Editorial
19 ਜਨਵਰੀ ਨੂੰ ਅੰਤਿਮ ਅਰਦਾਸ ਤੇ ਵਿਸ਼ੇਸ਼ ਨੇਕਦਿਲ ਅਤੇ ਆਲ੍ਹੇ ਦੁਆਲ੍ਹੇ ਲਈ ਫਿਕਰਮੰਦ ਰਹਿਣ ਵਾਲੀ ਸ਼ਖਸ਼ੀਅਤ ਸਨ ਸਰਦਾਰਨੀ ਕਰਮਿੰਦਰ ਕੌਰ ਸ਼ੇਰਗਿੱਲ
ਸਰਦਾਰਨੀ ਕਰਮਿੰਦਰ ਕੌਰ ਸ਼ੇਰਗਿੱਲ ਬਾਰੇ ਇਹ ਗੱਲ ਆਖੀ ਜਾ ਸਕਦੀ ਹੈ ਕਿ ਉਹ ਇੱਕ ਨੇਕਦਿਲ ਅਤੇ ਆਲ੍ਹੇ ਦੁਆਲ੍ਹੇ ਲਈ ਫਿਕਰਮੰਦ ਰਹਿਣ ਵਾਲੀ ਸ਼ਖਸ਼ੀਅਤ ਸਨ। ਜਿਹੜੀ ਔਰਤ ਆਪਣੇ ਪਤੀ ਦੀ ਆਗਿਆਕਾਰੀ ਹੋਵੇ, ਆਪਣੀ ਔਲਾਦ ਦੀ ਪਰਵਰਿਸ਼ ਧਾਰਮਿਕ ਅਤੇ ਸਮਾਜਿਕ ਰੁਹ ਰੀਤਾਂ ਨਾਲ ਕਰਦੀ ਹੋਵੇ, ਜਿਹੜੀ ਔਰਤ ਆਪਣੇ ਸਹਰੇ ਪਰਿਵਾਰ ਵਿਚ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਅਤੇ ਛੋਟਿਆਂ ਨੂੰ ਪਿਆਰ ਦਿੰਦੀ ਹੋਵੇ, ਜਿਹੜੀ ਔਰਤ ਸਭ ਤੋਂ ਪਹਿਲਾਂ ਜਾਗ ਕੇ, ਸਭ ਤੋਂ ਮਗਰੋਂ ਸੌਂਦੀ ਹੋਵੇ। ਉਸ ਨੂੰ ਸੁੱਘੜ-ਸੁਆਣੀ ਅਤੇ ਕੁਸ਼ਲ ਗ੍ਰਹਿਣੀ ਕਿਹਾ ਜਾਂਦਾ ਹੈ। ਸਰਦਾਰਨੀ ਕਰਮਿੰਦਰ ਕੌਰ ਸ਼ੇਰਗਿੱਲ ਕੁਸ਼ਲ ਗ੍ਰਹਿਣੀ ਅਤੇ ਸੁੱਘੜ-ਸੁਆਣੀ ਤਾਂ ਹੈ ਹੀ ਸੀ, ਉਹ ਆਪਣੇ ਗਲੀ-ਗੁਆਂਢ ਅਤੇ ਆਲ੍ਹੇ-ਦੁਆਲ੍ਹੇ ਦੀ ਚਿੰਤਾ ਵੀ ਕਰਦੇ ਸਨ।
ਇਹ ਗੱਲ ਅਕਸਰ ਕਹੀ ਜਾਂਦੀ ਹੈ ਕਿ ‘ਇਕ ਸਫਲ ਬੰਦੇ ਪਿੱਛੇ, ਇਕ ਔਰਤ ਦਾ ਹੱਥ ਹੁੰਦਾ ਹੈ। ਉਹ ਮਾਂ ਵੀ ਹੋ ਸਕਦੀ ਹੈ, ਪਤਨੀ ਵੀ ਹੋ ਸਕਦੀ ਹੈ, ਜਾਂ ਕੋਈ ਹੋਰ ਵੀ ਹੋ ਸਕਦੀ ਹੈ। ਸਰਦਾਰਨੀ ਕਰਮਿੰਦਰ ਕੌਰ ਸ਼ੇਰਗਿੱਲ ਨੇ ਆਪਣੇ ਪਤੀ ਸ੍ਰੀ ਮੋਹਨਬੀਰ ਸਿੰਘ ਸ਼ੇਰਗਿੱਲ ਨਾਲ ਮੁਹਾਲੀ ਦੇ ਪਹਿਲੇ ਫੇਜ਼ ਦੀ ਇਕ ਕੋਠੀ ਵਿੱਚ ਸਾਲ 1980 ਵਿਚ ਪੈਰਾਗਾਨ ਕੋਚਿੰਗ ਸੈਂਟਰ ਤੋਂ ਸ਼ੁਰੂ ਕਰਕੇ, ਫੇਜ਼ ਦਸ ਵਿਚ ਕੋਠੀਆਂ ਤੋਂ ਹੁੰਦੇ ਹੋਏ, ਸੈਕਟਰ 69 ਵਿਚ ਪੈਰਾਗਾਨ ਸੀਨੀਅਰ ਸੰਕੈਡਰੀ ਸਕੂਲ ਅਤੇ ਸੱਚੀ-ਮੁੱਚੀ ਦੇ ਮਣਕੇ, ਚੜ੍ਹਦੀ ਉਮਰੇ ਵਿਛੋੜਾ ਦੇ ਗਏ ਆਪਣੇ ਪੁੱਤਰ ਤਰਨਦੀਪ ਸਿੰਘ ਸ਼ੇਰਗਿੱਲ ‘ਮਣਕਾ’ ਦੀ ਯਾਦ ਵਿਚ ਨੰਨ੍ਹੇ-ਮਨਕੇ ਪਲੇਅ ਵੇਅ ਐਂਡ ਫਾਊਡੇਂਸ਼ਨ ਸਕੂਲ ਵਰਗੀਆਂ ਵਿਸ਼ਾਲ ਵਿਦਿਅਕ ਸੰਸਥਾ ਦਾ ਸਥਾਪਨਾ ਵਿਚ ਦਿਨ ਰਾਤ ਇਕ ਕੀਤਾ। ਇਨ੍ਹਾਂ ਵਿਦਿਅਕ ਸੰਸਥਾਵਾਂ ਵਿੱਚ ਪੜ੍ਹੇ ਕਈ ਵਿਦਿਆਰਥੀ ਦੇਸ਼ ਵਿਦੇਸ਼ ਵਿਚ ਵੱਡੇ ਵੱਡੇ ਸਮਾਜਿਕ ਅਹੁੱਦਿਆਂ ਤੇ ਪਹੁੰਚੇ।
ਬੀਬੀ ਸੁੱਲਖਣੀ, ਜਿਸ ਨੂੰ ਗੁੁਰੂ ਹਰ ਗੋਬਿੰਦ ਸਿੰਘ ਜੀ ਨੇ ਸੱਤ ਪੁੱਤਰਾਂ ਦਾ ਵਰ ਦਿੱਤਾ, ਉਸਦੇ ਇੱਕ ਪੁੱਤਰ ਦੇ ਵੰਸ਼ ਵਿੱਚੋਂ ਸਰਦਾਰ ਅਜੀਤ ਸਿੰਘ ਅਤੇ ਸਰਦਾਰਨੀ ਪ੍ਰਕਾਸ਼ ਕੌਰ ਦੇ ਘਰ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਚੱਬਾ ਬੀਬੀ ਸੁਲਖਣੀ ਵਿੱਚ ਪੜ੍ਹੇ-ਲਿਖੇ, ਨੇਕ ਅਤੇ ਸਿੱਖ ਰਾਹਿਤ-ਮਰਿਆਦਾ ਦੇ ਧਾਰਨੀ ਪਰਿਵਾਰ ਵਿੱਚ ਜੰਮੇ-ਪਲੇ ਸਰਦਾਰਨੀ ਕਰਮਿੰਦਰ ਕੌਰ ਸ਼ੇਰਗਿੱਲ ਆਪਣੇ ਦੋ ਪੁੱਤਰਾਂ ਤਰਨਦੀਪ ਸਿੰਘ ਸ਼ੇਰਗਿੱਲ ‘ਮਣਕਾ’, ਹਰਸ਼ਦੀਪ ਸਿੰਘ ਸੇਰਗਿੱਲ ‘ਛਣਕਾ’ ਅਤੇ ਤਿੰਨ ਧੀਆਂ ਹਰਪ੍ਰੀਤ ਕੌਰ ਸਿੱਧੂ, ਅੰਜਨਜੀਤ ਕੌਰ ਸ਼ੇਰਗਿੱਲ ਅਤੇ ਦੀਪਇੰਦਰ ਕੌਰ ਸ਼ੇਰਗਿੱਲ ਦੀ ਮਾਂ ਹੀ ਨਹੀਂ ਸਨ, ਉਹ ਸਕੂਲ ਦੇ ਦਰਜਨਾਂ ਅਧਿਆਪਕਾਂ ਅਤੇ ਵਿਦਿਆਰਥੀਆਂ, ਸ਼ਾਮ ਨੂੰ ਨਾਟਕਾਂ ਦੀ ਰਹਿਸਰਸਲ ਕਰਦੇ ਨਾਟ-ਕਰਮੀਆਂ ਅਤੇ ਸਕੂਲ ਵਿਚ ਲੱਗੇ ਪੇੜ-ਪੌਦਿਆਂ ਦੀ ਮਾਂ ਵੀ ਸਨ।
ਨੇਕਦਿਲ ਅਤੇ ਦਿਆਲੂ ਸੁਭਾਅ ਦੀ ਮਾਲਿਕ ਸਰਦਾਰਨੀ ਕਰਮਿੰਦਰ ਕੌਰ ਸ਼ੇਰਗਿੱਲ ਬਹੱਤਰ ਸਾਲ ਦੀ ਉਮਰ ਭੋਗ ਕੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਅਤੇ ਸ਼ਰਧਾਜਲੀ ਸਮਾਗਮ 19 ਜਨਵਰੀ 2025 (ਐਤਵਾਰ) ਨੂੰ ਬਾਅਦ ਦੁਪਿਹਰ 12 ਤੋਂ 1.30 ਵਜੇ ਗੁਰੂਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ, ਫੇਜ਼-8 ਮੁਹਾਲੀ ਵਿਖੇ ਹੋਵੇਗੀ।
Editorial
ਲਗਾਤਾਰ ਵੱਧਦੇ ਨਾਜਾਇਜ਼ ਕਬਜ਼ਿਆਂ ਤੇ ਕਾਬੂ ਕਰਨ ਲਈ ਕਬਜਾਕਾਰਾਂ ਦੇ ਚਾਲਾਨ ਕੱਟੇ ਨਗਰ ਨਿਗਮ
ਪਿਛਲੇ ਸਾਲਾਂ ਦੌਰਾਨ ਸਾਡੇ ਸ਼ਹਿਰ ਵਿੱਚ ਜਨਤਕ ਥਾਵਾਂ ਤੇ ਹੋਣ ਵਾਲੇ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਲਗਾਤਾਰ ਵੱਧਦੀ ਰਹੀ ਹੈ ਅਤੇ ਸ਼ਹਿਰ ਵਿੱਚ ਜਿਸ ਪਾਸੇ ਵੀ ਨਜਰ ਮਾਰੋ ਰੇਹੜੀਆਂ ਫੜੀਆਂ ਵਾਲੇ ਨਾਜਾਇਜ਼ ਕਬਜ਼ੇ ਕਰਕੇ ਆਪਣਾ ਸਾਮਾਨ ਵੇਚਦੇ ਆਮ ਦਿਖ ਜਾਂਦੇ ਹਨ। ਸ਼ਹਿਰ ਦੀਆਂ ਮਾਰਕੀਟਾਂ ਹੋਣ ਜਾਂ ਮੁੱਖ ਸੜਕਾਂ ਕਿਨਾਰੇ ਦੀ ਖਾਲੀ ਥਾਂ, ਹਰ ਪਾਸੇ ਇਹਨਾਂ ਰੇਹੜੀਆਂ ਫੜੀਆਂ ਦੀ ਭਰਮਾਰ ਹੈ। ਇਸਦੇ ਨਾਲ ਹੀ ਸ਼ਹਿਰ ਦੀਆਂ ਮਾਰਕੀਟਾਂ ਵਿਚਲੇ ਦੁਕਾਨਦਾਰਾਂ ਵਲੋਂ ਵੀ ਆਪਣੀਆਂ ਦੁਕਾਨਾਂ ਦੇ ਸਾਮ੍ਹਣੇ ਲੋਕਾਂ ਦੇ ਲਾਂਘੇ ਵਾਲੀ ਥਾਂ ਤੇ ਨਾਜਾਇਜ਼ ਕਬਜਾ ਕਰਕੇ ਉੱਥੇ ਆਪਣਾ ਤਾਮ ਝਾਮ ਖਿਲਾਰ ਦਿੱਤਾ ਜਾਂਦਾ ਹੈ। ਹੁਣ ਤਾਂ ਸ਼ਹਿਰ ਵਿਚਲੀਆਂ ਮਾਰਕੀਟਾਂ ਵਿਚਲੇ ਦੁਕਾਨਦਾਰ ਖੁਦ ਹੀ ਆਪਣੇ ਸ਼ੋਰੂਮਾਂ ਦੇ ਬਾਹਰ ਵਾਲੀਆਂ ਥਾਂ ਤੇ ਫੜੀਆਂ ਵਾਲਿਆਂ ਨੂੰ ਬਿਠਾਉਣ ਲੱਗ ਗਏ ਹਨ ਜਿਹਨਾਂ ਤੋਂ ਉਹ ਰੋਜਾਨਾ ਦੇ ਹਿਸਾਬ ਨਾਲ ਇੱਕ ਮਿੱਥੀ ਰਕਮ ਵਸੂਲਦੇ ਹਨ।
