Connect with us

Chandigarh

10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

Published

on

 

ਚੰਡੀਗੜ੍ਹ, 7 ਫਰਵਰੀ (ਸ.ਬ.) ਪੰਜਾਬ ਵਿਜੀਲੈਂਸ ਬਿਊਰੋ ਨੇ ਅੰਮ੍ਰਿਤਸਰ ਸ਼ਹਿਰ ਦੇ ਮਾਲ ਹਲਕਾ ਕੋਟ ਖਾਲਸਾ ਵਿਖੇ ਤਾਇਨਾਤ ਪਟਵਾਰੀ ਰਵੀ ਪ੍ਰਕਾਸ਼ ਨੂੰ 10000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।

ਇਸ ਸੰਬੰਧੀ ਖੁਲਾਸਾ ਕਰਦੇ ਹੋਏ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਅੰਮ੍ਰਿਤਸਰ ਸ਼ਹਿਰ ਦੇ ਨਿਊ ਮੋਹਣੀ ਪਾਰਕ ਦੇ ਵਸਨੀਕ ਪਰਮਜੀਤ ਸਿੰਘ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਸੀ ਕਿ ਉਕਤ ਪਟਵਾਰੀ ਨੇ ਉਸਦੇ ਕਰਜ਼ੇ ਦੀ ਰਕਮ ਨੂੰ ਦਰੁਸਤ ਕਰਨ ਬਦਲੇ 20,000 ਰੁਪਏ ਰਿਸ਼ਵਤ ਮੰਗੀ ਸੀ। ਮਾਲ ਰਿਕਾਰਡ ਵਿੱਚ ਅਸਲ ਕਰਜ਼ਾ 9 ਲੱਖ ਰੁਪਏ ਦੀ ਬਜਾਏ ਗਲਤੀ ਨਾਲ 90 ਲੱਖ ਰੁਪਏ ਲਿਖਿਆ ਗਿਆ ਸੀ।

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਅੰਮ੍ਰਿਤਸਰ ਰੇਂਜ ਦੀ ਵਿਜੀਲੈਂਸ ਬਿਊਰੋ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਉਕਤ ਪਟਵਾਰੀ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

 

Continue Reading

Chandigarh

ਨੌਕਰ ਵੱਲੋਂ ਮਾਲਕਣ ਸਮੇਤ ਤਿੰਨ ਵਿਅਕਤੀਆਂ ਨੂੰ ਬੇਹੋਸ਼ ਕਰਕੇ ਕਰੋੜਾਂ ਦੀ ਲੁੱਟ

Published

on

By

ਚੰਡੀਗੜ੍ਹ, 15 ਅਗਸਤ (ਸ.ਬ.) ਚੰਡੀਗੜ੍ਹ ਦੇ ਸੈਕਟਰ-28 ਵਿੱਚ ਬੀਤੀ ਰਾਤ ਕਾਂਗਰਸ ਦੇ ਮਰਹੂਮ ਸਾਬਕਾ ਕੌਂਸਲਰ ਅਤੇ ਚੰਡੀਗੜ੍ਹ ਕਲੱਬ ਦੇ ਸਾਬਕਾ ਪ੍ਰਧਾਨ ਮੁਕੇਸ਼ ਬੱਸੀ ਦੀ ਕੋਠੀ ਵਿੱਚ ਜ਼ਹਿਰ ਖੁਆਣ ਤੋਂ ਬਾਅਦ ਕਰੋੜਾਂ ਰੁਪਏ ਦੀ ਲੁੱਟ ਦੀ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਪਰਿਵਾਰ ਮੁਤਾਬਕ ਕੁਝ ਦਿਨ ਪਹਿਲਾਂ ਹੀ ਘਰ ਵਿੱਚ ਰੱਖੇ ਗਏ ਨਵੇਂ ਕੁੱਕ ਹੇਮੰਤ ਥਾਪਾ ਨੇ ਡਿਨਰ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਘਰ ਦੀ ਮਾਲਕਣ ਅੰਜੂ, ਪੁਰਾਣੇ ਕੁੱਕ ਸ਼ਿਵ ਅਤੇ ਮੇਡ ਅਨੂ ਨੂੰ ਬੇਹੋਸ਼ ਕਰ ਦਿੱਤਾ। ਇਸ ਤੋਂ ਬਾਅਦ ਕਥਿਤ ਤੌਰ ਤੇ ਸੇਫ ਅਤੇ ਅਲਮਾਰੀਆਂ ਦੇ ਤਾਲੇ ਤੋੜ ਕੇ ਨਕਦੀ ਅਤੇ ਸੋਨੇ-ਹੀਰੇ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ। ਤਿੰਨਾਂ ਨੂੰ ਗੰਭੀਰ ਹਾਲਤ ਵਿੱਚ ਜੀਐਮਐਸਐਚ-16 ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਤਿੰਨੇ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹਨ। ਘਟਨਾ ਸਮੇਂ ਮੁਕੇਸ਼ ਬੱਸੀ ਦੇ ਦੋਵੇਂ ਪੁੱਤਰ ਜਿਤੇਸ਼ ਅਤੇ ਦਕਸ਼ ਆਪਣੇ ਪਰਿਵਾਰਾਂ ਨਾਲ ਸ਼ਹਿਰ ਤੋਂ ਬਾਹਰ ਸਨ।

