Connect with us

Mohali

ਝੂਠੇ ਪੁਲੀਸ ਮੁਕਾਬਲੇ ਵਿੱਚ ਫੌਜੀ ਸਮੇਤ ਦੋ ਨੌਜਵਾਨਾਂ ਨੂੰ ਮਾਰਨ ਵਾਲੇ ਐਸ.ਐਚ.ਓ ਅਤੇ ਥਾਣੇਦਾਰ ਨੂੰ ਉਮਰ ਕੈਦ

Published

on

 

 

ਦੋਸ਼ੀਆਂ ਨੂੰ ਸਵਾ ਦੋ-ਦੋ ਲੱਖ ਜੁਰਮਾਨਾ, ਸਾਬਕਾ ਐਸ.ਪੀ ਅਤੇ ਤਤਕਾਲੀ ਡੀ.ਐਸ.ਪੀ. ਨੂੰ ਸ਼ੱਕ ਦੇ ਅਧਾਰ ਤੇ ਬਰੀ ਕੀਤਾ

ਐਸ. ਏ. ਐਸ. ਨਗਰ, 4 ਫਰਵਰੀ (ਪਰਵਿੰਦਰ ਕੌਰ ਜੱਸੀ) ਸੀ. ਬੀ. ਆਈ. ਅਦਾਲਤ ਦੇ ਵਿਸ਼ੇਸ਼ ਜੱਜ ਰਾਕੇਸ਼ ਕੁਮਾਰ ਗੁਪਤਾ ਦੀ ਅਦਾਲਤ ਵਲੋਂ 1992 ਵਿੱਚ ਪੰਜਾਬ ਪੁਲੀਸ ਵਲੋਂ ਦੋ ਨੌਜਵਾਨਾਂ ਬਲਦੇਵ ਸਿੰਘ ਦੇਬਾ ਅਤੇ ਲਖਵਿੰਦਰ ਸਿੰਘ ਲੱਖਾ ਉਰਫ ਫੋਰਡ ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਦੇ ਮਾਮਲੇ ਵਿੱਚ ਉਸ ਸਮੇਂ ਦੇ ਐਸ. ਐਚ. ਓ ਮਜੀਠਾ ਰਹੇ ਗੁਰਭਿੰਦਰ ਸਿੰਘ ਅਤੇ ਸਾਬਕਾ ਏ. ਐਸ. ਆਈ ਪਰਸ਼ੋਤਮ ਸਿੰਘ ਨੂੰ ਕਤਲ ਦੀ ਧਾਰਾ 302 ਵਿੱਚ ਉਮਰ ਕੈਦ ਅਤੇ 2-2 ਲੱਖ ਰੁਪਏ ਜੁਰਮਾਨਾ, ਧਾਰਾ 218 ਵਿੱਚ 2-2 ਸਾਲ ਦੀ ਕੈਦ ਅਤੇ 25-25 ਹਜਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਇਸ ਮਾਮਲੇ ਵਿੱਚ ਅਦਾਲਤ ਵਲੋਂ ਐਸ. ਪੀ. ਰਿਟਾਇਰ ਚਮਨ ਲਾਲ ਅਤੇ ਉਸ ਸਮੇਂ ਰਹੇ ਡੀ. ਐਸ. ਪੀ ਐਸ.ਐਸ.ਸਿੱਧੂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ ਗਿਆ ਹੈ। ਸੀ.ਬੀ.ਆਈ. ਵਲੋਂ ਇਸ ਮਾਮਲੇ ਦੀ ਪੈਰਵਾਈ ਪਬਲਿਕ ਪ੍ਰਾਸੀਕਿਊਟਰ ਅਨਮੋਲ ਨਾਰੰਗ ਅਤੇ ਪੀੜਤ ਪਰਿਵਾਰਾਂ ਵਲੋਂ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਕਰ ਰਹੇ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਦੋ ਨੌਜਵਾਨਾਂ ਨੂੰ 13.9.1992 ਨੂੰ ਮਜੀਠਾ ਅਤੇ ਅੰਮ੍ਰਿਤਸਰ ਦੀ ਪੁਲੀਸ ਪਾਰਟੀ ਨੇ ਪੁਲੀਸ ਮੁਕਾਬਲੇ ਵਿਚ ਮਾਰੇ ਗਏ ਦਿਖਾਇਆ ਸੀ। ਉਸ ਸਮੇਂ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਵਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਦੋਵੇਂ ਕੱਟੜ ਅੱਤਵਾਦੀ ਸਨ, ਜਿਨ੍ਹਾਂ ਦੇ ਸਿਰ ਤੇ ਇਨਾਮ ਸੀ ਅਤੇ ਉਹ ਕਤਲ, ਜਬਰੀ ਵਸੂਲੀ, ਲੁੱਟ-ਖਸੁੱਟ ਆਦਿ ਦੇ ਮਾਮਲਿਆਂ ਵਿਚ ਸ਼ਾਮਲ ਸਨ। ਉਕਤ ਨੌਜਵਾਨਾਂ ਉੱਤੇ ਹਰਭਜਨ ਸਿੰਘ ਉਰਫ਼ ਸ਼ਿੰਡੀ ਜੋ ਕਿ ਪੰਜਾਬ ਦੀ ਬੇਅੰਤ ਸਿੰਘ ਸਰਕਾਰ ਵਿਚ ਤਤਕਾਲੀ ਕੈਬਨਿਟ ਮੰਤਰੀ ਗੁਰਮੇਜ ਸਿੰਘ ਦੇ ਪੁੱਤਰ ਦੇ ਕਤਲ ਦਾ ਦੋਸ਼ ਸੀ।

