Punjab
ਪਤਨੀ ਨੇ ਆਪਣੇ ਆਸ਼ਕ ਤੋਂ ਹੀ ਕਰਵਾਇਆ ਸੀ ਪਤੀ ਤੇ ਜਾਨਲੇਵਾ ਹਮਲਾ
ਪਟਿਆਲਾ ਪੁਲੀਸ ਵੱਲੋਂ ਇਰਾਦਾ ਕਤਲ ਦੇ ਅਨਸੁਲਝੇ ਦੋ ਮੁੱਕਦਮੇ ਹਲ, 6 ਵਿਅਕਤੀ ਗ੍ਰਿਫਤਾਰ, ਤਿੰਨ ਪਿਸਤੌਲਾਂ ਅਤੇ 15 ਜਿੰਦਾ ਕਾਰਤੂਸ ਬਰਾਮਦ
ਪਟਿਆਲਾ, 8 ਜਨਵਰੀ (ਬਿੰਦੂ ਧੀਮਾਨ) ਪਟਿਆਲਾ ਪੁਲੀਸ ਨੇ ਇਰਾਦਾ ਕਤਲ ਦੇ ਅਨਸੁਲਝੇ ਚੱਲ ਰਹੇ ਦੋ ਵੱਖ-ਵੱਖ ਮਾਮਲਿਆਂ ਵਿੱਚ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਪਿਸਤੌਲ .32 ਬੋਰ (ਸਮੇਤ 6 ਰੌਦ) ਅਤੇ ਦੋ ਪਿਸਤੌਲ .315 ਬੋਰ (ਸਮੇਤ 9 ਰੌਦ) ਬ੍ਰਾਮਦ ਕੀਤੇ ਹਨ।
ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਪਟਿਆਲਾ ਦੇ ਐਸ ਐਸ ਪੀ ਸz ਨਾਨਕ ਸਿੰਘ ਨੇ ਦੱਸਿਆ ਕਿ ਪਟਿਆਲਾ ਦੇ ਮੁੱਖ ਅਫਸਰ ਇੰਸ ਹਰਜਿੰਦਰ ਸਿੰਘ ਦੀ ਟੀਮ ਨੇ ਦੋ ਵਿਅਕਤੀਆਂ ਅਤੇ ਇੱਕ ਮਹਿਲਾ ਨੂੰ ਕਾਬੂ ਕਰਕੇ ਉਹਨਾਂ ਤੋਂ ਇੱਕ ਪਿਸਤੌਲ .32 ਬੋਰ (ਸਮੇਤ 6 ਰੋਦ) ਅਤੇ ਇੱਕ ਪਿਸਤੌਲ .315 ਬੋਰ (ਸਮੇਤ 4 ਰੌਦ) ਬ੍ਰਾਮਦ ਕੀਤੇ ਸਨ। ਕਾਬੂ ਕੀਤੇ ਗਏ ਵਿਅਕਤੀਆਂ ਦੇ ਨਾਮ ਹਰਸਿਮਰਨਜੀਤ ਸਿੰਘ ਉਰਫ ਗੋਰਾ, ਕਰਨ ਸਿੰਘ ਉਰਫ ਨਿਖਿਲ ਅਤੇ ਮਨਪ੍ਰੀਤ ਕੌਰ ਉਰਫ ਗੱਗੀ ਪਤਨੀ ਬਲਜਿੰਦਰ ਸਿੰਘ ਵਾਸੀਆਨ ਪਿੰਡ ਤੇਜਾ, ਥਾਣਾ ਸਦਰ ਪਟਿਆਲਾ, ਜਿਲਾ ਪਟਿਆਲਾ ਹਨ।
ਉਹਨਾਂ ਦੱਸਿਆ ਕਿ ਮੁੱਖ ਅਫਸਰ ਥਾਣਾ ਕੋਤਵਾਲੀ, ਪਟਿਆਲਾ ਦੀ ਟੀਮ ਸਨੌਰੀ ਅੱਡਾ ਪਟਿਆਲਾ ਮੌਜੂਦ ਸੀ ਜਦੋਂ ਮੁਖਬਰ ਤੀ ਇਤਲਾਹ ਮਿਲੀ ਕਿ ਕਰਨ ਉਰਫ ਨਿਖਿਲ, ਹਰਸਿਮਰਨਜੀਤ ਸਿੰਘ ਉਰਫ ਗੋਰਾ ਕੋਲ ਨਾਜ਼ਾਇਜ ਪਿਸਤੌਲ ਹੈ ਅਤੇ ਇਹਨਾਂ ਨੇ ਕੁਝ ਦਿਨ ਪਹਿਲਾਂ ਹੀ ਮਨਪ੍ਰੀਤ ਕੌਰ ਪਤਨੀ ਬਲਜਿੰਦਰ ਸਿੰਘ ਵਾਸੀ ਪਿੰਡ ਤੇਜਾ, ਥਾਣਾ ਸਦਰ ਪਟਿਆਲਾ ਦੀ ਸ਼ੈਅ ਤੇ ਉਸਦੇ ਪਤੀ ਬਲਜਿੰਦਰ ਸਿੰਘ ਨੂੰ ਮਾਰਨ ਲਈ ਜਾਨਲੇਵਾ ਹਮਲਾ ਕੀਤਾ ਸੀ ਜਿਸ ਵਿੱਚ ਮਨਪ੍ਰੀਤ ਕੌਰ ਦਾ ਪਤੀ ਬਲਜਿੰਦਰ ਸਿੰਘ ਅਤੇ ਪਾਲਾ ਰਾਮ ਗੰਭੀਰ ਜ਼ਖਮੀ ਹੋਏ ਸਨ। ਇਸ ਸਬੰਧੀ ਥਾਣਾ ਸਦਰ, ਪਟਿਆਲਾ ਵਿਖੇ ਬੀ ਐੱਨ ਐੱਸ ਦੀ ਧਾਰਾ 109 ਤਹਿਤ ਮਾਮਲਾ ਦਰਜ ਹੋਇਆ ਸੀ। ਸੂਚਨਾ ਤੇ ਕਾਰਵਾਈ ਕਰਦੇ ਪੁਲੀਸ ਵਲੋਂ ਕਰਨ ਸਿੰਘ ਉਰਫ ਨਿਖਲ, ਹਰਸਿਮਰਨਜੀਤ ਸਿੰਘ ਉਰਫ ਗੋਰਾ ਨੂੰ ਵੱਡੀ ਨਦੀ ਪੁੱਲ ਤੋ ਕੂੜੇ ਦੇ ਡੰਪ ਵੱਲ ਨੂੰ ਬੇ-ਆਬਾਦ ਖਾਲੀ ਪਲਾਟਾ ਵਿੱਚੋ ਇੱਕ ਪਿਸਤੌਲ .32 ਬੋਰ ਸਮੇਤ 6 ਜਿੰਦਾ ਕਾਰਤੂਸ ਅਤੇ ਵਾਰਦਾਤ ਵਿੱਚ ਵਰਤੇ ਗਏ ਮੋਟਰਸਾਈਕਲ ਸਮੇਤ ਕਾਬੂ ਕੀਤਾ ਅਤੇ ਮਨਪ੍ਰੀਤ ਕੌਰ ਉਰਫ ਗੱਗੀ ਪਤਨੀ ਬਲਜਿੰਦਰ ਸਿੰਘ ਨੂੰ ਸਨੌਰੀ ਗੋਟ ਪਟਿਆਲਾ ਦੇ ਨੇੜੇ ਤੋਂ ਗ੍ਰਿਫਤਾਰ ਕੀਤਾ ਗਿਆ। ਬਾਅਦ ਵਿੱਚ ਨਿਖਿਲ ਅਤੇ ਹਰਸਿਮਰਨਜੀਤ ਸਿੰਘ ਉਰਫ ਗੋਰਾ ਦੀ ਨਿਸ਼ਾਨਦੇਹੀ ਤੇ ਇੱਕ ਦੇਸੀ ਪਿਸਤੌਲ 315 ਬੋਰ ਸਮੇਤ 4 ਜਿੰਦਾ ਕਾਰਤੂਸ ਬ੍ਰਾਮਦ ਕਰਵਾਇਆ।
ਉਹਨਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਮ੍ਹਣੇ ਆਈ ਹੈ ਕਿ ਹਰਸਿਮਰਨਜੀਤ ਸਿੰਘ ਉਰਫ ਗੋਰਾ, ਮਨਪ੍ਰੀਤ ਕੌਰ ਉਰਫ ਗੱਗੀ ਦਾ ਗੁਆਂਢੀ ਹੈ। ਮਨਪ੍ਰੀਤ ਕੌਰ ਉਰਫ ਗੱਗੀ ਦਾ ਘਰਵਾਲਾ ਬਲਜਿੰਦਰ ਸਿੰਘ ਕੰਬਾਇਨਾਂ ਤੇ ਕੰਮ ਕਰਨ ਲਈ ਬਾਹਰ ਜਾਂਦਾ ਸੀ ਅਤੇ ਇਸਦੀ ਮਾਰਕੁੱਟ ਵੀ ਕਰਦਾ ਸੀ। ਜਿਸ ਕਾਰਨ ਮਨਪ੍ਰੀਤ ਕੌਰ ਉਰਫ ਗੱਗੀ ਅਤੇ ਹਰਸਿਮਰਨਜੀਤ ਸਿੰਘ ਉਰਫ ਗੋਰਾ ਦੀ ਆਪਸ ਵਿੱਚ ਨੇੜਤਾ ਹੋ ਗਈ ਸੀ ਅਤੇ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ। ਮਨਪ੍ਰੀਤ ਕੌਰ ਦਾ ਘਰਵਾਲਾ ਬਲਜਿੰਦਰ ਸਿੰਘ ਉਸ ਤੇ ਸ਼ੱਕ ਕਰਦਾ ਸੀ। ਮਨਪ੍ਰੀਤ ਕੌਰ ਉਰਫ ਗੱਗੀ ਆਪਣੇ ਘਰਵਾਲੇ ਬਲਜਿੰਦਰ ਸਿੰਘ ਨੂੰ ਆਪਣੇ ਰਾਹ ਵਿੱਚ ਰੋੜਾਂ ਸਮਝਦੀ ਸੀ ਅਤੇ ਇਸ ਨੂੰ ਮਰਵਾ ਕੇ ਆਪ ਹਰਸਿਮਰਨਜੀਤ ਸਿੰਘ ਉਰਫ ਗੋਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ, ਇਸ ਲਈ ਮਨਪ੍ਰੀਤ ਕੌਰ ਉਰਫ ਗੱਗੀ ਨੇ ਹਰਸਿਮਰਨਜੀਤ ਸਿੰਘ ਉਰਫ ਗੋਰੇ ਨਾਲ ਆਪਣੇ ਘਰਵਾਲੇ ਬਲਜਿੰਦਰ ਸਿੰਘ ਨੂੰ ਮਾਰਨ ਲਈ ਸਾਜਿਸ਼ ਘੜੀ ਸੀ ਅਤੇ ਪੈਸੇ ਦੇਣ ਦੀ ਗੱਲ ਆਖੀ ਸੀ, ਜਿਸਤੋਂ ਬਾਅਦ ਮਨਪ੍ਰੀਤ ਕੌਰ ਉਰਫ ਗੱਗੀ ਅਤੇ ਹਰਸਿਮਰਨਜੀਤ ਸਿੰਘ ਉਰਫ ਗੋਰੇ ਨੇ ਬਲਜਿੰਦਰ ਸਿੰਘ ਨੂੰ ਮਾਰਨ ਬਦਲੇ ਫਿਰੌਤੀ ਦੇ ਤੌਰ ਤੇ 5 ਲੱਖ ਰੁਪਏ ਵਿੱਚ ਕਰਨ ਸਿੰਘ ਉਰਫ ਨਿਖਿਲ ਨਾਲ ਸੌਦਾ ਤੈਅ ਕਰ ਲਿਆ ਸੀ।
ਇਸ ਕੰਮ ਲਈ ਹਰਸਿਮਰਨਜੀਤ ਸਿੰਘ ਉਰਫ ਗੋਰਾ ਅਤੇ ਕਰਨ ਸਿੰਘ ਉਰਫ ਨਿਖਿਲ ਉਕਤਾਨ ਦੋਵੇਂ ਜਣੇ ਯੂ. ਪੀ. ਤੋਂ ਜਾ ਕੇ ਹਥਿਆਰ ਲੈ ਕੇ ਆਏ ਸਨ ਅਤੇ ਕਰੀਬ 1 ਲੱਖ 55 ਹਜ਼ਾਰ ਰੁਪਏ ਕਰਨ ਸਿੰਘ ਉਰਫ ਨਿਖਿਲ ਇਹਨਾਂ ਪਾਸੋਂ ਕੰਮ ਕਰਨ ਬਦਲੇ ਲੈ ਚੁੱਕਾ ਸੀ। 