Mohali
ਮੁਹਾਲੀ ਵਿੱਚ ਦਾਖਿਲ ਹੋਣ ਵਾਲੀਆਂ ਥਾਵਾਂ ਤੇ ਪੈਂਦੇ ਪੁਲਾਂ ਦਾ ਨਵੀਨੀਕਰਨ ਕਰੇ ਗਮਾਡਾ : ਕੁਲਜੀਤ ਸਿੰਘ ਬੇਦੀ
ਡਿਪਟੀ ਮੇਅਰ ਨੇ ਐਸ ਈ ਨਵੀਨ ਕੰਬੋਜ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ
ਐਸ ਏ ਐਸ ਨਗਰ, 15 ਜਨਵਰੀ (ਸ.ਬ.) ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਤੋਂ ਮੰਗ ਕੀਤੀ ਹੈ ਕਿ ਮੁਹਾਲੀ ਦੇ ਐਂਟਰੀ ਪੁਆਇੰਟਾਂ ਉੱਤੇ ਬਣੇ ਪੁਲਾਂ ਦਾ ਨਵੀਨੀਕਰਨ ਕੀਤਾ ਜਾਵੇ। ਡਿਪਟੀ ਮੇਅਰ ਵਲੋਂ ਗਮਾਡਾ ਦੇ ਐਸ ਈ ਨਵੀਨ ਕੰਬੋਜ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਇਸ ਸੰਬੰਧੀ ਮੰਗ ਪੱਤਰ ਵੀ ਸੌਂਪਿਆ ਗਿਆ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੁਹਾਲੀ ਦੇ ਵੱਖ ਵੱਖ ਐਂਟਰੀ ਪੁਆਇੰਟਾਂ, ਜਿਹਨਾਂ ਵਿੱਚ ਬਲੌਂਗੀ ਵਾਲਾ ਪੁਲ, ਫੇਜ਼ 8 ਦੇ ਪਿੱਛੇ ਐਜੂਕੇਸ਼ਨ ਬੋਰਡ ਦੇ ਪਿੱਛੇ ਚੰਡੀਗੜ੍ਹ ਨੂੰ ਜੋੜਦੀ ਸੜਕ ਉੱਤੇ ਬਣਿਆ ਪੁੱਲ ਅਤੇ ਨਾਈਪਰ ਉੱਤੇ ਬਣਿਆ ਪੁੱਲ ਕਈ ਸਾਲ ਪੁਰਾਣੇ ਹਨ ਅਤੇ ਬਹੁਤ ਖਸਤਾ ਹਾਲਤ ਵਿੱਚ ਹਨ। ਉਹਨਾਂ ਕਿਹਾ ਕਿ ਇੱਥੇ ਸੜਕਾਂ ਵੀ ਬਹੁਤ ਸੌੜੀਆਂ ਹੋ ਚੁੱਕੀਆਂ ਹਨ ਜਿਸ ਕਾਰਨ ਟਰੈਫਿਕ ਦੀ ਭਾਰੀ ਸਮੱਸਿਆ ਆਉਂਦੀ ਹੈ। ਉਹਨਾਂ ਕਿਹਾ ਕਿ ਮੁਹਾਲੀ ਦੀ ਐਂਟਰੀ ਉੱਤੇ ਬਣੇ ਇਹ ਪੁੱਲ ਮੁਹਾਲੀ ਸ਼ਹਿਰ ਦੀ ਸੁੰਦਰਤਾ ਉੱਤੇ ਵੀ ਬਹੁਤ ਮਾੜਾ ਅਸਰ ਪਾਉਂਦੇ ਹਨ ਅਤੇ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ।
ਸz. ਬੇਦੀ ਨੇ ਕਿਹਾ ਕਿ ਖਾਸ ਤੌਰ ਤੇ ਬਲੌਂਗੀ ਵਾਲਾ ਪੁਲ ਨੀਵਾਂ ਹੈ ਅਤੇ ਦੋਵੇਂ ਪਾਸੇ ਬਣੀਆਂ ਫੋਰ ਲੇਨ ਸੜਕਾਂ ਪੁਲ ਨਾਲੋਂ ਉੱਚੀਆਂ ਹਨ ਅਤੇ ਬਰਸਾਤ ਵੇਲੇ ਸਾਰਾ ਪਾਣੀ ਉੱਥੇ ਇਕੱਠਾ ਹੁੰਦਾ ਹੈ। ਉਹਨਾਂ ਕਿਹਾ ਕਿ ਬਲੌਂਗੀ ਵਿੱਚ ਆਬਾਦੀ ਦਾ ਬਹੁਤ ਵੱਡਾ ਪ੍ਰੈਸ਼ਰ ਹੈ ਅਤੇ ਇੱਥੋਂ ਸਾਰੇ ਲੋਕ ਆਪਣੇ ਕੰਮਾਂ ਕਾਰਾਂ ਉੱਤੇ ਸਾਇਕਲਾਂ ਤੇ ਸਕੂਟਰਾਂ ਤੇ ਜਾਂਦੇ ਹਨ। ਇੱਥੇ ਚਿੱਕੜ ਹੋਣ ਕਾਰਨ ਉਹਨਾਂ ਦੇ ਕੱਪੜੇ ਵੀ ਖਰਾਬ ਹੁੰਦੇ ਹਨ। ਇਸ ਦੇ ਨਾਲ ਨਾਲ ਉਥੇ ਜਾਮ ਦੀ ਸਥਿਤੀ ਬਣ ਜਾਂਦੀ ਹੈ। ਆਮ ਲੋਕਾਂ ਦਾ ਸਾਈਕਲਾਂ ਉੱਤੇ ਲੰਘਣਾ ਵੀ ਔਖਾ ਹੋ ਜਾਂਦਾ ਹੈ। ਇਹ ਪੁਲ ਨੈਸ਼ਨਲ ਹਾਈਵੇ ਨੂੰ ਜੋੜਦਾ ਹੈ। ਉਹਨਾਂ ਮੰਗ ਕੀਤੀ ਕਿ ਇਸ ਪੁੱਲ ਨੂੰ ਚੁੱਕ ਕੇ ਨਵਾਂ ਬਣਾਇਆ ਜਾਵੇ।
ਡਿਪਟੀ ਮੇਅਰ ਨੇ ਕਿਹਾ ਕਿ ਇਸੇ ਤਰ੍ਹਾਂ ਡੀਸੀ ਦਫਤਰ ਤੋਂ ਥੋੜਾ ਅੱਗੇ ਲਾਂਡਰਾਂ ਵੱਲ ਨੂੰ ਜਾਣ ਵੇਲੇ ਸੜਕ ਉੱਤੇ ਟੀ ਪੁਆਇੰਟ ਬਣਦਾ ਹੈ ਅਤੇ ਇੱਥੇ ਵੀ ਬਹੁਤ ਮਾੜੀ ਹਾਲਤ ਹੈ। ਕਈ ਵਾਰ ਇੱਥੇ ਜਾਮ ਲੱਗ ਜਾਂਦੇ ਹਨ ਅਤੇ ਹਾਦਸੇ ਵੀ ਵਾਪਰਦੇ ਹਨ। ਉਹਨਾਂ ਕਿਹਾ ਕਿ ਇੱਥੇ ਟਰੈਫਿਕ ਲਾਈਟਾਂ ਦਾ ਬੰਦੋਬਸਤ ਬਹੁਤ ਜਰੂਰੀ ਹੈ। ਕਈ ਸਾਲਾਂ ਤੋਂ ਮੁਹਾਲੀ ਦੇ ਲੋਕ ਇਹ ਮੰਗ ਉਠਾਉਂਦੇ ਆ ਰਹੇ ਹਨ ਪਰ ਗਮਾਡਾ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਉਹਨਾਂ ਕਿਹਾ ਕਿ ਇਹ ਸਾਰੇ ਕੰਮ ਮੁੱਢਲੇ ਕੰਮ ਹਨ ਅਤੇ ਇਹਨਾਂ ਦੀ ਜਿੰਮੇਵਾਰੀ ਗਮਾਡਾ ਦੀ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਮੁਹਾਲੀ ਦਾ ਵਿਸਤਾਰ ਹੋ ਰਿਹਾ ਹੈ ਅਤੇ ਟਰੈਫਿਕ ਵਿੱਚ ਵਾਧਾ ਹੋ ਰਿਹਾ ਹੈ ਉਸ ਨਾਲ ਆਉਂਦੇ ਸਮੇਂ ਵਿੱਚ ਮੁਸ਼ਕਿਲਾਂ ਹੋਰ ਵੱਧ ਜਾਣਗੀਆਂ। ਉਹਨਾਂ ਕਿਹਾ ਕਿ ਗਮਾਡਾ ਸਿਰਫ ਪ੍ਰੋਪਰਟੀ ਡੀਲਰ ਬਣ ਕੇ ਪਲਾਟ ਵੇਚਣ ਦਾ ਕੰਮ ਨਾ ਕਰੇ ਸਗੋਂ ਬੁਨਿਆਦੀ ਢਾਂਚੇ ਦਾ ਵਿਕਾਸ ਕਰਕੇ ਲੋਕਾਂ ਨੂੰ ਪੂਰੀ ਸਹੂਲਤ ਦੇਣ ਦਾ ਵੀ ਕੰਮ ਕਰੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
Mohali
ਬਰਖਾਸਤ ਡੀ. ਐਸ. ਪੀ ਗੁਰਸ਼ੇਰ ਸਿੰਘ ਸੰਧੂ ਦੀ ਅਗਾਉਂ ਜਮਾਨਤ ਦੀ ਅਰਜੀ ਖਾਰਜ
ਗੁਰਸ਼ੇਰ ਸਿੰਘ ਸੰਧੂ ਵਿਰੁੱਧ ਦਰਜ ਹੈ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦਾ ਮਾਮਲਾ
ਐਸ ਏ ਐਸ ਨਗਰ, 15 ਜਨਵਰੀ (ਜਸਬੀਰ ਸਿੰਘ ਜੱਸੀ) ਧੋਖਾਧੜੀ ਅਤੇ ਜਾਅਲਸਾਜ਼ੀ ਦੇ ਮਾਮਲੇ ਵਿੱਚ ਨਾਮਜ਼ਦ ਬਰਖਾਸਤ ਡੀ. ਐਸ. ਪੀ ਗੁਰਸ਼ੇਰ ਸਿੰਘ ਸੰਧੂ ਵਲੋਂ ਆਪਣੇ ਵਕੀਲ ਰਾਹੀਂ ਵਧੀਕ ਜਿਲਾ ਸੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵਿੱਚ ਦਾਖਿਲ ਕੀਤੀ ਗਈ ਅਗਾਉਂ ਜਮਾਨਤ ਦੀ ਅਰਜੀ ਨੂੰ ਖਾਰਜ ਕਰ ਦਿੱਤਾ ਗਿਆ ਹੈ।
ਅਦਾਲਤ ਵਿੱਚ ਅੱਜ ਉਕਤ ਅਰਜੀ ਤੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੀ ਬਹਿਸ ਹੋਈ ਅਤੇ ਅਦਾਲਤ ਵਲੋਂ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਗੁਰਸ਼ੇਰ ਸਿੰਘ ਸੰਧੂ ਦੀ ਅਗਾਊਂ ਜਮਾਨਤ ਦੀ ਅਰਜੀ ਨੂੰ ਖਾਰਜ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਰਖਾਸਤ ਡੀ.ਐਸ.ਪੀ ਗੁਰਸ਼ੇਰ ਸਿੰਘ ਸੰਧੂ ਤੇ ਵਿਵਾਦਤ ਜ਼ਮੀਨਾਂ ਸਸਤੇ ਭਾਅ ਤੇ ਖ਼ਰੀਦਣ ਅਤੇ ਫਿਰ ਮਹਿੰਗੇ ਭਾਅ ਤੇ ਵੇਚਣ ਅਤੇ ਆਪਣੇ ਹੀ ਜਾਣਕਾਰਾਂ ਰਾਹੀਂ ਝੂਠੀਆਂ ਸ਼ਿਕਾਇਤਾਂ ਦੇ ਕੇ ਲੋਕਾਂ ਤੋਂ ਨਾਜਾਇਜ਼ ਪੈਸੇ ਵਸੂਲਣ ਦਾ ਦੋਸ਼ ਹੈ। ਇਸ ਮਾਮਲੇ ਵਿਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਵਿਅਕਤੀ ਤੋਂ ਡੀ. ਐਸ. ਪੀ ਗੁਰਸ਼ੇਰ ਸਿੰਘ ਨੇ ਵੱਖ-ਵੱਖ ਲੋਕਾਂ ਖ਼ਿਲਾਫ਼ ਝੂਠੀਆਂ ਸ਼ਿਕਾਇਤਾਂ ਕਰ ਕੇ ਉਨ੍ਹਾਂ ਤੋਂ ਨਾਜਾਇਜ਼ ਵਸੂਲੀ ਕੀਤੀ ਸੀ, ਉਸੇ ਵਿਅਕਤੀ ਬਲਜਿੰਦਰ ਸਿੰਘ ਨੇ ਡੀ. ਐਸ. ਪੀ. ਗੁਰਸ਼ੇਰ ਸਿੰਘ ਸੰਧੂ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸ਼ਿਕਾਇਤ ਦਾਇਰ ਕੀਤੀ ਸੀ। ਜਿਸ ਤੋਂ ਬਾਅਦ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਗੁਰਸ਼ੇਰ ਸਿੰਘ ਸੰਧੂ ਵਿਰੁਧ ਸਟੇਟ ਕਰਾਇਮ ਫੇਜ਼ 4 ਵਿਖੇ ਮੁਹਾਲੀ ਵਿਖੇ ਧਾਰਾ 419, 465, 467, 468, 471 ਅਤੇ ਭ੍ਰਿਸ਼ਟਾਚਾਰ ਐਕਟ ਦੇ ਤਹਿਤ ਐਫ.ਆਈ.ਆਰ ਦਰਜ ਕੀਤੀ ਗਈ ਸੀ।
ਜਿਕਰਯੋਗ ਹੈ ਕਿ ਗੁਰਸ਼ੇਰ ਸਿੰਘ ਸੰਧੂ ਤੇ ਸੀ. ਆਈ. ਏ ਸਟਾਫ ਖਰੜ ਵਿਖੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੀ ਇਕ ਨਿਜੀ ਚੈਨਲ ਤੇ ਇੰਟਰਵਿਉ ਕਰਵਾਉਣ ਦੇ ਦੋਸ਼ ਵੀ ਲੱਗੇ ਸਨ। ਇਸ ਕੇਸ ਵਿੱਚ ਹਾਈਕੋਰਟ ਦੇ ਹੁਕਮਾਂ ਤੇ ਬਣਾਈ ਗਈ ਐਸ. ਆਈ. ਟੀ ਮੁਤਾਬਕ ਜਦੋਂ ਇਹ ਇੰਟਰਵਿਉ ਕਰਵਾਈ ਗਈ ਤਾਂ ਗੁਰਸ਼ੇਰ ਸਿੰਘ ਸੰਧੂ ਡੀ. ਐਸ. ਪੀ ਇਨਵੈਸਟੀਗੇਸ਼ਨ ਦੇ ਤੌਰ ਤੇ ਮੁਹਾਲੀ ਵਿਖੇ ਤੈਨਾਤ ਸਨ ਅਤੇ ਅਕਸਰ ਸੀ. ਆਈ. ਏ ਸਟਾਫ ਖਰੜ ਵਿਚਲੇ ਦਫਤਰ ਵਿੱਚ ਹੀ ਬੈਠਦੇ ਸਨ।
ਇਸ ਮਾਮਲੇ ਵਿੱਚ ਹਾਈਕੋਰਟ ਦੀ ਘੁਰਕੀ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਗੁਰਸ਼ੇਰ ਸਿੰਘ ਸੰਧੂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ, ਜਦੋਂ ਕਿ ਇਸ ਮਾਮਲੇ ਵਿੱਚ 7 ਹੋਰ ਪੁਲੀਸ ਅਧਿਕਾਰੀਆਂ ਜਿਨਾਂ ਵਿੱਚ ਸੀ.ਆਈ.ਏ ਇੰਚਾਰਜ ਰਹੇ ਸ਼ਿਵ ਕੁਮਾਰ ਨੂੰ ਵੀ ਮੁਅੱਤਲ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਸੁਣਵਾਈ ਹਾਲੇ ਵੀ ਹਾਈਕੋਰਟ ਵਿੱਚ ਚੱਲ ਰਹੀ ਹੈ।
Mohali
ਵਿਜੀਲੈਂਸ ਵਲੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਪ੍ਰਾਈਵੇਟ ਵਿਅਕਤੀ ਕਾਬੂ
ਈ.ਓ ਵਿੰਗ ਮੁਹਾਲੀ ਦੇ ਮੁਣਸ਼ੀ ਨੇ ਮੰਗੀ ਸੀ ਰਿਸ਼ਵਤ, ਮੁਣਸ਼ੀ ਫਰਾਰ, ਮਾਮਲਾ ਦਰਜ