ਸ਼ਹਿਰ ਵਿੱਚ ਜਨਤਕ ਥਾਵਾਂ ਤੇ ਲਗਾਤਾਰ ਵੱਧਦੇ ਇਹਨਾਂ ਨਾਜਾਇਜ਼ ਕਬਜਿਆਂ ਤੇ ਕਾਬੂ ਕਰਨ ਦੀ ਜਿੰਮੇਵਾਰੀ ਨਗਰ ਨਿਗਮ ਦੇ ਅਧੀਨ ਹੈ ਪਰੰਤੂ ਨਗਰ ਨਿਗਮ ਇਹਨਾਂ ਨਾਜਾਇਜ਼ ਕਬਜ਼ਿਆਂ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾ ਨਾਕਾਮ ਸਾਬਿਤ ਹੋ ਰਿਹਾ ਹੈ। ਇਸ ਸੰਬੰਧੀ ਨਗਰ ਨਿਗਮ ਦੇ ਨਾਜਾਇਜ਼ ਕਬਜੇ ਹਟਾਉਣ ਵਾਲੇ ਸਟਾਫ ਤੇ ਭ੍ਰਿਸ਼ਟਾਚਾਰ ਦੇ ਇਲਜਾਮ ਤਾਂ ਲੱਗਦੇ ਹੀ ਹਨ, ਇਹਨਾਂ ਕਬਜ਼ਿਆਂ ਦੇ ਪਿੱਛੇ ਪੈਣ ਵਾਲੇ ਸਿਆਸੀ ਅਤੇ ਪ੍ਰਸ਼ਾਸ਼ਨਿਕ ਦਬਾਉ ਦੀ ਗੱਲ ਵੀ ਸਮੇਂ ਸਮੇਂ ਤੇ ਸਾਮ੍ਹਣੇ ਆਉਂਦੀ ਰਹਿੰਦੀ ਹੈ।
ਇਸ ਤਰੀਕੇ ਨਾਲ ਜਨਤਕ ਥਾਵਾਂ ਤੇ ਕੀਤੀ ਜਾਂਦੀ ਨਾਜਾਇਜ਼ ਕਬਜ਼ਿਆਂ ਦੀ ਇਹ ਕਾਰਵਾਈ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ ਅਤੇ ਨਗਰ ਨਿਗਮ ਨੂੰ ਇਹ ਕਾਨੂੰਨੀ ਅਧਿਕਾਰ ਹਾਸਿਲ ਹੈ ਕਿ ਉਹ ਨਾਜਾਇਜ਼ ਕਬਜ਼ਿਆਂ ਦੀ ਇਸ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੇ ਚਾਲਾਨ ਕਰਕੇ ਉਹਨਾਂ ਨੂੰ ਜੁਰਮਾਨਾ ਭਰਨ ਲਈ ਅਦਾਲਤ ਵਿੱਚ ਭੇਜ ਸਕਦੀ ਹੈ। ਇਸ ਸੰਬੰਧੀ 2009 ਵਿੱਚ ਉਸ ਵੇਲੇ ਦੀ ਮਿਉਂਸਪਲ ਕੌਂਸਲ ਵਲੋਂ ਬਾਕਾਇਦਾ ਮਤਾ ਪਾਸ ਕਰਕੇ ਇਹ ਫੈਸਲਾ ਵੀ ਕੀਤਾ ਗਿਆ ਸੀ ਕਿ ਸ਼ਹਿਰ ਵਿੱਚ ਹੋਣ ਵਾਲੇ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਦੇ ਪੱਕੇ ਹਲ ਲਈ ਅਜਿਹੇ ਲੋਕਾਂ ਦੇ ਚਾਲਾਨ ਕੱਟਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਜਿਨ੍ਹਾਂ ਵਲੋਂ ਇਹ ਕਬਜੇ ਕੀਤੇ ਜਾਂਦੇ ਹਨ।
ਉਸ ਵੇਲੇ ਇਹ ਫੈਸਲਾ ਕੀਤਾ ਗਿਆ ਸੀ ਕਿ ਪਹਿਲਾਂ ਨਾਜਾਇਜ਼ ਕਬਜੇ ਕਰਨ ਵਾਲੇ ਲੋਕਾਂ ਨੂੰ ਨੋਟਿਸ ਭੇਜ ਕੇ ਦੋ ਜਾਂ ਤਿੰਨ ਦਿਨ ਦਾ ਸਮਾਂ ਦਿੱਤਾ ਜਾਵੇਗਾ ਅਤੇ ਜਿਹੜੇ ਵਿਅਕਤੀ ਇਸ ਸਮਾਂ ਸੀਮਾਂ ਦੇ ਅੰਦਰ ਆਪਣੇ ਕਬਜੇ ਨੂੰ ਖਤਮ ਨਹੀਂ ਕਰਣਗੇ ਉਹਨਾਂ ਦੇ ਚਾਲਾਨ ਕੱਟੇ ਜਾਣਗੇ। ਇਹ ਗੱਲ ਹੋਰ ਹੈ ਕਿ ਇਸਦੇ ਬਾਵਜੂਦ ਸ਼ਹਿਰ ਵਿੱਚ ਜਨਤਕ ਥਾਵਾਂ ਤੇ ਨਾਜਾਇਜ਼ ਕਬਜੇ ਕਰਨ ਵਾਲੇ ਇਹਨਾਂ ਵਿਅਕਤੀਆਂ ਦੇ ਖਿਲਾਫ ਚਾਲਾਨ ਕੱਟਣ ਦੀ ਇਹ ਕਾਰਵਾਈ ਕਦੇ ਵੀ ਅਮਲ ਵਿੱਚ ਨਹੀਂ ਲਿਆਂਦੀ ਗਈ। ਬਾਅਦ ਵਿੱਚ ਸਰਕਾਰ ਵਲੋਂ ਮਿਉਂਸਪਲ ਕੌਂਸਲ ਨੂੰ ਭੰਗ ਕਰਕੇ ਇੱਥੇ ਕਾਰਪੋਰੇਸ਼ਨ ਬਣਾ ਦਿੱਤੀ ਗਈ ਅਤੇ ਇਹ ਮਾਮਲਾ ਵਿੱਚ ਵਿਚਾਲੇ ਹੀ ਰੁਲ ਗਿਆ।
