National
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਸੰਸਦ ਵਿੱਚ ਆਪਣਾ ਲਗਾਤਾਰ ਅੱਠਵਾਂ ਬਜਟ ਪੇਸ਼

12 ਲੱਖ ਰੁਪਏ ਸਾਲਾਨਾ ਤੱਕ ਦੀ ਕਮਾਈ ਕਰਨ ਵਾਲਿਆਂ ਨੂੰ ਨਹੀਂ ਦੇਣਾ ਪਵੇਗਾ ਆਮਦਨ ਟੈਕਸ
ਨਵੀਂ ਦਿੱਲੀ, 1 ਫਰਵਰੀ (ਸ.ਬ.) ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਆਪਣਾ ਲਗਾਤਾਰ ਅੱਠਵਾਂ ਬਜਟ ਪੇਸ਼ ਕਰ ਦਿੱਤਾ ਹੈ। ਬਜਟ ਵਿੱਚ ਕੁੱਲ ਪੂੰਜੀ ਖਰਚ 1,92,387 ਕਰੋੜ ਹੋਣ ਦਾ ਅਨੁਮਾਨ ਹੈ। ਮਾਲੀਆ ਖਰਚ 4,88,822 ਕਰੋੜ ਰੁਪਏ ਅਨੁਮਾਨਿਤ ਕੀਤਾ ਗਿਆ ਹੈ, ਜਿਸ ਵਿੱਚ ਪੈਨਸ਼ਨਾਂ ਲਈ 1,60,795 ਕਰੋੜ ਰੁਪਏ ਸ਼ਾਮਲ ਹਨ।
ਸਰਕਾਰ ਨੇ 2025-26 ਲਈ ਰੱਖਿਆ ਬਜਟ ਲਈ 6,81,210 ਕਰੋੜ ਰੁਪਏ ਅਲਾਟ ਕੀਤੇ ਹਨ, ਜੋ ਕਿ ਪਿਛਲੇ ਸਾਲ ਦੇ 6,21,940 ਕਰੋੜ ਰੁਪਏ ਦੇ ਖਰਚ ਤੋਂ ਵੱਧ ਹੈ। ਪੂੰਜੀਗਤ ਖਰਚ ਦੇ ਤਹਿਤ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਦੇ ਇੰਜਣਾਂ ਲਈ 48,614 ਕਰੋੜ ਰੁਪਏ ਰੱਖੇ ਗਏ ਹਨ ਜਦੋਂ ਕਿ ਜਲ ਸੈਨਾ ਦੇ ਬੇੜੇ ਲਈ 24,390 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਹੋਰ ਉਪਕਰਣਾਂ ਲਈ 63,099 ਕਰੋੜ ਰੁਪਏ ਦੀ ਰਕਮ ਵੱਖ ਰੱਖੀ ਗਈ ਹੈ।
ਬਜਟ ਦੌਰਾਨ ਆਮਦਨ ਕਰ ਬਾਰੇ ਕਈ ਅਹਿਮ ਐਲਾਨ ਕੀਤੇ ਗਏ ਹਨ। ਹੁਣ 12 ਲੱਖ ਰੁਪਏ ਸਾਲਾਨਾ ਤੱਕ ਦੀ ਕਮਾਈ ਕਰਨ ਵਾਲਿਆਂ ਨੂੰ ਕੋਈ ਆਮਦਨ ਟੈਕਸ ਨਹੀਂ ਦੇਣਾ ਪਵੇਗਾ। ਹਾਲਾਂਕਿ, ਇਸ ਦਾ ਲਾਭ ਸਿਰਫ਼ ਉਨ੍ਹਾਂ ਟੈਕਸਦਾਤਿਆਂ ਨੂੰ ਮਿਲੇਗਾ ਜੋ ਨਵੀਂ ਇਨਕਮ ਟੈਕਸ ਪ੍ਰਣਾਲੀ ਦੇ ਤਹਿਤ ਇਨਕਮ ਟੈਕਸ ਰਿਟਰਨ ਫਾਈਲ ਕਰਦੇ ਹਨ। ਨਵੀਂ ਇਨਕਮ ਟੈਕਸ ਸਲੈਬ ਅਨੁਸਾਰ ਕਿਵੇਂ ਹੁਣ 12 ਲੱਖ ਰੁਪਏ ਦੀ ਕਮਾਈ ਤੇ ਕੋਈ ਟੈਕਸ ਨਹੀਂ। ਰੁਜ਼ਗਾਰ ਪ੍ਰਾਪਤ ਲੋਕਾਂ ਲਈ 75 ਹਜ਼ਾਰ ਰੁਪਏ ਦੀ ਮਿਆਰੀ ਕਟੌਤੀ ਦੇ ਨਾਲ ਟੈਕਸ ਸੀਮਾ 12.75 ਲੱਖ ਰੁਪਏ ਹੈ। ਪਹਿਲੀ ਸਲੈਬ ਅਨੁਸਰ 4 ਲੱਖ ਰੁਪਏ ਤੱਕ ਦੀ ਕਮਾਈ ਤੇ ਸਿਫਰ ਟੈਕਸ, 4 ਤੋਂ 8 ਲੱਖ ਤਕ 5 ਫੀਸਦੀ, 8 ਤੋਂ 12 ਲੱਖ ਰੁਪਏ ਤੱਕ 10 ਫੀਸਦੀ, 12 ਤੋਂ 16 ਲੱਖ ਰੁਪਏ ਤੱਕ 15 ਫੀਸਦੀ, 16 ਤੋਂ 20 ਲੱਖ ਰੁਪਏ ਤੱਕ 20 ਫੀਸਦੀ ਅਤੇ 24 ਲੱਖ ਰੁਪਏ ਤੋਂ ਉੱਪਰ 30 ਫੀਸਦੀ ਟੈਕਸ ਲੱਗੇਗਾ।
