Mohali
ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਨੇ ਫੜਿਆ ਜੋਰ
ਵੱਖ ਵੱਖ ਇਲਾਕਿਆਂ ਵਿੱਚ ਰਾਤ ਨੂੰ ਖੜੇ ਵਾਹਨਾਂ ਦੇ ਟਾਇਰ ਚੋਰੀ, ਸੈਕਟਰ 70 ਵਿਚਲੇ ਬੀ ਰੋਡ ਤੋਂ ਕਈ ਘਰਾਂ ਦੇ ਸੀ.ਸੀ.ਟੀ.ਵੀ ਕੈਮਰੇ ਵੀ ਲੈ ਗਏ ਚੋਰ
ਐਸ. ਏ. ਐਸ. ਨਗਰ, 4 ਫਰਵਰੀ (ਪਰਵਿੰਦਰ ਕੌਰ ਜੱਸੀ) ਮੁਹਾਲੀ ਸ਼ਹਿਰ ਵਿੱਚ ਵਾਹਨ ਚੋਰੀ ਕਰਨ ਵਾਲਾ ਗਿਰੋਹ ਲੰਬੇ ਸਮੇਂ ਤੋਂ ਕਾਫੀ ਸਰਗਰਮ ਹੈ ਅਤੇ ਠੰਡ ਦੇ ਮੌਸਮ ਵਿੱਚ ਚਾਰ ਪਹੀਆ ਵਾਹਨਾਂ ਦੇ ਟਾਇਰ ਚੋਰੀ ਕਰਨ ਵਾਲਾ ਗਿਰੋਹ ਵੀ ਸਰਗਰਮ ਹੋ ਗਿਆ ਹੈ। ਇਸ ਗਿਰੋਹ ਵਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਪਰੰਤੂ ਇਸ ਦੇ ਬਾਵਜੂਦ ਪੁਲੀਸ ਇਨ੍ਹਾਂ ਚੋਰਾਂ ਨੂੰ ਫੜਨ ਜਾਂ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਵਿਚ ਨਾਕਾਮ ਨਜ਼ਰ ਆ ਰਹੀ ਹੈ। ਇਸ ਦੌਰਾਨ ਲੋਕ ਸ਼ਹਿਰ ਵਿੱਚ ਪੁਲੀਸ ਦੀ ਗਸ਼ਤ ਤੇ ਸਵਾਲ ਉਠਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਰਾਤ ਸਮੇਂ ਪੁਲੀਸ ਦੀ ਗਸ਼ਤ ਸਹੀ ਨਾ ਹੋਣ ਕਾਰਨ ਚੋਰਾਂ ਦੇ ਹੌਂਸਲੇ ਬੁਲੰਦ ਹਨ ਅਤੇ ਉਹ ਲੋਕਾਂ ਦੀ ਮਿਹਨਤ ਨਾਲ ਖਰੀਦੇ ਵਾਹਨਾਂ ਅਤੇ ਟਾਇਰਾਂ ਨੂੰ ਚੋਰੀ ਕਰ ਰਹੇ ਹਨ।
ਇਸ ਸਬੰਧੀ ਸੈਕਟਰ 70 ਦੇ ਰਹਿਣ ਵਾਲੇ ਡਾਕਟਰ ਦੀਪਕ ਨੇ ਦੱਸਿਆ ਕਿ ਬੀਤੀ ਰਾਤ ਸੈਕਟਰ 70 ਵਿਚਲੇ ਐਲ.ਆਈ.ਜੀ ਫਲੈਟਾਂ ਦੇ ਸਾਹਮਣੇ ਵਾਲੀ ਪਾਰਕ ਵਿੱਚ ਖੜੀ ਹੰਡੁਈ ਗੱਡੀ, ਅੰਡੇਵਰ ਗੱਡੀ ਦੇ ਚਾਰੋ ਟਾਇਰ ਉਤਾਰ ਕੇ ਲੈ ਗਏ ਅਤੇ ਅਤੇ ਗੱਡੀਆਂ ਨੂੰ ਇੱਟਾਂ ਦੇ ਸਹਾਰੇ ਖੜਾ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਇਕ ਫਾਰਚੂਨਰ ਕਾਰ ਦੇ ਟਾਇਰ ਵੀ ਚੋਰੀ ਕੀਤੇ ਗਏ ਹਨ। ਉਹਨਾਂ ਕਿਹਾ ਕਿ ਚੋਰ ਫੜੇ ਜਾਣ ਦੇ ਡਰ ਤੋਂ ਉਨ੍ਹਾਂ ਦੇ ਕਲੀਨਿਕ ਸਮੇਤ ਬੀ ਰੋਡ ਤੋਂ ਕਈ ਘਰਾਂ ਦੇ ਕੈਮਰੇ ਵੀ ਉਤਾਰ ਕੇ ਲੈ ਗਏ ਹਨ।
ਡਾ. ਦੀਪਕ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਸੈਕਟਰ 70 ਵਿੱਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਤਕਰੀਬਨ ਹਰ ਰੋਜ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਦੋਂ ਕਿ ਪੁਲੀਸ ਦੀ ਗਸ਼ਤ ਹੋਰ ਤੇਜ ਹੋਣੀ ਚਾਹੀਦੀ ਹੈ, ਤਾਂ ਜੋ ਇਸ ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾਂ ਨਾ ਵਾਪਰਨ।
