Punjab
ਇੰਦਰਜੀਤ ਕੌਰ ਬਣੀ ਲੁਧਿਆਣਾ ਦੀ ਮੇਅਰ, ਰਾਕੇਸ਼ ਪਰਾਸ਼ਰ ਸੀਨੀਅਰ ਡਿਪਟੀ ਤੇ ਪ੍ਰਿੰਸ ਜੋਹਰ ਨੂੰ ਬਣਾਇਆ ਗਿਆ ਡਿਪਟੀ ਮੇਅਰ
ਲੁਧਿਆਣਾ, 20 ਜਨਵਰੀ (ਸ.ਬ.) ਲੁਧਿਆਣਾ ਨੂੰ ਆਪਣਾ 7ਵਾਂ ਮੇਅਰ ਮਿਲ ਗਿਆ। ਆਮ ਆਦਮੀ ਪਾਰਟੀ ਨੇ ਇੰਦਰਜੀਤ ਕੌਰ ਨੂੰ ਸ਼ਹਿਰ ਦੀ ਮੇਅਰ ਐਲਾਨ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸ਼ਹਿਰ ਨੂੰ ਮਹਿਲਾ ਮੇਅਰ ਮਿਲੀ ਹੈ। ਦਰਅਸਲ, ਇਹ ਸੀਟ ਮਹਿਲਾ ਕੌਂਸਲਰਾਂ ਲਈ ਰਾਖਵੀਂ ਹੈ। ਇਸ ਤੋਂ ਇਲਾਵਾਸੀਨੀਅਰ ਡਿਪਟੀ ਮੇਅਰ ਵਾਰਡ ਨੰਬਰ 90 ਦੇ ਕੌਂਸਲਰ ਰਾਕੇਸ਼ ਪਰਾਸ਼ਰ ਅਤੇ ਡਿਪਟੀ ਮੇਅਰ ਵਾਰਡ ਨੰਬਰ 40 ਤੋਂ ਕੌਂਸਲਰ ਪ੍ਰਿੰਸ ਜੋਹਰ ਨੂੰ ਬਣਾਇਆ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਉੱਤੇ ਜਾਣਕਾਰੀ ਦਿੰਦੇ ਲਿਖਿਆ ਆਮ ਆਦਮੀ ਪਾਰਟੀ ਨੇ ਲੁਧਿਆਣਾ ਕਾਰਪੋਰੇਸ਼ਨ ਦੇ ਮੇਅਰ ਦੇ ਅਹੁਦੇ ਲਈ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਦੇ ਲਈ ਰਾਕੇਸ਼ ਪਰਾਸ਼ਰ ਅਤੇ ਡਿਪਟੀ ਮੇਅਰ ਲਈ ਪ੍ਰਿੰਸ ਜੌਹਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਇਹਨਾਂ ਤਿੰਨਾਂ ਉਮੀਦਵਾਰਾਂ ਅਤੇ ਕੌਂਸਲਰਾਂ ਨੂੰ ਅਗਾਊਂ ਸ਼ੁਭਕਾਮਨਾਵਾਂ।
ਇੰਦਰਜੀਤ ਕੌਰ ਲੁਧਿਆਣਾ ਦੇ ਵਾਰਡ ਨੰਬਰ 13 ਤੋਂ ਕੌਂਸਲਰ ਹੈ। ਇੰਦਰਜੀਤ ਕੌਰ ਇੱਕ ਨਿੱਜੀ ਸਕੂਲ ਵਿੱਚ ਪ੍ਰਿੰਸੀਪਲ ਹਨ ਤੇ ਇਹਨਾਂ ਦੇ ਪਤੀ ਇੱਕ ਵਪਾਰੀ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 21 ਦਸੰਬਰ ਨੂੰ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਆਪ 41 ਵਾਰਡਾਂ ਵਿੱਚ ਜਿੱਤ ਦਰਜ ਕਰਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ। ਪਿਛਲੇ ਕੁਝ ਹਫ਼ਤਿਆਂ ਦੇ ਝਟਕੇ ਵਿੱਚ, ਕਾਂਗਰਸ ਦੇ ਚਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਦੋ ਆਜ਼ਾਦ ਕੌਂਸਲਰ ਆਪ ਵਿੱਚ ਸ਼ਾਮਲ ਹੋ ਗਏ, ਜਿਸ ਨਾਲ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੀ ਗਿਣਤੀ 48 ਹੋ ਗਈ ਤੇ ਹੁਣ ਆਮ ਆਦਮੀ ਪਾਰਟੀ ਨੇ ਆਪਣੇ ਮੇਅਰ ਦਾ ਐਲਾਨ ਕਰ ਦਿੱਤਾ ਹੈ।
Punjab
ਕਾਰ ਦਾ ਟਾਇਰ ਫਟਣ ਕਾਰਨ ਇੱਕੋ ਪਰਿਵਾਰ ਦੇ ਪੰਜ ਮੈਂਬਰ ਜ਼ਖ਼ਮੀ
ਜਲੰਧਰ, 21 ਜਨਵਰੀ (ਸ.ਬ.) ਜਲੰਧਰ ਦੇ ਗੁਰਾਇਆ ਨੇੜੇ ਇਕ ਕਾਰ ਦਾ ਟਾਇਰ ਫਟਣ ਕਾਰਨ ਹਾਦਸਾ ਵਾਪਰ ਗਿਆ। ਘਟਨਾ ਸਮੇਂ ਕਾਰ ਵਿਚ ਇੱਕੋ ਪਰਵਾਰ ਦੇ ਪੰਜ ਮੈਂਬਰ ਸਵਾਰ ਸਨ। ਇਹ ਸਾਰੇ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ ਇਕ ਔਰਤ ਦੀ ਹਾਲਤ ਗੰਭੀਰ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ ਦੀਆਂ ਟੀਮਾਂ ਦੋ ਮਿੰਟਾਂ ਦੇ ਅੰਦਰ-ਅੰਦਰ ਮੌਕੇ ਤੇ ਪਹੁੰਚ ਗਈਆਂ। ਜਿਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਗੋਰਾਈਆ ਪੁਲੀਸ ਨੂੰ ਵੀ ਦਿਤੀ ਗਈ।
ਜ਼ਖ਼ਮੀਆਂ ਦੀ ਪਛਾਣ ਅਮਰੀਕ ਸਿੰਘ, ਕਮਲ ਅਰੋੜਾ, ਫ਼ਤਿਹ, ਪੁਸ਼ਪਿੰਦਰ ਕੌਰ ਵਾਸੀ ਯਮੁਨਾ ਨਗਰ ਅਤੇ ਅੰਮ੍ਰਿਤ ਕੌਰ ਵਾਸੀ ਰੁੜਕੀ ਵਜੋਂ ਹੋਈ ਹੈ। ਜਿਸ ਵਿਚ ਕਮਲ ਅਰੋੜਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਮੌਕੇ ਤੇ ਪਹੁੰਚੇ ਰੋਡ ਸੇਫ਼ਟੀ ਫ਼ੋਰਸ ਦੇ ਅਧਿਕਾਰੀ ਏ.ਐਸ.ਆਈ ਸਰਬਜੀਤ ਸਿੰਘ ਨੇ ਦਸਿਆ ਕਿ ਇਹ ਸੜਕ ਹਾਦਸਾ ਗੁਰਾਇਆ ਰਾਸ਼ਟਰੀ ਰਾਜਮਾਰਗ ਤੇ ਟਾਇਰ ਫਟਣ ਕਾਰਨ ਵਾਪਰਿਆ। ਕਾਰ ਵਿਚ ਇਕੋ ਪਰਵਾਰ ਦੇ ਪੰਜ ਮੈਂਬਰ ਸਵਾਰ ਸਨ। ਇਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਉਸ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਰੈਫ਼ਰ ਕਰ ਦਿਤਾ ਗਿਆ ਹੈ।
