Punjab
ਲੁਧਿਆਣਾ-ਜਲੰਧਰ ਹਾਈਵੇਅ ਤੇ ਸੜਕ ਹਾਦਸੇ ਦੌਰਾਨ ਦੋ ਹਲਾਕ
ਫਗਵਾੜਾ, 31 ਦਸੰਬਰ (ਸ.ਬ.) ਲੁਧਿਆਣਾ-ਜਲੰਧਰ ਹਾਈਵੇਅ ਤੇ ਬੀਤੀ ਰਾਤ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਅਤੇ ਇੱਕ ਹੋਰ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਫਿਲੌਰ ਦੇ ਮਹਿਸਮਪੁਰ ਪਿੰਡ ਦੇ ਪੰਕਜ ਅਤੇ ਜਲੰਧਰ ਦੇ ਟੈਕਸੀ ਡਰਾਈਵਰ ਦੀਪਕ ਬੱਗਾ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਲੁਧਿਆਣਾ ਤੋਂ ਜਲੰਧਰ ਜਾ ਰਹੇ ਸਨ ਜਦੋਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਦੇ ਡਿਵਾਈਡਰ ਨੂੰ ਪਾਰ ਕਰਦੀ ਹੋਈ ਸਾਹਮਣੇ ਤੋਂ ਆ ਰਹੇ ਇਕ ਵਾਹਨ ਨਾਲ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਕਾਰਨ ਪੰਕਜ ਅਤੇ ਦੀਪਕ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਤੀਜੇ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖ਼ਮੀ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ।
ਚਸ਼ਮਦੀਦਾਂ ਨੇ ਦੱਸਿਆ ਕਿ ਕਾਰ ਬਹੁਤ ਤੇਜ਼ ਰਫ਼ਤਾਰ ਨਾਲ ਚੱਲ ਰਹੀ ਸੀ। ਸਥਾਨਕ ਪੁਲੀਸ ਵੱਲੋਂ ਘਟਨਾ ਦੀ ਜਾਂਚ ਕਰ ਕੀਤੀ ਜਾ ਰਹੀ ਹੈ।
Mohali
ਮੁਹਾਲੀ ਵਿਧਾਨਸਭਾ ਵਿੱਚ ਤੇਜੀ ਨਾਲ ਜੜ੍ਹਾਂ ਮਜਬੂਤ ਕਰ ਰਹੀ ਹੈ ਭਾਜਪਾ
ਬਾਕੀ ਪਾਰਟੀਆਂ ਲਈ ਵੱਡੇ ਖਤਰੇ ਦੇ ਰੂਪ ਵਿੱਚ ਸਾਮ੍ਹਣੇ ਆ ਰਹੀ ਹੈ ਭਾਜਪਾ
ਐਸ ਏ ਐਸ ਨਗਰ, 4 ਜਨਵਰੀ (ਸ.ਬ.) ਭਾਰਤੀ ਜਨਤਾ ਪਾਰਟੀ ਵਲੋਂ ਮੁਹਾਲੀ ਵਿਧਾਨਸਭਾ ਹਲਕੇ ਵਿੱਚ ਚੁਪ ਚੁਪੀਤੇ ਢੰਗ ਨਾਲ ਅਤੇ ਕਾਫੀ ਤੇਜੀ ਨਾਲ ਆਪਣੀਆਂ ਜੜ੍ਹਾ ਮਜਬੂਤ ਕੀਤੀਆਂ ਜਾ ਰਹੀਆਂ ਹਨ ਜਿਸਦਾ ਅੰਦਾਜਾ ਮੁਹਾਲੀ ਹਲਕੇ ਵਿੱਚ ਹੋਈ ਭਾਜਪਾ ਦੀ ਮੈਂਬਰਸ਼ਿਪ ਤੋਂ ਲਗਾਇਆ ਜਾ ਸਕਦਾ ਹੈ। ਇਸ ਵਾਰ ਮੁਹਾਲੀ ਹਲਕੇ ਵਿੱਚ ਪੰਜਾਬ ਦੇ ਬਾਕੀ ਸਾਰੇ ਵਿਧਾਨਸਭਾ ਹਲਕਿਆਂ ਤੋਂ ਵੱਧ ਮੈਂਬਰਸ਼ਿਪ (21100 ਮੈਂਬਰ) ਹੋਈ ਹੈ ਅਤੇ ਇਸ ਨਾਲ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਜਪਾ ਹੋਰਨਾਂ ਪਾਰਟੀਆਂ ਲਈ ਕਿੰਨਾ ਵੱਡਾ ਖਤਰਾ ਬਣ ਸਕਦੀ ਹੈ।
ਦੋ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਮੁਹਾਲੀ ਹਲਕੇ ਵਿੱਚ ਭਾਜਪਾ ਦਾ ਆਧਾਰ ਬਹੁਤ ਘੱਟ ਦਿਖਦਾ ਸੀ ਅਤੇ ਉਸਦੇ ਗਿਣਤੀ ਦੇ ਹੀ ਮੈਂਬਰ ਅਤੇ ਆਗੂ ਹੋਇਆ ਕਰਦੇ ਸੀ। ਭਾਰਤੀ ਜਨਤਾ ਪਾਰਟੀ ਦਾ ਅਕਾਲੀ ਦਲ ਨਾਲ ਸਮਝੌਤਾ ਹੁੰਦਾ ਸੀ ਅਤੇ ਮੁਹਾਲੀ ਹਲਕੇ (ਪਹਿਲਾਂ ਖਰੜ) ਵਿੱਚ ਕਦੇ ਵੀ ਭਾਜਪਾ ਦਾ ਉਮੀਦਵਾਰ ਚੋਣ ਨਹੀਂ ਲੜਿਆ ਸੀ। ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਵੀ ਭਾਜਪਾ ਵਲੋਂ ਅਕਾਲੀ ਦਲ ਨਾਲ ਮਿਲ ਕੇ ਹੀ ਲੜੀਆਂ ਜਾਂਦੀਆਂ ਸੀ ਅਤੇ ਇਸਦੇ ਗਿਣਤੀ ਦੇ ਉਮੀਦਵਾਰ ਹੀ ਜੇਤੂ ਹੁੰਦੇ ਸਨ।
2022 ਵਿੱਚ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਭਾਜਪਾ ਨੇ ਪਹਿਲੀ ਵਾਰ ਹਲਕੇ ਵਿੱਚ ਆਪਣੇ ਤੌਰ ਤੇ ਚੋਣ ਲੜੀ ਸੀ ਅਤੇ ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਹੇ ਸ੍ਰੀ ਸੰਜੀਵ ਵਸ਼ਿਸ਼ਠ (ਜੋ ਹੁਣ ਭਾਜਪਾ ਦੇ ਜਿਲ੍ਹਾ ਪ੍ਰਧਾਨ ਹਨ) ਨੂੰ ਮੈਦਾਨ ਵਿੱਚ ਉਤਾਰਿਆ ਗਿਆ ਸੀ। ਇਹਨਾਂ ਚੋਣਾਂ ਦੌਰਾਨ ਭਾਜਪਾ ਉਮੀਦਵਾਰ ਸੰਜੀਵ ਵਸ਼ਿਸ਼ਠ ਨੂੰ 17 ਹਜਾਰ ਵੋਟਾਂ ਪਈਆਂ ਸਨ ਅਤੇ ਭਾਜਪਾ ਅਕਾਲੀ ਦਲ ਨੂੰ ਪਿੱਛੇ ਛੱਡ ਕੇ ਤੀਜੇ ਨੰਬਰ ਤੇ ਆ ਗਈ ਸੀ।