ਐਸ ਏ ਐਸ ਨਗਰ, 15 ਜਨਵਰੀ (ਜਸਬੀਰ ਸਿੰਘ ਜੱਸੀ) ਵਿਜੀਲੈਂਸ ਵਲੋਂ ਈ.ਓ ਵਿੰਗ ਮੁਹਾਲੀ ਵਿੱਚ ਤੈਨਾਤ ਮੁਨਸ਼ੀ ਹੌਲਦਾਰ ਅੰਮ੍ਰਿਤਪਾਲ ਸਿੰਘ ਦੇ ਵਿਰੁਧ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਵਿਜੀਲੈਂਸ ਵਲੋਂ 50 ਹਜਾਰ ਰੁਪਏ ਦੀ ਰਿਸ਼ਵਤ ਲੈਂਦਿਆ ਇਕ ਪ੍ਰਾਈਵੇਟ ਵਿਅਕਤੀ ਗੁਰਪ੍ਰੀਤ ਸਿੰਘ (ਜੋ ਅਮ੍ਰਿਤਪਾਲ ਸਿੰਘ ਦਾ ਸਾਥੀ ਦੱਸਿਆ ਜਾ ਰਿਹਾ ਹੈ) ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਵਿਜੀਲੈਂਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਨੂੰ ਅਸ਼ੋਕ ਕੁਮਾਰ ਦੀ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੱਸਿਆ ਸੀ ਕਿ ਇਕ ਮਾਮਲੇ ਦੇ ਸਬੰਧ ਵਿੱਚ ਉਸ ਨੂੰ ਈ. ਓ. ਵਿੰਗ ਮੁਹਾਲੀ ਵਿਖੇ ਬੁਲਾਇਆ ਗਿਆ ਸੀ, ਜਿਥੇ ਉਸ ਨੂੰ ਹੌਲਦਾਰ ਅਮ੍ਰਿਤਪਾਲ ਸਿੰਘ ਮਿਲਿਆ, ਜਿਸ ਨੇ ਕਿਹਾ ਕਿ ਉਹ ਈ.ਓ ਵਿੰਗ ਵਿੱਚ ਬਤੌਰ ਮੁਣਸ਼ੀ ਤੈਨਾਤ ਹੈ ਅਤੇ ਉਹ ਹੀ ਉਸ ਦੇ ਮਾਮਲੇ ਦਾ ਨਿਪਟਾਰਾ ਕਰ ਸਕਦਾ ਹੈ।
ਅਸ਼ੋਕ ਕੁਮਾਰ ਨੇ ਵਿਜੀਲੈਂਸ ਨੂੰ ਦੱਸਿਆ ਕਿ ਅਮ੍ਰਿਤਪਾਲ ਸਿੰਘ ਵਲੋਂ ਮਾਮਲੇ ਨੂੰ ਨਿਪਟਾਉਣ ਲਈ ਇਕ ਮੋਟੀ ਰਕਮ ਮੰਗੀ ਗਈ, ਜਿਸ ਰਕਮ ਨੂੰ ਦੇਣ ਤੋਂ ਉਸ ਨੇ ਅਸਮਰਥਾ ਪ੍ਰਗਟਾਈ। ਅਸ਼ੋਕ ਕੁਮਾਰ ਮੁਤਾਬਕ ਅਮ੍ਰਿਤਪਾਲ ਸਿੰਘ ਨੇ ਬਿਨਾਂ ਰਿਸ਼ਵਤ ਤੋਂ ਉਸ ਦੇ ਮਾਮਲੇ ਦਾ ਨਿਪਟਾਰਾ ਕਰਨ ਤੋਂ ਮਨਾਂ ਕਰ ਦਿੱਤਾ। ਆਖਰਕਾਰ ਅੰਮ੍ਰਿਤਪਾਲ ਸਿੰਘ ਅਤੇ ਉਸ ਵਿਚਕਾਰ 50 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋ ਗਿਆ। ਸ਼ਿਕਾਇਤਕਰਤਾ ਮੁਤਾਬਕ ਉਸ ਨੇ ਰਿਸ਼ਵਤ ਦੇਣ ਤੋਂ ਪਹਿਲਾਂ ਵਿਜੀਲੈਂਸ ਨੂੰ ਸ਼ਿਕਾਇਤ ਕਰਨ ਦਾ ਮਨ ਬਣਾਇਆ ਅਤੇ ਅਮ੍ਰਿਤਪਾਲ ਸਿੰਘ ਦੀ ਪੈਸੇ ਮੰਗਣ ਵਾਲੀ ਸ਼ਿਕਾਇਤ ਵਿਜੀਲੈਂਸ ਨੂੰ ਦੇ ਦਿੱਤੀ।
