National
ਇਜ਼ਰਾਈਲ ਅਤੇ ਹਮਾਸ ਵੱਲੋਂ ਬੰਦੀਆਂ ਦਾ ਤਬਾਦਲਾ

ਗਾਜ਼ਾ ਪੱਟੀ, 27 ਫਰਵਰੀ (ਸ.ਬ.) ਗਾਜ਼ਾ ਪੱਟੀ ਵਿੱਚ ਜੰਗਬੰਦੀ ਦਾ ਪਹਿਲਾ ਪੜਾਅ ਖਤਮ ਹੋਣ ਤੋਂ ਕੁਝ ਦਿਨ ਪਹਿਲਾਂ, ਹਮਾਸ ਨੇ ਇਜ਼ਰਾਈਲ ਵੱਲੋਂ ਸੈਂਕੜੇ ਫਲਸਤੀਨੀ ਕੈਦੀਆਂ ਦੀ ਰਿਹਾਈ ਬਦਲੇ ਅੱਜ ਤੜਕੇ ਚਾਰ ਬੰਦੀਆਂ ਦੀਆਂ ਲਾਸ਼ਾਂ ਰੈਡ ਕਰਾਸ ਹਵਾਲੇ ਕਰ ਦਿੱਤੀਆਂ ਹਨ। ਇਜ਼ਰਾਇਲੀ ਸੁਰੱਖਿਆ ਅਧਿਕਾਰੀਆਂ ਨੇ ਬੰਦੀਆਂ ਦੀਆਂ ਮ੍ਰਿਤਕ ਦੇਹਾਂ ਰੈਡ ਕਰਾਸ ਨੂੰ ਸੌਂਪੇ ਜਾਣ ਦੀ ਪੁਸ਼ਟੀ ਕੀਤੀ ਹੈ। ਇਜ਼ਰਾਈਲ ਨੇ ਕਿਹਾ ਕਿ ਮ੍ਰਿਤਕ ਦੇਹਾਂ ਵਾਲੇ ਤਾਬੂਤ ਮਿਸਰੀ ਵਿਚੋਲਿਆਂ ਦੀ ਮਦਦ ਨਾਲ ਇਜ਼ਰਾਈਲੀ ਲਾਂਘੇ ਰਾਹੀਂ ਪਹੁੰਚਾਏ ਗਏ ਸਨ ਅਤੇ ਪਛਾਣ ਪ੍ਰਕਿਰਿਆ ਸ਼ੁਰੂ ਹੋ ਗਈ ਸੀ।
ਰੈਡ ਕਰਾਸ ਦਾ ਇੱਕ ਕਾਫ਼ਲਾ ਕਰੀਬ ਉਸੇ ਵੇਲੇ ਕਈ ਦਰਜਨ ਰਿਹਾਅ ਕੀਤੇ ਗਏ ਫਲਸਤੀਨੀ ਕੈਦੀਆਂ ਨੂੰ ਲੈ ਕੇ ਇਜ਼ਰਾਈਲ ਦੀ ਓਫਰ ਜੇਲ੍ਹ ਤੋਂ ਰਵਾਨਾ ਹੋਇਆ। ਵੈਸਟ ਬੈਂਕ ਦੇ ਸ਼ਹਿਰ ਬੇਟੂਨੀਆ ਵਿੱਚ ਖੁਸ਼ੀ ਮਨਾਉਂਦੇ ਪਰਿਵਾਰਾਂ, ਦੋਸਤਾਂ ਅਤੇ ਸਮਰਥਕਾਂ ਦੀ ਭੀੜ ਇਕੱਠੀ ਹੋ ਗਈ। ਉਨ੍ਹਾਂ ਰਿਹਾਅ ਕੈਦੀਆਂ ਨੂੰ ਵਧਾਈਆਂ ਦਿੱਤੀਆਂ, ਉਨ੍ਹਾਂ ਨੂੰ ਗਲਵੱਕੜੀ ਵਿਚ ਲਿਆ ਤੇ ਤਸਵੀਰਾਂ ਖਿਚਵਾਈਆਂ। ਹਮਾਇਤੀਆਂ ਦੇ ਮੋਡਿਆਂ ਤੇ ਚੜ੍ਹੇ ਰਿਹਾਅ ਕੀਤੇ ਵਿਅਕਤੀ ਨੇ ਜੇਤੂ ਨਿਸ਼ਾਨਾ ਬਣਾਇਆ। ਲੋਕਾਂ ਨੇ ਰੱਬ ਮਹਾਨ ਹੈ ਦੇ ਨਾਅਰੇ ਲਾਏ। ਇਨ੍ਹਾਂ ਵਿੱਚੋਂ ਬਹੁਤਿਆਂ ਨੂੰ 7 ਅਕਤੂਬਰ, 2023 ਦੇ ਹਮਲਿਆਂ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਇਨ੍ਹਾਂ ਤੇ ਕਦੇ ਵੀ ਦੋਸ਼ ਨਹੀਂ ਲਗਾਏ ਗਏ ਸਨ।
ਇਜ਼ਰਾਈਲ ਨੇ ਹਮਾਸ ਵੱਲੋਂ ਬੰਦੀਆਂ ਨਾਲ ਕੀਤੇ ਗਏ ਮਾੜੇ ਸਲੂਕ ਦੇ ਵਿਰੋਧ ਵਿੱਚ ਸ਼ਨਿੱਚਰਵਾਰ ਨੂੰ 600 ਤੋਂ ਵੱਧ ਫਲਸਤੀਨੀ ਕੈਦੀਆਂ ਦੀ ਰਿਹਾਈ ਰੋਕ ਦਿੱਤੀ ਸੀ। ਦਹਿਸ਼ਤੀ ਸਮੂਹ ਹਮਾਸ ਨੇ ਇਸ ਦੇਰੀ ਨੂੰ ਜੰਗਬੰਦੀ ਦੀ ਗੰਭੀਰ ਉਲੰਘਣਾ ਦੱਸਦਿਆਂ ਕਿਹਾ ਸੀ ਕਿ ਦੂਜੇ ਪੜਾਅ ਦੀ ਗੱਲਬਾਤ ਉਦੋਂ ਤੱਕ ਸੰਭਵ ਨਹੀਂ ਹੈ ਜਦੋਂ ਤੱਕ ਫਲਸਤੀਨੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ।