ਪਿੱਛਲੀ ਵਾਰ ਹੋਈਆਂ ਲੋਕਸਭਾ ਚੋਣਾਂ ਦੌਰਾਨ ਭਾਜਪਾ ਦੀ ਤਾਕਤ ਹੋਰ ਵੀ ਵੱਧ ਗਈ। ਇਸ ਦੌਰਾਨ ਮੁਹਾਲੀ ਹਲਕੇ ਤੋਂ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਭਾਵੇਂ ਤੀਜੇ ਨੰਬਰ ਤੇ ਹੀ ਰਹੇ ਸਨ ਪਰੰਤੂ ਭਾਜਪਾ ਨੂੰ ਮਿਣ ਵਾਲੀਆਂ ਵੋਟਾਂ ਦਾ ਅੰਕੜਾ 36 ਹਜਾਰ ਤੇ ਪਹੁੰਚ ਗਿਆ ਸੀ। ਲੋਕਸਭਾ ਚੋਣਾਂ ਦੌਰਾਨ ਮੁਹਾਲੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਨੂੰ 41 ਹਜਾਰ ਵੋਟਾਂ ਮਿਲੀਆ ਸਨ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 40 ਹਜਾਰ ਵੋਟਾਂ ਪਈਆਂ ਸਨ।
ਇਸਤੋਂ ਬਾਅਦ ਹੁਣ ਭਾਜਪਾ ਦੀ ਮੈਂਬਰਸ਼ਿਪ ਦੇ ਅੰਕੜੇ ਦੱਸਦੇ ਹਨ ਕਿ ਭਾਜਪਾ ਵਲੋਂ ਮੁਹਾਲੀ ਹਲਕੇ ਵਿੱਚ ਆਪਣੀ ਜੜ੍ਹਾਂ ਨੂੰ ਹੋਰ ਵੀ ਮਜਬੂਤ ਕਰ ਲਿਆ ਗਿਆ ਹੈ। ਭਾਜਪਾ ਦੇ ਨਵੇਂ ਮੈਂਬਰ ਬਣਾਉਣ ਦੇ ਮਾਮਲੇ ਵਿੱਚ ਮੁਹਾਲੀ ਹਲਕਾ ਵਿੱਚ ਪੰਜਾਬ ਦੇ ਸਾਰੇ ਵਿਧਾਨਸਭਾ ਹਲਕਿਆ ਵਿੱਚੋਂ ਅੱਵਲ ਰਿਹਾ ਹੈ ਅਤੇ ਇਸ ਨਾਲ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਭਾਜਪਾ ਨੇ ਚੁਪ ਚੁਪੀਤੇ ਆਪਣੀ ਤਾਕਤ ਕਿਸ ਕਦਰ ਵਧਾ ਲਈ ਹੈ।
ਭਾਜਪਾ ਦੇ ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਠ ਨੇ ਦੱਸਿਆ ਕਿ ਮੁਹਾਲੀ ਜਿਲ੍ਹੇ ਅਤੇ ਹਲਕੇ ਵਿੱਚ ਪਾਰਟੀ ਲਗਾਤਾਰ ਮਜਬੂਤ ਹੋ ਰਹੀ ਹੈ ਅਤੇ ਲੋਕ ਪਾਰਟੀ ਨਾਲ ਤੇਜੀ ਨਾਲ ਜੁੜ ਰਹੇ ਹਨ। ਉਹਨਾਂ ਦੱਸਿਆ ਕਿ ਮੁਹਾਲੀ ਹਲਕੇ ਵਿੱਚ ਜਿੱਥੇ 21100 ਮੈਂਬਰ ਬਣੇ ਹਨ ਉੱਥੇ ਮੁਹਾਲੀ ਜਿਲ੍ਹੇ ਵਿੱਚ ਵੀ 43500 ਮੈਂਬਰ ਬਣੇ ਹਨ। ਉਹਨਾਂ ਦੱਸਿਆ ਕਿ ਭਾਜਪਾ ਦੀ ਬੰਪਰ ਮੈਂਬਰਸ਼ਿਪ ਤੋਂ ਪਾਰਟੀ ਅਗਵਾਈ ਵੀ ਖੁਸ਼ ਹੈ ਅਤੇ ਇਸ ਸੰਬੰਧੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸ੍ਰੀ ਬੀ ਐਲ ਸੰਤੋਸ਼ ਵਲੋਂ ਬੀਤੇ ਦਿਨੀਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ।
Punjab
ਖਨੌਰੀ ਤੇ ਟੋਹਾਣਾ ਵਿੱਚ ਮਹਾਪੰਚਾਇਤਾਂ ਦਾ ਆਯੋਜਨ
ਖਨੌਰੀ, 4 ਜਨਵਰੀ (ਸ.ਬ.) ਖਨੌਰੀ ਸਰਹੱਦ ਤੇ ਕਿਸਾਨਾਂ ਦੀ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਸਟਰੈਚਰ ਤੇ ਸਟੇਜ ਤੇ ਲਿਆਂਦਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਸਾਨ ਆਗੂ ਡੱਲੇਵਾਲ ਨੇ ਕਿਹਾ ਹੈ ਕਿ ਪੁਲੀਸ ਵੱਲੋਂ ਉਨ੍ਹਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰੰਤੂ ਲੋਕਾਂ ਨੂੰ ਪਤਾ ਲੱਗਦਿਆਂ ਹੀ ਪੰਜਾਬ ਤੇ ਹਰਿਆਣਾ ਦੇ ਸੈਂਕੜੇ ਨੌਜਵਾਨਾਂ ਨੇ ਮੌਕੇ ਤੇ ਪਹੁੰਚ ਕੇ ਚਾਰਜ ਸੰਭਾਲ ਲਿਆ।
ਡੱਲੇਵਾਲ ਨੇ ਕਿਹਾ ਕਿ ਅੱਜ ਜਿਹੜੇ ਲੋਕ ਮੋਰਚੇ ਤੇ ਪਹੁੰਚੇ ਹਨ, ਉਹ ਪ੍ਰਮਾਤਮਾ ਦੀ ਕਿਰਪਾ ਨਾਲ ਹਨ। ਸਰਕਾਰ ਜਿੰਨੀ ਮਰਜ਼ੀ ਜ਼ੋਰ ਲਾ ਲਵੇ, ਅਸੀਂ ਮੋਰਚਾ ਜਿੱਤਦੇ ਰਹਾਂਗੇ। ਡੱਲੇਵਾਲ ਨੇ ਅੱਗੇ ਕਿਹਾ ਕਿ ਬਹੁਤ ਸਾਰੇ ਕੰਮ ਔਖੇ ਹੁੰਦੇ ਹਨ, ਪਰ ਜੇਕਰ ਅਸੀਂ ਬੈਠੇ ਬੈਠੇ ਇਹ ਸੋਚਦੇ ਰਹੀਏ ਕਿ ਔਖਾ ਹੈ ਤਾਂ ਸਾਨੂੰ ਬਹੁਤ ਨੁਕਸਾਨ ਹੋਵੇਗਾ। ਇਸ ਸਾਲ 4 ਲੱਖ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ। ਇਹ ਰਿਪੋਰਟ ਸੁਪਰੀਮ ਕੋਰਟ ਵਿੱਚ ਪੇਸ਼ ਕੀਤੀ ਗਈ ਹੈ। ਮੈਂ ਇਸਦਾ ਹਵਾਲਾ ਦੇ ਰਿਹਾ ਹਾਂ।
