Mohali
ਫੇਜ਼ 5 ਦੇ ਨਾਲ ਲੱਗਦੀ ਗ੍ਰੀਨ ਬੈਲਟ ਵਿੱਚ ਕੂੜੇ ਦੀ ਪ੍ਰਾਸੈਸਿੰਗ ਦਾ ਕੰਮ ਰੁਕਵਾਉਣ ਲਈ ਮੁੜ ਇਕੱਠੇ ਹੋਏ ਵਸਨੀਕ

ਮੇਅਰ ਜੀਤੀ ਸਿੱਧੂ ਨੇ ਮੌਕੇ ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨਾਲ ਕੀਤੀ ਮੁਲਾਕਾਤ, ਵਸਨੀਕਾਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ
ਐਸ ਏ ਐਸ ਨਗਰ, 13 ਫਰਵਰੀ (ਸ.ਬ.) ਸਥਾਨਕ ਫੇਜ਼ 5 ਦੇ ਨਾਲ ਲੱਗਦੀ ਗ੍ਰੀਨ ਬੈਲਟ ਵਿੱਚ ਬਣੇ ਆਰ ਐਮ ਸੀ ਕੇਂਦਰ ਦੇ ਨਾਲ ਨਗਰ ਨਿਗਮ ਵਲੋਂ ਕੂੜੇ ਦੀ ਪ੍ਰਾਸੈਸਿੰਗ ਦਾ ਪਲਾਂਟ ਲਗਾਏ ਜਾਣ ਦੇ ਵਿਰੋਧ ਵਿੱਚ ਵਸਨੀਕਾਂ ਵਲੋਂ ਅੱਜ ਸਵੇਰੇ ਸਾਬਕਾ ਕੌਂਸਲਰ ਸ੍ਰੀ ਅਸ਼ੋਕ ਝਾਅ ਦੀ ਅਗਵਾਈ ਹੇਠ ਮੀਟਿੰਗ ਕਰਕੇ ਰੋਸ ਪ੍ਰਗਟਾਇਆ ਗਿਆ ਅਤੇ ਉੱਥੇ ਕੂੜੇ ਦਾ ਪ੍ਰਾਸੈਸਿੰਗ ਪਲਾਂਟ ਲਗਾਉਣ ਲਈ ਕੀਤਾ ਜਾ ਰਿਹਾ ਕੰਮ ਰੁਕਵਾ ਦਿੱਤਾ ਗਿਆ।
ਇਸ ਮੌਕੇ ਸ੍ਰੀ ਅਸ਼ੋਕ ਝਾਅ ਅਤੇ ਹੋਰਨਾਂ ਵਸਨੀਕਾਂ ਨੇ ਕਿਹਾ ਕਿ ਨਗਰ ਨਿਗਮ ਵਲੋਂ ਪਹਿਲਾਂ ਹੀ ਨਿਯਮਾਂ ਦੀ ਉਲੰਘਣਾ ਕਰਕੇ ਗ੍ਰੀਨ ਬੈਲਟ ਵਿੱਚ ਕੂੜਾ ਇਕੱਠਾ ਕਰਨ ਲਈ ਆਰ ਐਮ ਸੀ ਕੇਂਦਰ ਬਣਾਇਆ ਗਿਆ ਹੈ ਅਤੇ ਹੁਣ ਇੱਥੇ ਗਿੱਲੇ ਕੂੜੇ ਦੀ ਪ੍ਰਾਸੈਸਿੰਗ ਦਾ ਪਲਾਂਟ ਲਗਾਇਆ ਜਾ ਰਿਹਾ ਹੈ, ਜੋ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ। ਉਹਨਾਂ ਕਿਹਾ ਕਿ ਇਸ ਲਈ ਗਾਰਬੇਜ ਪ੍ਰੋਸੈਸਿੰਗ ਯੂਨਿਟ ਨੂੰ ਰਿਹਾਇਸ਼ੀ ਖੇਤਰ ਤੋਂ ਦੂਰ ਲਗਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਖੇਤਰ ਫੇਜ਼ 5, ਫੇਜ਼ 4, ਇੰਡਸਟਰੀਅਲ ਏਰੀਆ ਫੇਜ਼ 5, 4, ਮਹਿੰਦਰਾ ਟਰੈਕਟਰ ਲਿਮਟਿਡ ਅਤੇ ਪਿੰਡ ਸ਼ਾਹੀਮਾਜਰਾ, ਐਸ.ਏ.