Connect with us

Editorial

ਅਮਰੀਕਾ ਵਿੱਚ ਸ਼ੁਰੂ ਹੋਏ ਟਰੰਪ ਰਾਜ ਦਾ ਭਾਰਤ ਤੇ ਵੀ ਪਵੇਗਾ ਅਸਰ

Published

on

 

 

ਅਮਰੀਕਾ ਵਿੱਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲੇ ਜਾਣ ਤੋਂ ਬਾਅਦ ਟਰੰਪ ਰਾਜ ਸ਼ੁਰੂ ਹੋ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਬਣਦਿਆਂ ਹੀ ਅਜਿਹੇ ਕਈ ਫੈਸਲੇ ਕਰ ਦਿੱਤੇ ਹਨ ਜਿਹਨਾਂ ਕਾਰਨ ਅਮਰੀਕਾ ਸਮੇਤ ਪੂਰੀ ਦੁਨੀਆਂ ਵਿੱਚ ਹੀ ਹਲਚਲ ਮੱਚ ਗਈ ਹੈ। ਇਸਦਾ ਅੰਦਾਜਾ ਇਸ ਨਾਲ ਲਗਾਇਆ ਜਾ ਸਕਦਾ ਹੈ ਕਿ ਟਰੰਪ ਦੇ ‘ਜਨਮ ਤੋਂ ਨਾਗਰਿਕਤਾ ਮਿਲਣ ਦੇ ਫੈਸਲੇ ਤੇ ਰੋਕ’ ਸਬੰਧੀ ਹੁਕਮ ਨੂੰ ਅਮਰੀਕਾ ਦੇ 22 ਸੂਬਿਆਂ ਨੇ ਅਦਾਲਤ ਵਿੱਚ ਚੁਣੌਤੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਟਰੰਪ ਦੇ ਇਸ ਹੁਕਮ ਦਾ ਭਾਰਤੀ ਅਮਰੀਕੀ ਸੰਸਦ ਮੈਂਬਰਾਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ।

ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਹੁਣ ਅਮਰੀਕਾ ਰਹਿ ਰਹੇ 18 ਹਜਾਰ ਪਰਵਾਸੀ ਭਾਰਤੀਆਂ ਤੇ ਵੀ ਦੇਸ਼ ਨਿਕਾਲੇ ਦੀ ਤਲਵਾਰ ਲਟਕ ਗਈ ਹੈ। ਅਮਰੀਕੀ ਪ੍ਰਸ਼ਾਸਨ ਅਨੁਸਾਰ ਇਹ ਭਾਰਤੀ ਗੈਰ ਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਵਿੱਚ ਰਹਿ ਰਹੇ ਹਨ। ਟਰੰਪ ਨੇ ਚੋਣ ਲੜਨ ਦੌਰਾਨ ਹੀ ਕਹਿ ਦਿੱਤਾ ਸੀ ਕਿ ਅਮਰੀਕਾ ਸਿਰਫ ਅਮਰੀਕਾ ਦੇ ਲੋਕਾਂ ਲਈ ਹੈ ਅਤੇ ਉਹ ਗੈਰ ਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ਵਿਚੋਂ ਕੱਢ ਦੇਣਗੇ। ਹੁਣ ਟਰੰਪ ਨੇ ਰਾਸ਼ਟਰਪਤੀ ਬਣਦਿਆਂ ਹੀ ਆਪਣੇ ਬਿਆਨਾਂ ਨੂੰ ਅਮਲੀ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਅਸਰ ਭਾਰਤ ਤੇ ਵੀ ਪੈ ਰਿਹਾ ਹੈ।

ਹਾਲਾਂਕਿ ਭਾਰਤ ਗੈਰ ਕਾਨੂੰਨੀ ਪਰਵਾਸੀਆਂ ਦੇ ਮਸਲੇ ਤੇ ਅਮਰੀਕਾ ਨਾਲ ਰਲ ਕੇ ਕੰਮ ਕਰਨ ਲਈ ਤਿਆਰ ਹੈ। ਭਾਰਤ ਇੱਕ ਪਾਸੇ ਅਮਰੀਕਾ ਨਾਲ ਆਪਣੇ ਸੰਬੰਧਾਂ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ, ਦੂਜੇ ਪਾਸੇ ਭਾਰਤ ਲਈ ਇਹ ਵੀ ਮਹੱਤਵਪੂਰਨ ਹੈ ਕਿ ਰਾਸ਼ਟਰਪਤੀ ਟਰੰਪ ਆਪਣੇ ਦੂਜੇ ਕਾਰਜਕਾਲ ਦੌਰਾਨ ਭਾਰਤ ਨਾਲ ਕਿਹੋ ਜਿਹੇ ਸਬੰਧ ਰੱਖਣਾ ਚਾਹੁੰਦੇ ਹਨ ਅਤੇ ਉਹਨਾਂ ਦਾ ਭਾਰਤ ਪ੍ਰਤੀ ਰੁਖ਼ ਕੀ ਹੈ? ਅਸਲ ਵਿੱਚ ਕਿਸੇ ਵੀ ਅਮਰੀਕੀ ਸਰਕਾਰ ਦੀਆਂ ਵਿਸ਼ਵ ਵਿਆਪੀ ਤਰਜੀਹਾਂ, ਨੀਤੀਆਂ ਅਤੇ ਦ੍ਰਿਸ਼ਟੀਕੋਣਾਂ ਦਾ ਭਾਰਤ ਤੇ ਵੀ ਪ੍ਰਭਾਵ ਪੈਂਦਾ ਹੈ।

ਇਸ ਸਮੇਂ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਆਪਣੇ ਦੂਜੇ ਕਾਰਜਕਾਲ ਦੌਰਾਨ ਭਾਰਤ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਹਨ? ਅਤੇ ਭਾਰਤ ਨਾਲ ਅਮਰੀਕਾ ਦੇ ਸੰਬੰਧਾਂ ਨੂੰ ਕਿਸ ਪੱਧਰ ਤੇ ਲੈ ਕੇ ਜਾਂਦੇ ਹਨ?

ਅਮਰੀਕਾ ਇੱਕ ਅਜਿਹਾ ਦੇਸ਼ ਹੈ, ਜਿਥੇ ਲੱਖਾਂ ਭਾਰਤੀ ਰਹਿੰਦੇ ਹਨ। ਇਹਨਾਂ ਪਰਵਾਸੀ ਭਾਰਤੀਆਂ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖਿਲ ਹੋਏ ਲੋਕ ਅਤੇ ਸ਼ਰਨਾਰਥੀ ਭਾਰਤੀ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਭਾਰਤ ਤੋਂ ਹਜ਼ਾਰਾਂ ਵਿਦਿਆਰਥੀ ਅਮਰੀਕਾ ਵਿੱਚ ਉਚੇਰੀ ਪੜ੍ਹਾਈ ਕਰਨ ਲਈ ਗਏ ਹੋਏ ਹਨ।

ਅਮਰੀਕਾ ਜਾਣਾ ਅਤੇ ਉੱਥੇ ਵਸਣਾ ਵੱਡੀ ਗਿਣਤੀ ਭਾਰਤੀਆਂ ਦਾ ਸੁਪਨਾ ਹੈ ਅਤੇ ਉਹ ਹਰ ਤਰੀਕੇ ਨਾਲ ਅਮਰੀਕਾ ਜਾਣਾ ਚਾਹੁੰਦੇ ਹਨ। ਅਨੇਕਾਂ ਭਾਰਤੀਆਂ ਵੱਲੋਂ ਡੌਂਕੀ ਲਗਾ ਕੇ ਵੀ ਅਮਰੀਕਾ ਜਾਣ ਦਾ ਯਤਨ ਕਰਨ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਅਸਲ ਵਿੱਚ ਦੁਨੀਆਂ ਵਿੱਚ ਅਮਰੀਕੀ ਡਾਲਰ ਦੀ ਮਜਬੂਤੀ ਅਤੇ ਅਮਰੀਕਾ ਵਿੱਚ ਆਮ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਕਾਰਨ ਦੁਨੀਆਂ ਦੇ ਵੱਡੀ ਗਿਣਤੀ ਦੇਸ਼ਾਂ ਦੇ ਲੋਕ ਅਮਰੀਕਾ ਜਾਣਾ ਚਾਹੁੰਦੇ ਹਨ। ਜਿਹਨਾਂ ਵਿੱਚ ਭਾਰਤੀ ਵੀ ਸ਼ਾਮਲ ਹਨ ਅਤੇ ਭਾਰਤ ਤੋਂ ਵੀ ਹਰ ਸਾਲ ਹਜਾਰਾਂ ਭਾਰਤੀ ਅਮਰੀਕਾ ਜਾਂਦੇ ਹਨ, ਜਿਹਨਾਂ ਦਾ ਮਕਸਦ ਉਥੇ ਜਾ ਕੇ ਪੱਕੇ ਵਸਨੀਕ ਬਣਨਾ ਹੀ ਹੁੰਦਾ ਹੈ। ਇਹ ਭਾਰਤੀ ਭਾਵੇਂ ਪੜਾਈ ਬਹਾਨੇ ਅਮਰੀਕਾ ਜਾਣ ਜਾਂ ਵਰਕ ਪਰਮਿਟ ਲੈ ਕੇ ਜਾਣ ਪਰ ਇਹਨਾਂ ਦਾ ਟੀਚਾ ਅਮਰੀਕਾ ਦੀ ਨਾਗਰਿਕਤਾ ਲੈਣਾ ਹੀ ਹੁੰਦਾ ਹੈ। ਜਿਸ ਕਰਕੇ ਭਾਰਤ ਲਈ ਅਮਰੀਕਾ ਦੀ ਕਾਫ਼ੀ ਮਹੱਤਤਾ ਹੈ।

ਅਜਿਹੇ ਸਮੇਂ ਦੌਰਾਨ ਅਮਰੀਕਾ ਵਿੱਚ ਟਰੰਪ ਯੁੱਗ ਸ਼ੁਰੂ ਹੋਣ ਤੋਂ ਬਾਅਦ ਭਾਰਤ ਦੇ ਅਮਰੀਕਾ ਨਾਲ ਦੁਵੱਲੇ ਸਬੰਧ ਕਿਹੋ ਜਿਹੇ ਹੋਣਗੇ? ਇਹ ਇੱਕ ਮਹੱਤਵਪੂਰਨ ਸਵਾਲ ਬਣ ਜਾਂਦਾ ਹੈ। ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵਿਚਾਲੇ ਚੰਗੇ ਸਬੰਧ ਕਹੇ ਜਾਂਦੇ ਹਨ, ਜਿਸ ਕਰਕੇ ਅਮਰੀਕਾ ਦੇ ਭਾਰਤ ਨਾਲ ਟਰੰਪ ਰਾਜ ਦੌਰਾਨ ਵੀ ਚੰਗੇ ਸਬੰਧ ਰਹਿਣ ਦੀ ਸੰਭਾਵਨਾ ਹੈ।

ਬਿਊਰੋ

Continue Reading

Editorial

ਆਟੋ ਚਾਲਕਾਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਖਿਲਾਫ ਸਖਤ ਕਾਰਵਾਈ ਕਰੇ ਪ੍ਰਸ਼ਾਸਨ

Published

on

By

 

 

ਪਿਛਲੇ ਕੁੱਝ ਸਾਲਾਂ ਦੌਰਾਨ ਸਾਡੇ ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ ਇਸ ਵੇਲੇ ਹਾਲਾਤ ਇਹ ਹਨ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਹਰ ਵੇਲੇ ਇਹਨਾਂ ਆਟੋ ਰਿਕਸ਼ਿਆਂ ਦੀ ਹੀ ਭੀੜ ਦਿਖਦੀ ਹੈ। ਸ਼ਹਿਰ ਵਿੱਚ ਚਲਦੇ ਇਹਨਾਂ ਆਟੋ ਰਿਕਸ਼ਿਆਂ ਨੂੰ ਸੜਕਾਂ ਤੇ ਧੂੰਆਂ ਉਡਾਉਂਦਿਆਂ, ਤੇਜ ਰਫਤਾਰ ਵਿੱਚ ਇੱਕ ਦੁੂਜੇ ਨਾਲ ਰੇਸ ਲਗਾਉਂਦੇ ਅਤੇ ਟੈ੍ਰਫਿਕ ਨਿਯਮਾਂ ਦੀ ਉਲੰਘਣਾ ਕਰਦੇ ਆਮ ਵੇਖਿਆ ਜਾ ਸਕਦਾ ਹੈ। ਪਰੰਤੂ ਹੈਰਾਨੀ ਦੀ ਗੱਲ ਹੈ ਕਿ ਆਮ ਵਾਹਨ ਚਾਲਕਾਂ ਦੀ ਕਿਸੇ ਮਾਮੂਲੀ ਗਲਤੀ ਤਕ ਲਈ ਉਹਨਾਂ ਦਾ ਤੁਰੰਤ ਚਾਲਾਨ ਵਾਲੀ ਮੁਹਾਲੀ ਟੈ੍ਰਫਿਕ ਪੁਲੀਸ ਵਲੋਂ ਇਹਨਾਂ ਆਟੋ ਰਿਕਸ਼ਿਆਂ ਵਲੋਂ ਕੀਤੀ ਜਾਂਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਟ੍ਰੈਫਿਕ ਪੁਲੀਸ ਦੀ ਕਾਰਗੁਜਾਰੀ ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਹੁੰਦੇ ਹਨ।