ਸੀ. ਬੀ. ਆਈ. ਵਲੋਂ ਇਸ ਮਾਮਲੇ ਦੀ ਜਾਂਚ 1995 ਵਿਚ ਸੁਪਰੀਮ ਕੋਰਟ ਦੇ ਹੁਕਮਾਂ ਤੇ ਕੀਤੀ ਗਈ ਸੀ। ਸੀ. ਬੀ. ਆਈ. ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਬਲਦੇਵ ਸਿੰਘ ਉਰਫ਼ ਦੇਬਾ ਜੋ ਕਿ ਭਾਰਤੀ ਫੌਜ ਵਿਚ ਬਤੌਰ ਸਿਪਾਹੀ ਸ਼੍ਰੀਨਗਰ ਸਟੇਸ਼ਨ ਵਿਖੇ ਤੈਨਾਤ ਸੀ, ਕੁਝ ਦਿਨਾਂ ਦੀ ਛੁੱਟੀ ਤੇ ਆਪਣੇ ਘਰ ਆਇਆ ਹੋਇਆ ਸੀ ਅਤੇ ਉਸਨੂੰ 6.9.1992 ਨੂੰ ਪਿੰਡ ਬਾਸਰਕੇ ਭੈਣੀ ਵਿਖੇ ਉਸਦੇ ਘਰ ਤੋਂ ਐਸ. ਆਈ. ਮਹਿੰਦਰ ਸਿੰਘ ਅਤੇ ਹਰਭਜਨ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਚੁੱਕਿਆ ਸੀ। ਬਲਦੇਵ ਸਿੰਘ ਇਸੇ ਤਰ੍ਹਾਂ ਲਖਵਿੰਦਰ ਸਿੰਘ ਉਰਫ਼ ਲੱਖਾ ਫੋਰਡ ਵਾਸੀ ਪਿੰਡ ਸੁਲਤਾਨਵਿੰਡ ਨੂੰ ਵੀ 12.9.1992 ਨੂੰ ਅੰਮ੍ਰਿਤਸਰ ਦੇ ਪ੍ਰੀਤ ਨਗਰ ਵਿਖੇ ਉਸਦੇ ਕਿਰਾਏ ਦੇ ਘਰ ਤੋਂ ਕੁਲਵੰਤ ਸਿੰਘ ਦੇ ਨਾਲ ਐਸ. ਆਈ. ਗੁਰਭਿੰਦਰ ਸਿੰਘ ਥਾਣਾ ਮਜੀਠਾ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਗ੍ਰਿਫ਼ਤਾਰ ਕੀਤਾ ਸੀ, ਪਰ ਬਾਅਦ ਵਿਚ ਕੁਲਵੰਤ ਸਿੰਘ ਨੂੰ ਛੱਡ ਦਿੱਤਾ ਗਿਆ।

ਜਾਂਚ ਦੌਰਾਨ ਸੀ.ਬੀ.ਆਈ ਨੇ ਪਾਇਆ ਕਿ ਥਾਣਾ ਛੇਹਰਟਾ ਦੀ ਪੁਲੀਸ ਨੇ ਦੇਬਾ ਅਤੇ ਲੱਖਾ ਨੂੰ ਮੰਤਰੀ ਦੇ ਪੁੱਤਰ ਦੇ ਕਤਲ ਕੇਸ ਵਿਚ ਝੂਠਾ ਫਸਾਇਆ ਸੀ, ਜਿਸਦੀ 23.7.1992 ਨੂੰ ਹੱਤਿਆ ਕਰ ਦਿੱਤੀ ਗਈ ਸੀ ਅਤੇ 12.9.1992 ਨੂੰ ਛੇਹਰਟਾ ਪੁਲੀਸ ਨੇ ਉਸ ਕਤਲ ਕੇਸ ਵਿਚ ਬਲਦੇਵ ਸਿੰਘ ਉਰਫ ਦੇਬਾ ਦੀ ਗ੍ਰਿਫ਼ਤਾਰੀ ਦਿਖਾਈ ਸੀ ਅਤੇ 13.9.1992 ਨੂੰ ਦੋਵਾਂ ਨੂੰ ਮਾਰ ਦਿੱਤਾ ਗਿਆ ਸੀ ਅਤੇ ਪੁਲੀਸ ਨੇ ਕਹਾਣੀ ਘੜ ਦਿੱਤੀ ਸੀ ਕਿ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਲਈ ਪਿੰਡ ਸੰਸਾਰਾ ਨੇੜੇ ਬਲਦੇਵ ਸਿੰਘ ਉਰਫ ਦੇਬਾ ਨੂੰ ਲਿਜਾਂਦੇ ਸਮੇਂ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ, ਜਿਸ ਵਿੱਚ ਬਲਦੇਵ ਸਿੰਘ ਉਰਫ ਦੇਬਾ ਅਤੇ ਇਕ ਹੋਰ ਹਮਲਾਵਰ ਮਾਰਿਆ ਗਿਆ, ਜਿਸਦੀ ਬਾਅਦ ਵਿਚ ਪਛਾਣ ਲਖਵਿੰਦਰ ਸਿੰਘ ਉਰਫ ਲੱਖਾ ਉਰਫ ਫੋਰਡ ਵਜੋਂ ਹੋਈ।

