National
ਭਾਰਤੀ ਅਮਰੀਕੀ ਸੰਗੀਤਕਾਰ ਤੇ ਉੱਦਮੀ ਚੰਦਰਿਕਾ ਟੰਡਨ ਨੇ ਜਿੱਤਿਆ ਗਰੈਮੀ ਐਵਾਰਡ
ਨਵੀਂ ਦਿੱਲੀ, 3 ਫਰਵਰੀ (ਸ.ਬ.) ਭਾਰਤੀ ਅਮਰੀਕੀ ਗਾਇਕਾ ਤੇ ਉੱਦਮੀ ਚੰਦਰਿਕਾ ਟੰਡਨ ਨੇ ਐਲਬਮ ਤ੍ਰਿਵੇਣੀ ਲਈ ਗਰੈਮੀ ਪੁਰਸਕਾਰ ਜਿੱਤਿਆ ਹੈ। ਪੈਪਸਿਕੋ ਦੀ ਸਾਬਕਾ ਸੀਈਓ ਇੰਦਰਾ ਨੂਈ ਦੀ ਵੱਡੀ ਭੈਣ ਟੰਡਨ ਨੇ ਆਪਣੇ ਸਹਿਯੋਗੀਆਂ ਦੱਖਣੀ ਅਫ਼ਰੀਕਾ ਦੇ ਬੰਸਰੀ ਵਾਦਕ ਵਾਊਟਰ ਕੇਲਰਮੈਨ ਤੇ ਜਾਪਾਨੀ ਸੈਲੋ ਵਾਦਕ ਇਰੂ ਮਾਤਸੁਮੋਤੋ ਨਾਲ ਇਹ ਪੁਰਸਕਾਰ ਜਿੱਤਿਆ।
ਰਿਕਾਰਡਿੰਗ ਅਕੈਡਮੀ ਵੱਲੋਂ ਕਰਵਾਏ ਸਭ ਤੋਂ ਵੱਡੇ ਸੰਗੀਤ ਪੁਰਸਕਾਰ ਸਮਾਗਮ ਦਾ 67ਵਾਂ ਅਡੀਸ਼ਨ ਬੀਤੇ ਦਿਨ ਲਾਸ ਏਂਜਲਸ ਦੇ ਕ੍ਰਿਪਟੋਡਾਟਕੌਮ ਏਰੀਨਾ ਵਿਚ ਕਰਵਾਇਆ ਗਿਆ ਸੀ।
ਬਿਓਂਸੇ, ਸਬਰੀਨਾ ਕਾਰਪੇਂਟਰ, ਚਾਰਲੀ ਐਕਸਸੀਐਕਸ ਤੇ ਕੈਂਡਰਿਕ ਲੈਮਰ ਸਣੇ ਕਈ ਹੋਰ ਕਲਾਕਾਰਾਂ ਨੇ ਵੱਖ ਵੱਖ ਵਰਗਾਂ ਵਿਚ ਪੁਰਸਕਾਰ ਆਪਣੇ ਨਾਮ ਕੀਤਾ। ਬਿਓਂਸੇ ਨੇ ਕਾਓਬੁਆਏ ਕਾਰਟਰ ਲਈ ਸਰਬੋਤਮ ਕੰਟਰੀ ਐਲਬਮ ਦਾ ਪੁਰਸਕਾਰ ਜਿੱਤਿਆ। ਐਤਕੀਂ ਗਰੈਮੀ ਵਿਚ ਉਸ ਨੂੰ 11 ਨਾਮਜ਼ਦਗੀਆਂ ਮਿਲੀਆਂ ਸੀ। ਉਸ ਨੂੰ ਆਪਣੇ ਕਰੀਅਰ ਦੌਰਾਨ ਗਰੈਮੀ ਲਈ ਵੱਖ ਵੱਖ ਵਰਗਾਂ ਵਿਚ ਕੁੱਲ 99 ਵਾਰ ਨਾਮਜ਼ਦ ਕੀਤਾ ਗਿਆ ਹੈ। ਉਹ ਗਰੈਮੀ ਦੇ ਇਤਿਹਾਸ ਵਿਚ ਸਭ ਤੋਂ ਵੱਧ ਨਾਮਜ਼ਦਗੀਆਂ ਹਾਸਲ ਕਰਨ ਵਾਲੀ ਕਲਾਕਾਰ ਬਣ ਗਈ ਹੈ।
ਚੇਨੱਈ ਵਿਚ ਵੱਡੀ ਹੋਈ ਟੰਡਨ ਨੇ ਗਰੈਮੀ ਪੁਰਸਕਾਰ ਜਿੱਤਣ ਮਗਰੋਂ ਰਿਕਾਰਡਿੰਗ ਅਕੈਡਮੀ ਨਾਲ ਇੰਟਰਵਿਊ ਦੌਰਾਨ ਕਿਹਾ ਕਿ ਇਹ ਸ਼ਾਨਦਾਰ ਤਜਰਬਾ ਹੈ। ਟੰਡਨ ਨੇ ਪੁਰਸਕਾਰ ਲੈਣ ਮੌਕੇ ਆਪਣੀ ਤਕਰੀਰ ਵਿਚ ਕਿਹਾ ਕਿ ਸੰਗੀਤ ਪ੍ਰੇਮ ਹੈ, ਸੰਗੀਤ ਆਸ਼ਾ ਦੀ ਕਿਰਨ ਹੇ ਤੇ ਸੰਗੀਤ ਹਾਸਾ ਹੈ ਤੇ ਆਓ ਅਸੀਂ ਸਾਰੇ ਪ੍ਰੇਮ, ਪ੍ਰਕਾਸ਼ ਤੇ ਹਾਸੇ ਵਿਚ ਘਿਰੇ ਰਹੀਏ। ਸੰਗੀਤ ਲਈ ਧੰਨਵਾਦ ਤੇ ਸੰਗੀਤ ਬਣਾਉਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ। ਇਹ ਟੰਡਨ ਦਾ ਪਹਿਲਾ ਗਰੈਮੀ ਪੁਰਸਕਾਰ ਹੈ। ਇਸ ਤੋਂ ਪਹਿਲਾਂ ਟੰਡਨ ਨੂੰ 2009 ਵਿਚ ਸੋਲ ਕਾਲ ਨੂੰ ਲੈ ਕੇ ਗਰੈਮੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਨੂੰ ਮਰਨ ਉਪਰੰਤ ਗਰੈਮੀ ਪੁਰਸਕਾਰ ਦਿੱਤਾ ਗਿਆ। ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਤੇ ਅਮਰੀਕਾ ਦੇ 39ਵੇਂ ਰਾਸ਼ਟਰਪਤੀ ਜਿਮੀ ਕਾਰਟਰ ਦਾ 29 ਦਸੰਬਰ 2024 ਨੂੰ 100 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ।
National
ਦਿੱਲੀ ਵਿਧਾਨਸਭਾ ਚੋਣਾਂ ਲਈ ਪ੍ਰਚਾਰ ਖ਼ਤਮ, ਵੋਟਿੰਗ 5 ਨੂੰ
ਆਪਣੀ ਕਿਸਮਤ ਅਜਮਾ ਰਹੇ 699 ਉਮੀਦਵਾਰਾਂ ਦੀ ਅਗਨੀ ਪ੍ਰੀਖਿਆ ਸ਼ੁਰੂ
ਨਵੀਂ ਦਿੱਲੀ, 3 ਫਰਵਰੀ (ਸ.ਬ.) ਦਿੱਲੀ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ 5 ਵਜੇ ਖ਼ਤਮ ਹੋ ਗਿਆ ਹੈ। ਚੋਣ ਪ੍ਰਚਾਰ ਖ਼ਤਮ ਹੋਣ ਨਾਲ ਹੀ ਉਮੀਦਵਾਰਾਂ ਦੀ ਅਗਨੀ ਪ੍ਰੀਖਿਆ ਸ਼ੁਰੂ ਹੋ ਗਈ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ 699 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਵੀ ਸਾਰੀਆਂ ਸਿਆਸੀ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕਰਦੀਆਂ ਨਜ਼ਰ ਆਈਆਂ।
ਦਿੱਲੀ ਦੇ ਮੁੱਖ ਚੋਣ ਅਧਿਕਾਰੀ ਮੁਤਾਬਕ 5 ਫਰਵਰੀ ਨੂੰ 13,766 ਵੋਟਿੰਗ ਕੇਂਦਰਾਂ ਤੇ 1.56 ਕਰੋੜ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਨ੍ਹਾਂ ਵਿਚੋਂ 83.76 ਲੱਖ ਪੁਰਸ਼, 72.36 ਲੱਖ ਔਰਤਾਂ ਅਤੇ 1,267 ਤੀਜੇ ਲਿੰਗ ਵੋਟਰ ਹਨ। ਵੋਟਿੰਗ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ 733 ਪੋਲਿੰਗ ਸਟੇਸ਼ਨ ਦਿਵਿਆਂਗ ਵਿਅਕਤੀਆਂ ਲਈ ਰੱਖੇ ਗਏ ਹਨ। ਇਸ ਤੋਂ ਇਲਾਵਾ ਨੌਜਵਾਨਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ 70 ਵਿਸ਼ੇਸ਼ ਪੋਲਿੰਗ ਕੇਂਦਰ ਵੀ ਬਣਾਏ ਗਏ ਹਨ।
