Editorial
ਲਾਟਰੀ ਦੇ ਲਾਲਚ ਵਿੱਚ ਫਸੀ ਦੁਨੀਆ

ਅੱਜ ਕੱਲ ਹਰ ਪਾਸੇ ਹੋਲੀ ਬੰਪਰ ਲਾਟਰੀ ਦੇ ਨਿਕਲੇ ਇਨਾਮਾਂ ਦੀ ਚਰਚਾ ਹੋ ਰਹੀ ਹੈ। ਇਸ ਦੇ ਨਾਲ ਹੀ ਵਿਸਾਖੀ ਬੰਪਰ ਦੀਆਂ ਟਿਕਟਾਂ ਵੀ ਮਾਰਕੀਟ ਵਿੱਚ ਵਿਕਣ ਲਈ ਆ ਗਈਆਂ ਹਨ। ਵੱਡੀ ਗਿਣਤੀ ਲਾਟਰੀਆਂ ਸਰਕਾਰੀ ਹਨ, ਜੋ ਕਿ ਪੰਜਾਬ ਸਰਕਾਰ ਸਮੇਤ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਵੱਲੋਂ ਚਲਾਈਆਂ ਜਾ ਰਹੀਆਂ ਹਨ। ਦੂਜੇ ਪਾਸੇ ਕੁਝ ਪ੍ਰਾਈਵੇਟ ਕੰਪਨੀਆਂ ਵੀ ਲਾਟਰੀਆਂ ਚਲਾ ਰਹੀਆਂ ਹਨ ਜਾਂ ਪ੍ਰਾਈਵੇਟ ਕੰਪਨੀਆਂ ਦਾ ਕਿਸੇ ਨਾ ਕਿਸੇ ਰਾਜ ਸਰਕਾਰ ਨਾਲ ਲਾਟਰੀ ਸਬੰਧੀ ਸਮਝੌਤਾ ਹੈ।
ਵੇਖਣ ਵਿੱਚ ਆਇਆ ਹੈ ਕਿ ਵੱਡੀ ਗਿਣਤੀ ਲੋਕ ਲਾਟਰੀ ਖਰੀਦਦੇ ਹਨ ਅਤੇ ਕੁਝ ਲੋਕਾਂ ਦੇ ਇਨਾਮ ਵੀ ਨਿਕਲ ਆਉਂਦੇ ਹਨ। ਜਿਹੜੇ ਲੋਕਾਂ ਦੇ ਇਨਾਮ ਨਿਕਲਦੇ ਹਨ, ਉਹਨਾਂ ਬਾਰੇ ਜਾਣਕਾਰੀ ਅਖਬਾਰਾਂ ਅਤੇ ਸੋਸਲ ਮੀਡੀਆ ਉਤੇ ਆ ਜਾਂਦੀ ਹੈ, ਜਿਸ ਕਰਕੇ ਹੋਰ ਲੋਕ ਵੀ ਉਤਸ਼ਾਹਿਤ ਹੋ ਕੇ ਲਾਟਰੀ ਖਰੀਦਦੇ ਹਨ। ਕਈ ਲੋਕ ਤਾਂ ਮਹੀਨੇ ਵਿੱਚ ਲਾਟਰੀ ਦੀ ਸਿਰਫ ਇੱਕ ਟਿਕਟ ਹੀ ਖਰੀਦਦੇ ਹਨ ਜਦੋਂ ਕਿ ਵੱਡੀ ਗਿਣਤੀ ਲੋਕ ਹਰ ਦਿਨ ਹੀ ਵੱਖ ਵੱਖ ਕਿਸਮ ਦੀ ਲਾਟਰੀ ਦੀਆਂ ਕਈ ਕਈ ਟਿਕਟਾਂ ਖਰੀਦ ਲੈਂਦੇ ਹਨ। ਇਸ ਤੋਂ ਇਲਾਵਾ ਕਈ ਲੋਕ ਖਾਸ ਕਰਕੇ ਮਜਦੂਰ ਤਬਕਾ ਆਪਣਂੀ ਦਿਨ ਭਰ ਦੀ ਕਮਾਈ ਨਾਲ ਹੀ ਲਾਟਰੀ ਦੀਆਂ ਟਿਕਟਾਂ ਖਰੀਦ ਲੈਂਦਾ ਹੈ। ਆਮ ਮੱਧ ਵਰਗੀ ਲੋਕਾਂ ਦਾ ਵੱਡਾ ਸਮੂਹ ਵੀ ਲਾਟਰੀ ਦੇ ਮਕੜਜਾਲ ਵਿੱਚ ਫਸਿਆ ਹੋਇਆ ਹੈ ਅਤੇ ਮੱਧ ਵਰਗ ਨਾਲ ਸੰਬਧਿਤ ਲੋਕ ਵੀ ਲਾਟਰੀ ਦੀਆਂ ਟਿਕਟਾਂ ਖਰੀਦਦੇ ਵੇਖੇ ਜਾਂਦੇ ਹਨ। ਇਸ ਤੋਂ ਇਲਾਵਾ ਅਮੀਰ ਵਰਗ ਦੇ ਨਾਲ ਸਬੰਧਿਤ ਕੁਝ ਲੋਕ ਵੀ ਲਾਟਰੀ ਟਿਕਟਾਂ ਖਰੀਦਦੇ ਹਨ।
ਇਹ ਗੱਲ ਠੀਕ ਹੈ ਕਿ ਲਾਟਰੀ ਦੀਆਂ ਟਿਕਟਾਂ ਖਰੀਦ ਕੇ ਇਨਾਮ ਨਿਕਲਣ ਤੋਂ ਬਾਅਦ ਕੁਝ ਲੋਕ ਕਰੋੜਪਤੀ ਅਤੇ ਲੱਖਪਤੀ ਬਣ ਗਏ ਹਨ ਪਰ ਇਹ ਇਨਾਮ ਕੁਝ ਲੋਕਾਂ ਦੇ ਹੀ ਨਿਕਲਦੇ ਹਨ ਅਤੇ ਬਾਕੀ ਲੋਕ ਇਨਾਮ ਤੋਂ ਵਾਂਝੇ ਰਹਿ ਜਾਂਦੇ ਹਨ। ਵੱਖ ਵੱਖ ਕਿਸਮਾਂ ਦੀਆਂ ਲਾਟਰੀ ਦੀਆਂ ਟਿਕਟਾਂ ਹਰ ਸ਼ਹਿਰ ਵਿੱਚ ਬਹੁਤ ਆਸਾਨੀ ਨਾਲ ਮਿਲ ਜਾਂਦੀਆਂ ਹਨ।
ਇਨਾਮ ਹਰ ਇਨਸਾਨ ਨੂੰ ਚੰਗਾ ਲੱਗਦਾ ਹੈ ਪਰ ਕੁਝ ਲੋਕ ਸਿਰਫ ਲਾਟਰੀ ਦੀਆਂ ਟਿਕਟਾਂ ਨੂੰ ਹੀ ਜਿੰਦਗੀ ਸਮਝ ਲੈਂਦੇ ਹਨ ਅਤੇ ਉਹ ਹੋਰ ਕੋਈ ਰੁਜ਼ਗਾਰ ਜਾਂ ਕੰਮ ਧੰਦਾ ਨਹੀਂ ਕਰਦੇ, ਜਿਸ ਕਾਰਨ ਉਹਨਾਂ ਦੇ ਘਰ ਦੇ ਆਰਥਿਕ ਹਾਲਾਤ ਵਿਗੜ ਜਾਂਦੇ ਹਨ। ਉਹ ਜੋ ਵੀ ਕੁਝ ਕਮਾਉਂਦੇ ਹਨ ਉਹ ਲਾਟਰੀ ਦੀਆਂ ਟਿਕਟਾਂ ਵਿੱਚ ਬਰਬਾਦ ਕਰ ਦਿੰਦੇ ਹਨ। ਇਸ ਤਰਾਂ ਲਾਟਰੀ ਵੀ ਇੱਕ ਨਸ਼ਾ ਬਣਦੀ ਜਾ ਰਹੀ ਹੈ।
ਲਾਟਰੀ ਦੀ ਟਿਕਟ ਖਰੀਦਣ ਲਈ ਕੁਝ ਲੋਕ ਦੋਸਤਾਂ ਜਾਂ ਰਿਸ਼ਤੇਦਾਰਾਂ ਤੋਂ ਬਿਮਾਰੀ ਜਾਂ ਹੋਰ ਬਹਾਨੇ ਲਾ ਕੇ ਪੈਸੇ ਵੀ ਉਧਾਰ ਲੈ ਲੈਂਦੇ ਹਨ ਪਰ ਬਾਅਦ ਵਿੱਚ ਇਹ ਪੈਸੇ ਮੋੜੇ ਨਹੀਂ ਜਾਂਦੇ। ਇਸ ਕਾਰਨ ਕਈ ਵਾਰ ਦੋਸਤੀ ਅਤੇ ਰਿਸਤੇਦਾਰੀ ਵਿੱਚ ਫਰਕ ਪੈ ਜਾਂਦਾ ਹੈ। ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਆਪਣੇ ਰੁਜ਼ਗਾਰ ਅਤੇ ਕੰਮ ਧੰਦੇ ਵੱਲ ਧਿਆਨ ਦੇਣ ਅਤੇ ਉਸ ਤੋਂ ਬਾਅਦ ਹੀ ਆਪਣੇ ਕਮਾਏ ਹੋਏ ਪੈਸੇ ਨਾਲ ਲਾਟਰੀ ਦੀਆਂ ਟਿਕਟਾਂ ਲੈਣ ਬਾਰੇ ਸੋਚਣ। ਆਮ ਲੋਕਾਂ ਨੂੰ ਲਾਟਰੀ ਦੇ ਲਾਲਚ ਵਿੱਚ ਫਸਣ ਦੀ ਥਾਂ ਮਿਹਨਤ ਕਰਨ ਅਤੇ ਆਪਣੇ ਕੰਮ ਧੰਦੇ ਵੱਲ ਧਿਆਨ ਦੇਣਾ ਚਾਹੀਦਾ ਹੈ।
ਵੈਸੇ ਹਰ ਇਨਸਾਨ ਨੂੰ ਲਾਟਰੀ ਦੇਲਾਲਚ ਵਿੱਚ ਫਸਣ ਦੀ ਥਾਂ ਆਪਣੇ ਰੁਜਗਾਰ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਜੇ ਲੋਕਾਂ ਨੇ ਆਪਣੀ ਕਿਸਮਤ ਅਜਮਾਉਣੀ ਹੀ ਹੈ ਤਾਂ ਹਫਤੇ ਵਿੱਚ ਲਾਟਰੀ ਦੀ ਇੱਕ ਟਿਕਟ ਲੈਣੀ ਹੀ ਬਹੁਤ ਹੁੰਦੀ ਹੈ, ਜੇ ਇਨਾਮ ਨਿਕਲਣਾ ਹੋਇਆ ਤਾਂ ਉਸ ਟਿਕਟ ਤੇ ਹੀ ਨਿਕਲ ਆਉਣਾ ਹੈ ਪਰ ਹਰ ਦਿਨ ਵੱਡੀ ਗਿਣਤੀ ਵਿੱਚ ਲਾਟਰੀ ਦੀਆਂ ਟਿਕਟਾਂ ਖਰੀਦਣਾ ਅਕਲਮੰਦੀ ਨਹੀਂ ਕਿਹਾ ਜਾ ਸਕਦਾ।
ਬਿਊਰੋ
Editorial
ਜਮੀਨ ਹੇਠਲੇ ਪਾਣੀ ਦੇ ਡਿਗੱਦੇ ਪੱਧਰ ਨੂੰ ਬਚਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣੇ ਜਰੂਰੀ
ਦੁਨੀਆ ਭਰ ਵਿੱਚ ਪਿਛਲੇ ਤਿੰਨ ਚਾਰ ਦਹਾਕਿਆਂ ਦੌਰਾਨ ਜਿਸ ਤਰੀਕੇ ਨਾਲ ਕੁਦਰਤੀ ਸੰਸਾਧਨਾ ਦੀ ਅੰਨੇਵਾਹ ਵਰਤੋਂ ਕੀਤੀ ਜਾਂਦੀ ਰਹੀ ਹੈ, ਉਸ ਨਾਲ ਆਉਣ ਵਾਲੇ ਸਮੇਂ ਦੌਰਾਨ ਇਹਨਾਂ ਸੰਸਾਧਨਾ ਦੇ ਪੂਰੀ ਤਰ੍ਹਾਂ ਖਤਮ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਧਰਤੀ ਹੇਠਲੇ ਪਾਣੀ ਦੇ ਭੰਡਾਰ ਦੀ ਹਾਲਤ ਵੀ ਅਜਿਹੀ ਹੀ ਹੈ ਜਿਸਨੂੰ ਭਾਰੀ ਮਾਤਰਾ ਵਿੱਚ ਕੱਢੇ ਜਾਣ ਕਾਰਨ ਇਸਦਾ ਪੱਧਰ ਲਗਾਤਾਰ ਹੇਠਾਂ ਵੱਲ ਜਾ ਰਿਹਾ ਹੈ। ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਸੰਕਟ ਹੋਰ ਵੀ ਜਿਆਦਾ ਹੈ ਅਤੇ ਇਸ ਸੰਬੰਧੀ ਕੇਂਦਰੀ ਭੂ ਜਲ ਬੋਰਡ ਦੀ ਇੱਕ ਰਿਪੋਰਟ ਅਨੁਸਾਰ ਅਗਲੇ ਡੇਢ ਦਹਾਕੇ ਵਿੱਚ ਪੰਜਾਬ ਦੀ ਧਰਤੀ ਹੇਠਲਾ ਪਾਣੀ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ। ਇਸਦਾ ਮਤਲਬ ਇਹ ਹੈ ਕਿ ਜੇਕਰ ਆਉਣ ਵਾਲੇ ਸਾਲਾਂ ਦੌਰਾਨ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਇਸਦਾ ਪੱਧਰ ਵਧਾਉਣ ਲਈ ਯੋਗ ਉਪਰਾਲੇ ਨਾ ਕੀਤੇ ਗਏ ਤਾਂ ਪੰਜਾਬ ਦੀ ਇਹ ਧਰਤੀ ਪੂਰੀ ਤਰ੍ਹਾਂ ਬੰਜਰ ਹੋ ਜਾਵੇਗੀ ਅਤੇ ਪੰਜ ਦਰਿਆਵਾਂ ਦੀ ਇਸ ਧਰਤੀ ਵਿੱਚ ਪਾਣੀ ਦੀ ਭਾਰੀ ਘਾਟ ਹੋਣ ਕਾਰਨ ਹੌਲੀ ਹੌਲੀ ਇਹ ਪੂਰਾ ਖੇਤਰ ਰੇਗਿਸਤਾਨ ਵਿੱਚ ਤਬਦੀਲ ਹੋ ਜਾਵੇਗਾ।
ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਲਗਾਤਾਰ ਹੇਠਾਂ ਵੱਲ ਜਾਣ ਦਾ ਕਾਰਨ ਇਹ ਹੈ ਕਿ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੀ ਬਹੁਤ ਵੱਡੇ ਪੱਧਰ ਤੇ ਵਰਤੋਂ ਕੀਤੀ ਜਾਂਦੀ ਹੈ। ਇਸ ਵੇਲੇ ਹਾਲਾਤ ਇਹ ਹਨ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ ਦਿਨ ਡਿੱਗਣ ਕਾਰਨ ਪੰਜਾਬ ਦੇ ਵੱਡੀ ਗਿਣਤੀ ਬਲਾਕ ਡਾਰਕ ਜੋਨ ਵਿੱਚ ਆ ਚੁਕੇ ਹਨ। ਜਮੀਨ ਹੇਠਲੇ ਪਾਣੀ ਦੇ ਪੱਧਰ ਦੇ ਲਗਾਤਾਰ ਹੇਠਾਂ ਜਾਣ ਦਾ ਇੱਕ ਵੱਡਾ ਕਾਰਨ ਵੱਡੇ ਪੱਧਰ ਤੇ ਲੱਗੇ ਟਿਊਬਵੈਲ ਹਨ ਜਿਹਨਾਂ ਰਾਂਹੀ ਧਰਤੀ ਹੇਠਲਾ ਪਾਣੀ ਲਗਾਤਾਰ ਕੱਢਿਆ ਜਾਂਦਾ ਹੈ। ਇਸ ਵਾਸਤੇ ਸਿੱਧੇ ਤੌਰ ਤੇ ਪਿਛਲੇ ਸਮੇਂ ਦੀਆਂ ਸਰਕਾਰਾਂ ਨੂੰ ਹੀ ਜਿੰਮੇਵਾਰ ਠਹਿਰਾਇਆ ਜਾ ਸਕਦਾ ਹੈ ਜਿਹਨਾਂ ਵਲੋਂ ਖੇਤੀ ਵਾਸਤੇ ਲੋੜੀਂਦੇ ਪਾਣੀ ਲਈ ਨਹਿਰੀ ਪਾਣੀ ਦੀ ਵਿਵਸਥਾ ਕਰਨ ਲਈ ਲੋੜੀਂਦੇ ਕਦਮ ਚੁੱਕਣ ਦੀ ਥਾਂ ਅੰਨੇਵਾਹ ਟਿਊਬਵੈਲ ਲਗਵਾਏ ਜਾਂਦੇ ਰਹੇ ਹਨ।
ਕਿਸਾਨਾਂ ਵਲੋਂ ਆਪਣੀ ਫਸਲ ਪਾਲਣ ਲਈ ਪਾਣੀ ਦੀ ਵੱਡੀ ਲੋੜ ਇਹਨਾਂ ਟਿਊਬਵੈਲਾਂ ਰਾਂਹੀ ਹੀ ਪੂਰੀ ਕੀਤੀ ਜਾਂਦੀ ਹੈ ਅਤੇ ਸੂਬੇ ਵਿੱਚ ਲੱਗੇ ਟਿਊਬਵੈਲ ਲਗਾਤਾਰ ਪਾਣੀ ਬਾਹਰ ਕੱਢਦੇ ਰਹਿੰਦੇ ਹਨ। ਖੇਤੀ ਮਾਹਿਰਾਂ ਅਨੁਸਾਰ ਇਕ ਕਿਲੋ ਚਾਵਲ ਪੈਦਾ ਕਰਨ ਲਈ ਲਗਭਗ ਇਕ ਹਜਾਰ ਲੀਟਰ ਪਾਣੀ ਦੀ ਵਰਤੋ ਹੁੰਦੀ ਹੈ ਜਿਸ ਨਾਲ ਪਤਾ ਲੱਗਦਾ ਹੈ ਕਿ ਝੋਨੇ ਦੀ ਫਸਲ ਕਿੰਨੇ ਵੱਡੇ ਪੱਧਰ ਤੇ ਪਾਣੀ ਪੀਂਦੀ ਹੈ। ਪਰੰਤੂ ਪਿਛਲੇ 40-50 ਸਾਲਾਂ ਤੋਂ (ਜਦੋਂ ਤੋਂ ਪੰਜਾਬ ਵਿੱਚ ਝੋਨੇ ਦੀ ਫਸਲ ਬੀਜੀ ਜਾਣ ਲੱਗੀ ਹੈ) ਸਰਕਾਰ ਵਲੋਂ ਬਦਲਵੀਆਂ ਫਸਲਾਂ ਦੇ ਮੰਡੀਕਰਨ ਦਾ ਲੋੜੀਂਦਾ ਪ੍ਰਬੰਧ ਨਾ ਹੋਣ ਅਤੇ ਕਿਸਾਨਾਂ ਨੂੰ ਉਹਨਾਂ ਦੀਆਂ ਹੋਰਨਾਂ ਫਸਲਾਂ ਦਾ ਬਣਦਾ ਮੁੱਲ ਹਾਸਿਲ ਨਾ ਹੋਣ ਕਾਰਨ ਪੰਜਾਬੀ ਕਿਸਾਨਾਂ ਵਲੋਂ ਵੱਡੇ ਪੱਧਰ ਤੇ ਝੋਨੇ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਇਸ ਵਾਸਤੇ ਨਹਿਰੀ ਪਾਣੀ ਨਾ ਮਿਲਣ ਕਾਰਨ ਟਿਊਬਵੈਲਾਂ ਰਾਂਹੀ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ।
ਹਾਲਾਂਕਿ ਧਰਤੀ ਹੇਠਲੇ ਘੱਟ ਹੁੰਦੇ ਪਾਣੀ ਦੀ ਇਸ ਸਮੱਸਿਆ ਲਈ ਸਿਰਫ ਕਿਸਾਨਾਂ ਨੂੰ ਹੀ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਬਲਕਿ ਹੋਰਨਾਂ ਖੇਤਰਾਂ ਵਿੱਚ ਵੀ ਪਾਣੀ ਦੀ ਵੱਡੇ ਪੱਧਰ ਤੇ ਦੁਰਵਰਤੋ ਕੀਤੀ ਜਾ ਰਹੀ ਹੈ। ਵਿਦੇਸ਼ਾਂ ਵਿੱਚ ਜਮੀਨ ਹੇਠਲੇ ਪਾਣੀ ਦੀ ਵਰਤੋਂ ਸਿਰਫ ਪੀਣ ਵਾਲੇ ਪਾਣੀ ਲਈ ਹੀ ਕੀਤੀ ਜਾਂਦੀ ਹੈ ਅਤੇ ਹੋਰਨਾਂ ਕੰਮਾਂ ਕਾਰਾਂ ਲਈ ਇੱਕ ਵਾਰ ਵਰਤੋਂ ਵਿੱਚ ਆਏ ਪਾਣੀ ਨੂੰ ਟ੍ਰੀਟ ਕਰਕੇ ਦੁਬਾਰਾ ਵਰਤਿਆ ਜਾਂਦਾ ਹੈ ਪਰੰਤੂ ਸਾਡੇ ਇੱਥੇ ਤਾਂ ਇਹ ਹਾਲ ਹੈ ਕਿ ਗੱਡੀਆਂ ਧੋਣ ਤੋਂ ਲੈ ਕੇ ਉਸਾਰੀ ਦੇ ਕੰਮਾਂ ਵਿੱਚ ਵੀ ਪੀਣ ਵਾਲੇ ਸਾਫ ਪਾਣੀ ਦੀ ਹੀ ਵਰਤੋਂ ਹੁੰਦੀ ਹੈ। ਇਸਤੋਂ ਇਲਾਵਾ ਜਿਆਦਾਤਰ ਥਾਵਾਂ ਤੇ ਪਾਣੀ ਦੀਆਂ ਟੂਟੀਆਂ ਅਤੇ ਪਾਈਪਾਂ ਅਕਸਰ ਲੀਕ ਹੁੰਦੀਆਂ ਰਹਿੰਦੀਆਂ ਹਨ ਜਿਸ ਕਾਰਨ ਪਾਣੀ ਦੀ ਵੱਡੇ ਪੱਧਰ ਤੇ ਪਾਣੀ ਦੀ ਬਰਬਾਦੀ ਹੁੰਦੀ ਹੈ।
ਲਗਾਤਾਰ ਵੱਧਦੀ ਇਸ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਸੂਬੇ ਦੇ ਸ਼ਹਿਰਾਂ ਦੀਆਂ ਨਾਲੀਆਂ ਵਿੱਚ ਵਿਅਰਥ ਵਗਣ ਵਾਲੇ ਪਾਣੀ ਨੂੰ ਟ੍ਰੀਟ ਕਰਨ ਲਈ ਵੱਡੇ ਪੱਧਰ ਤੇ ਸੀਵਰੇਜ ਟ੍ਰੀਟਮੈਂਟ ਪਲਾਟ ਲਗਾਏ ਜਾਣ। ਇਸ ਵੇਲੇ ਸੂਬੇ ਦੇ 163 ਸ਼ਹਿਰਾਂ ਵਿੱਚ ਪ੍ਰਤੀਦਿਨ 220 ਕਰੋੜ ਲੀਟਰ ਗੰਦੇ ਪਾਣੀ ਦੀ ਨਿਕਾਸੀ ਹੁੰਦੀ ਹੈ, ਜਦੋਂਕਿ ਇਸ ਪਾਣੀ ਨੂੰ ਸਾਫ ਕਰਨ ਲਈ ਸਿਰਫ 128 ਸ਼ਹਿਰਾਂ ਵਿੱਚ ਹੀ ਟਰੀਟਮਂੈਟ ਪਲਾਂਟ ਲੱਗੇ ਹਨ ਅਤੇ ਇਹਨਾਂ ਵਿੱਚੋਂ ਵੀ ਜਿਆਦਾਤਰ ਪਲਾਂਟ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੇ ਜਿਸ ਕਾਰਨ ਇਹ ਗੰਦਾ ਪਾਣੀ ਇਸੇ ਤਰ੍ਹਾਂ ਨਦੀ ਨਾਲਿਆਂ ਤਕ ਪਹੁੰਚ ਕੇ ਉਸ ਪਾਣੀ ਨੂੰ ਵੀ ਪ੍ਰਦੂਸ਼ਿਤ ਕਰਦਾ ਹੈ। ਇਸਦੇ ਨਾਲ ਨਾਲ ਵਿਅਰਥ ਜਾਂਦੇ ਬਰਸਾਤੀ ਪਾਣੀ ਨੂੰ ਜਮੀਨ ਹੇਠਾਂ ਭੇਜਣ ਲਈ ਲੋੜੀਂਦੇ ਪਲਾਟ ਲਗਾਉਣ ਦੀ ਲੋੜ ਹੈ ਤਾਂ ਜੋ ਲਗਾਤਾਰ ਹੇਠਾਂ ਜਾ ਰਹੇ ਪਾਣੀ ਦੇ ਪੱਧਰ ਨੂੰ ਬਚਾਇਆ ਜਾ ਸਕੇ ਵਰਨਾ ਆਉਣ ਵਾਲੇ ਦਹਾਕਿਆਂ ਵਿੱਚ ਪੰਜਾਬ ਦੀ ਧਰਤੀ ਪੂਰੀ ਤਰ੍ਹਾਂ ਬੰਜਰ ਹੋ ਜਾਵੇਗੀ।
Editorial
ਪੰਜਾਬ ਵਿੱਚ ਦਿਨੋਂ ਦਿਨ ਜ਼ਹਿਰੀਲੀ ਹੁੰਦੀ ਜਾ ਰਹੀ ਹੈ ਖੇਤੀ

ਸਬਜ਼ੀਆਂ ਤੇ ਕਣਕ ਉੱਪਰ ਵੀ ਹੁੰਦਾ ਹੈ ਕੀੜੇਮਾਰ ਦਵਾਈਆਂ ਦਾ ਅਸਰ * ਮੰਡੀਆਂ ਵਿੱਚ ਵੇਚੇ ਜਾ ਰਹੇ ਹਨ ਮਸਾਲਿਆਂ ਨਾਲ ਪਕਾਏ ਫਲ
ਇਸ ਸਮੇਂ ਅੰਬਾਂ ਦੇ ਦਰਖਤਾਂ ਤੇ ਬੂਰ ਆਇਆ ਹੋਇਆ ਹੈ, ਜਦੋਂਕਿ ਪੰਜਾਬ ਦੀਆਂ ਮਾਰਕੀਟਾਂ ਤੇ ਮੰਡੀਆਂ ਵਿੱਚ ਪੱਕੇ ਹੋਏ ਅੰਬ ਵਿਕਣ ਲਈ ਵੀ ਆ ਗਏ ਹਨ। ਜਿਸ ਤੋਂ ਪਤਾ ਚਲਦਾ ਹੈ ਕਿ ਇਹ ਅੰਬ ਹੋਰਨਾਂ ਰਾਜਾਂ ਤੋਂ ਆਏ ਹਨ ਅਤੇ ਮਸਾਲੇ ਜਾਂ ਕਿਸੇ ਹੋਰ ਰਸਾਇਣ ਨਾਲ ਪਕਾਏ ਹੋਏ ਹਨ।
ਇਹੀ ਹਾਲ ਹੋਰਨਾਂ ਫਲਾਂ ਅਤੇ ਸਬਜੀਆਂ ਦਾ ਵੀ ਹੈ। ਸਬਜੀਆਂ ਤੇ ਜਿਥੇ ਕੀੜੇਮਾਰ ਦਵਾਈਆਂ ਦਾ ਅਸਰ ਹੁੰਦਾ ਹੈ, ਉਥੇ ਫਲਾਂ ਨੂੰ ਮਸਾਲਿਆਂ ਅਤੇ ਰਸਾਇਣਾਂ ਨਾਲ ਪਕਾਇਆ ਜਾਂਦਾ ਹੈ ਤੇ ਫਿਰ ਇਹਨਾਂ ਨੂੰ ਸ਼ੈਂਪੂ ਵਿੱਚ ਧੋਇਆ ਦਿਤਾ ਜਾਂਦਾ ਹੈ। ਸਿਹਤ ਮਾਹਿਰ ਕਹਿੰਦੇ ਹਨ ਕਿ ਮਸਾਲੇ ਨਾਲ ਪਕਾਏ ਫਲਾਂ ਅਤੇ ਸਬਜੀਆਂ ਨੂੰ ਖਾਣ ਨਾਲ ਸਿਹਤ ਤੇ ਮਾੜਾ ਅਸਰ ਪੈ ਸਕਦਾ ਹੈ।
ਦੂਜੇ ਪਾਸੇ ਪੰਜਾਬ ਦੇ ਖੇਤਾਂ ਵਿੱਚ ਵੀ ਇਸ ਸਮੇਂ ਕਣਕ ਦੀ ਫਸਲ ਪੱਕ ਰਹੀ ਹੈ ਅਤੇ ਹਰੇ ਤੋਂ ਪੀਲਾ ਰੰਗ ਬਦਲ ਰਹੀ ਹੈ। ਸੋਨੇ ਰੰਗੀ ਫਸਲ ਨੂੰ ਖੇਤਾਂ ਵਿੱਚ ਖੜੀ ਦੇਖ ਕੇ ਕਿਸਾਨ ਖੁਸ਼ ਹੋ ਰਹੇ ਹਨ। ਦੂੁੁਜੇ ਪਾਸੇ ਇਹ ਵੀ ਅਸਲੀਅਤ ਹੈ ਕਿ ਕਣਕ ਦੀ ਫਸਲ ਨੂੰ ਕੀੜਿਆਂ ਤੋਂ ਬਚਾਉਣ ਅਤੇ ਪੈਦਾਵਾਰ ਵਿੱਚ ਵਾਧਾ ਕਰਨ ਲਈ ਕਿਸਾਨਾਂ ਵੱਲੋਂ ਇਸ ਫਸਲ ਤੇ ਰਸਾਇਣਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋ ਕੀਤੀ ਜਾਂਦੀ ਹੈ, ਜਿਸ ਦਾ ਅਸਰ ਕਣਕ ਨੂੰ ਖਾਣ ਵਾਲਿਆਂ ਤੇ ਵੀ ਹੋ ਸਕਦਾ ਹੈ।
ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਦੇਸ਼ ਦੇ ਅੰਨ-ਭੰਡਾਰ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬ ਵਲੋਂ ਹੀ ਪਾਇਆ ਜਾਂਦਾ ਹੈ। ਪੰਜਾਬ ਦੇ 12,000 ਤੋਂ ਵੱਧ ਪਿੰਡਾਂ ਵਿੱਚ ਰਹਿੰਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੀ ਹੈ। ਖੇਤੀਬਾੜੀ ਨਾਲ ਹਜ਼ਾਰਾਂ ਨਹੀਂ ਬਲਕਿ ਲੱਖਾਂ ਲੋਕ ਜੁੜੇ ਹੋਏ ਹਨ ਜਿਨ੍ਹਾਂ ਦੀ ਮਿਹਨਤ ਨਾਲ ਤਿਆਰ ਹੋਈ ਫਸਲ ਕਰੋੜਾਂ ਲੋਕਾਂ ਦਾ ਢਿੱਡ ਭਰਦੀ ਹੈ। ਪਰੰਤੂ ਤਸਵੀਰ ਦਾ ਦੂਜਾ ਪਾਸਾ ਇਹ ਵੀ ਹੈ ਕਿ ਪੰਜਾਬ ਦੀ ਧਰਤੀ ਤੇਜੀ ਨਾਲ ਜ਼ਹਿਰੀਲੀ ਹੋ ਰਹੀ ਹੈ। ਕਿਸਾਨਾਂ ਵੱਲੋਂ ਫ਼ਸਲਾਂ ਉੱਪਰ ਲਗਾਤਾਰ ਕੀਤੇ ਜਾਂਦੇ ਕੀੜੇਮਾਰ ਦਵਾਈਆਂ ਦੇ ਛਿੜਕਾਅ ਅਤੇ ਰਸਾਇਨਕ ਖ਼ਾਦਾਂ ਦੀ ਵੱਡੇ ਪੱਧਰ ਤੇ ਕੀਤੀ ਜਾਂਦੀ (ਦੁਰ) ਵਰਤੋਂ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ।
ਪੰਜਾਬ ਵਿੱਚ ਕਣਕ ਝੋਨਾ ਹੀ ਬੀਜਿਆ ਜਾਣ ਕਰਕੇ ਜ਼ਮੀਨ ਦੇ ਖ਼ੁਰਾਕੀ ਤੱਤ ਘਟਦੇ ਜਾ ਰਹੇ ਹਨ। ਵੱਡੇ ਤੱਤਾਂ ਦੀ ਗੱਲ ਹੀ ਛੱਡੋ ਹੁਣ ਤਾਂ ਜ਼ਮੀਨ ਵਿੱਚੋਂ ਜ਼ਿੰਕ, ਮੈਗ਼ਨੀਜ਼ ਅਤੇ ਲੋਹੇ ਵਰਗੇ ਛੋਟੇ ਤੱਤ ਵੀ ਘਟਦੇ ਜਾ ਰਹੇ ਹਨ। ਕਿਸਾਨਾਂ ਵੱਲੋਂ ਫ਼ਸਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਜਿਹੜੀਆਂ ਕੀੜੇਮਾਰ ਦਵਾਈਆਂ ਛਿੜਕੀਆਂ ਜਾਂਦੀਆਂ ਹਨ ਉਨ੍ਹਾਂ ਦਾ ਅਸਰ ਸਿਰਫ਼ ਕੀੜਿਆਂ ਉੱਪਰ ਹੀ ਨਹੀਂ ਬਲਕਿ ਸਬਜ਼ੀਆਂ ਉੱਪਰ ਵੀ ਹੋ ਜਾਂਦਾ ਹੈ। ਕਈ ਵਾਰ ਤਾਂ ਕਿਸਾਨ ਕੀੜੇਮਾਰ ਦਵਾਈਆਂ ਦੇ ਘੋਲ ਵਿੱਚ ਬੀਜ ਨੂੰ ਡੁਬੋ ਕੇ ਹੀ ਫ਼ਸਲ ਬੀਜਦੇ ਹਨ, ਜਿਸ ਕਾਰਨ ਬੀਜ ਹੀ ਜ਼ਹਿਰੀਲਾ ਹੋ ਜਾਂਦਾ ਹੈ। ਉਸ ਬੀਜ ਤੋਂ ਪੈਦਾ ਹੋਈ ਫ਼ਸਲ ਨੇ ਤਾਂ ਫਿਰ ਜ਼ਹਿਰੀਲਾ ਹੋਣਾ ਹੀ ਹੁੰਦਾ ਹੈ।
ਇਹ ਜ਼ਹਿਰੀਲੀ ਫ਼ਸਲ ਜਿੱਥੇ ਮਨੁੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਉੱਥੇ ਹੀ ਇਸ ਦਾ ਸਭ ਤੋਂ ਵੱਡਾ ਸ਼ਿਕਾਰ ਪੰਛੀ ਹੋਏ ਹਨ। ਅੱਜ ਪੰਜਾਬ ਦੇ ਆਕਾਸ਼ ਵਿੱਚੋਂ ਜਿੱਥੇ ਗਿਰਝਾਂ ਪੂਰੀ ਤਰ੍ਹਾਂ ਅਲੋਪ ਹੋ ਚੁੱਕੀਆਂ ਹਨ। ਉੱਥੇ ਚਿੜੀਆਂ ਵੀ ਗ਼ਾਇਬ ਹੋ ਚੁੱਕੀਆਂ ਹਨ। ਕਬੂਤਰਾਂ ਬਾਰੇ ਤਾਂ ਕਿਹਾ ਜਾਂਦਾ ਹੈ ਕਿ ਮੋਟਰਾਂ ਉੱਪਰ ਬਹਿੰਦੇ ਖੇਤ ਮਜ਼ਦੂਰ ਇਨ੍ਹਾਂ ਨੂੰ ਮਾਰ ਕੇ ਖਾ ਜਾਂਦੇ ਹਨ। ਇਸ ਤੋਂ ਇਲਾਵਾ ਜਿਸ ਪੰਜਾਬ ਵਿੱਚ ਕਿਸੇ ਸਮੇਂ ਹਰ ਪਾਸੇ ਮੋਰ ਪੈਲ਼ਾਂ ਪਾਉਂਦੇ ਫਿਰਦੇ ਹੁੰਦੇ ਸਨ, ਉਹ ਹੁਣ ਗ਼ਾਇਬ ਹੋ ਗਏ ਹਨ। ਪਹਿਲਾਂ ਲੋਕਾਂ ਦੇ ਕੋਠਿਆਂ ਉੱਪਰ ਮੋਰ ਅਤੇ ਮੋਰਨੀਆਂ ਆਉਂਦੇ ਸਨ ਪਰ ਹੁਣ ਬਾਂਦਰ ਆਉਂਦੇ ਹਨ। ਪਹਿਲਾਂ ਅਕਸਰ ਹੀ ਲੋਕਾਂ ਦੇ ਬਰਾਂਡਿਆਂ ਵਿੱਚ ਚਿੜੀਆਂ ਅਤੇ ਕਬੂਤਰ ਆਪਣੇ ਰਹਿਣ ਬਸੇਰਾ ਬਣਾ ਕੇ ਰੱਖਦੇ ਸਨ ਪਰ ਹੁਣ ਇਹ ਦਿਖਾਈ ਹੀ ਬਹੁਤ ਘੱਟ ਦਿੰਦੇ ਹਨ। ਇਸ ਸਭ ਦਾ ਕਾਰਨ ਜ਼ਹਿਰੀਲੀ ਖੇਤੀ ਨੂੰ ਮੰਨਿਆ ਜਾਂਦਾ ਹੈ।
ਪੰਜਾਬ ਦੀ ਜਿਹੜੀ ਧਰਤੀ ਕਦੇ ਸੋਨਾ ਉਗ਼ਲਦੀ ਸੀ ਉਹੀ ਧਰਤੀ ਹੁਣ ਜ਼ਹਿਰੀਲੀਆਂ ਸਬਜ਼ੀਆਂ ਪੈਦਾ ਕਰ ਰਹੀ ਹੈ। ਕਣਕ ਅਤੇ ਹੋਰ ਫ਼ਸਲਾਂ ਉੱਪਰ ਕਿਸਾਨਾਂ ਵੱਲੋਂ ਜੋ ਕੀੜੇਮਾਰ ਦਵਾਈਆਂ ਛਿੜਕੀਆਂ ਜਾਂਦੀਆਂ ਹਨ। ਉਨ੍ਹਾਂ ਦਾ ਅਸਰ ਸਭ ਤੋਂ ਜ਼ਿਆਦਾ ਪੰਛੀਆਂ ਉੱਪਰ ਹੁੰਦਾ ਹੈ। ਇਸ ਤੋਂ ਇਲਾਵਾ ਕਈ ਕਿਸਾਨਾਂ ਨੇ ਫ਼ਲਾਂ ਦੇ ਬਾਗ ਲਗਾਏ ਹੁੰਦੇ ਹਨ। ਇਨ੍ਹਾਂ ਫਲਾਂ ਨੂੰ ਕੀੜੇਮਾਰ ਦਵਾਈਆਂ ਛਿੜਕ ਛਿੜਕ ਕੇ ਜਿੱਥੇ ਕਿਸਾਨ ਜ਼ਹਿਰੀਲਾ ਬਣਾ ਦਿੰਦੇ ਹਨ ਉੱਥੇ ਹੀ ਇਨ੍ਹਾਂ ਫ਼ਲਾਂ ਨੂੰ ਠੁੰਗ ਮਾਰ ਕੇ ਪੰਛੀ ਵੀ ਅਣ-ਆਈ ਮੌਤ ਮਰਦੇ ਹਨ। ਕੁਝ ਲੋਕ ਇਹ ਕਹਿੰਦੇ ਹਨ ਕਿ ਪੰਛੀਆਂ ਉੱਪਰ ਇਨ੍ਹਾਂ ਕੀੜੇਮਾਰ ਦਵਾਈਆਂ ਦਾ ਅਸਰ ਤੁਰੰਤ ਨਹੀਂ ਹੁੰਦਾ ਬਲਕਿ ਹੌਲ਼ੀ ਹੌਲ਼ੀ ਹੁੰਦਾ ਹੈ ਕਿਉਂਕਿ ਫ਼ਲ ਅਤੇ ਸਬਜ਼ੀਆਂ ਤੇ ਹੋਰ ਫ਼ਸਲ ਕੁਝ ਹੱਦ ਤੱਕ ਜ਼ਹਿਰੀਲੀਆਂ ਹੁੰਦੀਆਂ ਹਨ। ਹੌਲ਼ੀ-ਹੌਲ਼ੀ ਅਸਰ ਕਰਨ ਵਾਲਾ ਇਹ ਜਹਿਰ ਪੰਛੀਆਂ ਲਈ ਜਾਨਲੇਵਾ ਸਾਬਿਤ ਹੁੰਦਾ ਹੈ। ਪਹਿਲਾਂ ਕਿਸਾਨ ਖੇਤਾਂ ਵਿੱਚ ਦੇਸੀ ਰੂੜ੍ਹੀ ਖ਼ਾਦ ਪਾਉਂਦੇ ਸਨ ਪਰ ਹੁਣ ਕਿਸਾਨ ਰਸਾਇਨਿਕ ਖ਼ਾਦਾਂ ਦੀ ਵਰਤੋਂ ਕਰਦੇ ਹਨ ਜਿਸ ਕਰਕੇ ਧਰਤੀ ਦੀ ਉਪਜਾਊ ਸ਼ਕਤੀ ਘਟਦੀ ਜਾ ਰਹੀ ਹੈ।
ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਪੰਜਾਬ ਨੇ ਸਨਅਤੀ, ਵਿਦਿਅਕ ਤੇ ਹੋਰ ਖੇਤਰਾਂ ਵਿੱਚ ਅਹਿਮ ਤਰੱਕੀ ਕੀਤੀ ਹੈ। ਜਿਸਦਾ ਸਬੂਤ ਲੁਧਿਆਣਾ ਤੇ ਹੋਰ ਸ਼ਹਿਰਾਂ ਵਿੱਚ ਚਲਦੇ ਕਾਰਖਾਨਿਆਂ ਅਤੇ ਹਰ ਸ਼ਹਿਰ ਤੇ ਪਿੰਡ ਦੀ ਗਲੀ-ਮੋੜ ਤੇ ਖੁੱਲੇ ਸਕੂਲ/ਕਾਲਜਾਂ ਤੋਂ ਵੀ ਮਿਲ ਜਾਂਦੀ ਹੈ। ਪੰਜਾਬ ਦੇ ਵਿਕਾਸ ਦੀ ਤਸਵੀਰ ਦਾ ਦੂਜਾ ਪਾਸਾ ਬੜਾ ਭਿਅੰਕਰ ਹੈ। ਵਾਹੀਯੋਗ ਜ਼ਮੀਨ ਕਿੱਲਿਆਂ ਦੇ ਹਿਸਾਬ ਨਾਲ ਵੇਚੀ ਜਾ ਰਹੀ ਹੈ ਜਿਸ ਉਪਰ ਬਹੁਮੰਜ਼ਲੀ ਇਮਾਰਤਾਂ ਦੀ ਉਸਾਰੀ ਹੋ ਰਹੀ ਹੈ। ਹਰ ਪਾਸੇ ਹੋ ਰਹੀ ਬਹੁਮੰਜ਼ਿਲੀ ਇਮਾਰਤਾਂ ਦੀ ਉਸਾਰੀ ਨੂੰ ਵਿਕਾਸ ਦਾ ਨਾਂਅ ਦਿੱਤਾ ਜਾ ਰਿਹਾ ਹੈ।
ਜੇਕਰ ਕੁਦਰਤੀ ਖੇਤੀ ਦੀ ਗਲ ਕੀਤੀ ਜਾਵੇ ਤਾਂ ਅੱਜ ਕੱਲ ਕੁਦਰਤੀ ਖੇਤੀ ਅਲੋਪ ਜਿਹੀ ਹੋ ਗਈ ਹੈ ਅਤੇ ਹਰ ਪਾਸੇ ਰਸਾਇਨਿਕ ਖਾਦਾਂ, ਕੀੜੇਮਾਰ ਦਵਾਈਆਂ, ਹਾਈਬ੍ਰਿਡ ਬੀਜ਼ਾਂ ਦੀ ਭਰਮਾਰ ਦਿਖਦੀ ਹੈ। ਹੁਣ ਤਾਂ ਸਰਦੀਆਂ ਵਿੱਚ ਮਿਲਣ ਵਾਲੀ ਗੋਭੀ ਤੇ ਮੂਲੀਆਂ ਵੀ ਗਰਮੀ ਵਿੱਚ ਮਿਲ ਜਾਂਦੀਆਂ ਹਨ ਤੇ ਲੋਕ ਇਨਾਂ ਨੂੰ ਖਰੀਦ ਕੇ ਖਾ ਵੀ ਲੈਂਦੇ ਹਨ। ਇਹ ਵੀ ਅਸਲ ਵਿੱਚ ਹਾਈਬ੍ਰਿਡ ਬੀਜ਼ਾਂ ਦਾ ਹੀ ਕਮਾਲ ਹੈ। ਹਾਲਾਂਕਿ ਹੁਣ ਪੰਜਾਬ ਦੇ ਕੁਝ ਕਿਸਾਨ ਹੁਣ ਕੁਦਰਤੀ ਖੇਤੀ ਵੀ ਕਰਨ ਲੱਗ ਪਏ ਹਨ ਅਤੇ ਮੰਡੀਆਂ ਤੇ ਬਾਜ਼ਾਰ ਵਿੱਚ ਕੁਦਰਤੀ ਖੇਤੀ ਨਾਲ ਉਗਾਈਆਂ ਸਬਜੀਆਂ ਵੀ ਮਿਲਣ ਲੱਗ ਪਈਆਂ ਹਨ ਪਰੰਤੂ ਇਹਨਾਂ ਦੀ ਆਮਦ ਕਾਫੀ ਘੱਟ ਹੈ ਅਤੇ ਕੁਦਰਤੀ ਢੰਗਾਂ ਨਾਲ ਉਗਾਈਆਂ ਜਾਂਦੀਆਂ ਸਬਜੀਆਂ ਦਾ ਉਤਪਾਦਨ ਵੱਡੇ ਪੱਧਰ ਤੇ ਕਰਨਾ ਚਾਹੀਦਾ ਹੈ।
ਕਈ ਲੋਕ ਅਜਿਹੇ ਵੀ ਹਨ ਜੋ ਕਿ ਇਹ ਕਹਿੰਦੇ ਹਨ ਕਿ ਕੁਦਰਤੀ ਖੇਤੀ ਵੱਲ ਸਰਕਾਰ ਹੀ ਧਿਆਨ ਨਹੀਂ ਦਿੰਦੀ ਅਤੇ ਖੇਤੀ ਵਿਭਿੰਨਤਾ ਲਈ ਵੀ ਸਰਕਾਰ ਕੁਝ ਨਹੀਂ ਕਰ ਰਹੀ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਫਸਲੀ ਵਿਭਿੰਨਤਾ ਲਈ ਕਿਸਾਨਾਂ ਨੂੰ ਉਤਸਾਹਿਤ ਕਰੇ ਅਤੇ ਸਾਰੀਆਂ ਹੀ ਫਸਲਾਂ ਦਾ ਮੰਡੀਕਰਨ ਕੀਤਾ ਜਾਵੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਕੁਦਰਤੀ ਖੇਤੀ ਵਲ ਧਿਆਨ ਦੇਣ। ਕੁਦਰਤੀ ਖੇਤੀ ਕਰਨ ਨਾਲ ਸਬਜ਼ੀਆਂ ਤੇ ਕਣਕ ਉੱਪਰ ਕੀੜੇਮਾਰ ਦਵਾਈਆਂ ਦਾ ਪ੍ਰਭਾਵ ਘੱਟ ਹੋਵੇਗਾ ਤੇ ਲੋਕਾਂ ਦੀ ਸਿਹਤ ਉੱਪਰ ਵੀ ਮਾਰੂ ਅਸਰ ਨਹੀਂ ਪਵੇਗਾ। ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ।
ਬਿਊਰੋ
Editorial
ਸਿੱਖਿਆ ਦਾ ਮਾਪਦੰਡ : ਅੰਕ ਜਾਂ ਅਕਲ?
ਅੱਜਕੱਲ੍ਹ, ਸਾਡੀ ਸਿੱਖਿਆ ਪ੍ਰਣਾਲੀ ਇੱਕ ਅਜਿਹੇ ਮੋੜ ਤੇ ਖੜ੍ਹੀ ਹੈ ਜਿੱਥੇ ਅੰਕਾਂ ਨੂੰ ਗਿਆਨ ਅਤੇ ਸਫ਼ਲਤਾ ਦਾ ਪ੍ਰਮੁੱਖ ਮਾਪਦੰਡ ਮੰਨਿਆ ਜਾਂਦਾ ਹੈ। ਮਾਪਿਆਂ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਅੰਕ ਪ੍ਰਾਪਤ ਕਰਨ ਲਈ ਲਗਾਤਾਰ ਉਤਸ਼ਾਹਿਤ ਕੀਤਾ ਜਾਂਦਾ ਹੈ, ਜਿਸ ਕਾਰਨ ਵਿਦਿਆਰਥੀਆਂ ਤੇ ਬਹੁਤ ਜ਼ਿਆਦਾ ਦਬਾਅ ਪੈਂਦਾ ਹੈ। ਵਿਦਿਆਰਥੀਆਂ ਨੂੰ ਲਗਾਤਾਰ ਉੱਚ ਅੰਕ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਕਾਬਲੀਅਤ ਨੂੰ ਅਕਸਰ ਉਨ੍ਹਾਂ ਦੇ ਅੰਕਾਂ ਦੇ ਆਧਾਰ ਤੇ ਹੀ ਪਰਖਿਆ ਜਾਂਦਾ ਹੈ।
ਸਵਾਲ ਇਹ ਉੱਠਦਾ ਹੈ ਕਿ ਕੀ ਇਹ ਸਿੱਖਿਆ ਦਾ ਸਹੀ ਤਰੀਕਾ ਹੈ? ਕੀ ਅੰਕ ਹੀ ਇੱਕ ਵਿਦਿਆਰਥੀ ਦੀ ਸਿੱਖਣ ਦੀ ਸਮਰੱਥਾ ਅਤੇ ਭਵਿੱਖ ਦੀ ਸਫ਼ਲਤਾ ਦਾ ਸਹੀ ਮਾਪਦੰਡ ਹੋਣੇ ਚਾਹੀਦੇ ਹਨ? ਅਸਲ ਸਿੱਖਿਆ, ਅੰਕਾਂ ਦੇ ਛੋਟੇ ਦਾਇਰੇ ਤੋਂ ਕਿਤੇ ਵੱਧ ਵਿਆਪਕ ਹੈ। ਇਹ ਸਿਰਫ਼ ਕਿਤਾਬੀ ਗਿਆਨ ਤੱਕ ਹੀ ਸੀਮਤ ਨਹੀਂ ਹੋਣੀ ਚਾਹੀਦੀ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਅਜਿਹੇ ਹੁਨਰ ਅਤੇ ਗਿਆਨ ਪ੍ਰਦਾਨ ਕਰਨਾ ਹੋਣਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਅਸਲ ਜੀਵਨ ਵਿੱਚ ਸਫ਼ਲ ਹੋਣ ਲਈ ਤਿਆਰ ਕਰਨ। ਇਸ ਵਿੱਚ ਆਲੋਚਨਾਤਮਕ ਸੋਚ, ਸਮੱਸਿਆ ਹੱਲ ਕਰਨ ਦੇ ਹੁਨਰ, ਰਚਨਾਤਮਕਤਾ ਅਤੇ ਸਮਾਜਿਕ ਹੁਨਰ ਵੀ ਇਸ ਵਿੱਚ ਸ਼ਾਮਲ ਹਨ। ਅਸਲ ਸਿੱਖਿਆ ਵਿਦਿਆਰਥੀਆਂ ਨੂੰ ਸਿਰਫ਼ ਜਾਣਕਾਰੀ ਯਾਦ ਕਰਨ ਦੀ ਬਜਾਏ, ਸੋਚਣ ਅਤੇ ਸਮਝਣ ਲਈ ਪ੍ਰੇਰਿਤ ਕਰਦੀ ਹੈ।
ਅੱਜ ਦੀ ਸਿੱਖਿਆ ਪ੍ਰਣਾਲੀ ਵਿੱਚ, ਵਿਦਿਆਰਥੀਆਂ ਨੂੰ ਅਕਸਰ ਰੱਟਾ ਲਗਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਉਹਨਾਂ ਨੂੰ ਸਿਰਫ਼ ਪਾਠ ਪੁਸਤਕਾਂ ਵਿੱਚ ਦਿੱਤੀ ਜਾਣਕਾਰੀ ਨੂੰ ਯਾਦ ਕਰਨ ਲਈ ਕਿਹਾ ਜਾਂਦਾ ਹੈ। ਇਹ ਵਿਦਿਆਰਥੀਆਂ ਨੂੰ ਅਸਲ ਵਿੱਚ ਸਿੱਖਣ ਅਤੇ ਗਿਆਨ ਨੂੰ ਅਸਲ ਜੀਵਨ ਵਿੱਚ ਲਾਗੂ ਕਰਨ ਤੋਂ ਰੋਕਦਾ ਹੈ। ਇਸ ਦੀ ਬਜਾਏ, ਸਿੱਖਿਆ ਨੂੰ ਅਜਿਹੇ ਤਰੀਕਿਆਂ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ ਜੋ ਵਿਦਿਆਰਥੀਆਂ ਨੂੰ ਸੋਚਣ, ਸਵਾਲ ਪੁੱਛਣ ਅਤੇ ਆਪਣੇ ਵਿਚਾਰਾਂ ਨੂੰ ਵਿਕਸਿਤ ਕਰਨ ਲਈ ਉਤਸ਼ਾਹਿਤ ਕਰਦੇ ਹਨ।
ਅਕਲ, ਸਿੱਖਿਆ ਦਾ ਇੱਕ ਅਨਿੱਖੜਵਾਂ ਅੰਗ ਹੈ। ਇਸ ਵਿੱਚ ਵਿਦਿਆਰਥੀਆਂ ਨੂੰ ਆਪਣੇ ਗਿਆਨ ਨੂੰ ਅਸਲ-ਜ਼ਿੰਦਗੀ ਦੀਆਂ ਸਥਿਤੀਆਂ ਵਿੱਚ ਲਾਗੂ ਕਰਨ ਦੀ ਯੋਗਤਾ ਸ਼ਾਮਲ ਹੈ। ਇਹ ਵਿਦਿਆਰਥੀਆਂ ਨੂੰ ਸਮੱਸਿਆਵਾਂ ਨੂੰ ਹੱਲ ਕਰਨ, ਨਵੇਂ ਵਿਚਾਰਾਂ ਨਾਲ ਆਉਣ ਅਤੇ ਆਪਣੇ ਆਲੇ-ਦੁਆਲੇ ਦੀ ਦੁਨੀਆ ਨੂੰ ਸਮਝਣ ਵਿੱਚ ਮਦਦ ਕਰਦਾ ਹੈ। ਅੱਜ ਦੀ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ, ਅਕਲ ਪਹਿਲਾਂ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੈ। ਵਿਦਿਆਰਥੀਆਂ ਨੂੰ ਅਜਿਹੇ ਹੁਨਰਾਂ ਦੀ ਲੋੜ ਹੁੰਦੀ ਹੈ ਜੋ ਉਹਨਾਂ ਨੂੰ ਨਵੀਂ ਜਾਣਕਾਰੀ ਨੂੰ ਜਲਦੀ ਸਿੱਖਣ ਅਤੇ ਅਨੁਕੂਲ ਬਣਾਉਣ ਵਿੱਚ ਮਦਦ ਕਰਨ।
ਸਾਡੀ ਸਿੱਖਿਆ ਪ੍ਰਣਾਲੀ ਨੂੰ ਅਜਿਹੇ ਤਰੀਕਿਆਂ ਨਾਲ ਬਦਲਣ ਦੀ ਲੋੜ ਹੈ ਜੋ ਅੰਕਾਂ ਦੀ ਬਜਾਏ ਅਕਲ ਨੂੰ ਉਤਸ਼ਾਹਿਤ ਕਰਦੇ ਹਨ। ਇਸ ਵਿੱਚ ਵਿਦਿਆਰਥੀਆਂ ਨੂੰ ਅਸਲ-ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਪ੍ਰੋਜੈਕਟਾਂ ਤੇ ਕੰਮ ਕਰਨ ਦੇ ਮੌਕੇ ਪ੍ਰਦਾਨ ਕਰਨਾ ਸ਼ਾਮਲ ਹੈ। ਸਿੱਖਿਆ ਨੂੰ ਅਜਿਹੇ ਤਰੀਕਿਆਂ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ ਜੋ ਵਿਦਿਆਰਥੀਆਂ ਨੂੰ ਸੋਚਣ, ਸਵਾਲ ਪੁੱਛਣ ਅਤੇ ਆਪਣੇ ਵਿਚਾਰਾਂ ਨੂੰ ਵਿਕਸਿਤ ਕਰਨ ਲਈ ਉਤਸ਼ਾਹਿਤ ਕਰਦੇ ਹਨ। ਅਧਿਆਪਕਾਂ ਨੂੰ ਸਿਰਫ਼ ਜਾਣਕਾਰੀ ਦੇਣ ਵਾਲੇ ਨਹੀਂ, ਸਗੋਂ ਵਿਦਿਆਰਥੀਆਂ ਦੇ ਸਿੱਖਣ ਦੇ ਮਾਰਗਦਰਸ਼ਕ ਬਣਨਾ ਚਾਹੀਦਾ ਹੈ।
ਇਸ ਤੋਂ ਇਲਾਵਾ, ਸਾਨੂੰ ਵਿਦਿਆਰਥੀਆਂ ਨੂੰ ਸਮਾਜਿਕ ਅਤੇ ਭਾਵਨਾਤਮਕ ਹੁਨਰ ਸਿਖਾਉਣ ਦੀ ਲੋੜ ਹੈ। ਇਸ ਵਿੱਚ ਸਹਿਯੋਗ, ਸੰਚਾਰ ਅਤੇ ਸਮੱਸਿਆ ਹੱਲ ਕਰਨ ਦੇ ਹੁਨਰ ਸ਼ਾਮਲ ਹਨ। ਇਹ ਹੁਨਰ ਵਿਦਿਆਰਥੀਆਂ ਨੂੰ ਨਾ ਸਿਰਫ਼ ਉਨ੍ਹਾਂ ਦੇ ਕੈਰੀਅਰ ਵਿੱਚ ਸਫ਼ਲ ਹੋਣ ਵਿੱਚ ਮਦਦ ਕਰਨਗੇ, ਸਗੋਂ ਉਨ੍ਹਾਂ ਨੂੰ ਇੱਕ ਖੁਸ਼ਹਾਲ ਅਤੇ ਸੰਤੁਸ਼ਟ ਜੀਵਨ ਜਿਉਣ ਵਿੱਚ ਵੀ ਮਦਦ ਕਰਨਗੇ। ਇਸ ਤੋਂ ਇਲਾਵਾ, ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਵੀ ਬਹੁਤ ਜ਼ਰੂਰੀ ਹੈ। ਸਿੱਖਿਆ ਦਾ ਉਦੇਸ਼ ਸਿਰਫ਼ ਵਿਦਿਆਰਥੀਆਂ ਨੂੰ ਗਿਆਨ ਦੇਣਾ ਨਹੀਂ, ਸਗੋਂ ਉਨ੍ਹਾਂ ਨੂੰ ਜ਼ਿੰਮੇਵਾਰ ਅਤੇ ਸਿਹਤਮੰਦ ਨਾਗਰਿਕ ਬਣਾਉਣਾ ਵੀ ਹੈ।
ਅਸਲ ਸਿੱਖਿਆ ਸਿਰਫ਼ ਅੰਕਾਂ ਤੱਕ ਸੀਮਿਤ ਨਹੀਂ ਹੈ। ਇਹ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਫ਼ਲ ਹੋਣ ਲਈ ਲੋੜੀਂਦੇ ਹੁਨਰ ਅਤੇ ਗਿਆਨ ਪ੍ਰਦਾਨ ਕਰਨ ਬਾਰੇ ਹੈ। ਸਾਨੂੰ ਆਪਣੀ ਸਿੱਖਿਆ ਪ੍ਰਣਾਲੀ ਵਿੱਚ ਅਜਿਹੇ ਬਦਲਾਅ ਕਰਨੇ ਚਾਹੀਦੇ ਹਨ ਜੋ ਅੰਕਾਂ ਦੀ ਬਜਾਏ ਬੁੱਧੀ, ਰਚਨਾਤਮਕਤਾ ਅਤੇ ਸਮਾਜਿਕ ਹੁਨਰਾਂ ਨੂੰ ਉਤਸ਼ਾਹਿਤ ਕਰਨ। ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਸਾਡੇ ਵਿਦਿਆਰਥੀ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਸਫ਼ਲ ਹੋਣ ਲਈ ਤਿਆਰ ਹਨ।
ਚਾਨਣਦੀਪ ਸਿੰਘ ਔਲਖ, ਪਿੰਡ ਗੁਰਨੇ ਖ਼ੁਰਦ (ਮਾਨਸਾ),
ਸੰਪਰਕ : 9876888177
-
International2 months ago
ਹਸੀਨਾ ਦੇ ਨਜ਼ਦੀਕੀਆਂ ਦੇ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਅਵਾਮੀ ਲੀਗ ਦੇ ਨੇਤਾਵਾਂ ਦੇ ਘਰਾਂ ਦੀ ਭੰਨਤੋੜ
-
International1 month ago
ਛੇ ਅਮਰੀਕੀ ਸੰਸਦ ਮੈਂਬਰਾਂ ਨੇ ਅਡਾਨੀ ਖਿਲਾਫ਼ ਮੁਕੱਦਮੇ ਲਈ ਨਵੇਂ ਅਟਾਰਨੀ ਜਨਰਲ ਨੂੰ ਪੱਤਰ ਲਿਖਿਆ
-
Editorial1 month ago
ਆਰਥਿਕ ਤਬਾਹੀ ਤੋਂ ਬਚਣ ਲਈ ਆਪਣੇ ਖਰਚੇ ਘੱਟ ਕਰਨ ਪੰਜਾਬੀ
-
National2 months ago
ਸਾਬਰਮਤੀ ਬੁਲੇਟ ਟਰੇਨ ਸਟੇਸ਼ਨ ਤੇ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
-
Chandigarh1 month ago
ਅਨੁਰਾਗ ਰਸਤੋਗੀ ਹਰਿਆਣਾ ਦੇ ਮੁੱਖ ਸਕੱਤਰ ਨਿਯੁਕਤ
-
National1 month ago
ਖੁਦ ਨੂੰ ਚੁਣੌਤੀ ਦੇਣ ਪਰ ਪ੍ਰੀਖਿਆ ਦਾ ਦਬਾਅ ਨਾ ਲੈਣ ਵਿਦਿਆਰਥੀ : ਨਰਿੰਦਰ ਮੋਦੀ
-
National2 months ago
ਮਾਂਝਾ ਫੈਕਟਰੀ ਵਿੱਚ ਧਮਾਕਾ ਹੋਣ ਕਾਰਨ ਮਾਲਕ ਸਮੇਤ ਤਿੰਨ ਵਿਅਕਤੀਆਂ ਦੀ ਮੌਤ
-
National2 months ago
ਦੋ ਵਾਹਨਾਂ ਦੀ ਟੱਕਰ ਦੌਰਾਨ ਦੋ ਵਿਅਕਤੀਆਂ ਦੀ ਮੌਤ, ਸੱਤ ਜ਼ਖਮੀ