Editorial
ਨਾਗਰਿਕਾਂ ਦਾ ਆਪਣੇ ਅਧਿਕਾਰਾਂ ਦੇ ਨਾਲ ਨਾਲ ਫਰਜ਼ ਪ੍ਰਤੀ ਵੀ ਸੁਚੇਤ ਹੋਣਾ ਜਰੂਰੀ
ਸਾਡੇ ਦੇਸ਼ ਨੂੰ ਦੁਨੀਆ ਦੇ ਸਭਤੋਂ ਵੱਡੇ ਲੋਕਤੰਤਰ ਦਾ ਦਰਜਾ ਹਾਸਿਲ ਹੈ ਅਤੇ ਦੇਸ਼ ਦੇ ਕਾਨੂੰਨ ਅਨੁਸਾਰ ਹਰੇਕ ਨਾਗਰਿਕ ਨੂੰ ਕਈ ਤਰ੍ਹਾਂ ਦੇ ਅਧਿਕਾਰ ਮਿਲੇ ਹੋਏ ਹਨ। ਇਸਦੇ ਨਾਲ ਨਾਲ ਸਾਡੇ ਸੰਵਿਧਾਨ ਵਿੱਚ ਹਰ ਵਿਅਕਤੀ ਦੇ ਦੇਸ਼ ਅਤੇ ਸਮਾਜ ਪ੍ਰਤੀ ਫਰਜ਼ਾਂ ਦੀ ਵੀ ਵਿਆਖਿਆ ਕੀਤੀ ਗਈ ਹੈ। ਇਸ ਸੰਬੰਧੀ ਜੇਕਰ ਦੇਸ਼ ਦੇ ਨਾਗਰਿਕਾਂ ਦੀ ਗੱਲ ਕਰੀਏ ਤਾਂ ਉਹ ਆਪਣੇ ਅਧਿਕਾਰਾਂ ਪ੍ਰਤੀ ਤਾਂ ਪੂਰੀ ਤਰ੍ਹਾ ਸੁਚੇਤ ਦਿਖਦੇ ਹਨ ਅਤੇ ਉਹਨਾਂ ਨੂੰ ਹਾਸਿਲ ਕਰਨ ਲਈ ਹਰ ਵੇਲੇ ਸੰਘਰਸ਼ ਕਰਨ ਲਈ ਵੀ ਤਿਆਰ ਰਹਿੰਦੇ ਹਨ ਪਰੰਤੂ ਜਦੋਂ ਗੱਲ ਉਹਨਾਂ ਦੇ ਫਰਜ਼ ਦੀ ਆਉਂਦੀ ਹੈ ਤਾਂ ਉਹ ਇਸਤੋਂ ਤੁਰੰਤ ਇਨਕਾਰੀ ਹੋ ਜਾਂਦੇ ਹਨ।
ਦੇਸ਼ ਦੇ ਬਹੁਗਿਣਤੀ ਨਾਗਰਿਕਾਂ ਬਾਰੇ ਇਹੀ ਕਿਹਾ ਜਾ ਸਕਦਾ ਹੈ ਕਿ ਉਹ ਆਪਣੇ ਫਰਜ਼ਾਂ ਪ੍ਰਤੀ ਪੂਰੀ ਤਰ੍ਹਾਂ ਅਵੇਸਲੇ ਹੋ ਕੇ ਦੇਸ਼, ਕਾਨੂੰਨ ਅਤੇ ਸਮਾਜ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਦੀ ਥਾਂ ਉਸਤੋਂ ਟਾਲਾ ਵੱਟਣ ਦਾ ਯਤਨ ਕਰਦੇ ਦਿਖਦੇ ਹਨ। ਦੇਸ਼ ਦੇ ਨਾਗਰਿਕਾਂ ਦੀ ਹਾਲਤ ਇਹ ਹੈ ਕਿ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਲਈ ਹਰ ਵਿਅਕਤੀ ਜੂਝਦਾ ਦਿਖਦਾ ਹੈ, ਪਰੰਤੂ ਆਪਣੇ ਫਰਜ਼ਾਂ ਨੂੰ ਪੂਰਾ ਕਰਨ ਵੱਲ ਲੋਕਾਂ ਵਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ ਜਦੋਂਕਿ ਅਧਿਕਾਰ ਅਤੇ ਫਰਜ਼ ਇੱਕੋ ਸਿੱਕੇ ਦੇ ਦੋ ਪਾਸੇ ਵਰਗੇ ਹਨ ਜਿਹੜੇ ਆਪਸ ਵਿੱਚ ਪੂਰੀ ਤਰ੍ਹਾਂ ਇਕੱਮਿੱਕ ਹੁੰਦੇ ਹਨ। ਇਸਨੂੰ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਇਕ ਵਿਅਕਤੀ ਦਾ ਅਧਿਕਾਰ ਦੂਜੇ ਵਿਅਕਤੀ ਦਾ ਫਰਜ਼ ਬਣ ਜਾਂਦਾ ਹੈ।
ਸਾਡੇ ਦੇਸ਼ ਦੇ ਵਸਨੀਕਾਂ ਦੀ ਮਾਨਸਿਕਤਾ ਹੀ ਅਜਿਹੀ ਹੋ ਗਈ ਹੈ ਕਿ ਉਹ ਸਰਕਾਰ ਤੋਂ ਆਪਣੇ ਵਾਸਤੇ ਰਾਹਤ ਦੀ ਆਸ ਤਾਂ ਕਰਦੇ ਹਨ ਅਤੇ ਇਹ ਵੀ ਚਾਹੁੰਦੇ ਹਨ ਕਿ ਉਹਨਾਂ ਨੂੰ ਸਰਕਾਰ ਤੋਂ ਵੱਧ ਤੋਂ ਵੱਧ ਸਹੂਲਤਾਂ (ਉਹ ਵੀ ਮੁਫਤ ਵਿੱਚ) ਮਿਲਣ ਪਰੰਤੂ ਜਦੋਂ ਆਪਣੀ ਜਿੰਮੇਵਾਰੀ ਨਿਭਾਉਣ ਦੀ ਗੱਲ ਆਉਂਦੀ ਹੈ ਤਾਂਪਾਸਾ ਵੱਟ ਲੈਂਦੇ ਹਨ। ਅਜਿਹਾ ਆਮ ਵੇਖਣ ਵਿੱਚ ਆਉਂਦਾ ਹੈ ਕਿ ਲੋਕ ਸਰਕਾਰ ਦੇ ਮਾਲੀਏ ਵਿੱਚ ਯੋਗਦਾਨ ਦੇਣ ਲਈ ਬਣਦਾ ਟੈਕਸ ਦੇਣ ਦੀ ਥਾਂ ਕਿਸੇ ਨਾ ਕਿਸੇ ਤਰੀਕੇ ਟੈਕਸ ਬਚਾਉਣ ਦਾ ਯਤਨ ਕਰਦੇ ਹਨ ਅਤੇ ਇਸ ਵਾਸਤੇ ਹਰ ਤਰ੍ਹਾਂ ਦਾ ਜਾਇਜ਼ ਨਾਜਾਇਜ਼ ਤਰੀਕਾ ਵੀ ਅਖਤਿਆਰ ਕਰਦੇ ਹਨ। ਅਸਲੀਅਤ ਇਹੀ ਹੈ ਕਿ ਲੋਕਾਂ ਵਲੋਂ ਸਰਕਾਰ ਨੂੰ ਬਣਦਾ ਟੈਕਸ ਅਦਾ ਕਰਨ ਥਾਂ ਟੈਕਸ ਚੋਰੀ ਕਰਨ ਨੂੰ ਤਰਜੀਹ ਦਿਤੀ ਜਾਂਦੀ ਹੈ। ਸਰਕਾਰੀ ਮੁਲਾਜਮਾਂ ਦਾ ਹਾਲ ਵੀ ਅਜਿਹਾ ਹੀ ਹੈ ਜਿਹੜੇ ਸਰਕਾਰ ਤੋਂ ਤਨਖਾਹਾਂ ਵਿਚ ਵਾਧਾ ਅਤੇ ਡੀ ਏ ਦੀਆਂ ਕਿਸ਼ਤਾਂ ਤਾਂ ਮੰਗਦੇ ਹਨ ਪਰ ਜਿਆਦਾਤਰ ਮੁਲਾਜਮ ਆਪਣੀ ਡਿਊਟੀ ਕਰਨ ਅਤੇ ਠੀਕ ਢੰਗ ਨਾਲ ਜਿੰਮੇਵਾਰੀ ਨਿਭਾਉਣ ਦੀ ਥਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਕੰਮਾਂ ਨੂੰ ਟਾਲਦੇ ਰਹਿੰਦੇ ਹਨ।
