Editorial
21 ਫਰਵਰੀ ਨੂੰ ਮਾਂ ਬੋਲੀ ਦਿਵਸ ਤੇ ਵਿਸ਼ੇਸ

ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ ………
ਪੰਜਾਬ ਦਾ ਪੁਨਰਗਠਨ ਹੋਣ ਤੋਂ ਬਾਅਦ ਅਤੇ ਪੰਜਾਬੀ ਬੋਲੀ ਦੇ ਆਧਾਰ ਉਪਰ ਪੰਜਾਬੀ ਸੂਬਾ ਬਣਨ ਤੋਂ ਬਾਅਦ ਵੀ ਪੰਜਾਬੀ ਬੋਲੀ ਨੂੰ ਪੰਜਾਬ ਵਿੱਚ ਹੀ ਸਰਕਾਰੇ ਦਰਬਾਰੇ ਉਹ ਮਾਣ ਸਤਿਕਾਰ ਅਜੇ ਤੱਕ ਨਹੀਂ ਮਿਲ ਸਕਿਆ, ਜਿਸ ਦੀ ਕਿ ਪੰਜਾਬੀ ਬੋਲੀ ਹੱਕਦਾਰ ਹੈ। ਹਾਂ, ਇੰਨਾ ਜਰੂਰ ਹੋਇਆ ਕਿ ਪੰਜਾਬ ਵਿਚ ਜਦੋਂ ਸz ਲਛਮਣ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਹਨਾਂ ਨੇ ਪੰਜਾਬੀ ਮਾਂ ਬੋਲੀ ਨੁੰ ਪੰਜਾਬ ਦੀ ਸਰਕਾਰੀ ਭਾਸ਼ਾ ਹੋਣ ਦਾ ਦਰਜਾ ਦੇ ਕੇ ਇਸ ਬੋਲੀ ਨੂੰ ਪੰਜਾਬ ਦੀ ਪਟਰਾਣੀ ਬਣਾ ਦਿਤਾ।
ਉਸ ਸਮੇਂ ਸz ਗਿੱਲ ਦੇ ਹੁਕਮਾਂ ਨਾਲ ਪੰਜਾਬ ਦੇ ਸਾਰੇ ਵਿਭਾਗਾਂ ਵਿੱਚ ਪੰਜਾਬੀ ਵਿੱਚ ਹੀ ਕੰਮ ਕਾਜ ਹੋਣਾ ਸ਼ੁਰੂ ਹੋ ਗਿਆ ਸੀ। ਇਸ ਤੋਂ ਬਾਅਦ ਆਈਆਂ ਸਰਕਾਰਾਂ ਅਜੇ ਤੱਕ ਪੰਜਾਬੀ ਸਬੰਧੀ ਅਵੇਸਲੀਆਂ ਹੀ ਰਹੀਆਂ ਹਨ। ਪੰਜਾਬੀ ਬੋਲੀ ਦੇ ਆਧਾਰ ਉਪਰ ਬਣੇ ਸੂਬੇ ਪੰਜਾਬ ਵਿੱਚ ਹੀ ਇਸ ਸਮੇਂ ਮਾਂ ਬੋਲੀ ਪੰਜਾਬੀ ਸਰਕਾਰੇ ਦਰਬਾਰੇ ਤੋਂ ਲੈ ਕੇ ਆਮ ਲੋਕਾਂ ਵਿੱਚ ਵੀ ਇਕ ਤਰ੍ਹਾਂ ਖੁੱਡੇ ਲਾਈਨ ਜਿਹੀ ਹੀ ਲੱਗੀ ਹੋਈ ਹੈ।
ਪੰਜਾਬ ਦੇ ਸਾਰੇ ਵਿਭਾਗਾਂ ਵਿਚ ਸਰਕਾਰੀ ਕੰਮਕਾਜ ਪੰਜਾਬੀ ਦੀ ਥਾਂ ਅੰਗਰੇਜੀ ਵਿੱਚ ਹੀ ਵਧੇਰੇ ਕੀਤਾ ਜਾਂਦਾ ਹੈ ਭਾਵੇਂ ਕਿ ਕੁਝ ਕੁ ਕੰਮ ਪੰਜਾਬੀ ਵਿੱਚ ਕਰਨ ਦਾ ਵਿਖਾਵਾ ਜਿਹਾ ਵੀ ਕੀਤਾ ਜਾਂਦਾ ਹੈ। ਇਹ ਵੀ ਇੱਕ ਵਿਡੰਬਨਾ ਹੈ ਕਿ ਪੰਜਾਬ ਵਿੱਚ ਪੰਜਾਬੀ ਬੋਲੀ ਨੂੰ ਉਸਦੇ ਆਪਣੇ ਪੁੱਤਰ ਹੀ ਅਣਗੋਲਿਆ ਕਰੀ ਜਾ ਰਹੇ ਹਨ। ਅੱਜ ਵੱਡੀ ਗਿਣਤੀ ਪੰਜਾਬੀਆਂ ਦੇ ਬੱਚੇ ਕਾਨਵੈਂਟ ਸਕੂਲਾਂ ਵਿੱਚ ਪੜ੍ਹਦੇ ਹਨ ਜੋ ਕਿ ਪੰਜਾਬੀ ਨੂੰ ਚੰਗੀ ਤਰਾਂ ਬੋਲ ਤੇ ਸਮਝ ਹੀ ਨਹੀਂ ਸਕਦੇ। ਗੁਰਮੁੱਖੀ ਲਿਪੀ ਬਾਰੇ ਪੁੱਛਣ ਤੇ ਅਜਿਹੇ ਬੱਚੇ ਆਸੇ ਪਾਸੇ ਝਾਕਣ ਲੱਗ ਜਾਂਦੇ ਹਨ।
ਇਹ ਪੰਜਾਬੀ ਬੋਲੀ ਦੀ ਬਦਕਿਸਮਤੀ ਹੀ ਹੈ ਕਿ ਪੰਜਾਬ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤਾਂ ਉਸ ਸਮੇਂ ਵੀ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਨਾ ਹੋ ਕੇ ਫਾਰਸੀ ਸੀ। ਉਸ ਸਮੇਂ ਵੀ ਪੰਜਾਬੀ ਬੋਲੀ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਿਆਂ ਵੀ ਬਣਦਾ ਮਾਣ ਸਤਿਕਾਰ ਨਹੀਂ ਸੀ ਮਿਲਿਆ। ਇਸ ਤੋਂ ਇਲਾਵਾ ਪੰਜਾਬ ਉਪਰ ਵੱਖ ਵੱਖ ਸਮੇਂ ਰਹੇ ਮੁਗਲਾਂ ਦੇ ਰਾਜ ਕਾਰਨ ਵੀ ਪੰਜਾਬੀ ਭਾਸ਼ਾ ਵਿੱਚ ਅਰਬੀ ਤੇ ਫਾਰਸੀ ਭਾਸ਼ਾ ਦੇ ਸ਼ਬਦ ਵੀ ਰਲ ਮਿਲ ਗਏ। ਇਹ ਹੀ ਕਾਰਨ ਹੈ ਕਿ ਅੱਜ ਵੀ ਕਈ ਚੀਜਾਂ ਦੇ ਨਾਮ ਦੋ ਦੋ ਲਏ ਜਾਂਦੇ ਹਨ ਜਿਵੇਂ ਲਾਲ ਸੂਹਾ, ਲਾਲ ਸੁਰਖ, ਕਾਲਾ ਸੁਰਖ, ਕਾਲਾ ਸ਼ਾਹ, ਪੀਲਾ ਬਸੰਤਰੀ ਆਦਿ।
