National
ਦਿੱਲੀ ਵਿਧਾਨਸਭਾ ਚੋਣਾਂ ਲਈ ਪ੍ਰਚਾਰ ਖ਼ਤਮ, ਵੋਟਿੰਗ 5 ਨੂੰ

ਆਪਣੀ ਕਿਸਮਤ ਅਜਮਾ ਰਹੇ 699 ਉਮੀਦਵਾਰਾਂ ਦੀ ਅਗਨੀ ਪ੍ਰੀਖਿਆ ਸ਼ੁਰੂ
ਨਵੀਂ ਦਿੱਲੀ, 3 ਫਰਵਰੀ (ਸ.ਬ.) ਦਿੱਲੀ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ 5 ਵਜੇ ਖ਼ਤਮ ਹੋ ਗਿਆ ਹੈ। ਚੋਣ ਪ੍ਰਚਾਰ ਖ਼ਤਮ ਹੋਣ ਨਾਲ ਹੀ ਉਮੀਦਵਾਰਾਂ ਦੀ ਅਗਨੀ ਪ੍ਰੀਖਿਆ ਸ਼ੁਰੂ ਹੋ ਗਈ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ 699 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਵੀ ਸਾਰੀਆਂ ਸਿਆਸੀ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰਦੀਆਂ ਨਜ਼ਰ ਆਈਆਂ।
ਦਿੱਲੀ ਦੇ ਮੁੱਖ ਚੋਣ ਅਧਿਕਾਰੀ ਮੁਤਾਬਕ 5 ਫਰਵਰੀ ਨੂੰ 13,766 ਵੋਟਿੰਗ ਕੇਂਦਰਾਂ ਤੇ 1.56 ਕਰੋੜ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਨ੍ਹਾਂ ਵਿਚੋਂ 83.76 ਲੱਖ ਪੁਰਸ਼, 72.36 ਲੱਖ ਔਰਤਾਂ ਅਤੇ 1,267 ਤੀਜੇ ਲਿੰਗ ਵੋਟਰ ਹਨ। ਵੋਟਿੰਗ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ 733 ਪੋਲਿੰਗ ਸਟੇਸ਼ਨ ਦਿਵਿਆਂਗ ਵਿਅਕਤੀਆਂ ਲਈ ਰੱਖੇ ਗਏ ਹਨ। ਇਸ ਤੋਂ ਇਲਾਵਾ ਨੌਜਵਾਨਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ 70 ਵਿਸ਼ੇਸ਼ ਪੋਲਿੰਗ ਕੇਂਦਰ ਵੀ ਬਣਾਏ ਗਏ ਹਨ।
ਦਿੱਲੀ ਚੋਣਾਂ ਵਿਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਨੇ ਉਮੀਦਵਾਰ ਖੜ੍ਹੇ ਕੀਤੇ ਹਨ। ਕੁੱਲ 70 ਵਿਧਾਨ ਸਭਾ ਸੀਟਾਂ ਤੇ ਵੋਟਾਂ ਪੈਣਗੀਆਂ। ਵੋਟਿੰਗ ਨੂੰ ਆਸਾਨ ਬਣਾਉਣ ਲਈ ਸਾਰੇ ਜ਼ਿਲ੍ਹਾ ਚੋਣ ਅਧਿਕਾਰੀ ਰੰਗ-ਕੋਡ ਪ੍ਰਣਾਲੀ ਤਹਿਤ ਵੋਟਿੰਗ ਕੇਂਦਰਾਂ ਦੀ ਪਛਾਣ ਯਕੀਨੀ ਕਰਨਗੇ।
ਪਿਛਲੇ ਇੱਕ ਮਹੀਨੇ ਤੋਂ ਚਲ ਰਹੇ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਲਾ ਦਿੱਤੀ ਹੈ। ਇਸ ਦੌਰਾਨ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਜਨਤਕ ਮੀਟਿੰਗਾਂ, ਰੈਲੀਆਂ, ਰੋਡ ਸ਼ੋਅ ਅਤੇ ਪੈਦਲ ਯਾਤਰਾਵਾਂ ਕਰ ਕੇ ਸਵੇਰ ਤੋਂ ਸ਼ਾਮ ਤੱਕ ਜਨਸੰਪਰਕ ਕੀਤਾ।
ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਆਪਣੀ ਮੁਫ਼ਤ ਕਲਿਆਣਕਾਰੀ ਯੋਜਨਾਵਾਂ ਦੇ ਮਾਡਲ ਤੇ ਭਰੋਸਾ ਕਰਦਿਆਂ ਲਗਾਤਾਰ ਤੀਜੀ ਵਾਰ ਸੱਤਾ ਹਾਸਲ ਕਰਨ ਨੂੰ ਲੈ ਕੇ ਆਸਵੰਦ ਨਜ਼ਰ ਆ ਰਹੀ ਹੈ। 15 ਸਾਲ (2013 ਤੱਕ) ਸੱਤਾ ਸੰਭਾਲਣ ਵਾਲੀ ਕਾਂਗਰਸ ਪਿਛਲੀਆਂ ਦੋ ਚੋਣਾਂ ਵਿਚ ਇਕ ਵੀ ਸੀਟ ਨਹੀਂ ਜਿੱਤ ਸਕੀ ਸੀ ਅਤੇ ਜ਼ਮੀਨੀ ਪੱਧਰ ਤੇ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਤਰ੍ਹਾਂ ਭਾਜਪਾ ਵਲੋਂ 25 ਸਾਲ ਤੋਂ ਵੱਧ ਸਮੇਂ ਬਾਅਦ ਵੀ ਦਿੱਲੀ ਦੀ ਸੱਤਾ ਹਾਸਲ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਦਿਆਂ ਚੋਣ ਪ੍ਰਚਾਰ ਅਤੇ ਰੋਡ ਸ਼ੋਅ ਕੀਤੇ ਗਏ ਹਨ।
National
ਮਾਂਝਾ ਫੈਕਟਰੀ ਵਿੱਚ ਧਮਾਕਾ ਹੋਣ ਕਾਰਨ ਮਾਲਕ ਸਮੇਤ ਤਿੰਨ ਵਿਅਕਤੀਆਂ ਦੀ ਮੌਤ

ਬਰੇਲੀ, 7 ਫਰਵਰੀ (ਸ.ਬ.) ਬਰੇਲੀ ਦੇ ਕਿਲਾ ਥਾਣਾ ਖੇਤਰ ਵਿੱਚ ਅੱਜ ਸਵੇਰੇ ਬਕਰਗੰਜ ਦੀ ਤੰਗ ਗਲੀ ਵਿੱਚ ਸਥਿਤ ਮਾਂਝਾ ਫੈਕਟਰੀ ਵਿੱਚ ਜ਼ਬਰਦਸਤ ਧਮਾਕਾ ਹੋਇਆ, ਜਿਸ ਕਾਰਨ ਫੈਕਟਰੀ ਮਾਲਕ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਅਤੀਕ ਰਜ਼ਾ ਖਾਨ ਦਾ ਬਕਰਗੰਜ ਵਿੱਚ ਘਰ ਹੈ। ਉਹ ਘਰ ਦੇ ਪਿਛਲੇ ਹਿੱਸੇ ਵਿੱਚ ਮਾਂਜਾ ਬਣਾਉਣ ਦੀ ਫੈਕਟਰੀ ਚਲਾ ਰਿਹਾ ਸੀ। ਅੱਜ ਸਵੇਰੇ ਮਾਂਝਾ ਬਣਾਉਂਦੇ ਸਮੇਂ ਜ਼ੋਰਦਾਰ ਧਮਾਕਾ ਹੋਇਆ। ਘਟਨਾ ਵਿੱਚ ਅਤੀਕ ਅਤੇ ਮਾਂਝਾ ਕਾਰੀਗਰ ਫੈਜ਼ਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਦੂਜਾ ਕਾਰੀਗਰ ਸਰਤਾਜ ਗੰਭੀਰ ਜ਼ਖ਼ਮੀ ਹੋ ਗਿਆ। ਸੂਚਨਾ ਤੇ ਪਹੁੰਚੀ ਪੁਲੀਸ ਨੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ। ਕੁਝ ਸਮੇਂ ਬਾਅਦ ਉਸ ਦੀ ਵੀ ਮੌਤ ਹੋ ਗਈ।
ਮੌਕੇ ਤੇ ਪਹੁੰਚੇ ਸੀਓ 2 ਸੰਦੀਪ ਕੁਮਾਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਘਰ ਵਿੱਚ ਸਿਲੰਡਰ ਫਟ ਗਿਆ ਹੈ ਪਰ ਜਾਂਚ ਵਿੱਚ ਸਿਲੰਡਰ ਫਟਣ ਵਰਗਾ ਕੁਝ ਵੀ ਸਾਹਮਣੇ ਨਹੀਂ ਆਇਆ। ਘਰ ਵਿਚ ਮਾਂਝਾ ਤਿਆਰ ਹੋ ਰਿਹਾ ਸੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਲੋਕ ਸਲਫਰ ਅਤੇ ਪੋਟਾਸ਼ ਨੂੰ ਪੀਸ ਕੇ ਮਿਸ਼ਰਣ ਬਣਾਉਂਦੇ ਸਨ, ਜਿਸ ਨੂੰ ਉਹ ਮਾਂਝੇ ਤੇ ਚੜ੍ਹਾਉਂਦੇ ਸਨ। ਇਸ ਕਾਰਵਾਈ ਦੌਰਾਨ ਧਮਾਕਾ ਹੋਇਆ। ਘਟਨਾ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।
National