ਦੂਜੇ ਪਾਸੇ ਹਰਿਆਣਾ ਦੇ ਟੋਹਾਣਾ ਵਿੱਚ ਸੰਯੁਕਤ ਕਿਸਾਨ ਮੋਰਚਾ (ਐਸ ਕੇ ਐਮ) ਦੀ ਮਹਾਂਪੰਚਾਇਤ ਹੋਈ ਹੈ। ਇਸ ਮੌਕੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਖਨੌਰੀ ਸਰਹੱਦ ਤੇ ਚਲ ਰਹੇ ਅੰਦੋਲਨ ਨੂੰ ਲੰਮਾ ਕਰਨਾ ਚਾਹੁੰਦਾ ਹੈ। ਜੇਕਰ ਡੱਲੇਵਾਲ ਦੀ ਮੌਤ ਹੋ ਗਈ ਤਾਂ ਲਾਸ਼ ਸਰਕਾਰ ਨੂੰ ਨਹੀਂ ਦਿੱਤੀ ਜਾਵੇਗੀ।
ਸੰਯੁਕਤ ਕਿਸਾਨ ਮੋਰਚਾ ਦੀ ਮਹਾਂਪੰਚਾਇਤ ਵਿੱਚ ਪੁੱਜੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਉਹੀ ਕਾਲੇ ਕਾਨੂੰਨ ਜੋ ਪਹਿਲਾਂ ਵਾਪਸ ਲਏ ਗਏ ਸਨ, ਨਵੀਂ ਨੀਤੀ ਦੇ ਖਰੜੇ ਵਿੱਚ ਸ਼ਾਮਲ ਕੀਤੇ ਗਏ ਹਨ। ਖੁੱਲ੍ਹੀ ਮੰਡੀ ਹੋਵੇ, ਮਾਰਕੀਟ ਫੀਸ ਘਟਾਉਣੀ ਹੋਵੇ, ਠੇਕਾ ਖੇਤੀ ਹੋਵੇ, ਸਭ ਇੱਕੋ ਜਿਹੇ ਮੁੱਦੇ ਹਨ। ਇਹ ਲਹਿਰ ਮੁੜ ਸ਼ੁਰੂ ਨਹੀਂ ਹੋਈ। ਅੰਦੋਲਨ ਲਗਾਤਾਰ ਜਾਰੀ ਹੈ, ਦੁਬਾਰਾ ਕਾਨੂੰਨ ਲਿਆਂਦਾ ਜਾ ਰਿਹਾ ਹੈ, ਇਸ ਤੇ ਲੜਾਈ ਤੇਜ਼ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਪਹਿਲਾਂ ਵੀ ਇਹ ਪ੍ਰੋਗਰਾਮ ਲਗਾਤਾਰ ਚੱਲਦੇ ਰਹੇ ਹਨ ਅਤੇ ਹੁਣ ਇਨ੍ਹਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਪਹਿਲਾਂ ਵੀ ਸਰਕਾਰ ਨੇ ਉਨ੍ਹਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਸੀ। ਉਹਨਾਂ ਕਿਹਾ ਕਿ ਸਾਂਝਾ ਕਿਸਾਨ ਮੋਰਚਾ ਸ਼ੰਭੂ ਅਤੇ ਖਨੌਰੀ ਸਰਹੱਦ ਦੇ ਕਿਸਾਨਾਂ ਨੂੰ ਰੋਕਣ ਦੀ ਨਿਖੇਧੀ ਕਰਦਾ ਹੈ। ਲਖੀਮਪੁਰ ਖੇੜੀ ਦੇ ਕਿਸਾਨਾਂ ਦੀਆਂ ਮੰਗਾਂ, ਦੋਸ਼ੀਆਂ ਨੂੰ ਸਜ਼ਾਵਾਂ ਦੇਣ, ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦਾ ਕਾਨੂੰਨ, ਕਿਸਾਨਾਂ ਦੀ ਕਰਜ਼ਾ ਮੁਕਤੀ, ਅੰਦੋਲਨਕਾਰੀ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ, ਕਿਸਾਨਾਂ ਤੇ ਦਰਜ ਪਰਚੇ ਰੱਦ ਕਰਨ, ਬਿਜਲੀ ਦੇ ਬਿੱਲ ਰੱਦ ਕਰਨ ਦੀਆਂ ਮੰਗਾਂ ਸ਼ੁਰੂ ਤੋਂ ਹੀ ਚੱਲ ਰਹੀਆਂ ਹਨ।
ਵੱਖ-ਵੱਖ ਥਾਵਾਂ ਤੇ ਮਹਾਂਪੰਚਾਇਤ ਦੇ ਸਵਾਲ ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਪਿਛਲੇ 10-11 ਮਹੀਨਿਆਂ ਤੋਂ ਉਸ ਕਮੇਟੀ ਦਾ ਅੰਦੋਲਨ ਚੱਲ ਰਿਹਾ ਹੈ। ਇੱਥੇ ਇੱਕ ਰੋਜ਼ਾ ਪੰਚਾਇਤ ਕੀਤੀ ਜਾ ਰਹੀ ਹੈ, ਜਿਸ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਉਠਾਇਆ ਜਾ ਰਿਹਾ ਹੈ। ਇਸ ਪੰਚਾਇਤ ਅਤੇ ਉਸ ਲਹਿਰ ਦਾ ਕੋਈ ਸਬੰਧ ਨਹੀਂ ਹੈ। ਉਥੇ ਕਮੇਟੀ ਵੱਲੋਂ ਅੰਦੋਲਨ ਚਲਾਇਆ ਜਾ ਰਿਹਾ ਹੈ, ਇੱਥੇ ਸੰਯੁਕਤ ਕਿਸਾਨ ਮੋਰਚਾ ਦੀ ਪੰਚਾਇਤ ਹੈ, 7 ਤਰੀਕ ਨੂੰ ਵੀ ਪੂਰੇ ਦੇਸ਼ ਵਿੱਚ ਪੰਚਾਇਤ ਹੋਵੇਗੀ।
ਡੱਲੇਵਾਲ ਦਾ ਸਮਰਥਨ ਕਰਨ ਦੇ ਸਵਾਲ ਤੇ ਟਿਕੈਤ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਖਨੌਰੀ ਬਾਰਡਰ ਤੇ ਮਿਲਣ ਗਏ ਸੀ। ਅਸੀਂ ਉਨ੍ਹਾਂ ਨੂੰ ਭੁੱਖ ਹੜਤਾਲ ਖਤਮ ਕਰਨ ਲਈ ਨਹੀਂ ਕਹਿ ਸਕਦੇ, ਉਨ੍ਹਾਂ ਦੀ ਕਮੇਟੀ ਇਹ ਫੈਸਲਾ ਲਵੇਗੀ।
Mohali
ਕਿਰਾਏਦਾਰ ਬਣ ਕੇ ਮਾਲਕ ਦਾ ਭਰੋਸਾ ਜਿੱਤਣ ਤੋਂ ਬਾਅਦ ਚੋਰੀ ਕਰਨ ਵਾਲਾ ਕਾਬੂ
ਐਸ ਏ ਐਸ ਨਗਰ, 4 ਜਨਵਰੀ (ਸ.ਬ.) ਮੁਹਾਲੀ ਪੁਲੀਸ ਨੇ ਸੈਕਟਰ 89 ਦੀ ਇੱਕ ਮਹਿਲਾ ਦੇ ਘਰ ਕਿਰਾਏਦਾਰ ਬਣ ਕੇ ਮਹਿਲਾ ਦਾ ਵਿਸ਼ਵਾਸ਼ ਜਿੱਤਣ ਤੋਂ ਬਾਅਦ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ।
ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਸੰਬੰਧੀ ਸ਼ਿਕਾਇਤਕਰਤਾ ਸੁਪਨੀਤ ਕੌਰ ਗਰੇਵਾਲ ਨੇ ਬੀਤੀ 18 ਨੰਵਬਰ ਨੂੰ ਪੁਲੀਸ ਨੁੰ ਸ਼ਿਕਾਇਤ ਦਿੱਤੀ ਸੀ ਕਿ ਉਹ ਆਪਣੇ ਘਰ ਦੀਆ ਚਾਬੀਆਂ ਆਪਣੇ ਘਰ ਵਿੱਚ ਲੱਗੇ ਤਾਲੇ ਵਿਚ ਭੁੱਲ ਗਈ ਸੀ ਅਤੇ ਆਪਣੇ ਬੇਟੇ ਨੂੰ ਸਕੂਲ ਤੋਂ ਲੈਣ ਚਲੀ ਗਈ ਸੀ। ਇਸ ਮੌਕੇ ਉਸ ਦੇ ਘਰ ਵਿੱਚ ਰਹਿੰਦਾ ਕਿਰਾਏਦਾਰ ਸ਼ੋਰਬ ਸੁਭਾਸ ਕੱਟੀਕਾਰ ਵਾਸੀ ਪੂਨੇ, ਮੰਬਈ ਉਥੇ ਮੌਜੂਦ ਸੀ। ਸ਼ਿਕਾਇਤ ਕਰਤਾ ਅਨੁਸਾਰ ਜਦੋਂ ਉਹ ਵਾਪਸ ਆਈ ਤਾਂ ਉਸ ਦੇ ਘਰ ਵਿਚੋਂ ਉਸ ਦੀ ਸੋਨੇ ਦੇ ਗਹਿਣੇ ਗਾਇਬ ਸੀ।
ਉਹਨਾਂ ਦੱਸਿਆ ਕਿ ਪੁਲੀਸ ਵਲੋਂ ਇਸ ਮਾਮਲੇ ਨੂੰ ਹਲ ਕਰਦਿਆਂ ਉਕਤ ਕਿਰਾਏਦਾਰ ਨੂੰ ਕਾਬੂ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਮ੍ਹਣੇ ਆਈ ਹੈ ਕਿ ਮੁਲਜਮ (ਜੋ ਪੜ੍ਹਿਆ ਲਿਖਿਆ ਅਤੇ ਅੰਗਰੇਜੀ ਬੋਲਦਾ ਹੈ) ਅਮੀਰ ਲੋਕਾਂ ਦੇ ਘਰਾਂ ਵਿੱਚ ਕਿਰਾਏ ਤੇ ਘਰ ਲੈਂਦਾ ਸੀ ਅਤੇ ਮਕਾਨ ਮਾਲਕ ਨਾਲ ਵਿਸ਼ਵਾਸ਼ ਕਾਇਮ ਕਰਕੇ ਬਾਅਦ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ। ਉਹਨਾਂ ਦੱਸਿਆ ਕਿ ਇਹ ਵਿਅਕਤੀ ਨੇ ਸ਼ਿਕਾਇਤਕਰਤਾ ਦਾ ਘਰ ਕਿਰਾਏ ਤੇ ਲੈਣ ਤੋਂ ਬਾਅਦ ਪਹਿਲਾਂ ਉਹਨਾਂ ਦਾ ਭਰੋਸਾ ਜਿੱਤਿਆ ਅਤੇ ਫਿਰ ਮੌਕਾ ਮਿਲਣ ਤੇ ਉਨ੍ਹਾਂ ਦੇ ਘਰ ਤੋਂ ਕੀਮਤੀ ਗਹਿਣੇ ਲੈ ਕੇ ਫਾਰ ਹੋ ਗਿਆ।
ਉਹਨਾਂ ਦੱਸਿਆ ਕਿ ਮੁਲਜਮ ਵਲੋਂ ਹੁਣ ਸੈਕਟਰ 8 ਚੰਡੀਗੜ੍ਹ ਵਿੱਚ ਇਹੀ ਅਮਲ ਦੁਹਰਾਏ ਜਾਣ ਦੀ ਤਿਆਰੀ ਸੀ ਪਰੰਤੂ ਉਹ ਪੁਲੀਸ ਦੇ ਹੱਥੇ ਚੜ੍ਹ ਗਿਆ। ਉਹਨਾਂ ਕਿਹਾ ਕਿ ਮੁਲਜਮ ਤੋਂ ਚੋਰੀ ਕੀਤਾ 4 ਤੋਲੇ ਸੋਨਾ ਵੀ ਬਰਾਮਦ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਮੁਲਜਮ ਨੇ ਸ਼ਿਕਾਇਤਕਰਤਾ ਦਾ ਇੱਕ ਚੈਕ ਵੀ ਚੋਰੀ ਕਰ ਲਿਆ ਸੀ ਜਿਹੜਾ ਉਸਨੇ ਬੈਂਕ ਵਿੱਚ ਲਗਾ ਦਿੱਤਾ ਸੀ।
ਉਹਨਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਕਿਸੇ ਅਣਜਾਣ ਵਿਅਕਤੀ ਤੇ ਛੇਤੀ ਭਰੋਸਾ ਨਾ ਕਰਨ ਅਤੇ ਜਦੋਂ ਵੀ ਕਿਰਾਏਦਾਰ ਰੱਖਣ ਤਾਂ ਉਸਦੀ ਪੁਲੀਸ ਵੈਰੀਫਿਕੇਸ਼ਨ ਜਰੂਰ ਕਰਵਾਉਣ ਤਾਂ ਜੋ ਅਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਜਾ ਸਕੇ।
-
International2 months ago
ਆਸਟ੍ਰੇਲੀਆ ਵਿੱਚ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ਤੇ ਹਮਲਾ
-
Editorial2 months ago
ਇੱਕ ਵਾਰ ਮੁੜ ਭੜਕ ਗਿਆ ਹੈ ਚੰਡੀਗੜ੍ਹ ਦਾ ਮੁੱਦਾ
-
International1 month ago
ਗੌਤਮ ਅਡਾਨੀ ਤੇ ਨਿਊਯਾਰਕ ਵਿੱਚ ਧੋਖਾਧੜੀ ਅਤੇ ਰਿਸ਼ਵਤ ਦੇਣ ਦਾ ਲੱਗਾ ਦੋਸ਼
-
Chandigarh2 months ago
ਪੰਜਾਬ ਯੂਨੀਵਰਸਿਟੀ ਦੇ ਮੁੰਡਿਆਂ ਦੇ ਹੋਸਟਲ ਵਿੱਚ ਹਿਮਾਚਲ ਦੇ ਨੌਜਵਾਨ ਦੀ ਮੌਤ
-
National1 month ago
ਬੱਸ ਪਲਟਣ ਕਾਰਨ 5 ਵਿਅਕਤੀਆਂ ਦੀ ਮੌਤ, 2 ਦਰਜਨ ਵਿਅਕਤੀ ਜ਼ਖ਼ਮੀ
-
Chandigarh2 months ago
ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ 3 ਵਜੇ ਤੱਕ ਹੋਈ 50 ਫੀਸਦੀ ਪੋਲਿੰਗ
-
Editorial2 months ago
ਮਨੁੱਖ ਹੀ ਹੈ ਕੁਦਰਤੀ ਆਫ਼ਤਾਂ ਲਈ ਜ਼ਿੰਮੇਵਾਰ
-
Mohali1 month ago
ਫੇਜ਼ 4 ਦੇ ਗੁਰੂਦੁਆਾਰਾ ਸਾਹਿਬ ਵਿੱਚ ਚਲ ਰਹੇ ਆਨੰਦਕਾਰਜਾਂ ਦੌਰਾਨ ਲਾੜੀ ਦੀ ਮਾਂ ਦਾ ਬੈਗ ਚੁੱਕ ਕੇ ਭੱਜਦਾ ਬੱਚਾ ਸੇਵਾਦਾਰ ਵੱਲੋਂ ਕਾਬੂ