। ਉਨ੍ਹਾਂ ਮੁਹਾਲੀ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਜਲਦ ਐਨ. ਡੀ. ਆਰ. ਐਫ ਦੀ ਟੀਮ ਸੱਦ ਕੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਿਆ ਜਾਵੇ।
ਮੌਕੇ ਤੇ ਪਹੁੰਚੇ ਡੀ. ਐਸ. ਪੀ. ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੌਕੇ ਤੇ ਫਾਇਰ ਬ੍ਰਿਗੇਡ ਅਤੇ ਐਬੂਲੈਂਸ ਦੀ ਟੀਮ ਮੌਜੂਦ ਹੈ, ਪਿੰਡ ਵਾਸੀਆਂ ਦੀ ਮੱਦਦ ਨਾਲ ਰਾਹਤ ਕਾਰਜ ਜਾਰੀ ਹਨ। ਉਹਨਾਂ ਕਿਹਾ ਕਿ ਪੁਲੀਸ ਦੇ 100 ਦੇ ਕਰੀਬ ਮੁਲਾਜਮ ਰਾਹਤ ਦੇ ਕੰਮ ਵਿੱਚ ਲੱਗੇ ਹੋਏ ਹਨ ਅਤੇ ਐਨ ਡੀ ਆਰ ਐਫ ਦੀ ਟੀਮ (ਜੋ ਚੰਡੀ ਮੰਦਰ ਤੋਂ ਚਲ ਚੁੱਕੀ ਹੈ) ਵੀ ਛੇਤੀ ਹੀ ਪਹੁੰਚ ਜਾਵੇਗੀ ਅਤੇ ਉਸਤੋਂ ਬਾਅਦ ਮਲਬੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਤੇਜ ਹੋ ਜਾਵੇਗਾ।
Punjab
ਪੰਜਾਬ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਵਲੋਂ ਦੋ ਗੈਂਗਸਟਰ ਕਾਬੂ
ਦੋ ਗਲਾਕ ਪਿਸਤੌਲ ਬਰਾਮਦ, ਗਿਰੋਹ ਦੇ ਬਾਕੀ ਮੈਂਬਰਾਂ ਨੂੰ ਕਾਬੂ ਕਰਨ ਲਈ ਯਤਨ ਜਾਰੀ
ਪਠਾਨਕੋਟ, 21 ਦਸੰਬਰ (ਸ.ਬ.) ਪੰਜਾਬ ਪੁਲੀਸ ਦੀ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਪਠਾਨਕੋਟ ਨੇ ਇੱਕ ਗੈਂਗਸਟਰ ਮਾਡਿਊਲ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਟੀਮਾਂ ਨੇ ਉਹਨਾਂ ਕੋਲੋਂ ਦੋ ਆਧੁਨਿਕ 9 ਐਮ.ਐਮ. ਗਲੋਕ ਪਿਸਤੌਲਾਂ ਸਮੇਤ ਚਾਰ ਮੈਗਜ਼ੀਨਾਂ ਅਤੇ 14 ਕਾਰਤੂਸ ਬਰਾਮਦ ਕੀਤੇ ਹਨ।
ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਨੀਲ ਕੁਮਾਰ ਉਰਫ਼ ਆਸ਼ੂ ਵਾਸੀ ਰਾਊਵਾਲ, ਬਟਾਲਾ ਅਤੇ ਦਿਲਪ੍ਰੀਤ ਸਿੰਘ ਉਰਫ਼ ਦਿਲ ਵਾਸੀ ਰਾਏਮਲ, ਬਟਾਲਾ ਵਜੋਂ ਹੋਈ ਹੈ। ਮੁਲਜ਼ਮ ਸੁਨੀਲ ਉਰਫ਼ ਆਸ਼ੂ ਅਪਰਾਧਿਕ ਪਿਛੋਕੜ ਵਾਲਾ ਮੁਲਜ਼ਮ ਹੈ ਅਤੇ ਉਸ ਖ਼ਿਲਾਫ਼ ਐਨ ਡੀ ਪੀ ਐਸ ਐਕਟ ਤਹਿਤ ਕੇਸ ਦਰਜ ਹੈ। ਉਹ ਬੀਤੀ 27 ਫਰਵਰੀ ਨੂੰ ਗੁਰਦਾਸਪੁਰ ਜੇਲ੍ਹ ਤੋਂ ਜ਼ਮਾਨਤ ਤੇ ਰਿਹਾਅ ਹੋਇਆ ਸੀ।
