Editorial
ਖੇਤਾਂ ਵਿੱਚ ਵਸਦੀਆਂ ਕਾਲੋਨੀਆਂ ਕਾਰਨ ਲਗਾਤਾਰ ਘੱਟ ਰਿਹਾ ਹੈ ਖੇਤੀ ਹੇਠ ਰਕਬਾ
![](https://skyhawktimes.com/wp-content/uploads/2025/02/khet.jpg)
ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਖੇਤਾਂ ਵਿੱਚ ਕਾਲੋਨੀਆਂ (ਜਾਂ ਸ਼ਹਿਰ) ਵਸਾਉਣ ਦਾ ਰੁਝਾਨ ਵੱਧ ਰਿਹਾ ਹੈ। ਪੰਜਾਬ ਦੇ ਮੁਹਾਲੀ ਸਮੇਤ ਕਰੀਬ ਹਰ ਸ਼ਹਿਰ ਦੇ ਆਲੇ ਦੁਆਲੇ ਖੇਤਾਂ ਵਿੱਚ ਅਧਿਕਾਰਤ ਅਤੇ ਅਣਅਧਿਕਾਰਤ ਕਾਲੋਨੀਆਂ ਬਣੀਆਂ ਹੋਈਆਂ ਹਨ। ਇਹਨਾਂ ਵਿੱਚੋਂ ਕਈ ਕਾਲੋਨੀਆਂ ਤਾਂ ਅਜਿਹੀਆਂ ਹਨ ਜਿਹੜੀਆਂ ਨਿੱਕੇ ਮੋਟੇ ਸ਼ਹਿਰਾਂ ਦਾ ਹੀ ਭੁਲੇਖਾ ਪਾਉਂਦੀਆਂ ਹਨ।
ਖੇਤਾਂ ਵਿੱਚ ਬਹੁਮੰਜਿਲੀ ਇਮਾਰਤਾਂ ਦੀ ਉਸਾਰੀ ਹੋਣ ਅਤੇ ਸ਼ਹਿਰ ਵੱਸਣ ਕਾਰਨ ਹੁਣ ਪੰਜਾਬ ਵਿੱਚ ਖੇਤੀ ਹੇਠ ਰਕਬਾ ਲਗਾਤਾਰ ਘੱਟ ਹੋ ਰਿਹਾ ਹੈ, ਪਰੰਤੂ ਇਸ ਪਾਸੇ ਨਾ ਤਾਂ ਸਰਕਾਰ ਦਾ ਧਿਆਨ ਜਾ ਰਿਹਾ ਹੈ ਤੇ ਨਾ ਹੀ ਕਿਸੇ ਸਮਾਜਿਕ ਤੇ ਸਿਆਸੀ ਜਥੇਬੰਦੀ ਵਲੋਂ ਇਸ ਗੱਲ ਨੂੰ ਉਭਾਰਿਆ ਜਾ ਰਿਹਾ ਹੈ। ਸਰਕਾਰ ਨੂੰ ਆਪਣੇ ਕੰਮਾਂ ਤੋਂ ਹੀ ਵਿਹਲ ਨਹੀਂ ਹੈ ਅਤੇ ਸਿਆਸੀ ਲੋਕ ਸਿਰਫ ਸਿਆਸੀ ਰੋਟੀਆਂ ਸੇਕਣ ਵਿੱਚ ਹੀ ਰੁਝੇ ਹੋਏ ਹਨ।
ਕੁਝ ਮਾਹਿਰ ਕਹਿ ਰਹੇ ਹਨ ਕਿ ਖੇਤੀ ਹੇਠ ਘੱਟ ਰਿਹਾ ਰਕਬਾ ਪੰਜਾਬ ਵਿੱਚ ਅੰਨ ਸੰਕਟ ਦਾ ਕਾਰਨ ਬਣ ਸਕਦਾ ਹੈ। ਭਾਂਵੇਂ ਅਜੇ ਪੰਜਾਬ ਵਿੱਚ ਅੰਨ ਸੰਕਟ ਨਹੀਂ ਹੈ, ਪਰ ਜਿਸ ਤਰੀਕੇ ਨਾਲ ਪੰਜਾਬ ਵਿੱਚ ਖੇਤੀ ਹੇਠ ਰਕਬਾ ਘੱਟ ਰਿਹਾ ਹੈ, ਉਸ ਤੋਂ ਆਉਣ ਵਾਲੇ ਸਾਲਾਂ ਦੌਰਾਨ ਅੰਨ ਸੰਕਟ ਪੈਦਾ ਹੋਣ ਦਾ ਖਤਰਾ ਵੀ ਪੈਦਾ ਹੋ ਗਿਆ ਹੈ।
ਇਸ ਸੰਬੰਧੀ ਪੰਜਾਬ ਦੇ ਜਲ ਸਰੋਤ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਤਹਿਤ ਅਜਿਹੇ ਰਕਬੇ ਦੀ ਸ਼ਨਾਖ਼ਤ ਕੀਤੇ ਜਾਣ ਤੇ ਇਹ ਤੱਥ ਸਾਮ੍ਹਣੇ ਆਏ ਹਨ ਕਿ ਖੇਤਾਂ ਵਿਚੋਂ ਕਰੀਬ 53,611 ਏਕੜ ਰਕਬਾ ਨਿਕਲ ਕੇ ਵੱਖ ਵੱਖ ਕਲੋਨੀਆਂ ਅਤੇ ਸੜਕਾਂ ਹੇਠ ਆ ਗਿਆ ਹੈ।
ਨਿਯਮਾਂ ਅਨੁਸਾਰ ਜਦੋਂ ਖੇਤੀ ਹੇਠਲੇ ਰਕਬੇ ਦੀ ਗੈਰ ਖੇਤੀ ਕੰਮਾਂ ਲਈ ਵਰਤੋਂ ਹੋਣ ਲੱਗਦੀ ਹੈ ਤਾਂ ਜਲ ਸਰੋਤ ਵਿਭਾਗ ਵੱਲੋਂ ਇਸ ਗੈਰ ਖੇਤੀ ਵਾਲੇ ਰਕਬੇ ਦਾ ਨਹਿਰੀ ਪਾਣੀ ਕੱਟ ਦਿੱਤਾ ਜਾਂਦਾ ਹੈ ਅਤੇ ਕਟੌਤੀ ਵਾਲੇ ਰਕਬੇ ਦਾ ਨਹਿਰੀ ਪਾਣੀ ਦੂਜੇ ਕਿਸਾਨਾਂ ਵਿੱਚ ਵੰਡ ਦਿੱਤਾ ਜਾਂਦਾ ਹੈ। ਕਈ ਦਹਾਕਿਆਂ ਤੋਂ ਖੇਤੀ ਵਾਲੀ ਜ਼ਮੀਨ ਗੈਰਖੇਤੀ ਕੰਮਾਂ ਹੇਠ ਆ ਰਹੀ ਹੈ ਪਰ ਉਸ ਦੇ ਹਿੱਸੇ ਵਾਲੇ ਨਹਿਰੀ ਪਾਣੀ ਵਿੱਚ ਕਟੌਤੀ ਨਹੀਂ ਕੀਤੀ ਜਾਂਦੀ ਸੀ।
ਜਲ ਸਰੋਤ ਵਿਭਾਗ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਸਭ ਤੋਂ ਵੱਧ ਗੁਰਦਾਸਪੁਰ ਡਿਵੀਜ਼ਨ ਵਿੱਚ 14,770 ਏਕੜ ਰਕਬਾ ਖੇਤੀ ਹੇਠੋਂ ਨਿਕਲਿਆ ਹੈ। ਦੂਜੇ ਨੰਬਰ ਤੇ ਜਲੰਧਰ ਡਿਵੀਜ਼ਨ ਵਿਚੋਂ 13,773 ਏਕੜ ਰਕਬਾ ਖੇਤੀ ਹੇਠੋਂ ਨਿਕਲ ਚੁਕਾ ਹੈ। ਇਸੇ ਤਰ੍ਹਾਂ ਸੰਗਰੂਰ ਡਿਵੀਜ਼ਨ ਵਿਚੋਂ 1,130 ਏਕੜ, ਦੇਵੀਗੜ੍ਹ ਡਿਵੀਜ਼ਨ ਵਿਚੋਂ 6,614 ਏਕੜ, ਬਠਿੰਡਾ ਕੈਨਾਲ ਡਿਵੀਜ਼ਨ ਵਿਚੋਂ 2,389 ਏਕੜ, ਰੋਪੜ ਕੈਨਾਲ ਡਿਵੀਜ਼ਨ ਵਿੱਚੋਂ 1,564 ਏਕੜ, ਮਜੀਠਾ ਡਿਵੀਜ਼ਨ ਵਿਚੋਂ 704 ਏਕੜ ਅਤੇ ਬਰਨਾਲਾ ਡਿਵੀਜ਼ਨ ਵਿੱਚੋਂ 987 ਏਕੜ ਰਕਬਾ ਖੇਤੀ ਹੇਠੋਂ ਨਿਕਲ ਚੁੱਕਿਆ ਹੈ। ਉਪਰੋਕਤ ਵੇਰਵਿਆਂ ਤੋਂ ਇਲਾਵਾ ਪੰਜਾਬ ਦਾ ਵੱਡੀ ਗਿਣਤੀ ਇਲਾਕਾ ਅਜਿਹਾ ਵੀ ਹੈ, ਜਿਸ ਦੀ ਅਜੇ ਪਛਾਣ ਕੀਤੀ ਜਾਣੀ ਬਾਕੀ ਹੈ।
ਕਹਿਣ ਦਾ ਭਾਵ ਇਹ ਹੈ ਕਿ ਪੰਜਾਬ ਵਿੱਚ ਲਗਾਤਾਰ ਖੇਤੀ ਹੇਠਲਾ ਰਕਬਾ ਘੱਟ ਰਿਹਾ ਹੈ। ਖੇਤੀ ਹੇਠ ਰਕਬਾ ਘੱਟਣ ਕਾਰਨ ਸਭ ਤੋਂ ਜਿਆਦਾ ਨੁਕਸਾਨ ਪਿੰਡਾਂ ਦੇ ਲੋਕਾਂ ਨੂੰ ਹੋ ਰਿਹਾ ਹੈ, ਕਿਉਂਕਿ ਖੇਤ ਘੱਟ ਹੋਣ ਕਾਰਨ ਕਿਸਾਨਾਂ ਲਈ ਖੇਤੀ ਕਰਨ ਲਈ ਜ਼ਮੀਨ ਘੱਟਦੀ ਜਾ ਰਹੀ ਹੈ, ਇਸੇ ਕਾਰਨ ਕਿਸਾਨਾਂ ਦੇ ਪੁੱਤਰ ਖੇਤੀ ਕਰਨ ਦੀ ਥਾਂ ਵਿਦੇਸ਼ ਜਾ ਰਹੇ ਹਨ।
ਵਿਕਾਸ ਹੋਣਾ ਅਤੇ ਬਦਲਾਓ ਆਉਣਾ ਕੁਦਰਤੀ ਗੱਲਾਂ ਹਨ ਪਰੰਤੂ ਬੀਤੇ 25 ਸਾਲਾਂ ਦੌਰਾਨ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਦਾ ਮੁਹਾਂਦਰਾ ਪੂਰੀ ਤਰਾਂ ਬਦਲ ਗਿਆ ਹੈ। ਪੰਜਾਬ ਦੇ ਕਰੀਬ ਸਾਰੇ ਹੀ ਸ਼ਹਿਰਾਂ ਦੇ ਨਾਲ ਨਾਲ ਅਨੇਕਾਂ ਪਿੰਡਾਂ ਦੇ ਬਾਹਰ ਵਾਰ ਅਤੇ ਆਲੇ ਦੁਆਲੇ ਖੇਤਾਂ ਵਿੱਚ ਆਧੁਨਿਕ ਕਾਲੋਨੀਆਂ ਬਣ ਚੁੱਕੀਆਂ ਹਨ, ਜੋ ਕਿ ਸ਼ਹਿਰਾਂ ਦਾ ਹੀ ਭੁਲੇਖਾ ਪਾਉਂਦੀਆਂ ਹਨ। ਇਹਨਾਂ ਕਾਲੋਨੀਆਂ ਦੇ ਨਾਂਅ ਵੀ ਬਹੁਤ ਸੋਹਣੇ ਰੱਖੇ ਹੁੰਦੇ ਹਨ ਅਤੇ ਇਹਨਾਂ ਕਾਲੋਨੀਆਂ ਵਿੱਚ ਬਣੇ ਮਕਾਨਾਂ ਅਤੇ ਫਲੈਟਾਂ ਨੂੰ ਕਾਫੀ ਲਿਸ਼ਕਾ ਪੁਸ਼ਕਾ ਕੇ ਵੇਚਿਆ ਜਾਂਦਾ ਹੈ। ਸ਼ਹਿਰਾਂ ਤੇ ਪਿੰਡਾਂ ਦੁਆਲੇ ਇਹਨਾਂ ਨਵੀਆਂ ਬਣੀਆਂ ਕਾਲੋਨੀਆਂ ਨੇ ਪੂਰੀ ਤਰ੍ਹਾਂ ਘੇਰਾ ਪਾਇਆ ਹੋਇਆ ਹੈ। ਇਹ ਕਾਲੋਨੀਆਂ ਅਧਿਕਾਰਤ ਹਨ ਜਾਂ ਅਣਅਧਿਕਾਰਤ, ਇਸ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਘੱਟ ਹੀ ਹੁੰਦੀ ਹੈ। ਉਹ ਤਾਂ ਇਹਨਾਂ ਕਾਲੋਨੀਆਂ ਵਿੱਚ ਬਣੇ ਮਕਾਨਾਂ ਦੀ ਬਾਹਰੀ ਚਮਕ ਦਮਕ ਦੇਖ ਕੇ ਇਹਨਾਂ ਕਾਲੋਨੀਆਂ ਵਿੱਚ ਮਕਾਨ ਲੈਣ ਨੂੰ ਤਰਜੀਹ ਦਿੰਦੇ ਹਨ।
ਪੰਜਾਬ ਵਿੱਚ ਜਿਸ ਤਰੀਕੇ ਨਾਲ ਖੇਤੀ ਹੇਠ ਰਕਬਾ ਘੱਟ ਰਿਹਾ ਹੈ, ਉਹ ਚਿੰਤਾ ਦਾ ਵਿਸ਼ਾ ਹੈ। ਜੇ ਲਗਾਤਾਰ ਇਸੇ ਤਰਾਂ ਪੰਜਾਬ ਵਿੱਚ ਖੇਤੀ ਹੇਠ ਰਕਬਾ ਘਟਦਾ ਗਿਆ ਤਾਂ ਇਸ ਦੇ ਆਉਣ ਵਾਲੇ ਸਮੇਂ ਵਿੱਚ ਖਤਰਨਾਕ ਨਤੀਜੇ ਨਿਕਲ ਸਕਦੇ ਹਨ।
ਬਿਊਰੋ
Editorial
ਲਗਾਤਾਰ ਵੱਧਦੀ ਮੰਗਤਿਆਂ ਦੀ ਸੱਮਸਿਆ ਤੇ ਕਾਬੂ ਕਰੇ ਪ੍ਰਸ਼ਾਸ਼ਨ
ਪਿਛਲੇ ਕੁੱਝ ਸਮੇਂ ਦੌਰਾਨ ਸਾਡੇ ਸ਼ਹਿਰ ਅਤੇ ਆਸਪਾਸ ਦੇ ਖੇਤਰ ਵਿੱਚ ਮੰਗਤਿਆਂ ਦੀ ਸਮੱਸਿਆ ਬਹੁਤ ਜਿਆਦਾ ਵੱਧ ਗਈ ਹੈ ਅਤੇ ਇਸ ਦੌਰਾਨ ਇਹਨਾਂ ਮੰਗਤਿਆਂ ਦੀ ਗਿਣਤੀ ਵਿੱਚ ਵੀ ਕਾਫੀ ਵਾਧਾ ਹੋਇਆ ਹੈ ਅਤੇ ਜਿਸ ਪਾਸੇ ਵੀ ਨਜਰ ਮਾਰੋ ਇਹ ਮੰਗਤੇ ਆਮ ਨਜਰ ਆ ਜਾਂਦੇ ਹਨ। ਇਸ ਵੇਲੇ ਹਾਲਾਤ ਇਹ ਹਨ ਕਿ ਸ਼ਹਿਰ ਦੀਆਂ ਲਗਭਗ ਸਾਰੀਆਂ ਟ੍ਰੈਫਿਕ ਲਾਈਟਾਂ, ਬਾਜਾਰਾਂ ਅਤੇ ਇੱਥੋਂ ਤਕ ਕਿ ਲੋਕਾਂ ਦੇ ਘਰਾਂ ਅੱਗੇ ਜਾ ਕੇ ਭੀਖ ਮੰਗਣ ਵਾਲਿਆਂ ਦੀ ਗਿਣਤੀ ਬਹੁਤ ਜਿਆਦਾ ਵੱਧ ਚੁੱਕੀ ਹੈ। ਛੋਟੇ ਛੋਟੇ ਬੱਚਿਆਂ ਨੂੰ ਚੁੱਕੀ ਘੁੰਮ ਰਹੀਆਂ ਪ੍ਰਵਾਸੀ ਔਰਤਾਂ, ਫਟੇਹਾਲ ਕਪੜਿਆਂ ਅਤੇ ਗੰਦੇ ਮੰਦੇ ਚੀਥੜਿਆਂ ਵਿੱਚ ਲਿਪਟੇ ਛੋਟੇ ਛੋਟੇ ਬੱਚੇ ਅਤੇ ਕੁੱਝ ਵੱਡੀ ਉਮਰ ਦੇ ਭਿਖਾਰੀ ਅਚਾਨਕ ਹੀ ਤੁਹਾਡੇ ਸਾਮ੍ਹਣੇ ਆ ਕੇ ਬੜੀ ਦੀਨ ਹੀਨ ਜਿਹੀ ਸ਼ਕਲ ਬਣਾ ਕੇ ਖੜ੍ਹੇ ਹੋ ਜਾਂਦੇ ਹਨ ਅਤੇ ਮੰਗਣਾ ਸ਼ੁਰੂ ਕਰ ਦਿੰਦੇ ਹਨ। ਇਹ ਮੰਗਤੇ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਅਤੇ ਘੁੰਮਣ ਫਿਰਨ ਆਉਣ ਵਾਲੇ ਲੋਕਾਂ ਨੂੰ ਘੇਰ ਕੇ ਖੜ੍ਹ ਜਾਂਦੇ ਹਨ ਅਤੇ ਉਹਨਾਂ ਤੋਂ ਭੀਖ ਮੰਗਦੇ ਹਨ।
ਇਸੇਤਰ੍ਹਾਂ ਇਹ ਭਿਖਾਰੀ ਟ੍ਰੈਫਿਕ ਲਾਈਟਾਂ ਤੇ ਰੁਕਣ ਵਾਲੀਆਂ ਗੱਡੀਆਂ ਦੇ ਸ਼ੀਸ਼ੇ ਖੜਕਾ ਕੇ ਅਤੇ ਪੇਟ ਭਰਨ ਦਾ ਵਾਸਤਾ ਦੇ ਕੇ ਲੋਕਾਂ ਤੋਂ ਭੀਖ ਮੰਗਦੇ ਦਿਖਦੇ ਹਨ। ਹੋਰ ਤਾਂ ਹੋਰ ਕਈ ਛੋਟੇ ਛੋਟੇ ਬੱਚੇ (ਲਗਭਗ 5-7 ਸਾਲ ਤਕ ਦੀ ਉਮਰ ਦੇ) ਵੀ ਇਸੇ ਤਰ੍ਹਾਂ ਲੋਕਾਂ ਅੱਗੇ ਹੱਥ ਫੈਲਾਈ ਭੀਖ ਮੰਗਦੇ ਦਿਖਦੇ ਹਨ। ਇਹ ਭਿਖਾਰੀ ਉਦੋਂ ਤੱਕ ਲੋਕਾਂ ਦਾ ਖਹਿੜਾ ਨਹੀਂ ਛੱਡਦੇ ਜਦੋਂ ਤੱਕ ਉਨ੍ਹਾਂ ਨੂੰ ਕੁੱਝ ਨਾ ਕੁੱਝ ਮਿਲ ਨਾ ਜਾਵੇ ਅਤੇ ਜੇਕਰ ਇਹਨਾਂ ਨੂੰ ਕੁੱਝ ਨਾ ਮਿਲੇ ਤਾਂ ਕਈ ਵਾਰ ਇਹ ਲੋਕਾਂ ਨੂੰ ਗਾਲ੍ਹਾਂ ਕੱਢ ਕੇ ਭੱਜ ਜਾਂਦੇ ਹਨ। ਇਹਨਾਂ ਮੰਗਤਿਆਂ ਦੇ ਇਸ ਤਰ੍ਹਾਂ ਅਚਾਨਕ ਸਾਮ੍ਹਣੇ ਆ ਜਾਣ ਤੇ ਜਿੱਥੇ ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ ਉੱਥੇ ਹੋਰਨਾਂ ਥਾਵਾਂ ਤੋਂ ਸ਼ਹਿਰ ਵਿੱਚ ਆਉਣ ਵਾਲੇ ਲੋਕਾਂ ਉੱਪਰ ਵੀ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।
ਇਹਨਾਂ ਭਿਖਾਰੀਆਂ ਦੀ ਵੱਧਦੀ ਗਿਣਤੀ ਕਾਰਨ ਸ਼ਹਿਰਵਾਸੀ ਕਾਫੀ ਤੰਗ ਹੁੰਦੇ ਹਨ ਅਤੇ ਇਸ ਸਮੱਸਿਆ ਦੇ ਹਲ ਦੀ ਮੰਗ ਵੀ ਕਰਦੇ ਹਨ। ਸ਼ਹਿਰ ਵਾਸੀ ਅਕਸਰ ਇਹ ਇਲਜਾਮ ਲਗਾਉਂਦੇ ਹਨ ਕਿ ਸ਼ਹਿਰ ਦੇ ਬਾਹਰਵਾਰ ਬਣੀਆਂ ਝੁੱਗੀ ਕਲੋਨੀਆਂ ਵਿੱਚ ਰਹਿਣ ਵਾਲੇ ਕੁੱਝ ਪੇਸ਼ੇਵਰ ਲੋਕ ਬਾਕਾਇਦਾ ਇਹਨਾਂ ਭਿਖਾਰੀਆਂ ਦੇ ਗਿਰੋਹ ਚਲਾਉਂਦੇ ਹਨ ਅਤੇ ਉਹਨਾਂ ਵਲੋਂ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਬਾਕਾਇਦਾ ਯੋਜਨਾਬੱਧ ਤਰੀਕੇ ਨਾਲ ਭੀਖ ਮੰਗਵਾਈ ਜਾਂਦੀ ਹੈ। ਇਹਨਾਂ ਭਿਖਾਰੀਆਂ ਦੇ ਠੀਏ ਵੀ ਤੈਅ ਹਨ ਅਤੇ ਇਹ ਕਿਸੇ ਹੋਰ ਨੂੰ ਆਪਣੇ ਠੀਏ ਤੇ ਭੀਖ ਨਹੀਂ ਮੰਗਣ ਦਿੰਦੇ।
ਆਮ ਲੋਕ ਇਹਨਾਂ ਭਿਖਾਰੀਆਂ ਦੀ ਤਰਸਯੋਗ ਹਾਲਤ ਉੱਪਰ ਤਰਸ ਖਾ ਕੇ ਇਹਨਾਂ ਨੂੰ ਕੁੱਝ ਨਕਦੀ ਆਦਿ ਦੇ ਦਿੰਦੇ ਹਨ ਅਤੇ ਇਹ ਭਿਖਾਰੀ ਲੋਕਾਂ ਦੀ ਇਸੇ ਹਮਦਰਦੀ ਦਾ ਨਾਜਾਇਜ ਫਾਇਦਾ ਚੁੱਕਦੇ ਹਨ। ਇਹ ਭਿਖਾਰੀ ਸਾਰਾ ਦਿਨ ਇਕੱਠੀ ਕੀਤੀ ਜਾਣ ਵਾਲੀ ਭੀਖ ਦੀ ਰਕਮ ਨਾਲ ਰਾਤ ਨੂੰ ਸ਼ਰਾਬ ਅਤੇ ਹੋਰ ਨਸ਼ੇ ਵੀ ਕਰਦੇ ਹਨ। ਫੇਜ਼ 7 ਦੇ ਅੰਬਾ ਵਾਲਾ ਚੌਂਕ ਤੋਂ ਕੁੰਭੜਾ ਚੌਂਕ ਵੱਲ ਜਾਂਦੀ ਮੁੱਖ ਸੜਕ ਦੇ ਫੇਜ਼ 7 ਵਾਲੇ ਪਾਸੇ ਪੈਂਦੀਆਂ ਕੋਠੀਆਂ ਦੇ ਵਸਨੀਕ ਸ਼ਿਕਾਇਤ ਕਰਦੇ ਹਨ ਕਿ ਰਾਤ ਨੂੰ ਇਹ ਭਿਖਾਰੀ ਉਹਨਾਂ ਦੀਆਂ ਕੋਠੀਆਂ ਦੇ ਪਿੱਛੇ ਵਾਲੀ ਖਾਲੀ ਥਾਂ ਤੇ ਇਕੱਠੇ ਹੋ ਕੇ ਸ਼ਰਾਬ ਪੀਂ ਕੇ ਖਰਮਸਤੀਆਂ ਕਰਦੇ ਹਨ ਜਿਸ ਕਾਰਨ ਇਹਨਾਂ ਕੋਠੀਆਂ ਦੇ ਵਸਨੀਕ ਬੁਰੀ ਤਰ੍ਹਾਂ ਤੰਗ ਹਨ।