ਹਾਲਾਤ ਇਹ ਹਨ ਕਿ ਕਿਸੇ ਸੜਕ ਤੇ ਤੇਜ ਰਫਤਾਰ ਨਾਲ ਜਾ ਰਿਹਾ ਕਿਸੇ ਆਟੋ ਰਿਕਸ਼ਾ ਦਾ ਚਾਲਕ ਅਚਾਨਕ ਕਿਸੇ ਸਵਾਰੀ ਨੂੰ ਵੇਖ ਕੇ ਸੜਕ ਦੇ ਵਿਚਕਾਰ ਕਦੋਂ ਬਰੇਕ ਲਗਾ ਦੇਵੇਗਾ ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ। ਆਟੋ ਚਾਲਕਾਂ ਵਲੋਂ ਚਲਦੀ ਸੜਕ ਤੇ ਅਜਿਹਾ ਕੀਤੇ ਜਾਂਣ ਤੇ ਜਾਂ ਤਾਂ ਉਸਦੇ ਪਿੱਛੇ ਆ ਰਹੇ ਵਾਹਨ ਬਹੁਤ ਮੁਸ਼ਕਿਲ ਨਾਲ ਖੁਦ ਨੂੰ ਬਚਾਉਂਦੇ ਹਨ ਜਾਂ ਫਿਰ ਉਸ ਨਾਲ ਟਕਰਾ ਜਾਂਦੇ ਹਨ। ਅਜਿਹੇ ਵਿੱਚ ਜੇਕਰ ਕੋਈ ਵਾਹਨ ਚਾਲਕ ਇਹਨਾਂ ਆਟੋ ਰਿਕਸ਼ਿਆਂ ਚਾਲਕਾਂ ਨੂੰ ਸੜਕ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਠੀਕ ਤਰੀਕੇ ਨਾਲ ਆਟੋ ਚਲਾਉਣ ਲਈ ਕਹਿੰਦਾ ਹੈ ਤਾਂ ਇਹ ਉਲਟਾ ਉਸ ਵਿਅਕਤੀ ਨਾਲ ਹੀ ਲੜਣਾ ਆਰੰਭ ਕਰ ਦਿੰਦੇ ਹਨ ਅਤੇ ਮਿੰਟਾਂ ਵਿੱਚ ਹੀ ਉੱਥੇ ਵੱਡੀ ਗਿਣਤੀ ਆਟੋ ਚਾਲਕ ਇਕੱਠੇ ਹੋ ਕੇ ਵਾਹਨ ਚਾਲਕ ਤੇ ਹੀ ਦਬਾਓ ਪਾਊਣਾ ਸ਼ੁਰੂ ਕਰ ਦਿੰਦੇ ਹਨ।

ਸਥਾਨਕ ਪ੍ਰਸ਼ਾਸਨ ਵਲੋਂ ਸ਼ਹਿਰ ਵਾਸੀਆਂ ਨੂੰ ਜਨਤਕ ਆਵਾਜਾਈ ਦੀ ਕੋਈ ਸਹੂਲੀਅਤ ਨਾ ਦਿੱਤੇ ਜਾਣ ਕਾਰਨ ਆਮ ਲੋਕ ਇਹਨਾਂ ਆਟੋ ਰਿਕਸ਼ਿਆਂ ਤੇ ਸਫਰ ਕਰਨ ਲਈ ਮਜਬੂਰ ਹੁੰਦੇ ਹਨ ਅਤੇ ਇਹਨਾਂ ਆਟੋ ਚਾਲਕਾਂ ਵਲੋਂ ਲੋਕਾਂ ਦੀ ਇਸ ਮਜਬੂਰੀ ਦਾ ਪੂਰਾ ਫਾਇਦਾ ਚੁੱਕਿਆ ਜਾਂਦਾ ਹੈ। ਪ੍ਰਸ਼ਾਸ਼ਨ ਵਲੋਂ ਆਟੋ ਰਿਕਸ਼ਿਆਂ ਦੇ ਰੇਟ ਤੈਅ ਨਾ ਕੀਤੇ ਹੋਣ ਕਾਰਨ ਇਹ ਆਟੋ ਚਾਲਕ ਲੋਕਾਂ ਤੋਂ ਮੂੰਹ ਮੰਗਿਆ ਕਿਰਾਇਆ ਮੰਗਦੇ ਹਨ। ਸਵੇਰ ਅਤੇ ਸ਼ਾਮ ਵੇਲੇ (ਜਦੋਂ ਲੋਕਾਂ ਨੂੰ ਆਪਣੇ ਦਫਤਰ ਜਾਂ ਕੰਮ ਤੇ ਪਹੁੰਚਣ ਅਤੇ ਵਾਪਸ ਪਰਤਣ ਦੀ ਜਲਦੀ ਹੁੰਦੀ ਹੈ) ਇਹ ਆਟੋ ਵਾਲੇ ਮੁਲਾਜਮਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਉਹਨਾਂ ਤੋਂ ਮੂੰਹ ਮੰਗੇ ਪੈਸੇ ਵਸੂਲਦੇ ਹਨ।

