Mohali
ਦਸਮੇਸ਼ ਨਹਿਰ ਲਈ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਐਕਵਾਇਰ ਨਾ ਕੀਤੀ ਜਾਵੇ ਜ਼ਮੀਨ : ਹਰਕੇਸ਼ ਚੰਦ ਸ਼ਰਮਾ

ਐਸ ਏ ਐਸ ਨਗਰ, 3 ਫਰਵਰੀ (ਸ.ਬ.) ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪ੍ਰਸਤਾਵਿਤ ਦਸਮੇਸ਼ ਨਹਿਰ ਲਈ ਜ਼ਮੀਨ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਐਕਵਾਇਰ ਨਾ ਕੀਤੀ ਜਾਵੇ। ਪਿੰਡ ਚੂਹੜ ਮਾਜਰਾ ਵਿਖੇ ਨਹਿਰ ਦੇ ਵਿਰੋਧ ਵਿਚ ਇਕੱਤਰ ਹੋਏ ਲੋਕਾਂ ਸਮੇਤ ਗੱਲਬਾਤ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਖਰੜ, ਮੁਹਾਲੀ ਤੇ ਬਨੂੜ ਖੇਤਰ ਦੇ ਜ਼ਿਆਦਾਤਰ ਕਿਸਾਨ ਪੰਜਾਬ ਸਰਕਾਰ ਦੀ ਦਸਮੇਸ਼ ਨਹਿਰ ਦੀ ਉਸਾਰੀ ਦੀ ਤਜਵੀਜ਼ ਦੇ ਹੱਕ ਵਿਚ ਨਹੀਂ ਹਨ ਕਿਉਂਕਿ ਸਰਕਾਰ ਨੇ ਇਨ੍ਹਾਂ ਖੇਤਰਾਂ ਦੀਆਂ ਜ਼ਮੀਨਾਂ ਪਹਿਲਾਂ ਹੀ ਰੇਲਵੇ ਲਾਈਨ ਅਤੇ ਭਾਰਤ ਮਾਲਾ ਸੜਕ ਪ੍ਰਾਜੈਕਟ ਵਾਸਤੇ ਬਹੁਤ ਹੀ ਘੱਟ ਰੇਟਾਂ ਤੇ ਐਕਵਾਇਰ ਕੀਤੀਆਂ ਗਈਆਂ ਹਨ ਅਤੇ ਇਥੋਂ ਦੀਆਂ ਬਾਕੀ ਖੇਤੀਯੋਗ ਜ਼ਮੀਨਾਂ ਦਾ ਜ਼ਿਆਦਾਤਰ ਹਿੱਸਾ ਵੀ ਰਿਹਾਇਸ਼ੀ ਅਤੇ ਉਦਯੋਗਿਕ ਖੇਤਰ ਦੇ ਵਿਕਾਸ ਲਈ ਗਮਾਡਾ ਅਤੇ ਹੋਰ ਨਿੱਜੀ ਕੰਪਨੀਆਂ ਦੁਆਰਾ ਖਰੀਦਿਆ ਜਾ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਭਾਰਤ ਮਾਲਾ ਸੜਕ ਪ੍ਰਾਜੈਕਟ ਅੰਦਰ ਵੀ ਕਈ ਉਣਤਾਈਆਂ ਛੱਡੇ ਜਾਣ ਕਾਰਨ ਇਸ ਖੇਤਰ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਰਪੇਸ਼ ਆ ਰਹੀਆਂ ਹਨ ਜਿਨ੍ਹਾਂ ਦਾ ਸਬੰਧਤ ਵਿਭਾਗ ਵਲੋਂ ਕੋਈ ਹੱਲ ਵੀ ਨਹੀਂ ਕੀਤਾ ਜਾ ਰਿਹਾ। ਹੁਣ ਇਨ੍ਹਾਂ ਖੇਤਰਾਂ ਵਿਚ ਬਹੁਤ ਹੀ ਘੱਟ ਖੇਤੀਯੋਗ ਜ਼ਮੀਨ ਹੀ ਬਾਕੀ ਬਚੀ ਹੋਈ ਹੈ ਅਤੇ ਇਥੋਂ ਦੇ ਕਿਸਾਨ ਹੁਣ ਦੁਬਾਰਾ ਫੇਰ ਆਪਣੀ ਜ਼ਮੀਨ ਸਰਕਾਰ ਨੂੰ ਕੌਡੀਆਂ ਦੇ ਭਾਅ ਨਹੀਂ ਦੇਣਾ ਚਾਹੁੰਦੇ। ਉਹਨਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਅੰਦਰ ਬੁਲਟ ਟਰੇਨ ਦਾ ਪ੍ਰਾਜੈਕਟ ਵੀ ਤਜਵੀਜਤ ਹੈ ਜਿਸ ਨਾਲ ਪਿੰਡਾਂ ਦੀਆਂ ਜ਼ਮੀਨਾਂ ਹੋਰ ਜ਼ਿਆਦਾ ਘੱਟ ਰਹਿ ਜਾਣਗੀਆਂ।
ਉਹਨਾਂ ਕਿਹਾ ਕਿ ਪਿੰਡਾਂ ਵਿੱਚ ਨਹਿਰ ਦੀ ਉਸਾਰੀ ਦੇ ਵਿਰੋਧ ਵਿਚ ਕਿਸਾਨ ਰੋਜਾਨਾ ਵੱਡੀ ਗਿਣਤੀ ਵਿੱਚ ਇਕੱਤਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਥੇ ਖੇਤੀ ਯੋਗ ਜ਼ਮੀਨ ਹੀ ਘੱਟ ਹੋ ਚੁੱਕੀ ਹੈ ਤਾਂ ਕਿਸਾਨਾਂ ਨੂੰ ਨਹਿਰ ਦੀ ਵੀ ਕੋਈ ਬਹੁਤੀ ਲੋੜ ਬਾਕੀ ਨਹੀਂ ਰਹਿ ਜਾਂਦੀ। ਉਨ੍ਹਾਂ ਕਿਹਾ ਕਿ ਜੇਕਰ ਫੇਰ ਵੀ ਪੰਜਾਬ ਸਰਕਾਰ ਇਸ ਤਜਵੀਜ਼ਤ ਨਹਿਰ ਦੀ ਉਸਾਰੀ ਕਰਨਾ ਹੀ ਚਾਹੁੰਦੀ ਹੈ ਤਾਂ ਕਿਸਾਨਾਂ ਨੂੰ ਸਭ ਤੋਂ ਪਹਿਲਾਂ ਭਰੋਸੇ ਵਿਚ ਲੈ ਕੇ ਹੀ ਇਸ ਨਹਿਰ ਦਾ ਕੰਮ ਸ਼ੁਰੂ ਕਰੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਹਰਵਿੰਦਰ ਸਿੰਘ ਲਵਲੀ, ਬਹੁ ਮੰਤਵੀ ਖੇਤੀਬਾੜੀ ਸੁਸਾਇਟੀ ਦੇ ਸਾਬਕਾ ਪ੍ਰਧਾਨ ਅਮਰ ਸਿੰਘ ਚੂਹੜ ਮਾਜਰਾ, ਸਾਬਕਾ ਸਰਪੰਚ ਚਰਨ ਸਿੰਘ, ਕੁਲਵੀਰ ਸਿੰਘ ਬਿੱਟੂ, ਧਨਵੰਤ ਸਿੰਘ, ਤੇਜਿੰਦਰ ਸਿੰਘ ਸਿੱਧੂ, ਕਰਮਜੀਤ ਸਿੰਘ, ਮਨਿੰਦਰ ਸਿੰਘ, ਹਰਨੇਕ ਸਿੰਘ, ਅਵਤਾਰ ਸਿੰਘ, ਸੁਖਦੇਵ ਸਿੰਘ, ਅਮਰੀਕ ਸਿੰਘ, ਚਮਕੌਰ ਸਿੰਘ ਅਤੇ ਸਤਵਿੰਦਰ ਸਿੰਘ ਆਦਿ ਮੌਜੂਦ ਸਨ।
Mohali
ਪੰਜਾਬ ਸਰਕਾਰ ਦਾ ਬਜਟ ਖੋਖਲਾ, ਖਜ਼ਾਨਾ ਖਾਲੀ, ਸੜਕਾਂ ਦੀ ਹਾਲਤ ਮਾੜੀ: ਸੰਜੀਵ ਵਸ਼ਿਸ਼ਟ