ਹਾਲਾਂਕਿ ਨਗਰ ਨਿਗਮ ਵਲੋਂ ਇਸ ਐਕਟ ਅਧੀਨ ਕੀਤੇ ਜਾਣ ਵਾਲੇ ਚਾਲਾਨ ਦਾ ਜੁਰਮਾਨਾ (ਐਕਟ ਦੇ ਪੁਰਾਣਾ ਹੋਣ ਕਾਰਨ) ਨਿਗੂਣਾ ਜਿਹਾ ਹੀ ਹੈ ਪਰੰਤੂ ਨਗਰ ਨਿਗਮ ਚਾਹੇ ਤਾਂ ਨਾਜਾਇਜ਼ ਕਬਜ਼ਾ ਕਰਨ ਵਾਲੇ ਲੋਕਾਂ ਨੂੰ ਕੀਤੇ ਜਾਣ ਵਾਲੇ ਜੁਰਮਾਨੇ ਦੀ ਰਕਮ ਵਿੱਚ ਵਾਧਾ ਵੀ ਕਰ ਸਕਦੀ ਹੈ। ਉਂਝ ਵੀ ਜਿਸ ਵਿਅਕਤੀ ਦਾ ਚਾਲਾਨ ਕੀਤਾ ਜਾਂਦਾ ਹੈ ਉਸਨੂੰ ਅਦਾਲਤ ਵਿੱਚ ਲੱਗਣ ਵਾਲੀਆਂ ਵਾਰ ਵਾਰ ਦੀਆਂ ਤਰੀਕਾਂ ਤਾਂ ਭੁਗਤਣੀਆਂ ਹੀ ਪੈਂਦੀਆਂ ਹਨ। ਅਜਿਹੇ ਕੇਸਾਂ ਵਿੱਚ ਜਦੋਂ ਸੰਮਨ ਆਉਣ ਤੋਂ ਬਾਅਦ ਤਰੀਕ ਤੇ ਸਵੇਰੇ ਸਵੇਰੇ ਅਦਾਲਤ ਪਹੁੰਚ ਕੇ ਕਈ ਘੰਟੇ ਤੱਕ ਬਾਹਰ ਬੈਠ ਕੇ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ ਅਤੇ ਹਰ ਵਾਰ ਹਾਜਰੀ ਯਕੀਨੀ ਬਨਾਉਣੀ ਪੈਂਦੀ ਹੈ ਉਦੋਂ ਤਰੀਕ ਭੁਗਤਣ ਵਾਲੇ ਨੂੰ ਜਿਹੜੀ ਪਰੇਸ਼ਾਨੀ ਝੱਲਣੀ ਪੈਂਦੀ ਹੈ ਉਹ ਉਸਦੀ ਤੌਬਾ ਕਰਵਾ ਦਿੰਦੀ ਹੈ। ਇਸ ਲਈ ਜੇਕਰ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਨਾਜਾਇਜ਼ ਕਬਜ਼ੇ ਕਰਨ ਵਾਲੇ ਵਿਅਕਤੀਆਂ ਦੇ ਚਾਲਾਨ ਕੱਟਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਅਜਿਹੇ ਕਬਜ਼ਾਕਾਰਾਂ ਨੂੰ ਅਦਾਲਤ ਵਿੱਚ ਪਹੁੰਚ ਕੇ, ਲਾਈਨ ਵਿੱਚ ਲੱਗ ਕੇ ਅਤੇ ਆਪਣੀ ਵਾਰੀ ਦੀ ਉਡੀਕ ਕਰਕੇ ਜੁਰਮਾਨਾ ਭਰਨ ਲਈ ਮਜਬੂਰ ਹੋਣਾ ਪੈਣਾ ਹੈ ਅਤੇ ਇਹ ਕਾਰਵਾਈ ਅਜਿਹੇ ਵਿਅਕਤੀਆਂ ਵਿਚਲੀ ਨਾਜਾਇਜ਼ ਕਬਜੇ ਕਰਨ ਦੀ ਮਾਨਸਿਕਤਾ ਤੇ ਕਾਬੂ ਕਰਨ ਵਿੱਚ ਕਾਫੀ ਹੱਦ ਤਕ ਸਮਰਥ ਹੋ ਸਕਦੀ ਹੈ।
ਨਗਰ ਨਿਗਮ ਦੇ ਮੇਅਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਇਸ ਸੰਬੰਧੀ ਨਾਜਾਇਜ ਕਬਜੇ ਕਰਨ ਵਾਲਿਆਂ ਦੇ ਚਾਲਾਨ ਕੱਟਣ ਦੀ ਕਾਰਵਾਈ ਆਰੰਭ ਕਰਵਾਉਣ ਤਾਂ ਜੋ ਲਗਾਤਾਰ ਵੱਧਦੀ ਇਸ ਸਮੱਸਿਆ ਤੇ ਪ੍ਰਭਾਵੀ ਤਰੀਕੇ ਨਾਲ ਕਾਬੂ ਕੀਤਾ ਜਾ ਸਕੇ।
Editorial
ਟਰੰਪ ਦੇ ਅਹੁਦਾ ਸੰਭਾਲਣ ਤੋਂ ਬਾਅਦ ਕੀ ਅਮਰੀਕਾ ਵੱਲ ਹੁੰਦੇ ਗੈਰਕਾਨੂੰਨੀ ਪਰਵਾਸ ਨੂੰ ਪੈ ਜਾਏਗੀ ਠੱਲ?