ਦੇਸ਼ ਦੇ ਨਾਗਰਿਕਾਂ ਦਾ ਆਪਣੇ ਅਧਿਕਾਰਾਂ ਲਈ ਜਾਗਰੂਕ ਹੋਣਾ ਚੰਗੀ ਗੱਲ ਹੈ ਅਤੇ ਸਾਡੇ ਦੇਸ਼ ਸਮਾਜ ਵਿਚ ਰਹਿੰਦੇ ਹਰ ਵਰਗ ਦੇ ਲੋਕ ਆਪਣੇ ਅਧਿਕਾਰਾਂ ਪ੍ਰਤੀ ਪੂਰੀ ਤਰਾਂ ਸੁਚੇਤ ਵੀ ਹਨ। ਦੇਸ਼ ਦੇ ਵਂੱਖ ਵੱਖ ਵਰਗਾਂ ਦੇ ਲੋਕਾਂ ਵਲੋਂ ਸਮੇਂ ਸਮੇਂ ਤੇ ਆਪਣੇ ਅਧਿਕਾਰਾਂ ਦੀ ਰਾਖੀ ਲਈ ਕੀਤੇ ਜਾਣ ਵਾਲੇ ਸੰਘਰਸ਼ ਇਸਦੀ ਗਵਾਹੀ ਵੀ ਭਰਦੇ ਹਨ ਅਤੇ ਜੇਕਰ ਸਰਕਾਰ ਜਾਂ ਕਿਸੇ ਹਰ ਸੰਸਥਾ ਵਲੋਂ ਕਿਸੇ ਵਿਅਕਤੀ ਜਾਂ ਸਮੂਹ ਦੇ ਕਿਸੇ ਅਧਿਕਾਰ ਦੀ ਉਲੰਘਣਾ ਕੀਤੀ ਜਾਂਦੀ ਹੈ, ਤਾਂ ਉਸਦਾ ਵੱਡੇ ਪੱਧਰ ਉਪਰ ਵਿਰੋਧ ਵੀ ਕੀਤਾ ਜਾਂਦਾ ਹੈ। ਪਰੰਤੂ ਜੇਕਰ ਅਸੀਂ ਆਪਣੇ ਫਰਜਾਂ ਨੂੰ ਵਿਸਾਰ ਦੇਈਏ ਤਾਂ ਸਾਨੂੰ ਸਾਡੇ ਅਧਿਕਾਰ ਵੀ ਹਾਸਿਲ ਨਹੀਂ ਹੋ ਸਕਦੇ।
ਅਜਿਹਾ ਆਮ ਵੇਖਣ ਵਿੱਚ ਆਉਂਦਾ ਹੈ ਕਿ ਆਮ ਲੋਕ ਸੰਵਿਧਾਨ ਅਨੁਸਾਰ ਨਾਗਰਿਕਾਂ ਲਈ ਦੱਸੇ ਗਏ ਫਰਜ਼ਾਂ ਪ੍ਰਤੀ ਅਕਸਰ ਉਦਾਸੀਨ ਰਹਿੰਦੇ ਹਨ ਅਤੇ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਕਿ ਉਹਨਾਂ ਦੀਆਂ ਕਾਰਵਾਈਆਂ ਹੋਰਨਾਂ ਲੋਕਾਂ ਵਾਸਤੇ ਪਰੇਸ਼ਾਨੀ ਦਾ ਕਾਰਨ ਬਣ ਸਕਦੀਆਂ ਹਨ। ਲੋਕਾਂ ਵਲੋਂ ਆਪਣੇ ਨਿੱਜੀ ਫਾਇਦੇ ਲਈ ਕਾਨੂੰਨ ਦੀ ਉਲੰਘਣਾ ਕਰਕੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਣਾ, ਆਪਣੀ ਆਜ਼ਾਦੀ ਦੇ ਨਾਮ ਤੇ ਹੋਰਨਾਂ ਲੋਕਾਂ ਲਈ ਪਰੇਸ਼ਾਨੀ ਖੜ੍ਹੀ ਕਰਨਾ, ਹਰ ਪਾਸੇ ਗੰਦਗੀ ਫੈਲਾਉਣਾ, ਭ੍ਰਿਸ਼ਟ ਤਰੀਕਿਆਂ ਦੀ ਵਰਤੋਂ ਕਰਕੇ ਆਪਣਾ ਕੰਮ ਕਢਾਉਣਾ, ਬਿਜਲੀ ਪਾਣੀ ਦੀ ਬਰਬਾਦੀ ਕਰਨਾ ਅਤੇ ਸਰਕਾਰੀ ਜਾਇਦਾਦ ਨੂੰ ਬਿਨਾ ਵਜ੍ਹਾ ਨੁਕਸਾਨ ਪਹੁੰਚਾਉਣਾ ਇਸਦੀ ਮਿਸਾਲ ਹੈ।
ਸਾਡੇ ਦੇਸ਼ ਅਤੇ ਸਮਾਜ ਦੇ ਵਿਕਾਸ ਲਈ ਇਹ ਜਰੂਰੀ ਹੈ ਕਿ ਜਿੱਥੇ ਅਸੀਂ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਈਏ ਉੱਥੇ ਆਪਣੇ ਫਰਜ ਨਿਭਾਉਣ ਪ੍ਰਤੀ ਵੀ ਪੂਰੀ ਜਿੰਮੇਵਾਰੀ ਨਿਭਾਈਏ। ਸਾਨੂੰ ਸਾਡੇ ਅਧਿਕਾਰ ਵੀ ਤਾਂ ਹੀ ਹਾਸਿਲ ਹੋ ਸਕਦੇ ਹਨ ਜੇਕਰ ਅਸੀ ਆਪਣੇ ਫਰਜ ਪੂਰੇ ਕਰਨ ਤੋਂ ਟਾਲਾ ਵੱਟਣ ਦੀ ਥਾਂ ਉਹਨਾਂ ਨੂੰ ਪੂਰੀ ਜਿੰਮੇਵਾਰੀ ਨਾਲ ਨਿਭਾ ਕੇ ਦੇਸ਼ ਅਤੇ ਸਮਾਜ ਦੇ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਦੇਈਏ ਤਾਂ ਜੋ ਸਾਡਾ ਦੇਸ਼ ਅਤੇ ਸਮਾਜ ਬਿਹਤਰ ਤਰੀਕੇ ਨਾਲ ਤਰੱਕੀ ਕਰ ਸਕੇ।
Editorial
ਦੇਸ਼ ਦੇ ਆਰਥਿਕ ਵਿਕਾਸ ਦੇ ਨਾਲ ਨਾਲ ਚੌਗਿਰਦੇ ਦੀ ਸੰਭਾਲ ਵੀ ਜਰੂਰੀ