ਰੋਡ ਸੇਫ਼ਟੀ ਫ਼ੋਰਸ ਦੇ ਏਐਸਆਈ ਸਰਬਜੀਤ ਸਿੰਘ ਨੇ ਕਿਹਾ ਕਿ ਪਰਿਵਾਰ ਅੰਮ੍ਰਿਤਸਰ ਤੋਂ ਯਮੁਨਾਨਗਰ ਜਾ ਰਿਹਾ ਸੀ। ਜਦੋਂ ਗੱਡੀ ਗੁਰਾਇਆ ਬੱਸ ਸਟੈਂਡ ਓਵਰਬ੍ਰਿਜ ਦੇ ਨੇੜੇ ਪਹੁੰਚੀ ਤਾਂ ਗੱਡੀ ਦਾ ਕੰਡਕਟਰ ਸੀਟ ਵਾਲਾ ਟਾਇਰ ਫਟ ਗਿਆ। ਇਸ ਦੌਰਾਨ ਉਸ ਦੀ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ।
ਖ਼ੁਸ਼ਕਿਸਮਤੀ ਨਾਲ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਡਰਾਈਵਰ ਨੇ ਸਮੇਂ ਸਿਰ ਗੱਡੀ ਨੂੰ ਕਾਬੂ ਕਰ ਲਿਆ। ਪਰ ਹਾਦਸਾ ਇਸ ਤੋਂ ਵੀ ਵੱਡਾ ਹੋ ਸਕਦਾ ਸੀ। ਜ਼ਖ਼ਮੀਆਂ ਨੂੰ ਐਸ.ਐਸ.ਐਫ਼ ਟੀਮ ਨੇ ਖ਼ੁਦ ਹਸਪਤਾਲ ਪਹੁੰਚਾਇਆ।
Mohali
ਮੁਹਾਲੀ ਪੁਲੀਸ ਵਲੋਂ ਗੈਂਗਸਟਰ ਲਖਵੀਰ ਲੰਡਾ ਅਤੇ ਗੁਰਦੇਵ ਜੈਸਲ ਦੇ 2 ਗੁਰਗੇ ਨਾਜਾਇਜ ਹਥਿਆਰਾਂ ਸਮੇਤ ਗ੍ਰਿਫਤਾਰ, ਇਕ ਹਾਲੇ ਵੀ ਫਰਾਰ
ਲੁੱਟ-ਖੋਹ ਅਤੇ ਫਿਰੌਤੀਆਂ ਮੰਗਣ ਦੀਆਂ ਵਾਰਦਾਤਾਂ ਨੂੰ ਦਿੰਦੇ ਸਨ ਅੰਜਾਮ
ਐਸ ਏ ਐਸ ਨਗਰ, 20 ਜਨਵਰੀ (ਜਸਬੀਰ ਸਿੰਘ ਜੱਸੀ) ਮੁਹਾਲੀ ਪੁਲੀਸ ਵਲੋਂ ਪੰਜਾਬ ਦੇ ਵੱਖ ਵੱਖ ਜਿਲਿਆਂ ਵਿਚ ਲੁੱਟ ਖੋਹ ਅਤੇ ਫਿਰੌਤੀ ਮੰਗਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਲਖਵੀਰ ਸਿੰਘ ਲੰਡਾ ਅਤੇ ਗੁਰਦੇਵ ਜੈਸਲ ਦੇ 2 ਗੁਰਗਿਆਂ ਨੂੰ ਨਾਜਾਇਜ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਅਵਤਾਰ ਸਿੰਘ ਉਰਫ ਵਿੱਕੀ ਵਾਸੀ ਪੱਤੀ ਗੁਰਮੁਖਾਂ ਦੀ ਜਿਲਾ ਤਰਨਤਾਰਨ ਅਤੇ ਅਮਰਵੀਰ ਸਿੰਘ ਵਾਸੀ ਡੱਫਰ ਕੀ ਪੱਤੀ ਜਿਲਾ ਤਰਨਤਾਰਨ ਵਜੋਂ ਹੋਈ ਹੈ, ਜਦੋਂਕਿ ਇਨਾਂ ਦਾ ਇਕ ਸਾਥੀ ਅਨਮੋਲ ਸਿੰਘ ਉਰਫ ਮੌਲਾ ਵਾਸੀ ਪਿੰਡ ਵਾੜਿੰਗ ਸੂਬਾ ਸਿੰਘ ਜਿਲਾ ਤਰਨਤਾਰਨ ਫਰਾਰ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਐਸ. ਐਸ. ਪੀ ਮੁਹਾਲੀ ਸ੍ਰੀ ਦੀਪਕ ਪਾਰੀਕ ਨੇ ਦੱਸਿਆ ਕਿ ਉਕਤ ਗ੍ਰਿਫਤਾਰ ਮੁਲਜਮਾਂ ਕੋਲੋਂ 3 ਪਿਸਟਲ 32 ਬੋਰ ਅਤੇ 9 ਜਿੰਦਾ ਰੌਂਦ, 1 ਦੇਸੀ ਪਿਸਤੋਲ 32 ਬੋਰ ਅਤੇ 2 ਕਾਰਤੂਸ, 1 ਦੇਸੀ ਪਿਸਤੋਲ 315 ਬੋਰ ਅਤੇ 2 ਕਾਰਤੂਸ, ਇਕ ਖੋਹ ਕੀਤੀ ਗਈ ਬਰੀਜਾ ਕਾਰ ਬਰਾਮਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਉਕਤ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਲਈ ਸੀ.ਆਈ.ਏ ਸਟਾਫ ਦੇ ਇਚਾਰਜ ਹਰਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਬਣਾਈ ਗਈ ਸੀ ਅਤੇ ਟੀਮ ਵਲੋਂ ਗ੍ਰਿਫਤਾਰ ਮੁਲਜਮਾਂ ਦੀ ਮੁੁਢਲੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਹ ਥਾਣਾ ਗੋਇੰਦਵਾਲ ਸਾਹਿਬ, ਥਾਣਾ ਕਰਤਾਰਪੁਰ ਪੁਲੀਸ ਨੂੰ ਲੁੜੀਂਦੇ ਹਨ।
ਉਹਨਾਂ ਦੱਸਿਆ ਕਿ ਉਕਤ ਮੁਲਜਮਾਂ ਨੇ 7 ਜਨਵਰੀ ਨੂੰ ਤਰਨਤਾਰਨ ਤੋਂ ਬੱਸ ਵਿੱਚ ਸਵਾਰ ਹੋ ਕੇ ਵਾਰਦਾਤਾਂ ਕਰਨ ਦੀ ਨੀਅਤ ਨਾਲ ਰਾਜਪੁਰਾ ਅਤੇ ਮੁਹਾਲੀ ਵਿਖੇ ਆਏ ਸਨ। ਉਕਤ ਮੁਲਜਮਾਂ ਨੇ ਰਾਜਪੁਰਾ ਅੰਬਾਲਾ ਰੋਡ ਤੇ ਪਿੰਡ ਗੰਡਿਆ ਕੱਟ ਤੋਂ ਦਲੇਰ ਸਿੰਘ ਨਾਂ ਦੇ ਵਿਅਕਤੀ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਹਵਾਈ ਫਾਇਰ ਕਰਦਿਆਂ ਉਸ ਦਾ ਸਪਲੈਂਡਰ ਮੋਟਰਸਾਈਕਲ ਖੋਹ ਲਿਆ ਸੀ। ਉਕਤ ਤਿੰਨਾ ਮੁਲਜਮਾਂ ਨੇ ਮੋਟਰਸਾਈਕਲ ਖੋਹਣ ਤੋਂ ਬਾਅਦ ਏਅਰਪੋਰਟ ਰੋਡ ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜਮ ਏਅਰਪੋਰਟ ਰੋਡ ਤੇ ਗੱਡੀ ਖੋਹਣ ਦੀ ਨਾਕਾਮ ਕੋਸ਼ਿਸ਼ ਕਰਨ ਤੋਂ ਬਾਅਦ ਦਲੀਪ ਕੁਮਾਰ ਤੋਂ ਸਾਹਨੇਵਾਲ ਵਿਖੇ ਉਸ ਦੀ ਬਰੀਜਾ ਕਾਰ ਖੋਹੀ ਅਤੇ ਹਵਾਈ ਫਾਇਰ ਕਰਕੇ ਉਸ ਨੂੰ ਧਮਕਾਇਆ।