ਤਿੰਨ ਸਾਲਾਂ ਵਿੱਚ ਪੰਜਾਬ ਦਾ ਕਰਜ਼ਾ 1 ਲੱਖ ਕਰੋੜ ਰੁਪਏ ਵਧਿਆ
ਐਸ ਏ ਐਸ ਨਗਰ, 26 ਮਾਰਚ (ਸ.ਬ.) ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਜਿਹੜਾ ਬਜਟ ਪੇਸ਼ ਕੀਤਾ ਗਿਆ ਹੈ, ਉਹ ਪੁਰੀ ਤਰ੍ਹਾਂ ਖੋਖਲਾ ਬਜਟ ਹੈ। ਉਹਨਾਂ ਕਿਹਾ ਕਿ ਅਸਲੀਅਤ ਵਿੱਚ ਖਜ਼ਾਨਾ ਖਾਲੀ ਹੈ। ਉਹਨਾਂ ਕਿਹਾ ਕਿ ਸਰਕਾਰ ਵਿਦੇਸ਼ਾਂ ਦੀ ਤਰਜ਼ ਤੇ ਸੜਕਾਂ ਬਣਾਉਣ ਦੀ ਗੱਲ ਕਰ ਰਹੀ ਹੈ, ਜਦੋਂ ਕਿ ਸੜਕਾਂ ਦੀ ਹਾਲਤ ਖ਼ਰਾਬ ਹੈ।
ਸੰਜੀਵ ਵਸ਼ਿਸ਼ਠ ਨੇ ਕਿਹਾ ਕਿ ਮਾਨ ਸਰਕਾਰ ਨੇ ਟੈਕਨਾਲੋਜੀ ਐਕਸਟੈਂਸ਼ਨ ਸੈਂਟਰ ਬਣਾਉਣ ਦਾ ਐਲਾਨ ਕੀਤਾ ਹੈ ਜਦੋਂ ਕਿ ਇਹ ਯੋਜਨਾ ਕੇਂਦਰ ਸਰਕਾਰ ਦੀ ਹੈ। ਕੇਂਦਰ ਸਰਕਾਰ ਦੀ ਯੋਜਨਾ ਦੇ ਤਹਿਤ, ਰਾਜ ਸਰਕਾਰਾਂ ਤੋਂ ਜ਼ਮੀਨ ਲੀਜ਼ ਤੇ ਲਈ ਜਾਵੇਗੀ ਅਤੇ ਪੈਸਾ ਕੇਂਦਰ ਸਰਕਾਰ ਵਲੋਂ ਨਿਵੇਸ਼ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਕਿਸੇ ਵੀ ਯੋਜਨਾ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕਰ ਪਾ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਕੇਂਦਰ ਦੀਆਂ ਯੋਜਨਾਵਾਂ ਨੂੰ ਆਪਣੀਆਂ ਦੱਸ ਕੇ ਝੂਠੀ ਤਾਰੀਫ ਬਟੋਰ ਰਹੀ ਹੈ।
ਉਹਨਾਂ ਕਿਹਾ ਕਿ ਸੜਕਾਂ ਦੀ ਮੁਰੰਮਤ ਨਾ ਹੋਣ ਕਾਰਨ ਕਈ ਥਾਵਾਂ ਤੇ ਟੋਇਆਂ ਕਾਰਨ ਹਾਦਸੇ ਵਾਪਰ ਰਹੇ ਹਨ। ਸਰਕਾਰ ਕੋਲ ਫੰਡਾਂ ਦੀ ਘਾਟ ਹੈ, ਫਿਰ ਵੀ ਵੱਡੇ ਵਾਅਦੇ ਕੀਤੇ ਜਾ ਰਹੇ ਹਨ। ਪੰਜਾਬ ਦਾ ਕਰਜ਼ਾ ਲਗਾਤਾਰ ਵਧ ਰਿਹਾ ਹੈ। ਪਿਛਲੇ ਤਿੰਨ ਸਾਲਾਂ ਵਿੱਚ ਇਸ ਵਿੱਚ 1 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਸਰਕਾਰ ਕੋਲ ਮਾਲੀਆ ਵਧਾਉਣ ਦੀ ਕੋਈ ਠੋਸ ਯੋਜਨਾ ਨਹੀਂ ਹੈ। ਉਦਯੋਗਾਂ ਦੀ ਹਾਲਤ ਮਾੜੀ ਹੈ। ਬੇਰੁਜ਼ਗਾਰੀ ਵਧ ਰਹੀ ਹੈ। ਸਰਕਾਰ ਨੇ ਕਈ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ, ਪਰ ਇਨ੍ਹਾਂ ਨੂੰ ਫੰਡ ਦੇਣ ਲਈ ਕੋਈ ਸਪੱਸ਼ਟ ਰੋਡਮੈਪ ਨਹੀਂ ਦਿੱਤਾ।
ਉਹਨਾਂ ਕਿਹਾ ਕਿ ਮਾਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਨੇ ਮੁਫ਼ਤ ਸਕੀਮਾਂ ਚਲਾ ਕੇ ਸੂਬੇ ਦੀ ਹਾਲਤ ਹੋਰ ਵੀ ਬਦਤਰ ਕਰ ਦਿੱਤੀ ਹੈ ਅਤੇ ਪੰਜਾਬ ਨੂੰ ਕਰਜ਼ੇ ਵਿੱਚ ਡੁੱਬਾ ਦਿੱਤਾ ਹੈ। ਉਹਨਾਂ ਕਿਹਾ ਕਿ ਕਈ ਵਿਭਾਗ ਘਾਟੇ ਵਿੱਚ ਚੱਲ ਰਹੇ ਹਨ ਅਤੇ ਸਰਕਾਰ ਕੋਲ ਇਹਨਾਂ ਨੂੰ ਘਾਟੇ ਵਿੱਚੋਂ ਕੱਢਣ ਦੀ ਕੋਈ ਯੋਜਨਾ ਨਹੀਂ ਹੈ।
Mohali
ਦਿਸ਼ਾ ਹੀਣ ਬਜਟ, ਪੰਜਾਬ ਸਰਕਾਰ ਨੇ ਪੂਰਾ ਨਹੀਂ ਕੀਤਾ ਕੋਈ ਵਾਅਦਾ : ਕੁਲਜੀਤ ਸਿੰਘ ਬੇਦੀ

ਮੁਹਾਲੀ ਦੀਆਂ ਜ਼ਮੀਨਾਂ ਤੋਂ ਅਰਬਾਂ ਰੁਪਏ ਕਮਾਉਣ ਵਾਲੀ ਸਰਕਾਰ ਨੇ ਮੁਹਾਲੀ ਨੂੰ ਨਹੀਂ ਦਿੱਤਾ ਕੋਈ ਨਵਾਂ ਪ੍ਰੋਜੈਕਟ : ਡਿਪਟੀ ਮੇਅਰ
ਐਸ ਏ ਐਸ ਨਗਰ, 26 ਮਾਰਚ (ਸ.ਬ.) ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਅੱਜ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਬਜਟ ਪੂਰੀ ਤਰ੍ਹਾਂ ਦਿਸ਼ਾਹੀਣ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਕਈ ਤਰ੍ਹਾਂ ਦੇ ਵਾਅਦਿਆਂ ਨਾਲ ਭਰਮਾ ਕੇ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਭਰੋਸੇ ਨੂੰ ਤੋੜਿਆ ਹੈ ਅਤੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਲਟਾ ਇਹ ਸਰਕਾਰ ਪੰਜਾਬ ਦੇ ਕਿਸਾਨ ਅਤੇ ਫੌਜੀ ਜਵਾਨਾਂ ਦੀ ਵੀ ਦੁਸ਼ਮਣ ਬਣ ਕੇ ਸਾਹਮਣੇ ਆਈ ਹੈ।
ਉਹਨਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਮੁਹਾਲੀ ਵਿੱਚ ਅਰਬਾਂ ਰੁਪਏ ਦੀ ਜ਼ਮੀਨ ਵੇਚ ਕੇ ਆਪਣੇ ਖਜ਼ਾਨੇ ਭਰਨ ਵਾਲੀ ਸਰਕਾਰ ਵਲੋਂ ਮੁਹਾਲੀ ਵਿੱਚ ਕਿਸੇ ਨਵੇਂ ਪ੍ਰੋਜੈਕਟ ਦੀ ਇਕ ਕਾਣੀ ਕੌਡੀ ਵੀ ਨਹੀਂ ਖਰਚ ਕੀਤੀ। ਉਹਨਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਲਿਆਂਦੇ ਪ੍ਰੋਜੈਕਟਾਂ ਨੂੰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਲਟਾ ਠੰਡੇ ਵਸਤੇ ਵਿੱਚ ਹੀ ਪਾਇਆ ਅਤੇ ਹੋਰ ਤਾਂ ਹੋਰ ਮੁਹਾਲੀ ਨਗਰ ਨਿਗਮ ਵੱਲੋਂ ਕੀਤੇ ਗਏ ਹੱਦਬੰਦੀ ਦੇ ਵਾਧੇ ਨੂੰ ਵੀ ਇਹ ਸਰਕਾਰ ਨੇ ਹਾਲੇ ਤੱਕ ਪਾਸ ਨਹੀਂ ਕੀਤਾ ਜਿਸ ਰਾਹੀਂ ਪਿੰਡਾਂ ਦੇ ਲੋਕਾਂ ਨੂੰ ਵੀ ਸ਼ਹਿਰ ਵਰਗੀਆਂ ਸਹੂਲਤਾਂ ਹਾਸਲ ਹੋ ਸਕਦੀਆਂ ਸਨ।
Mohali
ਮੁਹਾਲੀ ਪੁਲੀਸ ਵਲੋਂ ਅਪਰਾਧਿਕ ਪਿਛੋਕੜ ਵਾਲੇ ਇਕ ਮੁਲਜਮ ਸਮੇਤ 2 ਵਿਅਕਤੀ ਕਾਬੂ

ਪੁਲੀਸ ਮੁਠਭੇੜ ਵਿੱਚ ਮੁਖ ਮੁਲਜਮ ਜਖਮੀ, ਅਫੀਮ, ਨਸ਼ੀਲੀਆਂ ਗੋਲੀਆਂ ਅਤੇ ਨਜਾਇਜ ਅਸਲਾ ਬਰਾਮਦ
ਐਸ ਏ ਐਸ ਨਗਰ, 26 ਮਾਰਚ (ਪਰਵਿੰਦਰ ਕੌਰ ਜੱਸੀ) ਮੁਹਾਲੀ ਪੁਲੀਸ ਨੇ ਅਫੀਮ, ਨਜਾਇਜ ਅਸਲਾ ਅਤੇ ਡਰੱਗ ਮਨੀ ਸਮੇਤ 2 ਮੁਲਜਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਸ਼ੇਰੇ ਜਿਲਾ ਸੰਗਰੂਰ ਹਾਲ ਵਾਸੀ ਜ਼ੀਰਕਪੁਰ ਅਤੇ ਲਵੀਸ਼ ਗਰੋਵਰ ਉਰਫ ਲਵੀ ਵਾਸੀ ਲੁਧਿਆਣਾ ਹਾਲ ਵਾਸੀ ਜ਼ੀਰਕਪੁਰ ਵਜੋਂ ਹੋਈ ਹੈ।