ਇੱਕ ਪਾਸੇ ਪੰਜਾਬ ਸਰਕਾਰ ਵਲੋਂ ਸੂਬ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਦੂਜੇ ਪਾਸੇ ਵੱਡੀ ਗਿਣਤੀ ਲੋਕ ਅਰਧ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਕਰ ਰਹੇ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਲੋਕ ਉਦਯੋਗ ਵਪਾਰ ਆਦਿ ਚਲਾ ਕੇ ਹੋਰਨਾਂ ਨੂੰ ਵੀ ਰੁਜਗਾਰ ਦੇ ਰਹੇ ਹਨ ਅਤੇ ਇਹਨਾਂ ਸਾਰਿਆਂ ਵਲੋਂ ਦੇਸ਼ ਅਤੇ ਸਮਾਜ ਦੇ ਆਰਥਿਕ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਪਰੰਤੂ ਇਹ ਵੀ ਹਕੀਕਤ ਹੈ ਕਿ ਆਰਥਿਕ ਵਿਕਾਸ ਦੀ ਇਸ ਦੌੜ ਵਿੱਚ ਵਾਤਾਵਰਣ ਦੀ ਸੰਭਾਲ ਕਰਨ ਦੀ ਗੱਲ ਪਿੱਛੇ ਰਹਿ ਜਾਂਦੀ ਹੈ ਅਤੇ ਦੇਸ਼ ਦੇ ਆਰਥਿਕ ਵਿਕਾਸ ਦੇ ਨਾਮ ਤੇ ਵਾਤਾਵਰਣ ਵਿੱਚ ਬਹੁਤ ਜਿਆਦਾ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ।
ਅਜਿਹੇ ਲੋਕ ਜਿਹੜੇ ਵੱਖ ਵੱਖ ਉਦਯੋਗ, ਫੈਕਟਰੀਆਂ ਜਾਂ ਇੱਟਾਂ ਦੇ ਭੱਠੇ ਆਦਿ ਚਲਾਉਂਦੇ ਹਨ, ਉਹ ਹੋਰਨਾਂ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ ਪਰ ਇਹ ਉਦਯੋਗ ਅਤੇ ਭੱਠੇ ਵਾਤਾਵਰਨ ਵਿੱਚ ਵੀ ਪ੍ਰਦੂਸ਼ਨ ਫੈਲਾਉਂਦੇ ਹਨ। ਉਦਯੋਗਾਂ ਤੇ ਭੱਠਿਆਂ ਦੀਆਂ ਚਿਮਨੀਆਂ ਵਿਚੋਂ ਨਿਕਲਦਾ ਜਹਿਰੀਲਾ ਧੂੰਆਂ ਹਵਾ ਵਿੱਚ ਪ੍ਰਦੂਸ਼ਨ ਫੈਲਾਉਂਦਾ ਹੈ। ਕਈ ਉਦਯੋਗ ਅਜਿਹੇ ਹਨ ਜਿਹਨਾਂ ਵਲੋਂ ਜਹਿਰੀਲੇ ਅਤੇ ਕੈਮੀਕਲ ਵਾਲੇ ਪਾਣੀ ਨੂੰ ਸੋਧੇ ਬਿਨਾ ਨਦੀਆਂ ਨਾਲਿਆਂ ਵਿੱਚ ਸੁੱਟ ਦਿੱਤਾ ਜਾਂਦਾ ਹੈ। ਕਈ ਵਾਰ ਤਾਂ ਇਹਨਾਂ ਉਦਯੋਗਾਂ ਦੇ ਪ੍ਰਬੰਧਕ ਫੈਕਟਰੀਆਂ ਤੋਂ ਨਿਕਲਣ ਵਾਲਾ ਗੰਦਾ ਤੇ ਕੈਮੀਕਲ ਵਾਲਾ ਜਹਿਰਲਾ ਪਾਣੀ ਸਿੱਧਾ ਧਰਤੀ ਹੇਠਾਂ ਭੇਜ ਦਿੰਦੇ ਹਨ, ਜਿਸ ਕਾਰਨ ਧਰਤੀ ਹੇਠਲਾ ਪਾਣੀ ਵੀ ਦੂੁਸ਼ਿਤ ਹੋ ਜਾਂਦਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਦਯੋਗ ਅਤੇ ਫੈਕਟਰੀਆਂ ਸਾਡੇ ਆਰਥਿਕ ਵਿਕਾਸ ਦਾ ਧੁਰਾ ਹਨ ਪਰੰਤੂ ਇਹ ਵਾਤਾਵਰਨ ਨੂੰ ਬਰਬਾਦ ਕਰਨ ਦੇ ਵੀ ਦੋਸ਼ੀ ਹਨ। ਮਨੁੱਖ ਦੀ ਹੋਂਦ ਪੌਦਿਆਂ ਅਤੇ ਜਾਨਵਰਾਂ ਦੀ ਹੋਂਦ ਤੇ ਹੀ ਨਿਰਭਰ ਕਰਦੀ ਹੈ। ਅਸੀਂ ਆਪਣੇ ਆਲੇ-ਦੁਆਲੇ ਦੇ ਪੇੜਾਂ, ਪਾਣੀ, ਹਵਾ ਅਤੇ ਵੱਖ-ਵੱਖ ਕੁਦਰਤੀ ਕਾਰਕਾਂ ਨੂੰ ਵਾਤਾਵਰਨ ਵਜੋਂ ਜਾਣਦੇ ਹਾਂ। ਵਾਤਾਵਰਨ ਦਾ ਸਿੱਧਾ ਸਬੰਧ ਕੁਦਰਤ ਨਾਲ ਹੈ। ਸਾਡੇ ਵਾਤਾਵਰਨ ਵਿੱਚ ਸਾਨੂੰ ਵੱਖ-ਵੱਖ ਤਰ੍ਹਾਂ ਦੇ ਜਾਨਵਰ, ਰੁੱਖ, ਪੌਦੇ ਅਤੇ ਹੋਰ ਜੀਵਿਤ ਅਤੇ ਨਿਰਜੀਵ ਚੀਜ਼ਾਂ ਮਿਲਦੀਆਂ ਹਨ ਅਤੇ ਇਹ ਸਭ ਮਿਲ ਕੇ ਹੀ ਵਾਤਾਵਰਨ ਬਣਾਉਂਦੇ ਹਨ।