ਐਸ.ਐਸ.ਪੀ ਮੁਤਾਬਕ ਮੁਲਜਮਾਂ ਨੇ 9 ਜਨਵਰੀ ਨੂੰ ਆਪਣੇ ਹੋਰਨਾਂ ਸਾਥੀਆਂ ਨਾਲ ਮਿਲ ਕੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਖਵੀਰ ਸਿੰਘ ਸਿੰਘ ਲੰਡਾ ਅਤੇ ਗੁਰਦੇਵ ਸਿੰਘ ਉਰਫ ਜੈਸਲ ਦੇ ਕਹਿਣ ਤੇ ਰਾਜੇਸ਼ ਕੁਮਾਰ ਉਰਫ ਸੋਨੂੰ ਵਾਸੀ ਮੁਕੇਰੀਆਂ (ਜੋ ਇਸ ਸਮੇਂ ਗਰੀਸ ਵਿਚ ਰਹਿ ਰਿਹਾ ਹੈ) ਪਾਸੋਂ 1 ਕਰੋੜ ਦੀ ਫਿਰੌਤੀ ਮੰਗੀ ਅਤੇ ਫਿਰੌਤੀ ਨਾ ਦੇਣ ਤੇ ਉਕਤ ਮੁਲਜਮਾਂ ਨੇ ਖੋਹ ਕੀਤੀ ਬਰੀਜਾ ਕਾਰ ਵਿੱਚ ਸਵਾਰ ਹੋ ਕੇ ਰਾਜੇਸ਼ ਕੁਮਾਰ ਦੇ ਘਰ ਗੋਲੀਆਂ ਚਲਾਈਆਂ ਸਨ।
ਉਨਾਂ ਦੱਸਿਆ ਕਿ ਉਕਤ ਤਿੰਨਾ ਮੁਲਜਮਾਂ ਵਿਰੁਧ ਆਈ.ਟੀ.ਸਿਟੀ ਥਾਣੇ ਵਿੱਚ ਧਾਰਾ 109, 126 (2), 3 (5), ਬੀ.ਐਨ.ਐਸ ਐਕਟ ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਤਿੰਨੋ ਮੁਲਜਮ ਚਾਰ ਦਿਨ ਦੇ ਪੁਲੀਸ ਰਿਮਾਂਡ ਤੇ ਹਨ।
ਮੁਲਜਮਾਂ ਨੇ ਮੁਹਾਲੀ ਵਿੱਚ ਇਸ ਵਾਰਦਾਤ ਨੂੰ ਦਿੱਤਾ ਸੀ ਅੰਜਾਮ
ਐਸ.ਐਸ.ਪੀ ਦੀਪਕ ਪਾਰੀਕ ਮੁਤਾਬਕ ਮੁਲਜਮਾਂ ਨੇ 8 ਜਨਵਰੀ ਨੂੰ ਏਕਮਦੀਪ ਸਿੰਘ ਬਰਾੜ ਵਾਸੀ ਪਟਿਆਲਾ (ਜੋ ਆਪਣੇ ਦੋਸਤ ਨਾਲ ਪਟਿਆਲਾ ਤੋਂ ਚੰਡੀਗੜ੍ਹ ਵੱਲ ਜਾ ਰਹੇ ਸਨ) ਦੀ ਕਾਰ ਦਾ ਪਿੱਛਾ ਕੀਤਾ ਅਤੇ ਆਪਣਾ ਮੋਟਰਸਾਈਕਲ ਗੱਡੀ ਅੱਗੇ ਲਾ ਕੇ ਆਪਣੇ ਨਜਾਇਜ ਹਥਿਆਰਾਂ ਨਾਲ ਜਾਨੋ ਮਾਰਨ ਦੀ ਨੀਅਤ ਅਤੇ ਕਾਰ ਖੋਹਣ ਲਈ ਉਨਾਂ ਤੇ ਸਿੱਧੀ ਫਾਇਰਿੰਗ ਕੀਤੀ ਸੀ। ਇਸ ਫਾਇਰਿੰਗ ਵਿੱਚ ਇਕ ਗੋਲੀ ਸੱਜੇ ਪਾਸੇ ਬੈਠੇ ਦੋਸਤ ਦੇ ਮੋਢੇ ਤੇ ਵੱਜੀ, ਇਕ ਫਾਇਰ ਪਿੱਠ ਵਿੱਚ ਅਤੇ ਬਾਕੀ ਫਾਇਰ ਗੱਡੀ ਤੇ ਲੱਗੇ। ਇਸ ਉਪਰੰਤ ਤਿੰਨੋ ਮੁਲਜਮ ਕਾਰ ਖੋਹ ਦੀ ਵਾਰਦਾਤ ਵਿੱਚ ਨਾਕਾਮ ਹੋਣ ਕਾਰਨ ਮੌਕੇ ਤੋਂ ਫਰਾਰ ਹੋ ਗਏ ਸਨ।
Punjab