ਇਸ ਦੌਰਾਨ ਉਧਰ ਪਿੰਡ ਮੁਹਾਲੀ ਵਿੱਚ ਚੋਰਾਂ ਵਲੋਂ ਕੋਲਾ ਡਿਪੂ ਦੇ ਸਾਹਮਣੇ ਖੜੀ ਇਕ ਬਰੀਜਾ ਕਾਰ ਦੇ ਚਾਰੋ ਟਾਇਰ ਚੋਰੀ ਕਰਕੇ ਗੱਡੀ ਨੂੰ ਇੱਟਾਂ ਦੇ ਸਹਾਰੇ ਖੜਾ ਕਰ ਦਿੱਤਾ ਗਿਆ। ਇਹ ਕਾਰ ਜਨਤਾ ਕੈਟਰਿੰਗ ਪਿੰਡ ਮੁਹਾਲੀ ਦੇ ਮਾਲਕ ਦੀ ਹੈ। ਇਸੇ ਤਰ੍ਹਾਂ ਉਕਤ ਕੋਲਾ ਡਿਪੂ ਕੋਲੋਂ ਇਕ ਆਟੋ ਵੀ ਚੋਰੀ ਹੋ ਗਿਆ ਹੈ, ਜਿਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ।
ਇਸ ਸਬੰਧੀ ਸੰਪਰਕ ਕਰਨ ਕਰਨ ਤੇ ਏ ਐਸ ਪੀ ਸਿਟੀ 1 ਜਿੰਦ ਪੁਰੀ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਸਾਰੀਆਂ ਘਟਨਾਵਾਂ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ
ਚੋਰੀਆਂ ਦੀਆਂ ਉਕਤ ਘਟਨਾਵਾਂ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਈਆਂ ਹਨ, ਜਿਨਾਂ ਵਿੱਚ ਸੈਕਟਰ 70 ਵਿਖੇ ਦੋ ਵਿਅਕਤੀ ਕੈਮਰੇ ਵਿਚ ਕੈਦ ਹੋ ਗਏ ਹਨ। ਇਸੇ ਤਰਾਂ ਪਿੰਡ ਮੁਹਾਲੀ ਵਿੱਚ ਵਾਪਰੀ ਚੋਰੀ ਦੀ ਘਟਨਾ ਵਿੱਚ ਕੁਝ ਨੌਜਵਾਨ ਇਕ ਕਾਰ ਵਿੱਚ ਆਉਂਦੇ ਦਿਖਾਈ ਦੇ ਰਹੇ ਹਨ ਅਤੇ ਘਟਨਾ ਨੂੰ ਅੰਜਾਮ ਦੇ ਕੇ ਸਬਜੀ ਮੰਡੀ ਵੱਲ ਫਰਾਰ ਹੋ ਜਾਂਦੇ ਹਨ। ਇਸ ਸਬੰਧੀ ਪਿੰਡ ਦੀ ਵਸਨੀਕ ਗੁਰਦੇਵ ਕੌਰ ਦਾ ਕਹਿਣਾ ਹੈ ਕਿ ਜਲਦ ਇਸ ਇਲਾਕੇ ਵਿਚ ਚੌਂਕੀਦਾਰ ਰੱਖਿਆ ਜਾਵੇਗਾ, ਕਿਉਂਕਿ ਰਾਤ ਸਮੇਂ ਪੁਲੀਸ ਇਸ ਇਲਾਕੇ ਵਿਚ ਘੱਟ ਹੀ ਦਿਖਾਈ ਦਿੰਦੀ ਹੈ, ਜਿਸ ਕਾਰਨ ਚੋਰਾਂ ਦੇ ਹੌਂਸਲੇ ਬੁਲੰਦ ਹਨ।
Mohali
ਝੂਠੇ ਪੁਲੀਸ ਮੁਕਾਬਲੇ ਵਿੱਚ ਫੌਜੀ ਸਮੇਤ ਦੋ ਨੌਜਵਾਨਾਂ ਨੂੰ ਮਾਰਨ ਵਾਲੇ ਐਸ.ਐਚ.ਓ ਅਤੇ ਥਾਣੇਦਾਰ ਨੂੰ ਉਮਰ ਕੈਦ
ਦੋਸ਼ੀਆਂ ਨੂੰ ਸਵਾ ਦੋ-ਦੋ ਲੱਖ ਜੁਰਮਾਨਾ, ਸਾਬਕਾ ਐਸ.ਪੀ ਅਤੇ ਤਤਕਾਲੀ ਡੀ.ਐਸ.ਪੀ. ਨੂੰ ਸ਼ੱਕ ਦੇ ਅਧਾਰ ਤੇ ਬਰੀ ਕੀਤਾ
ਐਸ. ਏ. ਐਸ. ਨਗਰ, 4 ਫਰਵਰੀ (ਪਰਵਿੰਦਰ ਕੌਰ ਜੱਸੀ) ਸੀ. ਬੀ. ਆਈ. ਅਦਾਲਤ ਦੇ ਵਿਸ਼ੇਸ਼ ਜੱਜ ਰਾਕੇਸ਼ ਕੁਮਾਰ ਗੁਪਤਾ ਦੀ ਅਦਾਲਤ ਵਲੋਂ 1992 ਵਿੱਚ ਪੰਜਾਬ ਪੁਲੀਸ ਵਲੋਂ ਦੋ ਨੌਜਵਾਨਾਂ ਬਲਦੇਵ ਸਿੰਘ ਦੇਬਾ ਅਤੇ ਲਖਵਿੰਦਰ ਸਿੰਘ ਲੱਖਾ ਉਰਫ ਫੋਰਡ ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਦੇ ਮਾਮਲੇ ਵਿੱਚ ਉਸ ਸਮੇਂ ਦੇ ਐਸ. ਐਚ. ਓ ਮਜੀਠਾ ਰਹੇ ਗੁਰਭਿੰਦਰ ਸਿੰਘ ਅਤੇ ਸਾਬਕਾ ਏ. ਐਸ. ਆਈ ਪਰਸ਼ੋਤਮ ਸਿੰਘ ਨੂੰ ਕਤਲ ਦੀ ਧਾਰਾ 302 ਵਿੱਚ ਉਮਰ ਕੈਦ ਅਤੇ 2-2 ਲੱਖ ਰੁਪਏ ਜੁਰਮਾਨਾ, ਧਾਰਾ 218 ਵਿੱਚ 2-2 ਸਾਲ ਦੀ ਕੈਦ ਅਤੇ 25-25 ਹਜਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਇਸ ਮਾਮਲੇ ਵਿੱਚ ਅਦਾਲਤ ਵਲੋਂ ਐਸ. ਪੀ. ਰਿਟਾਇਰ ਚਮਨ ਲਾਲ ਅਤੇ ਉਸ ਸਮੇਂ ਰਹੇ ਡੀ. ਐਸ. ਪੀ ਐਸ.ਐਸ.ਸਿੱਧੂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ ਗਿਆ ਹੈ। ਸੀ.ਬੀ.ਆਈ. ਵਲੋਂ ਇਸ ਮਾਮਲੇ ਦੀ ਪੈਰਵਾਈ ਪਬਲਿਕ ਪ੍ਰਾਸੀਕਿਊਟਰ ਅਨਮੋਲ ਨਾਰੰਗ ਅਤੇ ਪੀੜਤ ਪਰਿਵਾਰਾਂ ਵਲੋਂ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਕਰ ਰਹੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਦੋ ਨੌਜਵਾਨਾਂ ਨੂੰ 13.9.1992 ਨੂੰ ਮਜੀਠਾ ਅਤੇ ਅੰਮ੍ਰਿਤਸਰ ਦੀ ਪੁਲੀਸ ਪਾਰਟੀ ਨੇ ਪੁਲੀਸ ਮੁਕਾਬਲੇ ਵਿਚ ਮਾਰੇ ਗਏ ਦਿਖਾਇਆ ਸੀ। ਉਸ ਸਮੇਂ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਵਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਦੋਵੇਂ ਕੱਟੜ ਅੱਤਵਾਦੀ ਸਨ, ਜਿਨ੍ਹਾਂ ਦੇ ਸਿਰ ਤੇ ਇਨਾਮ ਸੀ ਅਤੇ ਉਹ ਕਤਲ, ਜਬਰੀ ਵਸੂਲੀ, ਲੁੱਟ-ਖਸੁੱਟ ਆਦਿ ਦੇ ਮਾਮਲਿਆਂ ਵਿਚ ਸ਼ਾਮਲ ਸਨ। ਉਕਤ ਨੌਜਵਾਨਾਂ ਉੱਤੇ ਹਰਭਜਨ ਸਿੰਘ ਉਰਫ਼ ਸ਼ਿੰਡੀ ਜੋ ਕਿ ਪੰਜਾਬ ਦੀ ਬੇਅੰਤ ਸਿੰਘ ਸਰਕਾਰ ਵਿਚ ਤਤਕਾਲੀ ਕੈਬਨਿਟ ਮੰਤਰੀ ਗੁਰਮੇਜ ਸਿੰਘ ਦੇ ਪੁੱਤਰ ਦੇ ਕਤਲ ਦਾ ਦੋਸ਼ ਸੀ।