ਅੱਜ ਦੇ ਮਸ਼ੀਨੀ ਯੁੱਗ ਵਿੱਚ ਅਸੀਂ ਅਜਿਹੀ ਸਥਿਤੀ ਵਿੱਚੋਂ ਲੰਘ ਰਹੇ ਹਾਂ ਜਿੱਥੇ ਮਨੁੱਖਾਂ ਦੀਆਂ ਗਤੀਵਿਧੀਆਂ ਕਾਰਨ ਵਾਤਾਵਰਨ ਬਰਬਾਦ ਹੋਣ ਵੱਲ ਵੱਧ ਰਿਹਾ ਹੈ। ਇਸ ਲਈ ਵਾਤਾਵਰਨ ਨਾਲ ਸਬੰਧਿਤ ਗਿਆਨ ਨੂੰ ਸਰਲ ਬਣਾ ਕੇ ਆਮ ਜਨਤਾ ਨੂੰ ਜਾਗਰੂਕ ਕਰਨ ਦੀ ਲੋੜ ਹੈ ਤਾਂ ਜੋ ਆਮ ਲੋਕ ਇਸ ਸਮੱਸਿਆ ਨੂੰ ਆਸਾਨੀ ਨਾਲ ਸਮਝ ਸਕਣ। ਮੌਜੂਦਾ ਸਥਿਤੀ ਵਿੱਚ ਸਮਾਜ ਨੂੰ ਆਪਣੇ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ ਜਾਣਾ ਜ਼ਰੂਰੀ ਹੈ ਅਤੇ ਸਮਾਜ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਕੇ ਹੀ ਵਾਤਾਵਰਨ ਦੇ ਪ੍ਰਦੂਸ਼ਨ ਦੀ ਲਗਾਤਾਰ ਵੱਧਦੀ ਸਮੱਸਿਆ ਨੂੰ ਹਲ ਕੀਤਾ ਜਾ ਸਕਦਾ ਹੈ।
ਮਨੁੱਖ ਦੀ ਹੋਂਦ ਲਈ ਦੋਸਤਾਨਾ ਅਤੇ ਸੰਤੁਲਿਤ ਵਾਤਾਵਰਨ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਜੇਕਰ ਅਸੀਂ ਹੁਣ ਤੋਂ ਹੀ ਵਾਤਾਵਰਨ ਦੀ ਸੰਭਾਲ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲਾ ਮਨੁੱਖੀ ਜੀਵਨ ਖਤਮ ਹੋ ਜਾਵੇਗਾ।
ਇਸ ਵਾਸਤੇ ਜਰੂਰੀ ਹੈ ਕਿ ਸਾਨੂੰ ਆਰਥਿਕ ਵਿਕਾਸ ਨੂੰ ਜਾਰੀ ਰੱਖਣ ਦੇ ਨਾਲ ਨਾਲ ਵਾਤਾਵਰਣ ਨੂੰ ਵੀ ਬਚਾਉਣਾ ਹੋਵੇਗਾ ਤਾਂ ਹੀ ਅਸੀਂ ਮਨੁੱਖੀ ਜੀਵਨ ਨੂੰ ਸੁੱਖੀ ਅਤੇ ਸੁਰੱਖਿਅਤ ਬਣਾ ਸਕਦੇ ਹਾਂ। ਆਮ ਵੇਖਣ ਵਿੱਚ ਆਉਂਦਾ ਹੈ ਕਿ ਰੇਹੜੀਆਂ ਫੜੀਆਂ ਵਾਲੇ ਮੂੰਗਫਲੀ, ਸ਼ਕਰਕੰਦੀ ਅਤੇ ਖਾਣ ਪੀਣ ਦਾ ਹੋਰ ਸਮਾਨ ਵੇਚਣ ਦੌਰਾਨ ਲਗਾਤਾਰ ਅੱਗ ਬਾਲ ਕੇ ਰੱਖਦੇ ਹਨ, ਜਿਸ ਕਾਰਨ ਇਹ ਖਾਣ ਪੀਣ ਵਾਲਾ ਸਮਾਨ ਤਾਂ ਗਰਮ ਰਹਿੰਦਾ ਹੈ ਪਰ ਇਸ ਨਾਲ ਲਗਾਤਾਰ ਧੂੰਆਂ ਪੈਦਾ ਹੁੰਦਾ ਰਹਿੰਦਾ ਹੈ, ਜੋ ਵਾਤਾਵਰਨ ਨੂੰ ਦੂਸ਼ਿਤ ਕਰਦਾ ਹੈ। ਇਸ ਤੋਂ ਇਲਾਵਾ ਸ਼ਹਿਰਾਂ ਵਿੱਚ ਅਕਸਰ ਸੁੱਕੇ ਪੱਤਿਆਂ ਅਤੇ ਟਾਹਣੀਆਂ ਨੂੰ ਅੱਗ ਲਗਾ ਦਿਤੀ ਜਾਂਦੀ ਹੈ, ਜਿਸ ਕਾਰਨ ਵੀ ਕਾਫੀ ਧੂੰਆਂ ਪੈਦਾ ਹੁੰਦਾ ਹੈ। ਕਿਸਾਨ ਜਦੋਂ ਖੇਤਾਂ ਵਿੱਚ ਪਰਾਲੀ ਜਾਂ ਨਾੜ ਨੂੰ ਅੱਗ ਲਾਉਂਦੇ ਹਨ, ਉਦੋਂ ਵੀ ਵਾਤਾਵਰਨ ਦੂਸ਼ਿਤ ਹੁੰਦਾ ਹੈ। ਇਸਦੇ ਇਲਾਵਾ ਵੱਡੀ ਗਿਣਤੀ ਲੋਕ ਬਿਨਾ ਕੰਮ ਤੋਂ ਹੀ ਵਾਹਨਾਂ ਵਿੱਚ ਘੁੰਮਦੇ ਰਹਿੰਦੇ ਹਨ ਅਤੇ ਵਾਹਨਾਂ ਦਾ ਧੂੰਆਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦਾ ਰਹਿੰਦਾ ਹੈ।
ਇਹ ਵੀ ਕਿਹਾ ਜਾ ਸਕਦਾ ਹੈ ਕਿ ਵੱਡੀ ਗਿਣਤੀ ਲੋਕ ਕਿਸੇ ਨਾ ਕਿਸੇ ਰੂਪ ਵਿੱਚ ਵਾਤਾਵਰਨ ਵਿੱਚ ਵਿਗਾੜ ਪੈਦਾ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਜਿਆਦਾਤਰ ਲੋਕਾਂ ਦਾ ਧਿਆਨ ਸਿਰਫ ਆਰਥਿਕ ਵਿਕਾਸ ਵੱਲ ਹੀ ਹੈ ਅਤੇ ਉਹ ਵਾਤਾਵਰਨ ਦੀ ਸਾਂਭ ਸੰਭਾਲ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ। ਅਜਿਹੇ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਕਿ ਜੇਕਰ ਉਹ ਵਾਤਾਵਰਨ ਵਿੱਚ ਸੁਧਾਰ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਵਾਤਾਵਰਨ ਵਿੱਚ ਵਿਗਾੜ ਤਾਂ ਪੈਦਾ ਨਾ ਕਰਨ।
ਚਾਹੀਦਾ ਤਾਂ ਇਹ ਹੈ ਕਿ ਲੋਕਾਂ ਦੀ ਸੋਚ ਵਿੱਚ ਤਬਦੀਲੀ ਲਿਆਂਦੀ ਜਾਵੇ ਅਤੇ ਉਹਨਾਂ ਨੂੰ ਆਰਥਿਕ ਵਿਕਾਸ ਕਰਨ ਦੇ ਨਾਲ ਹੀ ਵਾਤਾਵਰਨ ਦੀ ਸੰਭਾਲ ਕਰਨ ਦੀ ਵੀ ਸਿੱਖਿਆ ਦਿਤੀ ਜਾਵੇ ਤਾਂ ਕਿ ਵਾਤਾਵਰਨ ਦੂਸ਼ਿਤ ਨਾ ਹੋ ਸਕੇ।