2 ਜਨਵਰੀ ਨੂੰ ਜਦੋ ਬਲਜਿੰਦਰ ਸਿੰਘ ਆਪਣੀ ਘਰਵਾਲੀ ਮਨਪ੍ਰੀਤ ਕੌਰ ਉਰਫ ਗੱਗੀ ਨੂੰ ਦੱਸ ਕੇ ਆਪਣੇ ਪਿੰਡ ਦੇ ਪਾਲਾ ਰਾਮ ਅਤੇ ਰਣਜੀਤ ਸਿੰਘ ਨਾਲ ਸ਼ਰਾਬ ਪੀਣ ਲਈ ਪਿੰਡ ਮੰਜਾਲ ਦੇ ਠੇਕੇ ਤੇ ਗਿਆ ਜਿਸ ਬਾਰੇ ਮਨਪ੍ਰੀਤ ਕੌਰ ਨੇ ਆਪਣੇ ਦੋਸਤ ਹਰਸਿਮਰਨਜੀਤ ਸਿੰਘ ਉਰਫ ਗੋਰੇ ਨੂੰ ਇਸ ਸਬੰਧੀ ਇਤਲਾਹ ਦਿੱਤੀ ਸੀ। ਅਤੇ ਹਰਸਿਮਰਨਜੀਤ ਸਿੰਘ ਉਰਫ ਗੋਰੇ ਨੇ ਇਸ ਸਬੰਧੀ ਆਪਣੇ ਦੋਸਤ ਕਰਨ ਸਿੰਘ ਉਰਫ ਨਿਖਿਲ ਨੂੰ ਫੋਨ ਕਰਕੇ ਦੱਸ ਦਿੱਤਾ ਸੀ। ਕਰਨ ਸਿੰਘ ਉਰਫ ਨਿਖਿਲ ਨੇ ਥੋੜੀ ਦੇਰ ਬਾਅਦ ਬਲਜਿੰਦਰ ਸਿੰਘ, ਪਾਲਾ ਰਾਮ ਅਤੇ ਰਣਜੀਤ ਸਿੰਘ ਉਕਤ ਤੇ ਪਿੰਡ ਮੰਜਾਲ ਨੇੜੇ ਪਿਸਤੌਲ ਨਾਲ ਫਾਇਰ ਕਰ ਦਿੱਤੇ। ਗੋਲੀ ਪਾਲਾ ਰਾਮ ਨੂੰ ਜਖਮੀ ਕਰਦੇ ਹੋਏ ਬਲਜਿੰਦਰ ਸਿੰਘ ਦੀ ਗਰਦਨ ਦੇ ਪਿਛਲੇ ਪਾਸੇ ਲੱਗੀ ਸੀ, ਜਿਸ ਨਾਲ ਦੋਵੇਂ ਜਣੇ ਗੰਭੀਰ ਜਖਮੀ ਹੋ ਗਏ ਸਨ। ਪਾਲਾ ਰਾਮ ਜਖਮੀ ਹੋਣ ਕਾਰਨ ਦੋਵੇਂ ਅੱਖਾਂ ਦੀ ਨਿਗਾਹ ਚਲੀ ਗਈ, ਜੋ ਪੀ.ਜੀ.ਆਈ ਚੰਡੀਗੜ੍ਹ ਜੇਰੇ ਇਲਾਜ ਹੈ ਅਤੇ ਬਲਜਿੰਦਰ ਸਿੰਘ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਡਿਸਚਾਰਜ ਹੋ ਚੁੱਕਾ ਹੈ।
ਐਸ ਐਸ ਪੀ ਨੇ ਦੱਸਿਆ ਕਿ ਦੂਜੇ ਅਨਸੁਲਝੇ ਇਰਾਦਾ ਕਤਲ ਦੇ ਮੁੱਕਦਮੇ ਵਿੱਚ ਜਨਕ ਵਾਸੀ ਪਿੰਡ ਮਰਦਾਹੇੜੀ, ਜਿਲਾ ਪਟਿਆਲਾ, ਪ੍ਰਗਟ ਸਿੰਘ ਉਰਫ ਜੱਸ ਵਾਸੀ ਪਿੰਡ ਮੱਦੋ ਮਾਜਰਾ, ਜਿਲਾ ਪਟਿਆਲਾ ਅਤੇ ਯੋਗੇਸ਼ ਰਾਜਬਰ ਉਰਫ ਟੁੱਣਟੁੱਣ ਵਾਸੀ ਪਿੰਡ ਕਕੋਹਾ, ਜੋਨਪੁਰ, ਉੱਤਰ ਪ੍ਰਦੇਸ਼ ਹਾਲ ਵਾਸੀ ਕਿਰਾਏਦਾਰ ਜੱਟਾਂ ਵਾਲਾ ਚੌਤਰਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਵਿਅਕਤੀਆਂ ਤੋਂ ਇੱਕ ਦੇਸੀ ਪਿਸਤੌਲ .315 (ਸਮੇਤ 5 ਰੌਂਦ) ਬ੍ਰਾਮਦ ਹੋਏ ਹਨ। ਉਹਨਾਂ ਦੱਸਿਆ ਕਿ ਥਾਣਾ ਕੋਤਵਾਲੀ ਪਟਿਆਲਾ ਪੁਲੀਸ ਪਾਰਟੀ ਦਾਲ ਦਲੀਆ ਚੌਕ ਪਟਿਆਲਾ ਮੌਜੂਦ ਸੀ ਜਦੋਂ ਮੁੱਖਬਰ ਤੋਂ ਸੂਚਨਾ ਮਿਲੀ ਕਿ ਜਨਕ ਵਾਸੀ ਪਿੰਡ ਮਰਦਾਹੇੜੀ, ਜਿਲਾ ਪਟਿਆਲਾ, ਪ੍ਰਗਟ ਸਿੰਘ ਉਰਫ ਜੱਸ ਵਾਸੀ ਪਿੰਡ ਮੰਦੇ ਮਾਜਰਾ, ਜਿਲਾ ਪਟਿਆਲਾ ਅਤੇ ਯੋਗੇਸ਼ ਰਾਜਬਰ ਉਰਫ ਟੁੱਣਟੁੱਣ ਵਾਸੀ ਪਿੰਡ ਕਕੋਹਾ, ਜੋਨਪੁਰ, ਉਤਰ ਪ੍ਰਦੇਸ਼ ਹਾਲ ਵਾਸੀ ਕਿਰਾਏਦਾਰ ਜੱਟਾਂ ਵਾਲਾ ਚੌਤਰਾ ਪਟਿਆਲਾ ਜਿਨ੍ਹਾਂ ਨੇ ਆਪਣੇ ਪਾਸ ਨਾਜਾਇਜ਼ ਅਸਲਾ ਰੱਖਿਆ ਹੋਇਆ ਹੈ ਅਤੇ ਪਹਿਲਾਂ ਵੀ ਇਹਨਾਂ ਨੇ ਵਾਰਦਾਤਾ ਨੂੰ ਅੰਜ਼ਾਮ ਦਿੱਤਾ ਹੈ ਅਤੇ ਅੱਜ ਵੀ ਇਹ ਘਲੋੜੀ ਗੇਟ ਮੜ੍ਹੀਆ ਦੇ ਆਸ-ਪਾਸ ਕਿਸੇ ਨਵੀਂ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿੱਚ ਹਨ। ਪੁਲੀਸ ਵਲੋਂ ਇਸਤੇ ਤੁਰੰਤ ਕਾਰਵਾਈ ਕਰਦਿਆਂ ਇਹਨਾਂ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਪਾਸੋਂ ਇੱਕ ਦੇਸੀ ਪਿਸਤੌਲ .315 ਬੋਰ ਸਮੇਤ 5 ਕਾਰਤੂਸ ਜਿੰਦਾ ਬ੍ਰਾਮਦ ਕੀਤੇ ਗਏ ਹਨ। ਇਹਨਾਂ ਦੇ ਖਿਲਾਫ ਆਰਮਜ ਐਕਟ ਦੀ ਧਾਰਾ 25/54/59 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਵਿਅਕਤੀਆਂ ਨੇ 3 ਜਨਵਰੀ ਨੂੰ ਕਮਲ ਸ਼ਰਮਾ ਨਾਮ ਦੇ ਵਿਅਕਤੀ (ਜੋ ਡੇਟਿੰਗ ਪੇਟਿੰਗ ਦਾ ਕੰਮ) ਕਰਦਾ ਹੈ, ਨੂੰ ਆਪਣੀ ਵਰਕਸ਼ਾਪ ਖੋਲ੍ਹਣ ਸਮੇਂ ਤੇਜਧਾਰ ਹਥਿਆਰਾਂ ਨਾਲ ਜਾਨ ਤੋਂ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਸੀ। ਜਿਸ ਵਿੱਚ ਕਮਲ ਸ਼ਰਮਾ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਸੀ। ਇਸ ਹਮਲੇ ਵਿੱਚ ਕਮਲ ਸ਼ਰਮਾ ਦਾ ਖੱਬੀ ਸਾਈਡ ਦਾ ਕੰਨ ਵੱਢ ਦਿੱਤਾ ਸੀ ਅਤੇ ਸਿਰ ਵਿੱਚ ਵੀ ਕਾਫੀ ਸੱਟਾਂ ਮਾਰੀਆਂ ਸਨ।
Mohali
ਡਿਪਟੀ ਕਮਿਸ਼ਨਰ ਨੇ ਐਚ ਪੀ ਐਮ ਵੀ ਵਾਇਰਸ ਅਤੇ ਫਲੂ ਤੇ ਨਿਗਰਾਨੀ ਗਤੀਵਿਧੀਆਂ ਦੀ ਸਮੀਖਿਆ ਕੀਤੀ
ਜ਼ਿਲ੍ਹੇ ਦੇ ਵਸਨੀਕਾਂ ਨੂੰ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ, ਜ਼ਿਲ੍ਹੇ ਵਿੱਚ ਟੈਸਟਿੰਗ ਸੁਵਿਧਾ ਉਪਲਬਧ
ਐਸ.ਏ.ਐਸ.ਨਗਰ, 8 ਜਨਵਰੀ (ਸ.ਬ.) ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਹੈ ਕਿ ਜ਼ਿਲ੍ਹੇ ਦੇ ਵਸਨੀਕਾਂ ਨੂੰ ਦੂਜੇ ਰਾਜਾਂ ਜਾਂ ਵਿਦੇਸ਼ਾਂ ਤੋਂ ਹਿਊਮਨ ਮੈਟਾਪਨੀਓਮੋਵਾਇਰਸ (ਐਚਐਮਪੀਵੀ) ਦੇ ਅੱਪਡੇਟ ਦੇ ਮੱਦੇਨਜ਼ਰ ਘਬਰਾਉਣ ਦੀ ਲੋੜ ਨਹੀਂ ਹੈ। ਅੱਜ ਬਾਅਦ ਦੁਪਹਿਰ ਆਪਣੇ ਦਫ਼ਤਰ ਵਿਖੇ ਏ. ਡੀ. ਸੀ (ਪੇਂਡੂ ਵਿਕਾਸ) ਸੋਨਮ ਚੌਧਰੀ, ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ, ਸਿਵਲ ਸਰਜਨ ਡਾ. ਸੰਗੀਤਾ ਜੈਨ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਰਮਨ ਬਰਾੜ ਨਾਲ ਸਮੀਖਿਆ ਮੀਟਿੰਗ ਕਰਨ ਉਪਰੰਤ ਉਨ੍ਹਾਂ ਦੱਸਿਆ ਕਿ ਫਲੂ ਦੇ ਕੇਸਾਂ ਦੀ ਨਿਗਰਾਨੀ ਨਿਯਮਿਤ ਤੌਰ ਤੇ ਜਾਰੀ ਹੈ ਅਤੇ ਹੁਣ ਤੱਕ ਐਚ ਪੀ ਐਮ ਵੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਲੋੜ ਪੈਣ ਤੇ, ਜ਼ਿਲ੍ਹੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਕਾਲਜ ਆਫ਼ ਮੈਡੀਕਲ ਸਾਇੰਸਿਜ਼, ਮੁਹਾਲੀ ਵਿਖੇ ਟੈਸਟਿੰਗ ਸਹੂਲਤ ਉਪਲੱਬਧ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿਹਤ ਅਧਿਕਾਰੀਆਂ ਅਨੁਸਾਰ ਜ਼ਿਲ੍ਹੇ ਵਿੱਚ ਇਨਫਲੂਐਂਜ਼ਾ ਵਰਗੀ ਬਿਮਾਰੀ ਜਾਂ ਗੰਭੀਰ ਗੰਭੀਰ ਸਾਹ ਦੀ ਬਿਮਾਰੀ (ਐਸ ਏ ਆਰ ਆਈ) ਦੇ ਕੇਸਾਂ ਵਿੱਚ ਵੀ ਹਾਲੇ ਤੱਕ ਕੋਈ ਅਸਾਧਾਰਨ ਵਾਧਾ ਨਹੀਂ ਦੇਖਿਆ ਗਿਆ। ਡਿਪਟੀ ਕਮਿਸ਼ਨਰ ਨੇ ਆਮ ਲੱਛਣਾਂ ਜਿਵੇਂ ਕਿ ਖੰਘ, ਬੁਖਾਰ, ਨੱਕ ਦਾ ਬੰਦ ਹੋਣਾ ਅਤੇ ਸਾਹ ਲੈਣ ਵਿੱਚ ਤਕਲੀਫ਼ ਅਤੇ ਬ੍ਰੌਨਕਾਈਟਿਸ ਅਤੇ ਨਿਮੋਨੀਆ ਵਰਗੇ ਗੰਭੀਰ ਮਾਮਲਿਆਂ ਵਿੱਚ ਲੋਕਾਂ ਨੂੰ ਸਾਵਧਾਨ ਰਹਿਣ ਲਈ ਆਖਦਿਆਂ ਕਿਹਾ ਕਿ ਸਾਧਾਰਨ ਫਲੂ ਦੀ ਸਥਿਤੀ ਵਿੱਚ ਸਾਨੂੰ ਹੱਥ ਮਿਲਾਉਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ। ਮੂੰਹ ਨੂੰ ਮਾਸਕ ਨਾਲ ਢੱਕਣ ਤੋਂ ਇਲਾਵਾ ਸਹੀ ਤਰ੍ਹਾਂ ਹੱਥ ਧੋਣੇ ਚਾਹੀਦੇ ਹਨ।
Chandigarh
ਪੰਜਾਬ ਕੈਬਨਿਟ ਸਬ-ਕਮੇਟੀ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗਾਂ
ਚੰਡੀਗੜ੍ਹ, 8 ਜਨਵਰੀ (ਸ.ਬ.) ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਅਤੇ ਮਸਲਿਆਂ ਦੇ ਹੱਲ ਲਈ ਗਠਿਤ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਆਧਾਰਿਤ ਕੈਬਨਿਟ ਸਬ-ਕਮੇਟੀ ਨੇ ਅੱਜ ਮੈਰੀਟੋਰੀਅਸ ਟੀਚਰਜ਼ ਯੂਨੀਅਨ, 3704 ਅਧਿਆਪਿਕ ਯੂਨੀਅਨ, ਡੈਮੋਕਰੇਟਿਕ ਟੀਚਰਜ਼ ਫਰੰਟ, ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ, ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ ਅਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਨੁਮਾਇੰਦਿਆਂ ਨਾਲ ਲੜੀਵਾਰ ਮੀਟਿੰਗਾਂ ਕੀਤੀਆਂ।
ਮੀਟਿੰਗ ਦੌਰਾਨ ਮੈਰੀਟੋਰੀਅਸ ਟੀਚਰਜ਼ ਯੂਨੀਅਨ ਦੇ ਨੁਮਾਇੰਦਿਆਂ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਸਿਰਜਣਾ ਵਿੱਚ ਮੈਰੀਟੋਰੀਅਸ ਸਕੂਲਾਂ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਅਤੇ ਆਪਣੀਆਂ ਮੰਗਾਂ ਅਤੇ ਮੁੱਦੇ ਪੇਸ਼ ਕੀਤੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੈਬਨਿਟ ਸਬ-ਕਮੇਟੀ ਵਲੋਂ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਬਾਰੇ ਇਸ ਮਕਸਦ ਲਈ ਗਠਿਤ ਅਫਸਰ ਕਮੇਟੀ ਰਾਹੀਂ ਵਿਚਾਰ ਕੀਤਾ ਜਾਵੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਯੂਨੀਅਨ ਦੀਆਂ ਵਿੱਤੀ ਮੰਗਾਂ ਸਬੰਧੀ ਰਿਪੋਰਟ ਤਿਆਰ ਕਰਕੇ ਵਿੱਤ ਵਿਭਾਗ ਨੂੰ ਭੇਜੀ ਜਾਵੇ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਨਾਲ ਮੀਟਿੰਗ ਦੌਰਾਨ ਕੈਬਨਿਟ ਸਬ-ਕਮੇਟੀ ਨੇ ਸਿੱਖਿਆ ਵਿਭਾਗ ਨੂੰ ਫਰੰਟ ਵੱਲੋਂ ਉਠਾਏ ਗਏ ਉਨ੍ਹਾਂ ਮੁੱਦਿਆਂ, ਜੋ ਇਸ ਸਮੇਂ ਅਦਾਲਤ ਵਿੱਚ ਹਨ ਜਾਂ ਕਾਨੂੰਨੀ ਅੜਚਣਾਂ ਦਾ ਸਾਹਮਣਾ ਕਰ ਸਕਦੇ ਹਨ, ਬਾਰੇ ਐਡਵੋਕੇਟ ਜਨਰਲ ਦਫਤਰ ਤੋਂ ਕਾਨੂੰਨੀ ਰਾਏ ਲੈਣ ਦੇ ਨਿਰਦੇਸ਼ ਦਿੱਤੇ। ਫਰੰਟ ਵੱਲੋਂ ਉਠਾਏ ਵਿੱਤੀ ਮੁੱਦਿਆਂ ਬਾਰੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਰੋਸਾ ਦਿੱਤਾ ਕਿ ਵਿੱਤ ਵਿਭਾਗ ਵੱਲੋਂ ਇਨ੍ਹਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ। ‘3704 ਅਧਿਆਪਿਕ ਯੂਨੀਅਨ’ ਵੱਲੋਂ ਉਠਾਏ ਮੁੱਦਿਆਂ ਲਈ ਕੈਬਨਿਟ ਸਬ-ਕਮੇਟੀ ਨੇ ਸਿੱਖਿਆ ਵਿਭਾਗ ਨੂੰ ਯੂਨੀਅਨ ਨਾਲ ਮੀਟਿੰਗ ਕਰਕੇ ਰਿਪੋਰਟ ਸੌਂਪਣ ਲਈ ਕਿਹਾ।
ਖੇਤਬਾੜੀ ਵਿਦਿਆਰਥੀ ਐਸੋਸੀਏਸ਼ਨ ਨੇ ਮੰਗ ਕੀਤੀ ਕਿ ਸਕੂਲਾਂ ਵਿੱਚ ਖੇਤੀਬਾੜੀ ਨੂੰ ਲਾਜ਼ਮੀ ਵਿਸ਼ਾ ਬਣਾਇਆ ਜਾਵੇ। ਕੈਬਨਿਟ ਸਬ- ਕਮੇਟੀ ਨੇ ਸਿੱਖਿਆ ਵਿਭਾਗ ਨਾਲ ਗੱਲਬਾਤ ਦੌਰਾਨ ਵਿਭਾਗ ਨੂੰ ਇਹ ਮਾਮਲਾ ਵਿਸ਼ਾ ਮਾਹਿਰ ਕਮੇਟੀ ਕੋਲ ਭੇਜਣ ਲਈ ਕਿਹਾ। ਇਸ ਤੋਂ ਇਲਾਵਾ ਕੈਬਨਿਟ ਸਬ-ਕਮੇਟੀ ਨੇ ਸਿੱਖਿਆ ਵਿਭਾਗ ਨੂੰ ਖੇਤੀਬਾੜੀ ਨੂੰ ਕਿੱਤਾ ਮੁਖੀ ਕੋਰਸਾਂ ਵਿੱਚ ਸ਼ਾਮਲ ਕਰਨ ਬਾਰੇ ਵਿਚਾਰ ਕਰਨ ਦੇ ਨਿਰਦੇਸ਼ ਦਿੱਤੇ ਹਨ।
ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਨੇ ਸੂਬਾ ਸਰਕਾਰ ਦੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਮੁੜ ਸ਼ੁਰੂ ਕਰਨ ਦਾ ਮੁੱਦਾ ਉਠਾਇਆ। ਕਮੇਟੀ ਨੇ ਮੋਰਚੇ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗਠਿਤ ਅਧਿਕਾਰੀਆਂ ਦੀ ਕਮੇਟੀ ਇਸ ਸਬੰਧੀ ਢੁੱਕਵਾਂ ਫੈਸਲਾ ਲੈਣ ਲਈ ਲਗਾਤਾਰ ਮੀਟਿੰਗਾਂ ਕਰ ਰਹੀ ਹੈ। ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਕੈਬਨਿਟ ਸਬ-ਕਮੇਟੀ ਨੂੰ ਜਾਣੂ ਕਰਵਾਇਆ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਨਵੀਂ ਪੈਨਸ਼ਨ ਸਕੀਮ, ‘ਯੂਨੀਫਾਈਡ ਪੈਨਸ਼ਨ ਸਕੀਮ’, ਬਾਰੇ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਪ੍ਰਾਪਤ ਹੋਣ ਤੋਂ ਬਾਅਦ ਕੋਈ ਵੀ ਅਗਲਾ ਫੈਸਲਾ ਲਿਆ ਜਾਵੇਗਾ।
ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਉਠਾਏ ਗਏ ਗਰੈਚੁਟੀ ਦੇ ਮੁੱਦੇ ਦੇ ਸਬੰਧ ਵਿੱਚ ਕੈਬਨਿਟ ਸਬ-ਕਮੇਟੀ ਨੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਕਾਨੂੰਨੀ ਸਲਾਹ ਲੈਣ ਉਪਰੰਤ ਮਾਮਲਾ ਵਿੱਤ ਵਿਭਾਗ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਕੇਂਦਰ ਸਰਕਾਰ ਨਾਲ ਸਬੰਧਤ ਮੰਗਾਂ ਲਈ ਕੈਬਨਿਟ ਸਬ-ਕਮੇਟੀ ਨੇ ਵਿਭਾਗ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਮਸਲਿਆਂ ਦੇ ਹੱਲ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਜਾਵੇ। ਕੁਝ ਆਂਗਣਵਾੜੀ ਕੇਂਦਰਾਂ ਨੂੰ ਪ੍ਰਾਇਮਰੀ ਸਕੂਲਾਂ ਵਿੱਚ ਸ਼ਾਮਲ ਕਰਨ ਕਾਰਨ ਪੈਦਾ ਹੋ ਰਹੀਆਂ ਮੁਸ਼ਕਿਲਾਂ ਸਬੰਧੀ ਕੈਬਨਿਟ ਸਬ- ਕਮੇਟੀ ਨੇ ਵਿਭਾਗਾਂ ਨੂੰ ਸਿੱਖਿਆ ਵਿਭਾਗ ਨਾਲ ਮੀਟਿੰਗ ਕਰਕੇ ਇਨ੍ਹਾਂ ਮੁੱਦਿਆਂ ਦਾ ਹੱਲ ਕਰਨ ਲਈ ਕਿਹਾ ਹੈ।
ਮੀਟਿੰਗ ਵਿੱਚ ਮੈਰੀਟੋਰੀਅਸ ਟੀਚਰਜ਼ ਯੂਨੀਅਨ ਤੋਂ ਡਾ: ਟੀਨਾ, ਡਾ: ਅਜੇ, ਬੂਟਾ ਸਿੰਘ ਅਤੇ ਅਸ਼ਪ੍ਰੀਤ ਕੌਰ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਤੋਂ ਵਿਕਰਮ ਦੇਵ ਸਿੰਘ, ਮਹਿੰਦਰ ਕੌੜਿਆਂਵਾਲੀ, ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ ਅਤੇ ਸੁਖਦੇਵ ਸਿੰਘ ਡਾਨਸੀਵਾਲ, 3704 ਅਧਿਅਪਕ ਯੂਨੀਅਨ ਤੋਂ ਹਰਜਿੰਦਰ ਸਿੰਘ, ਯਾਦਵਿੰਦਰ ਸਿੰਘ ਅਤੇ ਚਰਨਜੀਤ ਸਿੰਘ, ਖੇਤਬਾੜੀ ਵਿਦਿਆਰਥੀ ਐਸੋਸੀਏਸ਼ਨ ਤੋਂ ਅੰਗਰੇਜ ਸਿੰਘ ਅਤੇ ਅਕਾਸ਼ਦੀਪ, ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਤੋਂ ਗੁਰਜੰਟ ਸਿੰਘ ਕੋਕਰੀ, ਟਹਿਲ ਸਿੰਘ ਸਰਾਭਾ ਅਤੇ ਰਣਦੀਪ ਸਿੰਘ ਅਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਤੋਂ ਊਸ਼ਾ ਰਾਣੀ ਅਤੇ ਗੁਰਮੀਤ ਕੌਰ ਹਾਜਰ ਸਨ।
Chandigarh
ਪੰਜਾਬ ਵਿੱਚ ਸ਼ੀਤ ਲਹਿਰ ਦੀ ਚਿਤਾਵਨੀ
ਮੌਸਮ ਵਿਭਾਗ ਵਲੋਂ ਬਰਸਾਤ ਦੀ ਭਵਿੱਖਬਾਣੀ
ਚੰਡੀਗੜ੍ਹ, 8 ਜਨਵਰੀ (ਸ.ਬ.) ਮੌਸਮ ਵਿਭਾਗ ਨੇ ਅੱਜ 23 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਅਤੇ ਠੰਡ ਦਾ ਆਰੇਂਜ ਅਲਰਟ ਜਾਰੀ ਕੀਤਾ ਹੈ। ਪੰਜਾਬ ਵਿਚ ਮੀਂਹ ਪੈਣ ਦੀ ਸੰਭਾਵਨਾ ਵੀ ਦੱਸੀ ਗਈ ਹੈ। ਸੂਬੇ ਵਿੱਚ ਪਿਛਲੇ 24 ਘੰਟਿਆਂ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 2.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜਦਕਿ ਇਹ ਆਮ ਤਾਪਮਾਨ ਤੋਂ 3.1 ਡਿਗਰੀ ਹੇਠਾਂ ਆ ਗਿਆ ਹੈ।