ਇਸ ਦੌਰਾਨ ਜਿਹੜੇ ਆਟੋ ਰਿਕਸ਼ੇ ਸਵਾਰੀ ਸਿਸਟਮ ਦੇ ਆਧਾਰ ਤੇ ਚਲਦੇ ਹਨ ਉਹਨਾਂ ਦੇ ਕਿਰਾਏ ਬਾਰੇ ਤਾਂ ਲੋਕਾਂ ਨੂੰ ਫਿਰ ਵੀ ਥੋੜ੍ਹੀ ਬਹੁਤ ਜਾਣਕਾਰੀ ਹੁੰਦੀ ਹੈ ਪਰੰਤੂ ਜਿਹੜੇ ਵਿਅਕਤੀ ਹੋਰਨਾਂ ਇਲਾਕਿਆਂ ਤੋਂ ਕਿਸੇ ਕੰਮ ਲਈ ਮੁਹਾਲੀ ਆ ਕੇ ਆਟੋ ਰਿਕਸ਼ੇ ਦਾ ਸਫਰ ਕਰਦੇ ਹਨ ਉਹਨਾਂ ਨੂੰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਬਾਰੇ ਜਾਣਕਾਰੀ ਨਾ ਹੋਣ ਕਾਰਨ ਕਈ ਵਾਰ ਆਟੋ ਚਾਲਕ ਉਸ ਵਿਅਕਤੀ ਨੂੰ ਬਿਨਾ ਵਜ੍ਹਾ ਇਧਰ ਉਧਰ ਘੁੰਮਾਉਣ ਅਤੇ ਲੰਬਾ ਗੇੜਾ ਲਵਾਉਣ ਤੋਂ ਬਾਅਦ ਮੰਜਿਲ ਤਕ ਪੰਹੁਚਾਉਦੇੇ ਹਨ ਅਤੇ ਫਿਰ ਮੂੰਹ ਮੰਗਿਆ ਕਿਰਾਇਆ ਵਸੂਲਦੇ ਹਨ। ਅਜਿਹਾ ਹੋਣ ਕਾਰਨ ਜਿੱਥੇ ਲੋਕਾਂ ਦਾ ਜਰੂਰੀ ਸਮਾਂ ਬਰਬਾਦ ਹੁੰਦਾ ਹੈ ਉੱਥੇ ਉਹਨਾਂ ਦੀ ਸਿੱਧੇ ਤਰੀਕੇ ਨਾਲ ਲੁੱਟ ਵੀ ਕੀਤੀ ਜਾਂਦੀ ਹੈ।

ਸ਼ਹਿਰ ਵਿੱਚ ਚਲਦੇ ਆਟੋ ਰਿਕਸ਼ਿਆਂ ਵਿੱਚੋਂ ਜਿਆਦਾਤਰ ਦੇ ਚਾਲਕ ਹੋਰਨਾਂ ਰਾਜਾਂ ਤੋਂ ਆਏ ਪਰਵਾਸੀ ਹਨ, ਜਿਹਨਾਂ ਵਿੱਚੋਂ ਕਈ ਤਾਂ ਅਜਿਹੇ ਹੁੰਦੇ ਹਨ ਜਿਹਨਾਂ ਨੂੰ ਨਾ ਤਾਂ ਆਟੋ ਚਲਾਉਣ ਦਾ ਕੋਈ ਤਜਰਬਾ ਹੁੰਦਾ ਹੈ ਅਤੇ ਨਾ ਹੀ ਉਹਨਾਂ ਕੋਲ ਇਸਦਾ ਕੋਈ ਲਾਈਸੰਸ ਹੀ ਹੁੰਦਾ ਹੈ। ਇਹ ਵਿਅਕਤੀ ਯੂ ਪੀ, ਬਿਹਾਰ ਤੋਂ ਰੁਜਗਾਰ ਦੀ ਭਾਲ ਵਿੱਚ ਇੱਥੇ ਆਉਂਦੇ ਹਨ ਅਤੇ ਇੱਥੇ ਉਹਨਾਂ ਦੇ ਕਿਸੇ ਜਾਣਕਾਰ ਵਲੋਂ ਉਹਨਾਂ ਨੂੰ ਚਾਰ ਪੰਜ ਦਿਨ ਆਪਣੇ ਨਾਲ ਆਟੋ ਤੇ ਘੁਮਾ ਕੇ ਆਟੋ ਚਲਾਉਣ ਦੀ ਟਰੇਨਿੰਗ ਦੇ ਦਿੱਤੀ ਜਾਂਦੀ ਹੈ ਅਤੇ ਫਿਰ ਕਿਰਾਏ ਤੇ ਆਟੋ ਦਿਵਾ ਦਿੱਤਾ ਜਾਂਦਾ ਹੈ। ਇਸਤੋਂ ਬਾਅਦ ਇਹ ਨੌਸਿਖੀਏ ਸਾਰਾਂ ਦਿਨ ਸ਼ਹਿਰ ਦੀਆਂ ਸੜਕਾਂ ਤੇ ਖੜਦੂੰਗ ਪਾਉਂਦੇ ਰਹਿੰਦੇ ਹਨ। ਇਹਨਾਂ ਆਟੋ ਚਾਲਕਾਂ ਨੇ ਆਪੋ ਆਪਣੀਆਂ ਯੂਨੀਅਨਾਂ, ਧੜੇ ਅਤੇ ਗਰੁਪ ਵੀ ਬਣਾਏ ਹੋਏ ਹਨ ਜਿਹੜੇ ਕਿਸੇ ਮਾਮੂਲੀ ਜਿਹੀ ਗੱਲ ਤੇ ਲੜਾਈ ਝਗੜਾ ਕਰਨ ਲਗਦੇ ਹਨ ਅਤੇ ਤੁਰੰਤ ਇਕਠੇ ਹੋ ਕੇ ਆਮ ਲੋਕਾਂ ਉਪਰ ਦਬਾਓ ਪਾਉਣ ਲੱਗ ਜਾਂਦੇ ਹਨ।

ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਖੁੱਲੀ ਉਲੰਘਣਾ ਕਰਨ ਵਾਲੇ ਆਟੋ ਚਾਲਕਾਂ ਖਿਲਾਫ ਬਣਦੀ ਕਾਰਵਾਈ ਕਰੇ। ਇਸ ਸੰਬੰਧੀ ਜਿੱਥੇ ਇਹਨਾਂ ਆਟੋ ਰਿਕਸ਼ਿਆਂ ਦਾ ਕਿਰਾਇਆ ਤੈਅ ਕੀਤਾ ਜਾਣਾ ਚਾਹੀਦਾ ਹੈ ਉੱਥੇ ਟੈ੍ਰਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਟੋ ਰਿਕਸ਼ਿਆਂ ਦੇ ਚਾਲਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਹਨਾਂ ਵਲੋਂ ਕੀਤੀਆਂ ਜਾਂਦੀਆਂ ਆਪਹੁਦਰੀਆਂ ਤੇ ਰੋਕ ਲੱਗੇ ਅਤੇ ਆਮ ਵਾਹਨ ਚਾਲਕਾਂ ਦੀ ਪਰੇਸ਼ਾਨੀ ਦੂਰ ਹੋਵੇ।

Continue Reading

Editorial

ਆਖਿਰ ਕਿਹੜੇ ਰਾਹ ਤੁਰ ਪਈ ਭਾਰਤ ਦੀ ਸਿਆਸਤ?