ਐਸ. ਨਗਰ ਨਾਲ ਜੁੜਿਆ ਹੋਇਆ ਹੈ। ਇਸ ਪ੍ਰੋਸੈਸਿੰਗ ਯੂਨਿਟ ਦੇ ਕਾਰਨ, ਆਂਢ-ਗੁਆਂਢ ਦੇ ਖੇਤਰ ਦੇ ਆਲੇ ਦੁਆਲੇ ਖਿੰਡੇ ਹੋਏ ਕੂੜੇ ਦਾ ਖਿਲਾਰਾ ਆਮ ਦੇਖਣ ਨੂੰ ਮਿਲਦਾ ਹੈ, ਜਿਸ ਨਾਲ ਵਸਨੀਕਾਂ ਲਈ ਇੱਕ ਅਸਥਾਈ ਅਤੇ ਗੈਰ-ਸਿਹਤਮੰਦ ਵਾਤਾਵਰਣ ਪੈਦਾ ਹੁੰਦਾ ਹੈ। ਇਕੱਠੇ ਨਾ ਕੀਤੇ ਗਏ ਕੂੜੇ ਤੋਂ ਭਿਆਨਕ ਬਦਬੂ ਆਉਂਦੀ ਹੈ ਅਤੇ ਇਸ ਨੇ ਮੱਖੀਆਂ ਦੇ ਪ੍ਰਜਨਨ ਲਈ ਜਗ੍ਹਾ ਬਣਾ ਦਿੱਤੀ ਹੈ। ਮੱਛਰ ਅਤੇ ਚੂਹੇ, ਬਿਮਾਰੀ ਦੇ ਸੰਚਾਰ ਬਾਰੇ ਚਿੰਤਾਵਾਂ ਵਧਾਉਂਦੇ ਹਨ। ਇਸ ਤੋਂ ਇਲਾਵਾ, ਜ਼ਿਕਰ ਕੀਤਾ ਕੰਮ ਉੱਚ ਐਕਸਟੈਂਸ਼ਨ ਲਾਈਨ ਤੋਂ ਹੇਠਾਂ ਨਹੀਂ ਕੀਤਾ ਜਾ ਸਕਦਾ ਹੈ।
ਇਸ ਦੌਰਾਨ ਉੱਥੇ ਕੌਂਸਲਰ ਜਗਦੀਸ਼ ਸਿੰਘ ਜੱਗਾ ਵੀ ਪਹੁੰਚੇ ਅਤੇ ਵਸਨੀਕਾਂ ਦੀ ਮੰਗ ਦਾ ਸਮਰਥਨ ਕੀਤਾ। ਬਾਅਦ ਵਿੱਚ ਮੌਕੇ ਤੇ ਪਹੁੰਚੇ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਵਸਨੀਕਾਂ ਨੂੰ ਕੰਮ ਬੰਦ ਨਾ ਕਰਵਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਸਾਰੇ ਨਗਰ ਨਿਗਮ ਦੇ ਦਫਤਰ ਆਉਣ ਤਾਂ ਜੋ ਨਿਗਮ ਦੇ ਕਮਿਸ਼ਨਰ ਅਤੇ ਹੋਰਨਾਂ ਅਧਿਕਾਰੀਆਂ ਦੀ ਹਾਜਰੀ ਵਿੱਚ ਗੱਲਬਾਤ ਕਰਕੇ ਇਸ ਮਸਲੇ ਦਾ ਹਲ ਕੱਢਿਆ ਜਾ ਸਕੇ।
ਬਾਅਦ ਵਿੱਚ ਸਥਾਨਕ ਵਸਨੀਕਾਂ ਦੇ ਇੱਕ ਵਫਦ ਵਲੋਂ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਮੰਗ ਪੱਤਰ ਦੇ ਕੇ ਇਸ ਮਸਲੇ ਦਾ ਹਲ ਕਰਨ ਦੀ ਮੰਗ ਕੀਤੀ ਗਈ। ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਰਿਹਾਇਸ਼ੀ ਇਲਾਕਾ ਹੈ ਅਤੇ ਗਮਾਡਾ ਅਨੁਸਾਰ ਇਸ ਖੇਤਰ ਨੂੰ ਗਰੀਨ ਬੈਲਟ ਖੇਤਰ ਵਜੋਂ ਮਾਨਤਾ ਦਿੱਤੀ ਗਈ ਹੈ ਅਤੇ ਉਕਤ ਕੰਮ ਲਈ ਨਗਰ ਨਿਗਮ ਵੱਲੋਂ ਗਮਾਡਾ ਤੋਂ ਲੋੜੀਂਦੀ ਮਨਜ਼ੂਰੀ ਨਹੀਂ ਲਈ ਗਈ ਹੈ। ਇਸਦੇ ਨਾਲ ਹੀ ਨਗਰ ਨਿਗਮ ਵੱਲੋਂ ਆਪਣੇ ਸਾਰੇ ਆਰ. ਐਮ. ਸੀ ਪਲਾਂਟ ਸ਼ਹਿਰ ਦੇ ਬਾਹਰ ਲਗਾਉਣ ਸੰਬੰਧੀ ਮਾਨਯੋਗ ਹਾਈਕੋਰਟ ਨੂੰ ਹਲਫੀਆ ਬਿਆਨ ਵੀ ਦਿੱਤਾ ਗਿਆ ਹੈ ਪਰੰਤੂ ਇਸਦੇ ਬਾਵਜੂਦ ਰਿਹਾਇਸ਼ੀ ਖੇਤਰ ਵਿੱਚ ਇਹ ਪ੍ਰੋਸੈਸਿੰਗ ਪਲਾਂਟ ਲਗਾ ਕੇ ਵਸਨੀਕਾਂ ਦੀ ਸਿਹਤ ਲਈ ਗੰਭੀਰ ਖਤਰਾ ਪੈਦਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਿੰਦਰ ਸਿੰਘ ਰਾਜੂ, ਮਹਿੰਦਰ ਸਿੰਘ, ਰੁਪਿੰਦਰ ਸਿੰਘ, ਵਿਜੈ ਗੋਇਲ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਦਲੀਪ ਸਿੰਘ, ਪ੍ਰਦੀਪ ਝਾਅ, ਰਣਵੀਰ ਸਿੰਘ, ਅਵਤਾਰ ਸਿੰਘ, ਜੋਗਿੰਦਰ ਕੌਰ, ਊਸ਼ਾ ਸਾਹੀ, ਰਣਜੀਤ ਕੌਰ, ਦਰਸ਼ਨ ਸਿੰਘ ਸਮੇਤ ਵੱਡੀ ਗਿਣਤੀ ਵਸਨੀਕ ਹਾਜਿਰ ਸਨ।
Mohali
ਸੀ.ਆਈ.ਏ. ਸਟਾਫ ਵੱਲੋਂ ਗੈਂਗਸਟਰ ਦਵਿੰਦਰਪਾਲ ਸਿੰਘ ਉਰਫ ਗੋਪੀ ਲਹੌਰੀਏ ਦਾ ਇੱਕ ਗੁਰਗਾ ਗ੍ਰਿਫਤਾਰ

ਐਸ ਏ ਐਸ ਨਗਰ, 17 ਮਾਰਚ (ਸ.ਬ.) ਸੀ. ਆਈ. ਏ. ਸਟਾਫ ਮੁਹਾਲ਼ੀ ਕੈਂਪ ਐਂਟ ਖਰੜ ਦੀ ਟੀਮ ਵੱਲੋਂ ਗੈਗਸਟਰ ਦਵਿੰਦਰਪਾਲ ਸਿੰਘ ਉਰਫ ਗੋਪੀ ਲਹੌਰੀਏ ਦੇ ਇੱਕ ਗੁਰਗੇ ਨੂੰ ਗ੍ਰਿਫਤਾਰ ਕਰਕੇ, ਉਸ ਪਾਸੋਂ 1 ਪਿਸਟਲ .32 ਬੋਰ ਸਮੇਤ 2 ਰੌਂਦ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਐਸ ਐਸ ਪੀ ਦੀਪਕ ਪਾਰਿਕ ਦੇ ਦਿਸ਼ਾ ਨਿਰਦੇਸ਼ਾਂ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਸੀ. ਆਈ. ਏ. ਸਟਾਫ ਮੁਹਾਲੀ ਕੈਂਪ ਐਂਟ ਖਰੜ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਪੁਲੀਸ ਵਲੋਂ ਮੁਖਬਰ ਦੀ ਇਤਲਾ ਦੇ ਆਧਾਰ ਤੇ ਰਾਕੇਸ਼ ਕੁਮਾਰ ਉਰਫ ਮੱਦੀ ਨਗਰ, ਮੋਗਾ ਹਾਲ ਵਾਸੀ ਸ਼ਿਵਾਲਿਕ ਹੋਮਜ, ਸ਼ਿਵਾਲਿਕ ਸਿਟੀ, ਲਾਂਡਰਾ ਰੋਡ ਖਰੜ ਵਿਖੇ ਛਾਪੇਮਾਰੀ ਕਰਕੇ ਰਾਕੇਸ਼ ਕੁਮਾਰ ਉਰਫ ਮੱਦੀ (ਜੋ ਕਿ ਬੰਬੀਹਾ ਗਰੁੱਪ ਦੇ ਗੈਂਗਸਟਰ ਦਵਿੰਦਰਪਾਲ ਸਿੰਘ ਉਰਫ ਗੋਪੀ ਲਹੌਰੀਆ ਵਾਸਤੇ ਕੰਮ ਕਰਦਾ ਹੈ) ਨੂੰ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਪੁਲੀਸ ਨੂੰ ਇਤਲਾ ਮਿਲੀ ਸੀ ਕਿ ਰਾਕੇਸ਼ ਕੁਮਾਰ ਉਰਫ ਮੱਦੀ (ਜਿਸਦੇ ਵਿਰੁੱਧ ਪਹਿਲਾਂ ਵੀ ਮੁਕੱਦਮੇ ਦਰਜ ਹਨ) ਕੋਲ ਨਜਾਇਜ ਹਥਿਆਰ ਹਨ। ਰਾਕੇਸ਼ ਕੁਮਾਰ ਉਰਫ ਮੱਦੀ ਗੈਂਗਸਟਰ ਦਵਿੰਦਰਪਾਲ ਸਿੰਘ ਉਰਫ ਗੋਪੀ ਲਹੌਰੀਆ ਦੇ ਕਹਿਣ ਤੇ ਉਸ ਵੱਲੋਂ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚੋਂ ਆਮ ਵਿਅਕਤੀਆਂ ਪਾਸੋਂ ਉਹਨਾਂ ਨੂੰ ਡਰਾ-ਧਮਕਾ ਕੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੰਗੀ ਗਈ ਫਰੌਤੀ ਦੀ ਰਕਮ ਇਕੱਠੀ ਕਰਦਾ ਹੈ ਅਤੇ ਗੈਂਗਸਟਰ ਦਵਿੰਦਰਪਾਲ ਸਿੰਘ ਦੇ ਕਹਿਣ ਤੇ ਉਸ ਵੱਲੋਂ ਦੱਸੇ ਟਿਕਾਣਿਆਂ ਤੇ ਪਹੁੰਚ ਕਰਦਾ ਹੈ।
ਇਸ ਤੋਂ ਇਲਾਵਾ ਰਾਕੇਸ਼ ਕੁਮਾਰ ਉਰਫ ਮੱਦੀ ਬੰਬੀਹਾ ਗਰੁੱਪ ਦੇ ਭਗੌੜੇ ਗੁਰਗਿਆਂ ਨੂੰ ਠਾਹਰ ਅਤੇ ਸਹੂਲਤ ਦਿੰਦਾ ਹੈ। ਰਾਕੇਸ਼ ਕੁਮਾਰ ਉਰਫ ਮੱਦੀ ਨਾਲ਼ ਫਰੌਤੀ ਦੀ ਰਕਮ ਇਕੱਠੀ ਕਰਨ ਅਤੇ ਉਸਨੂੰ ਟਿਕਾਣੇ ਲਗਾਉਣ ਵਿੱਚ ਇਸਦੇ ਹੋਰ ਵੀ ਕਈ ਸਾਥੀ ਸ਼ਾਮਲ ਹਨ।
ਉਹਨਾਂ ਦੱਸਿਆ ਕਿ ਰਾਕੇਸ਼ ਕੁਮਾਰ ਉਰਫ ੱਦੀ ਪੁਲੀਸ ਰਿਮਾਂਡ ਅਧੀਨ ਹੈ, ਜਿਸਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਹ ਸਾਲ 2022 ਤੋਂ ਗੈਂਗਸਟਰ ਗੋਪੀ ਲਹੌਰੀਏ ਜੋ ਬੰਬੀਹਾ ਗਰੁੱਪ ਨਾਲ਼ ਸਬੰਧ ਰੱਖਦਾ ਹੈ ਅਤੇ ਉਸਦੇ ਕਹਿਣ ਤੇ ਫਰੌਤੀਆਂ ਦੀ ਰਕਮਾਂ ਇਕੱਠੀਆਂ ਕਰਦਾ ਹੈ ਅਤੇ ਉਸਦੇ ਹੋਰ ਗੁਰਗਿਆਂ ਨੂੰ ਆਪਣੇ ਪਾਸ ਠਾਹਰ ਦਿੰਦਾ ਹੈ।
Mohali