ਸੀ.ਬੀ.ਆਈ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਦੋਵਾਂ ਨੌਜਵਾਨਾਂ ਨੂੰ ਉਹਨਾਂ ਦੇ ਘਰਾਂ ਤੋਂ ਚੁੱਕਿਆ ਗਿਆ, ਗੈਰ-ਕਾਨੂੰਨੀ ਹਿਰਾਸਤ ਵਿਚ ਰੱਖਿਆ ਗਿਆ ਅਤੇ ਫਿਰ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ ਗਿਆ। ਸੀ. ਬੀ. ਆਈ ਨੇ ਇਹ ਵੀ ਪਾਇਆ ਕਿ ਪੁਲੀਸ ਦੁਆਰਾ ਦਿਖਾਏ ਗਏ ਮੁਕਾਬਲੇ ਦੀ ਕਥਿਤ ਘਟਨਾ ਸਮੇਂ ਪੁਲੀਸ ਵਾਹਨਾਂ ਦੇ ਦੌਰੇ ਸੰਬੰਧੀ ਲਾਗ ਬੁੱਕਾਂ ਵਿਚ ਕੋਈ ਐਂਟਰੀ ਨਹੀਂ ਸੀ। ਪੁਲੀਸ ਵਲੋਂ ਇਹ ਵੀ ਦਿਖਾਇਆ ਗਿਆ ਸੀ ਕਿ ਮੁਕਾਬਲੇ ਦੌਰਾਨ ਮਾਰੇ ਗਏ ਅਣਪਛਾਤੇ ਹਮਲਾਵਰ ਅੱਤਵਾਦੀ ਦੀ ਪਛਾਣ ਜ਼ਖਮੀ ਬਲਦੇਵ ਸਿੰਘ ਦੇਬਾ ਨੇ ਕੀਤੀ ਸੀ, ਹਾਲਾਂਕਿ ਦੇਬਾ ਦੀ ਪੋਸਟਮਾਰਟਮ ਰਿਪੋਰਟ ਅਨੁਸਾਰ ਉਸਦੀ ਤੁਰੰਤ ਮੌਤ ਹੋ ਗਈ ਸੀ, ਇਸ ਲਈ ਉਸਦੀ ਪਛਾਣ ਦੀ ਦਲੀਲ ਨਹੀਂ ਬਣਦੀ।

ਸੀ.ਬੀ.ਆਈ ਵਲੋਂ 30.8.1999 ਨੂੰ ਸੀ. ਬੀ. ਆਈ. ਨੇ ਐਸ. ਐਸ. ਸਿੱਧੂ, ਹਰਭਜਨ ਸਿੰਘ, ਮਹਿੰਦਰ ਸਿੰਘ, ਪਰਸ਼ੋਤਮ ਲਾਲ, ਚਮਨ ਲਾਲ, ਗੁਰਭਿੰਦਰ ਸਿੰਘ, ਮੋਹਨ ਸਿੰਘ, ਪਰਸ਼ੋਤਮ ਸਿੰਘ ਅਤੇ ਜੱਸਾ ਸਿੰਘ ਵਿਰੁੱਧ ਅਗਵਾ, ਅਪਰਾਧਿਕ ਸਾਜ਼ਿਸ਼, ਕਤਲ, ਝੂਠਾ ਰਿਕਾਰਡ ਤਿਆਰ ਕਰਨ ਦੇ ਦੋਸ਼ਾਂ ਤਹਿਤ ਚਾਰਜਸ਼ੀਟ ਦਾਇਰ ਕੀਤੀ ਸੀ, ਪਰ 2022 ਤੋਂ ਬਾਅਦ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਸਨ ਕਿਉਂਕਿ ਉਸ ਸਮੇਂ ਦੌਰਾਨ ਉਚ ਅਦਾਲਤਾਂ ਦੇ ਹੁਕਮਾਂ ਤੇ ਕੇਸ ਤੇ ਰੋਕ ਲੱਗੀ ਰਹੀ ਸੀ।

ਪੀੜਤ ਪਰਿਵਾਰ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਕਿਹਾ ਕਿ ਭਾਵੇਂ ਸੀ. ਬੀ. ਆਈ. ਨੇ ਇਸ ਮਾਮਲੇ ਵਿਚ 37 ਗਵਾਹਾਂ ਦਾ ਹਵਾਲਾ ਦਿੱਤਾ ਸੀ ਪਰ ਮੁਕੱਦਮੇ ਦੌਰਾਨ ਸਿਰਫ਼ 19 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ ਕਿਉਂਕਿ ਸੀ. ਬੀ. ਆਈ ਵਲੋਂ ਦੱਸੇ ਗਏ ਜ਼ਿਆਦਾਤਰ ਗਵਾਹਾਂ ਦੀ ਮੌਤ ਚੱਲ ਰਹੇ ਮੁਕੱਦਮੇ ਦੌਰਾਨ ਹੋਈ ਸੀ ਅਤੇ ਅੰਤ ਵਿਚ 32 ਸਾਲਾਂ ਬਾਅਦ ਇਨਸਾਫ਼ ਮਿਲਿਆ। ਇਸੇ ਤਰ੍ਹਾਂ ਇਸ ਦੇਰੀ ਨਾਲ ਹੋਏ ਮੁਕੱਦਮੇ ਦੌਰਾਨ, ਮੁਲਜ਼ਮ ਹਰਭਜਨ ਸਿੰਘ, ਮਹਿੰਦਰ ਸਿੰਘ, ਪਰਸ਼ੋਤਮ ਲਾਲ, ਮੋਹਨ ਸਿੰਘ ਅਤੇ ਜੱਸਾ ਸਿੰਘ ਦੀ ਵੀ ਮੌਤ ਹੋ ਗਈ ਸੀ।

Mohali

ਲੁਟੇਰਿਆਂ ਨੇ ਪਿਸਤੋਲ ਦਿਖਾ ਕੇ ਸਵਿਫਟ ਕਾਰ ਖੋਹੀ, ਮਾਮਲਾ ਦਰਜ

Published

on

By

 

ਐਸ ਏ ਐਸ ਨਗਰ, 13 ਮਾਰਚ (ਪਰਵਿੰਦਰ ਕੌਰ ਜੱਸੀ) ਮੁਹਾਲੀ ਵਿਚਲੇ ਫੇਜ਼ 2 ਵਿਖੇ 4 ਲੁਟੇਰਿਆਂ ਵਲੋਂ ਪਿਸਤੋਲ ਦਿਖਾ ਕੇ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਕਾਰ ਚਾਲਕ ਨਵਦੀਪ ਨੇ ਥਾਣਾ ਫੇਜ਼ 1 ਦੀ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਦੀਪਕ ਪਾਰਿਕ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਵਿਰੁਧ ਲੁੱਟ ਖੋਹ ਦੀਆਂ ਧਾਰਾਵਾਂ 309 (4), 3(5), 24 ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨਾਂ ਦੱਸਿਆ ਕਿ ਉਕਤ ਜਗਾ ਦੇ ਆਸ ਪਾਸ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਦੀ ਫੁਟੇਜ ਹਾਸਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਉਕਤ ਲੁਟੇਰਾ ਗਿਰੋਹ ਨੂੰ ਕਾਬੂ ਕਰ ਲਿਆ ਜਾਵੇਗਾ।

ਉਕਤ ਘਟਨਾ ਰਾਤ ਕਰੀਬ ਸਾਢੇ 12 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਵਦੀਪ ਟੈਕਸੀ ਚਲਾਉਂਦਾ ਹੈ। ਬੀਤੀ ਰਾਤ ਉਹ ਦੇਹਰਾਦੂਨ ਤੋਂ ਫੇਜ਼ 2 ਦੇ ਬਸੀ ਸਿਨੇਮਾ ਦੇ ਨਜ਼ਦੀਕ ਆਪਣੇ ਦਫਤਰ ਦੇ ਬਾਹਰ ਪਹੁੰਚਿਆ ਅਤੇ ਅਤੇ ਸਵਿਫਟ ਕਾਰ ਖੜੀ ਕਰ ਦਿੱਤੀ। ਇਸ ਦੌਰਾਨ ਉਥੇ ਪਹਿਲਾਂ ਤੋਂ ਮੌਜੂਦ 4 ਵਿਅਕਤੀ ਉਸ ਕੋਲ ਆਏ ਅਤੇ ਉਸ ਨਾਲ ਹੱਥੋਪਾਈ ਕਰਨ ਲੱਗ ਪਏ। ਉਸ ਨੇ ਜਦੋਂ ਕਾਰ ਦੀ ਚਾਬੀ ਦੇਣ ਤੋਂ ਇਨਕਾਰ ਕੀਤਾ ਤਾਂ ਉਕਤ ਵਿਅਕਤੀਆਂ ਨੇ ਉਸ ਨੂੰ ਪਿਸਤੋਲ ਦਿਖਾਈ ਅਤੇ ਜਾਨ ਤੋਂ ਮਾਰਨ ਦੀ ਧਮਕੀ ਦਿੰਦਿਆਂ ਉਸ ਦੀ ਕਾਰ ਖੋਹ ਕੇ ਫਰਾਰ ਹੋ ਗਏ।

Continue Reading

Mohali

ਪੰਜਾਬ ਸਰਕਾਰ ਨੇ ਪੁਲੀਸ ਅਧਿਕਾਰੀਆਂ ਨੂੰ ਤਰੱਕੀ ਤਾਂ ਦੇ ਦਿੱਤੀ, ਪਰ ਤੈਨਾਤੀ ਕਿਸੇ ਨੂੰ ਨਹੀਂ ਮਿਲੀ

Published

on

By

 

ਪੁਲੀਸ ਥਾਣਿਆਂ ਦੀ ਨਫਰੀ ਵੀ ਘੱਟ, ਪੁਲੀਸ ਵਿਭਾਗ ਵਿੱਚ ਸੇਵਾਮੁਕਤੀ ਨੂੰ ਲੈ ਕੇ ਹੋਵੇ ਨਵੀਂ ਭਰਤੀ : ਮਹਿੰਦਰ ਸਿੰਘ