Published

on

By

 

ਅਦਾਲਤਾਂ ਦਾ ਕੀਮਤੀ ਸਮਾਂ ਬਰਬਾਦ ਕਰਨ ਵਾਲਿਆਂ ਖ਼ਿਲਾਫ਼ ਵੀ ਹੋਵੇ ਸਖ਼ਤ ਕਾਰਵਾਈ

ਭਾਰਤ ਦੀ ਸਿਆਸਤ ਅਕਸਰ ਵਿਵਾਦਾਂ ਵਿੱਚ ਰਹਿੰਦੀ ਹੈ ਅਤੇ ਦੇਸ਼ ਦੀ ਸਿਆਸਤ ਵਿੱਚ ਨਿੱਤ ਨਵਾਂ ਵਿਵਾਦ ਜੁੁੜਦਾ ਰਹਿੰਦਾ ਹੈ। ਹੁਣ ਬਿਹਾਰ ਦੇ ਜ਼ਿਲ੍ਹਾ ਸਮਸਤੀਪੁਰ ਦੇ ਪਿੰਡ ਸੋਨੂਪੁਰ ਦੇ ਇੱਕ ਵਸਨੀਕ ਨੇ ਸਥਾਨਕ ਅਦਾਲਤ ਵਿੱਚ ਕੇਸ ਦਰਜ ਕਰਵਾਇਆ ਹੈ, ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਉਸ ਦਾ ਦੁੱਧ ਵਾਲਾ ਬਰਤਨ ਸੁੱਟਵਾ ਦਿੱਤਾ ਜਿਸ ਕਾਰਨ 250 ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਸੁਣ ਕੇ ਇਸ ਕਦਰ ਸਦਮੇ ਵਿੱਚ ਆ ਗਿਆ ਸੀ ਕਿ ਪੰਜ ਲੀਟਰ ਦੁੱਧ ਨਾਲ ਭਰੀ ਉਸ ਦੀ ਬਾਲਟੀ (ਜਿਸ ਦੀ ਕੀਮਤ 50 ਰੁਪਏ ਪ੍ਰਤੀ ਲੀਟਰ ਹੈ) ਉਸ ਦੇ ਹੱਥੋਂ ਖਿਸਕ ਗਈ। ਇਸ ਵਿਅਕਤੀ ਨੇ ਰਾਹੁਲ ਗਾਂਧੀ ਵਿਰੁੱਧ ਦੇਸ਼ ਧ੍ਰੋਹ ਦਾ ਮੁਕਦਮਾ ਚਲਾਉਣ ਦੀ ਮੰਗ ਕੀਤੀ ਹੈ।

ਕੁਝ ਕਾਂਗਰਸੀ ਆਗੂ ਇਸ ਸਾਰੀ ਘਟਨਾ ਪਿੱਛੇ ਕਾਂਗਰਸ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਹੱਥ ਦਸ ਰਹੇ ਹਨ। ਹੋ ਸਕਦਾ ਹੈ ਕਿ ਇਹ ਵਿਅਕਤੀ ਵੀ ਕਿਸੇ ਸਿਆਸੀ ਪਾਰਟੀ ਦਾ ਕਾਰਕੁੰਨ ਹੋਵੇ। ਅਸਲ ਵਿੱਚ ਕੁਝ ਲੋਕ ਆਪਣੀ ਮਸ਼ਹੂਰੀ ਲਈ ਵੀ ਅਜਿਹੇ ਅਜੀਬੋ ਗਰੀਬ ਕੇਸ ਅਦਾਲਤਾਂ ਵਿੱਚ ਕਰਦੇ ਰਹਿੰਦੇ ਹਨ। ਮੀਡੀਆ ਵਿੱਚ ਅਕਸਰ ਚਰਚਾ ਹੁੰਦੀ ਹੈ ਕਿ ਭਾਰਤੀ ਅਦਾਲਤਾਂ ਵਿੱਚ ਮੁੱਕਦਮਿਆਂ ਦੀ ਭਰਮਾਰ ਹੈ ਅਤੇ ਜੱਜਾਂ ਦੀ ਘਾਟ ਹੈ। ਪਰ ਉਪਰੋਕਤ ਵਿਅਕਤੀ ਵਰਗੇ ਲੋਕ ਵੀ ਭਾਰਤ ਵਿੱਚ ਕਾਫੀ ਗਿਣਤੀ ਵਿੱਚ ਹਨ, ਜੋ ਕਿ ਅਜਿਹੇ ਕੇਸ ਕਰਕੇ ਵੀ ਅਦਾਲਤ ਦਾ ਸਮਾਂ ਬਰਬਾਦ ਕਰਦੇ ਹਨ।