ਪੰਜਾਬ ਦੇ ਸਿਆਸੀ ਆਗੂਆਂ ਦਾ ਹਾਲ ਇਹ ਹੈ ਕਿ ਜਦੋਂ ਸ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੋਣ ਦੌਰਾਨ ਲੇਖਕ ਪੰਜਾਬੀ ਬੋਲੀ ਦੇ ਹੱਕ ਵਿੱਚ ਧਰਨਾ ਦਿੰਦੇ ਸਨ ਤਾਂ ਵਿਰੋਧੀ ਧਿਰ ਕਾਂਗਰਸ ਦੇ ਸੀਨੀਅਰ ਆਗੂ ਉਸ ਧਰਨੇ ਵਿੱਚ ਸ਼ਾਮਲ ਹੋ ਕੇ ਪੰਜਾਬੀ ਬੋਲੀ ਸਬੰਧੀ ਵੱਡੇ ਵੱਡੇ ਐਲਾਨ ਕਰਦੇੇ ਸਨ ਅਤੇ ਆਪਣੀ ਸਰਕਾਰ ਆਉਣ ਉਪਰੰਤ ਪੰਜਾਬੀ ਬੋਲੀ ਲਈ ਵੱਡੇ ਵੱਡੇ ਕੰਮ ਕਰਨ ਦੇ ਦਾਅਵੇ ਕਰਦੇ ਸਨ। ਪਰ ਜਦੋਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਆਉਣ ਤੇ ਲੇਖਕ ਪੰਜਾਬੀ ਬੋਲੀ ਦੇ ਹੱਕ ਵਿਚ ਧਰਨਾ ਦਿੰਦੇ, ਤਾਂ ਉਸੇ ਧਰਨੇ ਵਿੱਚ ਜਾ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਪੰਜਾਬੀ ਬੋਲੀ ਸਬੰਧੀ ਆਪਣਾ ਹੇਜ ਜਤਾਉਂਦੇ ਸਨ। ਪੰਜਾਬ ਦੇ ਸਿਆਸੀ ਆਗੁਆਂ ਦੀ ਅਜਿਹੀ ਪਹੁੰਚ ਕਰਕੇ ਹੀ ਪੰਜਾਬ ਵਿੱਚ ਪੰਜਾਬੀ ਨੂੰ ਬਣਦਾ ਮਾਣ ਸਤਿਕਾਰ ਨਹੀਂ ਮਿਲਿਆ।
ਪੰਜਾਬ ਦੇ ਨਾਲ ਹੀ ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪ੍ਰਦੇਸ ਵਿੱਚ ਵੀ ਪੰਜਾਬੀ ਬੋਲੀ ਨੁੰ ਬਣਦਾ ਮਾਣ ਸਤਿਕਾਰ ਨਹੀਂ ਮਿਲਿਆ। ਹਰਿਆਣਾ ਵਿਚ ਤਾਂ ਲੰਮਾ ਸਮਾਂ ਪੰਜਾਬੀ ਦੀ ਥਾਂ ਦੱਖਣ ਦੀ ਤਮਿਲ ਭਾਸ਼ਾ ਹੀ ਦੂਜੀ ਭਾਸ਼ਾ ਬਣੀ ਰਹੀ। ਇਹ ਹੀ ਹਾਲ ਭਾਰਤ ਦੇ ਹੋਰਨਾਂ ਸੂਬਿਆਂ ਵਿਚ ਪੰਜਾਬੀ ਭਾਸ਼ਾ ਦਾ ਹੈ।
ਕਈ ਵਿਦਵਾਨ ਪੰਜਾਬੀ ਨੂੰ ਸੰਸਕ੍ਰਿਤ ਭਾਸ਼ਾ ਵਿਚੋਂ ਨਿਕਲੀ ਕਹਿੰਦੇ ਹਨ ਤੇ ਕਈ ਇਸ ਨੂੰ ਹਿੰਦੀ ਤੇ ਹਿੰਦੋਸਤਾਨੀ ਭਾਸ਼ਾ ਦੀ ਭੈਣ ਕਹਿੰਦੇ ਹਨ। ਕਈ ਵਿਦਵਾਨ ਇਹ ਵੀ ਕਹਿੰਦੇ ਹਨ ਕਿ ਪੰਜਾਬੀ ਤਾਂ ਸਿੰਧੂ ਘਾਟੀ ਦੀ ਸਭਿਅਤਾ ਵੇਲੇ ਵੀ ਬੋਲੀ ਜਾਂਦੀ ਸੀ। ਚਾਹੇ ਕੁਝ ਵੀ ਹੋਵੇ ਪੰਜਾਬੀ ਭਾਸ਼ਾ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਬਾਬਾ ਫਰੀਦ ਜੀ ਨੂੰ ਪੰਜਾਬੀ ਦਾ ਪਹਿਲਾ ਕਵੀ ਮੰਨਿਆ ਜਾਂਦਾ ਹੈ। ਉਹਨਾਂ ਨੇ ਸ਼ੁੱਧ ਪੰਜਾਬੀ ਵਿੱਚ ਜਿਹੜੇ ਜੋ ਸ਼ਲੋਕ ਰਚੇ ਹਨ, ਉਹਨਾਂ ਵਿੱਚੋਂ ਕਈ ਸ੍ਰੀ ਗੁਰੂ ਗਰੰਥ ਸਾਹਿਬ ਵਿੱਚ ਵੀ ਦਰਜ਼ ਹਨ, ਉਸਤੋਂ ਸਿੱਧ ਹੋ ਜਾਂਦਾ ਹੈ ਕਿ ਪੁਰਾਤਨ ਸਮੇਂ ਪੰਜਾਬੀ ਲੋਕਾਂ ਦੀ ਹਰਮਨ ਪਿਆਰੀ ਬੋਲੀ ਸੀ। ਇਸਤੋਂ ਇਲਾਵਾ ਪੰਜਾਬੀ ਵਿਚ ਪਹਿਲੀ ਸਾਹਿਤਕ ਰਚਨਾ 7ਵੀਂ-8 ਵੀਂ ਸਦੀ ਵਿੱਚ ਰਚਿਤ ਹੋਣੀ ਮੰਨੀ ਜਾਂਦੀ ਹੈ, ਪਰ ਮੁੱਢਲੇ ਦੌਰ ਦੀਆਂ ਰਚਨਾਵਾਂ ਲਿਖਤੀ ਰੂਪ ਵਿੱਚ ਨਹੀਂ ਮਿਲਦੀਆਂ। ਇਸ ਕਰਕੇ ਸਦੀਆਂ ਪੁਰਾਣੀ ਇਸ ਗਲ ਬਾਰੇ ਵਿਸਥਾਰ ਵਿੱਚ ਕੁੱਝ ਕਹਿਣਾ ਮੁਸ਼ਕਿਲ ਹੈ।
