Connect with us

Mohali

ਫੇਜ਼ 3 ਬੀ 2 ਵਿੱਚ ਜਬਰਦਸਤ ਹਾਦਸਾ, ਤੇਜ਼ ਰਫਤਾਰ ਮਰਸਡੀਜ ਕਾਰ ਦੇ ਚਾਲਕ ਨੇ ਡਿਲੀਵਰੀ ਕਰਨ ਵਾਲੇ ਮੁੰਡਿਆਂ ਨੂੰ ਮਾਰੀ ਟੱਕਰ

Published

on

 

ਟੱਕਰ ਤੋਂ ਬਾਅਦ ਮਾਰਕੀਟ ਵਿੱਚ ਵੜ ਕੇ ਉਲਟ ਗਈ ਕਾਰ, ਇੱਕ ਵਿਅਕਤੀ ਗੰਭੀਰ ਜਖਮੀ

ਐਸ ਏ ਐਸ ਨਗਰ, 31 ਦਸੰਬਰ (ਜਸਬੀਰ ਸਿੰਘ ਜੱਸੀ) ਸਥਾਨਕ ਫੇਜ਼ 3 ਬੀ 2 ਵਿਖੇ ਅੱਜ ਤੜਕੇ ਬੇਕਾਬੂ ਹੋਈ ਇਕ ਤੇਜ਼ ਰਫਤਾਰ ਮਰਸਡੀਜ ਕਾਰ ਨੇ ਖਾਣੇ ਦੀ ਡਿਲੀਵਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਦੋਵੇਂ ਨੌਜਵਾਨ ਜਖਮੀ ਹੋ ਗਏ। ਜਖਮੀਆਂ ਦੀ ਪਛਾਣ ਸ਼ਰਨਜੀਤ ਸਿੰਘ ਵਾਸੀ ਕਰਮਪੱਟੀ ਜਿਲ੍ਹਾ ਮੁਕਤਸਰ ਸਾਹਿਬ ਅਤੇ ਜਗਜੀਤ ਸਿੰਘ ਵਾਸੀ ਖਰੜ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 4 ਵਜੇ ਦੇ ਕਰੀਬ ਜਮੈਟੋ ਅਤੇ ਸਵਿਗੀ ਲਈ ਬਤੌਰ ਡਲੀਵਰੀ ਬੁਆਏ ਵਜੋਂ ਕੰਮ ਕਰਦੇ ਸ਼ਰਨਜੀਤ ਸਿੰਘ ਅਤੇ ਜਗਜੀਤ ਸਿੰਘ ਆਪਣੇ ਆਪਣੇ ਮੋਟਰਸਾਈਕਲ ਤੇ ਜਾ ਰਹੇ ਸਨ। ਜਦੋਂ ਫੇਜ਼ 3 ਬੀ 2 ਵਿਚਲੀ ਮਾਰਕੀਟ ਦੇ ਸਾਮ੍ਹਣੇ (ਕਟਾਨੀ ਢਾਬੇ ਦੇ ਕੋਲ) ਪਹੁੰਚੇ ਤਾਂ ਪਿੱਛੋਂ ਤੇਜ਼ ਰਫਤਾਰ ਨਾਲ ਆ ਰਹੀ ਇਕ ਮਰਸਡੀਜ ਕਾਰ ਦੇ ਚਾਲਕ ਨੇ ਦੋਵਾਂ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਕਾਰ ਦੀ ਰਫਤਾਰ ਇੰਨੀ ਤੇਜ਼ ਸੀ ਕਿ ਟੱਕਰ ਤੋਂ ਬਾਅਦ ਉਹ ਫੁਟਪਾਥ ਦੇ ਨਾਲ ਲੱਗੇ ਮੋਟੇ ਐਂਗਲਾ ਨੂੰ ਤੋੜਦੀ ਹੋਈ ਮਾਰਕੀਟ ਦੀ ਪਾਰਕਿੰਗ ਵਿੱਚ ਜਾ ਕੇ ਉਲਟ ਗਈ।