ਐਸ ਏ ਐਸ ਨਗਰ, 13 ਮਾਰਚ (ਪਰਵਿੰਦਰ ਕੌਰ ਜੱਸੀ) ਪੰਜਾਬ ਦੇ ਵੱਖ ਵੱਖ ਥਾਣਿਆਂ ਵਿੱਚ ਪੁਲੀਸ ਦੀ ਨਫਰੀ ਘੱਟ ਹੋਣ ਕਾਰਨ ਅਤੇ ਪੰਜਾਬ ਸਰਕਾਰ ਵਲੋਂ ਪਰਮੋਟ ਕੀਤੇ ਗਏ ਐਸ. ਪੀ., ਡੀ. ਐਸ. ਪੀਜ਼ ਦੀ ਕਿਸੇ ਵੀ ਸਟੇਸ਼ਨ ਤੇ ਤੈਨਾਤੀ ਨਾ ਕਰਨ ਤੇ ਪੰਜਾਬ ਪੁਲੀਸ ਦੇ ਕੰਮਕਾਜ ਵਿੱਚ ਖੜੋਤ ਆਉਂਦੀ ਦਿਖ ਰਹੀ ਹੈ। ਪੰਜਾਬ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ 50 ਦੇ ਕਰੀਬ ਡੀ. ਐਸ. ਪੀ. ਅਤੇ 30 ਦੇ ਕਰੀਬ ਐਸ. ਪੀਜ਼ ਨੂੰ ਪਰਮੋਟ ਕੀਤਾ ਗਿਆ ਸੀ ਪ੍ਰੰਤੂ ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਵਿੱਚੋਂ ਸਾਰੇ ਪੁਲੀਸ ਅਧਿਕਾਰੀਆਂ ਦੀ ਹਾਲੇ ਕਿਸੇ ਵੀ ਸਟੇਸ਼ਨ ਤੇ ਤੈਨਾਤੀ ਨਹੀਂ ਕੀਤੀ ਗਈ। ਤੈਨਾਤੀ ਨਾ ਹੋਣ ਕਾਰਨ ਕਈ ਜਿਲਿਆਂ ਵਿੱਚ ਪੁਲੀਸ ਅਧਿਕਾਰੀ ਕਈ ਕਈ ਵਿਭਾਗਾਂ ਦਾ ਕੰਮ ਦੇਖ ਰਹੇ ਹਨ, ਜਿਸ ਕਾਰਨ ਕੰਮ ਪ੍ਰਭਾਵਤ ਹੋ ਰਿਹਾ ਹੈ।

ਇਸ ਸਬੰਧੀ ਪੰਜਾਬ ਪੁਲੀਸ ਪੈਨਸ਼ਨਰਜ ਐਸੋਸੀਏਸ਼ਨ (ਪੰਜਾਬ) ਦੇ ਜਰਨਲ ਸਕੱਤਰ ਰਿਟਾਇਰਡ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਪੁਲੀਸ ਵਿੱਚ ਜਿੰਨੇ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੇਵਾਮੁਕਤੀ ਹੋ ਰਹੀ ਹੈ, ਉਸ ਮੁਤਾਬਕ ਪੁਲੀਸ ਦੀ ਭਰਤੀ ਨਹੀਂ ਹੋ ਰਹੀ। ਉਨਾਂ ਕਿਹਾ ਕਿ ਦਿਨ ਬ ਦਿਨ ਕ੍ਰਾਈਮ ਵਧ ਰਿਹਾ ਹੈ, ਪੁਲੀਸ ਥਾਣਿਆਂ ਦਾ ਖੇਤਰ ਵਧ ਰਿਹਾ ਹੈ ਅਤੇ ਆਬਾਦੀ ਵਿੱਚ ਵੀ ਵਾਧਾ ਹੋ ਰਿਹਾ ਹੈ ਪ੍ਰੰਤੂ ਇਸਦੇ ਉਲਟ ਪੰਜਾਬ ਦੇ ਥਾਣਿਆਂ ਦੀ ਨਫਰੀ ਨਾ ਮਾਤਰ ਹੈ।