ਸ਼ਰਧਾਲੂਆਂ ਨਾਲ ਭਰੀ ਬੱਸ ਟੈਂਕਰ ਨਾਲ ਟਕਰਾਈ, ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ

ਇੰਦੌਰ, 7 ਫਰਵਰੀ (ਸ.ਬ.) ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਵਿਚ ਅੱਜ ਤੜਕੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਮਿੰਨੀ ਬੱਸ ਅਤੇ ਇਕ ਸਪੋਰਟ ਬਾਈਕ ਦੇ ਇਕ ਟੈਂਕਰ ਨਾਲ ਟਕਰਾ ਜਾਣ ਕਾਰਨ ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 17 ਵਿਅਕਤੀ ਜ਼ਖ਼ਮੀ ਹੋ ਗਏ। ਇਕ ਪੁਲੀਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਪੁਲੀਸ ਦੇ ਡਿਪਟੀ ਸੁਪਰਡੈਂਟ ਉਮਾਕਾਂਤ ਚੌਧਰੀ ਨੇ ਦਸਿਆ ਕਿ ਹਾਦਸਾ ਆਗਰਾ ਤੋਂ ਮੁੰਬਈ ਨੂੰ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ ਤੇ ਉਦੋਂ ਵਾਪਰਿਆ, ਜਦੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਮਿੰਨੀ ਬੱਸ ਅਤੇ ਇਕ ਸਪੋਰਟ ਬਾਈਕ ਮਾਨਪੁਰ ਥਾਣਾ ਖੇਤਰ ਦੇ ਬੇਰੂ ਘਾਟ ਕੋਲ ਉਤਰਦੇ ਸਮੇਂ ਬੇਕਾਬੂ ਹੋ ਗਏ ਅਤੇ ਦੋਵੇਂ ਵਾਹਨ ਅੱਗੇ ਜਾ ਰਹੇ ਟੈਂਕਰ ਨਾਲ ਟਕਰਾ ਗਏ।
ਡੀਐਸਪੀ ਨੇ ਦਸਿਆ ਕਿ ਇਸ ਹਾਦਸੇ ਵਿੱਚ ਮਿੰਨੀ ਬੱਸ ਵਿੱਚ ਸਵਾਰ ਦੋ ਸ਼ਰਧਾਲੂਆਂ ਅਤੇ ਸਪੋਰਟ ਬਾਈਕ ਤੇ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਚੌਧਰੀ ਅਨੁਸਾਰ ਫਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਡੀਐਸਪੀ ਨੇ ਦਸਿਆ ਕਿ ਹਾਦਸੇ ਵਿਚ 17 ਵਿਅਕਤੀ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਤੌਰ ਤੇ ਪਤਾ ਲੱਗਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਿੰਨੀ ਬੱਸ ਡਰਾਈਵਰ ਸਪੋਰਟ ਬਾਈਕ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਚੌਧਰੀ ਨੇ ਦਸਿਆ ਕਿ ਮਿੰਨੀ ਬੱਸ ਵਿੱਚ ਸਵਾਰ ਸ਼ਰਧਾਲੂ ਉਜੈਨ ਵਿੱਚ ਮਹਾਕਾਲੇਸ਼ਵਰ ਜਯੋਤਿਰਲਿੰਗ ਦੇ ਦਰਸ਼ਨ ਕਰਕੇ ਮਹਾਰਾਸ਼ਟਰ ਵਲ ਜਾ ਰਹੇ ਸਨ।
National
ਮਹਾਕੁੰਭ ਮੇਲੇ ਦੇ ਕੈਂਪ ਵਿੱਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਪ੍ਰਯਾਗਰਾਜ, 7 ਫਰਵਰੀ (ਸ.ਬ.) ਮਹਾਕੁੰਭ ਨਗਰ ਦੇ ਇੱਕ ਕੈਂਪ ਵਿੱਚ ਅੱਜ ਅੱਗ ਲੱਗ ਗਈ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਖਾਕ ਚੌਕੀ ਪੁਲੀਸ ਥਾਣੇ ਦੇ ਇੰਸਪੈਕਟਰ ਯੋਗੇਸ਼ ਚਤੁਰਵੇਦੀ ਨੇ ਦੱਸਿਆ ਕਿ ਪੁਰਾਣੇ ਜੀਟੀ ਰੋਡ ਤੇ ਤੁਲਸੀ ਚੁਰਾਹੇ ਦੇ ਨੇੜੇ ਇੱਕ ਕੈਂਪ ਵਿੱਚ ਅੱਗ ਲੱਗ ਗਈ। ਹਾਲਾਂਕਿ ਅੱਗ ਬੁਝਾਊ ਦਸਤੇ ਨੇ ਮੌਕੇ ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾ ਲਿਆ।