ਦਕਸ਼ ਬੀਤੀ ਰਾਤ ਕਰੀਬ ਸਾਢੇ 10 ਵਜੇ ਪਤਨੀ ਨਾਲ ਘਰ ਪਰਤਿਆ। ਉਸ ਨੇ ਮੁੱਖ ਦਰਵਾਜ਼ੇ ਦਾ ਡਿਜੀਟਲ ਲਾਕ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਲਾਕ ਨਹੀਂ ਖੁੱਲ੍ਹਿਆ। ਇਸ ਤੋਂ ਬਾਅਦ ਉਹ ਕੰਧ ਟੱਪ ਕੇ ਘਰ ਦੇ ਪਿਛਲੇ ਪਾਸੇ ਪਹੁੰਚਿਆ। ਉੱਥੇ ਜਾਲੀ ਵਾਲਾ ਦਰਵਾਜ਼ਾ ਅਤੇ ਦੂਜਾ ਦਰਵਾਜ਼ਾ ਥੋੜ੍ਹਾ ਖੁੱਲ੍ਹਾ ਮਿਲਿਆ। ਅੰਦਰ ਜਾਣ ਤੇ ਮਾਂ ਅੰਜੂ ਬੈਡ ਤੇ ਬੇਹੋਸ਼ ਪਈ ਸੀ, ਜਦਕਿ ਪੁਰਾਣਾ ਕੁੱਕ ਸ਼ਿਵ ਅਤੇ ਮੇਡ ਅਨੂ ਵੀ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ। ਦਕਸ਼ ਨੇ ਤਿੰਨਾਂ ਨੂੰ ਆਪਣੀ ਗੱਡੀ ਰਾਹੀਂ ਸੈਕਟਰ 16 ਦੇ ਸਰਕਾਰੀ ਹਸਪਤਾਲ ਪਹੁੰਚਾਇਆ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੈਕਟਰ-26 ਥਾਣੇ ਦਾ ਵਾਧੂ ਚਾਰਜ ਸੰਭਾਲ ਰਹੇ ਇੰਸਪੈਕਟਰ ਸਤਨਾਮ ਸਿੰਘ, ਇਲਾਕੇ ਦੇ ਪੁਲੀਸ ਉਪ ਕਪਤਾਨ ਅਤੇ ਹੋਰ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ। ਪੁਲੀਸ ਨੇ ਘਟਨਾ ਸਥਾਨ ਦੀ ਜਾਂਚ ਦੇ ਨਾਲ-ਨਾਲ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁੱਕ ਦੀ ਪੁਲੀਸ ਵੈਰੀਫਿਕੇਸ਼ਨ ਨਹੀਂ ਕਰਵਾਈ ਗਈ ਸੀ। ਵਾਰਦਾਤ ਤੋਂ ਬਾਅਦ ਹੇਮੰਤ ਥਾਪਾ ਫਰਾਰ ਹੈ। ਪੁਲੀਸ ਉਸ ਦੀ ਭਾਲ ਵਿੱਚ ਸੰਭਾਵਿਤ ਟਿਕਾਣਿਆਂ ਤੇ ਛਾਪੇਮਾਰੀ ਕਰ ਰਹੀ ਹੈ। ਪੁਲੀਸ ਇਹ ਵੀ ਜਾਂਚ ਕਰ ਰਹੀ ਹੈ ਕਿ ਉਸ ਨੂੰ ਨੌਕਰੀ ਤੇ ਰੱਖਣ ਵਿੱਚ ਕਿਸ ਦੀ ਭੂਮਿਕਾ ਸੀ ਅਤੇ ਕੀ ਉਸ ਨੂੰ ਘਰ ਦੀ ਦਿਨਚਰਿਆ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ।