ਐਸ. ਐਸ. ਪੀ. ਮੁਹਾਲੀ ਸ੍ਰੀ ਦੀਪਕ ਪਾਰੀਕ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਐਸ. ਪੀ. ਦਿਹਾਤੀ ਮਨਪ੍ਰੀਤ ਸਿੰਘ ਦੀ ਨਿਗਰਾਨੀ ਵਿੱਚ ਜ਼ੀਰਕਪੁਰ ਦੀ ਪੁਲੀਸ ਚੈਕਿੰਗ ਕਰਦੀ ਹੋਈ ਸ਼ਿਵਾ ਇਨਕਲੇਵ ਪਹੁੰਚੀ ਤਾਂ ਇਕ ਫਲੈਟ ਵਿੱਚ ਮੌਜੂਦ ਲਵੀਸ਼ ਗਰੋਵਰ ਨਾਂ ਦੇ ਵਿਅਕਤੀ ਨੇ ਦਰਵਾਜਾ ਖੋਲਿਆ ਅਤੇ ਪੁਲੀਸ ਨੂੰ ਦੇਖਦੇ ਸਾਰ ਹੀ ਉਸ ਨੇ ਪੁਲੀਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਲਵਿਸ਼ ਨੇ 3 ਫਾਇਰ ਕੀਤੇ ਪ੍ਰੰਤੂ ਥਾਣਾ ਜ਼ੀਰਕਪੁਰ ਦੇ ਮੁਖੀ ਜਸਕੰਵਲ ਸਿੰਘ ਸੇਖੋਂ ਨੇ ਆਪਣਾ ਅਤੇ ਪੁਲੀਸ ਪਾਰਟੀ ਦਾ ਬਚਾਅ ਕਰਦਿਆਂ ਜਵਾਬੀ ਫਾਇਰ ਕੀਤਾ, ਜੋ ਕਿ ਲਵਿਸ਼ ਗਰੋਵਰ ਦੀ ਖੱਬੀ ਲੱਤ ਵਿਚ ਵੱਜਾ, ਜਿਸ ਕਾਰਨ ਉਹ ਜਖਮੀ ਹੋ ਗਿਆ।
ਐਸ. ਐਸ. ਪੀ ਦੀਪਕ ਪਾਰੀਕ ਮੁਤਾਬਕ ਉਕਤ ਫਲੈਟ ਵਿੱਚੋਂ ਨਜਾਇਜ ਹਥਿਆਰ, ਅਫੀਮ ਅਤੇ ਡਰੱਗ ਮਨੀ ਬਰਾਮਦ ਹੋਈ। ਉਨਾਂ ਅੱਗੇ ਦੱਸਿਆ ਕਿ ਲਵੀਸ਼ ਗਰੋਵਰ ਦੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਲਵੀਸ਼ ਨੇ ਇਕ ਪਿਸਟਲ ਅਤੇ ਅਫੀਮ ਆਪਣੇ ਸਾਥੀ ਗੁਰਪ੍ਰੀਤ ਸਿੰਘ ਨੂੰ ਦਿੱਤੀ ਹੋਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਲਵੀਸ਼ ਗਰੋਵਰ ਅਤੇ ਗੁਰਪ੍ਰੀਤ ਸਿੰਘ ਵਿਰੁਧ ਧਾਰਾ 109, ਬੀ. ਐਨ. ਐਸ. ਐਕਟ, ਅਸਲਾ ਐਕਟ ਅਤੇ ਐਨ. ਡੀ. ਪੀ. ਐਸ. ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕੀਤਾ। ਲਵੀਸ਼ ਗਰੋਵਰ ਇਸ ਸਮੇਂ ਸਿਵਲ ਹਸਪਤਾਲ ਡੇਰਾਬਸੀ ਵਿਖੇ ਜੇਰੇ ਇਲਾਜ ਹੈ।