ਪੰਜਾਬੀ ਸਾਡੇ ਰਾਜ ਦੀ ਮੁੱਖ ਭਾਸ਼ਾ ਹੈ, ਪਰੰਤੁ ਕੀ ਕਾਰਨ ਹੈ ਕਿ ਸਰਕਾਰੀ ਦਫ਼ਤਰਾਂ ਵਿੱਚ ਤਾਂ ਇਹ ਖੁਡੇ ਲੱਗੀ ਹੀ ਹੋਈ ਹੈ, ਵਿਦਿਅਕ ਅਦਾਰਿਆਂ ਵਿੱਚ ਵੀ ਇਹ ਬੇਗਾਨਗੀ ਦਾ ਅਹਿਸਾਸ ਕਰਨ ਲੱਗ ਪਈ ਹੈ। ਪੰਜਾਬ ਵਿਚ ਕਈ ਵਿਦਿਅਕ ਅਦਾਰੇ ਅਜਿਹੇ ਹਨ ਜਿਥੇ ਸਿਰਫ ਇੰਗਲਿਸ਼ ਵਿੱਚ ਹੀ ਗੱਲਬਾਤ ਕੀਤੀ ਜਾ ਸਕਦੀ ਹੈ। ਪੰਜਾਬੀਆਂ ਦੇ ਬੱਚੇ ਇੰਗਲਿਸ਼ ਸਕੂਲਾਂ ਵਿੱਚ ਪੜ੍ਹਦੇ ਹਨ ਤੇ ਏ ਬੀ ਸੀ ਡੀ ਪੜਦੇ ਹਨ। ਉਹਨਾਂ ਨੂੰ ਜੇ ਪੁਛਿਆ ਜਾਵੇ ਕਿ ਗੋਗਲੂ ਕੀ ਹੁੰਦਾ ਹੈ, ਮੇਜ ਕੀ ਹੁੰਦਾ ਹੈ ਤਾਂ ਉਹ ਡੌਰ ਭੌਰ ਹੋ ਜਾਂਦੇ ਹਨ। ਉਹ ਤਾਂ ਚੇਅਰ ਤੇ ਟੇਬਲ ਨੂੰ ਜਾਣਦੇ ਹਨ।
ਪੰਜਾਬੀ ਭਾਸ਼ਾ ਦੀ ਸਥਿਤੀ ਉਪਰ ਰੋਣਾ ਉਦੋਂ ਆਉਂਦਾ ਹੈ ਜਦੋਂ ਵੱਡੇ ਪੰਜਾਬੀ ਲੇਖਕ ਤਾਂ ਪੰਜਾਬੀ ਦੇ ਪੱਖ ਵਿਚ ਧਰਨਾ ਦੇ ਰਹੇ ਹੁੰਦੇ ਹਨ ਪਰ ਅੰਗਰੇਜ਼ੀ ਸਕੂਲਾਂ ਵਿਚ ਪੜਦੇ ਉਹਨਾਂ ਦੇ ਆਪਣੇ ਹੀ ਬੱਚੇ ਪੰਜਾਬੀ ਤੋਂ ਕੋਰੇ ਹੁੰਦੇ ਹਨ। ਘਰਾਂ ਵਿਚ ਪੰਜਾਬੀ ਦਾ ਹਾਲ ਇਹ ਹੈ ਕਿ ਜੇ ਬੱਚੇ ਨੂੰ ਅਲਮਾਰੀ ਵਿਚੋਂ ਗੁਲਾਬੀ ਪੱਗ ਕੱਢਣ ਲਈ ਕਹਿ ਦੇਈਏ ਤਾਂ ਬੱਚੇ ਦਾ ਭੋਲੇ ਭਾਅ ਜੁਆਬ ਹੁੰਦਾ ਹੈ ਕਿ ਗੁਲਾਬੀ ਪੱਗ ਤਾਂ ਹੈ ਨਹੀਂ ਪਰ ਇੱਥੇ ਪਿੰਕ ਟਰਬਨ ਜ਼ਰੂਰ ਪਈ ਹੈ। ਕਹਿਣ ਦਾ ਭਾਵ ਇਹ ਹੈ ਕਿ ਬੱਚਿਆਂ ਨੂੰ ਪੰਜਾਬੀ ਦੀ ਥਾਂ ਅੰਗਰੇਜੀ ਵਿਚ ਗੱਲ ਛੇਤੀ ਸਮਝ ਆਉਂਦੀ ਹੈ।
ਪੰਜਾਬੀ ਭਾਸ਼ਾ, ਪੰਜਾਬ ਵਿਚ ਹੀ ਸ਼ਬਦ-ਸ਼ਬਦ ਮਰ ਰਹੀ ਹੈ। ਜਿਸ ਤਰੀਕੇ ਨਾਲ ਪੰਜਾਬੀ ਭਾਸ਼ਾ ਵਿਚੋਂ ਸ਼ੁੱਧ ਪੰਜਾਬੀ ਸ਼ਬਦ ਅਲੋਪ ਹੋ ਰਹੇ ਹਨ, ਉਸ ਨਾਲ ਇਹੀ ਲੱਗ ਰਿਹਾ ਹੈ ਕਿ ਪੰਜਾਬੀ ਭਾਸ਼ਾ ਸ਼ਬਦ ਸ਼ਬਦ ਮਰ ਰਹੀ ਹੈ ਅਤੇ ਜੇਕਰ ਇਹੀ ਹਾਲ ਰਿਹਾ ਤਾਂ ਪੰਜਾਬੀ ਵਿਚੋਂ ਸ਼ੁੱਧ ਪੰਜਾਬੀ ਸ਼ਬਦ ਅਲੋਪ ਹੋ ਜਾਣਗੇ। ਇਸ ਲਈ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਹੀ ਸੁਚੇਤ ਹੋਣ ਦੀ ਲੋੜ ਹੈ। ਜਿਸ ਤਰੀਕੇ ਨਾਲ ਪੰਜਾਬੀ ਬੋਲੀ ਦੇ ਪੁੱਤਰ ਹੀ ਮਾਂ ਬੋਲੀ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਪੰਜਾਬੀ ਬੋਲੀ ਦਾ ਭਵਿੱਖ ਕੋਈ ਵਧੀਆ ਨਹੀਂ ਹੈ। ਇਸੇ ਲਈ ਤਾਂ ਪੰਜਾਬੀ ਬੋਲੀ ਦੇ ਮਹਾਨ ਪੁੱਤਰ ਫਿਰੋਜਦੀਨ ਸ਼ਰਫ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਪਿਆ ਸੀ…
ਪੁੱਛੀਂ ਸ਼ਰਫ ਨਾ ਜਿਹਨਾਂ ਨੇ ਬਾਤ ਮੇਰੀ,
ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ।
ਜਗਮੋਹਨ ਸਿੰਘ ਲੱਕੀ
Editorial
ਮਾਰਕੀਟਾਂ ਦੀਆਂ ਪਾਰਕਿੰਗਾਂ ਦੀ ਹਾਲਤ ਸੁਧਾਰਨ ਲਈ ਲੋੜੀਂਦੇ ਕਦਮ ਚੁੱਕੇ ਪ੍ਰਸ਼ਾਸਨ