ਡੀ ਜੀ ਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲਗਾ ਹੈ ਕਿ ਮੁਲਜ਼ਮਾਂ ਨੂੰ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ਤੇ ਅੰਮ੍ਰਿਤਸਰ ਦੇ ਅਜਨਾਲਾ ਇਲਾਕੇ ਵਿੱਚੋਂ ਹਥਿਆਰਾਂ ਦੀ ਖੇਪ ਮਿਲੀ ਸੀ ਅਤੇ ਇਹ ਖੇਪ ਅੱਗੇ ਕਿਸੇ ਅਣਪਛਾਤੀ ਧਿਰ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਸਨ। ਉਹਨਾਂ ਅੱਗੇ ਦੱਸਿਆ ਕਿ ਹਥਿਆਰਾਂ ਦੇ ਸਰੋਤ ਦਾ ਪਤਾ ਲਗਾਉਣ ਅਤੇ ਨੈਟਵਰਕ ਵਿੱਚ ਸ਼ਾਮਲ ਹੋਰ ਸ਼ੱਕੀ ਵਿਅਕਤੀਆਂ ਦੀ ਪਛਾਣ ਲਈ ਜਾਂਚ ਜਾਰੀ ਹੈ।
ਇਸ ਸਬੰਧੀ ਏ ਆਈ ਜੀ (ਕਾਉਂਟਰ ਇੰਟੈਲੀਜੈਂਸ ਪਠਾਨਕੋਟ, ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਪੁਲੀਸ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਸੁਨੀਲ ਕੁਮਾਰ ਅਤੇ ਦਿਲਪ੍ਰੀਤ ਸਿੰਘ ਕੁਝ ਅਣਪਛਾਤੇ ਗੈਂਗਸਟਰਾਂ ਦੇ ਸੰਪਰਕ ਵਿੱਚ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਕੋਲੋਂ ਹਥਿਆਰਾਂ ਅਤੇ ਗੋਲੀ-ਸਿੱਕੇ ਦੀ ਇੱਕ ਖੇਪ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ਤੇ ਸੀਆਈ ਪਠਾਨਕੋਟ ਦੀਆਂ ਟੀਮਾਂ ਨੇ ਜਾਲ ਵਿਛਾ ਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕਰ ਲਿਆ।
ਇਸ ਸਬੰਧੀ ਪੁਲੀਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ, ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25 ਅਤੇ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 61 (2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਵਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।
Chandigarh
ਟਿਕਾਊ ਭਵਿੱਖ ਲਈ ਰਵਾਇਤੀ ਈਂਧਨ ਤੇ ਨਿਰਭਰਤਾ ਘਟਾਉਣ ਦੀ ਦਿਸ਼ਾ ਵਿੱਚ ਉਪਰਾਲੇ ਕਰ ਰਿਹਾ ਹੈ ਪੰਜਾਬ : ਅਮਨ ਅਰੋੜਾ