ਇਸ ਤੋਂ ਪਹਿਲਾਂ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਬੀਤੇ ਦਿਨ ਕਿਹਾ ਸੀ ਕਿ ਹਮਾਸ ਵੱਲੋਂ ਪਹਿਲਾਂ ਰਿਹਾਅ ਕੀਤੇ ਇਜ਼ਰਾਇਲੀ ਬੰਦੀਆਂ ਦੇ ਉਲਟ ਬੰਧਕਾਂ ਦੀਆਂ ਲਾਸ਼ਾਂ ਦੀ ਸਪੁਰਦਗੀ ਬਿਨਾਂ ਕਿਸੇ ਰਸਮ ਦੇ ਕੀਤੀ ਜਾਵੇਗੀ। ਇਸ ਦੌਰਾਨ ਨਾ ਕੋਈ ਹਜੂਮ ਹੋਵੇਗਾ ਤੇ ਨਾ ਕਿਸੇ ਤਰ੍ਹਾਂ ਦੀ ਸਟੇਜ ਲੱਗੇਗੀ। ਇਜ਼ਰਾਈਲ, ਰੈਡ ਕਰਾਸ ਅਤੇ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਬੰਦੀਆਂ ਦੀ ਰਿਹਾਈ ਮੌਕੇ ਸਟੇਜਾਂ ਲਾਉਣ ਨੂੰ ਅਪਮਾਨਜਨਕ ਕਿਹਾ ਸੀ।
ਇਜ਼ਰਾਈਲ ਵੱਲੋਂ ਅੱਜ ਸਵੇਰੇ ਰਿਹਾਅ ਕੀਤੇ ਗਏ ਫਲਸਤੀਨੀ ਕੈਦੀਆਂ ਵਿਚੋਂ ਬਹੁਤੇ ਉਹ ਲੋਕ ਸ਼ਾਮਲ ਹਨ, ਜਿਨ੍ਹਾਂ ਨੂੰ ਗਾਜ਼ਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਨੂੰ ਹਮਾਸ ਦੇ 7 ਅਕਤੂਬਰ, 2023 ਦੇ ਹਮਲੇ ਤੋਂ ਬਾਅਦ ਅਤਿਵਾਦ ਦੇ ਸ਼ੱਕ ਵਿੱਚ ਮਹੀਨਿਆਂ ਤੱਕ ਬਿਨਾਂ ਕਿਸੇ ਦੋਸ਼ ਦੇ ਰੱਖਿਆ ਗਿਆ ਸੀ। ਫਲਸਤੀਨੀ ਅਧਿਕਾਰੀਆਂ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਸੂਚੀਆਂ ਅਨੁਸਾਰ ਇਨ੍ਹਾਂ ਵਿੱਚ 445 ਪੁਰਸ਼, 21 ਗੱਭਰੂ ਅਤੇ ਇੱਕ ਮਹਿਲਾ ਸ਼ਾਮਲ ਹੈ। ਹਾਲਾਂਕਿ ਇਨ੍ਹਾਂ ਵਿਚੋਂ ਕਿਸੇ ਦੀ ਵੀ ਉਮਰ ਨਹੀਂ ਦੱਸੀ ਗਈ। ਜੰਗਬੰਦੀ ਦੇ ਪਹਿਲੇ ਪੜਾਅ ਤਹਿਤ ਹਮਾਸ ਨੇ ਕਰੀਬ 2,000 ਫਲਸਤੀਨੀ ਕੈਦੀਆਂ ਦੇ ਬਦਲੇ ਅੱਠ ਲਾਸ਼ਾਂ ਸਮੇਤ 33 ਬੰਦੀ ਰਿਹਾਅ ਕੀਤੇ ਹਨ।
National
ਮੁੰਡਨ ਸਮਾਗਮ ਤੋਂ ਪਰਤ ਰਹੇ ਵਿਅਕਤੀਆਂ ਦੇ ਆਟੋ ਦੀ ਟਰੱਕ ਨਾਲ ਟੱਕਰ, ਔਰਤ ਅਤੇ ਬੱਚੇ ਸਮੇਤ ਚਾਰ ਵਿਅਕਤੀਆਂ ਦੀ ਮੌਤ