ਹਾਲਾਂਕਿ ਅਦਾਲਤਾਂ ਅਜਿਹੇ ਮਾਮਲਿਆਂ ਵਿੱਚ ਸੰਬਧਿਤ ਵਿਅਕਤੀ ਨੂੰ ਤਾੜਨਾ ਕਰਦੀਆਂ ਹਨ ਜਾਂ ਕਈ ਵਾਰ ਜੁਰਮਾਨਾ ਵੀ ਲਗਾ ਦਿੰਦੀਆਂ ਹਨ ਪਰ ਫਿਰ ਵੀ ਕੁਝ ਲੋਕ ਅਜਿਹੇ ਕੇਸ ਕਰਕੇ ਅਦਾਲਤਾਂ ਦਾ ਕੀਮਤੀ ਸਮਾਂ ਬਰਬਾਦ ਕਰਦੇ ਰਹਿੰਦੇ ਹਨ। ਇਸ ਕਰਕੇ ਅਕਸਰ ਹੀ ਬੁੱਧੀਜੀਵੀ ਵਰਗ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਅਦਾਲਤਾਂ ਦਾ ਕੀਮਤੀ ਸਮਾਂ ਬਰਬਾਦ ਕਰਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਇਸ ਸਾਰੀ ਘਟਨਾ ਨੂੰ ਸਿਆਸੀ ਨਜ਼ਰੀਏ ਨਾਲ ਵੀ ਵੇਖਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਹੁਣ ਭਾਰਤ ਦੀ ਰਾਜਨੀਤੀ ਵਿੱਚ ਏਨਾ ਨਿਘਾਰ ਆ ਗਿਆ ਹੈ ਕਿ ਸੱਤਾਧਾਰੀ ਨੇਤਾਵਾਂ ਵਲੋਂ ਆਪਣੇ ਵਿਰੋਧੀ ਆਗੂਆਂ ਨੂੰ ਪ੍ਰੇਸ਼ਾਨ ਕਰਨ ਲਈ ਉਹਨਾਂ ਤੇ ਬੇਤੁੱਕੇ ਇਲਜਾਮ ਲਗਾ ਕੇ ਉਹਨਾਂ ਵਿਰੁੱਧ ਮੁਕਦਮੇ ਦਰਜ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਅਜਿਹਾ ਕਰਕੇ ਸੱਤਾਧਾਰੀ ਧਿਰ ਕੁਝ ਸਮੇਂ ਲਈ ਖੁਸ਼ ਹੋ ਸਕਦੀ ਹੈ ਕਿ ਉਸ ਨੇ ਆਪਣੇ ਵਿਰੋਧੀਆਂ ਨੂੰ ਕਿਸੇ ਮੁਕਦਮੇ ਵਿੱਚ ਫਸਾ ਦਿਤਾ ਹੈ। ਪਰ ਜਦੋਂ ਸੱਤਾ ਬਦਲਦੀ ਹੈ ਅਤੇ ਵਿਰੋਧੀ ਧਿਰ ਚੋਣਾਂ ਜਿੱਤ ਕੇ ਸੱਤਾ ਵਿੱਚ ਆ ਜਾਂਦੀ ਹੈ ਤਾਂ ਅਕਸਰ ਉਸ ਵੱਲੋਂ ਵੀ ਫਿਰ ਬਦਲੇ ਲਈ ਪਹਿਲੀ ਧਿਰ ਖਿਲਾਫ ਅਜਿਹਾ ਕੁਝ ਹੀ ਕੀਤਾ ਜਾਂਦਾ ਹੈ। ਇਸ ਕਾਰਨ ਭਾਰਤ ਦੀ ਰਾਜਨੀਤੀ ਵਿੱਚ ਇਹ ਮੰਦਾ ਰੁਝਾਨ ਸ਼ੁਰੂ ਹੋ ਗਿਆ ਹੈ, ਜੋ ਕਿ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ।

ਹਾਲਾਤ ਇਹ ਹਨ ਕਿ ਰਾਜਨੀਤੀ ਵਿਚੋਂ ਸ਼ਾਲੀਨਤਾ ਖਤਮ ਹੋ ਰਹੀ ਹੈ ਅਤੇ ਨਿੱਜੀ ਦੂਸਣਬਾਜੀ ਭਾਰੀ ਹੋ ਰਹੀ ਹੈ। ਇਸ ਤੋਂ ਇਲਾਵਾ ਸਿਆਸੀ ਆਗੂਆਂ ਵੱਲੋਂ ਇੱਕ ਦੂਜੇ ਤੇ ਬੇਤੁੱਕੇ ਇਲਜਾਮ ਵੀ ਲਗਾਏ ਜਾਂਦੇ ਹਨ ਅਤੇ ਡੰਮੀ ਬੰਦੇ ਖੜ੍ਹੇ ਕਰਕੇ ਅਕਸਰ ਹੀ ਵਿਰੋਧੀ ਆਗੂਆਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਯਤਨ ਕੀਤਾ ਜਾਂਦਾ ਹੈ। ਵਿਰੋਧੀ ਆਗੂਆਂ ਖਿਲਾਫ਼ ਝੂਠੀਆਂ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਹਨ ਅਤੇ ਇਸ ਸਾਰੇ ਕੁੱਝ ਨੂੰ ਰਾਜਨੀਤੀ ਲਈ ਸਹੀ ਨਹੀਂ ਕਿਹਾ ਜਾ ਸਕਦਾ।

ਬਿਊਰੋ

Continue Reading

Editorial

ਜੇਕਰ ਇਹੀ ਹਾਲ ਰਿਹਾ ਤਾਂ ਆਪਣੀ ਹੀ ਧਰਤੀ ਤੋਂ ਬੇਗਾਨੇ ਹੋ ਜਾਣਗੇ ਪੰਜਾਬੀ

Published

on

By

 

ਜਦੋਂ ਤੋਂ ਮਨੁੱਖੀ ਸਭਿਅਤਾ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਮਨੁੱਖਾਂ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਪ੍ਰਵਾਸ ਕਰਨ ਦਾ ਅਮਲ ਵੀ ਚਲਦਾ ਆ ਰਿਹਾ ਹੈ ਅਤੇ ਸਦੀਆਂ ਤੋਂ ਬਿਹਤਰ ਜਿੰਦਗੀ ਹਾਸਿਲ ਕਰਨ ਲਈ ਪ੍ਰਵਾਸ ਹੁੰਦਾ ਰਿਹਾ ਹੈ। ਪਰੰਤੂ ਪਿਛਲੇ ਕੁੱਝ ਕੁ ਸਾਲਾਂ ਦੌਰਾਨ ਜਿਸ ਤਰੀਕੇ ਨਾਲ ਪੰਜਾਬੀਆਂ ਵਿੱਚ ਵਿਦੇਸ਼ ਜਾ ਕੇ ਵਸਣ ਦਾ ਰੁਝਾਨ ਵਧਿਆ ਹੈ ਉਹ ਚਿੰਤਾ ਪੈਦਾ ਕਰਦਾ ਹੈ। ਇਸਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਸਾਡੀ ਸਰਕਾਰ ਆਮ ਲੋਕਾਂ ਵਾਸਤੇ ਸਨਮਾਨਜਨਕ ਰੁਜਗਾਰ ਦਾ ਪ੍ਰਬੰਧ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ ਅਤੇ ਸੱਤਾਧਾਰੀਆਂ ਵਲੋਂ ਕੀਤਾ ਜਾਂਦਾ ਭ੍ਰਿਸ਼ਟਾਚਾਰ ਆਮ ਲੋਕਾਂ ਵਿੱਚ ਭਾਰੀ ਨਿਰਾਸ਼ਾ ਪੈਦਾ ਕਰਦਾ ਹੈ।