ਪੁਲੀਸ ਲਈ ਇਹ ਵੀ ਜਾਂਚ ਦਾ ਮਹੱਤਵਪੂਰਨ ਬਿੰਦੂ ਹੈ ਕਿ ਜਦੋਂ ਸ਼ਿਵ ਕਈ ਸਾਲਾਂ ਤੋਂ ਘਰ ਵਿੱਚ ਕੁੱਕ ਦਾ ਕੰਮ ਕਰ ਰਿਹਾ ਸੀ ਤਾਂ ਉਸ ਦੇ ਰਹਿੰਦਿਆਂ ਨਵੇਂ ਕੁੱਕ ਨੂੰ ਕਿਸ ਦੇ ਕਹਿਣ ਤੇ ਰੱਖਿਆ ਗਿਆ। ਜਾਂਚ ਟੀਮ ਇਹ ਜਾਣਕਾਰੀ ਇਕੱਠੀ ਕਰ ਰਹੀ ਹੈ ਕਿ ਹੇਮੰਤ ਥਾਪਾ ਦਾ ਪਰਿਵਾਰ ਨਾਲ ਸੰਪਰਕ ਕਿਵੇਂ ਹੋਇਆ ਅਤੇ ਉਸ ਨੂੰ ਘਰ ਅੰਦਰ ਕੰਮ ਕਰਨ ਦਾ ਮੌਕਾ ਕਿਸ ਨੇ ਦਿਵਾਇਆ। ਪਰਿਵਾਰ ਮੁਤਾਬਕ ਹੇਮੰਤ ਥਾਪਾ ਨੂੰ ਕੁਝ ਦਿਨ ਪਹਿਲਾਂ ਹੀ ਇੱਕ ਸਥਾਨਕ ਜਾਣ-ਪਛਾਣ ਵਾਲੇ ਦੀ ਸਿਫਾਰਸ਼ ਤੇ ਘਰ ਵਿੱਚ ਕੁੱਕ ਵਜੋਂ ਰੱਖਿਆ ਗਿਆ ਸੀ। ਉਸ ਨੂੰ ਪਰਿਵਾਰ ਦੇ ਸਾਹਮਣੇ ਭਰੋਸੇਮੰਦ ਅਤੇ ਸਮਝਦਾਰ ਵਿਅਕਤੀ ਦੱਸਿਆ ਗਿਆ ਸੀ।

ਪੁਲੀਸ ਮੁਲਜ਼ਮ ਦੇ ਘਰ ਤੋਂ ਨਿਕਲਣ ਦੇ ਸਮੇਂ, ਉਸ ਦੇ ਸੰਭਾਵਿਤ ਭੱਜਣ ਵਾਲੇ ਰਸਤੇ ਅਤੇ ਉਸ ਦੇ ਸੰਪਰਕ ਵਿੱਚ ਰਹੇ ਲੋਕਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ। ਘਰ ਦੇ ਲਾਕਰ ਅਤੇ ਅਲਮਾਰੀਆਂ ਵਿੱਚੋਂ ਗਾਇਬ ਨਕਦੀ ਅਤੇ ਗਹਿਣਿਆਂ ਦੀ ਕੀਮਤ ਦਾ ਹਾਲੇ ਅੰਤਿਮ ਅੰਦਾਜ਼ਾ ਨਹੀਂ ਲਗਾਇਆ ਗਿਆ। ਪਰਿਵਾਰ ਵੱਲੋਂ ਸਾਮਾਨ ਦੀ ਪੂਰੀ ਸੂਚੀ ਦੇਣ ਤੋਂ ਬਾਅਦ ਚੋਰੀ ਹੋਈ ਅਸਲ ਰਕਮ ਸਪਸ਼ਟ ਹੋਵੇਗੀ।