ਉਨਾਂ ਕਿਹਾ ਕਿ ਜਿਹੜੇ ਪੁਲੀਸ ਕਰਮਚਾਰੀ ਇਸ ਸਮੇਂ ਥਾਣਿਆਂ ਵਿੱਚ ਤੈਨਾਤ ਹਨ, ਉਹ ਵੀ. ਵੀ. ਆਪੀ ਡਿਊਟੀ, ਕੋਰਟ ਕਚਹਿਰੀ ਅਤੇ ਹੋਰਨਾਂ ਕੰਮਾ ਵਿੱਚ ਮਸਰੂਫ ਰਹਿੰਦੇ ਹਨ, ਜਿਸ ਕਾਰਨ ਆਮ ਵਿਅਕਤੀ ਦੀ ਸ਼ਿਕਾਇਤ ਦਾ ਨਿਪਟਾਰਾ ਹੋਣ ਵਿੱਚ ਕਈ ਕਈ ਦਿਨ ਲੱਗ ਜਾਂਦੇ ਹਨ ਅਤੇ ਲੋਕ ਥਾਣੇ ਜਾ ਕੇ ਆਪਣੀ ਸ਼ਿਕਾਇਤ ਦੇਣ ਤੋਂ ਇਸ ਲਈ ਕਤਰਾਉਂਦੇ ਹਨ, ਕਿਉਂਕਿ ਉਨਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸz. ਮਹਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਪੁਲੀਸ ਕਰਮਚਾਰੀਆਂ ਅਤੇ ਅਫਸਰਾਂ ਨੂੰ 55 ਸਾਲ ਦੀ ਉਮਰ ਤੋਂ ਬਾਅਦ 3 ਸਾਲ ਦੀ ਐਕਸਟੈਂਨਸ਼ਨ ਲੈਣੀ ਪੈਂਦੀ ਹੈ, ਪ੍ਰੰਤੂ ਕੰਮ ਕਾਰ ਦੇ ਬੋਝ ਕਾਰਨ ਪੁਲੀਸ ਕਰਮਚਾਰੀ 55 ਸਾਲ ਦੀ ਉਮਰ ਵਿੱਚ ਰਿਟਾਇਰਮੈਂਟ ਲੈਣ ਨੂੰ ਮਜ਼ਬੂਰ ਹੋ ਰਹੇ ਹਨ।

ਉਨਾਂ ਕਿਹਾ ਕਿ ਇਕ ਥਾਣੇ ਵਿੱਚ ਦਿੱਤੀ ਜਾਂਦੀ ਸੈਂਕਸ਼ਨ ਮੁਤਾਬਕ ਪੁਲੀਸ ਕਰਮਚਾਰੀਆਂ ਦੀ ਨਫਰੀ ਹੈ ਹੀ ਨਹੀਂ ਅਤੇ ਪੁਲੀਸ ਕਰਮਚਾਰੀ ਅੱਜ ਦੇ ਸਮੇਂ ਵਿੱਚ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਰਹੇ ਹਨ। ਉਨਾਂ ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਨੂੰ ਅਪੀਲ ਕੀਤੀ ਕਿ ਜਿਹੜੇ ਪੁਲੀਸ ਅਧਿਕਾਰੀਆਂ ਨੂੰ ਪਰਮੋਟ ਕੀਤਾ ਗਿਆ ਹੈ, ਉਨਾਂ ਦੀ ਤੈਨਾਤੀ ਤੁਰੰਤ ਕੀਤੀ ਜਾਵੇ ਤਾਂ ਜੋ ਪੁਲੀਸ ਵਿਭਾਗ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਸਕੇ। ਉਨਾਂ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਵੀ ਅਪੀਲ ਕੀਤੀ ਕਿ ਰਿਟਾਇਰਮੈਂਟ ਦੇ ਮੁਤਾਬਕ ਪੁਲੀਸ ਵਿਭਾਗ ਵਿੱਚ ਭਰਤੀ ਕੀਤੀ ਜਾਵੇ।

 

ਪੰਜਾਬ ਪੁਲੀਸ ਦੇ ਕੰਮਕਾਜ ਬਾਰੇ ਹਾਈਕੋਰਟ ਵਲੋਂ ਵੀ ਪ੍ਰਗਟਾਈ ਗਈ ਹੈ ਨਾਰਾਜਗੀ

ਇੱਥੇ ਜਿਕਰਯੋਗ ਹੈ ਕਿ ਪਿਛਲੇ ਦਿਨੀਂ ਹਾਈਕੋਰਟ ਵਲੋਂ ਵੀ ਪੰਜਾਬ ਪੁਲੀਸ ਦੇ ਕੰਮਕਾਜ ਤੇ ਨਾਰਾਜਗੀ ਪ੍ਰਗਟ ਕਰਦਿਆਂ ਡੀ. ਜੀ. ਪੀ ਪੰਜਾਬ ਨੂੰ ਸਖਤ ਹਦਾਇਤਾਂ ਦਿੱਤੀਆਂ ਸਨ ਕਿ ਪਿਛਲੇ ਤਿੰਨ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਕਈ ਐਫ. ਆਈ. ਆਰਜ ਦੀ ਜਾਂਚ ਲਟਕੀ ਪਈ ਹੈ। ਹਾਈਕੋਰਟ ਨੇ ਆਪਣੀ ਟਿੱਪਣੀ ਵਿੱਚ ਕਿਹਾ ਹੈ ਕਿ ਐਸ. ਐਸ. ਪੀ. ਅਤੇ ਹੋਰ ਅਧਿਕਾਰੀਆਂ ਵਲੋਂ ਆਪਣੀਆਂ ਜਿਮੇਵਾਰੀਆਂ ਨਹੀਂ ਨਿਭਾਈਆਂ ਜਾ ਰਹੀਆਂ। ਕਿਸੇ ਕੇਸ ਵਿੱਚ ਡਾਕਟਰੀ ਰਿਪੋਰਟ ਨਹੀਂ ਆਈ, ਕਈ ਕੇਸਾਂ ਵਿੱਚ ਰਿਕਾਰਡ ਗਾਇਬ ਹੈ ਅਤੇ ਕਈ ਫਾਇਲਾਂ ਦੁਬਾਰਾ ਬਣਾਉਣ ਦੀ ਪ੍ਰਕ੍ਰਿਆ ਵਿਚ ਹਨ। ਕਈ ਮਾਮਲਿਆਂ ਵਿੱਚ ਹਜਾਰਾਂ ਦੋਸ਼ੀ ਫਰਾਰ ਹਨ ਅਤੇ ਭਗੌੜਾ ਐਲਾਨਣ ਤੋਂ ਬਾਅਦ ਵੀ ਪੁਲੀਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਹਾਈਕੋਰਟ ਵਲੋਂ ਪੰਜਾਬ ਪੁਲੀਸ ਵਿਭਾਗ ਦੇ ਕੰਮਕਾਜ ਦੇ ਸਬੰਧ ਵਿੱਚ ਨਾਰਾਜਗੀ ਪ੍ਰਗਟ ਕਰਦਿਆਂ ਕਿਹਾ ਕਿ ਪੁਲੀਸ ਵਲੋਂ ਲੰਬਿਤ ਮਾਮਲਿਆ ਦੀ ਪੂਰੀ ਸੂਚੀ ਅਦਾਲਤ ਵਿੱਚ ਪੇਸ਼ ਕੀਤੀ ਜਾਵੇ।

