Mohali
ਜਨਰਲ ਕੈਟਾਗਰੀ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਕਰਨ ਦੀ ਮੰਗ
ਐਸ ਏ ਐਸ ਨਗਰ, 28 ਜਨਵਰੀ (ਸ.ਬ.) ਜਨਰਲ ਕੈਟਾਗਰੀਜ਼ ਵੈਲਫ਼ੇਅਰ ਫ਼ੈਡਰੇਸ਼ਨ ਪੰਜਾਬ ਵਲੋਂ ਮੰਗ ਕੀਤੀ ਗਈ ਹੈ ਜਨਰਲ ਕੈਟਾਗਰੀ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਤੁਰੰਤ ਕੀਤੀ ਜਾਵੇ। ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਇਸ ਸਰਕਾਰ ਦੇ ਤਿੰਨ ਸਾਲ ਬੀਤ ਗਏ ਹਨ ਪਰੰਤੂ ਇਸ ਨੇ ਹੁਣ ਤਕ ਕਾਂਗਰਸ ਸਰਕਾਰ ਦੁਆਰਾ ਬਣਾਏ ਗਏ ਜਨਰਲ ਕੈਟਾਗਰੀ ਕਮਿਸ਼ਨ ਨੂੰ ਚਾਲੂ ਨਹੀ ਕੀਤਾ। ਆਗੂਆਂ ਨੇ ਕਿਹਾ ਕਿ ਫੈਡਰੇਸ਼ਨ ਦੇ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਕਮਿਸ਼ਨ ਦਾ ਚੇਅਰਮੈਨ ਨਹੀਂ ਲਗਾਇਆ ਗਿਆ ਅਤੇ ਨਾ ਹੀ ਦੂਸਰੇ ਲੋੜੀਦੇ ਸਟਾਫ਼ ਦੀ ਨਿਯੁਕਤੀ ਕੀਤੀ ਗਈ ਹੈ। ਇੱਥੋਂ ਤੱਕ ਕਿ ਇਸ ਕਮਿਸ਼ਨ ਨੂੰ ਕੋਈ ਵੀ ਦਫ਼ਤਰੀ ਬਿਲਡਿੰਗ ਅਲਾਟ ਨਹੀਂ ਕੀਤੀ ਗਈ। ਜਿਸ ਕਰਕੇ ਸਮੁੱਚੇ ਜਨਰਲ ਵਰਗ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਬੁਲਾਰਿਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਪਿਛਲੇ ਤਿੰਨ ਸਾਲਾਂ ਵਿਚ ਪੇਸ਼ ਕੀਤੇ ਤਿੰਨ ਸਲਾਨਾ ਬਜਟਾਂ ਵਿਚੋਂ ਦੋ ਬਜਟਾਂ ਵਿੱਚ ਮੁੱਖ ਮੰਤਰੀ ਵਜੀਫ਼ਾ ਯੋਜਨਾ ਤਹਿਤ ਨਾਂ ਮਾਤਰ ਰਾਸ਼ੀ ਹੀ ਜਨਰਲ ਵਰਗ ਦੇ ਵਿਦਿਆਰਥੀਆਂ ਲਈ ਅਲਾਟ ਕੀਤੀ ਗਈ ਸੀ। ਇਹ ਰਾਸ਼ੀ ਵੀ ਕੇਵਲ ਕਾਗਜਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਸਰਕਾਰ ਕਾਲਜਾਂ ਵਿਚ ਪੜ੍ਹਦੇ ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਵਜੀਫ਼ਾ ਰਾਸ਼ੀ ਦੇ ਹੀ ਨਹੀਂ ਰਹੀ, ਜਿਸ ਕਰਕੇ ਸਰਕਾਰ ਦਾ ਜਨਰਲ ਵਰਗ ਵਿਰੋਧੀ ਚਿਹਰਾ ਬੇਨਕਾਬ ਹੋਇਆ ਹੈ।