Continue Reading

Chandigarh

ਕੌਮੀ ਇਨਸਾਫ਼ ਮੋਰਚੇ ਦਾ ਚੰਡੀਗੜ੍ਹ ਵੱਲ ਮਾਰਚ

Published

on

By

ਪੁਲੀਸ ਨੇ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ

ਚੰਡੀਗੜ੍ਹ, 15 ਅਗਸਤ (ਸ.ਬ.) ਕੌਮੀ ਇਨਸਾਫ਼ ਮੋਰਚਾ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੀ ਮੰਗ ਲਈ ਗਵਰਨਰ ਹਾਊਸ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪੁਲੀਸ ਨੇ ਉਨ੍ਹਾਂ ਨੂੰ ਚੰਡੀਗੜ੍ਹ-ਮੁਹਾਲੀ ਸਰਹੱਦ ਉੱਤੇ ਹੀ ਰੋਕ ਲਿਆ। ਪਤਾ ਲੱਗਿਆ ਹੈ ਕਿ ਇਸ ਦੌਰਾਨ ਕਈ ਸਿੱਖ ਆਗੂਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਚੰਡੀਗੜ੍ਹ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਹ ਗਵਰਨਰ ਹਾਊਸ ਦੇ ਨੇੜੇ ਪਹੁੰਚ ਗਏ ਸਨ। ਪੁਲੀਸ ਨੇ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ।

ਇਸ ਮੋਰਚੇ ਵਿਚ ਗਿਆਨੀ ਹਰਪ੍ਰੀਤ ਸਿੰਘ ਤੇ ਪਰਮਿੰਦਰ ਢੀਂਡਸਾ ਵੀ ਪੁੱਜੇ। ਕੌਮੀ ਇਨਸਾਫ਼ ਮੋਰਚੇ ਦੇ ਮੈਂਬਰ ਮੁਹਾਲੀ ਦੇ ਵਾਈ ਪੀ ਐਸ ਚੌਕ ਨੇੜੇ ਜੁਟੇ ਰਹੇ। ਚੰਡੀਗੜ੍ਹ ਪੁਲੀਸ ਨੇ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਹਨ। ਮੁਹਾਲੀ ਵਿੱਚ ਧਾਰਾ 163 ਲਾਗੂ ਹੋਣ ਕਾਰਨ ਪੁਲੀਸ ਪ੍ਰਦਰਸ਼ਨਕਾਰੀਆਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਰਹੀ ਹੈ। ਮੁੱਖ ਮੰਗਾਂ ਨੂੰ ਦੇਖਦੇ ਹੋਏ ਵਾਧੂ ਪੁਲੀਸ ਬਲ ਵੀ ਤਾਇਨਾਤ ਕੀਤਾ ਗਿਆ ਹੈ, ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪੁਲੀਸ ਵੱਲੋਂ ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕੀਤੀ ਗਈ।