ਇਸ ਹਾਦਸੇ ਵਿੱਚ ਮਰਸਡੀਜ ਕਾਰ ਚਲਾ ਰਹੇ ਇੰਦਰਜੀਤ ਸਿੰਘ ਦੇ ਵੀ ਮਾਮੂਲੀ ਸੱਟਾਂ ਵੱਜੀਆਂ ਹਨ ਜਦੋਂਕਿ ਮੋਟਰਸਾਈਕਲ ਸਵਾਰ ਸ਼ਰਨਜੀਤ ਸਿੰਘ ਅਤੇ ਜਗਜੀਤ ਸਿੰਘ ਗੰਭੀਰ ਜਖਮੀ ਹੋ ਗਏ। ਜਖਮੀਆਂ ਨੂੰ ਫੇਜ਼ 6 ਵਿਚਲੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਸ਼ਰਨਜੀਤ ਸਿੰਘ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਪੀ.ਜੀ.ਆਈ ਰੈਫਰ ਕਰ ਦਿੱਤਾ, ਜਿਥੇ ਉਹ ਜੇਰੇ ਇਲਾਜ ਹੈ।

ਇਸ ਸਬੰਧੀ ਥਾਣਾ ਮਟੌਰ ਦੇ ਮੁਖੀ ਅਮਨ ਤਰੀਕਾ ਨੇ ਦੱਸਿਆ ਕਿ ਪੁਲੀਸ ਨੇ ਮਰਸਡੀਜ ਚਾਲਕ ਇੰਦਰਜੀਤ ਸਿੰਘ ਵਾਸੀ ਸੈਕਟਰ 39 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਉਸਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Mohali

ਨਗਰ ਨਿਗਮ ਮੁਹਾਲੀ ਦੇ ਅਧੀਨ ਆਉਦੇ ਪਿੰਡਾਂ ਦੇ ਸ਼ਹਿਰੀ ਖੇਤਰ ਤੋਂ ਵੱਖਰੇ ਬਾਈਲਾਜ ਬਣਾ ਕੇ ਫੌਰੀ ਤੌਰ ਤੇ ਲਾਗੂ ਕਰੇ ਸਰਕਾਰ : ਪਰਵਿੰਦਰ ਸਿੰਘ ਸੋਹਾਣਾ

Published

on

By

 

ਅੰਗਰੇਜ਼ਾਂ ਵੇਲੇ ਬਣੇ ਸ਼ਹਿਰੀ ਖੇਤਰ ਦੇ ਬਾਈਲਾਜ ਪਿੰਡਾਂ ਵਿੱਚ ਲਾਗੂ ਕਰਨੇ ਸਰਾਸਰ ਧੱਕਾ

ਐਸ ਏ ਐਸ ਨਗਰ, 3 ਜਨਵਰੀ (ਸ.ਬ.) ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ਦੇ ਬਾਈਲਾਜ ਸ਼ਹਿਰੀ ਖੇਤਰ ਦੇ ਬਾਈ ਇਲਾਜ ਤੋਂ ਵੱਖਰੇ ਕੀਤੇ ਜਾਣ ਅਤੇ ਇਹਨਾਂ ਨੂੰ ਫੌਰੀ ਤੌਰ ਤੇ ਲਾਗੂ ਕੀਤਾ ਜਾਵੇ।

ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਮੁਹਾਲੀ ਦੇ ਪਿੰਡਾਂ ਨੂੰ ਪਹਿਲਾਂ ਜ਼ਬਰਦਸਤੀ ਨਗਰ ਕੌਂਸਲ ਅਤੇ ਫਿਰ ਨਗਰ ਨਿਗਮ ਵਿੱਚ ਸ਼ਾਮਿਲ ਕੀਤਾ ਗਿਆ। ਨਗਰ ਨਿਗਮ ਨੇ ਇਹਨਾਂ ਪਿੰਡਾਂ ਦੇ ਵਸਨੀਕਾਂ ਤੋਂ ਪੰਚਾਇਤੀ ਜਮੀਨ ਵੀ ਹਥਿਆ ਲਈ ਅਤੇ ਪ੍ਰਾਪਰਟੀ ਟੈਕਸ ਸਮੇਤ ਨਕਸ਼ਿਆਂ ਦੇ ਨਵੇਂ ਝੰਝਟ ਅਤੇ ਫੀਸਾਂ ਵੀ ਪਾ ਦਿੱਤੀਆਂ, ਪਰ ਸੁਵਿਧਾਵਾਂ ਦੇ ਨਾਂ ਤੇ ਇਹਨਾਂ ਪਿੰਡਾਂ ਦਾ ਹਾਲ ਅੱਜ ਵੀ ਮਾੜਾ ਹੈ।