ਬਜਟ ਵਿੱਚ ਸੀਨੀਅਰ ਸਿਟੀਜ਼ਨਾਂ ਨੂੰ ਇਨਕਮ ਟੈਕਸ ਵਿੱਚ ਰਾਹਤ ਦਿੱਤੀ ਗਈ ਹੈ। ਸੀਨੀਅਰ ਸਿਟੀਜ਼ਨ ਲਈ ਟੈਕਸ ਕਟੌਤੀ 50 ਹਜ਼ਾਰ ਰੁਪਏ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਅਗਲੇ ਹਫ਼ਤੇ ਨਵਾਂ ਇਨਕਮ ਟੈਕਸ ਬਿੱਲ ਲਿਆਵੇਗੀ। ਇਸ ਵਿੱਚ ਟੈਕਸ ਪ੍ਰਣਾਲੀ ਵਿੱਚ ਬਦਲਾਅ ਅਤੇ ਹੋਰ ਨਵੀਆਂ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ।
ਇਸ ਮੌਕੇ ਵਿੱਤ ਮੰਤਰੀ ਨੇ ਬੀਮਾ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ (ਐਫਡੀਆਈ) ਨੂੰ 74 ਪ੍ਰਤੀਸ਼ਤ ਤੋਂ ਵਧਾ ਕੇ 100 ਪ੍ਰਤੀਸ਼ਤ ਕਰਨ ਦਾ ਐਲਾਨ ਕੀਤਾ। ਸੀਤਾਰਮਨ ਨੇ ਸਰਕਾਰ ਵੱਲੋਂ ਟੈਕਸਦਾਤਾਵਾਂ ਲਈ ਇੱਕ ‘ਚਾਰਟਰ’ ਲਿਆਉਣ, ਰਿਟਰਨ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਲਗਭਗ 99 ਫੀਸਦੀ ਆਮਦਨ ਟੈਕਸ ਰਿਟਰਨ ਸਵੈ-ਮੁਲਾਂਕਣ ਤੇ ਅਧਾਰਤ ਹੋਣ ਦਾ ਵੀ ਜ਼ਿਕਰ ਕੀਤਾ। ਸਰਕਾਰ ਅਗਲੇ ਹਫ਼ਤੇ ਸੰਸਦ ਵਿੱਚ ਇੱਕ ਨਵਾਂ ਆਮਦਨ ਕਰ ਬਿੱਲ ਪੇਸ਼ ਕਰੇਗੀ ਤਾਂ ਜੋ ‘ਪਹਿਲਾਂ ਵਿਸ਼ਵਾਸ ਕਰੋ, ਬਾਅਦ ਵਿੱਚ ਜਾਂਚ ਕਰੋ ਦੀ ਧਾਰਨਾ ਨੂੰ ਅੱਗੇ ਵਧਾਇਆ ਜਾ ਸਕੇ।
ਬਜਟ ਵਿੱਚ ਵਿੱਤ ਮੰਤਰੀ ਨੇ ‘ਪ੍ਰਧਾਨ ਮੰਤਰੀ ਧਨ ਧਾਨਿਆ ਕ੍ਰਿਸ਼ੀ ਯੋਜਨਾ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ, ਘੱਟ ਝਾੜ, ਆਧੁਨਿਕ ਫਸਲ ਤੀਬਰਤਾ ਅਤੇ ਔਸਤ ਤੋਂ ਘੱਟ ਕਰਜ਼ਾ ਮਾਪਦੰਡਾਂ ਵਾਲੇ 100 ਜ਼ਿਲ੍ਹੇ ਕਵਰ ਕੀਤੇ ਜਾਣਗੇ। ਇਸ ਯੋਜਨਾ ਦਾ ਲਾਭ 1.7 ਕਰੋੜ ਕਿਸਾਨਾਂ ਨੂੰ ਮਿਲੇਗਾ। ਉਹਨਾਂ ਕਿਹਾ ਕਿ ਸਰਕਾਰ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਤੇ ਕੇਂਦ੍ਰਿਤ ਪੇਂਡੂ ਖੁਸ਼ਹਾਲੀ ਅਤੇ ਲਚਕੀਲਾਪਣ ਪ੍ਰੋਗਰਾਮ ਸ਼ੁਰੂ ਕਰੇਗੀ। ਸਰਕਾਰ ਦਾਲਾਂ ਵਿੱਚ ਆਤਮਨਿਰਭਰਤਾ ਲਈ ਛੇ ਸਾਲਾ ਪ੍ਰੋਗਰਾਮ ਵੀ ਸ਼ੁਰੂ ਕਰੇਗੀ, ਜਿਸ ਵਿੱਚ ਅਰਹਰ, ਮਾਂਹ ਅਤੇ ਦਾਲ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸੀਤਾਰਮਨ ਨੇ ਕਿਹਾ ਕਿ ਸਬਜ਼ੀਆਂ ਅਤੇ ਫਲਾਂ ਦੇ ਉਤਪਾਦਨ ਨੂੰ ਵਧਾਉਣ ਅਤੇ ਲਾਹੇਵੰਦ ਕੀਮਤਾਂ ਪ੍ਰਦਾਨ ਕਰਨ ਲਈ ਇੱਕ ਵਿਆਪਕ ਪ੍ਰੋਗਰਾਮ ਵੀ ਸ਼ੁਰੂ ਕੀਤਾ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਲਈ ਵਿਆਜ ਸਬਸਿਡੀ ਯੋਜਨਾ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦਾ ਐਲਾਨ ਕੀਤਾ।
ਸੀਤਾਰਮਨ ਨੇ ਕਿਹਾ ਕਿ ਸਰਕਾਰ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐਮਐਸਐਮਈ) ਲਈ ਕ੍ਰੈਡਿਟ ਗਾਰੰਟੀ ਕਵਰ ਵਧਾਏਗੀ । ਇਸ ਤੋਂ ਇਲਾਵਾ, ਸਰਕਾਰ ਸੂਖਮ ਉੱਦਮਾਂ ਲਈ 5 ਲੱਖ ਰੁਪਏ ਦੀ ਸੀਮਾ ਵਾਲੇ ‘ਕਸਟਮਾਈਜ਼ਡ’ ਕ੍ਰੈਡਿਟ ਕਾਰਡ ਪੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਕਿਸਾਨ ਕ੍ਰੈਡਿਟ ਕਾਰਡ 7.7 ਕਰੋੜ ਕਿਸਾਨਾਂ, ਮਛੇਰਿਆਂ ਅਤੇ ਡੇਅਰੀ ਕਿਸਾਨਾਂ ਨੂੰ ਥੋੜ੍ਹੇ ਸਮੇਂ ਲਈ ਕਰਜ਼ਾ ਸਹੂਲਤ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਚੰਗੀ ਤਰ੍ਹਾਂ ਚਲਾਏ ਜਾ ਰਹੇ ਨਿਰਯਾਤ-ਮੁਖੀ ਐਮ ਐਸ ਐਮਈ ਨੂੰ 20 ਕਰੋੜ ਰੁਪਏ ਤੱਕ ਦੇ ਮਿਆਦੀ ਕਰਜ਼ੇ ਪ੍ਰਦਾਨ ਕੀਤੇ ਜਾਣਗੇ।
ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਸਰਕਾਰ ਅਗਲੇ ਤਿੰਨ ਸਾਲਾਂ ਵਿੱਚ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ‘ਡੇਅ ਕੇਅਰ’ ਕੈਂਸਰ ਸੈਂਟਰ ਸਥਾਪਤ ਕਰਨ ਦੀ ਸਹੂਲਤ ਦੇਵੇਗੀ। ਸਾਲ 2025-26 ਵਿੱਚ ਹੀ 200 ਕੇਂਦਰ ਸਥਾਪਿਤ ਕੀਤੇ ਜਾਣਗੇ। ਉਹਨਾਂ ਕਿਹਾ ਕਿ ਅਗਲੇ ਸਾਲ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ 10,000 ਵਾਧੂ ਸੀਟਾਂ ਜੋੜੀਆਂ ਜਾਣਗੀਆਂ। ਵਿੱਤ ਮੰਤਰੀ ਨੇ ਕਿਹਾ ਕਿ ਸਾਰੇ ਸਰਕਾਰੀ ਸੈਕੰਡਰੀ ਸਕੂਲਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਨੂੰ ਬ੍ਰਾਡਬੈਂਡ ਕਨੈਕਟੀਵਿਟੀ ਪ੍ਰਦਾਨ ਕੀਤੀ ਜਾਵੇਗੀ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਨੂੰ ਵਧੇ ਹੋਏ ਬਜਟ ਵੰਡ ਦੇ ਨਾਲ ਸਾਲ 2028 ਤੱਕ ਵਧਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜਲ ਜੀਵਨ ਮਿਸ਼ਨ ਦੇ ਤਹਿਤ, ਭਾਰਤ ਵਿੱਚ 15 ਕਰੋੜ ਘਰਾਂ ਨੂੰ ਟੂਟੀ ਦੇ ਪਾਣੀ ਦੇ ਕੁਨੈਕਸ਼ਨ ਪ੍ਰਦਾਨ ਕੀਤੇ ਗਏ ਹਨ।
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਅਗਲੇ 10 ਸਾਲਾਂ ਵਿੱਚ ਚਾਰ ਕਰੋੜ ਵਾਧੂ ਯਾਤਰੀਆਂ ਦੀ ਮਦਦ ਲਈ 120 ਥਾਵਾਂ ਨੂੰ ਜੋੜਨ ਲਈ ਇੱਕ ਸੋਧੀ ਹੋਈ ਦੇਸ਼ ਕਾ ਆਮ ਨਾਗਰਿਕ ‘ਉਡਾਣ’ ਯੋਜਨਾ ਸ਼ੁਰੂ ਕਰੇਗੀ। ਉਹਨਾਂ ਕਿਹਾ ਕਿ ਸਰਕਾਰ ਬਿਹਾਰ ਦੀਆਂ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰਾਜ ਵਿੱਚ ਨਵੇਂ ਹਵਾਈ ਅੱਡਿਆਂ ਦੀ ਸਹੂਲਤ ਵੀ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਪੱਛਮੀ ਕੋਸੀ ਨਹਿਰ ਲਈ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ, ਜਿਸ ਨਾਲ ਬਿਹਾਰ ਦੇ ਮਿਥਿਲਾ ਖੇਤਰ ਵਿੱਚ 50,000 ਹੈਕਟੇਅਰ ਜ਼ਮੀਨ ਨੂੰ ਲਾਭ ਹੋਵੇਗਾ।
ਸੀਤਾਰਮਨ ਨੇ ਤਕਨਾਲੋਜੀ ਖੋਜ ਲਈ ਅਗਲੇ ਪੰਜ ਸਾਲਾਂ ਵਿੱਚ ਭਾਰਤੀ ਤਕਨਾਲੋਜੀ ਸੰਸਥਾਵਾਂ (ਆਈ ਆਈ ਟੀ) ਅਤੇ ਆਈਆਈਐਸ ਵਿੱਚ 10,000 ਫੈਲੋਸ਼ਿਪਾਂ ਬਣਾਉਣ ਦਾ ਐਲਾਨ ਵੀ ਕੀਤਾ। ਉਹਨਾਂ ਐਲਾਨ ਕੀਤਾ ਕਿ ਸਰਕਾਰ ਪੰਜ ਭਾਰਤੀ ਤਕਨਾਲੋਜੀ ਸੰਸਥਾਵਾਂ ( ਆਈਆਈਟੀ ) ਵਿੱਚ ਵਾਧੂ ਬੁਨਿਆਦੀ ਢਾਂਚਾ ਬਣਾਏਗੀ ਅਤੇ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਸਥਿਤ ਆਈ ਆਈ ਟੀ ਦਾ ਵਿਸਥਾਰ ਕਰੇਗੀ। ਉਹਨਾਂ ਕਿਹਾ ਕਿ ਸਰਕਾਰ ਸਕੂਲਾਂ ਅਤੇ ਉੱਚ ਸਿੱਖਿਆ ਲਈ ਭਾਰਤੀ ਭਾਸ਼ਾਵਾਂ ਵਿੱਚ ਕਿਤਾਬਾਂ ਨੂੰ ਡਿਜੀਟਲ ਰੂਪ ਵਿੱਚ ਉਪਲਬਧ ਕਰਵਾਉਣ ਲਈ ‘ਭਾਰਤੀ ਭਾਸ਼ਾ ਪੁਸਤਕ’ ਯੋਜਨਾ ਸ਼ੁਰੂ ਕਰੇਗੀ।
ਵਿੱਤ ਮੰਤਰੀ ਨੇ ਬਜਟ ਵਿੱਚ 12 ਮਹੱਤਵਪੂਰਨ ਖਣਿਜਾਂ, ਲਿਥੀਅਮ-ਆਇਨ ਬੈਟਰੀ ਸਕ੍ਰੈਪ, ਕੋਬਾਲਟ ਉਤਪਾਦਾਂ, ਐਲ ਈ ਡੀ, ਜ਼ਿੰਕ ਅਤੇ ਕੈਂਸਰ ਅਤੇ ਦੁਰਲੱਭ ਬਿਮਾਰੀਆਂ ਲਈ 36 ਦਵਾਈਆਂ ਤੇ ਆਯਾਤ ਡਿਊਟੀ ਹਟਾਉਣ ਦਾ ਐਲਾਨ ਕੀਤਾ। ਉਹਨਾਂ ਇੱਕ ਤੋਂ ਵੱਧ ਸੈਸ ਜਾਂ ਸਰਚਾਰਜ ਨਾ ਲਗਾਉਣ ਦਾ ਪ੍ਰਸਤਾਵ ਵੀ ਦਿੱਤਾ। ਉਨ੍ਹਾਂ ਨੇ 82 ਟੈਰਿਫ਼ ਲਾਈਨਾਂ ਤੇ ਸਮਾਜ ਭਲਾਈ ਸਰਚਾਰਜ ਤੋਂ ਛੋਟ ਦੇਣ ਦਾ ਵੀ ਪ੍ਰਸਤਾਵ ਰੱਖਿਆ ਜੋ ਕਿ ਸੈਸ ਦੇ ਅਧੀਨ ਹਨ।
