Mohali
ਪੰਜਾਬ ਗੌਰਮਿੰਟ ਪੈਨਸ਼ਨਰਜ ਐਸੋਸੀਏਸ਼ਨ ਦੀ ਜਿਲ੍ਹਾ ਇਕਾਈ ਨੇ ਰੋਸ ਦਿਵਸ ਵਜੋਂ ਮਨਾਇਆ ਪੈਨਸ਼ਨਰਜ ਦਿਵਸ
ਐਸ ਏ ਐਸ ਨਗਰ, 20 ਦਸੰਬਰ (ਸ.ਬ.) ਪੰਜਾਬ ਗੌਰਮਿੰਟ ਪੈਨਸ਼ਨਰਜ ਐਸੋਸੀਏਸ਼ਨ ਦੀ ਜਿਲ੍ਹਾ ਇਕਾਈ ਨੇ ਪੈਨਸ਼ਨਰਜ ਦਿਵਸ ਰੋਸ ਦਿਵਸ ਵਜੋਂ ਮਨਾਇਆ। ਇਸ ਮੌਕੇ ਪੰਜਾਬ ਗੌਰਮਿੰਟ ਪੈਨਸ਼ਨਰ ਜੁਆਂਇੰਟ ਫਰੰਟ ਅਤੇ ਪੰਜਾਬ ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਕਨਵੀਨਰਾਂ ਨਾਲ ਮੁੱਖ ਮੰਤਰੀ ਵੱਲੋਂ ਬਾਰ ਬਾਰ ਸਮਾਂ ਦੇ ਕੇ ਮੀਟਿੰਗ ਨਾ ਕਰਨ, ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸਾਂ ਅਨੁਸਾਰ ਪੈਨਸ਼ਨਰਾਂ ਦੀ ਪੈਨਸ਼ਨ 2.59 ਗੁਣਾਂਕ ਨਾਲ ਨਾ ਸੋਧਣ, 1-1-2016 ਤੋਂ 30-6-2021 ਦੇ ਸਮੇਂ ਦਾ ਪੈਨਸ਼ਨ ਦਾ ਬਕਾਇਆ ਅਤੇ 30-11-2024 ਤੱਕ 252 ਮਹੀਨੇ ਦਾ ਪੈਂਡਿੰਗ ਡੀਏ ਦਾ ਬਕਾਇਆ ਅਦਾ ਨਾ ਕਰਨ ਕਾਰਣ ਰੋਸ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਗੌਰਮਿੰਟ ਪੈਨਸ਼ਨਰਜ ਐਸੋਸੀਏਸ਼ਨ, ਜਿਲਾ ਐਸ.ਏ.ਐਸ.ਨਗਰ ਦੇ ਪ੍ਰਧਾਨ ਜਰਨੈਲ ਸਿੰਘ ਸਿੱਧੂ, ਡਾ. ਐਨ. ਕੇ. ਕਲਸੀ, ਮੂਲਰਾਜ ਸ਼ਰਮਾ, ਸੁੱਚਾ ਸਿੰਘ ਕਲੌੜ, ਮਹਿੰਦਰ ਸਿੰਘ, ਰਵਿੰਦਰ ਕੌਰ ਗਿੱਲ, ਹਰਜਿੰਦਰ ਕੌਰ ਆਦਿ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਵਲੋਂ ਮੁਲਾਜਮਾਂ ਤੇ ਪੈਨਸ਼ਨਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ, ਜਿਸ ਕਾਰਣ ਮੁਹਾਲੀ ਜਿਲੇ ਦੇ ਪੈਨਸ਼ਨਰਾਂ ਵੱਲੋਂ ਪੈਨਸ਼ਨਰਜ ਦਿਵਸ ਨੂੰ ਰੋਸ ਦਿਵਸ ਦੇ ਤੌਰ ਤੇ ਮਨਾਇਆ ਗਿਆ ਹੈ।
ਸਮਾਗਮ ਵਿੱਚ ਸਟੇਟ ਬੈਂਕ ਆਫ ਇੰਡੀਆ ਸੀ ਪੀ ਪੀ ਸੀ, ਪੰਚਕੂਲਾ ਦੀ ਏ ਜੀ ਐਮ ਅਨੀ ਕਾਮਦੀ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਚੀਫ ਮੈਨੇਜਰ ਸ੍ਰੀ ਅਵਤਾਰ ਸਿੰਘ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਿਲ ਹੋਏ ਅਤੇ ਪੈਨਸ਼ਨਰਾਂ ਵੱਲੋਂ ਉਹਨਾਂ ਨੂੰ ਪੇਸ਼ ਆ ਰਹੀਆਂ ਸਮਸਿਆਵਾਂ ਦਾ ਜਿਕਰ ਕੀਤਾ ਗਿਆ। ਇਸ ਮੌਕੇ 80 ਸਾਲ ਦੇ ਬਜੁਰਗ ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪੈਨਸ਼ਨਰਜ ਮਨਿਸਟੀਰੀਅਲ ਯੂਨੀਅਨ ਦੇ ਸੂਬਾ ਪ੍ਰਧਾਨ ਸੁਸ਼ੀਲ ਕੁਮਾਰ, ਪੰਜਾਬ ਰਾਜ ਪੈਨਸ਼ਨਰਜ ਮਹਾਸੰਘ ਦੇ ਲੁਧਿਆਣਾ ਦੇ ਪ੍ਰਧਾਨ ਪਵਿੱਤਰ ਸਿੰਘ, ਸਮਰਾਲਾ ਤੋਂ ਗੁਰਚਰਨ ਸਿੰਘ, ਭੁਪਿੰਦਰ ਸਿੰਘ ਪ੍ਰਧਾਨ ਸੀਟੀਯੂ ਵਰਕਰ ਯੂਨੀਅਨ ਤੇ ਜਨਰਲ ਸਕੱਤਰ ਗੁਰਬਚਨ ਸਿੰਘ, ਪੰਜਾਬ ਸੁਬਾਰਡੀਨੇਟ ਕਰਮਚਾਰੀ ਫੈਡਰੇਸ਼ਨ ਦੇ ਵਧੀਕ ਜਨਰਲ ਸਕੱਤਰ ਕਰਤਾਰ ਸਿੰਘ ਪਾਲ, ਸੁਰਿੰਦਰ ਸਿੰਘ, ਪ੍ਰੇਮ ਚੰਦ ਸ਼ਰਮਾ, ਕੁਲਦੀਪ ਸਿੰਘ ਜਾਂਗਲਾ, ਭੁਪਿੰਦਰ ਸਿੰਘ ਬਲ, ਪ੍ਰੇਮ ਸਿੰਘ, ਪ੍ਰਿਤਪਾਲ ਸਿੰਘ, ਰਜਿੰਦਰ ਕੌਰ, ਰਜਿੰਦਰ ਪਾਲ ਸ਼ਰਮਾ, ਗੁਰਮੁੱਖ ਸਿੰਘ, ਯੋਗੇਸ਼ ਅੱਗਰਵਾਲ ਆਦਿ ਆਗੂ ਹਾਜਰ ਸਨ। ਸਟੇਜ ਦੀ ਕਾਰਵਾਈ ਗੁਰਬਖਸ਼ ਸਿੰਘ ਵੱਲੋਂ ਨਿਭਾਈ ਗਈ। ਅੰਤ ਵਿੱਚ ਪ੍ਰਧਾਨ ਜਰਨੈਲ ਸਿੰਘ ਸਿੱਧੂ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।
Mohali
ਜਿਲ੍ਹਾ ਐਸ.ਏ.ਐਸ.ਨਗਰ ਰਿਹਾ ਬੰਦ, ਕਿਸਾਨਾਂ ਨੇ ਏਅਰਪੋਰਟ ਰੋਡ ਸਮੇਤ ਦੋ ਟੋਲ ਪਲਾਜੇ ਅਤੇ ਕਈ ਸੜਕਾਂ ਕੀਤੀਆਂ ਜਾਮ
ਮੁਹਾਲੀ, ਖਰੜ, ਡੇਰਾਬਸੀ ਦੇ ਬਾਜ਼ਾਰ ਰਹੇ ਬੰਦ, ਸਰਕਾਰੀ ਕਰਮਚਾਰੀਆਂ ਨੇ ਵੀ ਕੰਮ ਬੰਦ ਕਰਕੇ ਧਰਨੇ ਨੂੰ ਦਿੱਤਾ ਸਮਰਥਨ
ਐਸ ਏ ਐਸ ਨਗਰ, 30 ਦਸੰਬਰ (ਜਸਬੀਰ ਸਿੰਘ ਜੱਸੀ) ਕਿਸਾਨ ਯੂਨੀਅਨਾਂ ਵਲੋਂ ਅੱਜ ਪੰਜਾਬ ਬੰਦ ਦੇ ਦਿੱਤੇ ਸੱਦੇ ਦੇ ਤਹਿਤ ਮੁਹਾਲੀ ਵਿਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਦੌਰਾਨ ਕਿਸਾਨਾਂ ਵਲੋਂ ਏਅਰਪੋਰਟ ਰੋਡ ਸਮੇਤ ਕਈ ਹੋਰਨਾਂ ਸੜਕਾਂ ਜਿਵੇਂ ਕਿ ਸੈਕਟਰ 82 ਵਿਚਲਾ ਰੇਲਵੇ ਪੁਲ, ਸੀ.ਪੀ 67 ਵਾਲੀ ਸੜਕ , ਕੋਰਟ ਕੰਪਲੈਕਸ ਦੇ ਨਜ਼ਦੀਕ ਪੈਂਦੇ ਪਿੰਡ ਲਖਨੌਰ ਤੋਂ ਲਾਂਡਰਾ ਵੱਲ ਜਾਂਦੀ ਸੜਕ, ਗੁਰਦੁਆਰਾ ਸਿੰਘ ਸ਼ਹੀਦਾਂ ਵਾਲੀ ਸੜਕ ਸਮੇਤ ਲਾਂਡਰਾ ਰੋਡ ਅਤੇ ਟੀ ਡੀ ਆਈ ਸਿਟੀ ਸੈਕਟਰ 117 ਦੇ ਪੁਲ ਤੇ ਵੀ ਟ੍ਰਾਲੀਆਂ ਲਗਾ ਕੇ ਸੜਕਾਂ ਨੂੰ ਬੰਦ ਕਰਕੇ ਆਵਾਜਾਈ ਰੋਕ ਦਿੱਤੀ ਗਈ ਜਿਸ ਕਾਰਨ ਕਈ ਥਾਵਾਂ ਤੇ ਲੋਕ ਪਰੇਸ਼ਾਨ ਹੁੰਦੇ ਵੀ ਦਿਖੇ। ਇਸ ਦੌਰਾਨ ਕਿਸਾਨਾਂ ਵਲੋਂ ਜਾਮ ਦੌਰਾਨ ਐਂਬੂਲੈਂਸਾਂ, ਮਰੀਜਾਂ, ਵਿਆਹ ਸ਼ਾਦੀ ਅਤੇ ਨੌਕਰੀ ਦੀ ਇੰਟਵਿਊ ਲਈ ਜਾਣ ਵਾਲਿਆਂ ਅਤੇ ਅਤਿ ਜਰੂਰੀ ਕੰਮ ਕਾਰ ਵਾਲਿਆਂ ਨੂੰ ਜਾਣ ਲਈ ਰਾਹ ਦਿੱਤਾ ਜਾਂਦਾ ਰਿਹਾ ਅਤੇ ਕੁੱਝ ਥਾਂਵਾ ਤੇ ਰਾਹਗੀਰਾਂ ਨਾਲ ਕਿਸਾਨਾਂ ਦੀ ਨੋਕ ਝੋਕ ਦੇਖਣ ਨੂੰ ਵੀ ਮਿਲੀ।