ਵਿਜੀਲੈਂਸ ਵਲੋਂ ਉਕਤ ਸ਼ਿਕਾਇਤ ਮਿਲਣ ਤੇ ਅੱਜ ਟ੍ਰੈਪ ਲਗਾਇਆ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਤਾਂ ਵਿਜੀਲੈਂਸ ਦੇ ਹੱਥ ਨਹੀਂ ਲੱਗਾ ਪ੍ਰੰਤੂ ਹੌਲਦਾਰ ਅੰਮ੍ਰਿਤਪਾਲ ਸਿੰਘ ਦੀ ਜਗਾ ਇਕ ਪ੍ਰਾਈਵੇਟ ਵਿਅਕਤੀ ਗੁਰਪ੍ਰੀਤ ਸਿੰਘ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਵਿਜੀਲੈਂਸ ਵਲੋਂ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਪ੍ਰਾਈਵੇਟ ਵਿਅਕਤੀ ਗੁਰਪ੍ਰੀਤ ਸਿੰਘ ਵਿਰੁਧ ਭ੍ਰਿਸ਼ਟਾਚਾਰ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਨੂੰ ਭਲਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਸੰਪਰਕ ਕਰਨ ਤੇ ਐਸ. ਐਸ. ਪੀ. ਦੀਪਕ ਪਾਰੀਕ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿੱਚ ਜਿਹੜਾ ਵੀ ਪੁਲੀਸ ਕਰਮਚਾਰੀ ਰਿਸ਼ਵਤ ਮੰਗਣ ਜਾਂ ਲੈਣ ਦਾ ਦੋਸ਼ੀ ਪਾਇਆ ਜਾਵੇਗਾ, ਉਸ ਵਿਰੁਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Mohali
ਰਾਜਪੁਰਾ ਵਿੱਚ ਜੀ ਐਸ ਟੀ ਬਾਰੇ ਜਾਗਰੂਕਤਾ ਕੈਂਪ ਦਾ ਆਯੋਜਨ
ਰਾਜਪੁਰਾ, 15 ਜਨਵਰੀ (ਜਤਿੰਦਰ ਲੱਕੀ) ਆਬਕਾਰੀ ਅਤੇ ਕਰ ਵਿਭਾਗ ਵਲੋਂ ਸਰਵੇ ਕਰਕੇ ਜਿਹਨਾਂ ਵਪਾਰੀਆਂ ਅਤੇ ਦੁਕਾਨਦਾਰਾਂ ਕੋਲ ਜੀ ਐਸ ਟੀ ਨੰਬਰ ਨਹੀਂ ਹਨ, ਉਹਨਾਂ ਨੂੰ ਜੀ ਐਸ ਟੀ ਪ੍ਰਤੀ ਜਾਗਰੂਕ ਕਰਨ ਲਈ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਦੇ ਤਹਿਤ ਵਪਾਰੀ ਵਰਗ ਨੂੰ ਜਾਗਰੂਕ ਕਰਨ ਲਈ ਰਾਜਪੁਰਾ ਦੇ ਰੋਟਰੀ ਕਲੱਬ ਵਿੱਚ ਜੀ ਐਸ ਟੀ ਅਵੇਅਰਨੈਸ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੈਡਮ ਰਮਨਪ੍ਰੀਤ ਕੌਰ ਡੀ ਸੀ ਐਸ ਟੀ ਪਟਿਆਲਾ ਅਤੇ ਮੈਡਮ ਕੰਨੂ ਗਰਗ ਏ ਸੀ ਐਸ ਟੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਜਾਗਰੂਕਤਾ ਕੈਂਪ ਵਿੱਚ ਰਾਜਪੁਰਾ ਦੇ ਵਪਾਰੀ ਵਰਗ ਅਤੇ ਟੈਕਸ ਨਾਲ ਸੰਬੰਧਿਤ ਵਕੀਲਾਂ ਨੇ ਵੀ ਹਿੱਸਾ ਲਿਆ।