ਭੋਜਪੁਰ, 27 ਫਰਵਰੀ (ਸ.ਬ.) ਭੋਜਪੁਰ ਵਿੱਚ ਮੁੰਡਨ ਸਮਾਰੋਹ ਤੋਂ ਵਾਪਸ ਆ ਰਹੇ ਯਾਤਰੀਆਂ ਨਾਲ ਭਰੇ ਆਟੋ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਘਟਨਾ ਵਿੱਚ ਆਟੋ ਵਿੱਚ ਸਵਾਰ ਚਾਰ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਆਟੋ ਤੇ ਸਵਾਰ ਔਰਤ ਅਤੇ ਲੜਕੀ ਸਮੇਤ 11 ਵਿਅਕਤੀ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਥਾਣਾ ਸ਼ਾਹਪੁਰ ਅਤੇ ਸਥਾਨਕ ਪਿੰਡ ਵਾਸੀਆਂ ਦੀ ਮਦਦ ਨਾਲ ਜ਼ਖਮੀਆਂ ਨੂੰ ਇਲਾਜ ਲਈ ਆਰਾ ਸਦਰ ਹਸਪਤਾਲ ਲਿਆਂਦਾ ਗਿਆ। ਘਟਨਾ ਤੋਂ ਬਾਅਦ ਡਰਾਈਵਰ ਟਰੱਕ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਇਹ ਘਟਨਾ ਆਰਾ-ਬਕਸਰ ਨੈਸ਼ਨਲ ਹਾਈਵੇ ਤੇ ਸ਼ਾਹਪੁਰ ਥਾਣਾ ਖੇਤਰ ਦੇ ਸ਼ਾਹਪੁਰ ਵਿੱਚ ਫੌਜੀ ਹੋਟਲ ਨੇੜੇ ਵਾਪਰੀ।
ਘਟਨਾ ਦੇ ਬਾਰੇ ਵਿੱਚ ਪੁਲੀਸ ਨੇ ਦੱਸਿਆ ਕਿ ਅੱਜ ਸਵੇਰੇ ਕੁਝ ਲੋਕ ਇਕ ਆਟੋ ਵਿੱਚ ਮੁੰਡਨ ਸਮਾਰੋਹ ਤੋਂ ਵਾਪਸ ਆ ਰਹੇ ਸਨ। ਫਿਰ ਇਕ ਬੇਕਾਬੂ ਟਰੱਕ ਨੇ ਆਟੋ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਔਰਤ ਅਤੇ ਇਕ ਬੱਚੇ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 11 ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ। ਫਿਲਹਾਲ ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
National
ਕਸ਼ਮੀਰ ਦੇ ਉੱਚੇ ਇਲਾਕਿਆਂ ਵਿੱਚ ਬਰਫਬਾਰੀ, ਮੈਦਾਨੀ ਇਲਾਕਿਆਂ ਵਿੱਚ ਬਾਰਿਸ਼

ਸ੍ਰੀਨਗਰ, 27 ਫਰਵਰੀ (ਸ.ਬ.) ਜੰਮੂ-ਕਸ਼ਮੀਰ ਦੇ ਉੱਚੇ ਇਲਾਕਿਆਂ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਮੀਂਹ ਨੇ ਅੱਜ ਲੰਬੇ ਸਮੇਂ ਤੋਂ ਚੱਲੇ ਆ ਰਹੇ ਸੋਕੇ ਨੂੰ ਖਤਮ ਕਰ ਦਿੱਤਾ। ਇਸ ਨਾਲ ਨਦੀਆਂ ਅਤੇ ਝਰਨਿਆਂ ਵਿਚ ਪਾਣੀ ਦੇ ਨਿਕਾਸ ਵਿੱਚ ਕਾਫੀ ਸੁਧਾਰ ਹੋਇਆ ਹੈ। ਘਾਟੀ ਵਿੱਚ ਰਹਿ ਰਹੇ ਹਜ਼ਾਰਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਦਿਆਂ ਲਗਭਗ ਸਾਰੀਆਂ ਨਦੀਆਂ, ਨਾਲੇ ਅਤੇ ਝਰਨੇ ਆਮ ਵਾਂਗ ਵਹਿਣ ਲੱਗ ਪਏ ਹਨ। ਅਨੰਤਨਾਗ ਜ਼ਿਲ੍ਹੇ ਵਿੱਚ ਸੁੱਕਿਆ ਇਤਿਹਾਸਕ ਅਚਬਲ ਝਰਨਾ ਹੁਣ ਕੁਦਰਤੀ ਤੌਰ ਤੇ ਵਹਿਣ ਲੱਗਾ ਹੈ ਜਿਸ ਨਾਲ ਸਥਾਨਕ ਲੋਕਾਂ ਦੇ ਚਿਹਰਿਆਂ ਤੇ ਰੌਣਕ ਆ ਗਈ।
ਜ਼ਿਕਰਯੋਗ ਹੈ ਕਿ ਲੋਕ ਪੀਣ ਯੋਗ ਪਾਣੀ ਅਤੇ ਖੇਤੀਬਾੜੀ/ ਬਾਗਬਾਨੀ ਲਈ ਇਸ ਝਰਨੇ ਤੇ ਨਿਰਭਰ ਕਰਦੇ ਹਨ। ਗੁਲਮਰਗ, ਸੋਨਮਰਗ, ਜ਼ੋਜਿਲਾ ਦੱਰਾ, ਗੁਰੇਜ਼, ਸਿੰਥਨ ਟਾਪ, ਪੀਰ ਕੀ ਗਲੀ, ਰਾਜ਼ਦਾਨ ਪਾਸ ਅਤੇ ਹੋਰ ਪਹਾੜੀ ਖੇਤਰਾਂ ਵਰਗੇ ਉੱਚੇ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਗੁਲਮਰਗ ਵਿਚ ਜ਼ਮੀਨ ਤੇ ਦੋ ਤੋਂ ਤਿੰਨ ਫੁੱਟ ਤਾਜ਼ਾ ਬਰਫ ਜਮ੍ਹਾ ਹੋ ਗਈ ਹੈ।
ਇਸ ਨੇ ਖੇਲੋ ਇੰਡੀਆ 2025 ਵਿੰਟਰ ਸਪੋਰਟਸ ਗੁਲਮਰਗ ਦੀਆਂ ਉਮੀਦਾਂ ਨੂੰ ਮੁੜ ਜਗਾਇਆ ਹੈ, ਜੋ ਹੁਣ ਕਿਸੇ ਵੀ ਸਮੇਂ ਸ਼ੁਰੂ ਹੋਣਗੀਆਂ। ਜ਼ਿਕਰਯੋਗ ਹੈ ਕਿ ਇਸ ਸਰਦੀਆਂ ਵਿੱਚ ਬਹੁਤ ਘੱਟ ਬਰਫਬਾਰੀ ਹੋਣ ਕਾਰਨ ਗੁਲਮਰਗ ਵਿੱਚ ਹੋਣ ਵਾਲੀਆਂ ਇਹ ਰਾਸ਼ਟਰੀ ਸਰਦੀਆਂ ਦੀਆਂ ਖੇਡਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਪਿਛਲੇ 24 ਘੰਟਿਆਂ ਦੌਰਾਨ ਮੀਂਹ ਅਤੇ ਬਰਫਬਾਰੀ ਨੇ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਹੈ। ਸ੍ਰੀਨਗਰ ਵਿੱਚ 5.1 ਡਿਗਰੀ ਸੈਲਸੀਅਸ, ਗੁਲਮਰਗ ਵਿੱਚ ਮਨਫ਼ੀ 1.8 ਡਿਗਰੀ ਅਤੇ ਪਹਿਲਗਾਮ ਵਿੱਚ ਘੱਟੋ-ਘੱਟ ਤਾਪਮਾਨ 1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੰਮੂ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 17.2 ਡਿਗਰੀ ਸੈਲਸੀਅਸ, ਕਟੜਾ ਸ਼ਹਿਰ 14.8 ਡਿਗਰੀ, ਬਟੋਤੇ 6.5, ਬਨਿਹਾਲ 6 ਅਤੇ ਭਦਰਵਾਹ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦਫਤਰ ਨੇ ਅਗਲੇ 24 ਘੰਟਿਆਂ ਦੌਰਾਨ ਇਥੇ ਹੋਰ ਮੀਂਹ/ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ।
National