ਸਾਰੇ ਜ਼ਿਲ੍ਹਿਆਂ ਦਾ ਵੱਧ ਤੋਂ ਵੱਧ ਤਾਪਮਾਨ 13.5 ਤੋਂ 20 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਤਾਪਮਾਨ 15.1 ਡਿਗਰੀ ਦਰਜ ਕੀਤਾ ਗਿਆ ਹੈ, ਜੋ ਆਮ ਨਾਲੋਂ ਇਕ ਡਿਗਰੀ ਘੱਟ ਹੈ। 9 ਜਨਵਰੀ ਦੀ ਰਾਤ ਤੋਂ ਮੀਂਹ ਪੈਣ ਦੀ ਸੰਭਾਵਨਾ ਵਿਖਾਈ ਗਈ ਹੈ।
ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਮਾਨਸਾ, ਰੂਪਨਗਰ ਅਤੇ ਮੁਹਾਲੀ ਵਿੱਚ ਸੰਘਣੀ ਧੁੰਦ ਅਤੇ ਠੰਡ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮਲੇਰਕੋਟਲਾ ਵਿੱਚ ਠੰਡ ਦੇ ਦਿਨਾਂ ਅਤੇ ਸੰਘਣੀ ਧੁੰਦ ਦੀ ਆਰੇਂਜ ਅਲਰਟ ਚਿਤਾਵਨੀ ਹੈ। ਵਿਭਾਗ ਨੇ ਇਸ ਮੌਸਮ ਵਿੱਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਇਹ ਵੀ ਸਪੱਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਜਦੋਂ ਤੱਕ ਕੋਈ ਐਮਰਜੈਂਸੀ ਨਾ ਹੋਵੇ ਘਰਾਂ ਵਿਚੋਂ ਬਾਹਰ ਨਾ ਨਿਕਲੋ ਅਤੇ ਆਪਣਾ ਚਿਹਰਾ ਢੱਕ ਕੇ ਰੱਖੋ।
-
National2 months ago
ਬੱਸ ਪਲਟਣ ਕਾਰਨ 5 ਵਿਅਕਤੀਆਂ ਦੀ ਮੌਤ, 2 ਦਰਜਨ ਵਿਅਕਤੀ ਜ਼ਖ਼ਮੀ
-
International2 months ago
ਗੌਤਮ ਅਡਾਨੀ ਤੇ ਨਿਊਯਾਰਕ ਵਿੱਚ ਧੋਖਾਧੜੀ ਅਤੇ ਰਿਸ਼ਵਤ ਦੇਣ ਦਾ ਲੱਗਾ ਦੋਸ਼
-
Chandigarh2 months ago
ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ 3 ਵਜੇ ਤੱਕ ਹੋਈ 50 ਫੀਸਦੀ ਪੋਲਿੰਗ
-
Mohali2 months ago
ਫੇਜ਼ 4 ਦੇ ਗੁਰੂਦੁਆਾਰਾ ਸਾਹਿਬ ਵਿੱਚ ਚਲ ਰਹੇ ਆਨੰਦਕਾਰਜਾਂ ਦੌਰਾਨ ਲਾੜੀ ਦੀ ਮਾਂ ਦਾ ਬੈਗ ਚੁੱਕ ਕੇ ਭੱਜਦਾ ਬੱਚਾ ਸੇਵਾਦਾਰ ਵੱਲੋਂ ਕਾਬੂ
-
International1 month ago
ਭਾਰਤ ਦੀ ਆਸਟਰੇਲੀਆ ਵਿੱਚ ਆਸਟਰੇਲੀਆ ਤੇ ਸਭ ਤੋਂ ਵੱਡ ਜਿੱਤ
-
Chandigarh2 months ago
ਪੰਜਾਬ ਵਿਧਾਨਸਭਾ ਦੀ ਜਿਮਣੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਤਿੰਨ ਅਤੇ ਕਾਂਗਰਸ ਨੇ ਇੱਕ ਸੀਟ ਜਿੱਤੀ
-
National2 months ago
ਬੋਰਵੈਲ ਵਿੱਚ ਡਿੱਗਣ ਕਾਰਨ 4 ਸਾਲਾ ਬੱਚੇ ਦੀ ਮੌਤ
-
International2 months ago
ਯੂਕੇ ਵਿੱਚ ਭਾਰਤੀ ਵਿਅਕਤੀ ਵੱਲੋਂ ਪਤਨੀ ਦਾ ਕਤਲ