ਪੰਜਾਬ ਸਰਕਾਰ ਦੇ ਦਾਅਵਿਆਂ ਵਿੱਚ ਭਾਵੇਂ ਸਾਡੇ ਸ਼ਹਿਰ ਨੂੰ ਭਾਵੇਂ ਅੰਤਰਰਾਸ਼ਟਰੀ ਪੱਧਰ ਦੇ ਇੱਕ ਅਜਿਹੇ ਅਤਿ ਆਧੁਨਿਕ ਸ਼ਹਿਰ ਦਾ ਦਰਜਾ ਹਾਸਿਲ ਹੈ ਜਿੱਥੇ ਵਸਨੀਕਾਂ ਨੂੰ ਵਿਸ਼ਵਪੱਧਰੀ ਸੁਵਿਧਾਵਾਂ ਹਾਸਿਲ ਹਨ, ਪਰੰਤੂ ਸਾਡੇ ਸ਼ਹਿਰ ਦੀਆਂ ਮਾਰਕੀਟਾਂ ਵਿਚਲੀਆਂ ਪਾਰਕਿੰਗਾਂ ਦੀ ਬਦਹਾਲੀ, ਸਰਕਾਰ ਦੇ ਇਹਨਾਂ ਦਾਅਵਿਆਂ ਦਾ ਮਜਾਕ ਉੜਾਉਂਦੀ ਦਿਖਦੀ ਹੈ। ਮੌਜੂਦਾ ਹਾਲਾਤ ਇਹ ਹਨ ਕਿ ਸ਼ਹਿਰ ਦੀਆਂ ਜਿਆਦਾਤਰ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਵਾਹਨ ਖੜੇ ਕਰਨ ਵਾਸਤੇ ਲੋੜੀਂਦੇ ਪ੍ਰਬੰਧਾਂ ਦੀ ਘਾਟ ਕਾਰਨ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਜਾਂ ਕਿਸੇ ਹੋਰ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਅਕਸਰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ ਅਤੇ ਲੋਕ ਪ੍ਰਸ਼ਾਸ਼ਨ ਦੀ ਕਾਰਗੁਜਾਰੀ ਤੇ ਸਵਾਲ ਚੁੱਕਦੇ ਦਿਖਦੇ ਹਨ।
ਮੌਜੂਦਾ ਹਾਲਾਤ ਇਹ ਹਨ ਕਿ ਸਾਡੇ ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮਾਰਕੀਟਾਂ ਦੀਆਂ ਪਾਰਕਿੰਗਾਂ ਦੀ ਹਾਲਤ ਖਰਾਬ ਹੈ ਅਤੇ ਇਹਨਾਂ ਵਿੱਚ ਵਾਹਨਾਂ ਨੂੰ ਖੜ੍ਹਾ ਕਰਨ ਲਈ ਲੋੜੀਂਦੇ ਪ੍ਰਬੰਧ ਨਾ ਹੋਣ ਕਰਨ ਵਾਹਨ ਚਾਲਕਾਂ ਵਲੋਂ ਮਨਮਰਜੀ ਨਾਲ ਆਪਣੇ ਵਾਹਨ ਖੜ੍ਹੇ ਕਰ ਦਿੱਤੇ ਜਾਂਦੇ ਹਨ ਜਿਸ ਕਾਰਨ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਵਾਹਨਾਂ ਦਾ ਘੜਮੱਸ ਜਿਹਾ ਪਿਆ ਰਹਿੰਦਾ ਹੈ। ਇਸ ਦੌਰਾਨ ਲੋਕਾਂ ਵਲੋਂ ਆਪਣੇ ਵਾਹਨ ਬੇਤਰਤੀਬ ਢੰਗ ਨਾਲ ਖੜ੍ਹਾ ਦਿੱਤੇ ਜਾਂਦੇ ਹਨ ਅਤੇ ਇਸ ਕਾਰਨ ਹੋਰਨਾਂ ਵਾਹਨ ਚਾਲਕਾਂ ਨੂੰ ਪਾਰਕਿੰਗ ਵਿਚ ਆਪਣੇ ਵਾਹਨ ਖੜੇ ਕਰਨ ਵਿਚ ਵੱਡੀ ਸਮੱਸਿਆ ਪੇਸ਼ ਆਉਂਦੀ ਹੈ।
ਅਜਿਹਾ ਆਮ ਵੇਖਣ ਵਿੱਚ ਆਉਂਦਾ ਹੈ ਕਿ ਮਾਰਕੀਟਾਂ ਵਿੱਚ ਪਹੁੰਚਣ ਵਾਲੇ ਵਾਹਨ ਚਾਲਕਾਂ ਦਾ ਜਿੱਥੇ ਦਿਲ ਕਰਦਾ ਹੈ ਉਹ ਆਪਣਾ ਵਾਹਨ ਖੜ੍ਹਾ ਕਰ ਦਿੰਦੇ ਹਨ। ਅਜਿਹੇ ਲੋਕਾਂ ਦੀ ਗਿਣਤੀ ਵੀ ਕਾਫੀ ਹੈ ਜਿਹੜੇ ਪਾਰਕਿੰਗ ਵਿੱਚ ਥਾਂ ਨਾ ਮਿਲਣ ਤੇ ਕਿਸੇ ਹੋਰ ਵਾਹਨ ਦੇ ਪਿੱਛੇ ਆਪਣਾ ਵਾਹਨ ਖੜ੍ਹਾ ਕਰਕੇ ਆਪਣੇ ਕੰਮ ਤੇ ਚਲੇ ਜਾਂਦੇ ਹਨ। ਬਾਅਦ ਵਿੱਚ ਜਦੋਂ ਪਹਿਲਾਂ ਤੋਂ ਖੜ੍ਹੇ ਵਾਹਨ ਦਾ ਚਾਲਕ ਵਾਪਸ ਜਾਣ ਲਈ ਆਪਣੀ ਗੱਡੀ ਤਕ ਪਹੁੰਚਦਾ ਹੈ ਤਾਂ ਉਸਨੂੰ ਆਪਣਾ ਵਾਹਨ ਬਾਹਰ ਕੱਢਣ ਲਈ ਥਾਂ ਨਹੀਂ ਮਿਲਦੀ ਅਤੇ ਉਸਨੂੰ ਪਰੇਸ਼ਾਨ ਹੋਣਾ ਪੈਂਦਾ ਹੈ। ਇਸ ਤਰੀਕੇ ਨਾਲ ਕੀਤੀ ਜਾਂਦੀ ਬੇਤਰਤੀਬ ਪਾਰਕਿੰਗ ਕਾਰਨ ਕਈ ਵਾਰ ਵਾਹਨ ਚਾਲਕਾਂ ਵਿਚਾਲੇ ਝਗੜੇ ਦੀ ਨੌਬਤ ਤਕ ਆ ਜਾਂਦੀ ਹੈ।
ਇਹਨਾਂ ਪਾਰਕਿੰਗਾਂ ਦੇ ਰੱਖ ਰਖਾਓ ਦੀ ਜਿੰਮੇਵਾਰੀ ਨਗਰ ਨਿਗਮ ਦੇ ਅਧੀਨ ਹੈ ਪਰੰਤੂ ਜੇਕਰ ਨਗਰ ਨਿਗਮ ਦੀ ਕਾਰਗੁਜਾਰੀ ਦੀ ਗੱਲ ਕੀਤੀ ਜਾਵੇ ਤਾਂ ਨਗਰ ਨਿਗਮ ਵਲੋਂ ਸ਼ਹਿਰ ਦੀਆਂ ਮਾਰਕੀਟਾਂ ਵਿਚਲੀਆਂ ਪਾਰਕਿੰਗਾਂ ਵਿੱਚ ਲੋੜੀਂਦੀਆਂ ਸਹੂਲਤਾਂ ਦੇਣ ਦੇ ਨਾਮ ਤੇ ਸਿਰਫ ਖਾਨਾਪੂਰਤੀ ਕੀਤੀ ਜਾਂਦੀ ਹੈ। ਸ਼ਹਿਰ ਦੀਆਂ ਜਿਆਦਾਤਰ ਮਾਰਕੀਟਾਂ ਦੀਆਂ ਪਾਰਕਿੰਗਾਂ ਮਾੜੀ ਹਾਲਤ ਵਿੱਚ ਹਨ ਅਤੇ ਉਹਨਾਂ ਵਿੱਚ ਖੱਡੇ ਪਏ ਹੋਏ ਹਨ। ਥੋੜ੍ਹੀ ਜਿਹੀ ਬਰਸਾਤ ਹੋਣ ਤੇ ਇਹਨਾਂ ਖੱਡਿਆਂ ਵਿੱਚ ਪਾਣੀ ਖੜ੍ਹਾ ਹੋ ਜਾਂਦਾ ਹੈ ਅਤੇ ਜਦੋਂ ਗੱਡੀਆਂ ਲੰਘਦੀਆਂ ਹਨ ਤਾਂ ਇਸ ਗੰਦੇ ਪਾਣੀ ਦੇ ਛਿੱਟੇ ਉੱਛ ਉੱਛਲ ਕੇ ਆਉਂਦੇ ਜਾਂਦੇ ਲੋਕਾਂ ਤੇ ਪੈਂਦੇ ਰਹਿੰਦੇ ਹਨ।
ਸ਼ਹਿਰ ਦੀਆਂ ਜਿਆਦਾਤਰ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਵਾਹਨ ਖੜੇ ਕਰਨ ਲਈ ਲਾਈਨਾਂ ਵੀ ਨਹੀਂ ਲੱਗੀਆਂ ਅਤੇ ਨਾ ਹੀ ਇਹ ਜਾਣਕਾਰੀ ਦੇਣ ਲਈ ਕੋਈ ਬੋਰਡ ਜਾਂ ਨਿਸ਼ਾਨ ਲਗਾਏ ਗਏ ਹਨ ਜਿਸ ਨਾਲ ਇਹ ਪਤਾ ਚਲ ਸਕੇ ਕਿ ਦੋ ਪਹੀਆ ਅਤੇ ਤਿੰਨ ਪਹੀਆ ਵਾਹਨ ਕਿਹੜੇ ਪਾਸੇ ਖੜੇ ਕਰਨੇ ਹਨ ਅਤੇ ਚਾਰ ਪਹੀਆ ਵਾਹਨ ਕਿੱਥੇ ਖੜੇ ਕਰਨੇ ਹਨ। ਵਾਹਨਾਂ ਦੀ ਪਾਰਕਿੰਗ ਵਾਸਤੇ ਲਾਈਨਾਂ ਨਾ ਲੱਗੀਆਂ ਹੋਣ ਅਤੇ ਕੋਈ ਨਿਸ਼ਾਨ ਨਾ ਹੋਣ ਕਾਰਨ ਆਮ ਵਾਹਨ ਚਾਲਕ ਮਨ ਮਰਜੀ ਨਾਲ ਵਾਹਨ ਖੜੇ ਕਰ ਦਿੰਦੇ ਹਨ, ਜਿਸ ਕਾਰਨ ਇਹਨਾਂ ਪਾਰਕਿੰਗਾਂ ਵਿੱਚ ਅੱਗੇ ਪਿਛਲੇ ਖੜ੍ਹੇ ਵਾਹਨਾਂ ਕਾਰਨ ਹਾਲਾਤ ਬਹਾਲ ਰਹਿੰਦੇ ਹਨ।
ਇਸਤੋਂ ਇਲਾਵਾ ਮਾਰਕੀਟਾਂ ਦੀਆਂ ਪਾਰਕਿੰਗਾਂ ਵਿੱਚ ਰੇਹੜੀ ਫੜੀ ਵਾਲਿਆਂ ਵਲੋਂ ਨਾਜਾਇਜ ਕਬਜਾ ਕਰਕੇ ਖਾਣ ਪੀਣ ਦਾ ਸਾਮਾਨ ਵੇਚਣ ਦੀ ਕਾਰਵਾਈ ਵੀ ਪਾਰਕਿੰਗ ਵਿਵਸਥਾ ਵਿੱਚ ਵੱਡੀ ਰੁਕਾਵਟ ਬਣਦੀ ਹੈ। ਇਸ ਸੰਬੰਧੀ ਭਾਵੇਂ ਨਗਰ ਨਿਗਮ ਵਲੋਂ ਨਾਜਾਇਜ ਕਬਜਾ ਕਰਕੇ ਲਗਾਈਆਂ ਜਾਂਦੀਆਂ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਤੇ ਕਾਬੂ ਕਰਨ ਲਈ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਨਿਗਮ ਦੇ ਇਹ ਦਾਅਵੇ ਵੀ ਹਵਾ ਹਵਾਈ ਹੀ ਸਾਬਿਤ ਹੁੰਦੇ ਹਨ ਅਤੇ ਇਹਨਾਂ ਰੇਹੜੀਆਂ ਫੜੀਆਂ ਦੀ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ।
ਨਗਰ ਨਿਗਮ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਵਿਚ ਵਾਹਨ ਖੜੇ ਕਰਨ ਲਈ ਆ ਰਹੀਆਂ ਦਿਕਤਾਂ ਨੂੰ ਦੂਰ ਕਰਨ ਲਈ ਲੋੜੀਂਦੀ ਕਾਰਵਾਈ ਕਰੇ ਅਤੇ ਇਸ ਵਾਸਤੇ ਇਹਨਾਂ ਪਾਰਕਿੰਗਾਂ ਦੀ ਲੋੜੀਂਦੀ ਮੁਰਮੰਤ ਕਰਕੇ ਉੱਥੇ ਵਾਹਨ ਖੜ੍ਹਾਉਣ ਲਈ ਲਾਈਨਾਂ ਅਤੇ ਹੋਰ ਸਿਗਨਲ ਲਗਾਏ ਜਾਣ। ਇਸਦੇ ਨਾਲ ਨਾਲ ਮਾਰਕੀਟਾ ਦੀਆਂ ਪਾਰਿਕੰਗਾਂ ਵਿੱਚ ਰੇਹੜੀਆਂ ਫੜੀਆਂ ਲਗਾ ਕ ਨਾਜਾਇਜ਼ ਕਬਜੇ ਕਰਨ ਵਾਲਿਆਂ ਖਿਲਾਫ ਵੀ ਲਗਾਤਾਰ ਕਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਆਮ ਲੋਕਾਂਨੂੰਵਾਹਨ ਖੜ੍ਹਾਉਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਅਤੇ ਵਾਹਨ ਚਾਲਕਾਂ ਨੂੰ ਇਸ ਸੰਬੰਧੀ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਤੋਂ ਛੁਟਕਾਰਾ ਮਿਲੇ।