ਉਹਨਾਂ ਕਿਹਾ ਕਿ 2013 ਵਿੱਚ ਜਦੋਂ ਸੋਹਾਣਾ ਨੂੰ ਨਗਰ ਨਿਗਮ ਮੁਹਾਲੀ ਵਿੱਚ ਸ਼ਾਮਿਲ ਕਰਨ ਦੀ ਗੱਲ ਕੀਤੀ ਗਈ ਸੀ ਤਾਂ ਉਹਨਾਂ ਨੇ ਨਾ ਸਿਰਫ ਇਸ ਦਾ ਵਿਰੋਧ ਕੀਤਾ ਸੀ ਬਲਕਿ ਲਿਖਤੀ ਤੌਰ ਤੇ ਆਪਣੇ ਇਤਰਾਜ਼ ਵੀ ਦਿੱਤੇ ਸਨ। ਉਹਨਾਂ ਦੱਸਿਆ ਕਿ 2013 ਵਿੱਚ ਉਹਨਾਂ ਨੇ ਪਿੰਡ ਦੇ ਸਰਪੰਚ ਅਤੇ ਹੋਰ ਮੌਤਬਰ ਮੈਂਬਰਾਂ ਸਮੇਤ ਆਪਣੇ ਇਤਰਾਜ਼ਾਂ ਵਿੱਚ ਕਿਹਾ ਸੀ ਕਿ ਪਿੰਡ ਦੇ ਹਾਲੇ ਕਈ ਵਿਕਾਸ ਦੇ ਕੰਮ ਅਧੂਰੇ ਪਏ ਹਨ ਤੇ ਇਹ ਕੰਮ ਉਹ ਪੰਚਾਇਤ ਦੇ ਦਾਇਰੇ ਵਿੱਚ ਰਹਿ ਕੇ ਕਰਨਾ ਚਾਹੁੰਦੇ ਸਨ। ਉਹ ਉਸ ਵੇਲੇ ਜ਼ਿਲ੍ਹਾ ਪਰਿਸ਼ਦ ਮੁਹਾਲੀ ਦੇ ਮੈਂਬਰ ਸਨ। ਉਹਨਾਂ ਲਿਖਿਆ ਸੀ ਕਿ ਪਿੰਡ ਵਿੱਚ ਸੀਵਰੇਜ ਦਾ ਕੰਮ ਵੀ ਅਧੂਰਾ ਪਿਆ ਹੈ ਅਤੇ ਟੋਬਿਆਂ ਦੇ ਗੰਦੇ ਪਾਣੀ ਦੀ ਨਿਕਾਸੀ ਦੀ ਵੀ ਵੱਡੀ ਸਮੱਸਿਆ ਹੈ।