ਪੰਜਾਬ ਦੇ ਗਵਰਨਰ ਹਾਊਸ ਵੱਲ ਕੂਚ ਕਰਨ ਲਈ ਕੌਮੀ ਇਨਸਾਫ ਮੋਰਚੇ ਬਾਰੇ ਜਗਤਾਰ ਸਿੰਘ ਹਵਾਰਾ ਦੇ ਪਿਤਾ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਲੋਕਤੰਤਰ ਵਿੱਚ ਸ਼ਾਂਤੀਪੂਰਨ ਵਿਰੋਧ ਸਾਡਾ ਮੌਲਿਕ ਅਧਿਕਾਰ ਹੈ। ਉਹਨਾਂ ਕਿਹਾ ਕਿ ਅਸੀਂ ਇੱਥੇ ਤਿੰਨ ਸਾਲਾਂ ਤੋਂ ਵੱਧ ਸਮੇਂ ਤੋਂ ਸ਼ਾਂਤੀਪੂਰਨ ਢੰਗ ਨਾਲ ਬੈਠੇ ਹਾਂ ਪਰ ਸਰਕਾਰ ਸਾਨੂੰ ਇਨਸਾਫ਼ ਦੇਣ ਲਈ ਤਿਆਰ ਨਹੀਂ ਹੈ, ਇਸੇ ਲਈ ਆਜ਼ਾਦੀ ਦਿਵਸ ਤੇ, ਅਸੀਂ ਕਾਲੇ ਝੰਡੇ ਲੈ ਕੇ ਇੱਕ ਸ਼ਾਂਤੀਪੂਰਨ ਮਾਰਚ ਅਤੇ ਵਿਰੋਧ ਪ੍ਰਦਰਸ਼ਨ ਕੀਤਾ। ਉਹਨਾਂ ਕਿਹਾ ਕਿ ਸਾਡਾ ਮਿਸ਼ਨ ਪੂਰੀ ਤਰ੍ਹਾਂ ਸ਼ਾਂਤੀਪੂਰਨ ਹੈ, ਪਰ ਸਾਨੂੰ ਲੱਗਦਾ ਹੈ ਕਿ ਸਰਕਾਰ ਉਸ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਵਿੱਚ ਵਿਘਨ ਪਾ ਰਹੀ ਹੈ। ਅਸੀਂ ਕਦੇ ਵੀ ਬੈਰੀਕੇਡ ਨਹੀਂ ਤੋੜੇ। ਅਸੀਂ ਪੁਲੀਸ ਨਾਲ ਸਹਿਯੋਗ ਕਰਨ ਲਈ ਤਿਆਰ ਹਾਂ, ਪਰ ਬੇਲੋੜੀ ਬੈਰੀਕੇਡਿੰਗ ਤਣਾਅ ਪੈਦਾ ਕਰ ਰਹੀ ਹੈ ਅਤੇ ਸਾਨੂੰ ਅਜਿਹੀ ਸਥਿਤੀ ਵਿੱਚ ਮਜਬੂਰ ਕਰ ਰਹੀ ਹੈ ਜੋ ਅਸੀਂ ਨਹੀਂ ਚਾਹੁੰਦੇ।

ਕੌਮੀ ਇਨਸਾਫ਼ ਮੋਰਚਾ ਦੇ ਸਮਰਥਕਾਂ ਦੇ ਚੰਡੀਗੜ੍ਹ ਵੱਲ ਵਧਣ ਦੀ ਸੰਭਾਵਨਾ ਦੇ ਮੱਦੇਨਜ਼ਰ, ਪੁਲੀਸ ਨੇ ਮੁੱਖ ਰਸਤਿਆਂ ਤੇ ਬੈਰੀਕੇਡ ਲਗਾਏ ਹਨ। ਸੰਵੇਦਨਸ਼ੀਲ ਥਾਵਾਂ ਤੇ ਵਾਧੂ ਪੁਲੀਸ ਬਲ ਤਾਇਨਾਤ ਕੀਤੇ ਗਏ ਹਨ। ਮੁਹਾਲੀ ਅਤੇ ਚੰਡੀਗੜ੍ਹ ਪੁਲੀਸ ਦੇ ਅਧਿਕਾਰੀ ਸਥਿਤੀ ਤੇ ਲਗਾਤਾਰ ਨਜ਼ਰ ਰੱਖ ਰਹੇ ਹਨ।

ਇੱਥੇ ਜ਼ਿਕਰਯੋਗ ਹੈ ਕਿ 29 ਜੁਲਾਈ ਨੂੰ ‘ਵਾਰਿਸ ਪੰਜਾਬ ਦੇ’ ਅਤੇ ‘ਅਕਾਲੀ ਦਲ ਪੁਨਰਸੁਰਜੀਤ’ ਦੇ ਕਾਰਕੁਨਾਂ ਨੇ ਚੰਡੀਗੜ੍ਹ-ਮੁਹਾਲੀ ਸਰਹੱਦ ਤੇ ਰੋਸ ਪ੍ਰਦਰਸ਼ਨ ਕੀਤਾ ਸੀ, ਜਿਸ ਵਿੱਚ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਹੋਰ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ ਸੀ। ਪ੍ਰਦਰਸ਼ਨ ਦੌਰਾਨ, ਪ੍ਰਦਰਸ਼ਨਕਾਰੀਆਂ ਨੇ ਪੁਲੀਸ ਬੈਰੀਕੇਡ ਤੋੜ ਦਿੱਤੇ ਸਨ ਅਤੇ ਪਾਣੀ ਦੀਆਂ ਤੋਪਾਂ ਵਾਲੀ ਗੱਡੀ ਤੇ ਚੜ੍ਹ ਗਏ ਸਨ। ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਕਾਰ ਹੋਈ ਝੜਪ ਵਿੱਚ ਕਈ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ ਸਨ।