ਦਿੱਲੀ ਚੋਣਾਂ ਵਿਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਨੇ ਉਮੀਦਵਾਰ ਖੜ੍ਹੇ ਕੀਤੇ ਹਨ। ਕੁੱਲ 70 ਵਿਧਾਨ ਸਭਾ ਸੀਟਾਂ ਤੇ ਵੋਟਾਂ ਪੈਣਗੀਆਂ। ਵੋਟਿੰਗ ਨੂੰ ਆਸਾਨ ਬਣਾਉਣ ਲਈ ਸਾਰੇ ਜ਼ਿਲ੍ਹਾ ਚੋਣ ਅਧਿਕਾਰੀ ਰੰਗ-ਕੋਡ ਪ੍ਰਣਾਲੀ ਤਹਿਤ ਵੋਟਿੰਗ ਕੇਂਦਰਾਂ ਦੀ ਪਛਾਣ ਯਕੀਨੀ ਕਰਨਗੇ।
ਪਿਛਲੇ ਇੱਕ ਮਹੀਨੇ ਤੋਂ ਚਲ ਰਹੇ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਲਾ ਦਿੱਤੀ ਹੈ। ਇਸ ਦੌਰਾਨ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਜਨਤਕ ਮੀਟਿੰਗਾਂ, ਰੈਲੀਆਂ, ਰੋਡ ਸ਼ੋਅ ਅਤੇ ਪੈਦਲ ਯਾਤਰਾਵਾਂ ਕਰ ਕੇ ਸਵੇਰ ਤੋਂ ਸ਼ਾਮ ਤੱਕ ਜਨਸੰਪਰਕ ਕੀਤਾ।
ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਆਪਣੀ ਮੁਫ਼ਤ ਕਲਿਆਣਕਾਰੀ ਯੋਜਨਾਵਾਂ ਦੇ ਮਾਡਲ ਤੇ ਭਰੋਸਾ ਕਰਦਿਆਂ ਲਗਾਤਾਰ ਤੀਜੀ ਵਾਰ ਸੱਤਾ ਹਾਸਲ ਕਰਨ ਨੂੰ ਲੈ ਕੇ ਆਸਵੰਦ ਨਜ਼ਰ ਆ ਰਹੀ ਹੈ। 15 ਸਾਲ (2013 ਤੱਕ) ਸੱਤਾ ਸੰਭਾਲਣ ਵਾਲੀ ਕਾਂਗਰਸ ਪਿਛਲੀਆਂ ਦੋ ਚੋਣਾਂ ਵਿਚ ਇਕ ਵੀ ਸੀਟ ਨਹੀਂ ਜਿੱਤ ਸਕੀ ਸੀ ਅਤੇ ਜ਼ਮੀਨੀ ਪੱਧਰ ਤੇ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਤਰ੍ਹਾਂ ਭਾਜਪਾ ਵਲੋਂ 25 ਸਾਲ ਤੋਂ ਵੱਧ ਸਮੇਂ ਬਾਅਦ ਵੀ ਦਿੱਲੀ ਦੀ ਸੱਤਾ ਹਾਸਲ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਦਿਆਂ ਚੋਣ ਪ੍ਰਚਾਰ ਅਤੇ ਰੋਡ ਸ਼ੋਅ ਕੀਤੇ ਗਏ ਹਨ।
National
ਤੇਜ਼ ਰਫ਼ਤਾਰ ਕਾਰ ਤੇਲ ਟੈਂਕਰ ਨਾਲ ਟਕਰਾਈ, ਸੱਤ ਔਰਤਾਂ ਸਮੇਤ ਅੱਠ ਵਿਅਕਤੀ ਜ਼ਖ਼ਮੀ