ਅਮਰੀਕਾ ਵਿੱਚ ਸੱਤਾ ਤਬਦੀਲੀ ਭਾਵ ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਵੱਲੋਂ ਅਹੁਦਾ ਸੰਭਾਲਨ ਤੋਂ ਬਾਅਦ ਜਿਥੇ ਅਮਰੀਕਾ ਵਿੱਚ ਰਹਿ ਰਹੇ ਗ਼ੈਰ ਕਾਨੂੰਨੀ ਪਰਵਾਸੀਆਂ ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕ ਗਈ ਹੈ, ਉਥੇ ਇਹ ਵੀ ਕਿਆਸਅਰਾਈਆਂ ਵੀ ਲਗਾਈਆਂ ਜਾ ਰਹੀਆਂ ਹਨ ਕਿ ਟਰੰਪ ਦੇ ਰਾਸ਼ਟਰਪਤੀ ਹੋਣ ਸਮੇਂ ਅਮਰੀਕਾ ਨੂੰ ਦੂਜੇ ਦੇਸ਼ਾਂ ਤੋਂ ਹੁੰਦੇ ਗ਼ੈਰਕਾਨੂੰਨੀ ਪਰਵਾਸ ਨੂੰ ਠੱਲ ਪੈ ਸਕਦੀ ਹੈ। ਭਾਵੇਂ ਕਿ ਅਮਰੀਕਾ ਵਿੱਚ ਟਰੰਪ ਦੇ ਸਮਰਥਕ ਇਹ ਦਾਅਵਾ ਕਰ ਰਹੇ ਹਨ ਕਿ ਟਰੰਪ ਦੇ ਰਾਸ਼ਟਰਪਤੀ ਹੁੰਦਿਆਂ ਦੂਜੇ ਦੇਸ਼ਾਂ ਤੋਂ ਅਮਰੀਕਾ ਨੂੰ ਹੁੰਦਾ ਗ਼ੈਰਕਾਨੂੰਨੀ ਪਰਵਾਸ ਪੂਰੀ ਤਰ੍ਹਾਂ ਹੀ ਬੰਦ ਹੋ ਜਾਵੇਗਾ।
ਟਰੰਪ ਦਾ ਕਹਿਣਾ ਹੈ ਕਿ ਦੂਜੇ ਦੇਸ਼ਾਂ ਤੋਂ ਵਿਦਿਆਰਥੀਆਂ ਅਤੇ ਹੁਨਰਮੰਦ ਨੌਜਵਾਨਾਂ ਨੇ ਜੇ ਅਮਰੀਕਾ ਆਉਣਾ ਹੈ ਤਾਂ ਉਹਨਾਂ ਨੂੰ ਜਾਇਜ਼ ਤਰੀਕਿਆਂ ਨਾਲ ਹੀ ਅਮਰੀਕਾ ਆਉਣਾ ਪਵੇਗਾ ਅਤੇ ਅਮਰੀਕਾ ਆਉਣ ਦੇ ਸਾਰੇ ਗੈਰਕਾਨੂੰਨੀ ਤਰੀਕੇ ਬੰਦ ਕਰ ਦਿਤੇ ਜਾਣਗੇ। ਇਸੇ ਕਾਰਨ ਹੀ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਦੌਰਾਨ ਦੂਜੇ ਦੇਸ਼ਾਂ ਤੋਂ ਗੈਰਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਜਾਣ ਵਾਲਿਆਂ ਦੀ ਦੌੜ ਲਗੀ ਰਹੀ। ਹਾਲਾਂਕਿ ਉਹ ਅਮਰੀਕਾ ਜਾਣ ਵਿੱਚ ਸਫਲ ਹੋਏ ਜਾਂ ਨਹੀਂ, ਇਹ ਗੱਲ ਅਜੇ ਭੇਦ ਹੀ ਬਣੀ ਹੋਈ ਹੈ।
ਕਿਹਾ ਜਾਂਦਾ ਹੈ ਕਿ ਭਾਰਤ ਸਮੇਤ ਹੋਰਨਾਂ ਦੇਸ਼ਾਂ ਤੋਂ ਅਮਰੀਕਾ ਨੂੰ ਡੌਂਕੀ ਸਿਸਟਮ ਰਾਹੀਂ ਵੀ ਗੈਰਕਾਨੂੰਨੀ ਪਰਵਾਸ ਹੁੰਦਾ ਹੈ। ਇਸ ਰਸਤੇ ਵਿੱਚ ਜੰਗਲ ਅਤੇ ਪਹਾੜ ਵੀ ਆਉਂਦੇ ਹਨ ਅਤੇ ਅਮਰੀਕਾ ਜਾਣ ਦੇ ਚਾਹਵਾਨ ਅਨੇਕਾਂ ਨੌਜਵਾਨ ਇਹਨਾਂ ਜੰਗਲਾਂ ਅਤੇ ਪਹਾੜਾਂ ਵਿੱਚ ਹੀ ਮਰ ਖਪ ਜਾਂਦੇ ਹਨ ਜਾਂ ਜਖਮੀ ਹੋ ਕੇ ਜੰਗਲੀ ਜਾਨਵਰਾਂ ਦੀ ਖੁਰਾਕ ਬਣ ਜਾਂਦੇ ਹਨ। ਇਸ ਤੋਂ ਇਲਾਵਾ ਜੰਗਲੀ ਡਾਕੂਆਂ ਤੇ ਮਾਫੀਆ ਗਿਰੋਹਾਂ ਵੱਲੋਂ ਵੀ ਇਹਨਾਂ ਨੌਜਵਾਨਾਂ ਨੂੰ ਲੁੱਟਣ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸ ਦੇ ਬਾਵਜੂਦ ਦੂਜੇ ਦੇਸ਼ਾਂ ਤੋਂ ਅਮਰੀਕਾ ਨੂੰ ਹੁੰਦੇ ਗੈਰਕਾਨੂੰਨੀ ਪਰਵਾਸ ਨੂੰ ਠੱਲ ਨਹੀਂ ਪਈ, ਬਲਕਿ ਇਹ ਪਰਵਾਸ ਪਹਿਲਾਂ ਨਾਲੋਂ ਵੀ ਵੱਧਦਾ ਫੁੱਲਦਾ ਰਿਹਾ ਹੈ। ਇਸ ਦਾ ਮੁੱਖ ਕਾਰਨ ਅਮਰੀਕਾ ਦੇ ਡਾਲਰ ਦਾ ਪੂਰੀ ਦੁਨੀਆਂ ਵਿੱਚ ਮਜਬੂਤ ਅਤੇ ਸ਼ਕਤੀਸ਼ਾਲੀ ਹੋਣਾ ਵੀ ਦਸਿਆ ਜਾਂਦਾ ਹੈ। ਅਕਸਰ ਭਾਰਤ ਦੇ ਨੌਜਵਾਨ ਇਹ ਸੋਚਦੇ ਹਨ ਕਿ ਇੱਕ ਅਮਰੀਕੀ ਡਾਲਰ ਦੇ ਕਿੰਨੇ ਭਾਰਤੀ ਰੁਪਏ ਬਣ ਜਾਂਦੇ ਹਨ। ਇਸ ਕਾਰਨ ਹੀ ਭਾਰਤ ਤੋਂ ਵੀ ਵੱਡੀ ਗਿਣਤੀ ਨੌਜਵਾਨ ਅਮਰੀਕਾ ਜਾਂਦੇ ਹਨ। ਭਾਵੇਂ ਕਿ ਵੱਡੀ ਗਿਣਤੀ ਨੌਜਵਾਨ ਤੇ ਵਿਦਿਆਰਥੀ ਜਾਇਜ ਤਰੀਕਿਆਂ ਨਾਲ ਅਮਰੀਕਾ ਜਾਂਦੇ ਹਨ ਪਰ ਜੋ ਨੌਜਵਾਨ ਜਾਇਜ ਤਰੀਕਿਆਂ ਨਾਲ ਅਮਰੀਕਾ ਨਹੀਂ ਜਾ ਸਕਦੇ, ਉਹ ਗੈਰਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਜਾਣ ਦਾ ਯਤਨ ਕਰਦੇ ਹਨ।