ਉਹਨਾਂ ਕਿਹਾ ਕਿ ਸੋਹਾਣਾ ਦੇ ਵਾਸੀਆਂ ਦਾ ਸਭ ਤੋਂ ਵੱਡਾ ਇਤਰਾਜ਼ ਇਹ ਸੀ ਕਿ ਪੰਚਾਇਤੀ ਚੋਣਾਂ 2013 ਵਿੱਚ ਹੀ ਹੋਈਆਂ ਸਨ ਅਤੇ ਇਸ ਤਰ੍ਹਾਂ ਪੰਚਾਇਤ ਨੂੰ ਭੰਗ ਕਰਨਾ ਲੋਕਤੰਤਰ ਦਾ ਘਾਣ ਕਰਨਾ ਸੀ। ਇਸ ਤੋਂ ਵੀ ਵੱਡਾ ਕਾਰਨ ਇਹ ਸੀ ਕਿ ਪਿੰਡ ਦੇ ਨਗਰ ਨਿਗਮ ਵਿੱਚ ਆਉਣ ਨਾਲ ਲੋਕਾਂ ਉੱਤੇ ਪ੍ਰੋਪਰਟੀ ਟੈਕਸ ਲੱਗਣਾ ਸੀ, ਜੋ ਪਿੰਡ ਦੇ ਲੋਕਾਂ ਉੱਤੇ ਭਾਰੀ ਬੋਝ ਹੈ। ਪਿੰਡ ਵਿੱਚ 60 ਗਰੀਬ ਲੋਕ ਰਹਿੰਦੇ ਹਨ ਤੇ ਉਹਨਾਂ ਕੋਲ ਨਕਸ਼ਾ ਪਾਸ ਕਰਾਉਣ ਦੀਆਂ ਫੀਸਾਂ ਵੀ ਨਹੀਂ ਹਨ। ਇਤਰਾਜਾਂ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਪਿੰਡ ਦੇ ਵਿਕਾਸ ਲਈ ਸਰਕਾਰ ਕੋਲੋਂ ਗਰਾਂਟਾਂ ਤੇ ਹੋਰ ਮਾਲੀ ਮਦਦ ਆਉਂਦੀ ਹੈ ਤੇ ਨਗਰ ਨਿਗਮ ਵਿੱਚ ਆਉਣ ਨਾਲ ਇਹ ਵੀ ਬੰਦ ਹੋ ਜਾਵੇਗੀ। ਉਹਨਾਂ ਕਿਹਾ ਕਿ ਇਹਨਾਂ ਇਤਰਾਜ਼ਾਂ ਦੇ ਬਾਵਜੂਦ ਸੋਹਾਣਾ ਪਿੰਡ ਨੂੰ ਮੁਹਾਲੀ ਨਗਰ ਨਿਗਮ ਵਿੱਚ ਸ਼ਾਮਿਲ ਕਰਨ ਦੀ ਨੋਟੀਫਿਕੇਸ਼ਨ ਕਰ ਦਿੱਤੀ ਗਈ ਅਤੇ ਪਿੰਡ ਵਾਸੀਆਂ ਦੇ ਇਤਰਾਜ਼ਾਂ ਨੂੰ ਖਾਰਜ ਕਰ ਦਿੱਤਾ ਗਿਆ।

ਉਹਨਾਂ ਕਿਹਾ ਕਿ ਉਹਨਾਂ ਵੱਲੋਂ ਦਿੱਤੇ ਗਏ ਇਤਰਾਜ਼ ਅੱਜ ਵੀ ਉਸੇ ਤਰ੍ਹਾਂ ਖੜੇ ਹਨ। ਪਿੰਡ ਵਾਸੀਆਂ ਤੋਂ ਜਬਰੀ ਪ੍ਰੋਪਰਟੀ ਟੈਕਸ ਵਸੂਲਿਆ ਜਾ ਰਿਹਾ ਹੈ ਅਤੇ ਗਰੀਬ ਲੋਕਾਂ ਨੂੰ ਨਕਸ਼ੇ ਪਾਸ ਕਰਾਉਣ ਲਈ ਪੈਸੇ ਦੇਣੇ ਪੈਂਦੇ ਹਨ। ਉਹਨਾਂ ਕਿਹਾ ਕਿ ਪਿੰਡ ਦਾ ਵਿਕਾਸ ਕਦੇ ਵੀ ਸ਼ਹਿਰ ਦੀ ਤਰਜ ਤੇ ਨਹੀਂ ਹੋ ਸਕਿਆ ਅਤੇ ਇਹ ਹਾਲ ਸਿਰਫ ਸੋਹਾਣਾ ਨਹੀਂ ਬਲਕਿ ਮੁਹਾਲੀ ਵਿੱਚ ਸ਼ਾਮਿਲ ਕੀਤੇ ਗਏ ਸਾਰੇ ਪਿੰਡਾਂ ਦਾ ਹੈ। ਉਹਨਾਂ ਮੰਗ ਕੀਤੀ ਕਿ ਪਿੰਡਾਂ ਦੇ ਬਾਈਲਾਜ਼ ਸ਼ਹਿਰਾਂ ਨਾਲੋਂ ਵੱਖਰੇ ਬਣਾਏ ਜਾਣ। ਉਹਨਾਂ ਕਿਹਾ ਕਿ ਇਹ ਬਾਏ ਲਾਜ ਅੰਗਰੇਜ਼ਾਂ ਦੇ ਜਮਾਨੇ ਦੇ ਬਣੇ ਹੋਏ ਹਨ ਜਦੋਂ ਕਿ ਪਿੰਡਾਂ ਨੂੰ ਪਿਛਲੇ ਕੁਝ ਵਰ੍ਹਿਆਂ ਦੌਰਾਨ ਹੀ ਨਗਰ ਕੌਂਸਲਾਂ ਅਤੇ ਨਗਰ ਨਿਗਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹਨਾਂ ਬਾਈਲਾਜ਼ ਵਿੱਚ ਕਦੇ ਵੀ ਕੋਈ ਤਰਮੀਮ ਨਹੀਂ ਕੀਤੀ ਗਈ ਜੋ ਕਿ ਸਮੇਂ ਦੀ ਮੰਗ ਹੈ। ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਦੀਆਂ ਜਮੀਨਾਂ ਨੂੰ ਹੀ ਅਕਵਾਇਰ ਕਰਕੇ ਸ਼ਹਿਰ ਬਣਾਏ ਗਏ ਹਨ ਤੇ ਇਹਨਾਂ ਬਾਈਲਾਜ ਰਾਹੀਂ ਪਿੰਡ ਵਾਸੀਆਂ ਨੂੰ ਹੈਰਾਨ ਪਰੇਸ਼ਾਨ ਕੀਤਾ ਜਾ ਰਿਹਾ ਹੈ ਜੋ ਕਿ ਸਰਾਸਰ ਧੱਕਾ ਹੈ।