ਮੁਹਾਲੀ ਸ਼ਹਿਰ ਵਿੱਚ ਸਿਰਫ ਮੈਡੀਕਲ ਨਾਲ ਸਬੰਧਤ ਦੁਕਾਨਾਂ ਨੂੰ ਛੱਡ ਕੇ ਬਾਕੀ ਬਾਜਾਰ ਬੰਦ ਰਿਹਾ। ਇਸ ਦੌਰਾਨ ਕਿਸਾਨ ਬਲੈਰੋ ਜੀਪ ਅਤੇ ਟਰੈਕਟਰਾਂ ਉਤੇ ਦੁਕਾਨਾਂ ਬੰਦ ਰੱਖਣ ਦੀ ਅਪੀਲ ਕਰਦੇ ਘੁੰਮਦੇ ਨਜਰ ਆਏ।
ਕਿਸਾਨਾਂ ਦੇ ਸਮਰਥਨ ਵਿੱਚ ਡਿਪਟੀ ਕਮਿਸ਼ਨਰ ਮੁਹਾਲੀ ਦਫਤਰ ਦੇ ਕਰਮਚਾਰੀਆਂ ਵਲੋਂ ਵੱਖ ਵੱਖ ਧਰਨਿਆਂ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਐਮਰਜੈਂਸੀ ਡਿਊਟੀ ਦੌਰਾਨ ਇੱਕਾ ਦੁੱਕਾ ਪਹੁੰਚੇ ਕਰਮਚਾਰੀਆਂ ਵਲੋਂ ਦਫਤਰੀ ਕੰਮ ਕਾਜ ਬੰਦ ਰੱਖਿਆ ਗਿਆ।
ਖਰੜ ਵਿੱਚ ਵੀ ਲਗਾਇਆ ਜਾਮ, ਪੂਰਨ ਤੌਰ ਤੇ ਬਜਾਰ ਅਤੇ ਸਰਕਾਰੀ ਦਫਤਰ ਰਹੇ ਬੰਦ
ਕਿਸਾਨ ਯੂਨੀਅਨਾਂ ਵਲੋਂ ਦਿੱਤੇ ਗਏ ਅੱਜ ਦੇ ਬੰਦ ਦੇ ਸੱਦੇ ਦੇ ਸਬੰਧ ਵਿੱਚ ਕਿਸਾਨਾਂ ਵਲੋਂ ਖਰੜ ਮੁਹਾਲੀ ਰੋਡ ਤੇ ਪੈਂਦੇ ਗੋਪਾਲ ਸਵੀਟਸ ਦੇ ਸਾਹਮਣੇ ਵਾਲੀ ਸੜਕ, ਪਿੰਡ ਦੇਸੂ ਮਾਜਰਾ ਤੋਂ ਖਰੜ ਵੱਲ ਜਾਂਦੀ ਸੜਕ, ਖਰੜ ਬੱਸ ਸਟੈਂਡ ਟੀ.ਪੁਆਇੰਟ, ਭਾਗੋਮਾਜਰਾ ਟੋਲ ਪਲਾਜਾ ਅਤੇ ਪਡਿਆਲਾ ਰੋਡ ਜੋ ਕਿ ਖਰੜ, ਰੋਪੜ ਰੋਡ ਅਤੇ ਮੋਰਿੰਡਾ ਲੁਧਿਆਣਾ ਰੋਡ ਨੂੰ ਜੋੜਦੀ ਹੈ ਤੇ ਵੀ ਜਾਮ ਲਗਾਇਆ ਗਿਆ। ਖਰੜ ਸ਼ਹਿਰ ਦੇ ਬਜਾਰ ਵੀ ਬੰਦ ਦਿਖੇ ਅਤੇ ਖਰੜ ਐਸ. ਡੀ. ਐਮ ਦਫਤਰ, ਤਹਿਸੀਲ ਦਫਤਰ ਅਤੇ ਪਟਵਾਰ ਖਾਨਾ ਦੇ ਕਰਮਚਾਰੀਆਂ ਵਲੋਂ ਧਰਨੇ ਵਿੱਚ ਸ਼ਾਮਲ ਹੋ ਕੇ ਆਪਣਾ ਸਮਰਥਨ ਦਿੱਤਾ ਗਿਆ।
ਇਸ ਦੌਰਾਨ ਖਰੜ ਬੱਸ ਸਟੈਂਡ ਉੱਤੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪਰੈਸ ਸਕੱਤਰ ਮੇਹਰ ਸਿੰਘ ਥੇੜੀ ਦੀ ਅਗਵਾਈ ਵਿੱਚ ਧਰਨਾ ਲਗਾਇਆ ਗਿਆ ਜਿਸ ਵਿੱਚ ਕਿਸਾਨ ਯੂਨੀਅਨ ਲੱਖੋਵਾਲ ਤੇ ਹੋਰ ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਜਥੇਬੰਦੀਆਂ, ਟਰਾਂਸਪੋਰਟ ਜਥੇਬੰਦੀਆਂ, ਬਿਜਲੀ ਬੋਰਡ ਦੇ ਸਮੁੱਚੇ ਕਰਮਚਾਰੀ ਸਭ ਵਪਾਰ ਮੰਡਲਾਂ ਸਮੇਤ ਸਮੁੱਚਾ ਭਾਈਚਾਰਾ ਸ਼ਾਮਿਲ ਹੋਇਆ। ਇਸ ਮੌਕੇ ਬੁਲਾਰਿਆਂ ਵੱਲੋਂ ਮੋਦੀ ਸਰਕਾਰ ਵੱਲੋਂ ਕਿਸਾਨੀ ਮੰਗਾਂ ਵੱਲ ਧਿਆਨ ਨਾ ਦੇਣ ਤੇ ਸਰਕਾਰ ਦੀ ਸਖਤ ਨਿਖੇਧੀ ਕੀਤੀ ਗਈ।