ਬਿਊਰੋ
Editorial
ਆਵਾਜਾਈ ਦੀ ਲਗਾਤਾਰ ਗੰਭੀਰ ਹੁੰਦੀ ਸਮੱਸਿਆ ਦਾ ਹਲ ਕਰੇ ਪ੍ਰਸ਼ਾਸਨ
ਪਿਛਲੇ ਸਾਲਾਂ ਦੌਰਾਨ ਸਾਡੇ ਸ਼ਹਿਰ ਵਿਚਲੀ ਆਵਾਜਾਈ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਰਹੀ ਹੈ ਜਿਸ ਕਾਰਨ ਵਾਹਨ ਚਾਲਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਹੋਣਾ ਪੈਂਦਾ ਹੈ। ਆਵਾਜਾਈ ਵਿਵਸਥਾ ਦੀ ਇਸ ਬਦਹਾਲੀ ਦਾ ਇੱਕ ਕਾਰਨ ਇਹ ਵੀ ਹੈ ਕਿ ਸ਼ਹਿਰ ਦੀਆਂ ਸੜਕਾਂ ਦੀ ਸਮਰਥਾ ਦੇ ਮੁਕਾਬਲੇ ਸੜਕਾਂ ਤੇ ਚੱਲਣ ਵਾਲੇ ਵਾਹਨਾਂ ਦੀ ਗਿਣਤੀ ਬਹੁਤ ਜਿਆਦਾ ਵੱਧ ਗਈ ਹੈ ਅਤੇ ਸੜਕਾਂ ਤੇ ਲਗਾਤਾਰ ਵੱਧਦੀ ਵਾਹਨਾਂ ਦੀ ਇਸ ਭੀੜ ਕਾਰਨ ਆਵਾਜਾਈ ਦੀ ਇਹ ਸਮੱਸਿਆ ਗੰਭੀਰ ਹੋ ਗਈ ਹੈ। ਇਹ ਗੱਲ ਆਮ ਆਖੀ ਜਾਂਦੀ ਹੈ ਕਿ ਅੱਜ ਕੱਲ ਨਵਾਂ ਵਾਹਨ ਲੈਣਾ ਤਾਂ ਆਸਾਨ ਹੋ ਗਿਆ ਹੈ, ਪਰ ਸੜਕ ਤੇ ਭਾਰੀ ਆਵਾਜਾਈ ਹੋਣ ਕਾਰਨ ਵਾਹਨ ਚਲਾਉਣਾ ਕਾਫੀ ਔਖਾ ਹੋ ਗਿਆ ਹੈ।
ਸ਼ਹਿਰ ਵਿਚਲੀ ਆਵਾਜਾਈ ਵਿਵਸਥਾ ਵਿੱਚ ਸਭ ਤੋਂ ਵੱਡੀ ਸਮੱਸਿਆ ਸਵਾਰੀ ਸਿਸਟਮ ਦੇ ਆਧਾਰ ਤੇ ਚਲਦੇ ਆਟੋ ਰਿਕਸ਼ਿਆਂ ਕਾਰਨ ਆਉਂਦੀ ਹੈ ਜਿਹੜੇ ਟ੍ਰੈਫਿਕ ਨਿਯਮਾਂ ਦੀ ਖੁੱਲੀ ਉਲੰਘਣਾ ਕਰਦੇ ਹਨ। ਇਹਨਾਂ ਆਟੋ ਚਾਲਕਾਂ ਵਲੋਂ ਸ਼ਹਿਰ ਵਿੱਚ ਕਈ ਥਾਵਾਂ ਤੇ ਮੁੱਖ ਸੜਕਾਂ ਦੇ ਕਿਨਾਰੇ ਆਪਣੇ ਪੱਕੇ ਅੱਡੇ ਬਣਾਏ ਹੋਏ ਹਨ, ਜਿਥੇ ਸਾਰਾ ਦਿਨ ਕਾਫੀ ਗਿਣਤੀ ਵਿੱਚ ਆਟੋ ਖੜੇ ਰਹਿੰਦੇ ਹਨ ਅਤੇ ਸੜਕ ਕਿੜਾਰੇ ਖੜ੍ਹੇ ਹੋਣ ਵਾਲੇ ਇਹਨਾਂ ਆਟੋ ਰਿਕਸ਼ਿਆਂ ਕਾਰਨ ਸੜਕ ਦਾ ਕਿਨਾਰੇ ਦਾ ਕਾਫੀ ਹਿੱਸਾ ਘਿਰ ਜਾਂਦਾ ਹੈੈ। ਸੜਕ ਦੇ ਚਲਣ ਦੌਰਾਨ ਇਹ ਆਟੋ ਚਾਲਕ ਇਕ ਦੂਜੇ ਤੋਂ ਅੱਗੇ ਨਿਕਲਣ ਅਤੇ ਸਵਾਰੀਆਂ ਚੁਕਣ ਲਈ ਤੇਜ ਰਫਤਾਰ ਨਾਲ ਆਟੋ ਚਲਾਉਂਦੇ ਹਨ ਜਿਸ ਕਾਰਨ ਬਾਕੀ ਵਾਹਨਾਂ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ। ਸੜਕ ਕਿਨਾਰੇ ਖੜ੍ਹੀ ਕਿਸੇ ਸਵਾਰੀ ਨੂੰ ਵੇਖ ਕੇ ਚਲਦੇ ਚਲਦੇ ਕੋਈ ਆਟੋ ਚਾਲਕ ਕਦੋਂ ਆਪਣੇ ਵਾਹਨ ਨੂੰ ਅਚਾਨਕ ਬ੍ਰੇਕ ਲਗਾ ਦੇਵੇਗਾ, ਕੁੱਝ ਕਿਹਾ ਨਹੀਂ ਜਾ ਸਕਦਾ ਅਤੇ ਇਸ ਕਾਰਨ ਕਈ ਵਾਰ ਸੜਕ ਹਾਦਸੇ ਵੀ ਵਾਪਰਦੇ ਹਨ। ਇਸ ਕਾਰਨ ਕਈ ਵਾਰ ਵਾਹਨ ਚਾਲਕਾਂ ਵਿਚਕਾਰ ਲੜਾਈ ਝਗੜੇ ਦੀ ਨੌਬਤ ਵੀ ਬਣ ਜਾਂਦੀ ਹੈ ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ।