ਇਸ ਮੌਕੇ ਹਰਪ੍ਰੀਤ ਸਿੰਘ ਸੋਹਾਣਾ, ਬਹਾਦਰ ਸਿੰਘ ਮਦਨਪੁਰ, ਸਰਬਜੀਤ ਸਿੰਘ ਕੁੰਭੜਾ, ਅਮਨ ਪੂਨੀਆ ਹਾਜ਼ਰ ਸਨ।

 

Continue Reading

Mohali

ਮੁਹਾਲੀ ਪੁਲੀਸ ਦੀ ਕਹਾਣੀ ਅਦਾਲਤ ਵਿੱਚ ਨਿਕਲੀ ਝੂਠੀ, ਮੁਲਜਮ ਬਰੀ

Published

on

By

 

ਪੁਲੀਸ ਨੇ ਰਸ਼ਮੀ ਨੇਗੀ ਖਿਲਾਫ ਥਾਣੇ ਵਿੱਚ ਬਦਸਲੂਕੀ ਕਰਨ ਅਤੇ ਪੁਲੀਸ ਕਰਮਚਾਰੀ ਦੀ ਵਰਦੀ ਫਾੜਨ ਦਾ ਦਰਜ ਕੀਤਾ

ਐਸ.ਏ.ਐਸ.ਨਗਰ, 3 ਜਨਵਰੀ (ਜਸਬੀਰ ਸਿੰਘ ਜੱਸੀ) ਮੁਹਾਲੀ ਪੁਲੀਸ ਰਸ਼ਮੀ ਨੇਗੀ ਨਾਮ ਦੀ ਇੱਕ ਮਹਿਲਾ ਅਤੇ ਉਸ ਦੇ ਮਾਤਾ ਪਿਤਾ ਵਿਰੁਧ ਦਰਜ਼ ਇਕ ਮਾਮਲੇ ਦੀ ਕਹਾਣੀ ਅਦਾਲਤ ਵਿੱਚ ਸਾਬਤ ਕਰਨ ਵਿੱਚ ਨਾਕਾਮ ਰਹੀ, ਜਿਸ ਕਾਰਨ ਜੇ. ਐਮ. ਆਈ. ਸੀ ਸੰਗਮ ਕੌਸ਼ਲ ਦੀ ਅਦਾਲਤ ਵਲੋਂ ਇਸ ਕੇਸ ਵਿੱਚ ਨਾਮਜ਼ਦ ਰਸ਼ਮੀ ਨੇਗੀ ਅਤੇ ਉਸ ਦੇ ਮਾਤਾ ਪਿਤਾ ਬੀ. ਐਸ. ਨੇਗੀ ਅਤੇ ਸਰੋਜਨੀ ਨੇਗੀ ਨੂੰ ਧਾਰਾ 353, 186 ਅਤੇ 506 ਵਿੱਚ ਬਰੀ ਕਰ ਦਿੱਤਾ ਹੈ।