Continue Reading

Mohali

ਸ਼ਹਿਰ ਦੀ ਖੂਬਸੂਰਤੀ ਨਾਲ ਖਿਲਵਾੜ ਕਰਨ ਦੀ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ ਇਜਾਜ਼ਤ : ਕੁਲਵੰਤ ਸਿੰਘ

Published

on

By

 

ਐਸ ਏ ਐਸ ਨਗਰ, 13 ਮਾਰਚ (ਸ.ਬ.) ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਸ਼ਹਿਰ ਦੀ ਖੂਬਸੂਰਤੀ ਨਾਲ ਖਿਲਵਾੜ ਕਰਨ ਦੀ ਇਜਾਜਤ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ। ਕੰਨਫਡਰੇਸ਼ਨ ਆਫ ਰੈਜੀਡੈਂਸ਼ਅਲ ਵੈਲਫੇਅਰ ਐਸੋਸੀਏਸ਼ਨ ਮੁਹਾਲੀ ਦੇ ਨੁਮਾਇੰਦਿਆਂ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਕਰਨ ਲਈ ਕੀਤੀ ਇੱਕ ਮੀਟਿੰਗ ਦੌਰਾਨ ਉਹਨਾਂ ਕਿਹਾ ਕਿ ਸ਼ਹਿਰ ਵਿੱਚ ਚੋਰੀਆਂ ਨੂੰ ਰੋਕਣ ਅਤੇ ਸੜਕ ਹਾਦਸਿਆਂ ਤੋਂ ਨਿਜਾਤ ਪਾਉਣ ਦੇ ਲਈ ਸ਼ਹਿਰ ਵਿੱਚ ਜਿੱਥੇ ਵੱਡੇ ਪੱਧਰ ਤੇ ਲੱਗ ਰਹੇ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਸਮਾਜ ਵਿਰੋਧੀ ਅਨਸਰਾਂ ਉੱਤੇ ਨਿਗਾਹ ਰੱਖੀ ਜਾ ਰਹੀ ਹੈ ਉੱਥੇ ਚੌਂਕ ਬਣ ਰਹੇ ਹਨ ਅਤੇ ਸੜਕਾਂ ਚੌੜੀਆਂ ਕੀਤੀਆਂ ਜਾ ਰਹੀਆਂ ਹਨ।

ਇਸ ਮੌਕੇ ਸੰਸਥਾ ਦੇ ਪੈਟਰਨ ਐਮ. ਐਸ. ਔਜਲਾ ਅਤੇ ਪ੍ਰਧਾਨ ਕੇ. ਕੇ. ਸੈਣੀ ਦੀ ਅਗਵਾਈ ਹੇਠ ਵਿਧਾਇਕ ਨੂੰ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਸz. ਕੁਲਵੰਤ ਸਿੰਘ ਨੇ ਕਿਹਾ ਕਿ ਐਸੋਸੀਏਸ਼ਨ ਦੀਆਂ ਸਾਰੀਆਂ ਮੰਗਾਂ ਤੇ ਗੌਰ ਕੀਤਾ ਜਾਵੇਗਾ ਅਤੇ ਇਹਨਾਂ ਨੂੰ ਪੂਰਾ ਕੀਤਾ ਜਾਵੇਗਾ।