ਸੀ ਸੀ ਟੀ ਵੀ ਨਿਗਰਾਨੀ ਕੇਵਲ ਮਾਲੀਆ ਜੁਟਾਉਣ ਦਾ ਸਾਧਨ ਨਾ ਹੋ ਕੇ ਆਮ ਲੋਕਾਂ ਦੀ ਸੁਖਾਵੀਂ ਆਵਾਜਾਈ ਸਹੂਲਤ ਲਈ ਵਰਤੀ ਜਾਵੇ : ਕੁਲਵੰਤ ਸਿੰਘ

ਵਿਧਾਇਕ ਵੱਲੋਂ ਸਿਟੀ ਸਰਵੇਲੈਂਸ ਤੇ ਟ੍ਰੈਫ਼ਿਕ ਮੈਨੇਜਮੈਂਟ ਪ੍ਰਣਾਲੀ ਲਈ ਲੋੜੀਂਦੇ ਆਵਾਜਾਈ ਚਿੰਨ੍ਹ ਅਤੇ ਸਪੀਡ ਲਿਮਿਟ ਯਕੀਨੀ ਬਣਾਉਣ ਤੇ ਜ਼ੋਰ
ਐਸ ਏ ਐਸ ਨਗਰ, 17 ਮਾਰਚ (ਸ.ਬ.) ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹਿਰ ਵਿੱਚ ਨਵੀਂ ਸ਼ੁਰੂ ਕੀਤੀ ਗਈ ਸਿਟੀ ਸਰਵੇਲੈਂਸ ਤੇ ਟ੍ਰੈਫ਼ਿਕ ਮੈਨੇਜਮੈਂਟ ਪ੍ਰਣਾਲੀ ਵਿੱਚ ਸ਼ਹਿਰ ਵਾਸੀਆਂ ਵੱਲੋਂ ਲੋੜੀਂਦੇ ਆਵਾਜਾਈ ਚਿੰਨ੍ਹਾਂ ਅਤੇ ਬੁਨਿਆਦੀ ਲੋੜਾਂ ਦੀ ਕਮੀ ਬਾਰੇ ਸ਼ਿਕਾਇਤਾਂ ਕੀਤੇ ਜਾਣ ਤੋਂ ਬਾਅਦ, ਅੱਜ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ, ਨਗਰ ਨਿਗਮ ਅਤੇ ਗਮਾਡਾ ਨੂੰ ਹਦਾਇਤ ਕੀਤੀ ਗਈ ਕਿ ਪੁਲੀਸ ਨਾਲ ਮਿਲ ਸੜ੍ਹਕਾਂ ਤੇ ਆਵਾਜਾਈ ਚਿੰਨ੍ਹਾਂ ਨੂੰ ਤੁਰੰਤ ਯਕੀਨੀ ਬਣਾਇਆ ਜਾਵੇ। ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸ ਐਸ ਪੀ ਦੀਪਕ ਪਾਰਿਕ ਅਤੇ ਨਗਰ ਨਿਗਮ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ, ਉਨ੍ਹਾਂ ਸਪੱਸ਼ਟ ਕੀਤਾ ਕਿ ਸੀ ਸੀ ਟੀ ਵੀ ਨਿਗਰਾਨੀ ਕੇਵਲ ਮਾਲੀਆ ਜੁਟਾਉਣ ਦਾ ਸਾਧਨ ਨਾ ਹੋ ਕੇ, ਆਮ ਲੋਕਾਂ ਨੂੰ ਸੁਖਾਵੀਂ ਆਵਾਜਾਈ ਸਹੂਲਤ ਮੁਹੱਈਆ ਕਰਵਾਉਣ ਤੇ ਕੇਂਦ੍ਰਿਤ ਹੋਵੇ।
ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਜ਼ੈਬਰਾ ਕ੍ਰਾਸਿੰਗ, ਸਟਾਪ ਲਾਈਨਾਂ ਅਤੇ ਸਪੀਡ ਲਿਮਿਟ ਦੀ ਸਪੱਸ਼ਟਤਾ ਦੀ ਘਾਟ ਕਾਰਨ, ਇਸ ਨਵੀਂ ਪ੍ਰਣਾਲੀ ਕਾਰਨ ਉਨ੍ਹਾਂ ਨੂੰ ਆ ਰਹੀ ਪ੍ਰੇਸ਼ਾਨੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਗਈ ਹੈ, ਜਿਸ ਕਾਰਨ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਪੁਲੀਸ, ਨਗਰ ਨਿਗਮ, ਗਮਾਡਾ, ਨੈਸ਼ਨਲ ਹਾਈਵੇਅ ਅਥਾਰਟੀ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਦੇ ਸਮਾਂਬੱਧ ਹੱਲ ਲਈ ਨਿਰਦੇਸ਼ ਦਿੱਤੇ ਗਏ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਨਗਰ ਨਿਗਮ ਨੂੰ ਉਕਤ ਸਾਰੀਆਂ ਘਾਟਾਂ ਇੱਕ ਹਫ਼ਤੇ ਅੰਦਰ ਦੂਰ ਕਰਨ ਅਤੇ ਗਮਾਡਾ ਨੂੰ ਦੋ ਹਫ਼ਤੇ ਦੇ ਅੰਦਰ-ਅੰਦਰ ਦੂਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜ਼ੈਬਰਾ ਕ੍ਰਾਸਿੰਗ ਦੋਵੇਂ ਪਾਸਿਆਂ ਤੋਂ ਖੁਲ੍ਹੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਕਿਸੇ ਫੁੱਟਪਾਥ ਜਾਂ ਖੰਭੇ ਜਾਂ ਕਿਸੇ ਹੋਰ ਢਾਂਚੇ ਕਾਰਨ ਇਨ੍ਹਾਂ ਤੇ ਚੱਲਣ ਵਾਲਿਆਂ ਨੂੰ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ। ਉਨ੍ਹਾਂ ਨੇ ਇਸ ਦੇ ਨਾਲ ਹੀ ਸਟਾਪ ਲਾਈਨਾਂ ਨੂੰ ਨਵੇਂ ਸਿਰਿਓਂ ਮਾਰਕ ਕਰਨ ਲਈ ਆਖਿਆ ਤਾਂ ਜੋ ਫ਼ਿੱਕੀਆਂ ਪਈਆਂ ਲਾਈਨਾਂ ਲੋਕਾਂ ਨੂੰ ਸਪੱਸ਼ਟ ਨਜ਼ਰ ਆ ਸਕਣ। ਡਿਪਟੀ ਕਮਿਸ਼ਨਰ ਨੇ ਇਸ ਦੇ ਨਾਲ ਹੀ ਚੰਡੀਗੜ੍ਹ ਦੀ ਤਰਜ਼ ਤੇ ਸਪੀਡ ਲਿਮਿਟ ਦੇ ਸਾਈਨ ਬੋਰਡ ਲਾਏ ਜਾਣ ਦੀ ਹਦਾਇਤ ਕੀਤੀ ਤਾਂ ਜੋ ਹਲਕੇ ਤੇ ਭਾਰੇ ਵਾਹਨਾਂ ਦੀ ਗਤੀ ਸੀਮਾ ਨਿਰਧਾਰਿਤ ਹੋਣ ਦੇ ਨਾਲ-ਨਾਲ ਲੋਕਾਂ ਨੂੰ ਸਪੱਸ਼ਟਤਾ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਪੀਡ ਲਿਮਿਟ ਨੋਟੀਫ਼ਿਕੇਸ਼ਨ ਮੁਤਾਬਕ ਨਗਰ ਨਿਗਮਾਂ/ਨਗਰ ਪਾਲਿਕਾਵਾਂ ਵਿੱਚ ਸਪੀਡ ਲਿਮਿਟ ਵੱਧ ਤੋਂ ਵੱਧ 50 ਕਿਲੋੋਮੀਟਰ ਪ੍ਰਤੀ ਘੰਟਾ ਨਿਰਧਾਰਿਤ ਕੀਤੀ ਹੋਈ ਹੈ, ਜਿਸ ਨੂੰ ਮੁਹਾਲੀ ਵਿੱਚ ਟ੍ਰਾਈਸਿਟੀ ਦੀ ਤਰਜ਼ ਤੇ ਨਿਰਧਾਰਿਤ ਕਰਨ ਲਈ ਸਰਕਾਰ ਨੂੰ ਬੇਨਤੀ ਪੱਤਰ ਭੇਜਿਆ ਜਾਵੇਗਾ।