Editorial
ਭਾਰਤੀ ਸਿਆਸਤ ਦਾ ਅਹਿਮ ਅੰਗ ਬਣਦੀ ਜਾ ਰਹੀ ਹੈ ਮਜਮੇਬਾਜ਼ੀ
ਹਰ ਛੋਟੀ ਵੱਡੀ ਗੱਲ ਤੇ ਮਜਮੇ ਲਗਾਉਣ ਅਤੇ ਅਖਬਾਰਾਂ ਦੀਆਂ ਸੁਰਖੀਆਂ ਬਣਨ ਦਾ ਯਤਨ ਕਰਦੇ ਦਿਖਦੇ ਹਨ ਸਿਆਸੀ ਆਗੂ
ਭਾਰਤ ਦੀ ਕੇਂਦਰੀ ਸਿਆਸਤ ਅਤੇ ਰਾਜਾਂ ਦੀ ਰਾਜਨੀਤੀ ਵਿੱਚ ਪਿਛਲੇ ਕੁਝ ਸਮੇਂ ਤੋਂ ਮਜਮੇਬਾਜੀ ਭਾਰੂ ਹੁੰਦੀ ਜਾ ਰਹੀ ਹੈ ਅਤੇ ਜਿਆਦਾਤਰ ਸਿਆਸੀ ਆਗੂ ਮਜਮੇ ਲਗਾਉਣ ਅਤੇ ਅਖਬਾਰਾਂ ਦੀਆਂ ਸੁਰਖੀਆਂ ਬਣਨ ਦਾ ਯਤਨ ਕਰਦੇ ਦਿਖਦੇ ਹਨ।
ਬੀਤੇ ਦਿਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣ ਪਹੁੰਚੇ। ਉਹ ਮੁੱਖ ਮੰਤਰੀ ਦੀ ਕੋਠੀ ਦੇ ਪਿਛਲੇ ਪਾਸੇ ਚਲੇ ਗਏ ਅਤੇ ਕੋਠੀ ਅੰਦਰ ਜਾਣ ਦਾ ਯਤਨ ਕੀਤਾ, ਇਸ ਮੌਕੇ ਉਹਨਾਂ ਦੀ ਚੰਡੀਗੜ੍ਹ ਪੁਲੀਸ ਨਾਲ ਬਹਿਸ ਵੀ ਹੋਈ। ਇਸ ਦੌਰਾਨ ਬਿੱਟੂ ਦੇ ਸੁਰਖਿਆ ਮੁਲਾਜਮਾਂ ਅਤੇ ਚੰਡੀਗੜ੍ਹ ਪੁਲੀਸ ਦੇ ਮੁਲਾਜਮਾਂ ਵਿਚਾਲੇ ਧੱਕਾ ਮੁੱਕੀ ਵੀ ਹੋਈ। ਉਸ ਤੋਂ ਬਾਅਦ ਬਿੱਟੂ ਵਾਪਸ ਪਰਤ ਗਏ ਪਰ ਉਹ ਆਪਣੀ ਇਸ ਫੇਰੀ ਦੀ ਖਬਰ ਜਰੂਰ ਬਣਾਉਣ ਵਿੱਚ ਸਫਲ ਹੋ ਗਏ।
ਇਸ ਤੋਂ ਪਹਿਲਾਂ ਵੀ ਕਈ ਸਿਆਸੀ ਆਗੂ ਕਈ ਤਰ੍ਹਾਂ ਦੇ ਅਜੀਬੋ ਗਰੀਬ ਕੰਮ ਕਰਕੇ ਮਜਮਾ ਲਗਾਉਣ ਦਾ ਯਤਨ ਕਰਦੇ ਰਹਿੰਦੇ ਹਨ ਤਾਂ ਜੋ ਉਹ ਖਬਰਾਂ ਦੀਆਂ ਸੁਰਖੀਆਂ ਵਿੱਚ ਆ ਸਕਣ। ਅਸਲੀਅਤ ਇਹ ਵੀ ਹੈ ਕਿ ਕਈ ਸਿਆਸੀ ਆਗੂਆਂ ਦੇ ਕੁਝ ਚਹੇਤੇ ਪੱਤਰਕਾਰ ਵੀ ਹੁੰਦੇ ਹਨ, ਜਿਹਨਾਂ ਨੂੰ ਉਹ ਤੁਰੰਤ ਹਰ ਥਾਂ ਬੁਲਾ ਲੈਂਦੇ ਹਨ ਅਤੇ ਇਹ ਪੱਤਰਕਾਰ ਵੀ ਆਪਣੀ ਵਫਦਾਰੀ ਨਿਭਾਉਂਦਿਆਂ ਉਹਨਾਂ ਦੀਆਂ ਖਬਰਾਂ ਬਣਾ ਦਿੰਦੇ ਹਨ।
ਕਈ ਵਾਰ ਕੋਈ ਸਿਆਸੀ ਆਗੂ ਕਿਸੇ ਸ਼ਹਿਰ ਦੇ ਬੱਸ ਅੱਡੇ ਤੇ ਪਹੁੰਚ ਜਾਂਦਾ ਹੈ ਅਤੇ ਮੀਡੀਆ ਦੀ ਹਾਜਰੀ ਵਿੱਚ ਲੋਕਾਂ ਤੋਂ ਉਹਨਾਂ ਦੀਆਂ ਸਮੱਸਿਆਵਾਂ ਸੁਣਦਾ ਹੈ। ਹਾਲਾਂਕਿ ਇਸ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੁਝ ਨਹੀਂ ਕੀਤਾ ਜਾਂਦਾ ਪਰੰਤੂ ਖਬਰਾਂ ਜਰੂਰ ਬਣ ਜਾਂਦੀਆਂ ਹਨ। ਇਸ ਦੌਰਾਨ ਜਦੋਂ ਇਹ ਸਿਆਸੀ ਆਗੂ ਆਪਣੇ ਸੁਰਖਿਆ ਕਰਮੀਆਂ ਨਾਲ ਬੱਸ ਅੱਡਿਆਂ ਜਾਂ ਜਨਤਕ ਥਾਵਾਂ ਤੇ ਜਾਂਦੇ ਹਨ ਤਾਂ ਆਮ ਲੋਕਾਂ ਨੂੰ ਜਰੂਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਹਾਲਾਤ ਇਹ ਹਨ ਕਿ ਖਬਰਾਂ ਵਿੱਚ ਰਹਿਣ ਲਈ ਹਰ ਵੱਡਾ ਛੋਟਾ ਆਗੂ ਹਰ ਦਿਨ ਕੁੱਝ ਨਾ ਕੁੱਝ ਕਰਦਾ ਰਹਿੰਦਾ ਹੈ ਅਤੇ ਆਪਣੀ ਸਿਆਸੀ ਹਾਜਰੀ ਲਗਵਾ ਲੈਂਦਾ ਹੈ। ਕਈ ਸਿਆਸੀ ਆਗੂ ਤਾਂ ਖਬਰਾਂ ਵਿੱਚ ਆਉਣ ਲਈ ਬੇਤੁੱਕੇ ਬਿਆਨ ਵੀ ਦਿੰਦੇ ਰਹਿੰਦੇ ਹਨ। ਕਈ ਸਿਆਸੀ ਆਗੂ ਅਜਿਹੇ ਵਿਸ਼ਿਆਂ ਬਾਰੇ ਵੀ ਬਿਆਨ ਦੇ ਦਿੰਦੇ ਹਨ, ਜਿਹਨਾਂ ਵਿਸ਼ਿਆਂ ਬਾਰੇ ਉਹਨਾਂ ਨੂੰ ਖੁਦ ਨੂੰ ਵੀ ਚੰਗੀ ਤਰ੍ਹਾਂ ਜਾਣਕਾਰੀ ਨਹੀਂ ਹੁੰਦੀ, ਇਸ ਤਰ੍ਹਾਂ ਇਹ ਸਿਆਸੀ ਆਗੂ ਕਈ ਵਾਰ ਹਾਸੋਹੀਣੀ ਸਥਿਤੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ।
