National
ਦਿੱਲੀ ਵਿਧਾਨਸਭਾ ਚੋਣਾਂ ਲਈ ਪ੍ਰਚਾਰ ਖ਼ਤਮ, ਵੋਟਿੰਗ 5 ਨੂੰ
ਆਪਣੀ ਕਿਸਮਤ ਅਜਮਾ ਰਹੇ 699 ਉਮੀਦਵਾਰਾਂ ਦੀ ਅਗਨੀ ਪ੍ਰੀਖਿਆ ਸ਼ੁਰੂ
ਨਵੀਂ ਦਿੱਲੀ, 3 ਫਰਵਰੀ (ਸ.ਬ.) ਦਿੱਲੀ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ 5 ਵਜੇ ਖ਼ਤਮ ਹੋ ਗਿਆ ਹੈ। ਚੋਣ ਪ੍ਰਚਾਰ ਖ਼ਤਮ ਹੋਣ ਨਾਲ ਹੀ ਉਮੀਦਵਾਰਾਂ ਦੀ ਅਗਨੀ ਪ੍ਰੀਖਿਆ ਸ਼ੁਰੂ ਹੋ ਗਈ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ 699 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਵੀ ਸਾਰੀਆਂ ਸਿਆਸੀ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰਦੀਆਂ ਨਜ਼ਰ ਆਈਆਂ।
ਦਿੱਲੀ ਦੇ ਮੁੱਖ ਚੋਣ ਅਧਿਕਾਰੀ ਮੁਤਾਬਕ 5 ਫਰਵਰੀ ਨੂੰ 13,766 ਵੋਟਿੰਗ ਕੇਂਦਰਾਂ ਤੇ 1.56 ਕਰੋੜ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਨ੍ਹਾਂ ਵਿਚੋਂ 83.76 ਲੱਖ ਪੁਰਸ਼, 72.36 ਲੱਖ ਔਰਤਾਂ ਅਤੇ 1,267 ਤੀਜੇ ਲਿੰਗ ਵੋਟਰ ਹਨ। ਵੋਟਿੰਗ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ 733 ਪੋਲਿੰਗ ਸਟੇਸ਼ਨ ਦਿਵਿਆਂਗ ਵਿਅਕਤੀਆਂ ਲਈ ਰੱਖੇ ਗਏ ਹਨ। ਇਸ ਤੋਂ ਇਲਾਵਾ ਨੌਜਵਾਨਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ 70 ਵਿਸ਼ੇਸ਼ ਪੋਲਿੰਗ ਕੇਂਦਰ ਵੀ ਬਣਾਏ ਗਏ ਹਨ।
ਦਿੱਲੀ ਚੋਣਾਂ ਵਿਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਨੇ ਉਮੀਦਵਾਰ ਖੜ੍ਹੇ ਕੀਤੇ ਹਨ। ਕੁੱਲ 70 ਵਿਧਾਨ ਸਭਾ ਸੀਟਾਂ ਤੇ ਵੋਟਾਂ ਪੈਣਗੀਆਂ। ਵੋਟਿੰਗ ਨੂੰ ਆਸਾਨ ਬਣਾਉਣ ਲਈ ਸਾਰੇ ਜ਼ਿਲ੍ਹਾ ਚੋਣ ਅਧਿਕਾਰੀ ਰੰਗ-ਕੋਡ ਪ੍ਰਣਾਲੀ ਤਹਿਤ ਵੋਟਿੰਗ ਕੇਂਦਰਾਂ ਦੀ ਪਛਾਣ ਯਕੀਨੀ ਕਰਨਗੇ।
ਪਿਛਲੇ ਇੱਕ ਮਹੀਨੇ ਤੋਂ ਚਲ ਰਹੇ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਲਾ ਦਿੱਤੀ ਹੈ। ਇਸ ਦੌਰਾਨ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਜਨਤਕ ਮੀਟਿੰਗਾਂ, ਰੈਲੀਆਂ, ਰੋਡ ਸ਼ੋਅ ਅਤੇ ਪੈਦਲ ਯਾਤਰਾਵਾਂ ਕਰ ਕੇ ਸਵੇਰ ਤੋਂ ਸ਼ਾਮ ਤੱਕ ਜਨਸੰਪਰਕ ਕੀਤਾ।
ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਆਪਣੀ ਮੁਫ਼ਤ ਕਲਿਆਣਕਾਰੀ ਯੋਜਨਾਵਾਂ ਦੇ ਮਾਡਲ ਤੇ ਭਰੋਸਾ ਕਰਦਿਆਂ ਲਗਾਤਾਰ ਤੀਜੀ ਵਾਰ ਸੱਤਾ ਹਾਸਲ ਕਰਨ ਨੂੰ ਲੈ ਕੇ ਆਸਵੰਦ ਨਜ਼ਰ ਆ ਰਹੀ ਹੈ। 15 ਸਾਲ (2013 ਤੱਕ) ਸੱਤਾ ਸੰਭਾਲਣ ਵਾਲੀ ਕਾਂਗਰਸ ਪਿਛਲੀਆਂ ਦੋ ਚੋਣਾਂ ਵਿਚ ਇਕ ਵੀ ਸੀਟ ਨਹੀਂ ਜਿੱਤ ਸਕੀ ਸੀ ਅਤੇ ਜ਼ਮੀਨੀ ਪੱਧਰ ਤੇ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਤਰ੍ਹਾਂ ਭਾਜਪਾ ਵਲੋਂ 25 ਸਾਲ ਤੋਂ ਵੱਧ ਸਮੇਂ ਬਾਅਦ ਵੀ ਦਿੱਲੀ ਦੀ ਸੱਤਾ ਹਾਸਲ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਦਿਆਂ ਚੋਣ ਪ੍ਰਚਾਰ ਅਤੇ ਰੋਡ ਸ਼ੋਅ ਕੀਤੇ ਗਏ ਹਨ।
National
ਮੁਹਾਲੀ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਗਿਆ ਜਥਾ ਸ਼ਰਧਾ ਭਾਵਨਾ ਨਾਲ ਵਾਪਸ ਮੁਹਾਲੀ ਲਈ ਰਵਾਨਾ
ਨੰਦੇੜ, 18 ਸਤੰਬਰ (ਸ.ਬ.) ਮੁਹਾਲੀ ਤੋਂ ‘ਪ੍ਰਾਈਵੇਟ ਕੰਸਟਰਕਸ਼ਨ ਲੇਬਰ ਕੰਟਰੈਕਟਰ ਐਸੋਸੀਏਸ਼ਨ’ ਅਤੇ ‘ਦਸਮੇਸ਼ ਵੈਲਫੇਅਰ ਕੌਂਸਲ’ ਵੱਲੋਂ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨੰਦੇੜ ਅਤੇ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ ਗਿਆ ਸੰਗਤਾਂ ਦਾ ਇੱਕ ਵਿਸ਼ੇਸ਼ ਜਥਾ ਅੱਜ ਮੁਹਾਲੀ ਲਈ ਰਵਾਨਾ ਹੋ ਗਿਆ ਹੈ ਜਿਹੜਾ ਭਲਕੇ (19 ਸਤੰਬਰ ਨੂੰ) ਮੁਹਾਲੀ ਪਹੁੰਚ ਜਾਵੇਗਾ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਜਥਾ 14 ਸਤੰਬਰ ਨੂੰ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨੰਦੇੜ ਦੇ ਰੇਲਵੇ ਸਟੇਸ਼ਨ ਤੇ ਪਹੁੰਚਿਆ। ਉੱਥੋਂ ਸ੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਗੁਰਦੁਆਰਾ ਲੰਗਰ ਸਾਹਿਬ ਵਾਲਿਆਂ ਦੀਆਂ ਗੱਡੀਆਂ ਰਾਹੀਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ। ਸੰਗਤਾਂ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਲੰਗਰ ਸਾਹਿਬ ਅਤੇ ਫਿਰ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਵਿਖੇ ਨਤਮਸਤਕ ਹੋ ਕੇ ਕੀਰਤਨ ਸਰਵਣ ਕੀਤਾ ਅਤੇ ਅਸਥਾਨ ਦੇ ਮਹਾਨ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ।
ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਸੰਗਤਾਂ ਨੇ ਨੰਦੇੜ ਸਾਹਿਬ ਦੇ ਲੋਕਲ ਗੁਰਦੁਆਰਾ ਸਾਹਿਬਾਨ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਕੋਠਾ, ਗੁਰਦੁਆਰਾ ਰਤਨਗੜ੍ਹ ਸਾਹਿਬ, ਗੁਰਦੁਆਰਾ ਨਾਨਕਸਰ ਸਾਹਿਬ, ਗੁਰਦੁਆਰਾ ਚੰਦਨ ਸਾਹਿਬ, ਗੁਰਦੁਆਰਾ ਨਾਨਕਪੁਰੀ ਸਾਹਿਬ, ਗੁਰਦੁਆਰਾ ਸ਼ਿਕਾਰ ਘਾਟ ਸਾਹਿਬ, ਗੁਰਦੁਆਰਾ ਮਾਤਾ ਜੀਤ ਕੌਰ ਜੀ, ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ, ਗੁਰਦੁਆਰਾ ਹੀਰਾ ਘਾਟ ਸਾਹਿਬ ਅਤੇ ਗੁਰਦੁਆਰਾ ਮਾਲ ਟੇਕਰੀ ਸਾਹਿਬ ਦੇ ਸ਼ਰਧਾਪੂਰਵਕ ਦਰਸ਼ਨ-ਦੀਦਾਰੇ ਕੀਤੇ।
15 ਸਤੰਬਰ ਨੂੰ ਗੁਰਦੁਆਰਾ ਨਾਨਕ ਝੀਰਾ ਸਾਹਿਬ (ਬਿਦਰ) ਜਾਂਦੇ ਸਮੇਂ ਰਸਤੇ ਵਿੱਚ ਸੰਗਤਾਂ ਨੇ ਯਾਦਗਾਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਦੇ ਸਥਾਨ ਤੇ ਰੁਕ ਕੇ ਅਰਦਾਸ ਕੀਤੀ। ਇਸ ਉਪਰੰਤ ਪਿੰਡ ਜਨਵਾੜਾ ਵਿਖੇ ਗੁਰਦੁਆਰਾ ਮਾਤਾ ਭਾਗ ਕੌਰ ਜੀ ਅਤੇ ਪੰਜ ਪਿਆਰਿਆਂ ਵਿੱਚੋਂ ਪਿਆਰੇ ਭਾਈ ਸਾਹਿਬ ਸਿੰਘ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਸੰਗਤਾਂ ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ ਪਹੁੰਚੀਆਂ।
ਯਾਤਰਾ ਦੇ ਅਗਲੇ ਪੜਾਅ ਵਿੱਚ 16 ਸਤੰਬਰ ਨੂੰ ਸੰਗਤਾਂ ਨੇ ਭਗਤ ਨਾਮਦੇਵ ਜੀ ਦੇ ਜਨਮ ਸਥਾਨ ਅਤੇ ਤਪ ਅਸਥਾਨਾਂ ਦੇ ਦਰਸ਼ਨ ਕੀਤੇ। 17 ਸਤੰਬਰ ਨੂੰ ਲੋਕਲ ਮਾਰਕੀਟ ਵਿੱਚ ਖਰੀਦਦਾਰੀ ਕਰਨ ਦੇ ਨਾਲ-ਨਾਲ ਗੁਰਦੁਆਰਾ ਨਗੀਨਾ ਘਾਟ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਸਬੰਧਤ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕੀਤੇ ਗਏ। ਉਹਨਾਂ ਦੱਸਿਆ ਕਿ ਅੰਜ ਸਤਿਗੁਰਾਂ ਦਾ ਓਟ-ਆਸਰਾ ਅਤੇ ਅਸ਼ੀਰਵਾਦ ਲੈ ਕੇ ਜਥੇ ਦੀ ਵਾਪਸੀ ਲਈ ਰਵਾਨਗੀ ਹੋ ਗਈ ਹੈ ਅਤੇ ਇਹ ਜਥਾ ਭਲਕੇ ਸੁਖ-ਸਾਂਦ ਨਾਲ ਮੁਹਾਲੀ ਪਹੁੰਚ ਜਾਵੇਗਾ।