ਪਿਛਲੇ ਸਮੇਂ ਦੌਰਾਨ ਦੇਸ਼ ਭਰ ਵਿੱਚ ਲਗਾਤਾਰ ਵੱਧਦੀ ਆਰਥਿਕ ਮੰਦੀ ਅਤੇ ਬੇਰੁਜਗਾਰੀ ਦੀ ਮਾਰ ਕਾਰਨ ਨੌਜਵਾਨਾਂ ਨੂੰ ਲੱਗਦਾ ਹੈ ਕਿ ਉਹਨਾਂ ਲਈ ਇੱਥੇ ਰੁਜਗਾਰ ਹਾਸਿਲ ਕਰਨਾ ਬਹੁਤ ਜਿਆਦਾ ਔਖਾ ਹੈ ਜਿਸ ਕਾਰਨ ਉਹ ਕੋਈ ਵੀ ਹੀਲਾ ਵਸੀਲਾ ਕਰਕੇ ਵਿਦੇਸ਼ ਜਾਣ ਦੇ ਚਾਹਵਾਨ ਦਿਖਦੇ ਹਨ। ਪੰਜਾਬ ਵਿੱਚ ਤਿੰਨ ਸਾਲ ਪਹਿਲਾਂ ਹੋਈ ਸੱਤਾ ਤਬਦੀਲੀ ਤੋਂ ਬਾਅਦ ਸੱਤਾ ਤੇ ਕਾਬਜ ਹੋਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਭਾਵੇਂ ਨੌਜਵਾਨਾਂ ਲਈ ਬਿਹਤਰ ਰੁਜਗਾਰ ਦੇ ਪ੍ਰਬੰਧ ਕਰਨ ਦੇ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਹਨ ਅਤੇ ਖੁਦ ਮੁੱਖ ਮੰਤਰੀ ਸz. ਭਗਵੰਤ ਸਿੰਘ ਮਾਨ ਤਾਂ ਇਹ ਦਾਅਵਾ ਕਰਦੇ ਰਹੇ ਹਨ ਕਿ ਉਹਨਾਂ ਦੀ ਸਰਕਾਰ ਵਲੋਂ ਰੁਜਗਾਰ ਦੇ ਇੰਨੇ ਜਿਆਦਾ ਮੌਕੇ ਸਿਰਜੇ ਜਾਣਗੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਜਾ ਕੇ ਕੰਮ ਕਰਨ ਦੀ ਲੋੜ ਨਹੀਂ ਪਵੇਗੀ, ਉਲਟਾ ਵਿਦੇਸ਼ਾਂ ਤੋਂ ਲੋਕ ਪੰਜਾਬ ਵਿੱਚ ਕੰਮ ਕਰਨ ਆਇਆ ਕਰਣਗੇ ਪਰੰਤੂ ਜਮੀਨੀ ਹਾਲਾਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਸਰਕਾਰ ਦੇ ਦਾਅਵਿਆਂ ਅਨੁਸਾਰ ਉਸ ਵਲੋਂ ਆਪਣੇ ਹੁਣ ਤਕ ਦੇ ਕਾਰਜਕਾਲ ਦੌਰਾਨ 60 ਹਜਾਰ ਦੇ ਕਰੀਬ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਪਰੰਤੂ ਇਸ ਦੌਰਾਨ ਇਹ ਗੱਲ ਵੀ ਸਾਮ੍ਹਣੇ ਆਉਂਦੀ ਰਹੀ ਹੈ ਕਿ ਇਹਨਾਂ ਨੌਕਰੀਆਂ ਦਾ ਇੱਕ ਵੱਡਾ ਹਿੱਸਾ ਹੋਰਨਾਂ ਸੂਬਿਆਂ ਦੇ ਨੌਜਵਾਨਾਂ ਨੂੰ ਮਿਲਿਆ ਹੈ ਅਤੇ ਪੰਜਾਬ ਵਿੱਚ ਬੇਰੁਜਗਾਰਾਂ ਦੀ ਕਤਾਰ ਲਗਾਤਾਰ ਲੰਬੀ ਹੋ ਰਹੀ ਹੈ।

ਮੌਜੂਦਾ ਹਾਲਾਤ ਇਹ ਹਨ ਕਿ ਜਿਸਨੂੰ ਵੀ ਵੇਖੋ ਕਿਸੇ ਨਾ ਕਿਸੇ ਤਰ੍ਹਾਂ ਵਿਦੇਸ਼ ਪਹੁੰਚ ਕੇ ਉੱਥੇ ਹੀ ਵਸਣ ਅਤੇ ਉੱਥੇ ਹੀ ਕੋਈ ਕੰਮ ਧੰਧਾ ਕਰਨ ਦੇ ਜੁਗਾੜ ਵਿੱਚ ਲੱਗਿਆ ਨਜਰ ਆਉਂਦਾ ਹੈ। ਸਾਡੇ ਨੌਜਵਾਨਾਂ ਵਿੱਚ ਲਗਾਤਾਰ ਵੱਧਦੀ ਵਿਦੇਸ਼ ਜਾਣ ਦੀ ਇਸ ਚਾਹਤ ਨੇ ਆਈ ਲੈਟਸ ਸਂੈਟਰਾਂ ਅਤੇ ਟ੍ਰੈਵਲ ਏਜੰਟਾਂ ਦਾ ਧੰਧਾ ਜਰੂਰ ਚਮਕਾ ਦਿੱਤਾ ਹੈ ਜਿਹੜੇ ਮੋਟੀ ਕਮਾਈ ਕਰ ਰਹੇ ਹਨ। ਇਹਨਾਂ ਆਈਲੈਟਸ ਸੈਂਟਰਾਂ ਅਤੇ ਟੈ੍ਰਵਲ ਏਜੰਟਾਂ ਦੇ ਦਫਤਰਾਂ ਵਿੱਚ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀਆਂ (ਖਾਸ ਕਰਕੇ ਵਿਦਿਆਰਥੀਆਂ) ਦੀ ਭੀੜ ਵੇਖਣ ਨੂੰ ਮਿਲਦੀ ਹੈ। ਵਿਦੇਸ਼ ਜਾਣ ਲਈ ਇਹਨਾਂ ਬੱਚਿਆਂ (ਖਾਸ ਤੌਰ ਤੇ ਲੜਕੀਆਂ) ਵਲੋਂ ਆਈਲੈਟਸ ਪਾਸ ਕਰਕੇ ਉੱਥੇ ਕਿਸੇ ਕੋਰਸ ਵਿੱਚ ਦਾਖਲਾ ਲੈਣ ਅਤੇ ਫਿਰ ਉੱਥੇ ਹੀ ਕੰਮ ਕਰਕੇ ਪੱਕੇ ਹੋਣ ਦਾ ਰਾਹ ਚੁਣਿਆ ਜਾਂਦਾ ਹੈ, ਜਦੋਂਕਿ ਅਜਿਹੇ ਨੌਜਵਾਨ ਜਿਹੜੇ ਆਈਲੈਟਸ ਵਿੱਚ ਚੰਗੇ ਨੰਬਰ ਨਹੀਂ ਲਿਆ ਪਾਉਂਦੇ, ਕਿਸੇ ਆਈਲੈਟਸ ਪਾਸ ਕੁੜੀ ਨਾਲ ਵਿਆਹ ਕਰਵਾ ਕੇ ਜਾਂ ਫਿਰ ਵਿਦੇਸ਼ ਰਹਿੰਦੀ ਕਿਸੇ ਕੁੜੀ ਨਾਲ ਵਿਆਹ ਕਰਵਾ ਕੇ ਵਿਦੇਸ਼ ਜਾਣ ਲਈ ਯਤਨਸ਼ੀਲ ਦਿਖਦੇ ਹਨ।