ਇਸ ਮੌਕੇ ਐਸ ਐਸ ਪੀ ਦੀਪਕ ਪਾਰੀਕ ਵੱਲੋਂ ਟ੍ਰੈਫ਼ਿਕ ਲਾਈਟਾਂ ਦੀ ਟਾਈਮਿੰਗ ਵਧਾਉਣ, ਘਟਾਉਣ ਦਾ ਕੰਟਰੋਲ ਸੋਹਾਣਾ ਥਾਣੇ ਵਿੱਚ ਸਥਾਪਿਤ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਨਾਲ ਜੋੜੇ ਜਾਣ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ 17 ਪੁਆਇੰਟਾਂ ਤੇ ਆਉਂਦੇ ਟ੍ਰੈਫ਼ਿਕ ਸਿਗਨਲਾਂ ਦਾ ਕੰਟਰੋਲ ਏਕੀਕ੍ਰਿਤ ਕਮਾਂਡ ਸੈਂਟਰ ਕੋਲ ਆ ਜਾਵੇ ਤਾਂ ਸੜ੍ਹਕੀ ਆਵਾਜਾਈ ਨੂੰ ਬੇਹਤਰ ਢੰਗ ਨਾਲ ਕੰਟਰੋਲ ਕੀਤਾ ਜਾ ਸਕੇਗਾ। ਐਸ ਐਸ ਪੀ ਵੱਲੋਂ ਇਸ ਮੌਕੇ ਸ਼ਹਿਰ ਵਿੱਚ ਆਵਾਜਾਈ ਦੇ ‘ਪੀਕ ਆਵਰਜ਼’ ਦੌਰਾਨ ਤਜਰਬੇ ਦੇ ਆਧਾਰ ਤੇ ਕੁੱਝ ਇੱਕ ਸੜ੍ਹਕਾਂ ਤੇ ਭਾਰੀ ਵਾਹਨਾਂ ਦੀ ਆਮਦ ਤੇ ਰੋਕ ਲਾਉਣ ਦਾ ਸੁਝਾਅ ਵੀ ਰੱਖਿਆ ਗਿਆ, ਜਿਸ ਤੇ ਡਿਪਟੀ ਕਮਿਸ਼ਨਰ ਵੱਲੋਂ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ।
ਮੀਟਿੰਗ ਵਿੱਚ ਐਸ ਡੀ ਐਮ ਮੁਹਾਲੀ ਦਮਨਦੀਪ ਕੌਰ, ਐਸ ਪੀ (ਟ੍ਰੈਫ਼ਿਕ) ਐਚ ਐਸ ਮਾਨ, ਖੇਤੀ ਟ੍ਰਾਂਸਪੋਰਟ ਅਫ਼ਸਰ ਪ੍ਰਦੀਪ ਸਿੰਘ ਢਿੱਲੋਂ, ਕਾਰਜਕਾਰੀ ਇੰਜੀਨੀਅਰ ਨਗਰ ਨਿਗਮ ਅਤੇ ਕਾਰਜਕਾਰੀ ਇੰਜੀਨੀਅਰ ਗਮਾਡਾ, ਕੌਮੀ ਸ਼ਾਹਰਾਹ ਅਥਾਰਟੀ ਦੇ ਪ੍ਰਤੀਨਿਧੀ ਤੋਂ ਇਲਾਵਾ ਜ਼ਿਲ੍ਹਾ ਸੜ੍ਹਕ ਸੁਰੱਖਿਆ ਕਮੇਟੀ ਦੇ ਗੈਰ-ਸਰਕਾਰੀ ਮੈਂਬਰ ਹਰਪ੍ਰੀਤ ਸਿੰਘ ਵੀ ਮੌਜੂਦ ਸਨ।
Mohali
ਪਿੰਡ ਮਾਣਕਪੁਰ ਕੱਲਰ ਵਿਖੇ ਘੋੜੇ ਘੋੜੀਆਂ ਦੀਆਂ ਦੌੜਾਂ ਭਲਕੇ
ਐਸ ਏ ਐਸ ਨਗਰ, 17 ਮਾਰਚ (ਸ.ਬ.) ਪਿੰਡ ਮਾਣਕਪੁਰ ਕੱਲਰ, ਮੁਹਾਲੀ ਵਿਖੇ 18 ਮਾਰਚ ਨੂੰ ਘੋੜੇ-ਘੋੜੀਆਂ ਦੀਆਂ ਦੌੜਾਂ ਕਰਵਾਈਆਂ ਜਾ ਰਹੀਆਂ ਹਨ।