ਕਿਸਾਨਾਂ ਦਾ ਐਲਾਨ : 26 ਜਨਵਰੀ ਨੂੰ ਦੇਸ਼ ਭਰ ਵਿੱਚ ਹੋਵੇਗਾ ਟਰੈਕਟਰ ਮਾਰਚ
ਭਾਜਪਾ ਵਿਧਾਇਕਾਂ, ਮੰਤਰੀਆਂ ਦੇ ਘਰਾਂ ਅਤੇ ਭਾਜਪਾ ਦਫ਼ਤਰਾਂ ਦਾ ਹੋਵੇਗਾ ਘਿਰਾਓ
ਪਾਤੜਾਂ, 20 ਜਨਵਰੀ (ਸ.ਬ.) ਕਿਸਾਨੀ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਪਿਛਲੇ 11 ਮਹੀਨੇ 8 ਦਿਨਾਂ ਤੋਂ ਸੰਘਰਸ਼ ਕਰ ਰਹੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨੇ 26 ਜਨਵਰੀ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਭਾਜਪਾ ਵਿਧਾਇਕਾਂ, ਮੰਤਰੀਆਂ ਦੇ ਘਰਾਂ ਅਤੇ ਭਾਜਪਾ ਦਫ਼ਤਰਾਂ ਅਤੇ ਵੱਡੇ ਕਾਰਪੋਰੇਟਾਂ ਦੇ ਮਾਲਾਂ ਅਤੇ ਸਾਇਲੋ ਅੱਗੇ ਮਾਰਚ ਕਰਕੇ ਟਰੈਕਟਰ ਖੜ੍ਹੇ ਹੋਣਗੇ ਜੋ 1.30 ਵਜੇ ਤੱਕ ਖੜੇ ਰਹਿਣਗੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 14 ਫਰਵਰੀ ਨੂੰ ਸੱਦੀ ਗਈ ਮੀਟਿੰਗ ਦੇ ਮੱਦੇਨਜ਼ਰ 21 ਜਨਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਲਈ ਕਿਸਾਨਾਂ ਦਾ ਚੌਥਾ ਜੱਥਾ ਰਵਾਨਾ ਨਹੀਂ ਹੋਵੇਗਾ।
ਆਗੂਆਂ ਨੇ ਕਿਹਾ ਕਿ ਸz. ਡੱਲੇਵਾਲ ਦੀ ਸਿਹਤ ਦੇ ਮੱਦੇਨਜ਼ਰ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ 14 ਫਰਵਰੀ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਮੀਟਿੰਗ ਦਾ ਸਮਾਂ ਅਤੇ ਸਥਾਨ ਬਦਲਿਆ ਜਾਵੇ ਅਤੇ ਸਰਕਾਰ ਜਲਦੀ ਤੋਂ ਜਲਦੀ ਮੀਟਿੰਗ ਬੁਲਾਵੇ। ਉਹਨਾਂ ਮੰਗ ਕੀਤੀ ਕਿ ਇਹ ਮੀਟਿੰਗ ਦਿੱਲੀ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਦੇਸ਼ ਭਰ ਦੇ ਕਿਸਾਨਾਂ ਦੀਆਂ ਮੰਗਾਂ ਹਨ।