ਟਰੰਪ ਇਹ ਵੀ ਕਹਿ ਚੁਕੇ ਹਨ ਕਿ ਅਮਰੀਕਾ ਵਿੱਚ ਜਿਹੜੇ ਵਿਦਿਆਰਥੀ ਦੂਜੇ ਦੇਸ਼ਾਂ ਤੋਂ ਜਾਇਜ਼ ਤਰੀਕਿਆਂ ਨਾਲ ਪੜਾਈ ਕਰਨ ਆਉਂਦੇ ਹਨ, ਉਹਨਾਂ ਨੂੰ ਹੁਣ ਪੜਾਈ ਪੂੁਰੀ ਕਰਨ ਤੋਂ ਬਾਅਦ ਅਮਰੀਕਾ ਦੀ ਨਾਗਰਿਕਤਾ ਨਹੀਂ ਦਿਤੀ ਜਾਵੇਗੀ ਬਲਕਿ ਜਿਹੜੇ ਦੇਸ਼ਾਂ ਤੋਂ ਉਹ ਵਿਦਿਆਰਥੀ ਆਏ ਹੋਣਗੇ ਉਹਨਾਂ ਨੂੰ ਮੁੜ ਉਹਨਾਂ ਦੇ ਮੂਲ ਦੇਸ਼ਾਂ ਵਿੱਚ ਵੀ ਵਾਪਸ ਭੇਜ ਦਿੱਤਾ ਜਾਵੇਗਾ। ਇਸ ਕਾਰਨ ਵੀ ਅਮਰੀਕਾ ਜਾ ਕੇ ਪੜ੍ਹਾਈ ਕਰਨ ਬਹਾਨੇ ਉਥੋਂ ਦੇ ਪੱਕੇ ਵਸਨੀਕ ਬਣਨ ਦਾ ਸੁਪਨਾ ਲੈਣ ਵਾਲੇ ਹਜ਼ਾਰਾਂ ਵਿਦਿਆਰਥੀ ਨਿਰਾਸ਼ ਹੋਏ ਹਨ। ਇਸ ਦੇ ਬਾਵਜੂਦ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਅਤੇ ਨੌਜਵਾਨਾਂ ਵਿੱਚ ਕੋਈ ਕਮੀ ਨਹੀਂ ਆਈ।
ਟਰੰਪ ਦੇ ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਹੀ ਇਹ ਮਹਿਸੂਸ ਹੋਣ ਲੱਗ ਪਿਆ ਸੀ ਕਿ ਅਮਰੀਕਾ ਜਾਣਾ ਹੁਣ ਸੌਖਾਲਾ ਨਹੀਂ ਹੋਵੇਗਾ ਅਤੇ ਟਰੰਪ ਦੇ ਰਾਸ਼ਟਰਪਤੀ ਹੁੰਦਿਆਂ ਭਾਰਤ ਸਮੇਤ ਹੋਰਨਾ ਦੇਸ਼ਾਂ ਤੋਂ ਅਮਰੀਕਾ ਨੂੰ ਹੋ ਰਿਹਾ ਗੈਰਕਾਨੂੰਨੀ ਪਰਵਾਸ ਜਾਰੀ ਨਹੀਂ ਰਹਿ ਸਕੇਗਾ। ਇਸ ਦੇ ਬਾਵਜੂਦ ਕੁਝ ਚੁਸਤ ਤੇ ਲਾਲਚੀ ਟ੍ਰੈਵਲ ਏਜੰਟਾਂ ਨੇ ਅਮਰੀਕਾ ਜਾਣ ਦੇ ਚਾਹਵਾਨ ਲੋਕਾਂ ਨੂੰ ਅਮਰੀਕਾ ਭੇਜਣ ਦੇ ਯਤਨ ਜਾਰੀ ਰੱਖੇ ਅਤੇ ਵੱਡੀ ਗਿਣਤੀ ਲੋਕਾਂ ਨੂੰ ਜਾਇਜ ਤਰੀਕਿਆਂ ਦੇ ਨਾਲ ਗੈਰਕਾਨੂੰਨੀ ਤਰੀਕਿਆਂ ਨਾਲ ਵੀ ਅਮਰੀਕਾ ਜਾਣ ਵਾਸਤੇ ਉਤਸ਼ਾਹਿਤ ਕੀਤਾ।
ਅਮਰੀਕਾ ਦੀ ਧਰਤੀ ਅਤੇ ਡਾਲਰਾਂ ਦੀ ਚਮਕ ਹੀ ਅਜਿਹੀ ਹੈ ਕਿ ਦੁਨੀਆਂ ਭਰ ਦੇ ਲੋਕ ਅਮਰੀਕਾ ਜਾਣ ਨੂੰ ਤਰਜੀਹ ਦਿੰਦੇ ਹਨ ਅਤੇ ਹਰ ਹੀਲੇ ਅਮਰੀਕਾ ਪਹੁੰਚਣਾ ਚਾਹੁੰਦੇ ਹਨ। ਇਸ ਲਈ ਇਹ ਲੋਕ ਆਪਣੀਆਂ ਜਿੰਦਗੀਆਂ ਵੀ ਖਤਰੇ ਵਿੱਚ ਪਾ ਲੈਂਦੇ ਹਨ। ਕਈ ਲੋਕ ਤਾਂ ਆਪਣੇ ਮਾਸੂਮ ਬੱਚਿਆਂ ਨੂੰ ਵੀ ਨਾਲ ਲੈ ਕੇ ਜੰਗਲਾਂ ਅਤੇ ਪਹਾੜਾ ਦੇ ਔਖੇ ਰਸਤੇ ਅਮਰੀਕਾ ਜਾਣ ਦਾ ਯਤਨ ਕਰਦੇ ਹਨ ਭਾਵੇਂ ਕਿ ਅਜਿਹੇ ਲੋਕ ਅਮਰੀਕਾ ਦੀ ਪੁਲੀਸ ਵੱਲੋਂ ਫੜ ਲਏ ਜਾਂਦੇ ਹਨ ਪਰ ਫੜੇ ਜਾਣ ਤੋਂ ਬਾਅਦ ਇਹ ਲੋਕ ਅਮਰੀਕਾ ਵਿੱਚ ਸ਼ਰਨ ਮੰਗਦੇ ਹਨ, ਇਸੇ ਕਾਰਨ ਇਹਨਾਂ ਲੋਕਾਂ ਨੂੰ ਸ਼ਰਨਾਰਥੀ ਕਿਹਾ ਜਾਂਦਾ ਹੈ। ਅਮਰੀਕਾ ਵਿੱਚ ਸ਼ਰਨ ਮੰਗਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਹਰ ਸਾਲ ਵੱਧਦੀ ਜਾ ਰਹੀ ਹੈ।