ਸੀ. ਬੀ. ਆਈ. ਵਲੋਂ ਇਸ ਮਾਮਲੇ ਦੀ ਜਾਂਚ 1995 ਵਿਚ ਸੁਪਰੀਮ ਕੋਰਟ ਦੇ ਹੁਕਮਾਂ ਤੇ ਕੀਤੀ ਗਈ ਸੀ। ਸੀ. ਬੀ. ਆਈ. ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਬਲਦੇਵ ਸਿੰਘ ਉਰਫ਼ ਦੇਬਾ ਜੋ ਕਿ ਭਾਰਤੀ ਫੌਜ ਵਿਚ ਬਤੌਰ ਸਿਪਾਹੀ ਸ਼੍ਰੀਨਗਰ ਸਟੇਸ਼ਨ ਵਿਖੇ ਤੈਨਾਤ ਸੀ, ਕੁਝ ਦਿਨਾਂ ਦੀ ਛੁੱਟੀ ਤੇ ਆਪਣੇ ਘਰ ਆਇਆ ਹੋਇਆ ਸੀ ਅਤੇ ਉਸਨੂੰ 6.9.1992 ਨੂੰ ਪਿੰਡ ਬਾਸਰਕੇ ਭੈਣੀ ਵਿਖੇ ਉਸਦੇ ਘਰ ਤੋਂ ਐਸ. ਆਈ. ਮਹਿੰਦਰ ਸਿੰਘ ਅਤੇ ਹਰਭਜਨ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਚੁੱਕਿਆ ਸੀ। ਬਲਦੇਵ ਸਿੰਘ ਇਸੇ ਤਰ੍ਹਾਂ ਲਖਵਿੰਦਰ ਸਿੰਘ ਉਰਫ਼ ਲੱਖਾ ਫੋਰਡ ਵਾਸੀ ਪਿੰਡ ਸੁਲਤਾਨਵਿੰਡ ਨੂੰ ਵੀ 12.9.1992 ਨੂੰ ਅੰਮ੍ਰਿਤਸਰ ਦੇ ਪ੍ਰੀਤ ਨਗਰ ਵਿਖੇ ਉਸਦੇ ਕਿਰਾਏ ਦੇ ਘਰ ਤੋਂ ਕੁਲਵੰਤ ਸਿੰਘ ਦੇ ਨਾਲ ਐਸ. ਆਈ. ਗੁਰਭਿੰਦਰ ਸਿੰਘ ਥਾਣਾ ਮਜੀਠਾ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਗ੍ਰਿਫ਼ਤਾਰ ਕੀਤਾ ਸੀ, ਪਰ ਬਾਅਦ ਵਿਚ ਕੁਲਵੰਤ ਸਿੰਘ ਨੂੰ ਛੱਡ ਦਿੱਤਾ ਗਿਆ।
ਜਾਂਚ ਦੌਰਾਨ ਸੀ.ਬੀ.ਆਈ ਨੇ ਪਾਇਆ ਕਿ ਥਾਣਾ ਛੇਹਰਟਾ ਦੀ ਪੁਲੀਸ ਨੇ ਦੇਬਾ ਅਤੇ ਲੱਖਾ ਨੂੰ ਮੰਤਰੀ ਦੇ ਪੁੱਤਰ ਦੇ ਕਤਲ ਕੇਸ ਵਿਚ ਝੂਠਾ ਫਸਾਇਆ ਸੀ, ਜਿਸਦੀ 23.7.1992 ਨੂੰ ਹੱਤਿਆ ਕਰ ਦਿੱਤੀ ਗਈ ਸੀ ਅਤੇ 12.9.1992 ਨੂੰ ਛੇਹਰਟਾ ਪੁਲੀਸ ਨੇ ਉਸ ਕਤਲ ਕੇਸ ਵਿਚ ਬਲਦੇਵ ਸਿੰਘ ਉਰਫ ਦੇਬਾ ਦੀ ਗ੍ਰਿਫ਼ਤਾਰੀ ਦਿਖਾਈ ਸੀ ਅਤੇ 13.9.1992 ਨੂੰ ਦੋਵਾਂ ਨੂੰ ਮਾਰ ਦਿੱਤਾ ਗਿਆ ਸੀ ਅਤੇ ਪੁਲੀਸ ਨੇ ਕਹਾਣੀ ਘੜ ਦਿੱਤੀ ਸੀ ਕਿ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਲਈ ਪਿੰਡ ਸੰਸਾਰਾ ਨੇੜੇ ਬਲਦੇਵ ਸਿੰਘ ਉਰਫ ਦੇਬਾ ਨੂੰ ਲਿਜਾਂਦੇ ਸਮੇਂ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ, ਜਿਸ ਵਿੱਚ ਬਲਦੇਵ ਸਿੰਘ ਉਰਫ ਦੇਬਾ ਅਤੇ ਇਕ ਹੋਰ ਹਮਲਾਵਰ ਮਾਰਿਆ ਗਿਆ, ਜਿਸਦੀ ਬਾਅਦ ਵਿਚ ਪਛਾਣ ਲਖਵਿੰਦਰ ਸਿੰਘ ਉਰਫ ਲੱਖਾ ਉਰਫ ਫੋਰਡ ਵਜੋਂ ਹੋਈ।
ਸੀ.ਬੀ.ਆਈ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਦੋਵਾਂ ਨੌਜਵਾਨਾਂ ਨੂੰ ਉਹਨਾਂ ਦੇ ਘਰਾਂ ਤੋਂ ਚੁੱਕਿਆ ਗਿਆ, ਗੈਰ-ਕਾਨੂੰਨੀ ਹਿਰਾਸਤ ਵਿਚ ਰੱਖਿਆ ਗਿਆ ਅਤੇ ਫਿਰ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ ਗਿਆ। ਸੀ. ਬੀ. ਆਈ ਨੇ ਇਹ ਵੀ ਪਾਇਆ ਕਿ ਪੁਲੀਸ ਦੁਆਰਾ ਦਿਖਾਏ ਗਏ ਮੁਕਾਬਲੇ ਦੀ ਕਥਿਤ ਘਟਨਾ ਸਮੇਂ ਪੁਲੀਸ ਵਾਹਨਾਂ ਦੇ ਦੌਰੇ ਸੰਬੰਧੀ ਲਾਗ ਬੁੱਕਾਂ ਵਿਚ ਕੋਈ ਐਂਟਰੀ ਨਹੀਂ ਸੀ। ਪੁਲੀਸ ਵਲੋਂ ਇਹ ਵੀ ਦਿਖਾਇਆ ਗਿਆ ਸੀ ਕਿ ਮੁਕਾਬਲੇ ਦੌਰਾਨ ਮਾਰੇ ਗਏ ਅਣਪਛਾਤੇ ਹਮਲਾਵਰ ਅੱਤਵਾਦੀ ਦੀ ਪਛਾਣ ਜ਼ਖਮੀ ਬਲਦੇਵ ਸਿੰਘ ਦੇਬਾ ਨੇ ਕੀਤੀ ਸੀ, ਹਾਲਾਂਕਿ ਦੇਬਾ ਦੀ ਪੋਸਟਮਾਰਟਮ ਰਿਪੋਰਟ ਅਨੁਸਾਰ ਉਸਦੀ ਤੁਰੰਤ ਮੌਤ ਹੋ ਗਈ ਸੀ, ਇਸ ਲਈ ਉਸਦੀ ਪਛਾਣ ਦੀ ਦਲੀਲ ਨਹੀਂ ਬਣਦੀ।
ਸੀ.ਬੀ.ਆਈ ਵਲੋਂ 30.8.1999 ਨੂੰ ਸੀ. ਬੀ. ਆਈ. ਨੇ ਐਸ. ਐਸ. ਸਿੱਧੂ, ਹਰਭਜਨ ਸਿੰਘ, ਮਹਿੰਦਰ ਸਿੰਘ, ਪਰਸ਼ੋਤਮ ਲਾਲ, ਚਮਨ ਲਾਲ, ਗੁਰਭਿੰਦਰ ਸਿੰਘ, ਮੋਹਨ ਸਿੰਘ, ਪਰਸ਼ੋਤਮ ਸਿੰਘ ਅਤੇ ਜੱਸਾ ਸਿੰਘ ਵਿਰੁੱਧ ਅਗਵਾ, ਅਪਰਾਧਿਕ ਸਾਜ਼ਿਸ਼, ਕਤਲ, ਝੂਠਾ ਰਿਕਾਰਡ ਤਿਆਰ ਕਰਨ ਦੇ ਦੋਸ਼ਾਂ ਤਹਿਤ ਚਾਰਜਸ਼ੀਟ ਦਾਇਰ ਕੀਤੀ ਸੀ, ਪਰ 2022 ਤੋਂ ਬਾਅਦ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਸਨ ਕਿਉਂਕਿ ਉਸ ਸਮੇਂ ਦੌਰਾਨ ਉਚ ਅਦਾਲਤਾਂ ਦੇ ਹੁਕਮਾਂ ਤੇ ਕੇਸ ਤੇ ਰੋਕ ਲੱਗੀ ਰਹੀ ਸੀ।
ਪੀੜਤ ਪਰਿਵਾਰ ਦੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਕਿਹਾ ਕਿ ਭਾਵੇਂ ਸੀ. ਬੀ. ਆਈ. ਨੇ ਇਸ ਮਾਮਲੇ ਵਿਚ 37 ਗਵਾਹਾਂ ਦਾ ਹਵਾਲਾ ਦਿੱਤਾ ਸੀ ਪਰ ਮੁਕੱਦਮੇ ਦੌਰਾਨ ਸਿਰਫ਼ 19 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ ਕਿਉਂਕਿ ਸੀ. ਬੀ. ਆਈ ਵਲੋਂ ਦੱਸੇ ਗਏ ਜ਼ਿਆਦਾਤਰ ਗਵਾਹਾਂ ਦੀ ਮੌਤ ਚੱਲ ਰਹੇ ਮੁਕੱਦਮੇ ਦੌਰਾਨ ਹੋਈ ਸੀ ਅਤੇ ਅੰਤ ਵਿਚ 32 ਸਾਲਾਂ ਬਾਅਦ ਇਨਸਾਫ਼ ਮਿਲਿਆ। ਇਸੇ ਤਰ੍ਹਾਂ ਇਸ ਦੇਰੀ ਨਾਲ ਹੋਏ ਮੁਕੱਦਮੇ ਦੌਰਾਨ, ਮੁਲਜ਼ਮ ਹਰਭਜਨ ਸਿੰਘ, ਮਹਿੰਦਰ ਸਿੰਘ, ਪਰਸ਼ੋਤਮ ਲਾਲ, ਮੋਹਨ ਸਿੰਘ ਅਤੇ ਜੱਸਾ ਸਿੰਘ ਦੀ ਵੀ ਮੌਤ ਹੋ ਗਈ ਸੀ।
Mohali
ਜ਼ਿਲ੍ਹਾ ਪੱਧਰੀ ਟੀਮ ਵੱਲੋਂ ਕਿਸਾਨਾਂ ਨੂੰ ਮਿਆਰੀ ਬੀਜ ਅਤੇ ਖੇਤੀ ਸੱਮਗਰੀ ਮੁਹੱਈਆ ਕਰਵਾਉਣ ਲਈ ਡੀਲਰਾਂ ਦੀ ਅਚਨਚੇਤ ਚੈਕਿੰਗ
