Connect with us

Mohali

ਅਣ ਅਧਿਕਾਰਤ ਕਲੋਨੀਆਂ ਦੇ ਪਲਾਟ ਹੋਲਡਰਾਂ ਨੂੰ ਮਿਲੀ ਵੱਡੀ ਰਾਹਤ

Published

on

 

 

ਸਰਕਾਰ ਨੇ ਅਣ ਅਧਿਕਾਰਤ ਕਲੋਨੀਆਂ ਵਿਚ ਪਲਾਟਾਂ ਦੀ ਬਿਨਾ ਐਨਓਸੀ ਤੋਂ ਰਜਿਸਟਰੀ ਕਰਵਾਉਣ ਦਾ ਸਮਾਂ 31 ਅਗਸਤ ਤਕ ਵਧਾਇਆ

ਐਸ ਏ ਐਸ ਨਗਰ, 28 ਫਰਵਰੀ (ਸ.ਬ.) ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿਚ ਮਤਾ ਪਾਸ ਕਰਨ ਤੋਂ ਬਾਅਦ 31-7-2024 ਤੋਂ ਪਹਿਲਾਂ ਕੱਟੀਆਂ ਹੋਈਆਂ ਅਣ ਅਧਿਕਾਰਤ ਕਲੋਨੀਆਂ ਵਿਚ ਹੋਏ ਐਗਰੀਮੈਂਟ ਤਹਿਤ ਰਜਿਸਟਰੀਆਂ ਕਰਨ ਦੀ ਮਿਤੀ ਨੂੰ 31 ਅਗਸਤ ਤੱਕ ਵਧਾ ਦਿਤਾ ਹੈ। ਇਸ ਨਾਲ ਪੰਜਾਬ ਦੇ ਆਮ ਲੋਕਾਂ ਅਤੇ ਅਣ ਅਧਿਕਾਰਤ ਕਲੋਨੀਆਂ ਵਿਚ ਫਸੇ ਪਏ ਪਲਾਟ ਹੋਲਡਰਾਂ ਨੂੰ ਭਾਰੀ ਰਾਹਤ ਮਿਲੀ ਹੈ। ਪਹਿਲਾਂ ਇਸ ਸੰਬੰਧੀ 28 ਫਰਵਰੀ ਤਕ ਦੀ ਮਿਤੀ ਤੈਅ ਕੀਤੀ ਗਈ ਸੀ।

ਇਸ ਸੰਬੰਧੀ ਪੰਜਾਬ ਸਰਕਾਰ ਨੇ 25-11-2024 ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ 31 ਜੁਲਾਈ 2024 ਤੱਕ ਜੇਕਰ ਕਿਸੇ ਵੀ ਅਣ ਅਧਿਕਾਰਤ ਕਲੋਨੀ ਵਿਚ 500 ਗਜ ਤੱਕ ਦੇ ਪਲਾਟ ਦਾ ਜੇਕਰ ਐਗਰੀਮੈਂਟ ਹੋਇਆ ਹੋਵੇ ਤਾਂ ਇਸਦੀ ਰਜਿਸਟਰੀ ਬਿਨਾ ਐਨਓਸੀ ਤੋਂ ਹੋਵੇਗੀ ਤੇ ਇਸ ਲਈ ਸਰਕਾਰ ਨੇ ਤਾਰੀਖ 1 ਦਸੰਬਰ 2024 ਤੋਂ 28 ਫਰਵਰੀ 2025 ਤੱਕ ਤੈਅ ਕੀਤੀ ਸੀ। ਇਨ੍ਹਾਂ ਰਜਿਸਟਰੀਆਂ ਨੂੰ ਕਰਵਾਉਣ ਲਈ ਪੰਜਾਬ ਵਿੱਚ ਮਾਰੋ ਮਾਰੀ ਹੋਈ ਪਈ ਸੀ ਤੇ ਸਾਰੇ ਪੰਜਾਬ ਅੰਦਰ ਇਸਦੀ ਤਾਰੀਖ ਵਧਣ ਦੀ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਸੀ। ਇਸ ਸੰਬੰਧੀ ਸਰਕਾਰ ਵਲੋਂ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਤਹਿਤ ਹੁਣ ਅਣਅਧਿਕਾਰਤ ਕਲੋਨੀਆਂ ਵਿਚ ਪਏ ਪਲਾਟਾਂ ਦੀਆਂ ਰਜਿਸਟਰੀਆਂ 31-8-2025 ਤੱਕ ਰਜਿਸਟਰੀਆਂ ਹੋ ਸਕਣਗੀਆਂ।