ਅਮਰੀਕਾ ਦੇ ਮੂਲ ਵਸਨੀਕ ਸ਼ਰਨਾਰਥੀਆਂ ਅਤੇ ਗੈਰਕਾਨੂੰਨੀ ਪਰਵਾਸੀਆਂ ਦਾ ਵਿਰੋਧ ਕਰਨ ਲੱਗ ਪਏ ਹਨ। ਅਮਰੀਕਾ ਦੇ ਲੋਕ ਕਹਿੰਦੇ ਹਨ ਕਿ ਜੇ ਅਮਰੀਕਾ ਨੇ ਗੈਰਕਾਨੂੰਨੀ ਸ਼ਰਨਾਰਥੀਆਂ ਅਤੇ ਪਰਵਾਸੀਆ ਨੂੰ ਅਮਰੀਕਾ ਵਿੱਚ ਆਉਣ ਤੋਂ ਨਾ ਰੋਕਿਆ ਤਾਂ ਅਮਰੀਕਾ ਦੀ ਸਥਿਤੀ ਵੀ ਕੈਨੇਡਾ ਵਰਗੀ ਬਣ ਸਕਦੀ ਹੈ। ਟਰੰਪ ਨੇ ਆਪਣੀ ਚੋਣ ਮੁਹਿੰਮ ਹੀ ਇਸ ਆਧਾਰ ਤੇ ਲੜੀ ਸੀ ਕਿ ਉਹ ਅਮਰੀਕਾ ਵਿੱਚ ਗੈਰਕਾਨੂੰਨੀ ਪਰਵਾਸੀਆਂ ਦਾ ਦਾਖਲਾ ਪੂਰੀ ਤਰਾਂ ਬੰਦ ਕਰ ਦੇਣਗੇ ਅਤੇ ਅਮਰੀਕਾ ਵਿੱਚ ਜਿਹੜੇ ਗੈਰਕਾਨੂੰਨੀ ਪਰਵਾਸੀ ਪਹਿਲਾਂ ਹੀ ਰਹਿ ਰਹੇ ਹਨ, ਉਹਨਾਂ ਨੂੰ ਵੀ ਦੇਸ਼ ਨਿਕਾਲਾ ਦੇ ਦੇਣਗੇ।
ਹੁਣ ਟਰੰਪ ਨੇ ਰਾਸ਼ਟਰਪਤੀ ਬਣਨ ਤੋਂ ਬਾਅਦ ਆਪਣੀਆਂ ਨੀਤੀਆਂ ਤੇ ਅਮਲ ਕਰਨਾ ਹੈ। ਜਿਸ ਕਾਰਨ ਅਮਰੀਕਾ ਰਹਿ ਰਹੇ ਗੈਰਕਾਨੂੰੂਨੀ ਪਰਵਾਸੀਆਂ ਵਿੱਚ ਚਿੰਤਾ ਪਾਈ ਜਾ ਰਹੀ ਹੈ। ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਨ ਤੋਂ ਬਾਅਦ ਭਾਰਤ ਸਮੇਤ ਹੋਰਨਾਂ ਦੇਸ਼ਾਂ ਤੋਂ ਅਮਰੀਕਾ ਨੂੰ ਹੁੰਦੇ ਗ਼ੈਰਕਾਨੂੰਨੀ ਪਰਵਾਸ ਨੂੰ ਕਿੰਨੀ ਕੁ ਠੱਲ ਪੈ ਸਕਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਬਿਊਰੋ
Editorial
ਟੀ ਵੀ ਚੈਨਲਾਂ ਤੇ ਅਸਲੀ ਨਾਇਕਾਂ ਦੀ ਥਾਂ ਫਿਲਮੀ ਨਾਇਕ ਛਾਏ
ਪਿਛਲੇ ਦਿਨੀਂ ਮਸ਼ਹੂਰ ਫਿਲਮ ਅਦਾਕਾਰ ਸੈਫ ਅਲੀ ਖਾਨ ਉਪਰ ਚਾਕੂ ਨਾਲ ਜਾਨਲੇਵਾ ਹਮਲਾ ਹੋਣ ਦੀ ਘਟਨਾ ਤੋਂ ਬਾਅਦ ਵੱਖ ਵੱਖ ਟੀ ਵੀ ਨਿਊਜ਼ ਚੈਨਲਾਂ ਉਪਰ ਵਾਰ ਵਾਰ ਸੈਫ ਅਲੀ ਖਾਨ ਅਤੇ ਉਸ ਦੇ ਪਰਿਵਾਰ ਬਾਰੇ ਰਿਪੋਰਟਾਂ ਦਿਖਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸੈਫ ਅਲੀ ਖਾਨ ਦੇ ਘਰ ਅਤੇ ਸੁਰਖਿਆ ਬਾਰੇ ਵੀ ਟੀ ਵੀ ਨਿਊਜ਼ ਚੈਨਲਾਂ ਵੱਲੋਂ ਵਿਸ਼ੇਸ਼ ਰਿਪੋਰਟਾਂ ਦਿਖਾਈਆਂ ਜਾ ਰਹੀਆਂ ਹਨ।
ਦੂਜੇ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਪਏ ਜਿੰਦਗੀ ਮੌਤ ਦਾ ਸੰਘਰਸ਼ ਕਰ ਰਹੇ ਹਨ। ਅਸਲੀ ਜਿੰਦਗੀ ਦੇ ਇਸ ਨਾਇਕ ਬਾਰੇ ਜਾਂ ਤਾਂ ਵੱਡੀ ਗਿਣਤੀ ਟੀ ਵੀ ਨਿਊਜ਼ ਚੈਨਲਾਂ ਤੇ ਕੁਝ ਦਿਖਾਇਆ ਨਹੀਂ ਜਾਂਦਾ ਜਾਂ ਸਿਰਫ ਇੱਕ ਲਾਈਨ ਦੀ ਖਬਰ ਚਲਾ ਦਿਤੀ ਜਾਂਦੀ ਹੈ ਕਿ ਡੱਲੇਵਾਲ ਦਾ ਮਰਨ ਵਰਤ ਜਾਰੀ ਹੈ। ਇਸ ਤਰ੍ਹਾਂ ਟੀ ਵੀ ਨਿਊਜ਼ ਚੈਨਲਾਂ ਵਲੋਂ ਫਿਲਮੀ ਨਾਇਕ ਨੂੰ ਤਾਂ ਉਸ ਨਾਲ ਵਾਪਰੇ ਦੁਖਾਂਤ ਕਾਰਨ ਉਭਾਰਿਆ ਜਾ ਰਿਹਾ ਹੈ ਪਰ ਅਸਲੀ ਜ਼ਿੰਦਗੀ ਦੇ ਨਾਇਕ ਡੱਲੇਵਾਲ ਨੂੰ ਅੱਖੋਂ ਝਰੋਖੇ ਕੀਤਾ ਜਾ ਰਿਹਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੈਫ ਅਲੀ ਖਾਨ ਚੰਗੇ ਅਦਾਕਾਰ ਹਨ ਅਤੇ ਉਹਨਾਂ ਨੇ ਕਈ ਹਿਟ ਫਿਲਮਾਂ ਦਿਤੀਆਂ ਹਨ। ਉਹਨਾਂ ਦੇ ਪ੍ਰਸੰਸਕਾਂ ਦੀ ਗਿਣਤੀ ਵੀ ਕਾਫੀ ਹੈ। ਉਹਨਾਂ ਨਾਲ ਵਾਪਰੇ ਦੁਖਾਂਤ ਤੋਂ ਬਾਅਦ ਉਹਨਾਂ ਬਾਰੇ ਟੀ ਵੀ ਨਿਊਜ਼ ਚੈਨਲਾਂ ਤੇ ਚਰਚਾ ਹੋਣੀ ਹੀ ਹੈ ਪਰ ਨਿਊਜ ਚੈਨਲਾਂ ਵਾਲਿਆਂ ਵੱਲੋਂ ਅਸਲੀ ਨਾਇਕ ਡੱਲੇਵਾਲ ਨੂੰ ਅਣਗੋਲਿਆ ਕਰਨਾ ਵੀ ਸਹੀ ਨਹੀਂ ਕਿਹਾ ਜਾ ਸਕਦਾ। ਡੱਲੇਵਾਲ ਆਪਣੀ ਨਿੱਜੀ ਮੰਗ ਲਈ ਮਰਨ ਵਰਤ ਤੇ ਨਹੀਂ ਹਨ ਬਲਕਿ ਉਹ ਕਿਸਾਨਾਂ ਦੀਆਂ ਮੰਗਾਂ ਲਈ ਮਰਨ ਵਰਤ ਤੇ ਹਨ। ਇਸ ਦੇ ਬਾਵਜੂਦ ਉਹਨਾਂ ਦੇ ਸੰਘਰਸ਼ ਬਾਰੇ ਅਤੇ ਉਹਨਾਂ ਦੇ ਮਰਨ ਵਰਤ ਬਾਰੇ ਕਿਸੇ ਰਾਸ਼ਟਰੀ ਟੀ ਵੀ ਚੈਨਲ ਤੋਂ ਵਿਸ਼ੇਸ ਰਿਪੋਰਟ ਦਿਖਾਏ ਜਾਣ ਤੋਂ ਅਜੇ ਤਕ ਗੁਰੇਜ ਕੀਤਾ ਗਿਆ ਹੈ।