ਦਿੱਲੀ ਵਿਧਾਨ ਸਭਾ ਸੈਸ਼ਨ ਵਿੱਚ ਜਾਣ ਤੋਂ ਰੋਕੇ ਗਏ ਆਪ ਵਿਧਾਇਕ, ਜੰਮ ਕੇ ਹੋਈ ਬਹਿਸਬਾਜ਼ੀ

ਨਵੀਂ ਦਿੱਲੀ, 27 ਫਰਵਰੀ (ਸ.ਬ.) ਦਿੱਲੀ ਵਿਧਾਨ ਸਭਾ ਸੈਸ਼ਨ ਦੇ ਤੀਜੇ ਦਿਨ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਦਿੱਲੀ ਵਿਧਾਨ ਸਭਾ ਕੰਪਲੈਕਸ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਗਿਆ। ਇਸ ਤੋਂ ਪਹਿਲਾਂ ਸੈਸ਼ਨ ਦੇ ਦੂਜੇ ਦਿਨ ਆਮ ਆਦਮੀ ਪਾਰਟੀ ਦੇ 21 ਵਿਧਾਇਕਾਂ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਸੀ।
ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਨੇ ਵਿਧਾਇਕਾਂ ਨੂੰ ਐਂਟਰੀ ਨਾ ਮਿਲਣ ਤੇ ਦਿੱਲੀ ਸਰਕਾਰ ਦਾ ਵਿਰੋਧ ਕੀਤਾ। ਆਤਿਸ਼ੀ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਤੇ ਪੋਸਟ ਕਰਦੇ ਹੋਏ ਕਿਹਾ ਕਿ ਭਾਜਪਾ ਵਾਲਿਆਂ ਨੇ ਸੱਤਾ ਵਿਚ ਆਉਂਦਿਆਂ ਹੀ ਤਾਨਾਸ਼ਾਹੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ।
ਵਿਧਾਨ ਸਭਾ ਵਿੱਚ ਐਂਟਰੀ ਨਾ ਮਿਲਣ ਦਾ ਕਾਰਨ ਦੱਸਦੇ ਹੋਏ ਆਤਿਸ਼ੀ ਨੇ ਭਾਜਪਾ ਸਰਕਾਰ ਤੇ ਦੋਸ਼ ਲਗਾਇਆ ਕਿ ਆਪ ਵਿਧਾਇਕਾਂ ਨੇ ਜੈ ਭੀਮ ਦੇ ਨਾਅਰੇ ਲਗਾਏ ਸਨ, ਇਸ ਲਈ ਉਨ੍ਹਾਂ ਨੂੰ ਸੈਸ਼ਨ ਤੋਂ ਮੁਅੱਤਲ ਕਰ ਦਿੱਤਾ ਗਿਆ। ਅਤੇ ਅੱਜ ਆਪ ਵਿਧਾਇਕਾਂ ਨੂੰ ਵਿਧਾਨ ਸਭਾ ਕੰਪਲੈਕਸ ਵਿੱਚ ਵੀ ਨਹੀਂ ਜਾਣ ਦਿੱਤਾ ਜਾ ਰਿਹਾ।
ਦਿੱਲੀ ਵਿਧਾਨ ਸਭਾ ਦੇ ਇਤਿਹਾਸ ਵਿੱਚ ਅਜਿਹਾ ਕਦੇ ਨਹੀਂ ਹੋਇਆ ਕਿ ਚੁਣੇ ਹੋਏ ਵਿਧਾਇਕਾਂ ਨੂੰ ਵਿਧਾਨ ਸਭਾ ਕੰਪਲੈਕਸ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਾ ਦਿੱਤੀ ਗਈ ਹੋਵੇ। ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਆਪ ਵਿਧਾਇਕ ਆਤਿਸ਼ੀ ਦੀ ਅੱਜ ਵਿਧਾਨ ਸਭਾ ਕੰਪਲੈਕਸ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ ਨਾਲ ਤਿੱਖੀ ਬਹਿਸ ਹੋਈ।