ਅਮੇਠੀ, 3 ਫਰਵਰੀ (ਸ.ਬ.) ਅਮੇਠੀ ਜ਼ਿਲੇ ਵਿੱਚੋਂ ਲੰਘਦੇ ਪੂਰਵਾਂਚਲ ਐਕਸਪ੍ਰੈਸ ਵੇਅ ਤੇ ਸੜਕ ਹਾਦਸਾ ਵਾਪਰ ਗਿਆ, ਜਿੱਥੇ ਇਕ ਤੇਜ਼ ਰਫਤਾਰ ਕਾਰ ਸਾਹਮਣੇ ਤੋਂ ਜਾ ਰਹੇ ਇਕ ਤੇਲ ਟੈਂਕਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਸੱਤ ਔਰਤਾਂ ਸਮੇਤ ਅੱਠ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲੀਸ ਮੌਕੇ ਤੇ ਪਹੁੰਚ ਗਈ ਅਤੇ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਦੋ ਔਰਤਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਟਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ।
ਹੋਰ ਜ਼ਖਮੀਆਂ ਦਾ ਸਥਾਨਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਕਾਰ ਵਿਚ ਸਵਾਰ ਸਾਰੇ ਲੋਕ ਲਖਨਊ ਤੋਂ ਕੁਸ਼ੀਨਗਰ ਜਾ ਰਹੇ ਸਨ। ਦਰਅਸਲ, ਇਹ ਪੂਰਾ ਮਾਮਲਾ ਪੂਰਵਾਂਚਲ ਐਕਸਪ੍ਰੈਸ ਵੇਅ ਦੇ ਕਿਲੋਮੀਟਰ ਨੰਬਰ 67.5 ਦਾ ਹੈ, ਜਿੱਥੇ ਅੱਜ ਦੁਪਹਿਰ ਵੇਲੇ ਇੱਕ ਤੇਜ਼ ਰਫ਼ਤਾਰ ਈਕੋ ਵੈਨ ਕਾਰ ਸਾਹਮਣੇ ਤੋਂ ਜਾ ਰਹੇ ਭਾਰਤ ਪੈਟਰੋਲੀਅਮ ਦੇ ਟੈਂਕਰ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ ਅਤੇ ਕਾਰ ਵਿੱਚ ਬੈਠੀਆਂ 7 ਔਰਤਾਂ ਸਮੇਤ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬਜ਼ਾਰ ਸ਼ੁਕੁਲ ਪੁਲੀਸ ਮੌਕੇ ਤੇ ਪਹੁੰਚ ਗਈ ਅਤੇ ਸਾਰੇ ਜ਼ਖਮੀਆਂ ਨੂੰ ਪੀ.ਆਰ.ਵੀ ਗੱਡੀ ਵਿੱਚ ਲੈ ਕੇ ਬਾਜ਼ਾਰ ਸ਼ੁਕੁਲ ਸੀ.ਐਚ.ਸੀ. ਪਹੁੰਚਾਇਆ, ਜਿੱਥੇ ਸਾਰਿਆਂ ਦਾ ਇਲਾਜ ਸ਼ੁਰੂ ਕੀਤਾ ਗਿਆ, ਜਿੱਥੋਂ 2 ਔਰਤਾਂ ਦੀ ਹਾਲਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਟਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ। ਕਾਰ ਵਿਚ ਸਵਾਰ ਸਾਰੇ ਲੋਕ ਲਖਨਊ ਤੋਂ ਕੁਸ਼ੀਨਗਰ ਜਾ ਰਹੇ ਸਨ।
ਜ਼ਖ਼ਮੀਆਂ ਵਿੱਚ ਹਰਸ਼ਿਤਾ, ਗੁੜੀਆ, ਪੂਜਾ, ਖੁਸ਼ੀ ਰਾਏ, ਸ਼ਿਖਾ ਕੁਮਾਰੀ, ਵਾਹਨ ਚਾਲਕ ਇਰਸ਼ਾਦ ਅਲੀ, ਸਨੇਹਾ ਅਤੇ ਸੌਮਿਆ ਸ਼ਾਮਲ ਹਨ।