ਲੋਕਾਂ ਨੂੰ ਮਿਲੀ ਵੱਡੀ ਰਾਹਤ : ਵਿਨੀਤ ਵਰਮਾ

ਇਸ ਸੰਬੰਧੀ ਪੰਜਾਬ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਅਤੇ ਮੁਹਾਲੀ ਦੇ ਸੀਨੀਅਰ ਆਪ ਆਗੂ ਸ੍ਰੀ ਵਿਨੀਤ ਵਰਮਾ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਹਨਾਂ ਕਿਹਾ ਕਿ ਇਸ ਸੰਬੰਧੀ ਉਹਨਾਂ ਵਲੋਂ ਸਰਕਾਰ ਤਕ ਪਹੁੰਚ ਕਰਕੇ ਰਜਿਸਟ੍ਰੀਆਂ ਦੇ ਸਲਾਟ ਵੀ ਵਧਵਾਏ ਸਨ ਅਤੇ ਇਹ ਮਿਤੀ ਅੱਗੇ ਵਧਾਉਣ ਦੀ ਮੰਗ ਕੀਤੀ ਸੀ ਜਿਸਨੂੰ ਮੰਨ ਕੇ ਮੁੱਖ ਮੰਤਰੀ ਨੇ ਇਹਨਾਂ ਕਾਲੋਨੀਆਂ ਵਿਚਲੇ ਪਲਾਟ ਮਾਲਕਾਂ ਨੂੰ ਵੱਡੀ ਰਾਹਤ ਦਿੱਤੀ ਹੈ।

ਦੇਰ ਆਏ ਦਰੁਸਤ ਆਏ : ਕੁਲਜੀਤ ਸਿੰਘ ਬੇਦੀ

ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ ਨੇ ਇਸ ਸੰਬੰਧੀ ਕਿਹਾ ਕਿ ਸਰਕਾਰ ਵਲੋਂ ਭਾਵੇਂ ਦੇਰ ਨਾਲ ਹੀ ਪਰ ਸਹੀ ਫੈਸਲਾ ਲਿਆ ਹੈ। ਉਹਨਾਂ ਕਿਹਾ ਕਿ ਉਹਨਾਂ ਵਲੋਂ ਇਸ ਸੰਬੰਧੀ ਸਰਕਾਰ ਨੂੰ ਪੱਤਰ ਭੇਜ ਕੇ ਆਮ ਲੋਕਾਂ ਦੀ ਪਰੇਸ਼ਾਨੀ ਤੋਂ ਜਾਣੂ ਕਰਵਾਉਂਦਿਆਂ ਇਹ ਤਰੀਕ ਵਧਾਉਣ ਦੀ ਮੰਗ ਕੀਤੀ ਗਈ ਸੀ ਅਤੇ ਉਹਨਾਂ ਨੂੰ ਖੁਸ਼ੀ ਹੈ ਕਿ ਸਰਕਾਰ ਨੇ ਭਾਵੇਂ ਦੇਰ ਨਾਲ ਹੀ ਪਰ ਚੰਗਾ ਫੈਸਲਾ ਲਿਆ ਹੈ।

 

Continue Reading

Mohali

ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ 30 ਨਵੰਬਰ ਨੂੰ

Published

on

By

ਐਸ ਏ ਐਸ ਨਗਰ, 26 ਨਵੰਬਰ (ਸ.ਬ.) ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਖੇ ਬੁੱਢਾ ਦਲ ਦੇ ਸਤਵੇਂ ਜੱਥੇਦਾਰ ਅਤੇ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ 30 ਨਵੰਬਰ ਨੂੰ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਬੁਲਾਰੇ ਦੱਸਿਆ ਕਿ ਇਹ ਵਿਸ਼ਾਲ ਨਗਰ ਕੀਰਤਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਚਰਨ ਛੋਹ ਪ੍ਰਾਪਤ ਧਰਤੀ ਤੋਂ ਸਵੇਰੇ 10 ਵਜੇ ਅਰੰਭ ਹੋ ਕੇ ਸ਼ਹਿਰ ਦੇ ਵੱਖ ਵੱਖ ਗੁਰਦੁਆਰਿਆਂ, ਸੈਕਟਰਾਂ, ਕੁੰਭੜਾ, ਮਟੌਰ, ਮੋਲੀ ਅਤੇ ਮੋਹਾਲੀ ਦੇ ਵੱਖ ਵੱਖ ਇਲਾਕਿਆਂ, ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸੰਪੂਰਨ ਹੋਵੇਗਾ।