ਮੰਗ ਪੱਤਰ ਦੇ ਵਿੱਚ ਸ਼ਹਿਰ ਵਿੱਚ ਸਫਾਈ ਸਹੀ ਤਰੀਕੇ ਨਾ ਹੋਣ ਕਾਰਨ ਜਗ੍ਹਾ-ਜਗ੍ਹਾ ਤੇ ਕਚਰੇ ਨੂੰ ਲੈ ਕੇ ਠੇਕੇਦਾਰ ਵੱਲੋਂ ਕੀਤੀ ਜਾਂਦੀ ਸਫਾਈ ਦੀ ਨਿਗਰਾਨੀ ਕਰਨ, ਵੱਧ ਰਹੀਆਂ ਚੋਰੀਆਂ ਦੀ ਰੋਕਥਾਮ ਕਰਨ ਲਈ ਲੋੜੀਂਦੀ ਕਾਰਵਾਈ ਕਰਨ, ਸੜਕਾਂ ਵਿੱਚ ਪਏ ਖੱਡਿਆਂ ਨੂੰ ਛੇਤੀ ਭਰਨ, ਨਗਰ ਨਿਗਮ ਦੀਆਂ ਪਾਰਕਾਂ ਨੂੰ ਮੈਡੀਸਨਲ ਪਲਾਂਟ ਪਾਰਕ ਬਣਾਉਣ, ਮਾਨਵਤਾ ਦੀ ਸੇਵਾ ਦੇ ਪੁੰਜ ਭਾਈ ਘਨਈਆ ਜੀ ਦੇ ਨਾਮ ਤੇ ਚੌਂਕ ਅਤੇ ਉਨ੍ਹਾਂ ਦਾ ਬੁੱਤ ਬਣਾਉਣੇ ਅਤੇ ਨਿਗਮ ਵੱਲੋਂ ਬਰਸਾਤਾਂ ਵਿੱਚ ਲਗਵਾਏ ਰੁੱਖਾਂ ਦੀ ਨਿਗਰਾਨੀ ਕਰਨ ਸਬੰਧੀ ਕਮੇਟੀ ਬਣਾਉਣ ਦੀ ਮੰਗ ਕੀਤੀ ਗਈ ਹੈ।

ਵਫਦ ਦੇ ਮੈਂਬਰਾਂ ਨੇ ਕਿਹਾ ਕਿ ਸੜਕਾਂ ਤੇ ਲੱਗੇ ਖੰਭਿਆਂ ਅਤੇ ਬੋਰਡਾਂ ਤੇ ਅਣ-ਅਧਿਕਾਰਿਤ ਇਸ਼ਤਿਹਾਰ ਲੱਗੇ ਹੋਏ ਹਨ ਜਿਹੜੇ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਸ਼ਹਿਰ ਦੀ ਖੂਬਸੂਰਤੀ ਘੱਟਦੀ ਹੈ। ਇਸਦੇ ਨਾਲ ਹੀ ਫੁਟਪਾਥਾਂ ਦੀ ਸਫਾਈ ਕਰਨ, ਆਵਾਰਾ ਕੁੱਤਿਆਂ ਨੂੰ ਰੱਖਣ ਵਾਸਤੇ ਚੰਡੀਗੜ੍ਹ ਪੈਟਰਨ ਤੇ ਸ਼ੈਡ ਬਣਾਏ ਜਾਣ, ਸ਼ੋਰ ਪ੍ਰਦੂਸਣ ਨੂੰ ਰੋਕਣ ਦੇ ਉਪਰਾਲਿਆਂ ਨੂੰ ਸਖਤੀ ਨਾਲ ਲਾਗੂ ਕਰਨ, ਪਾਰਕਾਂ ਵਿੱਚ ਰੇਲਿੰਗ ਦੀ ਉਚਾਈ ਘੱਟੋ-ਘੱਟ 4 ਫੁੱਟ ਕਰਨ, ਵੱਡੇ ਪਾਰਕਾਂ ਵਿੱਚ ਯੋਗਾ ਕਰਨ ਲਈ ਪਲੇਟਫਾਰਮ ਬਣਾਉਣ, ਸ਼ਹਿਰ ਦੀਆਂ ਸੜਕਾਂ ਤੇ ਬਣਾਏ ਸਪੀਡ ਬਰੇਕਰਾਂ ਨੂੰ ਚਮਕਦਾਰ ਬਣਾਉਣ, ਪਾਰਕਾਂ ਦੇ ਰੱਖ ਰਖਾਵ ਤੇ ਆਉਣ ਵਾਲੇ ਖਰਚੇ ਦੀ ਹਰ ਮਹੀਨੇ ਅਦਾਇਗੀ ਕਰਨ, ਨੌਜਵਾਨਾਂ ਨੂੰ ਖੇਡਣ ਲਈ ਜਗ੍ਹਾ ਮੁਹੱਈਆ ਕਰਵਾਉਣ, ਸਮਾਜਸੇਵੀ ਸੰਸਥਾਵਾਂ ਵੱਲੋਂ ਪਾਰਕਾਂ ਦੇ ਰੱਖ ਰਖਾਵ ਸਬੰਧੀ ਰੇਟ ਵਧਾਉਣ ਦੀ ਸੂਚਨਾ ਦਾ ਅਮਲੀਨਾਮਾ ਲਾਗੂ ਕਰਨ, ਦੁਕਾਨਾਂ ਦੇ ਅੱਗੇ ਪਈ ਸਰਕਾਰੀ ਜਗ੍ਹਾ ਨੂੰ ਖਾਲੀ ਕਰਵਾਉਣ ਦੀ ਵੀ ਮੰਗ ਕੀਤੀ ਗਈ ਹੈ।

ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਸੀ. ਮੀਤ ਪ੍ਰਧਾਨ ਗੁਰਮੇਲ ਸਿੰਘ, ਮੀਤ ਪ੍ਰਧਾਨ ਬਖਸ਼ੀਸ਼ ਸਿੰਘ ਅਤੇ ਜਨਰਲ ਸਕੱਤਰ ਓ.ਪੀ. ਚੋਟਾਨੀ ਵੀ ਹਾਜ਼ਰ ਸਨ।

Continue Reading

Latest News

Trending