ਇਸ ਸਮੇਂ ਪੰਜਾਬੀ ਟੀ ਵੀ ਨਿਊਜ਼ ਚੈਨਲਾਂ ਅਤੇ ਮੀਡੀਆ ਦੇ ਵੱਡੇ ਹਿੱਸੇ ਵਲੋਂ ਡੱਲੇਵਾਲ ਦੇ ਸੰਘਰਸ਼ ਨੂੰ ਇਸ ਤਰਾਂ ਦਿਖਾਇਆ ਜਾ ਰਿਹਾ ਹੈ ਕਿ ਜਿਵੇਂ ਕਿਸਾਨ ਸੰਘਰਸ ਡੱਲੇਵਾਲ ਦੇ ਮਰਨ ਵਰਤ ਤਕ ਹੀ ਸੀਮਿਤ ਹੋ ਕੇ ਰਹਿ ਗਿਆ ਹੋਵੇ। ਪੰਜਾਬ ਦੇ ਵਸਨੀਕ ਅਜਿਹੇ ਹਨ, ਜਿਹਨਾਂ ਨੂੰ ਨਿੱਤ ਮੁਹਿੰਮਾਂ ਤੇ ਜਾਣਾ ਪੈਂਦਾ ਹੈ। ਇਸੇ ਕਾਰਨ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਦੂਜਾ ਕਿਸਾਨ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ। ਹੁਣ ਕਿਸਾਨਾਂ ਨੇ ਡੱਲੇਵਾਲ ਦੇ ਮਰਨ ਵਰਤ ਦੌਰਾਨ ਹੀ ਐਲਾਨ ਕੀਤਾ ਹੈ ਕਿ ਕਿਸਾਨਾਂ ਦਾ ਚੌਥਾ ਜਥਾ 21 ਜਨਵਰੀ ਨੂੰ ਦਿੱਲੀ ਕੂਚ ਕਰੇਗਾ। ਇਹ ਜਥਾ ਪੈਦਲ ਹੀ ਦਿੱਲੀ ਵੱਲ ਕੂਚ ਕਰੇਗਾ।
ਪਿਛਲੇ ਗਿਆਰਾਂ ਮਹੀਨਿਆਂ ਤੋਂ ਕਿਸਾਨ ਅੰਦੋਲਨ ਕਰ ਰਹੇ ਹਨ ਪਰ ਵੱਖ ਵੱਖ ਰਾਸ਼ਟਰੀ ਨਿਊਜ਼ ਟੀ ਵੀ ਚੈਨਲਾਂ ਵੱਲੋਂ ਕਿਸਾਨ ਅੰਦੋਲਨ ਦੀ ਪੂਰੀ ਕਵਰੇਜ ਨਹੀਂ ਕੀਤੀ ਗਈ ਬਲਕਿ ਹਮੇਸ਼ਾ ਸਰਕਾਰ ਪੱਖੀ ਰਿਪੋਰਟਾਂ ਹੀ ਦਿਖਾਈਆਂ ਜਾ ਰਹੀਆਂ ਹਨ। ਮਰਨ ਵਰਤ ਸ਼ੁਰੂ ਕਰਨ ਨਾਲ ਕਿਸਾਨ ਆਗੂ ਡੱਲੇਵਾਲ ਅਸਲੀ ਨਾਇਕ ਬਣ ਗਏ ਹਨ ਪਰ ਵੱਡੀ ਗਿਣਤੀ ਟੀ ਵੀ ਚੈਨਲਾਂ ਵਾਲਿਆਂ ਨੂੰ ਫਿਲਮੀ ਨਾਇਕਾਂ ਤੋਂ ਹੀ ਵਿਹਲ ਨਹੀਂ ਮਿਲ ਰਹੀ, ਜਿਸ ਕਰਕੇ ਉਹ ਅਸਲੀ ਜਿੰਦਗੀ ਦੇ ਨਾਇਕਾਂ ਸਬੰਧੀ ਵਿਸ਼ੇਸ਼ ਰਿਪੋਰਟਾਂ ਦੇਣ ਤੋਂ ਅਸਮਰਥ ਹਨ।
ਬਿਊਰੋ
-
National1 month ago
ਦੋ ਕਾਰਾਂ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਦੀ ਮੌਤ
-
Mohali2 months ago
ਮੁਹਾਲੀ ਪੁਲੀਸ ਵੱਲੋਂ 150 ਗ੍ਰਾਮ ਹੈਰੋਇਨ ਸਮੇਤ 1 ਸਮਗਲਰ ਕਾਬੂ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
International1 month ago
ਚੰਡੀਗੜ੍ਹ ਦੀ ਹਰਮੀਤ ਢਿੱਲੋਂ ਨੂੰ ਟਰੰਪ ਨੇ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ
-
International1 month ago
ਤਨਮਨਜੀਤ ਸਿੰਘ ਢੇਸੀ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਮੈਂਬਰ ਨਿਯੁਕਤ
-
Editorial2 months ago
ਸਰਦੀ ਦੇ ਮੌਸਮ ਵਿੱਚ ਗਰਮ ਹੋ ਰਹੀ ਹੈ ਪੰਜਾਬ ਦੀ ਸਿਆਸਤ
-
Mohali2 months ago
ਮਾਂ ਅੰਨਪੂਰਣਾ ਸੇਵਾ ਸਮਿਤੀ ਨੇ ਲੰਗਰ ਲਗਾਇਆ
-
National2 months ago
ਪੁਲੀਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਦੌਰਾਨ 1 ਗੈਂਗਸਟਰ ਢੇਰ, 2 ਜ਼ਖਮੀ