ਚੰਡੀਗੜ੍ਹ, 21 ਦਸੰਬਰ (ਸ.ਬ.) ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਵੱਲੋਂ ਰਵਾਇਤੀ ਈਂਧਨ ਤੇ ਨਿਰਭਰਤਾ ਨੂੰ ਘਟਾਉਣ ਅਤੇ ਗਰੀਨ ਊਰਜਾ ਵੱਲ ਤਬਦੀਲੀ ਕਰਨ ਸਬੰਧੀ ਰਣਨੀਤੀ ਤੇ ਕੰਮ ਕੀਤਾ ਜਾ ਰਿਹਾ ਹੈ। ਇੱਥੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਬਿਊਰੋ ਆਫ ਐਨਰਜੀ ਐਫੀਸ਼ੈਂਸੀ, ਬਿਜਲੀ ਮੰਤਰਾਲੇ ਦੇ ਸਹਿਯੋਗ ਨਾਲ ਸੂਬਾ ਪੱਧਰੀ ਊਰਜਾ ਸੰਭਾਲ ਦਿਵਸ ਮਨਾਉਣ ਲਈ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਕੂਲਾਂ ਸਮੇਤ 1000 ਤੋਂ ਵੱਧ ਸਰਕਾਰੀ ਇਮਾਰਤਾਂ ਨੂੰ ਊਰਜਾ ਕੁਸ਼ਲ ਬਣਾ ਕੇ 6800 ਮੈਗਾਵਾਟ ਨੂੰ ਨਵਿਆਉਣਯੋਗ ਊਰਜਾ ਵੱਲ ਸਫ਼ਲਤਾਪੂਰਵਕ ਤਬਦੀਲ ਕੀਤਾ ਹੈ। 6200 ਮੈਗਾਵਾਟ ਨੂੰ ਨਵਿਆਉਣਯੋਗ ਊਰਜਾ ਵਿੱਚ ਤਬਦੀਲ ਕਰਨ ਸਬੰਧੀ ਇੱਕ ਹੋਰ ਪ੍ਰੋਜੈਕਟ ਪ੍ਰਕਿਰਿਆ ਅਧੀਨ ਹੈ। ਇਸ ਤੋਂ ਇਲਾਵਾ ਸੂਬੇ ਵਿੱਚ 2.16 ਲੱਖ ਊਰਜਾ ਕੁਸ਼ਲ ਬੀ.ਈ.ਈ. 4 ਸਟਾਰ ਰੇਟਿੰਗ ਵਾਲੇ ਖੇਤੀ ਪੰਪ-ਸੈਟ ਲਗਾਏ ਗਏ ਹਨ। ਸੂਬੇ ਵਿੱਚ 750 ਤੋਂ ਵੱਧ ਇਮਾਰਤਾਂ ਈ.ਸੀ.ਬੀ.ਸੀ. ਅਨੁਕੂਲ ਹਨ।
ਉਹਨਾਂ ਕਿਹਾ ਕਿ ਪੁਰਾਣੀ ਕਹਾਵਤ ਹੈ ਕਿ ਪੈਸੇ ਦੀ ਬੱਚਤ ਕਰਕੇ ਵੀ ਪੈਸਾ ਕਮਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਊਰਜਾ ਦੀ ਬੱਚਤ ਕਰਨਾ ਹੀ ਊਰਜਾ ਪੈਦਾ ਕਰਨਾ ਹੈ। ਇਸ ਦੌਰਾਨ ਉਨ੍ਹਾਂ ਨੇ ਊਰਜਾ ਕੁਸ਼ਲਤਾ ਤਕਨਾਲੋਜੀ ਅਤੇ ਊਰਜਾ ਸੰਭਾਲ ਦਿਵਸ ਸਮਾਰੋਹ ਬਾਰੇ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ।
ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਜੋਏ ਕੁਮਾਰ ਸਿਨਹਾ ਨੇ ਬਿਜਲੀ ਦੀ ਮੰਗ ਅਤੇ ਸਪਲਾਈ ਵਿਚਕਾਰਲੇ ਪਾੜੇ ਨੂੰ ਪੂਰਨ ਲਈ ਸੂਬੇ ਵਿੱਚ ਊਰਜਾ ਦੀ ਸੰਭਾਲ ਅਤੇ ਊਰਜਾ ਕੁਸ਼ਲਤਾ ਦੀ ਲੋੜ ਤੇ ਜ਼ੋਰ ਦੇਣ ਦੇ ਨਾਲ-ਨਾਲ ਨਵਿਆਉਣਯੋਗ ਊਰਜਾ ਸਰੋਤਾਂ ਨੂੰ ਅਪਣਾਉਣ ਅਤੇ ਊਰਜਾ ਸੰਭਾਲ ਤੇ ਊਰਜਾ ਕੁਸ਼ਲਤਾ ਉਪਾਵਾਂ ਦੀ ਸਮਝਦਾਰੀ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ।
ਪੇਡਾ ਦੇ ਡਾਇਰੈਕਟਰ ਸ੍ਰੀ ਐਮ.ਪੀ. ਸਿੰਘ ਨੇ ਵੱਖ-ਵੱਖ ਖੇਤਰਾਂ ਵਿੱਚ ਊਰਜਾ ਸੰਭਾਲ ਅਤੇ ਸਵੱਛ ਊਰਜਾ ਦੀ ਮਹੱਤਤਾ ਬਾਰੇ ਹਾਜ਼ਰੀਨਾਂ ਨੂੰ ਜਾਣਕਾਰੀ ਦਿੰਦਿਆਂ ਸੂਬੇ ਵਿੱਚ ਊਰਜਾ ਸੰਭਾਲ ਪ੍ਰੋਗਰਾਮਾਂ ਤਹਿਤ ਕੀਤੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ। ਇਸ ਸੂਬਾ ਪੱਧਰੀ ਊਰਜਾ ਸੰਭਾਲ ਦਿਵਸ ਦੇ ਸਮਾਗਮ ਵਿੱਚ ਜੀ. ਆਰ. ਆਈ. ਐਚ. ਏ. ਕੌਂਸਲ ਦੇ ਡਿਪਟੀ ਸੀ ਈ ਓ ਸ਼ਬਨਮ ਬੱਸੀ, ਵੀ ਪੀ ਬਿਜ਼ਨਸ ਡਿਵੈਲਪਮੈਂਟ ਗਲੋਬਲ ਨੈਟਵਰਕ ਫਾਰ ਜ਼ੀਰੋ ਦੇ ਗੌਰਵ ਮੁਖੀਜਾ, ਪੀ. ਐਸ. ਪੀ. ਸੀ. ਐਲ., ਜਲ ਸਪਲਾਈ ਅਤੇ ਸੈਨੀਟੇਸ਼ਨ, ਲੋਕ ਨਿਰਮਾਣ ਵਿਭਾਗ, ਸਥਾਨਕ ਸਰਕਾਰਾਂ, ਸਿਹਤ, ਮੈਡੀਕਲ ਸਿੱਖਿਆ ਤੇ ਖੋਜ, ਗਮਾਡਾ ਸਮੇਤ ਹੋਰ ਭਾਈਵਾਲ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
-
International2 months ago
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰੱਖਿਆ ਮੰਤਰੀ ਯੋਵ ਗੈਲੈਂਟ ਨੂੰ ਬਰਖਾਸਤ ਕੀਤਾ
-
International2 months ago
ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਜਿੱਤਿਆ ਡਬਲਯੂ ਬੀ ਐਫ ਵਿਸ਼ਵ ਖਿਤਾਬ
-
International2 months ago
ਮੂਧੇ ਮੂੰਹ ਡਿੱਗਾ ਸ਼ੇਅਰ ਬਾਜ਼ਾਰ, ਸੈਂਸੈਕਸ 900 ਤੋਂ ਵੱਧ ਅੰਕ ਟੁੱਟਿਆ, ਨਿਫਟੀ 23,995 ਤੇ ਬੰਦ
-
Chandigarh2 months ago
ਕੈਨੇਡਾ ਦੇ ਮੰਦਰ ਵਿੱਚ ਸ਼ਰਧਾਲੂਆਂ ਤੇ ਹਮਲੇ ਦੀ ਵੱਖ-ਵੱਖ ਆਗੂਆਂ ਵੱਲੋਂ ਨਿੰਦਾ
-
Mohali2 months ago
4 ਸਾਲ ਬਾਅਦ ਆਰੰਭ ਹੋਈ ਮੁਲਤਾਨੀ ਅਗਵਾ ਮਾਮਲੇ ਦੀ ਸੁਣਵਾਈ
-
International1 month ago
ਪਾਕਿਸਤਾਨ ਦੇ ਰੇਲਵੇ ਸਟੇਸ਼ਨ ਤੇ ਹੋਏ ਧਮਾਕੇ ਵਿੱਚ 24 ਵਿਅਕਤੀਆਂ ਦੀ ਮੌਤ, 46 ਜ਼ਖ਼ਮੀ
-
International2 months ago
ਹਵਾ ਪ੍ਰਦੂਸ਼ਣ ਕਾਰਨ ਲਹਿੰਦੇ ਪੰਜਾਬ ਦੇ ਸਕੂਲ ਇੱਕ ਹਫਤੇ ਲਈ ਬੰਦ
-
Mohali2 months ago
68 ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 5 ਤੋਂ 9 ਨਵੰਬਰ ਤੱਕ