ਪਿਛਲੇ ਸਾਲਾਂ ਦੌਰਾਨ ਸ਼ਹਿਰ ਦੀਆਂ ਸੜਕਾਂ ਤੇ ਹੋਣ ਵਾਲੀ ਭਾਰੀ ਭੀੜ ਦਾ ਇੱਕ ਕਾਰਨ ਇਹ ਵੀ ਹੈ ਕਿ ਸ਼ਹਿਰ ਵਿੱਚ ਰੋਜਾਨਾ ਵੱਡੀ ਗਿਣਤੀ ਲੋਕ ਆਪਣੇ ਕੰਮ ਕਾਰ ਲਈ ਨੇੜਲੇ ਖੇਤਰਾਂ ਤੋਂ ਆਉਂਦੇ ਹਨ। ਇਸਦਾ ਕਾਰਨ ਇਹ ਹੈ ਕਿ ਸਾਡੇ ਸ਼ਹਿਰ ਨੂੰ ਨਾ ਸਿਰਫ ਜਿਲ੍ਹਾ ਹੈਡਕੁਆਟਰ ਦਾ ਦਰਜਾ ਹਾਸਿਲ ਹੈ ਬਲਕਿ ਪੰਜਾਬ ਸਰਕਾਰ ਦੇ ਜਿਆਦਾਤਰ ਮੁੱਖ ਦਫਤਰ ਚੰਡੀਗੜ੍ਹ ਤੋਂ ਬਦਲ ਕੇ ਮੁਹਾਲੀ ਆ ਗਏ ਹਨ ਅਤੇ ਇਹਨਾਂ ਦਫਤਰਾਂ ਵਿੱਚ ਕੰਮ ਕਰਦੇ ਮੁਲਾਜਮ ਅਤੇ ਇਹਨਾਂ ਦਫਤਰਾਂ ਵਿੱਚ ਕੰਮਾਂ ਕਾਰਾਂ ਲਈ ਆਉਣ ਵਾਲੇ ਲੋਕ ਵੀ ਆਪਣੇ ਵਾਹਨਾਂ ਰਾਂਹੀ ਸ਼ਹਿਰ ਵਿੱਚ ਆਉਂਦੇ ਜਾਂਦੇ ਹਨ। ਇਸ ਤੋਂ ਇਲਾਵਾ ਪੂਰੇ ਜਿਲੇ ਦੇ ਗੇੜੀਆਂ ਮਾਰਨ ਦੇ ਸ਼ੌਕੀਨ ਨੌਜਵਾਨ ਸਾਰਾ ਦਿਨ ਸਾਡੇ ਸ਼ਹਿਰ ਵਿੱਚ ਇਧਰੋਂ ਉਧਰ ਵਾਹਨਾਂ ਵਿੱਚ ਘੁੰਮਦੇ ਰਹਿੰਦੇ ਹਨ। ਚੰਡੀਗੜ੍ਹ ਵਿੱਚ ਪੁਲੀਸ ਦੀ ਸਖਤੀ ਕਾਰਨ ਨੌਜਵਾਨਾ ਦੇ ਇਹ ਟੋਲੇ ਸਾਡੇ ਸ਼ਹਿਰ ਨੂੰ ਵੱਧ ਸੁਰਖਿਅਤ ਟਿਕਾਣਾ ਸਮਝਦੇ ਹਨ ਅਤੇ ਆਪਣੇ ਸਾਰਾ ਦਿਨ ਸੜਕਾਂ ਤੇ ਕਰਤਬ ਦਿਖਾਉਂਦੇ (ਖੜਦੂੰਗ ਪਾਉਂਦੇ) ਦਿਖਦੇ ਹਨ।
ਇਸ ਦੌਰਾਨ ਵਾਹਨ ਚਾਲਕਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਕੇ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਕਾਹਲ ਵੀ ਆਮ ਦਿਖਦੀ ਹੈ ਜਿਸ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਅਕਸਰ ਜਾਮ ਦੀ ਹਾਲਤ ਬਣ ਜਾਂਦੀ ਹੈ। ਲੋਕਾਂ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਵਾਹਨ ਖੜ੍ਹੇ ਕਰਨ ਦੀ ਕਾਰਵਾਈ ਕਾਰਨ ਵੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਸੜਕਾਂ ਦੇ ਕਿਨਾਰੇ ਤੇ ਵਾਹਨਾਂ ਦੀ ਕਤਾਰ ਲੱਗ ਜਾਣ ਕਾਰਨ ਪਹਿਲਾਂ ਹੀ ਤੰਗ ਸੜਕਾਂ ਹੋਰ ਵੀ ਤੰਗ ਹੋ ਜਾਂਦੀਆਂ ਹਨ। ਸ਼ਹਿਰ ਵਿੱਚ ਕਈ ਥਾਵਾਂ ਤੇ ਸੜਕਾਂ ਕਿਨਾਰੇ ਫਲ ਫਰੂਟ ਅਤੇ ਹੋਰ ਸਮਾਨ ਵੇਚਣ ਵਾਲੀਆਂ ਰੇਹੜ੍ਹੀਆਂ ਵੀ ਖੜੀਆਂ ਹੁੰਦੀਆਂ ਹਨ, ਜਿਹਨਾਂ ਕਾਰਨ ਸੜਕ ਦਾ ਕਾਫੀ ਹਿੱਸਾ ਰੁਕ ਜਾਂਦਾ ਹੈ। ਇਹਨਾਂ ਰੇਹੜੀਆਂ ਫੜੀਆਂ ਤੋਂ ਸਮਾਨ ਖਰੀਦਣ ਵਾਲੇ ਲੋਕਾਂ ਦੇ ਵਾਹਨ ਵੀ ਸੜਕ ਉਪਰ ਹੀ ਖੜ੍ਹਾਂ ਦਿੱਤੇ ਜਾਂਦੇ ਹਨ, ਜਿਸ ਕਾਰਨ ਆਵਾਜਾਈ ਦੀ ਸਮੱਸਿਆ ਖੜੀ ਹੋ ਜਾਂਦੀ ਹੈ।
ਹਾਲਾਂਕਿ ਆਵਾਜਾਈ ਵਿਵਸਥਾ ਨੂੰ ਕਾਬੂ ਕਰਨ ਲਈ ਇੱਥੇ ਟ੍ਰੈਫਿਕ ਪੁਲੀਸ ਵੀ ਤੈਨਾਤ ਹੈ ਪਰੰਤੂ ਸ਼ਹਿਰ ਵਿੱਚ ਤੈਨਾਤ ਟੈ੍ਰਫਿਕ ਪੁਲੀਸ ਦਾ ਧਿਆਨ ਵੀ ਆਵਾਜਾਈ ਨੂੰ ਸੁਚਾਰੂਰੂਪ ਨਾਲ ਚਲਦਾ ਰੱਖਣ ਦੀ ਥਾਂ ਵਾਹਨ ਚਾਲਕਾਂ ਦੇ ਚਾਲਾਨ ਕਰਨ ਵੱਲ ਵਧੇਰੇ ਰਹਿੰਦਾ ਹੈ। ਇਸ ਸੰਬੰਧੀ ਸਥਾਨਕ ਪ੍ਰਸ਼ਾਸਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਸ ਵਲੋਂ ਆਵਾਜਾਈ ਦੀ ਸਮੱਸਿਆ ਦੇ ਹਲ ਲਈ ਠੋਸ ਉਪਰਾਲੇ ਕੀਤੇ ਜਾਣ ਅਤੇ ਸ਼ਹਿਰ ਵਿੱਚ ਤੇਜ ਰਫਤਾਰ ਨਾਲ ਚਲਦੇ ਵਾਹਨਾਂ ਅਤੇ ਲੋਕਾਂ ਵਲੋਂ ਸੜਕਾਂ ਕਿਨਾਰੇ ਵਾਹਨ ਖੜ੍ਹਾਉਣ ਦੀ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਆਵਾਜਾਈ ਦੀ ਸਮੱਸਿਆ ਕਾਰਨ ਪੇਸ਼ ਆ ਰਹੀਆਂ ਮੁਸ਼ਕਲਾਂ ਹਲ ਹੋਣ।
Editorial
ਕੀ ਹੁਣ ਰੁਕ ਸਕੇਗਾ ਰੂਸ ਤੇ ਯੂਕ੍ਰੇਨ ਵਿਚਾਲੇ ਯੁੱਧ?

ਅੱਜ ਕੱਲ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਅਤੇ ਯੂਕ੍ਰੇਨ ਦੇ ਰਾਸ਼ਟਰਪਤੀ ਜੇਲੈਂਸਕੀ ਵਿਚਾਲੇ ਤਿੱਖੀ ਤੇ ਜਬਰਦਸਤ ਬਹਿਸ ਹੋਣ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਇਹ ਬਹਿਸ ਹੋਈ ਵੀ ਉਸ ਵਾਈਟ ਹਾਊਸ ਵਿੱਚ, ਜਿਸ ਨੂੰ ਸ਼ਾਂਤੀਵਾਰਤਾ ਦਾ ਗਵਾਹ ਸਮਝਿਆ ਜਾਂਦਾ ਹੈ। ਇਸ ਬਹਿਸ ਦੌਰਾਨ ਟਰੰਪ ਨੇ ਜੇਲੈਂਸਕੀ ਨੂੰ ਦਬਕਾ ਮਾਰਨ ਦਾ ਯਤਨ ਕੀਤਾ ਪਰ ਦੂਜੇ ਪਾਸੇ ਜੇਲੈਂਸਕੀ ਨੇ ਪਲਟਵਾਰ ਕਰਦਿਆਂ ਅਮਰੀਕੀ ਧੌਂਸ ਨੂੰ ਮੰਨਣ ਤੋਂ ਸਪਸ਼ਟ ਇਨਕਾਰ ਕਰ ਦਿਤਾ। ਇਸ ਬਹਿਸ ਨੂੰ ਟੀ ਵੀ ਚੈਨਲਾਂ ਰਾਹੀਂ ਦੁਨੀਆਂ ਭਰ ਦੇ ਲੋਕਾਂ ਨੇ ਲਾਈਵ ਦੇਖਿਆ ਅਤੇ ਵਿਦਵਾਨ ਲੇਖਕ ਇਸ ਬਹਿਸ ਬਾਰੇ ਆਪੋ ਆਪਣੇ ਵਿਚਾਰ ਪੇਸ਼ ਕਰ ਰਹੇ ਹਨ।
ਟਰੰਪ ਨੇ ਯੂਕ੍ਰੇਨ ਨੂੰ ਸਪਸ਼ਟ ਕਹਿ ਦਿਤਾ ਹੈ ਕਿ ਉਹ ਯੁੱਧ ਬੰਦ ਕਰੇ ਅਤੇ ਟਰੰਪ ਨੇ ਅਮਰੀਕੀ ਸਹਾਇਤਾ (ਜੋ ਯੂਕ੍ਰੇਨ ਨੂੰ ਬਾਈਡੇਨ ਪ੍ਰਸ਼ਾਸਨ ਵੇਲੇ ਤੋਂ ਦਿਤੀ ਜਾ ਰਹੀ ਸੀ) ਵੀ ਬੰਦ ਕਰਨ ਦੀ ਧਮਕੀ ਦਿਤੀ। ਭਾਵੇਂ ਕਿ ਜੇਲੈਂਸਕੀ ਨੇ ਟਰੰਪ ਨੂੰ ਦ੍ਰਿੜਤਾ ਨਾਲ ਜਵਾਬ ਦਿਤਾ ਹੈ ਪਰ ਯੂਕ੍ਰੇਨ ਦੀ ਹਾਲਤ ਅਜਿਹੀ ਨਹੀਂ ਹੈ ਕਿ ਉਹ ਅਮਰੀਕਾ ਨੂੰ ਨਾਰਾਜ ਕਰ ਸਕੇ। ਇਸੇ ਕਾਰਨ ਜੇਲੈਂਸਕੀ ਨੇ ਹੁਣ ਕਿਹਾ ਹੈ ਕਿ ਜਦੋਂ ਵੀ ਅਮਰੀਕਾ ਵੱਲੋਂ ਸੱਦਾ ਆਵੇਗਾ ਉਹ ਮੁੜ ਅਮਰੀਕਾ ਜਾਣ ਲਈ ਤਿਆਰ ਹਨ।
ਯੂਕ੍ਰੇਨ ਨੂੰ ਰੂਸ ਨਾਲ ਜੰਗ ਲੜਦੇ ਨੂੰ ਤਿੰਨ ਸਾਲ ਹੋ ਗਏ ਹਨ ਅਤੇ ਇਹ ਜੰਗ ਚੌਥੇ ਸਾਲ ਵਿੱਚ ਦਾਖਲ ਹੋ ਗਈ ਹੈ ਪਰ ਇਸ ਜੰਗ ਦਾ ਕੋਈ ਨਤੀਜਾ ਨਹੀਂ ਨਿਕਲਿਆ। ਦੋਵੇਂ ਧਿਰਾਂ ਆਪੋ ਆਪਣੇ ਸਟੈਂਡ ਤੇ ਅੜੀਆਂ ਹੋਈਆਂ ਹਨ। ਰੂਸ ਜਿਥੇ ਪਰਮਾਣੂ ਸ਼ਕਤੀ ਹੈ, ਉਥੇ ਯੂਕ੍ਰੇਨ ਨੂੰ ਅਮਰੀਕਾ ਅਤੇ ਯੂਰੋਪ ਦੀ ਹਮਾਇਤ ਹਾਸਲ ਹੈ। ਅਮਰੀਕਾ ਅਤੇ ਯੂਰੋਪ ਵੱਲੋਂ ਦਿਤੇ ਜਾਂਦੇ ਹਥਿਆਰਾਂ ਨਾਲ ਹੀ ਯੂਕ੍ਰੇਨ ਰੂਸ ਦਾ ਮੁਕਾਬਲਾ ਕਰਦਾ ਆਇਆ ਹੈ। ਪਰੰਤੂ ਜੇ ਹੁਣ ਅਮਰੀਕਾ ਨੇ ਯੂਕ੍ਰੇਨ ਨੂੰ ਹਥਿਆਰ ਦੇਣੇ ਹੀ ਬੰਦ ਕਰ ਦਿਤੇ ਤਾਂ ਸਭ ਨੂੰ ਪਤਾ ਹੈ ਕਿ ਯੂਕ੍ਰੇਨ ਦਾ ਕੀ ਬਣੇਗਾ?
ਅਸਲ ਵਿੱਚ ਅਮਰੀਕਾ ਯੂਕ੍ਰੇਨ ਨੂੰ ਦੂਜਾ ਇਰਾਕ ਬਣਾਉਣਾ ਚਾਹੁੰਦਾ ਹੈ ਅਤੇ ਯੂਕ੍ਰੇਨ ਦੇ ਖਣਿਜ ਭੰਡਾਰਾਂ ਤੇ ਆਪਣਾ ਕਬਜਾ ਚਾਹੁੰਦਾ ਹੈ। ਦੂਜੇ ਪਾਸੇ ਰੂਸ ਚਾਹੁੰਦਾ ਹੈ ਕਿ ਅਮਰੀਕਾ ਉਸਦੇ ਗੁਆਂਢ ਵਿੱਚ ਆ ਕੇ ਨਾ ਵਸ ਜਾਵੇ। ਇਸ ਲਈ ਹੀ ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਜਾਰੀ ਹੈ।
ਇਸ ਜੰਗ ਦੌਰਾਨ ਦੋਵਾਂ ਦੇਸ਼ਾਂ ਦਾ ਬਹੁਤ ਨੁਕਸਾਨ ਹੋਇਆ ਹੈ। ਰੂਸ ਨੇ ਯੂਕ੍ਰੇਨ ਦੇ ਕਾਫੀ ਇਲਾਕੇ ਤੇ ਕਬਜਾ ਵੀ ਕਰ ਲਿਆ ਹੈ ਪਰ ਯੂਕ੍ਰੇਨ ਅਜੇ ਵੀ ਹਾਰ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਉਸ ਨੂੰ ਅਮਰੀਕਾ ਅਤੇ ਯੂਰੋਪੀ ਦੇਸ਼ਾਂ ਦੇ ਉਪਰ ਭਰੋਸਾ ਹੈ ਕਿ ਉਹ ਉਸ ਦੀ ਪਿੱਠ ਨਹੀਂ ਲੱਗਣ ਦੇਣਗੇ ਪਰ ਹੁਣ ਤਾਂ ਕਹਾਣੀ ਵਿੱਚ ਦਿਲਚਸਪ ਮੋੜ ਆ ਗਿਆ ਲੱਗਦਾ ਹੈ, ਕਿਉਂਕਿ ਟਰੰਪ ਵੱਲੋਂ ਯੂਕ੍ਰੇਨ ਦੀ ਥਾਂ ਇੱਕ ਤਰਾਂ ਰੂੁਸ ਪੱਖੀ ਗੱਲ ਕੀਤੀ ਜਾ ਰਹੀ ਹੈ।
ਹਵਾ ਦਾ ਬਦਲਿਆ ਇਹ ਰੁਖ ਪੂਰੀ ਦੁਨੀਆਂ ਸਮਝਦੀ ਹੈ। ਅਸਲ ਵਿੱਚ ਟਰੰਪ ਨੇ ਆਪਣੇ ਇਰਾਦੇ ਉਦੋਂ ਹੀ ਸਪਸ਼ਟ ਕਰ ਦਿਤੇ ਸਨ, ਜਦੋਂ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਉਸ ਨੇ ਚੀਨ ਦੇ ਰਾਸ਼ਟਰਪਤੀ ਨੂੰ ਸੱਦਾ ਦੇ ਦਿਤਾ ਸੀ। ਇਸ ਤਰ੍ਹਾਂ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਵਿੱਚ ਅੰਤਰਰਾਸ਼ਟਰੀ ਸੰਬੰਧਾਂ ਦੀ ਥਾਂ ਵਪਾਰ ਨੂੰ ਮੁੱਖ ਰੱਖਿਆ ਹੈ ਜਿਸ ਵਿੱਚ ਉਹ ਸਫਲ ਵੀ ਹੋ ਰਿਹਾ ਹੈ।
ਇਹ ਤਾਂ ਸਭ ਨੂੰ ਪਤਾ ਹੈ ਕਿ ਰੂਸ ਅਤੇ ਯੁਕ੍ਰੇਨ ਦੋਵੇਂ ਹੀ ਕੁਦਰਤੀ ਸੁੰਦਰਤਾ ਨਾਲ ਭਰਪੂਰ ਦੇਸ਼ ਹਨ ਪਰ ਹੁਣ ਜੰਗ ਨੇ ਇਹਨਾਂ ਦੋਵਾਂ ਦੇਸ਼ਾਂ ਦੀ ਸੁੰਦਰਤਾ ਨੂੰ ਗ੍ਰਹਿਣ ਲਗਾ ਦਿਤਾ ਹੈ, ਜਿਥੇ ਪਹਿਲਾਂ ਹਰ ਪਾਸੇ ਹਰਿਆਲੀ ਦਿਖਾਈ ਦਿੰਦੀ ਸੀ, ਉਥੇ ਹੁਣ ਉਜਾੜ ਦਿਖਾਈ ਦੇ ਰਿਹਾ ਹੈ। ਦੋਵਾਂ ਦੇਸ਼ਾਂ ਦੀ ਹਵਾ ਵਿੱਚ ਬਾਰੂਦ ਦੀ ਬਦਬੋ ਆ ਰਹੀ ਹੈ ਅਤੇ ਦੋਵਾਂ ਦੇਸ਼ਾਂ ਦੀਆਂ ਬਹੁਮੰਜ਼ਿਲੀ ਇਮਾਰਤਾਂ ਇਸ ਜੰਗ ਦੌਰਾਨ ਖੰਡਰ ਬਣ ਗਈਆਂ ਹਨ। ਤਿੰਨ ਸਾਲ ਦਾ ਲੰਬਾ ਸਮਾਂ ਹੋਣ ਦੇ ਬਾਵਜੂਦ ਇਸ ਜੰਗ ਦਾ ਕੋਈ ਨਤੀਜਾ ਨਾ ਨਿਕਲਣਾ ਇਸ ਗੱਲ ਦਾ ਸਬੂਤ ਹੈ, ਕਿ ਨੇੜ ਭਵਿੱਖ ਵਿੱਚ ਵੀ ਇਸ ਜੰਗ ਦਾ ਕੋਈ ਨਤੀਜਾ ਨਹੀਂ ਨਿਕਲੇਗਾ।
ਜੇਲੈਂਸਕੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਕਾਮੇਡੀਅਨ ਰਹਿ ਚੁੱਕੇ ਹਨ, ਪਰੰਤੂ ਜੰਗ ਤੇ ਅੜੇ ਰਹਿਣਾ ਅਤੇ ਆਪਣੇ ਹੀ ਦੇਸ਼ ਨੂੰ ਤਬਾਹ ਕਰਵਾ ਕੇ ਆਪਣੇ ਹੀ ਲੋਕਾਂ ਨੂੰ ਮਰਵਾਉਣਾ ਕਾਮੇਡੀ ਨਹੀਂ ਹੈ ਅਤੇ ਨਾ ਹੀ ਇਹ ਅਕਲਮੰਦੀ ਹੈ ਬਲਕਿ ਇਹ ਇੱਕ ਬਹੁਤ ਵੱਡਾ ਦੁਖਾਂਤ ਹੈ। ਅੰਤਰਰਾਸ਼ਟਰੀ ਰਾਜਨੀਤੀ ਦੇ ਮਾਹਿਰ ਕਹਿ ਰਹੇ ਹਨ ਕਿ ਜੇਲੈਂਸਕੀ ਨੂੰ ਹੁਣ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਕਿਸੇ ਹੋਰ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਨਵੇਂ ਰਾਸ਼ਟਰਪਤੀ ਨੂੰ ਇਸ ਮਸਲੇ ਦਾ ਹੱਲ ਕਰਨ ਦੇਣਾ ਚਾਹੀਦਾ ਹੈ।
ਅਮਰੀਕਾ ਦੀ ਘੁਰਕੀ ਅਤੇ ਜੇਲੈਂਸਕੀ ਦੇ ਨਵੇਂ ਕਦਮ ਰੂਸ ਤੇ ਯੂੁਕ੍ਰੇਨ ਵਿਚਾਲੇ ਜੰਗ ਨੂੰ ਰੋਕ ਵੀ ਸਕਦੇ ਹਨ। ਇਸ ਸਮੇਂ ਪੂਰੀ ਦੁਨੀਆਂ ਦੀਆਂ ਨਜ਼ਰਾਂ ਅਮਰੀਕਾ, ਰੂਸ ਅਤੇ ਯੂਕ੍ਰੇਨ ਵੱਲ ਲੱਗੀਆਂ ਹੋਈਆਂ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਅਮਰੀਕਾ ਦੀ ਵਿਚੋਲਗੀ ਕਾਰਨ ਬੰਦ ਹੋ ਜਾਵੇ। ਹੁਣ ਰੂਸ ਅਤ ਯੂਕਰੇਨ ਵਿਚਾਲੇ ਜੰਗ ਕਦੋਂ ਬੰਦ ਹੋਵੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਬਿਊਰੋ
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
Mohali2 months ago
ਦੁਖ ਦਾ ਪ੍ਰਗਟਾਵਾ
-
International1 month ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International1 month ago
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
-
National1 month ago
ਕੇਜਰੀਵਾਲ ਵੱਲੋਂ ਮੱਧ ਵਰਗ ਲਈ 7 ਨੁਕਤਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ
-
Mohali1 month ago
ਯੂਥ ਆਫ ਪੰਜਾਬ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣ ਦਾ ਐਲਾਨ
-
National2 months ago
ਏਮਜ਼ ਦੇ ਬਾਹਰ ਮਰੀਜ਼ਾਂ ਨੂੰ ਮਿਲੇ ਰਾਹੁਲ ਗਾਂਧੀ
-
International4 weeks ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