ਆਗੂਆਂ ਨੇ ਕਿਹਾ ਕਿ ਇਸ ਸਰਕਾਰ ਨੇ ਜਨਰਲ ਵਰਗ ਨੂੰ ਖੁੱਡੇ ਲਾਇਨ ਲਗਾਇਆ ਹੋਇਆ ਹੈ ਅਤੇ ਸਮਾਂ ਆਉਣ ਤੇ 2027 ਵਿਚ ਜਨਰਲ ਵਰਗ ਇਸ ਸਰਕਾਰ ਨੂੰ ਖੁੱਡੇ ਲਾਇਨ ਲਗਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਬਰਾੜ, ਸੁਦੇਸ਼ ਕਮਲ ਸ਼ਰਮਾ, ਜਸਵੀਰ ਸਿੰਘ ਗੜਾਂਗ, ਰਣਜੀਤ ਸਿੰਘ, ਸੁਰਿੰਦਰ ਕੁਮਾਰ ਸਣੀ, ਕਪਲ ਦੇਵ ਪ੍ਰਾਸ਼ਰ, ਪ੍ਰਦੀਪ ਸਿੰਘ ਰਧਾਵਾ ਦਿਲਬਾਗ ਸਿੰਘ, ਗੁਰਜੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ।
Mohali
ਪਿੰਡ ਮਦਨਹੇੜੀ ਵਿਖੇ ਜਲਦ ਹੀ ਲਗਾਇਆ ਜਾਵੇਗਾ ਪੇਂਡੂ ਖੇਤਰ ਲਈ ਪਹਿਲਾ ਪਲਾਸਟਿਕ ਵੇਸਟ ਸੇਗਰੀਗੇਸ਼ਨ ਪਲਾਂਟ : ਏ ਡੀ ਸੀ ਸੋਨਮ ਚੌਧਰੀ
ਪੇਂਡੂ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ, ਬੀ ਡੀ ਪੀ ਓਜ਼ ਨੂੰ ਫਰਵਰੀ ਅੱਧ ਤੱਕ ਲਾਇਬ੍ਰੇਰੀਆਂ ਦਾ ਕੰਮ ਪੂਰਾ ਕਰਨ ਲਈ ਕਿਹਾ
ਐਸ ਏ ਐਸ ਨਗਰ, 29 ਜਨਵਰੀ (ਸ.ਬ.) ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਨੇ ਕਿਹਾ ਹੈ ਕਿ ਪੇਂਡੂ ਖੇਤਰਾਂ ਵਿੱਚ ਪਲਾਸਟਿਕ ਦੀ ਰਹਿੰਦ-ਖੂੰਹਦ ਨੂੰ ਅਲੱਗ ਕਰਨ ਲਈ ਖਰੜ ਬਲਾਕ ਦੇ ਪਿੰਡ ਮਦਨਹੇੜੀ ਵਿਖੇ ਪੇਂਡੂ ਖੇਤਰ ਦਾ ਪਹਿਲਾ ਪਲਾਸਟਿਕ ਵੇਸਟ ਸੇਗਰੀਗੇਸ਼ਨ ਪਲਾਂਟ ਲਗਾਇਆ ਜਾਵੇਗਾ ਜੋ ਕਿ ਮੁਹਾਲੀ ਦੇ ਪਿੰਡਾਂ ਨੂੰ ਵੀ ਸੇਵਾ ਦੇਵੇਗਾ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਪੇਂਡੂ ਵਿਕਾਸ ਕਾਰਜਾਂ ਦੀ ਸਮੀਖਿਆ ਮੀਟਿੰਗ ਕਰਦਿਆਂ ਏ. ਡੀ. ਸੀ. ਨੇ ਕਿਹਾ ਕਿ ਪੇਂਡੂ ਖੇਤਰ ਵਿੱਚ ਠੋਸ ਅਤੇ ਗਿੱਲਾ ਕੂੜਾ ਇੱਕ ਵੱਡਾ ਮੁੱਦਾ ਬਣ ਗਿਆ ਹੈ ਅਤੇ ਇਸ ਦੇ ਨਿਪਟਾਰੇ ਲਈ ਅਸੀਂ ਵੱਖ-ਵੱਖ ਤਰੀਕਿਆਂ ਨਾਲ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਮਦਦ ਨਾਲ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਮਦਨਹੇੜੀ ਵਿਖੇ ਸਥਾਪਿਤ ਕੀਤਾ ਜਾ ਰਿਹਾ ਪਲਾਸਟਿਕ ਵੇਸਟ ਪਲਾਂਟ ਪਲਾਸਟਿਕ ਦੀ ਸਮੱਗਰੀ ਨੂੰ ਗੱਠਾਂ ਵਿੱਚ ਬੰਨ੍ਹਣ ਦਾ ਕੰਮ ਕਰੇਗਾ, ਜਿਸ ਨਾਲ ਖੁੱਲ੍ਹੇ ਬਾਜ਼ਾਰ ਵਿੱਚ ਵਿਕਰੀ ਲਈ ਰਾਹ ਪੱਧਰਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ 78 ਪਿੰਡਾਂ ਨੂੰ ਮਾਰਚ ਦੇ ਅੰਤ ਤੱਕ ਮਾਡਲ ਪਿੰਡ ਬਣਾਉਣ ਲਈ ਸੁੱਕੇ ਅਤੇ ਗਿੱਲੇ ਕੂੜੇ ਦੇ ਮੁੱਦਿਆਂ ਨੂੰ ਸਹੀ ਢੰਗ ਨਾਲ ਹੱਲ ਕਰਕੇ ਓ ਡੀ ਐਫ ਪਲੱਸ ਟੈਗ ਪ੍ਰਾਪਤ ਕੀਤਾ ਜਾਵੇਗਾ।
ਸ੍ਰੀਮਤੀ ਚੌਧਰੀ ਨੇ ਮੁਹਾਲੀ ਅਤੇ ਡੇਰਾਬੱਸੀ ਬਲਾਕਾਂ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਬਲਾਕਾਂ ਵਿੱਚ ਪੇਂਡੂ ਲਾਇਬ੍ਰੇਰੀਆਂ ਦੀ ਉਸਾਰੀ ਅਤੇ ਮੁਕੰਮਲ ਕਰਨ ਦਾ ਕੰਮ ਫਰਵਰੀ ਦੇ ਅੱਧ ਤੱਕ ਮੁਕੰਮਲ ਕਰ ਲੈਣ ਤਾਂ ਜੋ ਫਰਵਰੀ ਦੇ ਅੰਤ ਤੱਕ ਇਨ੍ਹਾਂ ਨੂੰ ਚਾਲੂ ਕੀਤਾ ਜਾ ਸਕੇ। ਦੋਵਾਂ ਬਲਾਕਾਂ ਵਿੱਚ ਛੇ-ਛੇ ਲਾਇਬ੍ਰੇਰੀਆਂ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਅਧੀਨ ਮਕਾਨਾਂ ਦੀ ਉਸਾਰੀ ਵਿੱਚ ਤੇਜ਼ੀ ਲਿਆਉਣ ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਾਰੇ ਲਾਭਪਾਤਰੀਆਂ ਦੀ ਸਹੀ ਢੰਗ ਨਾਲ ਮੱਦਦ ਕੀਤੀ ਜਾਵੇ ਅਤੇ ਪਹਿਲੇ/ਦੂਜੇ ਪੜਾਅ ਨੂੰ ਪੂਰਾ ਕਰਕੇ ਬਾਕੀ ਦੀਆਂ ਕਿਸ਼ਤਾਂ ਪ੍ਰਾਪਤ ਕਰਨ ਲਈ ਮਾਰਗਦਰਸ਼ਨ ਕੀਤਾ ਜਾਵੇ।
ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ 26 ਆਂਗਣਵਾੜੀ ਕੇਂਦਰਾਂ ਦੀਆਂ ਇਮਾਰਤਾਂ ਅਤੇ 154 ਖੇਡ ਮੈਦਾਨਾਂ ਦੇ ਨਿਰਮਾਣ ਦੀ ਪ੍ਰਗਤੀ ਦਾ ਵੀ ਮੁਲਾਂਕਣ ਕੀਤਾ ਗਿਆ ਅਤੇ ਕੰਮ ਨੂੰ ਨਿਰਧਾਰਤ ਸਮੇਂ ਵਿੱਚ ਪੂਰਾ ਕਰਨ ਲਈ ਕਿਹਾ ਗਿਆ। ਬੀ ਡੀ ਪੀ ਓਜ਼ ਨੂੰ ਬਿਨਾਂ ਦੇਰੀ ਦੇ ਵੱਖ ਵੱਖ ਵਿੱਤ ਕਮਿਸ਼ਨਾਂ ਅਤੇ ਐਮ ਪੀ ਲੋਕਲ ਏਰੀਆ ਡਿਵੈਲਪਮੈਂਟ ਫੰਡਾਂ ਅਧੀਨ ਮੁਕੰਮਲ ਕੀਤੇ ਕੰਮਾਂ ਦੇ ਵਰਤੋਂ ਸਰਟੀਫਿਕੇਟ ਦੇਣ ਲਈ ਵੀ ਕਿਹਾ ਗਿਆ।
ਮੀਟਿੰਗ ਵਿੱਚ ਮੁਹਾਲੀ ਅਤੇ ਡੇਰਾਬੱਸੀ ਦੇ ਉਪ ਮੰਡਲ ਮੈਜਿਸਟਰੇਟ ਦਮਨਦੀਪ ਕੌਰ ਅਤੇ ਅਮਿਤ ਗੁਪਤਾ, ਜ਼ਿਲ੍ਹਾ ਪ੍ਰੀਸ਼ਦ ਦੇ ਡਿਪਟੀ ਸੀ ਈ ਓ ਰਣਜੀਤ ਸਿੰਘ, ਬੀ ਡੀ ਪੀ ਓ ਮੁਹਾਲੀ ਧਨਵੰਤ ਸਿੰਘ ਰੰਧਾਵਾ ਅਤੇ ਬੀ ਡੀ ਪੀ ਓ ਡੇਰਾਬੱਸੀ ਗੁਰਪ੍ਰੀਤ ਸਿੰਘ ਮਾਂਗਟ ਵੀ ਮੌਜੂਦ ਸਨ।
Mohali
ਜ਼ਿਲ੍ਹੇ ਦੇ 5 ਪ੍ਰਾਇਮਰੀ ਸਕੂਲ ਬਣਨਗੇ ਸਕੂਲ ਆਫ਼ ਹੈਪੀਨੈਸ
ਹਰ ਇੱਕ ਸਕੂਲ ਦੇ ਬੁਨਿਆਦੀ ਢਾਂਚੇਦੇ ਸੁਧਾਰ ਤੇ ਖਰਚ ਹੋਣਗੇ ਔਸਤਨ 40 ਲੱਖ ਰੁਪਏ
ਐਸ ਏ ਐਸ ਨਗਰ, 29 ਜਨਵਰੀ (ਸ.ਬ.) ਜ਼ਿਲ੍ਹੇ ਦੇ 5 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ਼ ਹੈਪੀਨੈਸ ਬਣਾਇਆ ਜਾਵੇਗਾ, ਜਿਸ ਤਹਿਤ ਹਰ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਕਰੀਬ 40 ਲੱਖ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ। ਐਸ ਡੀ ਐਮ ਦਮਨਦੀਪ ਕੌਰ ਵੱਲੋਂ ਜ਼ਿਲ੍ਹਾ ਸਿਖਿਆ ਵਿਕਾਸ ਕਮੇਟੀ ਨਾਲ ਕੀਤੀ ਗਈ ਮੀਟਿੰਗ ਵਿੱਚ ਜ਼ਿਲ੍ਹਾ ਸਿਖਿਆ ਅਫ਼ਸਰ (ਐਲੀਮੈਂਟਰੀ ਸਿਖਿਆ) ਪ੍ਰੇਮ ਕੁਮਾਰ ਮਿੱਤਲ ਨੇ ਦੱਸਿਆ ਕਿ ਇਨ੍ਹਾਂ ਸਕੂਲਾਂ ਵਿੱਚ ਭਗਵਾਸ, ਬੜ੍ਹ ਮਾਜਰਾ, ਪੜੌਲ, ਝੰਜੇੜੀ ਅਤੇ ਮਾਣਕ ਮਾਜਰਾ ਸ਼ਾਮਿਲ ਹਨ।
ਐਸ ਡੀ ਐਮ ਦਮਨਦੀਪ ਕੌਰ ਵੱਲੋਂ ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਦੌਰਾਨ ਸਮੱਗਰਾ ਸਿੱਖਿਆ ਅਭਿਆਨ ਅਤੇ ਮਿਡ-ਡੇ-ਮੀਲ ਸਕੀਮ ਅਧੀਨ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਸ੍ਰੀ ਪ੍ਰੇਮ ਮਿੱਤਲ ਵੱਲੋਂ ਉਪ ਮੰਡਲ ਮੈਜਿਸਟ੍ਰੇਟ ਨੂੰ ਦੱਸਿਆ ਗਿਆ ਕਿ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਉਚਾ ਚੁੱਕਣ ਲਈ ਸਮੱਗਰਾ ਸਿੱਖਿਆ ਅਭਿਆਨ ਅਧੀਨ ਸਿਵਲ ਵਰਕਸ ਤਹਿਤ ਵੱਖ ਵੱਖ ਗ੍ਰਾਂਟਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚ ਅਕੂਤਬਰ ਅਤੇ ਨਵੰਬਰ 2024 ਦੌੌਰਾਨ ਸਾਲ 2023-24 ਦੀ ਵਾਧੂ ਗ੍ਰਾਂਟ ਅਧੀਨ 67 ਕੰਮਾਂ ਲਈ 556.32 ਲੱਖ ਰੁਪਏ ਦੀ ਗ੍ਰਾਂਟ ਵਿੱਚੋੋਂ 467.26 ਲੱਖ ਰੁਪਏ ਦੀ ਗ੍ਰਾਂਟ ਖਰਚੀ ਜਾ ਚੁੱਕੀ ਹੈ, ਬਚਦੀ 89.06 ਲੱਖ ਰੁਪਏ ਦੀ ਗ੍ਰਾਂਟ ਮਿਤੀ 28 ਫਰਵਰੀ 2025 ਤੱਕ ਖਰਚ ਲਈ ਜਾਵੇਗੀ ਅਤੇ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।
ਉਹਨਾਂ ਦੱਸਿਆ ਕਿ ਨਬਾਰਡ ਸਕੀਮ ਤਹਿਤ ਨਬਾਰਡ 27-ਬੀ ਅਧੀਨ ਵਾਧੂ ਕਲਾਸ ਰੂਮਜ਼ ਅਤੇ ਇੰਟਰੈਕਟਿਵ ਪੈਨਲ ਲਈ 410.10 ਲੱਖ ਰੁਪਏ ਦੀ ਪ੍ਰਾਪਤ ਗ੍ਰਾਂਟ ਖਰਚ ਲਈ ਗਈ ਹੈ ਅਤੇ ਨਬਾਰਡ 29 ਅਧੀਨ ਵਾਧੂ ਕਲਾਸ ਰੂਮਜ਼ ਲਈ 116.47 ਲੱਖ ਰੁਪਏ ਦੀ ਪ੍ਰਾਪਤ ਗ੍ਰਾਂਟ ਵਿੱਖ 60.96 ਲੱਖ ਰੁਪਏ ਦੀ ਗ੍ਰਾਂਟ ਖਰਚ ਕੀਤੀ ਜਾ ਚੁੱਕੀ ਹੈ ਅਤੇ ਕੰਮ ਪ੍ਰਗਤੀ ਅਧੀਨ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ (ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ) ਵਿੱਚ 11 ਫ਼ਰਵਰੀ, ਦਿਨ ਮੰਗਲਵਾਰ ਨੂੰ ਮੈਗਾ ਐਸ.ਐਮ.ਸੀ. (ਸਕੂਲ ਮੈਨੇਜਮੈਂਟ ਕਮੇਟੀ) ਮੀਟਿੰਗ ਕਰਵਾਈ ਜਾਣੀ ਹੈ, ਜਿਸ ਦਾ ਵਿਸ਼ਾ ‘ਸਕੂਲ ਸਫ਼ਾਈ ਸਿੱਖਿਆ ਵਧਾਈ’ ਹੋਵੇਗਾ। ਮੀਟਿੰਗ ਵਿੱਚ ਡੇਰਾਬਸੀ ਦੇ ਉਪ ਮੰਡਲ ਮੈਜਿਸਟਰੇਟ ਅਮਿਤ ਗੁਪਤਾ ਵੀ ਮੌਜੂਦ ਸਨ।
Mohali
ਸਰਬੱਤ ਦਾ ਭਲਾ ਟਰਸਟ ਨੇ ਫੇਜ਼ 11 ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਮ੍ਰਿਤਕ ਸ਼ਰੀਰ ਰੱਖਣ ਵਾਲਾ ਫ੍ਰੀਜ਼ਰ ਸਪੁਰਦ ਕੀਤਾ
ਐਸ ਏ ਐਸ ਨਗਰ, 29 ਜਨਵਰੀ (ਸ.ਬ.) ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਸਮਾਜ ਭਲਾਈ ਦੇ ਕੰਮਾਂ ਦੀ ਲੜੀ ਦੇ ਤਹਿਤ ਗੁਰਦੁਆਰਾ ਸਿੰਘ ਸਭਾ ਫੇਜ਼ -11 ਦੀ ਪ੍ਰਬੰਧਕ ਕਮੇਟੀ ਨੂੰ ਮ੍ਰਿਤਕ ਸ਼ਰੀਰ ਰੱਖਣ ਵਾਲਾ ਫ੍ਰੀਜਰ ਤਿਆਰ ਕਰਵਾ ਕੇ ਸੌਂਪਿਆ ਗਿਆ ਹੈ। ਇਸ ਮੌਕੇ ਟਰਸਟ ਦੇ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਕਵਲਜੀਤ ਸਿੰਘ ਰੂਬੀ ਨੇ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਐਸ.ਪੀ.ਐਸ ਉਬਰਾਏ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਤਹਿਤ ਚੱਲ ਰਹੇ 42 ਹਜਾਰ ਦੇ ਕਰੀਬ ਦੀ ਲਾਗਤ ਵਾਲਾ ਡੈਡ ਬਾਡੀ ਫਰੀਜਰ (ਮੋਰਚਰੀ ਬਾਕਸ) ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਸਪੁਰਦ ਕੀਤਾ ਗਿਆ ਹੈ।
ਉਹਨਾਂ ਦੱਸਿਆਂ ਕਿ ਸੰਸਥਾ ਵਲੋਂ ਪਹਿਲਾਂ ਵੀ ਲੋੜਵੰਦਾਂ ਅਤੇ ਜਰੂਰਤਮੰਦਾਂ ਦੀ ਮਦਦ ਦੇ ਕਈ ਕੰਮ ਕੀਤੇ ਜਾ ਰਹੇ ਹਨ, ਜਿਨਾਂ ਤਹਿਤ ਖਾਸ ਕਰਕੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਮੁਫਤ ਕੰਪਿਊਟਰ ਸਿਖਲਾਈ ਕੇਂਦਰ ਅਤੇ ਮੁਫਤ ਸਿਲਾਈ ਸਿਖਲਾਈ ਕੇਂਦਰ ਖੋਲੇ ਗਏ ਹਨ। ਇਸ ਤੋਂ ਇਲਾਵਾ ਹਰ ਮਹੀਨੇ ਵਿਧਵਾ ਅਤੇ ਬੁਢਾਪਾ ਪੈਨਸ਼ਨ ਦੇ ਚੈਕ ਵੀ ਲੋੜਵੰਦਾਂ ਤੱਕ ਅੱਪੜਦੇ ਕੀਤੇ ਜਾਂਦੇ ਹਨ ਅਤੇ ਜ਼ਿਲ੍ਹੇ ਵਿੱਚ ਲਗਾਤਾਰ ਮੁਫਤ ਮੈਡੀਕਲ ਚੈੱਕਅਪ ਕੈਂਪ ਅਤੇ ਅੱਖਾਂ ਦੀ ਜਾਂਚ ਸਬੰਧੀ ਕੈਂਪ ਲਗਾਏ ਜਾਂਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ, ਸਰਬੱਤ ਦਾ ਭਲਾ ਚੈਰੀਟੇਬਲ ਟਰਸ ਦੇ ਮੈਂਬਰ ਪ੍ਰਤਾਪ ਸਿੰਘ, ਰਸਪਾਲ ਸਿੰਘ ਚਾਹਲ, ਮੱਖਣ ਸਿੰਘ, ਬਲਜੀਤ ਸਿੰਘ ਕੈਲੋਂ, ਜਤਿੰਦਰ ਸਿੰਘ ਗਿੱਲ, ਚੇਤਨ ਪੰਡਿਤ, ਸ਼ਰਨਜੀਤ ਸਿੰਘ, ਅਨਮੋਲ ਮੈਣੀ, ਗੁਰਿੰਦਰ ਸਿੰਘ, ਨਿਰਵੈਰ ਸਿੰਘ, ਅਵਤਾਰ ਸਿੰਘ ਵੀ ਹਾਜ਼ਰ ਸਨ।
-
National1 month ago
ਨੇਪਾਲ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
International1 month ago
ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ
-
National1 month ago
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ : ਰਾਹੁਲ ਗਾਂਧੀ
-
National1 month ago
ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ, ਚਿਹਰੇ ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ
-
Editorial2 months ago
ਵਹਿਮਾਂ ਭਰਮਾਂ ਦੀ ਥਾਂ ਆਮ ਲੋਕਾਂ ਨੂੰ ਤਰਕਸ਼ੀਲ ਸੋਚ ਨੂੰ ਅਪਨਾਉਣ ਦੀ ਲੋੜ
-
International2 months ago
ਰਨਵੇ ਦੀ ਬਜਾਏ ਸੜਕ ਤੇ ਉਤਰਿਆ ਜਹਾਜ਼, ਲੈਂਡਿੰਗ ਦੌਰਾਨ ਹੋਏ ਦੋ ਟੋਟੇ
-
International1 month ago
19 ਸਾਲ ਦੀ ਭਾਰੀ-ਅਮਰੀਕੀ ਕੈਟਲਿਨ ਨੇ ਜਿੱਤਿਆ ਮਿਸ ਇੰਡੀਆ ਯੂਐਸਏ 2024 ਦਾ ਤਾਜ
-
National1 month ago
ਸ਼੍ਰੀਨਗਰ ਵਿੱਚ 24 ਸਾਲਾਂ ਵਿੱਚ ਸਭ ਤੋਂ ਘੱਟ ਤਾਪਮਾਨ ਰਿਕਾਰਡ