ਇਸ ਦੌਰਾਨ ਆਤਿਸ਼ੀ ਨੇ ਪੁਲੀਸ ਵਾਲਿਆਂ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਦਾਖ਼ਲ ਕਿਉਂ ਨਹੀਂ ਹੋਣ ਦਿੱਤਾ ਜਾ ਰਿਹਾ, ਜਿਸ ਤੇ ਪੁਲੀਸ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਸਪੀਕਰ ਵੱਲੋਂ ਆਪ ਵਿਧਾਇਕਾਂ ਨੂੰ ਅੰਦਰ ਨਾ ਜਾਣ ਦੇਣ ਦੇ ਹੁਕਮ ਦਿੱਤੇ ਗਏ ਸਨ। ਆਪ ਵਿਧਾਇਕ ਅਤੇ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਅਤੇ ਪਾਰਟੀ ਦੇ ਹੋਰ ਵਿਧਾਇਕਾਂ ਨੂੰ ਕਥਿਤ ਤੌਰ ਤੇ ਵਿਧਾਨ ਸਭਾ ਕੰਪਲੈਕਸ ਵਿੱਚ ਦਾਖ਼ਲ ਹੋਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਹੜਤਾਲ ਤੇ ਬੈਠ ਗਏ।
ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਮੰਗਲਵਾਰ ਨੂੰ ਉਪ ਰਾਜਪਾਲ ਵੀਕੇ ਸਕਸੈਨਾ ਦੇ ਨਵੇਂ ਬਣੇ ਸਦਨ ਦੇ ਉਦਘਾਟਨੀ ਭਾਸ਼ਣ ਵਿੱਚ ਵਿਘਨ ਪਾਉਣ ਲਈ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਸਮੇਤ ਆਪ ਦੇ 21 ਵਿਧਾਇਕਾਂ ਨੂੰ ਤਿੰਨ ਦਿਨਾਂ ਲਈ ਮੁਅੱਤਲ ਕਰ ਦਿੱਤਾ ਸੀ।
-
International2 months ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
Mohali2 months ago
ਕਣਕ ਦਾ ਰੇਟ 2275 ਰੁਪਏ ਪ੍ਰਤੀ ਕੁਇੰਟਲ, ਆਟਾ ਵਿਕ ਰਿਹਾ 40 ਰੁਪਏ ਕਿਲੋ
-
International2 months ago
ਕੈਲੀਫੋਰਨੀਆ ਵਿਚ ਅੱਗ ਨੇ ਮਚਾਈ ਤਬਾਹੀ, ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਸਿੱਖ ਸੰਸਥਾਵਾਂ
-
Mohali1 month ago
ਦੁਖ ਦਾ ਪ੍ਰਗਟਾਵਾ
-
Punjab2 months ago
ਦੋਸਤ ਵੱਲੋਂ ਦੋਸਤ ਦਾ ਕਤਲ
-
Mohali2 months ago
ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਦੀ ਠੱਗੀ ਮਾਰਨ ਵਾਲਾ ਗ੍ਰਿਫਤਾਰ, 2 ਦਿਨ ਦੇ ਰਿਮਾਂਡ ਤੇ
-
Mohali2 months ago
ਗਣਤੰਤਰਤ ਦਿਵਸ ਨੂੰ ਲੈ ਕੇ ਮੁਹਾਲੀ ਸ਼ਹਿਰ ਅਤੇ ਰੇਲਵੇ ਸਟੇਸ਼ਨ ਤੇ ਪੁਲੀਸ ਨੇ ਚਲਾਇਆ ਚੈਕਿੰਗ ਅਭਿਆਨ