ਅਜਿਹੇ ਵਿਅਕਤੀਆਂ ਦੀ ਗਿਣਤੀ ਵੀ ਬਹੁਤ ਜਿਆਦਾ ਹੈ, ਜੋ ਹਰ ਤਰ੍ਹਾਂ ਦਾ ਜਾਇਜ ਨਾਜਾਇਜ ਢੰਗ ਤਰੀਕਾ ਅਖਤਿਆਰ ਕਰਕੇ ਵਿਦੇਸ਼ ਜਾਣ ਦਾ ਯਤਨ ਕਰਦੇ ਹਨ। ਇਹਨਾਂ ਵਿੱਚ ਬੇਰੁਜਗਾਰ ਨੌਜਵਾਨਾਂ ਦੀ ਗਿਣਤੀ ਜਿਆਦਾ ਹੈ। ਹੁਣ ਤਾਂ ਬਜੁਰਗ ਵੀ ਵਿਦੇਸ਼ ਜਾਣ ਲਈ ਕਾਹਲੇ ਨਜਰ ਆਉਂਦੇ ਹਨ ਅਤੇ ਅਜਿਹਾ ਲੱਗਦਾ ਹੈ ਕਿ ਸਾਰਾ ਪੰਜਾਬ ਹੀ ਕਿਸੇ ਨਾ ਕਿਸੇ ਤਰੀਕੇ ਵਿਦੇਸ਼ ਪਹੁੰਚ ਕੇ ਉੱਥੇ ਵਸਣ ਦੇ ਜੁਗਾੜ ਵਿੱਚ ਹੈ ਅਤੇ ਭਾਵੇਂ ਪਿੰਡ ਹੋਵੇ ਜਾਂ ਸ਼ਹਿਰ, ਹਰ ਦੂਜੇ ਤੀਜੇ ਘਰ ਤੋਂ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਵਿਦੇਸ਼ ਜਾ ਕੇ ਵਸ ਗਿਆ ਹੈ।

ਇੱਕ ਪਾਸੇ ਜਿੱਥੇ ਵੱਡੀ ਗਿਣਤੀ ਪੰਜਾਬੀ ਵਿਦੇਸ਼ਾਂ ਵੱਲ ਪ੍ਰਵਾਸ ਕਰ ਰਹੇ ਹਨ ਉੱਥੇ ਦੇਸ਼ ਦੇ ਹੋਰਨਾਂ ਸੂਬਿਆਂ (ਯੂ ਪੀ, ਬਿਹਾਰ, ਉਤਰਾਖੰਡ) ਤੋਂ ਵੱਡੀ ਗਿਣਤੀ ਪਰਵਾਸੀ ਮਜਦੂਰ ਪੰਜਾਬ ਆ ਕੇ ਇੱਥੇ ਆਪਣੀ ਪੱਕੀ ਰਿਹਾਇਸ਼ ਬਣਾ ਰਹੇ ਹਨ ਅਤੇ ਇਹਨਾਂ ਦੀ ਆਮਦ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਜਲੰਧਰ, ਲੁਧਿਆਣਾ ਵਰਗੇ ਸ਼ਹਿਰਾਂ ਵਿੱਚ ਤਾਂ ਹੁਣ ਪਰਵਾਸੀ ਮਜਦੂਰਾਂ ਤੇ ਉਹਨਾਂ ਦੇ ਪਰਿਵਾਰਾਂ ਦੀ ਗਿਣਤੀ ਪੰਜਾਬੀਆਂ ਨਾਲੋਂ ਕਿਤੇ ਜਿਆਦਾ ਵੱਧ ਚੁੱਕੀ ਹੈ ਅਤੇ ਪੰਜਾਬ ਵਿੱਚ ਪੰਜਾਬੀਆਂ ਦੇ ਹੀ ਘੱਟ ਗਿਣਤੀ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਯੂ ਪੀ ਅਤੇ ਬਿਹਾਰ ਤੋਂ ਆਉਣ ਵਾਲੇ ਪਰਵਾਸੀ ਮਜਦੂਰ ਪੰਜਾਬ ਦੇ ਪੱਕੇ ਵਸਨੀਕ ਬਣਕੇ ਹਰ ਵਾਰ ਚੋਣਾਂ ਮੌਕੇ ਵੀ ਅਹਿਮ ਭੁਮਿਕਾ ਨਿਭਾਉਣ ਲੱਗ ਗਏ ਹਨ ਅਤੇ ਜੇਕਰ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਆਪਣੀ ਹੀ ਧਰਤੀ ਤੇ ਬੇਗਾਨੇ ਹੋ ਜਾਵਾਂਗੇ।

Continue Reading

Latest News

Trending