ਪੂਰੇ ਮਾਮਲੇ ਤੇ ਬਾਜ਼ਾਰ ਸ਼ੁਕੁਲ ਥਾਣਾ ਇੰਚਾਰਜ ਦਯਾਸ਼ੰਕਰ ਮਿਸ਼ਰਾ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਸਾਰੇ ਲੋਕ ਲਖਨਊ ਤੋਂ ਕੁਸ਼ੀਨਗਰ ਜਾ ਰਹੇ ਸਨ। ਜਿੱਥੇ ਕਾਰ ਬੇਕਾਬੂ ਹੋ ਕੇ ਟੈਂਕਰ ਨਾਲ ਟਕਰਾ ਗਈ। ਹਾਦਸੇ ਵਿੱਚ ਜ਼ਖਮੀ ਹੋਏ ਸਾਰੇ ਲੋਕਾਂ ਨੂੰ ਸੀਐਚਸੀ ਵਿੱਚ ਭਰਤੀ ਕਰਵਾਇਆ ਗਿਆ ਜਿੱਥੋਂ ਦੋ ਲੋਕਾਂ ਨੂੰ ਲਖਨਊ ਰੈਫਰ ਕਰ ਦਿੱਤਾ ਗਿਆ ਹੈ।
National
ਤੀਜੇ ਅੰਮ੍ਰਿਤ ਇਸ਼ਨਾਨ ਲਈ ਪੁੱਜੇ ਸ਼ਰਧਾਲੂਆਂ ਨੇ ਲਾਈ ਆਸਥਾ ਦੀ ਡੁੁਬਕੀ
ਮਹਾਂਕੁੰਭ ਨਗਰ, 3 ਫਰਵਰੀ (ਸ.ਬ.) ਮਹਾਂਕੁੰਭ ਦਾ ਤੀਜਾ ਅੰਮ੍ਰਿਤ ਇਸ਼ਨਾਨ ਅੱਜ ਬਸੰਤ ਪੰਚਮੀ ਮੌਕੇ ਤੜਕੇ ਸ਼ੁਰੂ ਹੋਇਆ, ਜਿਸ ਵਿੱਚ ਦੇਸ਼ ਅਤੇ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਗੰਗਾ, ਯਮੁਨਾ ਅਤੇ ਸਰਸਵਤੀ ਦੇ ਪਵਿੱਤਰ ਤ੍ਰਿਵੇਣੀ ਸੰਗਮ ਵਿੱਚ ਇਸ਼ਨਾਨ ਕਰਨ ਲਈ ਆ ਰਹੇ ਹਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ਼ਰਧਾਲੂਆਂ ਨੂੰ ਬਸੰਤ ਪੰਚਮੀ ਦੀਆਂ ਮੁਬਾਰਕਾਂ ਦਿੰਦੇ ਹੋਏ ਸੋਸ਼ਲ ਮੀਡੀਆ ਪਲੈਟਫਾਰਮ ਤੇ ਲਿਖਿਆ, ‘ਹਾਰਦਿਕ ਵਧਾਈ।’
ਸੂਚਨਾ ਡਾਇਰੈਕਟਰ ਸ਼ਿਸ਼ਿਰ ਨੇ ਦੱਸਿਆ ਕਿ ਯੋਗੀ ਆਦਿੱਤਿਆਨਾਥ ਲਖਨਊ ਸਥਿਤ ਆਪਣੀ ਸਰਕਾਰੀ ਰਿਹਾਇਸ਼ ਤੋਂ ਪ੍ਰਧਾਨ ਸਕੱਤਰ (ਗ੍ਰਹਿ) ਅਤੇ ਡੀਜੀਪੀ (ਡਾਇਰੈਕਟਰ ਜਨਰਲ ਆਫ ਪੁਲੀਸ) ਦੇ ਨਾਲ ਸਵੇਰੇ 3.30 ਵਜੇ ਤੋਂ ਮਹਾਂਕੁੰਭ ਦੇ ਇਸ਼ਨਾਨ ਨਾਲ ਸਬੰਧਤ ਪ੍ਰਬੰਧਾਂ ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤ ਸੰਚਾਰ ਨਿਰਵਿਘਨ ਜਾਰੀ ਹੈ ਅਤੇ ਪ੍ਰਥਮ ਅਖਾੜੇ ਨੇ ਆਪਣਾ ਰਵਾਇਤੀ ਇਸ਼ਨਾਨ ਸੰਪੂਰਨ ਕਰ ਲਿਆ ਹੈ। ਇਸ ਦੇ ਨਾਲ ਹੀ ਵੱਖ-ਵੱਖ ਅਖਾੜਿਆਂ ਦੇ ਨਾਗਾ ਸਾਧੂ ਵੀ ਅੰਮ੍ਰਿਤ ਇਸ਼ਨਾਨ ਕਰਨ ਲਈ ਸੰਗਮ ਘਾਟ ਪੁੱਜਣੇ ਸ਼ੁਰੂ ਹੋ ਗਏ ਹਨ। ਇਸ ਸਿਲਸਿਲੇ ਵਿੱਚ ਸਭ ਤੋਂ ਪਹਿਲਾਂ ਮਹਾਂਨਿਰਵਾਣੀ ਦੇ ਪੀਠਾਧੀਸ਼ਵਰ ਅਤੇ ਸੰਨਿਆਸੀ ਅਖਾੜੇ ਦੇ ਅਟਲ ਅਖਾੜੇ ਦੇ ਸਾਧੂਆਂ ਨੇ ਸੰਗਮ ਘਾਟ ਵਿੱਚ ਪਹੁੰਚ ਕੇ ਇਸ਼ਨਾਨ ਕੀਤਾ।