ਸ਼ਹਿਰ ਅਤੇ ਆਸਪਾਸ ਦੇ ਖੇਤਰ ਵਿੱਚ ਜਨਤਕ ਥਾਵਾਂ ਤੇ ਇਹਨਾਂ ਭਿਖਾਰੀਆਂ ਦੀ ਭੀਖ ਮੰਗਣ ਦੀ ਇਹ ਕਾਰਵਾਈ ਕਾਨੂੰਨਨ ਜੁਰਮ ਦੇ ਦਾਇਰੇ ਵਿੱਚ ਆਉਂਦੀ ਹੈ ਅਤੇ ਅਜਿਹਾ ਕਰਨ ਤੇ ਇਹਨਾਂ ਮੰਗਤਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ। ਇਸ ਸੰਬੰਧੀ ਚੰਡੀਗੜ੍ਹ ਪੁਲੀਸ ਵਲੋਂ ਉੱਥੇ ਭੀਖ ਮੰਗਣ ਵਾਲੇ ਮੰਗਤਿਆਂ ਨੂੰ ਕਾਬੂ ਕਰਕੇ ਉਹਲਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਂਦੀ ਹੈ ਪਰੰਤੂ ਪਰੰਤੂ ਸਾਡੇ ਸ਼ਹਿਰ ਵਿੱਚ ਸਥਾਨਕ ਪ੍ਰਸ਼ਾਸ਼ਨ ਵਲੋਂ ਇਹਨਾਂ ਮੰਗਤਿਆਂ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਇੱਥੇ ਮੰਗਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਚੰਡੀਗੜ੍ਹ ਵਿੱਚ ਕਾਰਵਾਈ ਹੌਣ ਦੇ ਡਰ ਕਾਰਨ ਉੱਥੇ ਭੀਖ ਮੰਗਣ ਵਾਲਿਆਂ ਵਲੋਂ ਵੀ ਹੁਣ ਸਾਡੇ ਸ਼ਹਿਰ ਵਿੱਚ ਆਪਣੇ ਟਿਕਾਣੇ ਕਾਇਮ ਕਰ ਲਏ ਗਏ ਹਨ।
ਸਥਾਨਕ ਪ੍ਰਸ਼ਾਸ਼ਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਵਿੱਚ ਭਿਖਾਰੀਆਂ ਦੀ ਵੱਧਦੀ ਗਿਣਤੀ ਤੇ ਕਾਬੂ ਕਰਨ ਲਈ ਲੋੜੀਂਦੇ ਕਦਮ ਚੁੱਕੇ। ਇਸਦੇ ਤਹਿਤ ਜਿੱਥੇ ਭੀਖ ਮੰਗਣ ਨੂੰ ਪੇਸ਼ਾ ਬਣਾ ਚੁੱਕੇ ਭਿਖਾਰੀਆਂ ਨੂੰ ਕਾਬੂ ਕੀਤਾ ਜਾਣਾ ਚਾਹੀਦਾ ਹੈ ਉੱਥੇ ਸ਼ਹਿਰ ਵਿੱਚ ਯੋਜਨਾਬੱਧ ਤਰੀਕੇ ਨਾਲ ਭੀਖ ਮੰਗਵਾਉਣ ਦੀ ਇਸ ਕਾਰਵਾਈ ਨੂੰ ਰੋਕਣ ਲਈ ਵੀ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇਸ ਸੰਬੰਧੀ ਪੁਲੀਸ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਰਾਹਤ ਮਿਲੇ।
Editorial
ਅਕਾਲੀ ਦਲ ਕੋਲ ਹੁਣੇ ਵੀ ਹੈ ਦੁਬਾਰਾ ਮਜ਼ਬੂਤ ਹੋਣ ਦਾ ਮੌਕਾ
![](https://skyhawktimes.com/wp-content/uploads/2025/02/logo.jpg)
ਪਿਛਲੇ ਦਿਨੀਂ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਅਤੇ ਆਮ ਆਦਮੀ ਪਾਰਟੀ ਦੀ ਹਾਰ ਦਾ ਅਸਰ ਪੰਜਾਬ ਦੀ ਸਿਆਸਤ ਤੇ ਵੀ ਪੈਂਦਾ ਦਿਖ ਰਿਹਾ ਹੈ। ਆਮ ਆਦਮੀ ਪਾਰਟੀ ਦੀ ਇਹਨਾਂ ਚੋਣਾਂ ਵਿੱਚ ਹੋਈ ਹਾਰ ਤੋਂ ਸਪਸ਼ਟ ਹੋ ਗਿਆ ਹੈ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਕਾਫੀ ਕਮਜੋਰ ਹੋ ਗਈ ਹੈ, ਜਦੋਂ ਕਿ ਭਾਜਪਾ ਨੇ ਮਜ਼ਬੂਤ ਹੋ ਕੇ ਸੱਤਾ ਪ੍ਰਾਪਤ ਕਰ ਲਈ ਹੈ।
ਦਿੱਲੀ ਵਿੱਚ ਕਮਜੋਰ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਕਾਰਗੁਜਾਰੀ ਬਾਰੇ ਵੀ ਕਿਆਸ ਅਰਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਵਿਰੋਧੀ ਆਗੂ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਦੀ ਹੁਣ ਪੰਜਾਬ ਵਿੱਚ ਵੀ ਪਹਿਲਾਂ ਵਾਲੀ ਗੱਲ ਨਹੀਂ ਰਹੀ। ਕਾਂਗਰਸੀ ਆਗੂ ਅਤੇ ਭਾਜਪਾ ਆਗੂ ਤਾਂ ਦੋਸ਼ ਲਾਉਂਦੇ ਹਨ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਹੋ ਗਈ ਹੈ।
ਮੀਡੀਆ ਰਿਪੋਰਟਾਂ ਵੀ ਕਹਿ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੰਜਾਬ ਵਿੱਚ ਹੁਣ ਤਕ ਦੀ ਕਾਰਗੁਜਾਰੀ ਤੋਂ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹਨ ਜਿਸ ਕਰਕੇ ਪੰਜਾਬ ਵਿੱਚ ਇਕ ਵਾਰ ਫਿਰ ਸਿਆਸੀ ਖਲਾਅ ਆ ਗਿਆ ਹੈ। ਇਸ ਖਲਾਅ ਦੌਰਾਨ ਅਕਾਲੀ ਦਲ ਲਈ ਇੱਕ ਵੱਡਾ ਮੌਕਾ ਆ ਗਿਆ ਹੈ ਕਿ ਉਹ ਪਹਿਲਾਂ ਵਾਂਗ ਮਜਬੂਤ ਹੋ ਕੇ ਪੰਜਾਬ ਦੀ ਅਗਵਾਈ ਕਰੇ।