ਇਸ ਸੰਬੰਧੀ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਜਿਲ੍ਹਾ ਮੁਹਾਲੀ ਦੇ ਪ੍ਰਧਾਨ ਪਹਿਲਵਾਨ ਅਮਰਜੀਤ ਸਿੰਘ ਨੂੰ ਸੱਦਾ ਦੇਣ ਪਹੁੰਚੇ ਪ੍ਰੋਗਰਾਮ ਦੇ ਆਯੋਜਕ ਅਤੇ ਸਾਬਕਾ ਸਰਪੰਚ ਕਰਮ ਸਿੰਘ ਨੇ ਦੱਸਿਆ ਕਿ ਕਾਰਤੂਸ ਘੋੜੇ ਦਾ ਮੋਟਰਸਾਈਕਲ ਨਾਲ ਸਨਮਾਨ ਕੀਤਾ ਜਾਵੇਗਾ। ਸਾਰੇ ਘੋੜਿਆਂ ਨੂੰ ਨਗਦ ਇਨਾਮ ਅਤੇ ਕੱਪ ਦਿੱਤਾ ਜਾਵੇਗਾ ਅਤੇ ਪਿਓਰ ਦੇਸੀ ਕੰਨ ਜੁੜਦੇ ਘੋੜੇ ਹੀ ਭੱਜਣਗੇ।
ਇਸ ਮੌਕੇ ਕਾਲਾ ਮਾਣਕਪੁਰ ਅਤੇ ਹੋਰ ਆਗੂ ਵੀ ਹਾਜਿਰ ਸਨ।
-
International2 months ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International1 month ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
International1 month ago
ਅਮਰੀਕਾ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 6 ਵਿਅਕਤੀਆਂ ਦੀ ਮੌਤ
-
International1 month ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ
-
International1 month ago
ਹਸੀਨਾ ਦੇ ਨਜ਼ਦੀਕੀਆਂ ਦੇ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਅਵਾਮੀ ਲੀਗ ਦੇ ਨੇਤਾਵਾਂ ਦੇ ਘਰਾਂ ਦੀ ਭੰਨਤੋੜ
-
Mohali1 month ago
ਜਗਤਪੁਰਾ ਵਿੱਚ ਹੋਏ ਝਗੜੇ ਸੰਬੰਧੀ ਦੋ ਨਿਹੰਗਾਂ ਸਮੇਤ ਤਿੰਨ ਵਿਅਕਤੀ ਕਾਬੂ
-
Editorial2 months ago
ਪੰਜਾਬ ਵਿੱਚ ਦਿਨੋਂ ਦਿਨ ਵੱਧ ਰਹੀ ਹੈ ਆਵਾਰਾ ਖੂੰਖਾਰ ਕੁੱਤਿਆਂ, ਪਸ਼ੂਆਂ ਅਤੇ ਬਾਂਦਰਾਂ ਦੀ ਸਮੱਸਿਆ
-
International1 month ago
ਛੇ ਅਮਰੀਕੀ ਸੰਸਦ ਮੈਂਬਰਾਂ ਨੇ ਅਡਾਨੀ ਖਿਲਾਫ਼ ਮੁਕੱਦਮੇ ਲਈ ਨਵੇਂ ਅਟਾਰਨੀ ਜਨਰਲ ਨੂੰ ਪੱਤਰ ਲਿਖਿਆ