National
ਆਈਫ਼ੋਨ 18 ਖ਼ਰੀਦਣ ਲਈ ਪਹਿਲੇ ਦਿਨ ਦੁਕਾਨਾਂ ਦੇ ਬਾਹਰ ਲੱਗੀਆਂ ਲੰਮੀਆਂ ਕਤਾਰਾਂ
ਨਵੀਂ ਦਿੱਲੀ, 18 ਸਤੰਬਰ (ਸ.ਬ.) ਆਈਫ਼ੋਨ 18 ਸੀਰੀਜ਼ ਦੀ ਵਿਕਰੀ ਸ਼ੁਰੂ ਹੁੰਦਿਆਂ ਹੀ ਅੱਜ ਭਾਰਤ ਦੇ ਵੱਡੇ ਸ਼ਹਿਰਾਂ ਵਿੱਚ ਐਪਲ ਸਟੋਰਾਂ ਦੇ ਬਾਹਰ ਗਾਹਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਨਵੇਂ ਫ਼ੋਨ ਸਭ ਤੋਂ ਪਹਿਲਾਂ ਖ਼ਰੀਦਣ ਲਈ ਲੋਕ ਘੰਟਿਆਂ ਬੱਧੀ ਲਾਈਨਾਂ ਵਿੱਚ ਖੜ੍ਹੇ ਰਹੇ।
ਨਵੀਂ ਦਿੱਲੀ ਦੇ ਸਾਕੇਤ ਸਥਿਤ ਸਿਲੈਕਟ ਸਿਟੀਵਾਕ ਮਾਲ ਦੇ ਐਪਲ ਸਟੋਰ ਬਾਹਰ ਆਈਫ਼ੋਨ 18 ਪ੍ਰੋ ਅਤੇ ਆਈਫ਼ੋਨ 18 ਪ੍ਰੋ ਮੈਕਸ ਖ਼ਰੀਦਣ ਲਈ ਲੋਕਾਂ ਦੀਆਂ ਕਤਾਰਾਂ ਲੱਗੀਆਂ ਹੋਇਆ ਸੀ। ਸਟੋਰ ਖੁੱਲ੍ਹਣ ਤੇ ਸਟਾਫ਼ ਨੇ ਤਾੜੀਆਂ ਵਜਾ ਕੇ ਗਾਹਕਾਂ ਦਾ ਸਵਾਗਤ ਕੀਤਾ।
ਫ਼ੋਨ ਖ਼ਰੀਦਣ ਆਏ ਇੱਕ ਗਾਹਕ ਨੇ ਦੱਸਿਆ ਕਿ ਉਹ ਆਪਣੇ ਪੁਰਾਣੇ ਆਈਫ਼ੋਨ 15 ਪਲੱਸ ਨੂੰ ਅਪਗ੍ਰੇਡ ਕਰ ਰਿਹਾ ਹੈ ਕਿਉਂਕਿ ਨਵੇਂ ਮਾਡਲ ਵਿੱਚ ਬਿਹਤਰ ਫ਼ੀਚਰਜ਼ ਅਤੇ ਵਧੀਆ ਪਰਫ਼ਾਰਮੈਂਸ ਹੈ।
ਇਸ ਤੋਂ ਇਲਾਵਾ ਬਾਂਦਰਾ ਕੁਰਲਾ ਕੰਪਲੈਕਸ ਸਥਿਤ ਐਪਲ ਸਟੋਰ ਵਿੱਚ ਵੀ ਭਾਰੀ ਭੀੜ ਜੁੜੀ। ਲਗਪਗ 10 ਤੋਂ 12 ਘੰਟੇ ਇੰਤਜ਼ਾਰ ਕਰਨ ਵਾਲੇ ਇੱਕ ਗਾਹਕ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਫ਼ੋਨ ਖ਼ਰੀਦਣਾ ਹੀ ਉਸ ਦਾ ਮਕਸਦ ਸੀ।
ਬੰਗਲੁਰੂ ਦੇ ਫ਼ੀਨਿਕਸ ਮਾਲ ਆਫ਼ ਏਸ਼ੀਆ ਅਤੇ ਨੋਇਡਾ ਦੇ ਡੀਐਲਐਫ਼ ਮਾਲ ਸਥਿਤ ਐਪਲ ਸਟੋਰਾਂ ਦੇ ਬਾਹਰ ਵੀ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ, ਜਿੱਥੇ ਗਾਹਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ।
ਮੈਟਰੋ ਸ਼ਹਿਰਾਂ ਵਿੱਚ ਪਹਿਲੇ ਹੀ ਦਿਨ ਦੇਖੀ ਗਈ ਇਹ ਭੀੜ ਐਪਲ ਦੇ ਨਵੇਂ ਫ਼ੋਨਾਂ ਲਈ ਲੋਕਾਂ ਵਿੱਚ ਵਧ ਰਹੇ ਭਾਰੀ ਕ੍ਰੇਜ਼ ਅਤੇ ਉਤਸ਼ਾਹ ਨੂੰ ਦਰਸਾਉਂਦੀ ਹੈ।