Continue Reading

Mohali

ਕਜੌਲੀ ਵਾਟਰ ਵਰਕਸ ਤੋਂ ਖਰੜ ਨੂੰ ਜਲਦ ਮਿਲੇਗੀ ਪਾਣੀ ਦੀ ਸਪਲਾਈ : ਗੋਲਡੀ

Published

on

By

ਖਰੜ ਹਲਕੇ ਦੇ ਵਿਕਾਸ ਕਾਰਜਾਂ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਸਬੰਧੀ ਡਿਪਟੀ ਕਮਿਸ਼ਨਰ ਮੁਹਾਲੀ ਨਾਲ ਮੀਟਿੰਗ ਕੀਤੀ

ਐਸ ਏ ਐਸ ਨਗਰ, 26 ਨਵੰਬਰ (ਸ.ਬ.) ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ. ਪਰਮਿੰਦਰ ਸਿੰਘ ਗੋਲਡੀ ਵੱਲੋਂ ਖਰੜ ਹਲਕੇ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਹੋਰ ਬਿਹਤਰ ਬਣਾਉਣ ਅਤੇ ਇਲਾਕੇ ਦੇ ਚੱਲ ਰਹੇ ਤੇ ਪ੍ਰਸਤਾਵਿਤ ਵਿਕਾਸ ਕਾਰਜਾਂ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆ ਡਚਲਵਾਲ ਨਾਲ ਡੀ ਸੀ ਦਫ਼ਤਰ ਵਿਖੇ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕਜੌਲੀ ਵਾਟਰ ਵਰਕਸ ਤੋਂ ਖਰੜ ਸ਼ਹਿਰ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਸ਼ੁਰੂ ਕਰਨ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਦੱਸਿਆ ਗਿਆ ਕਿ ਕਜੌਲੀ ਵਾਟਰ ਵਰਕਸ ਤੋਂ ਖਰੜ ਸ਼ਹਿਰ ਨੂੰ ਬਹੁਤ ਜਲਦ ਪਾਣੀ ਦੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ।

ਮੀਟਿੰਗ ਵਿੱਚ ਖਰੜ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਚੱਲ ਰਹੇ ਅਤੇ ਪ੍ਰਸਤਾਵਿਤ ਵਿਕਾਸ ਕਾਰਜਾਂ, ਬੁਨਿਆਦੀ ਸਹੂਲਤਾਂ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲੋੜੀਂਦੇ ਕਦਮ ਚੁੱਕਣ ਸਬੰਧੀ ਵਿਚਾਰ ਸਾਂਝੇ ਕੀਤੇ ਗਏ।

ਸ. ਪਰਮਿੰਦਰ ਸਿੰਘ ਗੋਲਡੀ ਨੇ ਦੱਸਿਆ ਕਿਅ ਖਰੜ ਹਲਕੇ ਦਾ ਸਰਵਪੱਖੀ ਵਿਕਾਸ ਕਰਨਾ ਅਤੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਕਜੌਲੀ ਵਾਟਰ ਵਰਕਸ ਤੋਂ ਖਰੜ ਸ਼ਹਿਰ ਨੂੰ ਜਲਦ ਪਾਣੀ ਦੀ ਸਪਲਾਈ ਸ਼ੁਰੂ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਵਿੱਚ ਹੋਰ ਸੁਧਾਰ ਮਿਲੇਗਾ।