ਵਿੱਤ ਮੰਤਰੀ ਨੇ ਪੰਜ ਪ੍ਰਤੀਸ਼ਤ ਦੀ ਰਿਆਇਤੀ ਕਸਟਮ ਡਿਊਟੀ ਦੀ ਸੂਚੀ ਵਿੱਚ ਛੇ ਜੀਵਨ ਰੱਖਿਅਕ ਦਵਾਈਆਂ ਨੂੰ ਸ਼ਾਮਲ ਕਰਨ ਦਾ ਵੀ ਪ੍ਰਸਤਾਵ ਰੱਖਿਆ। ਇਨ੍ਹਾਂ ਦਵਾਈਆਂ ਦੇ ਨਿਰਮਾਣ ਲਈ ਕ੍ਰਮਵਾਰ ਥੋਕ ਦਵਾਈਆਂ ਲਈ ਪੂਰੀ ਛੋਟ ਅਤੇ ਰਿਆਇਤੀ ਡਿਊਟੀ ਵੀ ਲਾਗੂ ਹੋਵੇਗੀ।
National
ਕਰਨਾਟਕ ਦੇ ਹੰਪੀ ਨੇੜੇ ਇਜ਼ਰਾਈਲੀ ਸੈਲਾਨੀ ਸਮੇਤ ਦੋ ਔਰਤਾਂ ਨਾਲ ਜਬਰ ਜਨਾਹ

ਕੋਪੱਲ, 8 ਮਾਰਚ (ਸ.ਬ.) ਪੁਲੀਸ ਨੇ ਅੱਜ ਦੱਸਿਆ ਕਿ 27 ਸਾਲਾ ਇਜ਼ਰਾਈਲੀ ਸੈਲਾਨੀ ਸਮੇਤ ਦੋ ਔਰਤਾਂ ਨਾਲ ਹੰਪੀ ਨੇੜੇ ਸਨਾਪੁਰ ਝੀਲ ਦੇ ਕੰਢੇ ਕਥਿਤ ਤੌਰ ਤੇ ਸਮੂਹਿਕ ਜਬਰ ਜਨਾਹ ਕੀਤਾ ਗਿਆ ਹੈ। ਇਹ ਘਟਨਾ ਵੀਰਵਾਰ ਰਾਤ 11 ਵਜੇ ਦੇ ਕਰੀਬ ਵਾਪਰੀ ਜਦੋਂ ਰਾਤ ਦੇ ਖਾਣੇ ਤੋਂ ਬਾਅਦ ਹੋਮਸਟੇਅ ਦੀ ਇੱਕ 29 ਸਾਲਾ ਮਹਿਲਾ ਸੰਚਾਲਕ ਇਜ਼ਰਾਈਲੀ ਸੈਲਾਨੀ ਅਤੇ ਤਿੰਨ ਹੋਰ ਪੁਰਸ਼ ਸੈਲਾਨੀਆਂ ਨਾਲ ਨਹਿਰ ਦੇ ਕੰਢੇ ਬੈਠੀ ਸੰਗੀਤ ਦਾ ਆਨੰਦ ਮਾਣ ਰਹੀ ਸੀ। ਪੁਲੀਸ ਨੇ ਦੱਸਿਆ ਕਿ ਪੁਰਸ਼ ਸੈਲਾਨੀਆਂ ਵਿੱਚੋਂ ਇਕ ਅਮਰੀਕਾ ਤੋਂ ਸੀ, ਜਦੋਂ ਕਿ ਬਾਕੀ ਉੜੀਸਾ ਅਤੇ ਮਹਾਰਾਸ਼ਟਰ ਤੋਂ ਸਨ।
ਪੁਲੀਸ ਕੋਲ ਦਰਜ ਸ਼ਿਕਾਇਤ ਵਿੱਚ ਹੋਮਸਟੇਅ ਸੰਚਾਲਕ ਨੇ ਦੋਸ਼ ਲਗਾਇਆ ਕਿ ਜਦੋਂ ਉਹ ਸਨਾਪੁਰ ਝੀਲ ਦੇ ਨੇੜੇ ਖੁਲ੍ਹੇ ਆਸਮਾਨ ਹੇਠ ਬੈਠੇ ਸਨ ਅਤੇ ਸੰਗੀਤ ਦਾ ਆਨੰਦ ਮਾਣ ਰਹੇ ਸਨ, ਤਾਂ ਇੱਕ ਮੋਟਰਸਾਈਕਲ ਤੇ ਤਿੰਨ ਆਦਮੀ ਉਨ੍ਹਾਂ ਕੋਲ ਆਏ ਅਤੇ ਪੁੱਛਿਆ ਪਟਰੋਲ ਪੰਪ ਬਾਰੇ ਪੁੱਛਿਆ। ਜਦੋਂ ਉਸਨੇ ਉਨ੍ਹਾਂ ਨੂੰ ਦੱਸਿਆ ਕਿ ਨਜ਼ਦੀਕ ਕੋਈ ਪੈਟਰੋਲ ਪੰਪ ਨਹੀਂ ਹੈ, ਤਾਂ ਮੁਲਜ਼ਮਾਂ ਨੇ 100 ਰੁਪਏ ਦੀ ਮੰਗ ਕੀਤੀ। ਪੈਸੇ ਦੇਣ ਤੋਂ ਇਨਕਾਰ ਕਰਨ ਤੇ ਮੁਲਜ਼ਮ, ਜੋ ਕੰਨੜ ਅਤੇ ਤੇਲਗੂ ਬੋਲਦੇ ਸਨ, ਨੇ ਉਨ੍ਹਾਂ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਕਥਿਤ ਤੌਰ ਤੇ ਹੋਮਸਟੇਅ ਦੀ ਸੰਚਾਲਕ ਅਤੇ ਇਜ਼ਰਾਈਲੀ ਸੈਲਾਨੀ ਨਾਲ ਜਬਰ ਜਨਾਹ ਕੀਤਾ ਅਤੇ ਤਿੰਨ ਪੁਰਸ਼ ਸੈਲਾਨੀਆਂ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ। ਉਨ੍ਹਾਂ ਅੱਗੇ ਦੱਸਿਆ ਕਿ ਪੁਰਸ਼ ਸੈਲਾਨੀਆਂ ਵਿੱਚੋਂ ਦੋ ਜ਼ਖਮੀ ਹਨ, ਜਦੋਂ ਕਿ ਉੜੀਸਾ ਵਾਸੀ ਡੁੱਬਣ ਕਾਰਨ ਮੌਤ ਹੋ ਗਈ। ਪੁਲੀਸ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ ਤੇ ਜਬਰੀ ਵਸੂਲੀ, ਡਕੈਤੀ ਨਾਲ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਔਰਤਾਂ ਹਸਪਤਾਲ ਵਿੱਚ ਇਲਾਜ ਅਧੀਨ ਹਨ ਅਤੇ ਸ਼ੱਕੀਆਂ ਦੀ ਪਛਾਣ ਕਰ ਲਈ ਹੈ। ਉਨ੍ਹਾਂ ਨੂੰ ਕਾਬੂ ਕਰਨ ਲਈ ਛੇ ਟੀਮਾਂ ਬਣਾਈਆਂ ਗਈਆਂ ਹਨ।
National
ਯੂ ਪੀ ਅਤੇ ਉੱਤਰਾਖੰਡ ਨੂੰ ਜੋੜਨ ਵਾਲੇ ਪੁਲ ਵਿੱਚ ਦਰਾਰ ਆਉਣ ਕਾਰਨ ਆਵਾਜਾਈ ਠੱਪ
ਪੀਲੀਭੀਤ, 8 ਮਾਰਚ (ਸ.ਬ.) ਪੀਲੀਭੀਤ ਵਿੱਚ ਯੂਪੀ ਅਤੇ ਉੱਤਰਾਖੰਡ ਨੂੰ ਜੋੜਨ ਵਾਲੀ ਲਿੰਕ ਸੜਕ ਤੇ ਸਥਿਤ ਪੁਲ ਵਿੱਚ ਦਰਾਰ ਆ ਗਈ ਹੈ। ਜਿਸ ਕਾਰਨ ਪੁਲ ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਬੀਤੀ ਰਾਤ ਕਰੀਬ 10 ਵਜੇ ਪੁਲ ਤੇ ਆਵਾਜਾਈ ਬੰਦ ਕਰ ਦਿੱਤੀ ਗਈ। ਇਸ ਬਾਰੇ ਜਾਣਕਾਰੀ ਨਾ ਹੋਣ ਕਾਰਨ ਅੱਜ ਸਵੇਰੇ ਕਈ ਵਾਹਨ ਚਾਲਕ ਪੁਲ ਦੇ ਨੇੜੇ ਪਹੁੰਚ ਗਏ। ਸੜਕ ਬੰਦ ਦੇਖ ਕੇ ਉਨ੍ਹਾਂ ਨੇ ਹੋਰ ਰਸਤਿਆਂ ਦਾ ਸਹਾਰਾ ਲਿਆ। ਆਵਾਜਾਈ ਬੰਦ ਹੋਣ ਕਾਰਨ ਪੀਲੀਭੀਤ ਟਾਈਗਰ ਰਿਜ਼ਰਵ ਆਉਣ ਵਾਲੇ ਸੈਲਾਨੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਬਦਲਵਾਂ ਰਸਤਾ ਸ਼ੁਰੂ ਕਰ ਦਿੱਤਾ ਗਿਆ ਹੈ।
ਬੀਤੀ ਦੇਰ ਸ਼ਾਮ ਸਥਾਨਕ ਨਾਗਰਿਕਾਂ ਨੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਤੁਰੰਤ ਐਸਡੀਐਮ ਕਾਲੀਨਗਰ ਸਮੇਤ ਪ੍ਰਸ਼ਾਸਨ ਦੀ ਟੀਮ ਪੁਲ ਤੇ ਪੁੱਜ ਗਈ। ਪੁਲ ਦੇ ਵਿਚਕਾਰ ਲੱਗਭੱਗ ਤਿੰਨ ਮੀਟਰ ਲੰਬੀ ਦਰਾਰ ਕਾਰਨ ਸੁਰੱਖਿਆ ਕਾਰਨਾਂ ਕਰਕੇ ਪੁਲ ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ। ਇਸ ਕਾਰਨ ਪੀਲੀਭੀਤ ਦੇ ਮਾਧੋਟਾਂਡਾ ਤੋਂ ਉੱਤਰਾਖੰਡ ਦੇ ਖਟੀਮਾ ਤੱਕ ਜਾਣ ਵਾਲੀ ਸੜਕ ਪੂਰੀ ਤਰ੍ਹਾਂ ਬੰਦ ਹੋ ਗਈ ਹੈ।
ਸੜਕ ਦੇ ਬੰਦ ਹੋਣ ਕਾਰਨ ਪੀਲੀਭੀਤ ਟਾਈਗਰ ਰਿਜ਼ਰਵ ਜਾਣ ਵਾਲੇ ਸੈਲਾਨੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਬਦਲਵਾਂ ਰਸਤਾ ਸ਼ੁਰੂ ਕਰ ਦਿੱਤਾ ਗਿਆ ਹੈ।
ਐਸਡੀਐਮ ਕਾਲੀਨਗਰ ਦੇਵੇਂਦਰ ਕੁਮਾਰ ਨੇ ਦੱਸਿਆ ਕਿ ਪੁਲ ਟੁੱਟਣ ਦੀ ਸੂਚਨਾ ਲੋਕ ਨਿਰਮਾਣ ਵਿਭਾਗ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਦੋਵੇਂ ਵਿਭਾਗਾਂ ਦੇ ਅਧਿਕਾਰੀ ਮੌਕੇ ਦਾ ਮੁਆਇਨਾ ਕਰਨਗੇ ਅਤੇ ਦਰਾਰ ਨੂੰ ਭਰਨ ਲਈ ਲੋੜੀਂਦੇ ਕਦਮ ਚੁੱਕਣਗੇ, ਉਦੋਂ ਤੱਕ ਸੁਰੱਖਿਆ ਕਾਰਨਾਂ ਕਰਕੇ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ।
National
ਦਿੱਲੀ ਵਿੱਚ ਔਰਤਾਂ ਨੂੰ 2500 ਰੁਪਏ ਦੇਣ ਵਾਲੀ ਮਹਿਲਾ ਸਨਮਾਨ ਯੋਜਨਾ ਨੂੰ ਮਿਲੀ ਮਨਜ਼ੂਰੀ
ਨਵੀਂ ਦਿੱਲੀ, 8 ਮਾਰਚ (ਸ.ਬ.) ਦਿੱਲੀ ਦੀਆਂ ਔਰਤਾਂ ਦੇ ਸਨਮਾਨ ਲਈ ਦਿੱਲੀ ਦੀ ਨਵੀਂ ਭਾਜਪਾ ਸਰਕਾਰ ਨੇ ਜਵਾਹਰਲਾਲ ਨਹਿਰੂ ਸਟੇਡਿਯਮ ਵਿੱਚ ਇਕ ਪ੍ਰੋਗਰਾਮ ਕਰਵਾਇਆ। ਇਸ ਮੌਕੇ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦੇਣ ਵਾਲੀ ਮਹਿਲਾ ਸਨਮਾਨ ਯੋਜਨਾ ਦਾ ਸ਼ੁਰੂਆਤ ਕੀਤੀ ਗਈ। ਔਰਤਾਂ ਦੇ ਹਿੱਤ ਵਿਚ ਹੋਰ ਐਲਾਨ ਵੀ ਕੀਤੇ ਗਏ।
ਭਾਜਪਾ ਦੇ ਕੌਮੀ ਪ੍ਰਧਾਨ ਤੇ ਕੇਂਦਰੀ ਮੰਤਰੀ ਜੇਪੀ ਨੱਡਾ ਨੇ ਅੱਜ ਜੇਐਲਐਨ ਸਟੇਡੀਅਮ ਵਿੱਚ ਦਿੱਲੀ ਦੀਆਂ ਔਰਤਾਂ ਨੂੰ ਦਿੱਤੇ ਜਾਣ ਵਾਲੇ 2500 ਰੁਪਏ ਦੀ ਪਹਿਲੀ ਕਿਸ਼ਤ ਦਾ ਆਗਾਜ਼ ਕੀਤਾ। ਹਾਲਾਂਕਿ, ਦਿੱਲੀ ਸਰਕਾਰ ਦੀ ਦੂਜੀ ਕੈਬਨਿਟ ਮੀਟਿੰਗ ਵਿੱਚ ਔਰਤਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਦੇਣ ਵਾਲੀ ਮਹਿਲਾ ਸਨਮਾਨ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਉਥੇ ਮੌਜੂਦ ਭੀੜ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਵਿੱਚ ਔਰਤਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਦਿੱਲੀ ਦੀਆਂ ਔਰਤਾਂ ਦੇ ਬਿਨਾ ਭਾਜਪਾ ਦੀ ਜਿੱਤ ਸੰਭਵ ਨਹੀਂ ਸੀ। ਜਦ ਤਕ ਔਰਤਾਂ ਦੇ ਮਨ ਵਿਚ ਆਤਮਵਿਸ਼ਵਾਸ ਨਹੀਂ ਪੈਦਾ ਹੁੰਦਾ, ਤਦ ਤਕ ਵਿਕਸਿਤ ਭਾਰਤ ਸੰਭਵ ਨਹੀਂ ਹੈ।
ਨੱਡਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ 33 ਪ੍ਰਤੀਸ਼ਤ ਔਰਤਾਂ ਲੋਕ ਸਭਾ ਦੀਆਂ ਮੈਂਬਰ ਬਣਨਗੀਆਂ। ਜਿਸ ਦੇਸ਼ ਵਿਚ ਨਾਰੀ ਦਾ ਸਤਿਕਾਰ ਨਹੀਂ ਹੁੰਦਾ, ਉਹ ਕਦੇ ਵੀ ਅੱਗੇ ਨਹੀਂ ਵਧਦਾ। ਇਸੇ ਦੌਰਾਨ ਸਟੇਡੀਅਮ ਵਿੱਚ ਔਰਤਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਅੱਜ ਜਦੋਂ ਮੈਂ ਇਸ ਪ੍ਰੋਗਰਾਮ ਵਿੱਚ ਆਈ ਤਾਂ ਬਹੁਤ ਭਾਵੁਕ ਹੋ ਗਈ। ਅੱਜ ਮਹਿਲਾ ਦਿਵਸ ਤੇ ਇਹ ਸਭ ਤੋਂ ਵੱਡਾ ਸਨਮਾਨ ਹੈ। ਇੱਕ ਮਹਿਲਾ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਇਆ ਗਿਆ।
ਸੀਐਮ ਨੇ ਕਿਹਾ ਕਿ ਮੈਂ ਸਿੱਖਿਆ, ਸੁਰੱਖਿਆ ਤੇ ਖੁਸ਼ਹਾਲੀ ਲਈ ਹਰ ਸੰਭਵ ਕੋਸ਼ਿਸ਼ ਕਰਾਂਗੀ। ਮੇਰੀਆਂ ਭੈਣਾਂ ਦੀ ਸੁਰੱਖਿਆ ਮੇਰੀ ਜ਼ਿੰਮੇਵਾਰੀ ਹੈ। ਦਿੱਲੀ ਦੇ ਵਿਕਾਸ ਲਈ ਸਿਹਤ ਅਤੇ ਹੋਰ ਕੰਮਾਂ ਦਾ ਰੋਡਮੈਪ ਤਿਆਰ ਕੀਤਾ ਗਿਆ ਹੈ।
ਸੀਐਮ ਗੁਪਤਾ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਤੇ ਮਹਿਲਾ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇਗੀ। ਇਸਦੇ ਨਾਲ ਹੀ, ਵਨ-ਸਟਾਪ ਸੈਂਟਰ ਤੇ ਪਿੰਕ ਟਾਇਲਟ ਦਾ ਨਿਰਮਾਣ ਕੀਤਾ ਜਾਵੇਗਾ। ਦਿੱਲੀ ਦੀਆਂ ਭੈਣਾਂ ਨਾਲ ਕੀਤੇ ਸਾਰੇ ਵਾਅਦੇ ਅਸੀਂ ਪੂਰੇ ਕਰਾਂਗੇ।
-
International2 months ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
International1 month ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International1 month ago
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
-
International1 month ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
National2 months ago
ਕੇਜਰੀਵਾਲ ਵੱਲੋਂ ਮੱਧ ਵਰਗ ਲਈ 7 ਨੁਕਤਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ
-
Mohali2 months ago
ਯੂਥ ਆਫ ਪੰਜਾਬ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣ ਦਾ ਐਲਾਨ
-
International1 month ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ
-
International1 month ago
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