ਅਖਾੜਿਆਂ ਦੇ ਇਸ਼ਨਾਨ ਦੁਪਹਿਰ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਹ ਅੰਮ੍ਰਿਤ ਸੰਚਾਰ ਮੌਨੀ ਮੱਸਿਆ ਮੌਕੇ ਅੰਮ੍ਰਿਤ ਸੰਚਾਰ ਦੌਰਾਨ ਭਗਦੜ ਦੀ ਘਟਨਾ ਤੋਂ ਬਾਅਦ ਹੋ ਰਿਹਾ ਹੈ। ਮੌਨੀ ਮੱਸਿਆ ਤੇ ਭਗਦੜ ਦੀ ਘਟਨਾ ਵਿੱਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਅਤੇ 60 ਜ਼ਖਮੀ ਹੋ ਗਏ। ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅੱਜ ਸਵੇਰੇ 4 ਵਜੇ ਤੱਕ 17 ਲੱਖ ਤੋਂ ਵੱਧ ਲੋਕਾਂ ਨੇ ਇਸ਼ਨਾਨ ਕੀਤਾ, ਜਦਕਿ 13 ਜਨਵਰੀ ਤੋਂ ਹੁਣ ਤੱਕ ਕਰੀਬ 35 ਕਰੋੜ ਲੋਕ ਗੰਗਾ ਅਤੇ ਸੰਗਮ ਵਿੱਚ ਇਸ਼ਨਾਨ ਕਰ ਚੁੱਕੇ ਹਨ।
-
National1 month ago
ਨੇਪਾਲ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
International2 months ago
ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ
-
International2 months ago
15 ਸਾਲਾ ਵਿਦਿਆਰਥਣ ਵੱਲੋਂ ਸਕੂਲ ਵਿੱਚ ਗੋਲੀਬਾਰੀ, ਅਧਿਆਪਕ ਤੇ ਇੱਕ ਵਿਦਿਆਰਥੀ ਦੀ ਮੌਤ
-
National1 month ago
ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ, ਚਿਹਰੇ ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ
-
National1 month ago
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ : ਰਾਹੁਲ ਗਾਂਧੀ
-
International1 month ago
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਦਿਹਾਂਤ
-
International3 weeks ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International1 month ago
ਪਾਕਿਸਤਾਨ ਵੱਲੋਂ ਅਫ਼ਗ਼ਾਨਿਸਤਾਨ ਤੇ ਕੀਤੇ ਹਵਾਈ ਹਮਲੇ ਦੌਰਾਨ 15 ਵਿਅਕਤੀਆਂ ਦੀ ਮੌਤ