ਪੰਜਾਬ ਵਿੱਚ ਅਕਾਲੀ ਦਲ ਵੱਖ-ਵੱਖ ਸਮੇਂ ਸੱਤਾ ਦਾ ਸੁੱਖ ਭੋਗ ਚੁੱਕਿਆ ਹੈ, ਜਿਸ ਦੌਰਾਨ ਜਿੱਥੇ ਅਕਾਲੀ ਦਲ ਨੇ ਪੰਜਾਬ ਵਿੱਚ ਵਿਕਾਸ ਕੰਮ ਕੀਤੇ ਹਨ ਉੱਥੇ ਅਕਾਲੀ ਆਗੂਆਂ ਤੋਂ ਕਈ ਤਰ੍ਹਾਂ ਦੀਆਂ ਗਲਤੀਆਂ ਵੀ ਹੋਈਆਂ। ਇਹਨਾਂ ਗਲਤੀਆਂ ਕਾਰਨ ਹੀ ਅਕਾਲੀ ਦਲ ਪੰਜਾਬ ਦੀ ਸੱਤਾ ਤੋਂ ਦੂਰ ਹੋਇਆ ਅਤੇ ਅੱਜ ਅਕਾਲੀ ਦਲ ਦੀ ਜੋ ਹਾਲਤ ਹੈ, ਉਹ ਸਭ ਦੇ ਸਾਹਮਣੇ ਹੈ।
ਅਕਾਲੀ ਦਲ ਬਾਦਲ ਵਿੱਚ ਇਸ ਸਮੇਂ ਭਰਤੀ ਮੁਹਿੰਮ ਚਲ ਰਹੀ ਹੈ ਅਤੇ ਅਕਾਲੀ ਆਗੂ ਦਾਅਵਾ ਕਰ ਰਹੇ ਹਨ ਕਿ 25 ਲੱਖ ਮੈਂਬਰਾਂ ਦੀ ਭਰਤੀ ਤਾਂ ਅਕਾਲੀ ਦਲ ਵਿੱਚ ਹੋ ਵੀ ਚੁੱਕੀ ਹੈ। ਜੇਕਰ ਵਾਕਈ ਅਕਾਲੀ ਦਲ ਵਿੱਚ 25 ਲੱਖ ਮੈਂਬਰਾਂ ਦੀ ਭਰਤੀ ਹੋ ਚੁੱਕੀ ਹੈ ਅਤੇ ਅਜੇ ਵੀ ਹੋਰ ਮੈਂਬਰਾਂ ਦੀ ਭਰਤੀ ਹੋ ਰਹੀ ਹੈ ਤਾਂ ਅਕਾਲੀ ਦਲ ਜਥੇਬੰਦਕ ਤੌਰ ਤੇ ਇੱਕ ਮਜਬੂਤ ਪਾਰਟੀ ਵਜੋਂ ਉਭਰ ਕੇ ਸਾਮ੍ਹਣੇ ਆ ਸਕਦੀ ਹੈ ਅਤੇ ਲੱਖਾਂ ਦੀ ਗਿਣਤੀ ਵਿੱਚ ਬਣਨ ਵਾਲੇ ਇਸ ਦੇ ਮੈਂਬਰ ਇਸ ਪਾਰਟੀ ਨੂੰ ਜਿੱਤ ਦੇ ਰਾਹ ਤੇ ਵੀ ਤੋਰ ਸਕਦੇ ਹਨ।
ਅਕਾਲੀ ਦਲ ਲੰਬਾ ਸਮਾਂ ਸਿੱਖਾਂ ਅਤੇ ਪੰਥ ਦੀ ਅਗਵਾਈ ਕਰਦਾ ਰਿਹਾ ਹੈ। ਹਾਲਾਂਕਿ ਸਿੱਖਾਂ ਅਤੇ ਪੰਥ ਦੀ ਸਿਆਸੀ ਪਾਰਟੀ ਕਹਾਉਣ ਵਾਲੇ ਅਕਾਲੀ ਦਲ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਕਈ ਸਾਲ ਪਹਿਲਾਂ ਮੋਗਾ ਵਿੱਚ ਹੋਈ ਰੈਲੀ ਦੌਰਾਨ ਪੰਜਾਬੀਆਂ ਦੀ ਪਾਰਟੀ ਐਲਾਨਦਿਆਂ ਕਿਹਾ ਗਿਆ ਸੀ ਕਿ ਅਕਾਲੀ ਦਲ ਸਿਰਫ਼ ਪੰਥ ਜਾਂ ਸਿੱਖਾਂ ਦੀ ਪਾਰਟੀ ਨਹੀਂ ਬਲਕਿ ਸਾਰੇ ਪੰਜਾਬੀਆਂ ਦੀ ਪਾਰਟੀ ਹੈ।
ਉਸ ਤੋਂ ਬਾਅਦ ਅਕਾਲੀ ਦਾ ਰੂਪ ਕਈ ਵਾਰ ਬਦਲਦਾ ਰਿਹਾ ਹੈ ਅਤੇ ਹੁਣ ਅਕਾਲੀ ਦਲ ਨੂੰ ਮੁੜ ਪੰਥਕ ਪਾਰਟੀ ਬਣਾਉਣ ਲਈ ਯਤਨ ਤੇਜ ਹੋ ਰਹੇ ਹਨ ਕਿਉਂਕਿ ਅਕਾਲੀ ਦਲ ਇਸ ਸਮੇਂ ਸਿਆਸੀ ਤੌਰ ਤੇ ਹਾਸ਼ੀਏ ਤੇ ਪਹੁੰਚ ਚੁੱਕਿਆ ਹੈ। ਪੰਥਕ ਸਿਆਸਤ ਦੇ ਮੁੜ ਪੂਰੀ ਤਰ੍ਹਾਂ ਉਭਾਰ ਅਤੇ ਪੰਥ ਦੇ ਅਹਿਮ ਮਸਲੇ ਹੱਲ ਕਰਵਾਉਣ ਲਈ ਪੰਥ ਨੂੰ ਇੱਕ ਮਜਬੂਤ ਪੰਥਕ ਪਾਰਟੀ ਦੀ ਲੋੜ ਮਹਿਸੂਸ ਹੋ ਰਹੀ ਹੈ। ਇਸ ਵੇਲੇ ਪੰਜਾਬ ਵਿੱਚ ਹੋਰ ਕੋਈ ਅਜਿਹੀ ਪਾਰਟੀ ਨਹੀਂ ਜੋ ਕਿ ਪੰਥਕ ਪਾਰਟੀ ਕਹਿਲਾ ਸਕੇ। ਹੋਰਨਾਂ ਸਿਆਸੀ ਪਾਰਟੀਆਂ ਨੇ ਪੰਥਕ ਮੁੱਦਿਆਂ ਤੋਂ ਇੱਕ ਤਰ੍ਹਾਂ ਦੂਰੀ ਬਣਾ ਕੇ ਰੱਖੀ ਹੋਈ ਹੈ। ਇਥੋਂ ਤੱਕ ਕਿ ਕਿਸਾਨ ਜਥੇਬੰਦੀਆਂ ਨੇ ਵੀ ਪੰਥਕ ਮੁੱਦਿਆਂ ਤੋਂ ਦੂਰੀ ਬਣਾਈ ਹੋਈ ਹੈ।
ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਪਿਛਲੇ ਦਹਾਕਿਆਂ ਦੌਰਾਨ ਪੰਜਾਬ ਦੀ ਸਿਆਸਤ ਤੇ ਪੰਥਕ ਸੋਚ ਵਾਲੇ ਆਗੂਆਂ ਦਾ ਵੱਡਾ ਪ੍ਰਭਾਵ ਰਿਹਾ ਹੈ ਅਤੇ ਪੰਥਕ ਸੋਚ ਨੂੰ ਪ੍ਰਨਾਏ ਆਗੂ ਸਿਆਸਤ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਹਨ। ਕਿਸੇ ਸਮੇਂ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਪੰਥ ਦੇ ਨਾਲ ਪੰਜਾਬ ਦੀ ਸਿਆਸਤ ਤੇ ਵੀ ਪੂਰਾ ਪ੍ਰਭਾਵ ਹੁੰਦਾ ਸੀ ਅਤੇ ਉਹਨਾਂ ਨੇ ਪੰਜਾਬ ਦੇ ਸੀਨੀਅਰ ਆਗੂ ਵਜੋਂ ਵਿਚਰਦਿਆਂ ਹੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ‘ਰਾਜੀਵ ਲੌਂਗੋਵਾਲ ਸਮਝੌਤਾ’ ਕੀਤਾ ਸੀ। ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿੰਦਿਆਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪੰਜਾਬ ਦੀ ਸਿਆਸਤ ਤੇ ਵੀ ਪੂਰਾ ਦਬਦਬਾ ਹੁੰਦਾ ਸੀ। ਉਸ ਤੋਂ ਬਾਅਦ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਹੋਰ ਆਗੂ ਵੀ ਪੰਥਕ ਸਿਆਸਤ ਦੇ ਨਾਲ-ਨਾਲ ਪੰਜਾਬ ਦੀ ਸਿਆਸਤ ਵਿੱਚ ਛਾਏ ਰਹੇ ਹਨ।
ਪੰਜਾਬ ਵਿੱਚ ਪੱਕੀਆਂ ਪੰਥਕ ਵੋਟਾਂ ਦੀ ਗਿਣਤੀ ਬਹੁਤ ਹੈ ਜਿਹੜੀਆਂ ਕਿਸੇ ਵੀ ਪਾਰਟੀ ਦੀ ਜਿੱਤ ਹਾਰ ਨੂੰ ਬਦਲ ਸਕਦੀਆਂ ਹਨ ਅਤੇ ਪੰਥਕ ਵੋਟਾਂ ਕਾਰਨ ਪੰਜਾਬ ਦੀ ਸਿਆਸਤ ਦੇ ਸਮੀਕਰਨ ਵੀ ਬਦਲ ਸਕਦੇ ਹਨ। ਪੰਜਾਬ ਵਿੱਚ ਭਾਵੇਂ ਇੱਕ ਹੋਰ ਅਕਾਲੀ ਦਲ ‘ਵਾਰਿਸ ਪੰਜਾਬ ਦੇ ‘ ਦਾ ਗਠਨ ਹੋ ਚੁੱਕਿਆ ਹੈ ਪਰ ਇਹ ਪਾਰਟੀ ਨਵੀਂ ਹੋਣ ਕਰਕੇ ਅਜੇ ਪੂਰੇ ਪੰਜਾਬ ਵਿੱਚ ਪੂਰੀ ਤਰ੍ਹਾਂ ਮਜਬੂਤ ਨਹੀਂ ਹੋਈ, ਭਾਵੇਂ ਕਿ ਇਸ ਪਾਰਟੀ ਨਾਲ ਸਬੰਧਿਤ ਦੋ ਆਗੂ ਸੰਸਦ ਮੈਂਬਰ ਹਨ ਪਰੰਤੂ ਇਸ ਨਵੇਂ ਅਕਾਲੀ ਦਲ ਨੂੰ ਹੁਣੇ ਬਹੁਤ ਮਿਹਨਤ ਕਰਨ ਦੀ ਲੋੜ ਹੈ ਤਾਂ ਕਿ ਇਹ ਪਾਰਟੀ ਪੰਜਾਬ ਵਿੱਚ ਆਪਣਾ ਮਜਬੂਤ ਆਧਾਰ ਬਣਾ ਸਕੇ। ਇਸੇ ਤਰ੍ਹਾਂ ਪੰਜਾਬ ਵਿੱਚ ਮਾਨ ਅਕਾਲੀ ਦਲ ਅਤੇ ਹੋਰ ਅਕਾਲੀ ਦਲ ਵੀ ਸਰਗਰਮ ਹਨ ਪਰ ਸਭ ਤੋਂ ਮਜਬੂਤ ਉਸ ਅਕਾਲੀ ਦਲ ਨੂੰ ਸਮਝਿਆ ਜਾਂਦਾ ਹੈ, ਜਿਸ ਦਾ ਕਬਜਾ ਸ਼੍ਰੋਮਣੀ ਕਮੇਟੀ ਤੇ ਹੋਵੇ। ਇਸ ਸਮੇਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬਾਦਲ ਦਾ ਕਬਜਾ ਹੈ। ਇਸ ਕਰਕੇ ਅਕਾਲੀ ਦਲ ਬਾਦਲ ਨੂੰ ਹੀ ਇਸ ਸਮੇਂ ਹੋਰਨਾਂ ਅਕਾਲੀ ਦਲਾਂ ਦੇ ਮੁਕਾਬਲੇ ਮੁੱਖ ਅਕਾਲੀ ਦਲ ਸਮਝਿਆ ਜਾਂਦਾ ਹੈ।
ਹੁਣ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਦਾ ਪ੍ਰਭਾਵ ਪੰਜਾਬ ਦੀ ਸਿਆਸਤ ਤੇ ਵੀ ਪੈਂਦਾ ਦਿਖ ਰਿਹਾ ਹੈ ਅਤੇ ਪੰਜਾਬ ਦੇ ਜਿਹੜੇ ਲੋਕ ਪੰਜਾਬ ਦੀ ਮੌਜੂਦਾ ਆਪ ਸਰਕਾਰ ਤੋਂ ਨਿਰਾਸ਼ ਹਨ, ਉਹ ਵੀ ਦੂਸਰੀਆਂ ਸਿਆਸੀ ਪਾਰਟੀਆਂ ਵੱਲ ਝੁਕ ਸਕਦੇ ਹਨ ਅਤੇ ਇਸ ਦਾ ਫਾਇਦਾ ਅਕਾਲੀ ਦਲ ਉਠਾ ਸਕਦਾ ਹੈ। ਪਿਛਲੀ ਵਾਰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਕਮਜੋਰ ਹੋਣ ਦਾ ਫਾਇਦਾ ਆਮ ਆਦਮੀ ਪਾਰਟੀ ਨੇ ਚੁੱਕਿਆ ਸੀ ਤੇ ਪੰਜਾਬ ਵਿੱਚ ਆਪਣੀ ਸਰਕਾਰ ਬਣਾ ਲਈ ਸੀ। ਉਸੇ ਤਰ੍ਹਾਂ ਹੁਣ ਅਕਾਲੀ ਦਲ ਬਾਦਲ ਵੀ ਮੌਕੇ ਦਾ ਫਾਇਦਾ ਉਠਾ ਸਕਦਾ ਹੈ ਅਤੇ ਆਮ ਆਦਮੀ ਪਾਰਟੀ ਤੋਂ ਨਿਰਾਸ਼ ਹੋਏ ਲੋਕਾਂ ਨੂੰ ਅਕਾਲੀ ਦਲ ਆਪਣੇ ਨਾਲ ਜੋੜ ਸਕਦਾ ਹੈ। ਅਕਾਲੀ ਦਲ ਬਾਦਲ ਨੇ ਜੇਕਰ ਹੁਣ ਵੀ ਮੌਕਾ ਨਾ ਸਾਂਭਿਆ ਤਾਂ ਪੰਜਾਬ ਦੀ ਸਿਆਸਤ ਵਿੱਚ ਮੁੜ ਮਜਬੂਤ ਹੋਣਾ ਅਕਾਲੀ ਦਲ ਲਈ ਮੁਸ਼ਕਿਲ ਹੋ ਜਾਵੇਗਾ।
ਬਿਊਰੋ
Editorial
ਆਰਥਿਕ ਤਬਾਹੀ ਤੋਂ ਬਚਣ ਲਈ ਆਪਣੇ ਖਰਚੇ ਘੱਟ ਕਰਨ ਪੰਜਾਬੀ
ਕੋਈ ਸਮਾਂ ਹੁੰਦਾ ਸੀ ਜਦੋਂ ਪੰਜਾਬ ਨੂੰ ਆਰਥਿਕ ਤੌਰ ਤੇ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਹੁੰਦਾ ਸੀ ਅਤੇ ਇੱਥੇ ਪ੍ਰਤੀ ਵਿਅਕਤੀ ਸਾਲਾਨਾ ਆਮਦਨ ਪੂਰੇ ਦੇਸ਼ ਵਿੱਚੋਂ ਪਹਿਲੇ ਨੰਬਰ ਤੇ ਸੀ, ਪਰੰਤੂ ਹੁਣ ਪੰਜਾਬ ਇਸ ਖੇਤਰ ਵਿੱਚ ਬਹੁਤ ਪਿਛੜ ਗਿਆ ਹੈ ਅਤੇ ਪੰਜਾਬ ਵਾਸੀ ਇਸ ਸਮੇਂ ਭਾਰੀ ਕਰਜੇ ਦੀ ਮਾਰ ਹੇਠ ਹਨ। ਪੰਜਾਬ ਦੀ ਆਰਥਿਕਤਾ ਤਾਂ ਬਹੁਤ ਪਹਿਲਾਂ ਹੀ ਬਦਹਾਲ ਹੋ ਚੁੱਕੀ ਸੀ, ਉੱਪਰੋਂ ਪਿਛਲੇ ਸਾਲਾਂ ਦੌਰਾਨ ਕੋਰੋਨਾ ਮਹਾਮਾਰੀ ਕਾਰਨ ਆਈ ਆਰਥਿਕ ਬਦਹਾਲੀ ਨੇ ਲੋਕਾਂ ਦੀ ਹਾਲਤ ਹੋਰ ਵੀ ਪਤਲੀ ਕਰ ਦਿੱਤੀ ਹੈ।