ਇਸ ਮੌਕੇ ਮੈਡਮ ਰਮਨਪ੍ਰੀਤ ਕੌਰ ਨੇ ਦੱਸਿਆ ਕਿ ਜੀਐਸਟੀ ਹਰੇਕ ਦੁਕਾਨਦਾਰ ਲਈ ਜਰੂਰੀ ਹੈ ਤੇ ਇਸਦੇ ਫਾਇਦੇ ਹੀ ਹਨ ਕੋਈ ਨੁਕਸਾਨ ਨਹੀਂ ਹੈ। ਉਹਨਾਂ ਦੱਸਿਆ ਕਿ ਇਸ ਵਾਰ ਜੀਐਸਟੀ ਦੇ ਅਧੀਨ ਨਵੇਂ ਬਿਜਨਸ ਵੀ ਜੋੜੇ ਗਏ ਹਨ ਜਿਸ ਦੇ ਵਿੱਚ ਬਿਊਟੀ ਪਾਰਲਰ, ਜਿਮ ਅਤੇ ਹੋਰ ਕਾਰੋਬਾਰ ਸ਼ਾਮਿਲ ਕੀਤੇ ਗਏ ਹਨ।
ਉਹਨਾਂ ਕਿਹਾ ਕਿ ਜਿਹੜੇ ਵਪਾਰੀਆਂ ਕੋਲ ਜੀ ਐਸ ਟੀ ਨੰਬਰ ਨਹੀਂ ਹਨ ਉਹ ਆਨਲਾਈਨ ਜਾਂ ਆਪਣੇ ਵਕੀਲ ਨਾਲ ਮਿਲ ਕੇ ਜੀ ਐਸ ਟੀ ਨੰਬਰ ਅਪਲਾਈ ਕਰਨ ਅਤੇ ਵਿਭਾਗ ਵੱਲੋਂ ਉਹਨਾਂ ਦੀ ਪੂਰੀ ਮਦਦ ਕੀਤੀ ਜਾਵੇਗੀ।
-
Mohali2 months ago
ਅਨੁਸੂਚਿਤ ਜਾਤੀ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਐਸਸੀ ਬੀਸੀ ਮੋਰਚੇ ਦੇ ਆਗੂਆਂ ਦਾ ਵਫਦ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਮਿਲਿਆ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali1 month ago
ਮੁਹਾਲੀ ਪੁਲੀਸ ਵੱਲੋਂ 150 ਗ੍ਰਾਮ ਹੈਰੋਇਨ ਸਮੇਤ 1 ਸਮਗਲਰ ਕਾਬੂ
-
Mohali2 months ago
ਸ਼ਹਿਰ ਨੂੰ ਸਫਾਈ ਪੱਖੋਂ ਬਿਹਤਰ ਬਣਾਉਣ ਲਈ ਨਿਵਾਸੀਆਂ ਦਾ ਸਹਿਯੋਗ ਜਰੂਰੀ : ਟੀ ਬੈਨਿਥ
-
National1 month ago
ਦੋ ਕਾਰਾਂ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਦੀ ਮੌਤ
-
Mohali2 months ago
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵੈਇਛੱਕ ਖੂਨਦਾਨ ਅਤੇ ਅੰਗਦਾਨ ਜਾਗਰੂਕਤਾ ਕੈਂਪ ਲਗਾਇਆ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