ਐਸ. ਕੇ. ਐਮ. ਨਾਲ ਏਕਤਾ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਵਾਸਤੇ ਕੋਸ਼ਿਸ਼ਾਂ ਜਾਰੀ ਹਨ, ਅਸੀਂ ਲੋਕਾਂ ਦੀ ਅਵਾਜ਼ ਅਨੁਸਾਰ ਵੱਧ ਤੋਂ ਵੱਧ ਏਕਤਾ ਲਈ ਵਚਨਬੱਧ ਹਾਂ ਅਤੇ ਸਾਨੂੰ ਪੂਰੀ ਉਮੀਦ ਹੈ ਕਿ 24 ਜਨਵਰੀ ਨੂੰ ਐਸ. ਕੇ. ਐਮ. ਦੀ ਕੌਮੀ ਮੀਟਿੰਗ ਵਿਚ ਪੂਰਨ ਏਕਤਾ ਕਾਇਮ ਹੋਵੇਗੀ।
ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਮਨਜੀਤ ਸਿੰਘ ਰਾਏ, ਜਸਵਿੰਦਰ ਸਿੰਘ ਲੌਂਗੋਵਾਲ, ਤੇਜਵੀਰ ਸਿੰਘ ਪੰਜੋਖਰਾ ਸਾਹਿਬ, ਜੰਗ ਸਿੰਘ, ਬਲਵੰਤ ਸਿੰਘ ਬਹਿਰਾਮਕੇ, ਮਲਕੀਤ ਸਿੰਘ ਗੁਲਾਮੀਵਾਲਾ, ਸੁਰਜੀਤ ਸਿੰਘ ਫੂਲ, ਬਲਕਾਰ ਸਿੰਘ ਬੈਂਸ, ਗੁਰਮਨੀਤ ਸਿੰਘ ਮਾਂਗਟ, ਸਾਬ ਸਿੰਘ ਆਦਿ ਹਾਜ਼ਰ ਸਨ।
-
National1 month ago
ਦੋ ਕਾਰਾਂ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਦੀ ਮੌਤ
-
Mohali2 months ago
ਮੁਹਾਲੀ ਪੁਲੀਸ ਵੱਲੋਂ 150 ਗ੍ਰਾਮ ਹੈਰੋਇਨ ਸਮੇਤ 1 ਸਮਗਲਰ ਕਾਬੂ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
International1 month ago
ਚੰਡੀਗੜ੍ਹ ਦੀ ਹਰਮੀਤ ਢਿੱਲੋਂ ਨੂੰ ਟਰੰਪ ਨੇ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ
-
International2 months ago
ਤਨਮਨਜੀਤ ਸਿੰਘ ਢੇਸੀ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਮੈਂਬਰ ਨਿਯੁਕਤ
-
Mohali2 months ago
3 ਦਸੰਬਰ ਨੂੰ ਖਰੜ ਸਬ ਡਵੀਜ਼ਨ ਦੇ ਪਿੰਡ ਫਤਿਹਪੁਰ ਵਿਖੇ ਲੱਗੇਗਾ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਕੈਂਪ
-
Mohali2 months ago
ਮਾਂ ਅੰਨਪੂਰਣਾ ਸੇਵਾ ਸਮਿਤੀ ਨੇ ਲੰਗਰ ਲਗਾਇਆ
-
National2 months ago
ਪੁਲੀਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਦੌਰਾਨ 1 ਗੈਂਗਸਟਰ ਢੇਰ, 2 ਜ਼ਖਮੀ