ਇਸ ਵੇਲੇ ਹਾਲਾਤ ਇਹ ਹਨ ਕਿ ਆਮ ਲੋਕਾਂ ਦੀ ਆਮਦਨ ਤਾਂ ਘੱਟ ਗਈ ਹੈ ਪਰੰਤੂ ਉਹਨਾਂ ਦੇ ਖਰਚੇ ਪਹਿਲਾਂ ਵਰਗੇ ਹੀ ਹਨ। ਉੱਪਰੋਂ ਸਰਕਾਰ ਵਲੋਂ ਲਗਾਏ ਜਾਂਦੇ ਭਾਰੀ ਭਰਕਮ ਟੈਕਸਾਂ ਦੀ ਮਾਰ ਅਤੇ ਲਗਾਤਾਰ ਵੱਧਦੀ ਮਹਿੰਗਾਈ, ਆਮ ਲੋਕਾਂ ਨੂੰ ਆਰਥਿਕ ਤਬਾਹੀ ਵੱਲ ਲਿਜਾ ਰਹੀ ਹੈ। ਤਰਾਸਦੀ ਇਹ ਵੀ ਹੈ ਕਿ ਆਰਥਿਕ ਬਦਹਾਲੀ ਦੇ ਇਸ ਦੌਰ ਵਿੱਚ ਵੀ ਪੰਜਾਬੀ ਫੋਕੀ ਚੌਧਰ ਵਿਖਾਉਣ ਲਈ ਕਈ ਵੱਡੇ ਖਰਚੇ ਸਹੇੜ ਰਹੇ ਹਨ ਜਿਹਨਾਂ ਵਾਸਤੇ ਉਹਨਾਂ ਨੂੰ ਭਾਰੀ ਕਰਜਾ ਲੈਣਾ ਪੈਂਦਾ ਹੈ।
ਅੱਜ ਕੱਲ ਹੋਣ ਵਾਲੇ ਆਲੀਸ਼ਾਨ ਵਿਆਹ ਅਤੇ ਭੋਗ ਸਮਾਗਮ ਇਸਦੀ ਸਭਤੋਂ ਵੱਡੀ ਮਿਸਾਲ ਹਨ ਅਤੇ ਪੰਜਾਬੀ ਇੱਕ ਦੂਜੇ ਦੀ ਦੇਖਾ ਦੇਖੀ ਪਹਿਲਾਂ ਦਿਲ ਖੋਲ੍ਹ ਕੇ ਖਰਚਾ ਕਰਦੇ ਹਨ ਅਤੇ ਫਿਰ ਕਰਜਾਈ ਹੋ ਕੇ ਸਾਰੀ ਉਮਰ ਇਹ ਕਰਜਾ ਲਾਹੁੰਦੇ ਰਹਿੰਦੇ ਹਨ, ਪਰੰਤੂ ਕਰਜੇ ਦੀ ਇਹ ਪੰਡ ਲਗਾਤਾਰ ਭਾਰੀ ਅਤੇ ਹੋਰ ਭਾਰੀ ਹੀ ਹੁੰਦੀ ਰਹਿੰਦੀ ਹੈ। ਅੱਜ ਕੱਲ ਲੋਕ ਆਪਣੇ ਬੱਚਿਆਂ ਦੇ ਵਿਆਹ ਸਮਾਗਮਾਂ ਦੌਰਾਨ ਲੱਖਾਂ ਨਹੀਂ ਬਲਕਿ ਕਰੋੜਾਂ ਖਰਚਨ ਤੇ ਜਾਂਦੇ ਹਨ। ਲੋਕਾਂ ਵਲੋਂ ਆਪਣੇ ਬੱਚਿਆਂ ਦੇ ਵਿਆਹ ਸਮਾਗਮ ਲਈ ਵੱਡੇ (ਅਤੇ ਮਹਿੰਗੇ) ਮੈਰਿਜ ਪੈਲੇਸ ਬੁਕ ਕਰਵਾਏ ਜਾਂਦੇ ਹਨ ਜਿਹਨਾਂ ਦਾ ਕਿਰਾਇਆ ਹੀ ਲੱਖਾਂ ਵਿੱਚ ਹੁੰਦਾ ਹੈ। ਇਸਦੇ ਨਾਲ ਹੀ ਲੋਕਾਂ ਵਲੋਂ ਆਰਥਿਕ ਸਥਿਤੀ ਕਮਜੋਰ ਹੋਣ ਦੇ ਬਾਵਜੂਦ ਆਪਣੀ ਚੌਧਰ ਦਿਖਾਉਣ ਲਈ ਕਈ ਕਈ ਮਹਿੰਗੇ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ ਜਿਹਨਾਂ ਦੌਰਾਨ ਵੱਡੀਆਂ ਆਲੀਸ਼ਾਨ ਪਾਰਟੀਆਂ ਦਾ ਆਯੋਜਨ ਕੀਤਾ ਜਾਂਦਾ ਹੈ।
ਅੱਜ ਕੱਲ ਤਾਂ ਵਿਆਹ ਤੋਂ ਪਹਿਲਾਂ ਹੋਣ ਵਾਲੇ ਪ੍ਰੀ ਵੈਡਿੰਗ ਸ਼ੂਟ ਤੇ ਹੀ ਲੱਖਾਂ ਰੁਪਏ ਖਰਚ ਕਰ ਦਿੱਤੇ ਜਾਂਦੇ ਹਨ। ਇਸਤੋਂ ਇਲਾਵਾ ਕਪੜੇ, ਗਹਿਣੇ, ਮਿਠਾਈਆਂ ਅਤੇ ਹੋਰ ਲੈਣ ਦੇਣ ਕਰਨ ਵੇਲੇ ਪੰਜਾਬੀ ਖੁਦ ਨੂੰ ਜਿਵੇਂ ਮਹਾਰਾਜੇ ਹੀ ਸਮਝਦੇ ਹਨ ਅਤੇ ਹਰ ਚੀਜ ਤੇ ਦਿਲ ਖੋਲ੍ਹ ਕੇ ਖਰਚਾ ਕੀਤਾ ਜਾਂਦਾ ਹੈ। ਹਾਲਾਂਕਿ ਜੇਕਰ ਪੰਜਾਬ ਵਾਸੀ ਚਾਹੁਣ ਤਾਂ ਇਹਨਾਂ ਵੱਡੇ ਖਰਚਿਆਂ ਵਿੱਚ ਕਟੌਤੀ ਕਰਕੇ ਖੁਦ ਨੂੰ ਆਰਥਿਕ ਤਬਾਹੀ ਤੋਂ ਬਚਾਅ ਸਕਦੇ ਹਨ, ਪਰੰਤੂ ਲੋਕ ਇਕ ਦੂਜੇ ਦੀ ਦੇਖਾਦੇਖੀ ਇਹ ਵੱਡੇ ਖਰਚੇ ਸਹੇੜਦੇ ਰਹਿੰਦੇ ਹਨ।
ਇਕ ਦੂਜੇ ਦੀ ਦੇਖਾਦੇਖੀ ਕੀਤੇ ਜਾਣ ਵਾਲੇ ਇਹਨਾਂ ਵਿਆਹ ਸਮਾਗਮਾਂ ਵਾਸਤੇ ਜਿਆਦਾਤਰ ਲੋਕ ਕਰਜਾ ਲੈਂਦੇ ਹਨ। ਕਿਸਾਨਾਂ ਵਲੋਂ ਤਾਂ ਇਸ ਵਾਸਤੇ ਅਕਸਰ ਆੜਤੀਆਂ ਤੋਂ ਭਾਰੀ ਵਿਆਜ ਤੇ ਕਰਜਾ ਚੁੱਕਿਆ ਜਾਂਦਾ ਹੈ ਜਿਸਦੀ ਭਰਪਾਈ ਬਹੁਤ ਔਖੀ ਹੁੰਦੀ ਹੈ। ਲੋਕ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਬੈਂਕਾਂ ਤੋਂ ਵੀ ਕਰਜੇ ਲੈਂਦੇ ਹਨ ਅਤੇ ਫਿਰ ਇਸ ਕਰਜੇ ਦੇ ਬੋਝ ਹੇਠ ਦੱਬ ਜਾਂਦੇ ਹਨ। ਹਾਲਾਂਕਿ ਲੋਕ ਆਪਣੇ ਬੱਚਿਆਂ ਦੇ ਵਿਆਹ ਸਮਾਗਮਾਂ ਲਈ ਕੁੱਝ ਨਾ ਕੁੱਝ ਰਕਮ ਜੋੜ ਕੇ ਰੱਖਦੇ ਹਨ ਪਰੰਤੂ ਅੱਜ ਕਲ ਮਹਿੰਗਾਈ ਹੀ ਇੰਨੀ ਜਿਆਦਾ ਵੱਧ ਗਈ ਹੈ ਕਿ ਉਹ ਰਕਮ ਇੰਨੇ ਭਾਰੀ ਖਰਚਿਆਂ ਵਾਸਤੇ ਪੂਰੀ ਨਹੀਂ ਪੈਂਦੀ ਅਤੇ ਲੋਕਾਂ ਨੂੰ ਕਰਜੇ ਲੈਣ ਲਈ ਮਜਬੂਰ ਹੋਣਾ ਹੀ ਪੈਂਦਾ ਹੈ।