ਅਕਸਰ ਵੇਖਣ ਵਿੱਚ ਆਇਆ ਹੈ ਕਿ ਜਦੋਂ ਵੀ ਕੋਈ ਹਾਦਸਾ ਵਾਪਰਦਾ ਹੈ ਜਾਂ ਕੋਈ ਘਟਨਾ ਹੋ ਜਾਂਦੀ ਹੈ ਤਾਂ ਆਪੋ ਬਣੇ ਨੇਤਾ ਜਾਂ ਸਿਆਸੀ ਆਗੂ ਤੁਰੰਤ ਮੌਕੇ ਤੇ ਪਹੁੰਚ ਜਾਂਦੇ ਹਨ ਅਤੇ ਮਜਮਾ ਲਗਾ ਕੇ ਆਪਣੀ ਸਿਆਸਤ ਸ਼ੁਰੂ ਕਰ ਦਿੰਦੇ ਹਨ। ਅਜਿਹੇ ਮੌਕਿਆਂ ਤੇ ਵਿਰੋਧੀ ਆਗੂ ਤਾਂ ਹਰ ਕੰਮ ਲਈ ਸਰਕਾਰ ਨੂੰ ਦੋਸ਼ੀ ਠਹਿਰਾ ਦਿੰਦੇ ਹਨ, ਭਾਵੇਂ ਕਿ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਅਤੇ ਹਰ ਸਰਕਾਰ ਦੇ ਰਾਜ ਸਮੇਂ ਅਜਿਹਾ ਹੀ ਹੁੰਦਾ ਹੈ।
ਪਿਛਲੇ ਦਿਨੀਂ ਅਮਰੀਕਾ ਤੋਂ ਅਨੇਕਾਂ ਭਾਰਤੀਆਂ ਨੂੰ ਡੀਪੋਰਟ ਕਰਕੇ ਭੇਜਿਆ ਗਿਆ ਹੈ। ਇਸ ਸੰਬੰਧੀ ਭਾਜਪਾ ਦੇ ਕਈ ਆਗੂ ਮੁੱਖ ਮੰਤਰੀ ਭਗਵੰਤ ਮਾਨ ਤੇ ਦੋਸ਼ ਲਗਾ ਰਹੇ ਹਨ ਕਿ ਉਹਨਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ਨੌਜਵਾਨ ਪਰਵਾਸ ਕਰ ਰਹੇ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਦਾ ਪਰਵਾਸ ਤਾਂ ਪਿਛਲੀਆਂ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਸਰਕਾਰਾਂ ਵੇਲੇ ਵੀ ਜਾਰੀ ਸੀ। ਜਦੋਂ ਭਾਜਪਾ ਆਗੂਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤੇ ਜਹਾਜ ਅੰਮ੍ਰਿਤਸਰ ਵਿਖੇ ਉਤਾਰਨ ਬਾਰੇ ਪੁਛਿਆ ਜਾਂਦਾ ਹੈ ਤਾਂ ਉਹ ਕਹਿ ਦਿੰਦੇ ਹਨ ਕਿ ਅਮਰੀਕਾ ਤੋਂ ਅੰਮ੍ਰਿਤਸਰ ਨੇੜੇ ਪੈਂਦਾ ਹੈ। ਪਰ ਹੋਰ ਸਿਆਸੀ ਪਾਰਟੀਆਂ ਦੇ ਆਗੂ ਕਹਿੰਦੇ ਹਨ ਕਿ ਫੇਰ ਅਮਰੀਕਾ ਤੋਂ ਆਉਣ ਵਾਲੀਆਂ ਸਾਰੀਆਂ ਫਲਾਈਟਾਂ ਨੂੰ ਹੀ ਅੰਮ੍ਰਿਤਸਰ ਵਿੱਚ ਉਤਾਰਿਆ ਜਾਣਾ ਚਾਹੀਦਾ ਹੈ। ਕੁਝ ਸਿਆਸੀ ਆਗੂ ਦਾਅਵਾ ਕਰਦੇ ਹਨ ਕਿ ਅੰਮ੍ਰਿਤਸਰ ਤੋਂ ਦਿੱਲੀ ਦਾ ਹਵਾਈ ਜਹਾਜ ਵਿੱਚ ਸਫਰ ਕੁਝ ਮਿੰਟਾਂ ਦਾ ਹੀ ਹੁੰਦਾ ਹੈ। ਇਸ ਲਈ ਇਹ ਡਿਪੋਰਟ ਕੀਤੇ ਜਹਾਜ ਆਸਾਨੀ ਨਾਲ ਦਿੱਲੀ ਉਤਾਰੇ ਜਾ ਸਕਦੇ ਹਨ ਪਰ ਇਸ ਗੱਲ ਦਾ ਭੇਤ ਅਜੇ ਤਕ ਨਹੀਂ ਖੁਲਿਆ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਦੇ ਜਹਾਜਾਂ ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੀ ਕਿਉਂ ਉਤਾਰਿਆ ਗਿਆ।
ਇਸ ਮੁੱਦੇ ਤੇ ਵੀ ਸਿਆਸੀ ਆਗੂਆਂ ਵੱਲੋਂ ਸਿਆਸਤ ਕੀਤੀ ਜਾ ਰਹੀ ਹੈ ਅਤੇ ਮਜਮੇ ਲਗਾਏ ਜਾ ਰਹੇ ਹਨ। ਕਹਿਣ ਦਾ ਭਾਵ ਇਹ ਹੈ ਕਿ ਮਜਮੇਬਾਜੀ ਭਾਰਤ ਦੀ ਸਿਆਸਤ ਦਾ ਇੱਕ ਰੰਗ ਬਣ ਗਈ ਹੈ ਅਤੇ ਭਾਰਤ ਦੀ ਸਿਆਸਤ ਮਜਮੇਬਾਜੀ ਦੇ ਰੰਗ ਵਿੱਚ ਪੂਰੀ ਤਰ੍ਹਾਂ ਰੰਗੀ ਗਈ ਹੈ।
ਬਿਊਰੋ
Editorial
ਕਾਵਿ ਸੰਗ੍ਰਹਿ ਸੁਪਨਿਆਂ ਦੀ ਗੱਲ ਦਾ ਲੇਖਾ ਜੋਖਾ