ਮੀਟਿੰਗ ਵਿੱਚ ਐਸ.ਡੀ.ਐਮ. ਖਰੜ ਸ. ਗੁਰਮੀਤ ਸਿੰਘ, ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ (ਈ.ਓ.) ਸ. ਅਸ਼ੋਕ ਪਥਰੀਆ ਸਮੇਤ ਹੋਰ ਸਬੰਧਤ ਅਧਿਕਾਰੀ ਵੀ ਮੌਜੂਦ ਸਨ।

Continue Reading

Mohali

ਰੋਪੜ ਨੇੜੇ ਬੇਕਾਬੂ ਓਵਰਲੋਡ ਟਿੱਪਰ ਨੇ 5 ਵਾਹਨਾਂ ਨੂੰ ਮਾਰੀ ਟੱਕਰ, 3 ਵਿਅਕਤੀਆਂ ਦੀ ਮੌਤ

Published

on

By

ਰੋਪੜ, 26 ਨਵੰਬਰ (ਸ.ਬ.) ਰੋਪੜ ਨੇੜੇ ਪੈਂਦੇ ਭਰਤਗੜ੍ਹ ਨੇੜੇ ਸਰਸਾ ਨੰਗਲ ਦੀ ਉਤਰਾਈ ਤੇ ਅੱਜ ਦੁਪਹਿਰ ਕਰੀਬ 2 ਵਜੇ ਰੇਤ ਨਾਲ ਭਰਿਆ ਇੱਕ ਓਵਰਲੋਡ ਟਿੱਪਰ ਅਚਾਨਕ ਬੇਕਾਬੂ ਹੋ ਗਿਆ ਅਤੇ ਅੱਗੇ ਜਾ ਰਹੀਆਂ 5 ਗੱਡੀਆਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਟੱਕਰ ਤੋਂ ਤੁਰੰਤ ਬਾਅਦ ਬੇਕਾਬੂ ਟਿੱਪਰ ਦਿੱਲੀ ਨੰਬਰ ਦੀ ਇੱਕ ਸਵਿਫ਼ਟ ਕਾਰ ਦੇ ਉੱਪਰ ਜਾ ਪਲਟਿਆ, ਜਿਸ ਕਾਰਨ ਕਾਰ ਪੂਰੀ ਤਰ੍ਹਾਂ ਟਿੱਪਰ ਦੇ ਹੇਠਾਂ ਦੱਬ ਗਈ।

ਇਸ ਭਿਆਨਕ ਹਾਦਸੇ ਵਿੱਚ 3 ਵਿਅਕਤੀਆਂ ਦੀ ਮੌਤ ਹੋ ਗਈ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋ ਤੋਂ ਤਿੰਨ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਦਰਦਨਾਕ ਹਾਦਸੇ ਤੋਂ ਤੁਰੰਤ ਬਾਅਦ ਹਾਈਵੇਅ ਤੇ ਹਫ਼ੜਾ-ਦਫ਼ੜੀ ਵਾਲਾ ਮਾਹੌਲ ਬਣ ਗਿਆ। ਸਥਾਨਕ ਲੋਕ ਤੁਰੰਤ ਮੌਕੇ ਤੇ ਪਹੁੰਚੇ ਅਤੇ ਰਾਹਤ ਤੇ ਬਚਾਅ ਕਾਰਜਾਂ ਵਿੱਚ ਜੁੱਟ ਗਏ।

ਟਿੱਪਰ ਦੇ ਹੇਠਾਂ ਬੁਰੀ ਤਰ੍ਹਾਂ ਦੱਬੀ ਹੋਈ ਸਵਿਫ਼ਟ ਕਾਰ ਨੂੰ ਬਾਹਰ ਕੱਢਣ ਲਈ ਮੌਕੇ ਤੇ ਜੇ. ਸੀ. ਬੀ. ਮਸ਼ੀਨ ਬੁਲਾਈ ਗਈ। ਇਸ ਹਾਦਸੇ ਕਾਰਨ ਕੌਮੀ ਮਾਰਗ ਤੇ ਆਵਾਜਾਈ ਵੀ ਕਾਫ਼ੀ ਸਮੇਂ ਤੱਕ ਪ੍ਰਭਾਵਿਤ ਰਹੀ, ਜਿਸ ਨੂੰ ਪੁਲੀਸ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਕੇ ਸੁਚਾਰੂ ਕਰਵਾਇਆ ਗਿਆ।

Continue Reading

Latest News

Trending