ਐਸ ਏ ਐਸ ਨਗਰ, 4 ਫਰਵਰੀ (ਸ.ਬ.) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਐਸ. ਏ. ਐਸ. ਨਗਰ ਦੀ ਜ਼ਿਲ੍ਹਾ ਪੱਧਰੀ ਟੀਮ ਵੱਲੋਂ ਕਿਸਾਨਾਂ ਨੂੰ ਉੱਚ ਗੁਣਵੱਤਾ ਦੇ ਬੀਜ ਅਤੇ ਖੇਤੀ ਸੱਮਗਰੀ ਉਪਲੱਬਧ ਕਰਵਾਉਣ ਲਈ ਜ਼ਿਲ੍ਹੇ ਦੇ ਬਲਾਕ ਖਰੜ, ਮਾਜਰੀ ਅਤੇ ਡੇਰਾਬਸੀ ਟੀਮਾਂ ਵੱਲੋਂ ਖਾਦ, ਬੀਜ ਅਤੇ ਕੀਟਨਾਸ਼ਕ ਦਵਾਈਆਂ ਦੇ ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਖਾਸ ਤੌਰ ਤੇ ਮੱਕੀ ਦੀ ਫਸਲ ਲਈ ਬੀਜ ਉਪਲਬਧ ਕਰਵਾਉਣ ਵਾਲੀਆ ਕੰਪਨੀਆ ਪਾਇੳਨਰ, ਬਾਇਰ, ਸ਼੍ਰੀ ਸੀਡਜ , ਨਿਜੂਵਿਡੂ, ਕਾਵੇਰੀ ਅਤੇ ਹੋਰ ਬੀਜ ਕੰਪਨੀਆਂ ਦੇ ਡੀਲਰਾਂ ਕੋਲ ਪਏ ਸਟਾਕ ਦਾ ਵਿਸ਼ੇਸ਼ ਤੌਰ ਤੇ ਨਿਰੀਖਣ ਕੀਤਾ ਗਿਆ।
ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਬਹਾਰ ਰੁੱਤ ਦੀ ਮੱਕੀ ਲਈ ਬੀਜ ਦੇ ਡੀਲਰਾਂ ਕੋਲ ਲੋੜੀਂਦਾ ਸਟਾਕ ਮੌਜੂਦ ਹੈ। ਕਿਸਾਨਾ ਵੱਲੋਂ ਜ਼ਿਆਦਾਤਰ ਬਹਾਰ ਰੁੱਤ ਦੀ ਮੱਕੀ ਦੀ ਬਾਜਾਰ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਹੀ ਮੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਕਿਸਾਨਾਂ ਵੱਲੋਂ ਬੀਜ ਨਾ ਮਿਲਣ ਦਾ ਖਦਸ਼ਾ ਜਾਹਰ ਕੀਤਾ ਜਾ ਰਿਹਾ ਹੈ। ਖੇਤੀਬਾੜੀ ਅਧਿਕਾਰੀਆਂ ਵੱਲੋਂ ਇਸ ਸਬੰਧੀ ਕੰਪਨੀ ਦੇ ਨੁਮਾਇੰਦਿਆ ਨਾਲ ਗੱਲ ਕਰਨ ਤੇ ਉਹਨਾਂ ਵੱਲੋ ਦੱਸਿਆ ਗਿਆ ਕਿ ਮੰਗੇ ਜਾ ਰਹੇ ਬੀਜ ਦੀ ਸਪਲਾਈ ਦੱਖਣੀ ਰਾਜਾਂ ਤੋਂ ਹੁੰਦੀ ਹੈ ਅਤੇ 10 ਫਰਵਰੀ ਤੋ ਬਾਅਦ ਉਕਤ ਕਿਸਮ ਦਾ ਲੋੜੀਂਦਾ ਸਟਾਕ ਡੀਲਰਾ ਕੋਲ ੳਪਲਬਧ ਹੋ ਜਾਵੇਗਾ।
ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਸਾਉਣੀ ਦੌਰਾਨ ਮੱਕੀ ਦੀ ਫਸਲ ਨੂੰ ਖੇਤੀ ਵਿਭਿੰਨਤਾ ਅਧੀਨ ਕਾਸ਼ਤ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਸਾਉਣੀ ਦੀ ਫਸਲ ਤੇ ਮੱਕੀ ਦੇ ਗੜੂੰਏ (ਫਾਲ ਆਰਮੀ ਵਾਰਮ) ਦੀ ਰੋਕਥਾਮ ਯਕੀਨੀ ਬਣਾਉਣ ਲਈ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਦੀ ਬਜਾਏ ਸਾਉਣੀ ਰੁੱਤ ਦੀ ਮੱਕੀ ਫਸਲ ਨੂੰ ਪਹਿਲ ਦੇ ਅਧਾਰ ਤੇ ਬੀਜਣ ਲਈ ਕਿਸਾਨਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਲਗਭਗ 5000 ਹੈਕਟੇਅਰ ਰਕਬੇ ਵਿੱਚ ਸਾਉਣੀ ਦੀ ਮੱਕੀ ਦੀ ਫਸਲ ਦੀ ਕਾਸ਼ਤ ਹੋਣ ਦਾ ਅਨੁਮਾਨ ਹੈ ਅਤੇ ਲੋੜੀਂਦੇ ਬੀਜ ਲਈ ਯੋਗ ਪ੍ਰਬੰਧ ਕੀਤੇ ਜਾ ਰਹੇ ਹਨ।
ਇਸ ਮੌਕੇ ਡਾ. ਸ਼ੁਭਕਰਨ ਸਿੰਘ ਏ.ੳ ਖਰੜ ਨੇ ਡੀਲਰਾਂ ਨੂੰ ਕਿਹਾ ਕਿ ਪੀ.ਏ.ਯੂ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੇ ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਵੇਚਣ ਨੂੰ ਤਰਜੀਹ ਦਿੱਤੀ ਜਾਵੇ। ਅਧਿਕਾਰੀਆਂ ਵਲੋਂ ਡੀਲਰਾਂ ਨੂੰ ਹਦਾਇਤ ਕੀਤੀ ਗਈ ਕਿ ਜੇਕਰ ਕੋਈ ਵੀ ਦੁਕਾਨਦਾਰ ਕਿਸੇ ਵੀ ਪ੍ਰਕਾਰ ਦੀ ਡੁਪਲੀਕੇਟ/ ਘਟੀਆਂ ਖੇਤੀ ਸਮੱਗਰੀ ਵੇਚਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਡਾ. ਗੁਰਦਿਆਲ ਕੁਮਾਰ, ਡਾ. ਜਸਵਿੰਦਰ ਸਿੰਘ ਅਤੇ ਡਾ. ਜਸਪ੍ਰੀਤ ਸਿੰਘ ਵੀ ਹਾਜ਼ਰ ਸਨ।
Mohali
ਨੈਸ਼ਨਲ ਡਿਫੈਂਸ ਕਾਲਜ ਦੇ ਵਫ਼ਦ ਵਲੋਂ ਐਸ ਏ ਐਸ ਨਗਰ ਜ਼ਿਲ੍ਹੇ ਦੇ ਪਿੰਡ ਦਾ ਦੌਰਾ
ਜ਼ਮੀਨੀ ਪੱਧਰ ਤੇ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਸਕੀਮਾਂ ਦੇ ਕੰਮਕਾਜ ਨੂੰ ਸਮਝਣ ਲਈ ਸਿੰਘਪੁਰਾ ਦੀ ਗ੍ਰਾਮ ਪੰਚਾਇਤ ਨਾਲ ਗੱਲਬਾਤ ਕੀਤੀ
ਐਸ ਏ ਐਸ ਨਗਰ, 4 ਫਰਵਰੀ (ਸ.ਬ.) ਨੈਸ਼ਨਲ ਡਿਫੈਂਸ ਕਾਲਜ ਤੋਂ ਆਏ ਮਿਲਟਰੀ, ਸਿਵਲ ਸਰਵਿਸਿਜ਼ ਅਤੇ ਮਿੱਤਰ ਵਿਦੇਸ਼ੀ ਦੇਸ਼ਾਂ ਦੇ ਬ੍ਰਿਗੇਡੀਅਰ/ਜੁਆਇੰਟ ਸੈਕਟਰੀ ਦੇ ਬਰਾਬਰ ਦੇ 6 ਵਿਦੇਸ਼ੀ ਡੈਲੀਗੇਟਾਂ ਸਮੇਤ 15 ਅਧਿਕਾਰੀਆਂ ਦੇ ਇੱਕ ਵਫ਼ਦ ਨੇ ਅੱਜ ਐਸ. ਏ. ਐਸ. ਨਗਰ ਦੇ ਪਿੰਡ ਸਿੰਘਪੁਰਾ ਦਾ ਦੌਰਾ ਕੀਤਾ। ਵਫ਼ਦ ਵਿੱਚ ਭਾਰਤੀ ਸੈਨਾ, ਭਾਰਤੀ ਜਲ ਸੈਨਾ, ਭਾਰਤੀ ਹਵਾਈ ਸੈਨਾ, ਮੰਗੋਲੀਅਨ ਆਰਮੀ, ਸ਼੍ਰੀਲੰਕਾਈ ਆਰਮੀ, ਇਜਿਪਟ ਆਰਮੀ, ਰਿਪਬਲਿਕਨ ਆਫ ਕੋਰੀਅਨ ਆਰਮੀ, ਓਮਾਨ ਆਰਮੀ ਅਤੇ ਰਸ਼ੀਅਨ ਆਰਮੀ ਤੋਂ ਇਲਾਵਾ ਭਾਰਤੀ ਸੈਰ-ਸਪਾਟਾ ਸੇਵਾਵਾਂ ਦੇ ਟੂਰ ਕੋਆਰਡੀਨੇਟਰ ਸ਼ਾਮਲ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਸੋਨਮ ਚੌਧਰੀ ਨੇ ਦੱਸਿਆ ਕਿ ਵਫ਼ਦ ਦੇ ਮੈਂਬਰਾਂ ਨੇ ਪਿੰਡ ਵਿੱਚ ਪਹਿਲਾਂ ਹੀ ਚੱਲ ਰਹੇ ਜਲ ਸਪਲਾਈ ਪ੍ਰਾਜੈਕਟ ਅਤੇ ਸੀਵਰੇਜ ਟ੍ਰੀਟਮੈਂਟ ਪ੍ਰਾਜੈਕਟ ਦਾ ਦੌਰਾ ਕੀਤਾ। ਉਨ੍ਹਾਂ ਨੂੰ ਪੇਂਡੂ ਸੈਲਫ ਹੈਲਪ ਗਰੁੱਪਾਂ ਦੇ ਉਤਪਾਦਾਂ ਤੇ ਆਧਾਰਿਤ ਪ੍ਰਦਰਸ਼ਨੀ ਵੀ ਦਿਖਾਈ ਗਈ। ਪੰਚਾਇਤੀ ਰਾਜ ਸੰਸਥਾ ਵਿਚ ਔਰਤਾਂ ਦੀ ਭੂਮਿਕਾ ਬਾਰੇ ਪੁੱਛੇ ਸਵਾਲ ਤੇ ਉਨ੍ਹਾਂ ਨੂੰ ਸਰਪੰਚਾਂ ਅਤੇ ਪੰਚਾਂ ਵਜੋਂ ਪੀ.ਆਰ.ਆਈਜ਼ ਵਿਚ ਔਰਤਾਂ ਦੀ 50 ਫੀਸਦੀ ਹਿੱਸੇਦਾਰੀ ਬਾਰੇ ਜਾਣੂ ਕਰਵਾਇਆ ਗਿਆ।
ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਹਿਕਮੀਤ ਸਿੰਘ ਵੱਲੋਂ ਪੰਚਾਇਤੀ ਰਾਜ ਸੰਸਥਾ ਦੇ ਕੰਮਕਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਵੱਲੋਂ ਕਵਿਤਾ ਉਚਾਰਨ ਕਰਕੇ ਵਫ਼ਦ ਦਾ ਸਵਾਗਤ ਵੀ ਕੀਤਾ ਗਿਆ। ਵਫ਼ਦ ਦੇ ਦੌਰੇ ਦੀ ਯਾਦ ਨੂੰ ਸਦੀਵੀ ਤਾਜ਼ਾ ਰੱਖਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰਾ ਦੇ ਵਿਹੜੇ ਵਿੱਚ ਇੱਕ ਬੂਟਾ ਵੀ ਲਗਾਇਆ ਗਿਆ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਬਲਜਿੰਦਰ ਸਿੰਘ ਗਰੇਵਾਲ ਅਤੇ ਪਿੰਡ ਦੀ ਗ੍ਰਾਮ ਪੰਚਾਇਤ ਵੀ ਹਾਜ਼ਰ ਸਨ।
-
National2 months ago
ਨੇਪਾਲ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
International2 months ago
ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ
-
International2 months ago
15 ਸਾਲਾ ਵਿਦਿਆਰਥਣ ਵੱਲੋਂ ਸਕੂਲ ਵਿੱਚ ਗੋਲੀਬਾਰੀ, ਅਧਿਆਪਕ ਤੇ ਇੱਕ ਵਿਦਿਆਰਥੀ ਦੀ ਮੌਤ
-
National1 month ago
ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ, ਚਿਹਰੇ ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ
-
National1 month ago
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ : ਰਾਹੁਲ ਗਾਂਧੀ
-
International1 month ago
ਲਾਸ ਵੇਗਾਸ ਦੇ ਟਰੰਪ ਹੋਟਲ ਦੇ ਬਾਹਰ ਧਮਾਕਾ, ਇੱਕ ਵਿਅਕਤੀ ਦੀ ਮੌਤ
-
International1 month ago
ਬੈਂਕਾਕ ਦੇ ਪ੍ਰਸਿੱਧ ਹੋਟਲ ਵਿੱਚ ਅੱਗ ਲੱਗਣ ਕਾਰਨ ਤਿੰਨ ਵਿਦੇਸ਼ੀ ਸੈਲਾਨੀਆਂ ਦੀ ਮੌਤ
-
International1 month ago
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਦਿਹਾਂਤ