Uncategorized
ਪਿਤਾ ਨੇ 4 ਬੱਚਿਆਂ ਨੂੰ ਦਿੱਤਾ ਜ਼ਹਿਰ, 3 ਦੀ ਮੌਤ
ਭੋਜਪੁਰ, 12 ਮਾਰਚ (ਸ.ਬ.) ਬਿਹਾਰ ਦੇ ਭੋਜਪੁਰ ਦੇ ਆਰਾ ਜ਼ਿਲ੍ਹੇ ਵਿੱਚ ਪਤਨੀ ਦੀ ਮੌਤ ਤੋਂ ਦੁਖੀ ਪਤੀ ਨੇ ਬੀਤੀ ਸ਼ਾਮ ਆਪਣੇ ਚਾਰ ਬੱਚਿਆਂ ਨੂੰ ਦੁੱਧ ਵਿੱਚ ਜ਼ਹਿਰ ਮਿਲਾ ਕੇ ਦੇ ਦਿਤਾ ਅਤੇ ਬਾਅਦ ਵਿਚ ਆਪ ਵੀ ਜ਼ਹਿਰੀਲਾ ਦੁੱਧ ਪੀ ਲਿਆ। ਇਸ ਹਾਦਸੇ ਵਿੱਚ ਤਿੰਨ ਬੱਚਿਆਂ ਦੀ ਮੌਤ ਹੋ ਗਈ, ਜਦਕਿ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਬੀਹੀਆ ਥਾਣਾ ਖੇਤਰ ਦੇ ਬੇਲਵਾਨੀਆ ਪਿੰਡ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਉਕਤ ਵਿਅਕਤੀ ਦੀ ਪਤਨੀ ਦਾ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਮਾਨਸਿਕ ਤੌਰ ਤੇ ਤਣਾਅ ਵਿੱਚ ਰਹਿੰਦਾ ਸੀ। ਇਸੇ ਨਿਰਾਸ਼ਾ ਵਿੱਚ ਹੀ ਉਸ ਨੇ ਇਹ ਕਦਮ ਚੁੱਕਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ ਤੇ ਪਹੁੰਚੇ ਅਤੇ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਗੰਭੀਰ ਬੱਚੇ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲੀਸ ਖ਼ੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚ ਬੀਹੀਆ ਥਾਣਾ ਖੇਤਰ ਦੇ ਪਿੰਡ ਬੇਲਵਾਨੀਆ ਵਾਸੀ ਅਰਵਿੰਦ ਕੁਮਾਰ ਦੀ 13 ਸਾਲਾ ਬੇਟੀ ਨੰਦਨੀ ਕੁਮਾਰੀ, 5 ਸਾਲਾ ਪੁੱਤਰੀ ਪਲਕ ਕੁਮਾਰੀ ਅਤੇ 7 ਸਾਲਾ ਪੁੱਤਰ ਟੋਨੀ ਕੁਮਾਰ ਸ਼ਾਮਲ ਹਨ। ਅਰਵਿੰਦ ਕੁਮਾਰ ਅਤੇ ਉਸ ਦਾ ਲੜਕਾ ਆਦਰਸ਼ ਕੁਮਾਰ ਗੰਭੀਰ ਹਾਲਤ ਵਿਚ ਆਰਾ ਸ਼ਹਿਰ ਦੇ ਬਾਬੂ ਬਾਜ਼ਾਰ ਸਥਿਤ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
Uncategorized
ਜਨਤਾ ਨੂੰ ਲਗਾਤਾਰ ਵੱਧਦੀ ਮਹਿੰਗਾਈ ਤੋਂ ਰਾਹਤ ਦੇਣ ਲਈ ਖੁਦਰਾ ਬਾਜਾਰ ਤੇ ਲਗਾਮ ਕਸੇ ਸਰਕਾਰ
ਪਿਛਲੇ ਸਾਲਾਂ ਦੌਰਾਨ ਮਹਿੰਗਾਈ ਵਿੱਚ ਹੋਣ ਵਾਲਾ ਲਗਾਤਾਰ ਵਾਧਾ ਸਾਡੇ ਦੇਸ਼ ਦੀ ਸਭ ਤੋਂ ਅਹਿਮ ਸਮੱਸਿਆ ਬਣਿਆ ਹੋਇਆ ਹੈ। ਇਸ ਦੌਰਾਨ ਪਿਛਲੇ ਸਾਢੇ ਗਿਆਰਾਂ ਸਾਲਾਂ ਤੋਂ ਦੇਸ਼ ਦੀ ਸੱਤਾ ਸੰਭਾਲ ਰਹੀ ਮੋਦੀ ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਮਹਿੰਗਾਈ ਲਗਾਤਾਰ ਵੱਧਦੀ ਅਤੇ ਹੋਰ ਵੱਧਦੀ ਰਹੀ ਹੈ। ਇਸ ਦੌਰਾਨ ਸਰਕਾਰ ਵਲੋਂ ਭਾਵੇਂ ਮਹਿੰਗਾਈ ਤੇ ਕਾਬੂ ਕਰਨ ਲਈ ਕਾਰਵਾਈ ਕਰਨ ਦੀ ਗੱਲ ਕੀਤੀ ਜਾਂਦੀ ਹੈ ਪਰੰਤੂ ਅਸਲੀਅਤ ਇਹੀ ਹੈ ਕਿ ਆਮ ਆਦਮੀ ਨੂੰ ਸਰਕਾਰ ਦੀ ਇਸ ਕਾਰਵਾਈ ਨਾਲ ਕੋਈ ਰਾਹਤ ਮਿਲਦੀ ਨਜਰ ਨਹੀਂ ਆਉਂਦੀ ਅਤੇ ਉਸ ਲਈ ਆਪਣੇ ਜਰੂਰੀ ਖਰਚਿਆਂ ਦੀ ਭਰਪਾਈ ਵੀ ਔਖੀ ਹੋ ਗਈ ਹੈ।
ਦੇਸ਼ ਭਰ ਵਿੱਚ ਪਿਛਲੇ ਕਈ ਸਾਲਾਂ ਤੋਂ ਚਲਦੀ ਆ ਰਹੀ ਆਰਥਿਕ ਮੰਦੀ ਦੇ ਕਾਰਨ ਲੋਕਾਂ ਦੀ ਆਮਦਨੀ ਵੈਸੇ ਹੀ ਘੱਟ ਹੋ ਗਈ ਹੈ ਅਤੇ ਉੱਪਰੋਂ ਲਗਾਤਾਰ ਵੱਧਦੀ ਮਹਿੰਗਾਈ ਕਾਰਨ ਆਮ ਲੋਕਾਂ ਲਈ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣਾ ਵੀ ਔਖਾ ਹੋ ਗਿਆ ਹੈ ਜਿਸ ਕਾਰਨ ਉਹਨਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲਾਂ ਦੌਰਾਨ ਲੋਕਾਂ ਦੀ ਰੋਜਾਨਾ ਜਰੂਰਤ ਦਾ ਜਿਆਦਾਤਰ ਸਾਮਾਨ ਲਗਾਤਾਰ ਮਹਿੰਗਾ ਅਤੇ ਹੋਰ ਮਹਿੰਗਾ ਹੀ ਹੋਇਆ ਹੈ ਅਤੇ ਆਮ ਜਨਤਾ ਨੂੰ ਮਹਿੰਗਾਈ ਦੀ ਭਾਰੀ ਮਾਰ ਝੱਲਣੀ ਪੈ ਰਹੀ ਹੈ। ਇਸ ਦੌਰਾਨ ਲੋਕਾਂ ਦੀ ਆਮ ਵਰਤੋਂ ਵਿੱਚ ਆਉਣ ਵਾਲੇ ਛੋਟੇ ਵੱਡੇ ਸਾਮਾਨ ਜਿਵੇਂ ਕਿਤਾਬਾਂ, ਦਵਾਈਆਂ, ਕਪੜੇ, ਮਿਠਾਈਆਂ, ਮਕਾਨ ਉਸਾਰੀ ਦਾ ਸਮਾਨ ਸਮੇਤ ਅਤੇ ਹਰ ਤਰ੍ਹਾਂ ਦੇ ਸਾਮਾਨ ਦੀ ਕੀਮਤ ਲਗਾਤਾਰ ਵੱਧ ਰਹੀ ਹੈ। ਮਹਿੰਗਾਈ ਦਰ ਤੇ ਕਾਬੂ ਕਰਨ ਦੇ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਨਾ ਤਾਂ ਸਬਜੀਆਂ ਅਤੇ ਫਲ ਦੇ ਦਾਮ ਘੱਟ ਹੋਏ ਹਨ ਅਤੇ ਨਾ ਹੀ ਰਾਸ਼ਨ ਦਾ ਸਾਮਾਨ ਸਸਤਾ ਹੋਇਆ ਹੈ ਜਿਸ ਕਾਰਣ ਆਮ ਆਦਮੀ ਲਈ ਗੁਜਾਰਾ ਚਲਾਉਣਾ ਵੀ ਔਖਾ ਹੁੰਦਾ ਜਾ ਰਿਹਾ ਹੈ।
ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਸੱਤਾਧਾਰੀ ਆਗੂਆਂ ਵਲੋਂ ਅਕਸਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਦੇਸ਼ ਦੀ ਮਹਿੰਗਾਈ ਦਰ ਦਾ ਅੰਕੜਾ ਆਪਣੇ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ਤੋਂ ਕਾਫੀ ਹੇਠਾਂ ਹੈ ਪਰੰਤੂ ਅਸਲੀਅਤ ਇਹੀ ਹੈ ਕਿ ਮਹਿੰਗਾਈ ਦਰ ਵਿਚਲੀ ਇਹ ਕਟੌਤੀ ਸਿਰਫ ਅਕੰੜਿਆਂ ਤਕ ਹੀ ਸੀਮਿਤ ਹੈ ਜਿਹੜੀ ਆਮ ਲੋਕਾਂ ਨੂੰ ਕਿਤੇ ਨਜਰ ਨਹੀਂ ਆਉਂਦੀ। ਵੈਸੇ ਵੀ ਸਰਕਾਰ ਵਲੋਂ ਮਹਿੰਗਾਈ ਤੇ ਕਾਬੂ ਕਰਨ ਲਈ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਉਹ ਵੀ ਥੋਕ ਬਾਜਾਰ ਤਕ ਹੀ ਸੀਮਿਤ ਰਹਿੰਦੀ ਹੈ ਅਤੇ ਖੁਦਰਾ ਬਾਜਾਰ ਵਿੱਚ ਵਿਕਣ ਵਾਲੇ ਸਾਮਾਨ ਦੀ ਕੀਮਤ ਤੈਅ ਕਰਨ ਲਈ ਸਰਕਾਰ ਵਲੋਂ ਕੁੱਝ ਵੀ ਨਹੀਂ ਕੀਤਾ ਜਾਂਦਾ, ਜਦੋਂਕਿ ਆਮ ਲੋਕਾਂ ਨੇ ਤਾਂ ਖੁਦਰਾ ਬਾਜਾਰ ਤੋਂ ਹੀ ਖਰੀਦਦਾਰੀ ਕਰਨੀ ਹੁੰਦੀ ਹੈ।
ਸਰਕਾਰ ਦੀ ਇਸ ਕਾਰਵਾਈ ਨਾਲ ਜੇਕਰ ਲੋਕਾਂ ਦੀ ਨਿੱਤ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਦੀ ਥੋਕ ਕੀਮਤ ਵਿੱਚ ਕੁੱਝ ਕਮੀ ਆਉਂਦੀ ਵੀ ਹੈ ਤਾਂ ਵੀ ਪਰਚੂਨ ਦੁਕਾਨਦਾਰਾਂ ਵਲੋਂ ਇਹਨਾਂ ਵਸਤੂਆਂ ਦੇ ਦਾਮ ਨਹੀਂ ਘਟਾਏ ਜਾਂਦੇ ਅਤੇ ਖੁਦਰਾ ਬਾਜਾਰ ਦੇ ਦੁਕਾਨਦਾਰ ਥੋਕ ਬਾਜਾਰ ਵਿੱਚ ਕੀਮਤਾਂ ਘਟਣ ਦੇ ਬਾਵਜੂਦ ਭਾਰੀ ਮੁਨਾਫੇ ਦੇ ਲਾਲਚ ਵਿੱਚ ਖੁਦਰਾ ਬਾਜਾਰ ਵਿੱਚ ਕੀਮਤਾਂ ਉੱਚੀਆਂ ਰੱਖ ਕੇ ਮਹਿੰਗਾਈ ਵਿੱਚ ਵਾਧਾ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਦਿੰਦੇ ਰਹਿੰਦੇ ਹਨ। ਇਸ ਮੁਨਾਫਾਖੋਰੀ ਵਿੱਚ ਵੱਡੀਆਂ ਕੰਪਨੀਆਂ ਵੀ ਸ਼ਾਮਿਲ ਹਨ ਜਿਹਨਾਂ ਵਲੋਂ ਆਮ ਲੋਕਾਂ ਦੀ ਲੋੜ ਦਾ ਛੋਟਾ ਵੱਡਾ ਸਾਮਾਨ ਪੈਕ ਕਰਕੇ ਵੇਚਿਆ ਜਾਂਦਾ ਹੈ ਅਤੇ ਥੋਕ ਬਾਜਾਰ ਵਿੱਚ ਕੀਮਤਾਂ ਵਿੱਚ ਆਈ ਕਮੀ ਕਾਰਨ ਇਹਨਾਂ ਕੰਪਨੀਆਂ ਵਲੋਂ ਤਿਆਰ ਕੀਤੇ ਜਾਣ ਵਾਲੇ ਸਾਮਾਨ ਦੀ ਲਾਗਤ ਵੀ ਭਾਵੇਂ ਘੱਟ ਜਾਂਦੀ ਹੈ ਪਰੰਤੂ ਉਹਨਾਂ ਵਲੋਂ ਸਾਮਾਨ ਦੀ ਕੀਮਤ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਂਦੀ ਅਤੇ ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਕੋਈ ਰਾਹਤ ਨਹੀਂ ਮਿਲਦੀ।
ਮਹਿੰਗਾਈ ਵਿੱਚ ਹੁੰਦੇ ਲਗਾਤਾਰ ਵਾਧੇ ਤੋਂ ਜਨਤਾ ਨੂੰ ਰਾਹਤ ਦੇਣ ਲਈ ਇਹ ਜਰੂਰੀ ਹੈ ਕਿ ਸਰਕਾਰ ਪਰਚੂਨ ਬਾਜਾਰ ਦੇ ਦੁਕਾਨਦਾਰਾਂ ਦੀ ਮੁਨਾਫਾਖੋਰੀ ਤੇ ਲਗਾਮ ਲਗਾਏ। ਇਸ ਕਾਰਵਾਈ ਦੇ ਤਹਿਤ ਜਿੱਥੇ ਆਮ ਆਦਮੀ ਨੂੰ ਰਾਹਤ ਦੇਣ ਲਈ ਹਰ ਤਰ੍ਹਾਂ ਦੇ ਸਾਮਾਨ ਦੀਆਂ ਖੁਦਰਾ ਕੀਮਤਾਂ ਤੈਅ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਉੱਥੇ ਪਰਚੂਨ ਦੁਕਾਨਦਾਰਾਂ ਲਈ ਇਹ ਜਰੂਰੀ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਸਰਕਾਰ ਵਲੋਂ ਤੈਅ ਕੀਤੀਆਂ ਗਈਆਂ ਜਰੂਰੀ ਸਾਮਾਨ ਦੀਆਂ ਦਰਾਂ ਦੀ ਸੂਚੀ ਵਾਲਾ ਬੋਰਡ ਲਗਾ ਕੇ ਰੱਖਣ। ਇਸਦੇ ਨਾਲ ਨਾਲ ਸਰਕਾਰ ਵਲੋਂ ਆਮ ਜਨਤਾ ਨੂੰ ਵਾਜਿਬ ਕੀਮਤ ਤੇ ਜਰੂਰੀ ਵਸਤੂਆਂ ਮੁਹਈਆ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਅਤੇ ਇਸ ਲਈ ਸੁਪਰ ਬਾਜਾਰ ਵਾਂਗ ਵਿਸ਼ੇਸ਼ ਦੁਕਾਨਾਂ ਖੋਲ੍ਹ ਕੇ ਜਨਤਾ ਨੂੰ ਜਰੂਰੀ ਸਾਮਾਨ ਮੁਹਈਆ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਕੁੱਝ ਰਾਹਤ ਮਿਲੇ ਅਤੇ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਸਕਣ।
Uncategorized
ਸਾਵਣ ਰੂਪੋਵਾਲੀ ਨੇ ਪਾਲੀ ਭੁਪਿੰਦਰ ਦੇ ਨਾਟਕ ‘ਟੈਰੋਰਿਸਟ ਕੀ ਪ੍ਰੇਮਿਕਾ’ ਰਾਹੀਂ ਸੱਤ ਸਾਲਾਂ ਬਾਅਦ ਕੀਤੀ ਰੰਗਮੰਚ ਤੇ ਵਾਪਸੀ
ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਪੰਜਾਬ ਕਲਾ ਭਵਨ ਦੇ ਰੰਧਾਵਾ ਆਡੀਟੋਰੀਅਮ ਵਿਖੇ ਚਰਚਿੱਤ ਤੇ ਬੇਬਾਕ ਨਾਟਕਕਾਰ, ਨਾਟ-ਨਿਰਦੇਸ਼ਕ ਅਤੇ ਫਿਲਮਕਾਰ ਪਾਲੀ ਭੁਪਿੰਦਰ ਦੇ ਪੰਜਾਬੀ ਨਾਟਕ ‘ਟੈਰੋਰਿਸਟ ਕੀ ਪ੍ਰੇਮਿਕਾ’ ਦੇ ਹਿੰਦੀ-ਰੁਪਾਂਤਰਣ ਰਾਹੀਂ ਛੋਟੇ ਪਰਦੇ ਦੀ ਤੇਜੀ ਨਾਲ ਉਭਰਦੀ ਅਦਾਕਾਰਾ ਸਾਵਣ ਰੂਪੋਵਾਲੀ (ਪੰਜਾਬੀ ਫਿਲਮ ਹਰਜੀਤਾ ਫੇਮ) ਨੇ ਸੱਤ ਸਾਲ ਬਾਅਦ ਰੰਗਮੰਚ ਤੇ ਵਾਪਸੀ ਕੀਤੀ ਹੈ। ਮੂਵਿੰਗ ਸਟਾਰ ਪ੍ਰਡੋਕਸ਼ਨ ਵੱਲੋਂ ਅਭੀਸ਼ੇਕ ਤਿਵਾੜੀ ਦੀ ਨਿਰਦੇਸ਼ਨਾ ਹੇਠ ਹੋਏ ਨਾਟਕ ਵਿਚ ਉਤਕਰਸ਼ ਸਿੰਘ ਅਤੇ ਵਸੰਤ ਸਾਗਰ ਵੀ ਅਹਿਮ ਕਿਰਦਾਰਾਂ ਵਿਚ ਆਏ।
ਸਾਵਣ ਰੂਪੋਵਾਲੀ ਨੇ ਅਨੀਤ ਦੇ ਕਿਰਦਾਰ ਵਿੱਚ ਕਮਾਲ ਦੇ ਹਾਵ-ਭਾਵ, ਅੱਖਾਂ ਵਿੱਚ ਲੱਖਾਂ ਰੰਗ, ਲੱਖਾਂ ਰੰਗਾਂ ਦੀਆਂ ਕਰੋੜਾਂ ਪਰਤਾਂ, ਅਵਾਜ਼ ਦੀ ਲਰਜ਼, ਸਾਹਾਂ ਦਾ ਸ਼ੋਰ, ਚੁੱਪ ਦੀ ਚੀਖ, ਸਾਵਣ ਨੇ ਅਨੀਤ ਦੇ ਕਿਰਦਾਰ ਦੀਆਂ ਅੰਦਰੂਨੀ ਪਰਤਾਂ ਤੇ ਰਮਜ਼ਾਂ ਨੂੰ ਆਤਮਸਾਤ ਕਰਕੇ ਵਿਖਾਇਆ। ਡੀ. ਐਸ. ਪੀ ਦੇਵ ਦੇ ਕਿਰਦਾਰ ਵਿੱਚ ਮਯੰਕ ਸ੍ਰੀਵਾਸਤਵਾ ਅਤੇ ਸਿਪਾਹੀ ਵਸੰਤ ਸਾਗਰ ਖੂਬ ਨਿਭੇ।
ਨਾਟਕ ਦੇ ਲੇਖਕ ਪਾਲੀ ਭੁਪਿੰਦਰ ਨੇ ਨਾਟਕ ਦੇ ਮੰਚਣ ਤੋਂ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬੀ ਨਾਟਕ, ਰਾਸ਼ਟਰੀ ਦੇ ਮੁਕਾਬਲੇ ਕਿਸੇ ਪੱਖੋਂ ਊਣੇ ਨਹੀਂ ਪਰ ਅਸੀਂ ਆਪਣੇ ਆਪ ਨੂੰ ਆਪਣੀ ਸਮਰੱਥਾ ਨੂੰ ਪਹਿਚਣ ਹੀ ਨਹੀਂ ਸਕੇ। ਦਵਿੰਦਰ ਦਮਨ ਨੇ ਕਿਹਾ ਪਾਲੀ ਭੁਪਿੰਦਰ ਦੇ ਨਾਟਕ ਬਿਨ੍ਹਾਂ ਕਹੇ ਬਹੁਤ ਕੁੱਝ ਕਹਿ ਦਿੰਦੇ ਹਨ। ਪ੍ਰਸਿੱਧ ਲੋਕ-ਗਾਇਕਾ ਸੁੱਖੀ ਬਰਾੜ ਨੇ ਕਿਹਾ ਕਿ ਸਾਵਣ ਰੂਪੋਵਾਲੀ ਦੇ ਰੰਗਮੰਚ ਲਈ ਸਿਰੜ ਅਤੇ ਇਸ਼ਕ ਨੂੰ ਸਲਾਮ ਕਰਨਾ ਬਣਦਾ ਹੈ।
ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਕਿਹਾ ਕਿ ਉਹ ਲਗਭਗ 10 ਸਾਲ ਬਾਅਦ ਸਾਵਣ ਨੂੰ ਦੂਸਰੀ ਵਾਰ ਮੰਚ ਤੇ ਵੇਖ ਰਹੇ ਹਨ। ਇਸ ਮੌਕੇ ਹੋਰਾਂ ਤੋਂ ਇਲਾਵਾ ਫਿਲਮ ਅਦਾਕਾਰ ਕੁਲਜਿੰਦਰ ਸਿੱਧੂ, ਸੁੱਖੀ ਚਾਹਲ, ਜਗਦੀਪ ਵੜੈਚ, ਰਮਨ ਢਿੱਲੋਂ, ਕਮਲ ਨੈਨ ਸਿੰਘ ਸੇਖੋਂ, ਲਖਵਿੰਦਰ ਸਿੰਘ, ਤੋਂ ਇਲਾਵਾ ਭੁਪਿੰਦਰ ਮਲਿਕ, ਇੰਦਰਜੀਤ ਰੂਪੋਵਾਲੀ, ਸਰਬਜੀਤ ਰੂਪੋਵਾਲੀ, ਸਬਦੀਸ਼, ਜੈਪਾਲ ਸਿੰਘ ਛਿੱਬਰ ਵੀ ਸ਼ਾਮਿਲ ਸਨ।
Uncategorized
ਰਾਜਸਥਾਨ ਵਿੱਚ ਸਰਕਾਰੀ ਸਕੂਲ ਦੀ ਛੱਤ ਡਿੱਗੀ, 7 ਬੱਚਿਆਂ ਦੀ ਮੌਤ, ਕਈ ਜ਼ਖਮੀ