ਪਿਆਰਾ ਸਿੰਘ ਰਾਹੀ ਆਪਣਾ ਇੱਕ ਹੋਰ ਨਵੇਲਾ ਕਾਵਿ ਸੰਗ੍ਰਹਿ ਸੁਪਨਿਆਂ ਦੀ ਗੱਲ ਲੈ ਕੇ ਮੁੜ੍ਹ ਪੰਜਾਬੀ ਸਾਹਿਤ ਜਗਤ ਦੇ ਵਿਹੜੇ ਆਏ ਹਨ। ਉਹਨਾਂ ਦੀ ਇਹ ਮੌਲਿਕ ਪੁਸਤਕ ਦੇ 112 ਪੰਨੇ ਹਨ ਅਤੇ ਸਪਤ ਰਿਸ਼ੀ ਪਬਲਿਸ਼ਰਜ ਚੰਡੀਗੜ੍ਹ ਵਲੋਂ ਇਸਨੂੰ ਸੋਹਣੀ ਦਿੱਖ ਦੇ ਕੇ ਪ੍ਰਕਾਸ਼ਿਤ ਕੀਤਾ ਗਿਆਹੈ। ਇਹ ਪੁਸਤਕ ਲੇਖਕ ਨੇ ਆਪਣੇ ਮਾਤਾ ਪਿਤਾ ਨੂੰ ਸਮਰਪਿਤ ਕੀਤੀ ਹੈ।
ਲੇਖਕ ਦੇ ਜੀਵਨ ਤੇ ਸਾਹਿਤ ਰਚਨਾ ਦੇ ਸਫ਼ਰ ਤੇ ਡਾ ਜਲੌਰ ਸਿੰਘ ਖੀਵਾ, ਜਸਪਾਲ ਸਿੰਘ ਦੇਸੂਵੀ ਤੇ ਜਸਵਿੰਦਰ ਸਿੰਘ ਕਾਈਨੌਂਰ ਵੱਲੋਂ ਆਪੋ ਆਪਣੇ ਅੰਦਾਜ਼ ਵਿੱਚ ਬਾਖੂਬੀ ਝਾਤ ਪੁਆਈ ਗਈ ਹੈ। ਇਹ ਪੁਸਤਕ ਰੂਪੀ ਗੁਲਦਸਤਾ ਕਵਿਤਾਵਾਂ, ਗ਼ਜ਼ਲਾਂ ਤੇ ਗੀਤਾਂ ਦਾ ਸੁਮੇਲ ਹੈ।
ਪੁਸਤਕ ਦਾ ਸਿਰਲੇਖ ਭਾਵੇਂ ‘ਸੁਪਨਿਆਂ ਦੀ ਗੱਲ’ ਰੱਖਿਆ ਗਿਆ ਹੈ ਪਰ ਗੱਲਾਂ ਹਕੀਕੀ ਜੀਵਨ ਵਿੱਚ ਕੰਮ ਆਉਣ ਵਾਲੀਆਂ ਹੀ ਕਹੀਆਂ ਹਨ। ਜੀਵਨ ਦੇ ਕਈ ਰੰਗ ਇਸ ਪੁਸਤਕ ਵਿੱਚ ਸੰਜੋਏ ਗਏ ਹਨ ਤੇ ਲੇਖਕ ਹਰ ਹਾਲ ਵਿੱਚ ਮਾਲਕ ਦਾ ਸ਼ੁਕਰਾਨਾ ਕਰਨ ਵਾਲਾ, ਇਕ ਸੁਹਿਰਦ ਇਨਸਾਨ ਹੈ ਜਿਸਨੂੰ ਸ਼ੋਹਰਤ ਦੀ ਕੋਈ ਭੁੱਖ ਨਹੀਂ ਬਸ ਆਪਣੀ ਮਸਤਾਨੀ ਚਾਲੇ ਚਲਦੇ ਰਹਿਣ ਨੂੰ ਹੀ ਜਿੰਦਗੀ ਮੰਨਦਾ ਹੈ।
ਪੁਸਤਕ ਦੇ ਪੰਨਾ 86 ਤੇ ਅੰਕਿਤ ਰਚਨਾ ‘ਚਿਹਰੇ ਉੱਤੇ ਚਿਹਰਾ’ ਵਾਕਿਆ ਹੀ ਦੋਗਲੇ ਚਿਹਰੇ ਵਾਲਿਆਂ ਦੇ ਪਾਜ਼ ਉਘੇੜ੍ਹਦੀ ਇਕ ਵਧੀਆ ਰਚਨਾ ਹੈ। ਪੁਸਤਕ ਵਿਚਲੀਆਂ ਸਾਰੀਆਂ ਹੀ ਰਚਨਾਵਾਂ ਤਜ਼ਰਬੇ ਦੀ ਭੱਠੀ ਵਿੱਚੋਂ ਪਕਾ ਕੇ ਪਾਠਕਾਂ ਲਈ ਪ੍ਰੋਸੀਆਂ ਗਈਆਂ ਹਨ। ਸਾਇਰ ਜਿੱਥੇ ਇਸ ਸੋਹਣੇ ਕਾਰਜ ਲਈ ਵਧਾਈ ਦਾ ਪਾਤਰ ਹੈ ਉੱਥੇ ਇਸ ਲੇਖਕ ਤੋਂ ਭਵਿੱਖ ਵਿੱਚ ਕੁਝ ਹੋਰ ਚੰਗੇਰਾ ਕਰਨ ਦੀ ਆਸ ਲਾਉਣੀ ਵੀ ਬੇਮਾਇਨਾ ਨਹੀਂ ਹੈ।
ਰਾਜ ਕੁਮਾਰ ਸਾਹੋਵਾਲੀਆ
8968240914
-
International1 month ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International1 month ago
ਆਸਟਰੇਲੀਆ ਵਿੱਚ ਸੀਪਲੇਨ ਹਾਦਸਾਗ੍ਰਸਤ ਹੋਣ ਕਾਰਨ 3 ਸੈਲਾਨੀਆਂ ਦੀ ਮੌਤ, 3 ਜ਼ਖ਼ਮੀ
-
Punjab2 months ago
ਗੰਨੇ ਦੀ ਟਰਾਲੀ ਨਾਲ ਟਕਰਾਈ ਸਵਾਰੀਆਂ ਨਾਲ ਭਰੀ ਬੱਸ, 7 ਵਿਅਕਤੀ ਜ਼ਖਮੀ
-
International1 month ago
ਕੈਲੀਫੋਰਨੀਆ ਵਿਚ ਅੱਗ ਨੇ ਮਚਾਈ ਤਬਾਹੀ, ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਸਿੱਖ ਸੰਸਥਾਵਾਂ
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
Mohali1 month ago
ਕਣਕ ਦਾ ਰੇਟ 2275 ਰੁਪਏ ਪ੍ਰਤੀ ਕੁਇੰਟਲ, ਆਟਾ ਵਿਕ ਰਿਹਾ 40 ਰੁਪਏ ਕਿਲੋ
-
Mohali1 month ago
ਦੁਖ ਦਾ ਪ੍ਰਗਟਾਵਾ
-
Punjab1 month ago
ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਨਗਰ ਕੌਂਸਲ ਪ੍ਰਧਾਨ ਦੀ ਗੱਡੀ ਤੇ ਚਲਾਈਆਂ ਗੋਲੀਆਂ