ਇਸ ਮੌਕੇ ਜਸਪਾਲ ਸਿੰਘ ਨਿਆਮੀਆਂ ਜਨਰਲ ਸਕੱਤਰ ਲੱਖੋਵਾਲ, ਦਵਿੰਦਰ ਸਿੰਘ ਦੇਹ ਕਲਾਂ ਪ੍ਰਧਾਨ ਲੱਖੋਵਾਲ, ਰਵਿੰਦਰ ਸਿੰਘ ਦੇਹ ਕਲਾਂ ਸਿੱਧੂਪੁਰ, ਸੁਰਮੁਖ ਸਿੰਘ ਛੱਜੂ ਮਾਜਰਾ, ਭਗਵੰਤ ਸਿੰਘ ਰੁੜਕੀ, ਹਕੀਕਤ ਸਿੰਘ ਘੰੜੂਆ, ਬਹਾਦਰ ਸਿੰਘ ਨਿਆਮੀਆ, ਸੁੱਚਾ ਸਿੰਘ ਸਕਰੁਲਾਂਪੁਰ, ਤੇਜਿੰਦਰ ਸਿੰਘ ਤੇਜੀ ਆੜਤੀ, ਅਜੈਬ ਸਿੰਘ ਘੰੜੂਆ, ਪਰਮਜੀਤ ਸਿੰਘ ਸਰਪੰਚ, ਗੁਰਜੰਟ ਸਿੰਘ ਪੋਪਨਾਂ, ਅਵਤਾਰ ਸਿੰਘ ਜੰਡਪੁਰ, ਹਰਪ੍ਰੀਤ ਸਿੰਘ ਜੰਡਪੁਰ, ਗੁਰਨਾਮ ਸਿੰਘ ਦਾਉਂ, ਅਵਤਾਰ ਸਿੰਘ ਸਰਪੰਚ, ਕਿਰਨਬੀਰ ਕੰਗ, ਜਸਪਾਲ ਸਿੰਘ ਲਾਂਡਰਾਂ, ਨਿਰਮਲ ਸਿੰਘ ਹਲਾਲਪੁਰ, ਸੁਖਵਿੰਦਰ ਸਿੰਘ ਮਾਵੀ, ਰਣਜੀਤ ਸਿੰਘ ਹੰਸ ਜਨ ਹਿਤ ਕਮੇਟੀ, ਅੰਮ੍ਰਿਤਪਾਲ ਸਿੰਘ ਆੜਤੀ ਅਤੇ ਖਰੜ ਦੇ ਸਮੂਹ ਆੜਤੀ ਅਤੇ ਵਪਾਰੀ ਵਰਗ ਨੇ ਸ਼ਮੂਲੀਅਤ ਕੀਤੀ।
ਇਸ ਦੌਰਾਨ ਜੁਆਇੰਟ ਫੋਰਮ ਪੰਜਾਬ ਏਕਤਾ ਮੰਚ ਪੰਜਾਬ ਦੇ ਸੱਦੇ ਤੇ ਖਰੜ ਡਿਵੀਜ਼ਨ ਦੇ ਬਿਜਲੀ ਕਾਮਿਆਂ ਵਲੋਂ ਖਰੜ ਡਿਵੀਜ਼ਨ ਦਫਤਰ ਵਿਖੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿਚ ਰੋਸ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਿਤ ਕਰਦਿਆਂ ਵੱਖੋ ਵੱਖ ਬੁਲਾਰਿਆਂ ਨੇ ਕਿਸਾਨਾਂ ਖਿਲਾਫ ਪੰਜਾਬ ਅਤੇ ਸੈਂਟਰ ਸਰਕਾਰ ਦੇ ਵਤੀਰੇ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਕਿਸਾਨੀ ਨਾਲ ਸੰਬੰਧਿਤ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ। ਇਸ ਰੈਲੀ ਵਿਚ ਜੋਗਰਾਜ ਪ੍ਰਧਾਨ ਸਿਟੀ-1 ਖਰੜ, ਬਲਵਿੰਦਰ ਸਿੰਘ ਹੈਪੀ ਸਿਟੀ-1 ਖਰੜ, ਸ਼ੇਰ ਸਿੰਘ ਸੈਕਟਰੀ ਸਿਟੀ-2, ਭਰਤ ਸਿੰਘ, ਅਨੂਪ ਵਰਮਾ, ਗੁਰਪ੍ਰੀਤ ਸਿੰਘ, ਰਾਕੇਸ਼ ਕੁਮਾਰ, ਵਿਜੈ ਘਈ, ਦਵਿੰਦਰ ਸਿੰਘ, ਸੁਰਿੰਦਰ ਕੁਮਾਰ ਮਨਪ੍ਰੀਤ ਸਿੰਘ ਵਿਸ਼ਨੂ ਪਰਮਿੰਦਰ ਸਿੰਘ, ਅਜੇ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਬਿਜਲੀ ਕਾਮੇ ਸ਼ਾਮਲ ਹੋਏ।
ਡੇਰਾਬਸੀ ਬਲਾਕ ਵਿੱਚ ਵੀ ਮੁਕੰਮਲ ਬੰਦ, ਬਾਜਾਰ ਰਹੇ ਬੰਦ
ਪੰਜਾਬ ਬੰਦ ਦੇ ਅੱਜ ਦੇ ਸੱਦੇ ਤੇ ਕਿਸਾਨ ਯੂਨੀਅਨਾਂ ਵਲੋਂ ਦੱਪਰ ਟੋਲ ਪਲਾਜਾ, ਸਰਸਨੀ ਰੇਲਵੇ ਟ੍ਰੈਕ, ਝਰਮਰੀ ਹਾਈਵੇ, ਛੱਤ ਲਾਈਟ ਪੁਆਇੰਟ, ਪਟਿਆਲਾ ਰੋਡ ਤੇ ਪੈਂਦੇ ਅਜੀਜਪੁਰ ਟੋਲ ਪਲਾਜਾ ਤੇ ਜਾਮ ਲਗਾਇਆ ਗਿਆ। ਇਸ ਦੌਰਾਨ ਡੇਰਾਬਸੀ ਇਲਾਕੇ ਦੇ ਬਾਜਾਰ ਵੀ ਪੂਰਨ ਤੌਰ ਤੇ ਬੰਦ ਰਹੇ। ਇਸ ਦੌਰਾਨ ਬੈਂਕ ਵੀ ਬੰਦ ਦਿਖੇ ਅਤੇ ਕਿਸਾਨਾਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਬਿਨਾਂ ਕਿਸੇ ਕੰਮ ਘਰੋਂ ਬਾਹਰ ਨਾ ਆਉਣ। ਕਿਸਾਨਾਂ ਵਲੋਂ ਕੇਂਦਰ ਸਰਕਾਰ ਵਿਰੁਧ ਨਾਹਰੇਬਾਜੀ ਵੀ ਕੀਤੀ ਗਈ। ਸਰਕਾਰੀ ਦਫਤਰਾਂ ਦੇ ਕਰਮਚਾਰੀਆਂ ਵਲੋਂ ਵੀ ਧਰਨੇ ਵਿੱਚ ਸ਼ਾਮਲ ਹੋ ਕੇ ਆਪਣਾ ਸਮਰਥਨ ਦਿੱਤਾ ਗਿਆ। ਉਧਰ ਸੁਰੱਖਿਆ ਦੇ ਮੱਦੇਨਜਰ ਪੁਲੀਸ ਕਰਮਚਾਰੀ ਵੀ ਸੜਕਾ ਤੇ ਡਿਊਟੀ ਦਿੰਦੇ ਦਿਖੇ।
ਬਾਜਾਰ ਰਹੇ ਬੰਦ ਪਰ ਸ਼ਰਾਬ ਦੇ ਠੇਕੇ ਖੁੱਲੇ
ਕਿਸਾਨਾਂ ਅਤੇ ਹੋਰਨਾਂ ਯੂਨੀਅਨਾਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤੇ ਭਾਵੇਂ ਮੁਹਾਲੀ, ਡੇਰਾਬਸੀ, ਖਰੜ ਆਦੀ ਵਿਚਲੇ ਬਜਾਰ ਪੂਰਨ ਤੌਰ ਤੇ ਬੰਦ ਸਨ, ਪ੍ਰੰਤੂ ਕਈ ਥਾਂਵਾ ਤੇ ਸ਼ਰਾਬ ਦੇ ਠੇਕੇ ਖੁੱਲੇ ਦਿਖੇ। ਇਸ ਦੌਰਾਨ ਜਦੋਂ ਇਕ ਸ਼ਰਾਬ ਦੇ ਠੇਕੇ ਦੇ ਕਰਿੰਦੇ ਨੂੰ ਬਜਾਰ ਬੰਦ ਬਾਰੇ ਪੁਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਪੰਜਾਬ ਬੰਦ ਬਾਰੇ ਕੋਈ ਜਾਣਕਾਰੀ ਨਹੀਂ ਹੈ, ਉਹ ਤਾਂ ਆਪਣੇ ਮਾਲਕਾਂ ਦੇ ਕਹਿਣ ਤੇ ਆਪਣੀ ਡਿਊਟੀ ਨਿਭਾ ਰਿਹਾ ਹੈ।
ਰਾਹਗੀਰਾਂ ਦੀ ਸਹੂਲਤ ਲਈ ਪੁਲੀਸ ਵੀ ਰਹੀ ਮੁਸਤੈਦ
ਮੁਹਾਲੀ ਵਿੱਚ ਕਿਸਾਨਾਂ ਵਲੋਂ ਲਗਾਏ ਗਏ ਜਾਮ ਦੌਰਾਨ, ਜਿਥੇ ਆਮ ਲੋਕ ਧਰਨਾਕਾਰੀਆਂ ਨਾਲ ਖਹਿਬੜਦੇ ਨਜਰ ਆਏ, ਉਥੇ ਮੌਕੇ ਤੇ ਮੌਜੂਦ ਰਹੀ ਪੁਲੀਸ ਵਲੋਂ ਜਰੂਰੀ ਕੰਮ ਕਾਰ ਤੇ ਜਾ ਰਹੇ ਰਾਹਗਿਰਾਂ ਨੂੰ ਲੰਘਾਉਣ ਵਿੱਚ ਮੱਦਦ ਕੀਤੀ ਗਈ। ਪੁਲੀਸ ਵਲੋਂ ਕਈ ਜਗਾ ਤੇ ਰੂਟ ਡਾਇਵਰਟ ਕਰਦਿਆਂ ਗੱਡੀਆਂ ਨੂੰ ਲੰਘਾਉਣ ਦਾ ਕੰਮ ਵੀ ਕੀਤਾ ਅਤੇ ਕਿਸਾਨਾਂ ਅਤੇ ਪੁਲੀਸ ਵਿਚਕਾਰ ਇਕ ਚੰਗਾ ਤਾਲਮੇਲ ਦੇਖਣ ਨੂੰ ਮਿਲਿਆ। ਇਸ ਦੌਰਾਨ ਡੀ.ਐਸ.ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਸਭ ਕੁਝ ਸ਼ਾਂਤੀਪੁੂਰਵਕ ਰਿਹਾ ਹੈ।
Mohali
ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਮੁਹਾਲੀ ਵੱਲੋਂ ਅਰਥੀ ਫੂਕ ਮੁਜ਼ਾਹਰਾ
ਐਸ ਏ ਐਸ ਨਗਰ, 30 ਦਸੰਬਰ (ਸ.ਬ.) ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਮੁਹਾਲੀ ਦੇ ਪ੍ਰਧਾਨ ਗੁਰਬਖਸ਼ ਸਿੰਘ ਦੀ ਪ੍ਰਧਾਨਗੀ ਹੇਠ ਸੂਬਾ ਵਰਕਿੰਗ ਕਮੇਟੀ ਟੀ.ਐਸ.ਯੂ. ਵੱਲੋਂ ਦਿੱਤੀ ਕਾਲ ਅਨੁਸਾਰ ਰੋਸ ਅਤੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਕਿਸਾਨ ਜੱਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਦੀ ਹਿਮਾਇਤ ਕੀਤੀ ਗਈ ਅਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨੀਆਂ ਜਾਣ।
ਇਸ ਮੌਕੇ ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਨਾ ਕਰਨ ਅਤੇ ਕਾਰਪੋਰੇਟ ਘਰਾਣਿਆਂ ਨੂੰ ਖੁੱਲੀਆਂ ਵਪਾਰਕ ਗਤੀਵਿਧੀਆਂ ਕਰਨ ਲਈ ਛੂਟਾਂ ਦੇਣ ਅਤੇ ਕਈ ਹਜ਼ਾਰਾਂ ਕਰੋੜ ਦਾ ਕਰਜ਼ਾ ਮੁਆਫ ਕਰਨ, ਨਿੱਜੀਕਰਨ ਦੀ ਨੀਤੀ ਲਾਗੂ ਕਰਨ ਅਤੇ ਸਰਕਾਰੀ ਸੰਸਥਾਵਾਂ ਨੂੰ ਤੋੜ ਕੇ ਪ੍ਰਾਈਵੇਟ ਕਰਨ ਦਾ ਵਿਰੋਧ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਜਿਵੇਂ ਕਿ ਮਹਿਲਾਵਾਂ ਨੂੰ 1100 ਰੁਪਇਆ ਮਹੀਨਾ ਦੇਣ, ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਵਧ ਰਹੇ ਨਸ਼ੇ, ਨਿੱਤ ਦਿਹਾੜੇ ਹੋ ਰਹੇ ਕਤਲਾਂ ਅਤੇ ਡਕੈਤੀਆਂ, ਫਿਰੌਤੀਆਂ ਤੇ ਕੋਈ ਵੀ ਕਾਰਵਾਈ ਨਾ ਕਰਨ ਲਈ ਸਰਕਾਰ ਦੀ ਨਿਖੇਧੀ ਕੀਤੀ ਗਈ।
ਇਸ ਮੌਕੇ ਮੁੱਖ ਸਲਾਹਕਾਰ ਲੱਖਾ ਸਿੰਘ ਵੱਲੋਂ ਮੰਗ ਕੀਤੀ ਗਈ ਕਿ ਸਮੂਹਿਕ ਰੈਗੂਲਰ ਅਤੇ ਆਊਟ ਸੋਰਸਿੰਗ ਮੁਲਾਜ਼ਮਾਂ ਦੀਆਂ ਤਖਨਾਹਾਂ ਅਤੇ ਉਜਰਤ ਕਾਨੂੰਨ 1948 ਮਤਾਬਕ 15 ਵੀ ਲੇਬਰ ਕਾਰਨਫਰ 1957 ਦੀਆਂ ਸਿਫਾਰਸ਼ਾਂ ਨੂੰ ਸ਼ਾਮਲ ਕਰਕੇ ਘੱਟੋ-ਘੱਟ ਤਨਖਾਹ ਨਿਸ਼ਚਿਤ ਕੀਤੀ ਜਾਵੇ, ਬਿਜਲੀ ਐਕਟ 2003 ਅਤੇ 2022 ਰੱਦ ਕੀਤੇ ਜਾਣ, ਨਵੇਂ ਲੇਬਰ ਕੋਡ ਰੱਦ ਕਰਕੇ ਪਹਿਲਾਂ ਤੈਅ ਲੇਬਰ ਕਾਨੂੰਨ ਬਹਾਲ ਕੀਤੇ ਜਾਣ, ਕੰਮ ਦਿਹਾੜੀ 8 ਘੰਟੇ ਤੋਂ 12 ਘੰਟੇ ਕਰਨ ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ, ਪ੍ਰੋਬੇਸ਼ਨ ਪੀਰੀਅਡ ਪਹਿਲਾਂ ਦੀ ਤਰ੍ਹਾਂ ਹੀ ਛੇ ਮਹੀਨੇ ਦਾ ਅਤੇ ਪੂਰੀ ਤਨਖਾਹ ਸਕੇਲ ਤੇ ਜਾਰੀ ਕੀਤਾ ਜਾਵੇ। ਇਸਦੇ ਨਾਲ ਹੀ ਸਿਆਸੀ ਰੰਜਸ਼ ਹੇਠ ਦੋ ਸਾਲ ਤੋਂ ਕੀਤੀ ਗੁਰਬਖਸ਼ ਸਿੰਘ ਦੀ ਬਦਲੀ ਰੱਦ ਕਰਕੇ ਉਸਨੂੰ ਮੁੜ ਮੁਹਾਲੀ ਸਰਕਲ ਵਿਖੇ ਤੈਨਾਤ ਕੀਤਾ ਜਾਵੇ।