Continue Reading

Chandigarh

ਅਜਿਹੇ ਹਮਲਿਆਂ ਨਾਲ ਡਰਨ ਵਾਲਾ ਨਹੀਂ ਹਾਂ : ਸੁਖਬੀਰ ਸਿੰਘ ਬਾਦਲ

Published

on

By

ਫ਼ਿਰਕੂ ਤਾਕਤਾਂ ਨਾਲ ਨਹੀਂ ਹੋ ਸਕਦਾ ਕੋਈ ਸਮਝੌਤਾ

ਚੰਡੀਗੜ੍ਹ, 14 ਅਗਸਤ (ਸ.ਬ.) ਨਾਂਦੇੜ ਵਿਖੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕ੍ਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਅਜਿਹੇ ਹਮਲਿਆਂ ਤੋਂ ਉਹ ਡਰਨ ਵਾਲੇ ਨਹੀਂ ਹਨ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪਹਿਲੀ ਵਾਰ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਪਾਰਟੀ ਲਈ ਫ਼ਿਰਕੂ ਅਤੇ ਧਾਰਮਿਕ ਸਦਭਾਵਨਾ ਸਭ ਤੋਂ ਪਹਿਲੀ ਤਰਜੀਹ ਹੈ। ਸੁਖਬੀਰ ਬਾਦਲ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਸੀਨੀਅਰ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਵੀ ਮੌਜੂਦ ਸਨ।

ਉਨ੍ਹਾਂ ਕਿਹਾ ਕਿ ਸ਼ਾਂਤੀ ਭੰਗ ਕਰਨ ਵਾਲੀਆਂ ਤਾਕਤਾਂ ਮੇਰੇ ਤੇ ਦੋ ਵਾਰ ਪਵਿੱਤਰ ਸਥਾਨਾਂ ਤੇ ਹਮਲਾ ਕਰ ਚੁੱਕੀਆਂ ਹਨ। ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਵੀ ਇਨ੍ਹਾਂ ਫ਼ਿਰਕੂ ਤਾਕਤਾਂ ਨਾਲ ਸਮਝੌਤਾ ਨਹੀਂ ਕੀਤਾ। ਉਹ ਹਮੇਸ਼ਾ ਲੋਕਾਂ ਲਈ ਖੜ੍ਹੇ ਰਹੇ ਅਤੇ ਕਿਹਾ ਕਿ ਸਾਰੇ ਧਰਮਾਂ ਅਤੇ ਭਾਈਚਾਰਿਆਂ ਨੂੰ ਖੁਸ਼ੀ ਨਾਲ ਰਹਿਣਾ ਚਾਹੀਦਾ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ, ਉਨ੍ਹਾਂ ਨੇ ਫ਼ਿਰਕੂ ਸਦਭਾਵਨਾ ਅਤੇ ਸਾਰੇ ਧਰਮਾਂ ਦਾ ਸਤਿਕਾਰ ਬਣਾਈ ਰੱਖਿਆ। ਉਹਨਾਂ ਕਿਹਾ ਕਿ ਇਨ੍ਹਾਂ ਤਾਕਤਾਂ ਨੇ ਇੱਕ ਸਾਲ ਪਹਿਲਾਂ ਵੀ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਨ੍ਹਾਂ ਨੇ ਹੁਣ ਫਿਰ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਮਿਸ਼ਨ ਪੰਜਾਬ ਵਿੱਚ ਹਾਲਾਤਾਂ ਤੇ ਕਾਬੂ ਪਾਉਣਾ ਅਤੇ ਸ਼ਾਂਤੀ ਭੰਗ ਕਰਨਾ ਹੈ, ਜਿਸ ਨੂੰ ਉਹ ਅਕਾਲੀ ਦਲ ਦੇ ਪ੍ਰਧਾਨ ਵਜੋਂ ਮੈਂ ਕਦੇ ਕਾਮਯਾਬ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਇਹਨਾਂ ਤਾਕਤਾਂ ਨੇ ਦੋਵੇਂ ਵਾਰ ਉਨ੍ਹਾਂ ਤੇ ਸਭ ਤੋਂ ਪਵਿੱਤਰ ਸਥਾਨਾਂ ਤੇ ਹਮਲਾ ਕੀਤਾ ਹੈ। ਪਹਿਲੀ ਵਾਰ ਹਰਿਮੰਦਰ ਸਾਹਿਬ ਵਿੱਚ ਅਤੇ ਦੂਜੀ ਵਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ।

ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਕਹਿੰਦੇ ਹਨ ਕਿ ਜਿਸ ਵਿਅਕਤੀ ਦੀ ਰੱਖਿਆ ਸਰਬਸ਼ਕਤੀਮਾਨ ਗੁਰੂ ਕਰਦਾ ਹੈ, ਉਸ ਦਾ ਕੋਈ ਕੁਝ ਨਹੀਂ ਵਿਗੜ ਸਕਦਾ। ਉਹ ਆਪਣੀ ਪੂਰੀ ਤਾਕਤ ਨਾਲ ਕੋਸ਼ਿਸ਼ ਕਰ ਲੈਣ, ਸਭ ਕੁਝ ਪ੍ਰਮਾਤਮਾ ਦੇ ਹੱਥ ਵਿੱਚ ਹੈ। ਦੇਸ਼ ਅਤੇ ਪੰਜਾਬ ਵਿੱਚ ਸ਼ਾਂਤੀ ਅਤੇ ਸਦਭਾਵਨਾ ਦੇ ਦੁਸ਼ਮਣਾਂ ਨੇ ਕਈ ਵਾਰ ਕੋਸ਼ਿਸ਼ ਕੀਤੀ ਹੈ, ਪਰ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਰਾਖੀ ਕੀਤੀ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਉਦੋਂ ਵੀ ਨਹੀਂ ਡਰੇ ਅਤੇ ਹੁਣ ਵੀ ਨਹੀਂ ਡਰਦੇ। ਅਕਾਲੀ ਦਲ ਫ਼ਿਰਕੂ ਸਦਭਾਵਨਾ ਲਈ ਵਚਨਬੱਧ ਹੈ ਕਿਉਂਕਿ ਸਾਡੇ ਲਈ ਫ਼ਿਰਕੂ ਅਤੇ ਧਾਰਮਿਕ ਸਦਭਾਵਨਾ ਨੰਬਰ 1 ਹੈ।

ਜਿਕਰਯੋਗ ਹੈ ਕਿ ਇਸ ਹਮਲੇ ਦੌਰਾਨ ਸੁਖਬੀਰ ਬਾਦਲ ਜ਼ਖ਼ਮੀ ਹੋ ਗਏ ਸਨ ਅਤੇ ਉਨ੍ਹਾਂ ਦੇ ਸੱਜੇ ਹੱਥ ਤੇ ਸੱਟ ਲੱਗੀ ਸੀ। ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦੇ ਤਿੰਨ ਟਾਂਕੇ ਲੱਗੇ। ਪਸੁਖਬੀਰ ਸਿੰਘ ਬਾਦਲ ਤੇ ਦਸੰਬਰ 2024 ਵਿੱਚ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਤੇ ਵੀ ਹਮਲਾ ਹੋਇਆ ਸੀ ਅਤੇ ਉਸ ਵੇਲੇ ਵੀ ਉਹ ਬਚ ਗਏ ਸਨ।

ਸੁਖਬੀਰ ਬਾਦਲ ਨੂੰ ਅੱਜ ਦੁਪਹਿਰ 1:30 ਵਜੇ ਦੇ ਕਰੀਬ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਉਹ ਪੰਜਾਬ ਜਾਣ ਲਈ ਹਵਾਈ ਅੱਡੇ ਲਈ ਰਵਾਨਾ ਹੋ ਗਏ ਸਨ। ਇਸ ਤੋਂ ਪਹਿਲਾਂ ਸਵੇਰੇ ਇਲਾਜ ਕਰਨ ਵਾਲੇ ਡਾਕਟਰਾਂ ਨੇ ਦੱਸਿਆ ਸੀ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਦੀ ਲਗਪਗ 90 ਮਿੰਟ ਤੱਕ ਸਰਜਰੀ ਚੱਲੀ ਸੀ ਅਤੇ ਉਨ੍ਹਾਂ ਦੀ ਹਾਲਤ ਸਥਿਰ ਸੀ।

Continue Reading

Latest News

Trending