ਪੁਲੀਸ ਦਾ ਰਸ਼ਮੀ ਨੇਗੀ ਤੇ ਦੋਸ਼ ਸੀ ਕਿ ਉਸ ਨੇ ਪੁਲੀਸ ਥਾਣੇ ਵਿੱਚ ਸ਼ਿਕਾਇਤ ਦੀ ਕਾਪੀ ਨੂੰ ਫਾੜਨ ਦੀ ਕੋਸ਼ਿਸ਼ ਕੀਤੀ ਅਤੇ ਪੁਲੀਸ ਕਰਮਚਾਰੀਆਂ ਨਾਲ ਬਦਸਲੂਕੀ ਕਰਨ ਤੋਂ ਇਲਾਵਾ ਇਕ ਪੁਲੀਸ ਕਰਮਚਾਰੀ ਦੀ ਡਿਊਟੀ ਦੌਰਾਨ ਵਰਦੀ ਫਾੜ ਦਿਤੀ। ਪੁਲੀਸ ਮੁਤਾਬਕ ਜਨਵਰੀ 2018 ਦਾ ਇਹ ਵਿਵਾਦ ਰਸ਼ਮੀ ਨੇਗੀ ਅਤੇ ਉਸ ਦੇ ਪਤੀ ਦੇ ਆਪਸੀ ਝਗੜੇ ਤੋਂ ਸ਼ੁਰੂ ਹੋ ਕੇ ਪਹਿਲਾਂ ਫੇਜ਼-8 ਵਿਚਲੇ ਥਾਣੇ ਪੁੱਜਾ ਸੀ ਜਿਸਤੋਂ ਬਾਅਦ ਰਸ਼ਮੀ ਨੇਗੀ ਵਲੋਂ ਦੇਰ ਰਾਤ ਜਿਲਾ ਪੁਲੀਸ ਮੁਖੀ ਦੇ ਘਰ ਦੇ ਬਾਹਰ ਹੰਗਾਮਾ ਕੀਤਾ ਗਿਆ। ਮੌਕੇ ਤੇ ਪਹੁੰਚੇ ਪੁਲੀਸ ਕਰਮਚਾਰੀਆਂ ਨੇ ਕਿਸੇ ਤਰਾਂ ਰਸ਼ਮੀ ਨੇਗੀ ਨੂੰ ਸਮਝਾ ਕੇ ਥਾਣੇ ਲਿਆਂਦਾ ਅਤੇ ਥਾਣੇ ਵਿੱਚ ਰਸ਼ਮੀ ਨੇਗੀ ਨੇ ਪੁਲੀਸ ਕਰਮਚਾਰੀਆਂ ਦੇ ਸਾਹਮਣੇ ਪਹਿਲਾਂ ਤਾਂ ਉਸ ਖਿਲਾਫ ਆਈ ਸ਼ਿਕਾਇਤ ਫਾੜਨ ਦੀ ਕੋਸ਼ਿਸ਼ ਕੀਤੀ, ਜਦੋਂ ਪੁਲੀਸ ਕਰਮਚਾਰੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਰਸ਼ਮੀ ਨੇਗੀ ਵਲੋਂ ਇੱਕ ਪੁਲੀਸ ਕਰਮਚਾਰੀ ਦੀ ਵਰਦੀ ਫਾੜ ਦਿੱਤੀ ਗਈ ਅਤੇ ਦੂਜੇ ਕਰਮਚਾਰੀਆਂ ਨਾਲ ਬਦਸਲੂਕੀ ਕੀਤੀ।