ਇਸ ਰੋਸ ਮੁਜ਼ਾਹਰੇ ਵਿੱਚ ਜਤਿੰਦਰ ਸਿੰਘ, ਸਤਵੰਤ ਸਿੰਘ, ਬਿਕਰਮ ਸਿੰਘ, ਜਸਪਾਲ ਸਿੰਘ, ਰਾਧੇ ਸ਼ਿਆਮ, ਗੁਰਮੀਤ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ, ਸ਼ਰਨਜੀਤ ਸਿੰਘ, ਪਰਮਜੀਤ ਸਿੰਘ, ਕਪਿਲ ਦੇਵ, ਬਲਵੀਰ ਸਿੰਘ, ਸੁਰਿੰਦਰ ਮੱਲੀ, ਐਸ.ਡੀ.ਓ. ਸੰਦੀਪ ਨਾਗਪਾਲ, ਸੋਹਨ ਸਿੰਘ, ਰਜਿੰਦਰ ਸਿੰਘ ਸੁੱਬਾ ਸਾਬਕਾ ਆਗੂ ਪੰਜਾਬ, ਸੀ.ਐਚ.ਬੀ. ਕਾਮਿਆਂ ਵੱਲੋਂ ਗੁਰਮੀਤ ਸਿੰਘ, ਏਕਮ ਸਿੰਘ, ਜੋਰਾਵਰ ਆਦਿ ਹਾਜ਼ਰ ਰਹੇ।
Mohali
ਰਜਿਸਟਰੀਆਂ ਲਈ ਆਨਲਾਈਨ ਸਮਾਂ ਲੈਣ ਤੇ ਡਾਕੂਮੈਂਟੇਸ਼ਨ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ : ਹਰਦੀਪ ਸਿੰਘ ਮੁੰਡੀਆਂ
ਚੰਡੀਗੜ੍ਹ, 30 ਦਸੰਬਰ (ਸ.ਬ.) ਮਾਲ ਤੇ ਮੁੜ ਵਸੇਬਾ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਹੈ ਕਿ ਰਜਿਸਟਰੀਆਂ ਲਈ ਆਨਲਾਈਨ ਬੁਕਿੰਗ ਅਤੇ ਡਾਕੂਮੈਂਟੇਸ਼ਨ ਨੂੰ ਸਫਲਤਾਪੂਰਵਕ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਉਹਨਾਂ ਕਿਹਾ ਕਿ ਸਾਲ 2024 ਵਿੱਚ ਮਾਲ ਵਿਭਾਗ ਵੱਲੋਂ ਵੱਡੇ ਸੁਧਾਰ ਕੀਤੇ ਗਏ ਹਨ ਜਿਸ ਨਾਲ ਲੋਕਾਂ ਦੀ ਤਹਿਸੀਲ ਦਫਤਰਾਂ ਵਿੱਚ ਖੱਜਲ ਖੁਆਰੀ ਖਤਮ ਹੋਈ ਹੈ।
ਉਹਨਾਂ ਕਿਹਾ ਕਿ ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਸਿਸਟਮ ਨੂੰ ਲਾਂਚ ਕਰਨ ਅਤੇ ਸੂਬੇ ਦੇ ਸਮੂਹ ਸਬ ਰਜਿਸਟਰਾਰ ਦਫਤਰਾਂ ਵਿਖੇ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਸਭ ਤੋਂ ਪਹਿਲਾ ਸੂਬਾ ਹੈ। ਇਸ ਸਿਸਟਮ ਰਾਹੀਂ 39 ਲੱਖ ਤੋਂ ਵੱਧ ਵਸੀਕੇ ਰਜਿਸਟਰ ਕੀਤੇ ਜਾ ਚੁੱਕੇ ਹਨ। ਰਜਿਸਟਰੀ ਲਈ ਆਨਲਾਈਨ ਸਮਾਂ ਮਿਲ ਜਾਂਦਾ ਹੈ ਅਤੇ ਆਨਲਾਈਨ ਹੀ ਸਾਰੇ ਦਸਤਾਵੇਜ਼ ਜਮਾਂ ਹੋ ਜਾਂਦੇ ਹਨ। ਇਸ ਤੋਂ ਇਲਾਵਾ ਵਸੀਕਿਆਂ ਨੂੰ ਰਜਿਸਟਰ ਕਰਵਾਉਣਾ ਆਸਾਨ ਬਣਾਉਣ ਲਈ ਆਸਾਨ ਭਾਸ਼ਾ ਵਿੱਚ ਵਸੀਕਿਆਂ ਦੇ ਟੈਂਪਲੇਟ ਤਿਆਰ ਕਰ ਕੇ ਵਿਭਾਗ ਦੀ ਵੈਬਸਾਈਟ ਉਤੇ ਅਪਲੋਡ ਵੀ ਕਰ ਦਿੱਤੇ ਗਏ ਹਨ।
ਮੰਤਰੀ ਨੇ ਦੱਸਿਆ ਕਿ ਕੁਦਰਤੀ ਕਰੋਪੀਆਂ ਕਾਰਨ ਫਸਲਾਂ, ਮਕਾਨਾਂ, ਮਨੁੱਖੀ ਜਾਨਾਂ, ਪਸ਼ੂ ਧੰਨ ਦੇ ਨੁਕਸਾਨ ਦੀ ਭਰਪਾਈ ਕਰਦਿਆਂ ਮਾਲ ਵਿਭਾਗ ਵੱਲੋਂ 2023-24 ਵਿੱਤੀ ਵਰ੍ਹੇ ਦੌਰਾਨ 432.03 ਕਰੋੜ ਰੁਪਏ ਅਤੇ ਚਾਲੂ ਵਿੱਤੀ ਵਰ੍ਹੇ 2024-25 ਦੌਰਾਨ 59.64 ਕਰੋੜ ਰੁਪਏ ਦੀ ਰਾਹਤ ਰਾਸ਼ੀ ਜਾਰੀ ਕੀਤੀ ਗਈ। ਉਹਨਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਕਵਾਇਦ ਵਿੱਚ ਮਾਲ ਵਿਭਾਗ ਵੀ ਪਿੱਛੇ ਨਹੀਂ ਰਿਹਾ। ਉਹਨਾਂ ਕਿਹਾ ਕਿ 2024 ਦੌਰਾਨ 75 ਨਾਇਬ ਤਹਿਸੀਲਦਾਰ, 35 ਕਲਰਕ ਅਤੇ 2 ਸਟੈਨੋਟਾਈਪਿਸਟ ਭਰਤੀ ਕੀਤੇ ਗਏ ਹਨ। 49 ਪਟਵਾਰੀਆਂ ਦੀ ਭਰਤੀ ਮੁਕੰਮਲ ਹੋ ਗਈ ਹੈ ਜਿਨ੍ਹਾਂ ਦੇ ਸਿਰਫ ਨਿਯੁਕਤੀ ਪੱਤਰ ਜਾਰੀ ਕਰਨੇ ਰਹਿੰਦੇ ਹਨ। ਇਸ ਤੋਂ ਇਲਾਵਾ 1001 ਹੋਰ ਪਟਵਾਰੀਆਂ ਦੀ ਹੋਰ ਭਰਤੀ ਲਈ ਪ੍ਰਕਿਰਿਆ ਜਾਰੀ ਹੈ।
-
International2 months ago
ਇਟਲੀ ਵਿੱਚ ਸੜਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ
-
Mohali2 months ago
ਪਿੰਡ ਕੁੰਭੜਾ ਵਿੱਚ ਲੜਾਈ ਦੌਰਾਨ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੀ ਲਾਸ਼ ਰੱਖ ਕੇ ਇਨਸਾਫ ਲਈ ਏਅਰਪੋਰਟ ਰੋਡ ਤੇ ਲਾਇਆ ਧਰਨਾ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali2 months ago
ਜੂਡੋ ਇੰਟਰ ਕਾਲਜ ਵਿੱਚ ਘਨੌਰ ਕਾਲਜ ਨੇ ਜਿੱਤੇ ਗੋਲ਼ਡ ਮੈਡਲ
-
Editorial2 months ago
ਜ਼ਿਮਨੀ ਚੋਣਾਂ ਦੌਰਾਨ ਸੂਬੇ ਦੀਆਂ ਚਾਰੇ ਸੀਟਾਂ ਤੇ ਹੋ ਰਹੇ ਹਨ ਸਖ਼ਤ ਮੁਕਾਬਲੇ
-
International1 month ago
ਆਸਟ੍ਰੇਲੀਆ ਵਿੱਚ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ਤੇ ਹਮਲਾ
-
National2 months ago
ਸ਼ਾਹਰੁਖ਼ ਖ਼ਾਨ ਨੂੰ ਧਮਕੀ ਦੇਣ ਦੇ ਮਾਮਲੇ ਵਿੱਚ ਰਾਏਪੁਰ ਤੋਂ ਵਕੀਲ ਗ੍ਰਿਫ਼ਤਾਰ
-
Editorial2 months ago
ਗੈਰ ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਸੱਚਮੁੱਚ ਸਖ਼ਤ ਕਾਰਵਾਈ ਕਰਨਗੇ ਟਰੰਪ?