National
ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਈ, 1 ਵਿਅਕਤੀ ਗੰਭੀਰ ਜ਼ਖਮੀ
ਰੁੜਕੀ, 18 ਸਤੰਬਰ (ਸ.ਬ.) ਰੁੜਕੀ ਦੇ ਗੁਰੂਕੁਲ ਨਾਰਸਨ ਕਸਬੇ ਵਿੱਚ ਹਾਈਵੇਅ ਤੇ ਬਣੇ ਖੱਡੇ ਕਾਰਨ ਅੱਜ ਸਵੇਰੇ, ਟੋਇਆਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਸਮੇਂ, ਇੱਕ ਸਵਿਫਟ ਕਾਰ ਕੰਟਰੋਲ ਗੁਆ ਬੈਠੀ ਅਤੇ ਸਰਵਿਸ ਰੋਡ ਤੇ ਡਿਵਾਈਡਰ ਨਾਲ ਟਕਰਾ ਗਈ।
ਹਾਦਸੇ ਵਿੱਚ ਕਾਰ ਸਵਾਰ ਚਾਰ ਲੋਕ ਜ਼ਖ਼ਮੀ ਹੋ ਗਏ, ਜਦੋਂ ਕਿ ਕਾਰ ਦੀ ਲਪੇਟ ਵਿੱਚ ਆਉਣ ਨਾਲ ਇੱਕ ਬਾਈਕ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਜ਼ਿਕਰਯੋਗ ਹੈ ਕਿ ਸਵਿਫਟ ਕਾਰ ਵਿੱਚ ਸਵਾਰ ਚਾਰੇ ਲੋਕ ਰੁੜਕੀ ਦੇ ਵਸਨੀਕ ਸਨ ਅਤੇ ਖਾਟੂ ਸ਼ਿਆਮ ਦੇ ਦਰਸ਼ਨ ਕਰਕੇ ਘਰ ਵਾਪਸ ਆ ਰਹੇ ਸਨ। ਗੁਰੂਕੁਲ ਨਰਸਨ ਹਾਈਵੇਅ ਦੇ ਨੇੜੇ ਪਹੁੰਚਦੇ ਸਮੇਂ, ਟੋਇਆਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਕਾਰ ਨੇ ਕੰਟਰੋਲ ਗੁਆ ਦਿੱਤਾ ਅਤੇ ਸਰਵਿਸ ਰੋਡ ਡਿਵਾਈਡਰ ਨਾਲ ਟਕਰਾ ਗਈ।
ਇਸੇ ਦੌਰਾਨ ਕੁਆਂਹੇੜੀ ਦੇ ਰਹਿਣ ਵਾਲੇ ਅੰਕਿਤ ਤਿਆਗੀ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਲਈ ਬੱਸ ਸਟਾਪ ਤੇ ਖੜ੍ਹੇ ਸਨ। ਅਨਿਯੰਤਰਿਤ ਕਾਰ ਦੀ ਲਪੇਟ ਵਿੱਚ ਆਉਣ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ਤੇ ਪਹੁੰਚੀ ਅਤੇ ਸਾਰੇ ਜ਼ਖ਼ਮੀਆਂ ਨੂੰ 108 ਅੰਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਭੇਜਿਆ। ਪੁਲੀਸ ਨੇ ਨੁਕਸਾਨੀ ਗਈ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਚੌਕੀ ਵਿੱਚ ਖੜ੍ਹਾ ਕਰਵਾ ਦਿੱਤਾ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਾਰਸਨ ਬਾਰਡਰ ਤੋਂ ਲੈ ਕੇ ਹਰਿਦੁਆਰ ਤੱਕ ਹਾਈਵੇਅ ਦੀ ਸਥਿਤੀ ਕਈ ਜਗ੍ਹਾ ਬਹੁਤ ਖ਼ਰਾਬ ਹੈ। ਸੜਕ ਤੇ ਜਗ੍ਹਾ-ਜਗ੍ਹਾ ਡੂੰਘੇ ਖੱਡੇ ਬਣੇ ਹੋਏ ਹਨ, ਜਿਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਵਿੱਚ ਵਾਹਨਾਂ ਦੇ ਅਨਿਯੰਤਰਿਤ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਅਨੁਸਾਰ ਖ਼ਰਾਬ ਸੜਕ ਕਾਰਨ ਆਏ ਦਿਨ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਉਠਾਉਣੀ ਪੈ ਰਹੀ ਹੈ ਅਤੇ ਹਾਦਸੇ ਵੀ ਹੋ ਰਹੇ ਹਨ।
ਸਥਾਨਕ ਲੋਕਾਂ ਨੇ ਹਾਈਵੇਅ ਨਾਲ ਸਬੰਧਤ ਅਧਿਕਾਰੀਆਂ ਤੇ ਸੜਕ ਦੀ ਬਦਹਾਲ ਸਥਿਤੀ ਨੂੰ ਲੈ ਕੇ ਲਾਪਰਵਾਹੀ ਵਰਤਣ ਦੇ ਦੋਸ਼ ਲਾਏ। ਉਨ੍ਹਾਂ ਨੇ ਜਲਦ ਤੋਂ ਜਲਦ ਖੱਡੇ ਭਰਵਾਉਣ ਅਤੇ ਹਾਈਵੇਅ ਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਸੜਕ ਦੀ ਖ਼ਰਾਬ ਸਥਿਤੀ ਦਾ ਖਾਮਿਆਜ਼ਾ ਆਖਿਰ ਜਨਤਾ ਨੂੰ ਕਦੋਂ ਤੱਕ ਭੁਗਤਣਾ ਪਵੇਗਾ।
-
International1 month agoਸ਼੍ਰੀਲੰਕਾ ਵਿੱਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਜ਼ਮੀਨ ਖਿਸਕੀ, 7 ਵਿਅਕਤੀਆਂ ਦੀ ਮੌਤ
-
Editorial2 months agoਪੰਥਕ ਜਥੇਬੰਦੀਆਂ ਵਿੱਚ ਏਕਤਾ ਅਜੇ ਦੁੂਰ ਦੀ ਗੱਲ
-
International1 month agoਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਸ਼ਾਕਿਬ ਅਲ ਹਸਨ ਦੇ ਘਰ ਤੇ ਪੈਟਰੋਲ ਬੰਬ ਨਾਲ ਹਮਲਾ
-
International1 month agoਸਾਊਦੀ ਅਰਬ ਵਿੱਚ ਸੋਫਾ ਫੈਕਟਰੀ ਨੂੰ ਅੱਗ ਲੱਗਣ ਕਾਰਨ 16 ਬੰਗਲਾਦੇਸ਼ੀ ਮਜ਼ਦੂਰਾਂ ਦੀ ਮੌਤ
-
International2 months agoਸਪੇਨ ਵਿੱਚ ਜਬਰਦਸਤੀ ਦਾਖਿਲ ਹੋਏ ਹਜ਼ਾਰਾਂ ਪ੍ਰਵਾਸੀ, ਕਈ ਵਿਅਕਤੀਆਂ ਦੀ ਮੌਤ
-
International2 months agoਇਥੋਪੀਆ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕੀ, 14 ਵਿਅਕਤੀਆਂ ਦੀ ਮੌਤ
-
National1 month agoਬੱਸ ਬੇਕਾਬੂ ਹੋ ਕੇ ਸੜਕ ਤੋਂ 100 ਫੁੱਟ ਹੇਠਾਂ ਡਿੱਗੀ, 7 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
National1 month ago
ਖਰਾਬ ਮੌਸਮ ਅਤੇ ਸ਼ਰਧਾਲੂਆਂ ਦੀ ਘੱਟ ਰਹੀ ਗਿਣਤੀ ਦੇ ਮੱਦੇਨਜ਼ਰ ਅਮਰਨਾਥ ਯਾਤਰਾ ਮੁਲਤਵੀ