ਵਿਆਹਾਂ ਤੋਂ ਇਲਾਵਾ ਭੋਗ ਸਮਾਗਮਾਂ ਤੇ ਵੀ ਹੁਣ ਲੋਕ ਇੱਕ ਦੂਜੇ ਦੀ ਦੇਖਾ ਦੇਖੀ ਵੱਡਾ ਖਰਚਾ ਕਰਦੇ ਹਨ। ਖੁਸ਼ੀ ਦੇ ਮੌਕੇ ਕਰਵਾਏ ਜਾਂਦੇ ਧਾਰਮਿਕ ਸਮਾਗਮਾਂ ਦੌਰਾਨ ਤਾਂ ਲੋਕ ਵਿਆਹ ਵਰਗਾ ਖਾਣਾ ਤਿਆਰ ਕਰਵਾਉਂਦੇ ਹੀ ਹਨ, ਹੁਣ ਤਾਂ ਲੋਕ ਆਪਣੇ ਕਿਸੇ ਬਜੁਰਗ ਦੇ ਭੋਗ ਜਾਂ ਬਰਸੀ ਸਮਾਗਮ ਮੌਕੇ ਵੀ ਭਾਰੀ ਖਰਚਾ ਕਰਦੇ ਹਨ। ਇਸ ਤੋਂ ਇਲਾਵਾ ਪੰਜਾਬੀਆਂ ਨੂੰ ਨਵੇਂ, ਮਹਿੰਗੇ ਅਤੇ ਵੱਡੇ ਆਕਾਰੀ ਵਾਹਨ ਲੈਣ ਦਾ ਵੀ ਸ਼ੌਂਕ ਹੈੇ ਅਤੇ ਜਿਆਦਾਤਰ ਲੋਕ ਕਰਜਾ ਲੈ ਕੇ ਜਾਂ ਕਿਸ਼ਤਾਂ ਤੇ ਨਵੇਂ ਅਤੇ ਮਹਿੰਗੇ ਵਾਹਨ ਖਰੀਦਦੇ ਹਨ ਅਤੇ ਦੋ ਤਿੰਨ ਸਾਲਾਂ ਬਾਅਦ ਮੁੜ ਪੁਰਾਣੇ ਵਾਹਨਾਂ ਨੂੰ ਵੇਚ ਕੇ ਹੋਰ ਨਵੇਂ ਅਤੇ ਮਹਿੰਗੇ ਵਾਹਨ ਖਰੀਦਦੇ ਰਹਿੰਦੇ ਹਨ ਜਿਸ ਕਰਕੇ ਉਹਨਾਂ ਦੀ ਕਰਜੇ ਦੀ ਪੰਡ ਲਗਾਤਾਰ ਭਾਰੀ ਹੁੰਦੀ ਰਹਿੰਦੀ ਹੈ।
ਇਹਨਾਂ ਤੋਂ ਇਲਾਵਾ ਹੋਰ ਵੀ ਕਈ ਵੱਡੇ ਖਰਚੇ ਹਨ, ਜਿਹਨਾਂ ਤੋਂ ਬਚਿਆ ਜਾ ਸਕਦਾ ਹੈ ਜਾਂ ਇਹਨਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਆਦਾਤਰ ਪੰਜਾਬੀਆਂ ਨੇ ਆਪਣੇ ਖਰਚੇ ਖੁਦ ਹੀ ਵਧਾਏ ਹੋਏ ਹਨ, ਜਿਸ ਕਾਰਨ ਉਹ ਲਗਾਤਾਰ ਕਰਜਾਈ ਹੋ ਰਹੇ ਹਨ। ਮੌਜੂਦਾ ਸਮੇਂ ਜਦੋਂ ਲੋਕਾਂ ਦੀ ਆਮਦਨ ਘੱਟ ਗਈ ਹੈ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਖਰਚਿਆਂ ਵਿੱਚ ਵੀ ਕਮੀ ਲਿਆਉਣ। ਵਿਆਹ, ਭੋਗ ਅਤੇ ਹੋਰ ਸਮਾਗਮਾਂ ਤੇ ਲੱਖਾਂ ਰੁਪਏ ਖਰਚਣ ਦੀ ਥਾਂ ਇਹ ਸਮਾਗਮ ਸਾਦੇ ਕਰਵਾਏ ਜਾ ਸਕਦੇ ਹਨ ਜਾਂ ਬਹੁਤ ਵੱਡੇ ਪੱਧਰ ਤੇ ਸਮਾਗਮ ਨਾ ਕਰਕੇ ਵੀ ਕਾਫੀ ਰਕਮ ਬਚਾਈ ਜਾ ਸਕਦੀ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਆਮਦਨੀ ਦੇ ਹਿਸਾਬ ਨਾਲ ਪੈਸਾ ਖਰਚ ਕਰਨ ਅਤੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਵੱਧ ਮਿਹਨਤ ਕਰਨ ਤਾਂ ਜੋ ਉਹਨਾਂ ਨੂੰ ਹੋਰ ਕਰਜੇ ਲੈਣ ਲਈ ਮਜਬੂਰ ਨਾ ਹੋਣਾ ਪਵੇ।
-
National2 months ago
ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ, ਚਿਹਰੇ ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ
-
National2 months ago
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ : ਰਾਹੁਲ ਗਾਂਧੀ
-
International1 month ago
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਦਿਹਾਂਤ
-
International1 month ago
ਬੈਂਕਾਕ ਦੇ ਪ੍ਰਸਿੱਧ ਹੋਟਲ ਵਿੱਚ ਅੱਗ ਲੱਗਣ ਕਾਰਨ ਤਿੰਨ ਵਿਦੇਸ਼ੀ ਸੈਲਾਨੀਆਂ ਦੀ ਮੌਤ
-
International1 month ago
ਲਾਸ ਵੇਗਾਸ ਦੇ ਟਰੰਪ ਹੋਟਲ ਦੇ ਬਾਹਰ ਧਮਾਕਾ, ਇੱਕ ਵਿਅਕਤੀ ਦੀ ਮੌਤ
-
International4 weeks ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International1 month ago
ਆਸਟਰੇਲੀਆ ਵਿੱਚ ਸੀਪਲੇਨ ਹਾਦਸਾਗ੍ਰਸਤ ਹੋਣ ਕਾਰਨ 3 ਸੈਲਾਨੀਆਂ ਦੀ ਮੌਤ, 3 ਜ਼ਖ਼ਮੀ
-
Mohali1 month ago
ਫੇਜ਼ 2 ਵਿਖੇ ਬਾਂਦਰਾਂ ਨੇ ਮਚਾਈ ਦਹਿਸ਼ਤ, ਜਿਲਾ ਪ੍ਰਸਾਸ਼ਨ ਕੋਲੋਂ ਮੱਦਦ ਦੀ ਗੁਹਾਰ