ਚੀਫ਼ ਫਾਇਰ ਅਫ਼ਸਰ ਪ੍ਰਮੋਦ ਸ਼ਰਮਾ ਨੇ ਦੱਸਿਆ ਕਿ ਸੈਕਟਰ-18 ਸਥਿਤ ਇਸਕੋਨ ਕੈਂਪ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਕੀਤੀ ਗਈ ਅਤੇ ਫਾਇਰ ਸਟੇਸ਼ਨ ਤੋਂ ਗੱਡੀਆਂ ਭੇਜੀਆਂ ਗਈਆਂ ਅਤੇ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਕਾਰਨ 20 ਤੋਂ 22 ਟੈਂਟ ਸੜ ਕੇ ਸੁਆਹ ਹੋ ਗਏ ਅਤੇ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਮਹਾਕੁੰਭ ਮੇਲਾ ਪੁਲੀਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕਰਦਿਆਂ ਕਿਹਾ ਕਿ ਮੇਲਾ ਖੇਤਰ ਦੇ ਸੈਕਟਰ-18 ਵਿੱਚ ਲੱਗੀ ਅੱਗ ਨੂੰ ਫਾਇਰ ਬ੍ਰਿਗੇਡ ਟੀਮ ਨੇ ਤੁਰੰਤ ਕਾਰਵਾਈ ਕਰਕੇ ਕਾਬੂ ਵਿੱਚ ਲਿਆ। ਘਟਨਾ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ।
-
National2 months ago
ਨੇਪਾਲ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
National2 months ago
ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ, ਚਿਹਰੇ ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ
-
National2 months ago
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ : ਰਾਹੁਲ ਗਾਂਧੀ
-
International1 month ago
ਬੈਂਕਾਕ ਦੇ ਪ੍ਰਸਿੱਧ ਹੋਟਲ ਵਿੱਚ ਅੱਗ ਲੱਗਣ ਕਾਰਨ ਤਿੰਨ ਵਿਦੇਸ਼ੀ ਸੈਲਾਨੀਆਂ ਦੀ ਮੌਤ
-
International1 month ago
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਦਿਹਾਂਤ
-
International1 month ago
ਲਾਸ ਵੇਗਾਸ ਦੇ ਟਰੰਪ ਹੋਟਲ ਦੇ ਬਾਹਰ ਧਮਾਕਾ, ਇੱਕ ਵਿਅਕਤੀ ਦੀ ਮੌਤ
-
International4 weeks ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International1 month ago
ਆਸਟਰੇਲੀਆ ਵਿੱਚ ਸੀਪਲੇਨ ਹਾਦਸਾਗ੍ਰਸਤ ਹੋਣ ਕਾਰਨ 3 ਸੈਲਾਨੀਆਂ ਦੀ ਮੌਤ, 3 ਜ਼ਖ਼ਮੀ