ਪੁਲੀਸ ਅਨੁਸਾਰ ਮੌਕੇ ਤੇ ਮਹਿਲਾ ਪੁਲੀਸ ਕਰਮਚਾਰੀ ਦੀ ਮੱਦਦ ਨਾਲ ਰਸ਼ਮੀ ਨੇਗੀ ਨੂੰ ਰੋਕਿਆ ਗਿਆ। ਪੁਲੀਸ ਦਾ ਦੋਸ਼ ਸੀ ਕਿ ਜਦੋਂ ਉਹ ਪੁਲੀਸ ਕਰਮਚਾਰੀਆਂ ਨਾਲ ਬਦਸਲੂਕੀ ਕਰ ਰਹੀ ਸੀ ਤਾਂ ਉਸ ਦੇ ਮਾਤਾ-ਪਿਤਾ ਵੀ ਉਸ ਦੇ ਨਾਲ ਸਨ।

ਪੁਲੀਸ ਸੂਤਰਾਂ ਮੁਤਾਬਕ ਦੋਵਾਂ ਪਤੀ-ਪਤਨੀ ਅਤੇ ਉਨਾਂ ਦੇ ਮਾਪਿਆਂ ਵਲੋਂ ਇੱਕ ਦੂਜੇ ਖਿਲਾਫ ਕੁੱਟਮਾਰ ਕਰਨ ਦੀ ਸ਼ਿਕਾਇਤ ਦਿੱਤੀ ਗਈ ਸੀ। ਰਸ਼ਮੀ ਨੇਗੀ ਦੇ ਪਤੀ ਦੇ ਪਰਿਵਾਰਕ ਮੈਂਬਰਾ ਵਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਰਸ਼ਮੀ ਨੇਗੀ ਉਨਾਂ ਨਾਲ ਬਦਸਲੂਕੀ ਕਰਦੀ ਹੈ, ਜਦੋਂ ਕਿ ਰਸ਼ਮੀ ਨੇਗੀ ਮੁਤਾਬਕ ਉਸ ਦੇ ਪਤੀ ਨੇ ਝੂਠ ਬੋਲ ਕੇ ਉਸ ਨਾਲ ਵਿਆਹ ਕਰਵਾਇਆ ਸੀ ਅਤੇ ਹੁਣ ਉਸ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਗਿਆ।

Continue Reading

Mohali

ਰਿਟਾਇਰਡ ਆਫਿਸਰ ਵੈਲਫੇਅਰ ਅਸੋਸੀਏਸ਼ਨ ਵੱਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ

Published

on

By

 

 

ਐਸ ਏ ਐਸ ਨਗਰ, 3 ਜਨਵਰੀ (ਸ.ਬ.) ਰਿਟਾਇਰਡ ਆਫਿਸਰ ਵੈਲਫੇਅਰ ਅਸੋਸੀਏਸ਼ਨ ਐਸ ਏ ਐਸ ਨਗਰ ਮੁਹਾਲੀ ਵੱਲੋਂ ਮੀਟਿੰਗ ਦੌਰਾਨ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਗਿਆ। ਮੀਟਿੰਗ ਦੌਰਾਨ ਹਰਬੰਸ ਸਿੰਘ ਢੋਲੇਵਾਲ ਨੇ ਦੱਸਿਆ ਕਿ ਫਰਵਰੀ ਮਹੀਨੇ ਵਿੱਚ ਸਮੂਹ ਰਿਟਾਇਰ ਅਫਸਰਾਂ ਦਾ ਮੇਲ ਜੇਲ ਸਮਾਗਮ ਕੀਤਾ ਜਾਵੇਗਾ ਅਤੇ ਸੀਨੀਅਰ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਗੁਰਦੀਪ ਸਿੰਘ ਢਿੱਲੋਂ ਕਨਵੀਨਰ, ਰਾਮਨਾਥ ਗੋਇਲ ਮੀਤ ਪ੍ਰਧਾਨ, ਜਸਵੀਰ ਸਿੰਘ ਮੀਤ ਪ੍ਰਧਾਨ, ਨਰੰਜਨ ਲਾਲ ਮਾਹੀ, ਮਲੂਕ ਸਿੰਘ, ਸੁਰਿੰਦਰ ਸਿੰਘ, ਗੁਰਦੀਪ ਸਿੰਘ ਰੰਧਾਵਾ ਵੀ ਮੌਜੂਦ ਸਨ।

 

Continue Reading

Latest News

Trending