ਐਸ. ਐਸ. ਪੀ. ਨੇ ਦੱਸਿਆ ਕਿ ਮੁਲਜਮ ਲਵੀਸ਼ ਗਰੋਵਰ ਕੋਲੋਂ ਇਕ ਪਿਸਟਲ 30 ਬੋਰ, ਇਕ ਮੈਗਜੀਨ ਅਤੇ 4 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਇਕ ਪਿਸਟਲ ਗਲੋਕ 9 ਐਮ ਐਮ, ਇਕ ਮੈਗਜੀਨ ਅਤੇ 2 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਮੁਲਜਮ ਕੋਲੋਂ 400 ਗ੍ਰਾਮ ਅਫੀਮ, 2 ਲੱਖ 50 ਹਜ਼ਾਰ ਰੁਪਏ ਨਕਦ, 12 ਬੋਰ ਡਬਲ ਬੈਰਲ ਗੰਨ ਸਮੇਤ 16 ਜਿੰਦਾ ਕਾਰਤੂਸ 12 ਬੋਰ ਦੇ ਬਰਾਮਦ ਹੋਏ ਹਨ। ਮੁਲਜਮ ਕੋਲੋਂ ਇਕ ਔਡੀ ਕਾਰ, ਇਕ ਮਰਸਡੀਜ ਅਤੇ ਇਕ ਪੀਓਗਿਊਟ ਕਾਰ ਵੀ ਬਰਾਮਦ ਹੋਈ ਹੈ। ਦੂਜੇ ਮੁਲਜਮ ਗੁਰਪ੍ਰੀਤ ਸਿੰਘ ਕੋਲੋਂ 800 ਗ੍ਰਾਮ ਅਫੀਮ ਅਤੇ ਇਕ ਪਿਸਟਲ 32 ਬੋਰ, 2 ਮੈਗਜੀਨ ਅਤੇ 12 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਐਸ. ਐਸ. ਪੀ. ਦੇ ਦੱਸਣ ਮੁਤਾਬਕ ਮੁਲਜਮ ਲਵੀਸ਼ ਗਰੋਵਰ ਅਤੇ ਗੁਰਪ੍ਰੀਤ ਸਿੰਘ ਕੋਲੋਂ 1 ਲੱਖ 24 ਹਜਾਰ 600 ਨਸ਼ੀਲੀਆਂ ਗੋਲੀਆਂ ਅਤੇ 1 ਲੱਖ 75 ਹਜ਼ਾਰ 560 ਨਸ਼ੀਲੇ ਟੀਕੇ ਵੀ ਬਰਾਮਦ ਕੀਤੇ ਗਏ ਹਨ।
ਮੁਲਜਮ ਲਵੀਸ਼ ਗਰੋਵਰ ਖਿਲਾਫ ਦਰਜ ਪੁਰਾਣੇ ਮੁੱਕਦਮਿਆਂ ਦਾ ਵੇਰਵਾ
ਐਸ. ਐਸ. ਪੀ ਦੀਪਕ ਪਾਰੀਕ ਦੇ ਦੱਸਣ ਮੁਤਾਬਕ ਮੁਲਜਮ ਲਵੀਸ਼ ਗਰੋਵਰ ਖਿਲਾਫ ਮਈ 2016 ਵਿੱਚ ਥਾਣਾ ਬਹਿਰਾਮ ਵਿਖੇ ਕਤਲ ਦੀ ਧਾਰਾ 302, 201,34 ਦੇ ਤਹਿਤ ਮਾਮਲਾ ਦਰਜ ਹੈ। ਸਾਲ ਅਗਸਤ 2016 ਵਿੱਚ ਥਾਣਾ ਸਿਟੀ ਖਰੜ ਵਿਖੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਹੈ। ਸਾਲ ਮਈ 2018 ਵਿੱਚ ਲੁਧਿਆਣਾ ਵਿਖੇ ਅਸਲਾ ਐਕਟ, ਜੁਲਾਂੀ 2023 ਵਿੱਚ ਥਾਣਾ ਫੇਜ਼ 1 ਮੁਹਾਲੀ ਵਿਖੇ ਅਸਲਾ ਐਕਟ, ਸਾਲ ਅਕਤੂਬਰ 2015 ਵਿੱਚ ਲੁਧਿਆਣਾ ਵਿਖੇ ਡਰੱਗ ਅਤੇ ਕਾਸਮੈਟਿਕ ਐਕਟ, ਸਾਲ ਜੂਨ 2016 ਵਿੱਚ ਥਾਣਾ ਹੈਬੋਵਾਲ ਵਿਖੇ ਡਰੱਗ ਅਤੇ ਕਾਸਮੈਟਿਕ ਐਕਟ, ਫਰਵਰੀ 2017 ਵਿੱਚ ਥਾਣਾ ਹੈਬੋਵਾਲ ਵਿਖੇ ਸਨੈਚਿੰਗ ਦਾ ਕੇਸ, ਥਾਣਾ ਸਲੇਮਟਾਬਰੀ ਵਿਖੇ ਸਾਲ ਜੂਨ 2017 ਵਿੱਚ ਸਨੈਚਿੰਗ ਦਾ ਮਾਮਲਾ ਦਰਜ ਹੈ। ਇਸੇ ਤਰਾਂ ਥਾਣਾ ਹੈਬੋਵਾਲ ਵਿਖੇ ਜੂਨ 2017 ਵਿੱਚ ਧਾਰਾ 27ਏ, 27ਸੀ ਡਰੱਗ ਐਂਡ ਕਾਸਮੈਟਿਕ ਦੇ ਤਹਿਤ ਮਾਮਲਾ ਦਰਜ ਹੈ। ਮੁਲਜਮ ਲਵਿਸ਼ ਗਰੋਵਰ ਦਾ ਪਿਛੋਕੜ ਅਪਰਾਧਿਕ ਹੈ ਅਤੇ ਉਸ ਕੋਲੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
-
International2 months ago
ਹਸੀਨਾ ਦੇ ਨਜ਼ਦੀਕੀਆਂ ਦੇ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਅਵਾਮੀ ਲੀਗ ਦੇ ਨੇਤਾਵਾਂ ਦੇ ਘਰਾਂ ਦੀ ਭੰਨਤੋੜ
-
International1 month ago
ਛੇ ਅਮਰੀਕੀ ਸੰਸਦ ਮੈਂਬਰਾਂ ਨੇ ਅਡਾਨੀ ਖਿਲਾਫ਼ ਮੁਕੱਦਮੇ ਲਈ ਨਵੇਂ ਅਟਾਰਨੀ ਜਨਰਲ ਨੂੰ ਪੱਤਰ ਲਿਖਿਆ
-
Editorial1 month ago
ਆਰਥਿਕ ਤਬਾਹੀ ਤੋਂ ਬਚਣ ਲਈ ਆਪਣੇ ਖਰਚੇ ਘੱਟ ਕਰਨ ਪੰਜਾਬੀ
-
National2 months ago
ਸਾਬਰਮਤੀ ਬੁਲੇਟ ਟਰੇਨ ਸਟੇਸ਼ਨ ਤੇ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
-
Chandigarh1 month ago
ਅਨੁਰਾਗ ਰਸਤੋਗੀ ਹਰਿਆਣਾ ਦੇ ਮੁੱਖ ਸਕੱਤਰ ਨਿਯੁਕਤ
-
National1 month ago
ਖੁਦ ਨੂੰ ਚੁਣੌਤੀ ਦੇਣ ਪਰ ਪ੍ਰੀਖਿਆ ਦਾ ਦਬਾਅ ਨਾ ਲੈਣ ਵਿਦਿਆਰਥੀ : ਨਰਿੰਦਰ ਮੋਦੀ
-
National2 months ago
ਦੋ ਵਾਹਨਾਂ ਦੀ ਟੱਕਰ ਦੌਰਾਨ ਦੋ ਵਿਅਕਤੀਆਂ ਦੀ ਮੌਤ, ਸੱਤ ਜ਼ਖਮੀ
-
National2 months ago
ਮਾਂਝਾ ਫੈਕਟਰੀ ਵਿੱਚ ਧਮਾਕਾ ਹੋਣ ਕਾਰਨ ਮਾਲਕ ਸਮੇਤ ਤਿੰਨ ਵਿਅਕਤੀਆਂ ਦੀ ਮੌਤ