ਝਾਲਾਵਾੜ, 25 ਜੁਲਾਈ (ਸ.ਬ.) ਰਾਜਸਥਾਨ ਦੇ ਝਾਲਾਵਾੜ ਵਿੱਚ ਅੱਜ ਸਵੇਰੇ ਇੱਕ ਸਰਕਾਰੀ ਸਕੂਲ ਦੀ ਛੱਤ ਡਿੱਗ ਗਈ। ਇਸ ਹਾਦਸੇ ਵਿੱਚ 7 ਬੱਚਿਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 29 ਦੇ ਕਰੀਬ ਬੱਚੇ ਜ਼ਖਮੀ ਹੋਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਘਟਨਾ ਝਾਲਾਵਾੜ ਜ਼ਿਲ੍ਹੇ ਦੇ ਮਨੋਹਰ ਥਾਣਾ ਖੇਤਰ ਦੇ ਪਿਪਲੋਡੀ ਦੀ ਹੈ। ਜਿੱਥੇ ਅੱਜ ਸਵੇਰੇ ਸਰਕਾਰੀ ਹਾਇਰ ਪ੍ਰਾਇਮਰੀ ਸਕੂਲ ਦੀ ਛੱਤ ਅਚਾਨਕ ਡਿੱਗ ਗਈ, ਜਿਸ ਕਾਰਨ ਕਲਾਸ ਵਿੱਚ ਮੌਜੂਦ ਕਈ ਵਿਦਿਆਰਥੀ ਮਲਬੇ ਹੇਠ ਦੱਬ ਗਏ। ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਇਸ ਹਾਦਸੇ ਬਾਰੇ ਝਾਲਾਵਾੜ ਦੇ ਐਸਪੀ ਅਮਿਤ ਕੁਮਾਰ ਨੇ ਕਿਹਾ ਕਿ ਪਿਪਲੋਡੀ ਪ੍ਰਾਇਮਰੀ ਸਕੂਲ ਦੀ ਛੱਤ ਡਿੱਗਣ ਕਾਰਨ 7 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ 29 ਦੇ ਕਰੀਬ ਬੱਚੇ ਜ਼ਖਮੀ ਹੋ ਗਏ ਹਨ।
ਪੁਲੀਸ ਅਨੁਸਾਰ, ਇਹ ਘਟਨਾ ਜ਼ਿਲ੍ਹੇ ਦੇ ਮਨੋਹਰਥਾਨਾ ਬਲਾਕ ਦੇ ਪਿਪਲੋਡੀ ਸਰਕਾਰੀ ਸਕੂਲ ਵਿੱਚ ਉਸ ਸਮੇਂ ਵਾਪਰੀ ਜਦੋਂ ਬੱਚੇ ਕਲਾਸ ਵਿੱਚ ਸਨ।
ਪੁਲੀਸ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ, ਅਧਿਆਪਕਾਂ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਬੱਚਿਆਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ।
ਰਾਜ ਦੇ ਮੁੱਖ ਮੰਤਰੀ ਭਜਨਲਾਲ ਸ਼ਰਮਾ ਨੇ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਵਿੱਚ ਲਿਖਿਆ ਕਿ ਝਾਲਾਵਾੜ ਦੇ ਪਿਪਲੋਡੀ ਵਿੱਚ ਇੱਕ ਸਕੂਲ ਦੀ ਛੱਤ ਡਿੱਗਣ ਨਾਲ ਹੋਇਆ ਦੁਖਦਾਈ ਹਾਦਸਾ ਬਹੁਤ ਦੁਖਦਾਈ ਅਤੇ ਦਿਲ ਦਹਿਲਾ ਦੇਣ ਵਾਲਾ ਹੈ। ਜ਼ਖਮੀ ਬੱਚਿਆਂ ਦੇ ਸਹੀ ਇਲਾਜ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ।
ਇਸ ਦੇ ਨਾਲ ਹੀ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ ਝਾਲਾਵਾੜ ਦੇ ਮਨੋਹਰਥਾਨਾ ਵਿੱਚ ਇੱਕ ਸਰਕਾਰੀ ਸਕੂਲ ਦੀ ਇਮਾਰਤ ਡਿੱਗਣ ਦੀ ਖ਼ਬਰ ਹੈ, ਜਿਸ ਵਿੱਚ ਬਹੁਤ ਸਾਰੇ ਬੱਚੇ ਅਤੇ ਅਧਿਆਪਕ ਜ਼ਖਮੀ ਹੋ ਗਏ ਹਨ। ਮੈਂ ਘੱਟੋ-ਘੱਟ ਜਾਨੀ ਨੁਕਸਾਨ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ।
-
International1 month agoਸ਼੍ਰੀਲੰਕਾ ਵਿੱਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਜ਼ਮੀਨ ਖਿਸਕੀ, 7 ਵਿਅਕਤੀਆਂ ਦੀ ਮੌਤ
-
Editorial2 months agoਪੰਥਕ ਜਥੇਬੰਦੀਆਂ ਵਿੱਚ ਏਕਤਾ ਅਜੇ ਦੁੂਰ ਦੀ ਗੱਲ
-
International1 month agoਬੰਗਲਾਦੇਸ਼ ਦੇ ਸਾਬਕਾ ਕ੍ਰਿਕਟ ਕਪਤਾਨ ਸ਼ਾਕਿਬ ਅਲ ਹਸਨ ਦੇ ਘਰ ਤੇ ਪੈਟਰੋਲ ਬੰਬ ਨਾਲ ਹਮਲਾ
-
International1 month agoਸਾਊਦੀ ਅਰਬ ਵਿੱਚ ਸੋਫਾ ਫੈਕਟਰੀ ਨੂੰ ਅੱਗ ਲੱਗਣ ਕਾਰਨ 16 ਬੰਗਲਾਦੇਸ਼ੀ ਮਜ਼ਦੂਰਾਂ ਦੀ ਮੌਤ
-
International2 months agoਸਪੇਨ ਵਿੱਚ ਜਬਰਦਸਤੀ ਦਾਖਿਲ ਹੋਏ ਹਜ਼ਾਰਾਂ ਪ੍ਰਵਾਸੀ, ਕਈ ਵਿਅਕਤੀਆਂ ਦੀ ਮੌਤ
-
International2 months agoਇਥੋਪੀਆ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕੀ, 14 ਵਿਅਕਤੀਆਂ ਦੀ ਮੌਤ
-
National1 month agoਬੱਸ ਬੇਕਾਬੂ ਹੋ ਕੇ ਸੜਕ ਤੋਂ 100 ਫੁੱਟ ਹੇਠਾਂ ਡਿੱਗੀ, 7 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
Chandigarh1 month agoਸੁਖਬੀਰ ਸਿੰਘ ਬਾਦਲ ਵਲੋਂ ਚੰਡੀਗੜ੍ਹ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ
