Connect with us

Mohali

ਨਗਰ ਨਿਗਮ ਦੀ ਮੀਟਿੰਗ ਵਿੱਚ 211 ਕਰੋੜ 19 ਲੱਖ ਦਾ ਬਜਟ ਪਾਸ

Published

on

 

ਵੱਖ ਵੱਖ ਕੌਂਸਲਰਾਂ ਨੇ ਆਪੋ ਆਪਣੇ ਮੁੱਦਿਆਂ ਤੇ ਕੀਤੀ ਭਖਵੀਂ ਬਹਿਸ

ਐਸ ਏ ਐਸ ਨਗਰ, 27 ਮਾਰਚ (ਸ.ਬ.) ਨਗਰ ਨਿਗਮ ਦੀ ਅੱਜ ਹੋਈ ਸਪੈਸ਼ਲ ਮੀਟਿੰਗ ਦੌਰਾਨ ਨਗਰ ਨਿਗਮ ਦੇ ਸਾਲ 2025 ਦੇ ਬਜਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਇਸਦੇ ਨਾਲ ਹੀ ਸਾਲ 2024-25 ਦੇ ਰਿਵਾਈਜ਼ ਕੀਤੇ ਬਜਟ ਨੂੰ ਵੀ ਮੰਜੂਰੀ ਦੇ ਦਿੱਤੀ ਗਈ। ਨਗਰ ਨਿਗਮ ਦੇ ਮੇਅਰ ਸz. ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਜਿੱਥੇ ਵੱਖ ਵੱਖ ਕੌਂਸਲਰਾਂ ਵਲੋਂ ਆਪੋ ਆਪਣੇ ਵਾਰਡਾਂ ਦੇ ਮੁੱਦੇ ਚੁੱਕੇ ਗਏ ਉੱਥੇ ਇਸ ਦੌਰਾਨ ਨਗਰ ਨਿਗਮ ਦੇ ਕੌਂਸਲਰ ਅਤੇ ਹਲਕਾ ਵਿਧਾਇਕ ਦੇ ਪੁੱਤਰ ਸਰਬਜੀਤ ਸਿੰਘ ਸਮਾਣਾ ਅਤੇ ਮੇਅਰ ਵਿਚਾਲੇ ਤਲਖ ਕਲਾਮੀ ਵੀ ਹੋਈ।

ਨਗਰ ਨਿਗਮ ਵਲੋਂ ਸਾਲ 2025-26 ਲਈ ਪੇਸ਼ ਕੀਤੇ ਬਜਟ ਵਿੱਚ 21119.00 ਲੱਖ ਰੁਪਏ ਦੀ ਆਮਦਨ ਤਜਵੀਜ ਕੀਤੀ ਗਈ ਹੈ ਅਤੇ ਅਮਲਾ, ਕੰਟੀਜੇਂਸੀ ਅਤੇ ਵਿਕਾਸ ਦੇ ਕੰਮਾਂ ਲਈ ਵੀ 21119.00 ਲੱਖ ਰੁਪਏ ਦਾ ਖਰਚਾ ਤਜ਼ਵੀਜ਼ ਕੀਤਾ ਗਿਆ ਹੈ। ਨਗਰ ਨਿਗਮ ਨੂੰ ਹੋਣ ਵਾਲੀ ਆਮਦਨ ਵਿੱਚੋਂ ਪ੍ਰਾਪਰਟੀ ਟੈਕਸ ਦੀ ਮੱਦ ਅਧੀਨ 5500.00 ਲੱਖ ਰੁਪਏ, ਪੰਜਾਬ ਮਿਉਂਸਪਲ ਫੰਡ ਤਹਿਤ 10000.00 ਲੱਖ ਰੁਪਏ, ਬਿਜਲੀ ਉਪਰ ਚੂੰਗੀ ਤਹਿਤ 1000.00 ਲੱਖ ਰੁਪਏ, ਅਡੀਸ਼ਨਲ ਐਕਸਾਈਜ਼ ਡਿਊਟੀ ਤਹਿਤ 450.00 ਲੱਖ ਰੁਪਏ ਰੈਂਟ ਫੀਸ/ਸਮਝੌਤਾ ਫੀਸ ਤਹਿਤ 50.00 ਲੱਖ ਰੁਪਏ, ਕਮਿਊਨਿਟੀ ਹਾਲ ਬੁਕਿੰਗ ਫੀਸ ਤਹਿਤ 45.00ਲੱਖ ਰੁਪਏ, ਵਿਗਿਆਪਨਾਂ ਤੋਂ ਹੋਣ ਵਾਲੀ ਆਮਦਨ ਤਹਿਤ 2750.00 ਲੱਖ ਰੁਪਏ, ਵਾਟਰ ਸਪਲਾਈ ਅਤੇ ਸੀਵਰੇਜ਼ ਤਹਿਤ 580.00 ਲੱਖ ਰੁਪਏ, ਬਿਲਡਿੰਗ ਐਪਲੀਕੇਸ਼ਨ ਫੀਸ ਤਹਿਤ 35.00 ਲੱਖ ਰੁਪਏ, ਲਾਇਸੈਂਸ ਫੀਸ ਤਹਿਤ 45.00 ਲੱਖ ਰੁਪਏ ਅਤੇ ਹੋਰ ਮਦਾਂ ਜਿਵੇਂ ਕੈਟਲਪਾਉਂਡ, ਸਲਾਟਰ ਹਾਊਸ, ਅਤੇ ਮਿਸਲੇਨਿਅਸ ਇਨਕਮ ਅਧੀਨ 564.00 ਲੱਖ ਰੁਪਏ ਦੀ ਆਮਦਨ ਤਜਵੀਜ ਕੀਤੀ ਗਈ ਹੈ।

ਨਗਰ ਨਿਗਮ ਵਲੋਂ ਕੀਤੇ ਜਾਣ ਵਾਲੇ ਖਰਚੇ ਵਿੱਚ ਅਮਲਾ ਤੇ ਮੱਦ ਅਧੀਨ ਰੈਗੂਲਰ ਅਸਾਮੀਆਂ ਦਾ ਖਰਚਾ, ਰਿਟਾਇਰਮੈਂਟ ਡਿਉਜ, ਦਫ਼ਤਰੀ ਕੰਮ ਲਈ ਸਟਾਫ, ਫਾਇਰ ਸ਼ਾਖਾ, ਹੋਰਟੀਕਲਚਰ, ਬਿਜਲੀ ਸ਼ਾਖਾ, ਕੈਟਲ ਕੈਚਰ, ਫੋਗਿੰਗ ਅਤੇ ਕੰਮਿਉਨਿਟੀ ਹਾਲ ਦੇ ਰੱਖ-ਰਖਾਵ ਵਿੱਚ ਆਉਟ ਸੋਰਸਜ਼ ਰਾਂਹੀ ਭਰੀਆਂ ਗਈਆਂ ਅਸਾਮੀਆਂ ਅਤੇ ਨਵੀਂ ਇੰਨਸੋਰਸ ਦਰਜਾ-4 ਅਸਾਮੀਆਂ ਜਿਵੇਂ ਕਿ ਸਫਾਈ ਸੇਵਕ/ਸੀਵਰਮੈਂਨ ਆਦਿ ਉਪਰ ਲਗਭਗ ਖਰਚਾ 7500.00 ਲੱਖ ਰੁਪਏ ਹੋਣ ਦੀ ਸੰਭਾਵਨਾ ਹੈ। ਕੰਟੀਜੈਂਸੀ ਖਰਚੇ ਅਧੀਨ 719.00 ਲੱਖ ਰੁਪਏ ਅਤੇ ਵਿਕਾਸ ਦੇ ਕੰਮਾਂ ਤੇ ਖਰਚੇ ਦੀ ਮਦ ਵਿੱਚ ਕੁੱਲ ਖਰਚਾ 12900.00 ਲੱਖ ਰੁਪਏ ਤਜਵੀਜ ਕੀਤਾ ਗਿਆ ਹੈ।

ਮੀਟਿੰਗ ਦੌਰਾਨ ਵਾਰਡ ਨੰਬਰ 1 ਦੀ ਕੌਂਸਲ ਵਲੋਂ ਫੇਜ਼ 3 ਏ ਵਿੱਚ ਬਣੇ ਆਰ ਐਮ ਸੀ ਕੇਂਦਰ ਦਾ ਮੁੱਦਾ ਚੁੱਕਿਆ ਗਿਆ। ਉਹਨਾਂ ਕਿਹਾ ਕਿ ਇਸ ਥਾਂ ਤੇ ਗੰਦਗੀ ਦੀ ਭਰਮਾਰ ਹੈ ਅਤੇ ਇੱਥੇ ਭਾਰੀ ਬਦਬੂ ਕਾਰਨ ਆਸਪਾਸ ਦੇ ਵਸਨੀਕਾਂ ਦਾ ਜੀਵਨ ਨਰਕ ਹੋ ਗਿਆ ਹੈ। ਉਹਨਾਂ ਕਿਹਾ ਕਿ ਮੇਅਰ ਸਾਹਿਬ ਕਹਿੰਦੇ ਹਨ ਕਿ ਸ਼ਹਿਰ ਦੇ ਸਾਰੇ ਐਂਟਰੀ ਪਾਇੰਟਾ ਨੂੰ ਖੂਬਸੂਰਤ ਬਣਾਇਆ ਜਾਵੇਗਾ ਪਰੰਤੂ ਇਸ ਐਂਟਰੀ ਪਾਇੰਟ ਤੇ ਹਰ ਵੇਲੇ ਕੂੜੇ ਅਤੇ ਗੰਦਗੀ ਨਾਲ ਭਰੇ ਟਰੱਕ ਖੜ੍ਹੇ ਰਹਿੰਦੇ ਹਨ ਜੋ ਸ਼ਹਿਰ ਦੀ ਖੂਬਸੂਰਤੀ ਤੇ ਦਾਗ ਲਗਾਉਂਦੇ ਹਨ। ਉਹਨਾਂ ਕਿਹਾ ਉਹਨਾਂ ਦੇ ਵਾਰਡ ਦੀਆਂ ਏ ਅਤੇ ਬੀ ਸੜਕਾਂ ਦੀ ਸਫਾਈ ਦਾ ਹਾਲ ਮਾੜਾ ਹੈ ਅਤੇ ਪ੍ਰਾਈਵੇਟ ਠੇਕੇਦਾਰ ਦੇ ਬੰਦੇ ਪੂਰਾ ਕੰਮ ਨਹੀਂ ਕਰ ਰਹੇ ਇਸ ਲਈ ਨਿਗਮ ਦੇ ਅਧਿਕਾਰੀਆਂ ਵਲੋਂ ਇਸ ਪਾਸੇ ਧਿਆਨ ਦਿੱਤਾ ਜਾਵੇ।

ਸੈਕਟਰ 68 ਦੇ ਕੌਂਸਲਰ ਵਿਨੀਤ ਵਰਮਾ ਵਲੋਂ ਸੁਸਾਇਟੀਆਂ ਦੇ ਕੰਮਾਂ ਦਾ ਮੁੱਦਾ ਚੁੱਕਦਿਆਂ ਕਿਹਾ ਗਿਆ ਕਿ ਕਾਂਗਰਸ ਦੀ ਸਰਕਾਰ ਵੇਲੇ ਵਿਸ਼ੇਸ਼ ਮਦ ਦੇ ਤਹਿਤ ਸੁਸਾਇਟੀਆਂ ਦੇ ਕੰਮ ਕਰਵਾਏ ਗਏ ਸੀ ਪਰੰਤੂ ਇਹ ਕੰਮ ਪੂਰੀ ਤਰ੍ਹਾਂ ਰੋਕ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਨਗਰ ਨਿਗਮ ਸੁਸਾਇਟੀਆਂ ਤੋਂ ਪ੍ਰਾਪਰਟੀ ਟੈਕਸ ਦੀ ਵਸੂਲੀ ਕਰਦਾ ਹੈ ਤਾਂ ਨਿਗਮ ਵਲੋਂ ਇਹਨਾਂ ਦੇ ਕੰਮ ਵੀ ਕਰਵਾਏ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਪੰਚਮ ਸੁਸਾਇਟੀ ਦਾ ਇੱਕ ਵੱਡਾ ਮੁੱਦਾ ਹੈ ਜਿਹੜਾ ਭਾਵੇਂ ਨਗਰ ਨਿਗਮ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ ਪਰੰਤੂ ਉਹ ਹਾਊਸ ਰਾਂਹੀ ਹਲਕਾ ਵਿਧਾਇਕ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਨ ਕਿ ਪੰਚਮ ਸੁਸਾਇਟੀ ਦੇ ਫਲੈਟਾਂ ਦੀ ਟ੍ਰਾਂਸਫਰ ਤੇ ਲੱਗੀ ਰੋਕ ਖਤਮ ਕਰਵਾਈ ਜਾਵੇ। ਰੇਹੜੀਆਂ ਫੜੀਆਂ ਦਾ ਮੁੱਦਾ ਚੁੱਕਦਿਆਂ ਉਹਨਾਂ ਕਿਹਾ ਕਿ ਇੱਕ ਪਾਸੇ ਤਾ ਗਮਾਡਾ ਵਲੋਂ 100-100 ਕਰੋੜ ਦੀਆਂ ਕਮਰਸ਼ੀਲ ਸਾਈਟਾਂ ਵੇਚੀਆਂ ਜਾ ਰਹੀਆਂ ਹਨ ਅਤੇ ਦੂਜੇ ਪਾਸੇ ਸ਼ਹਿਰ ਵਿੱਚ ਰੇਹੜੀਆਂ ਫੜੀਆਂ ਦੀ ਭਰਮਾਰ ਹੈ ਫਿਰ ਵਪਾਰੀਆਂ ਦਾ ਕੰਮ ਕਿਵੇ ਫਾਇਦੇ ਵਿੱਚ ਰਹਿ ਸਕਦਾ ਹੈ।

ਮੀਟਿੰਗ ਦੌਰਾਨ ਕੌਂਸਲਰ ਸਰਬਜੀਤ ਸਿੰਘ ਸਮਾਣਾ ਅਤੇ ਸੁਖਦੇਵ ਸਿੰਘ ਪਟਵਾਰੀ ਵਲੋਂ ਫੇਜ਼ 7 ਦੀ ਇੱਕ ਮਹਿਲਾ ਕੌਂਸਲਰ ਦੇ ਪੁਲੀਸ ਵਲੋਂ ਦਰਜ ਕੀਤੇ ਕੇਸ ਦਾ ਮਾਮਲਾ ਚੁੱਕਿਆ ਗਿਆ ਜਿਸ ਤੇ ਮੇਅਰ ਵਲੋਂ ਕਿਹਾ ਗਿਆ ਕਿ ਤੁਸੀਂ ਮਹਿਲਾ ਕੌਂਸਲਰ ਤੇ ਨਾਜਾਇਜ ਪਰਚਾ ਦਰਜ ਕਰਵਾਇਆ ਹੈ ਅਤੇ ਸਾਡੀ ਸਰਕਾਰ ਆਵੇਗੀ ਤਾਂ ਅਸੀਂ ਵੀ ਦੱਸਾਂਗੇ ਕਿ ਕੇਸ ਕਿਵੇਂ ਹੁੰਦੇ ਹਨ। ਇਸ ਮੌਕੇ ਮੇਅਰ ਜੀਤੀ ਸਿੱਧੂ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਵਿਚਾਲੇ ਤਲਖ ਕਲਾਮੀ ਵੀ ਹੋਈ।

ਕੌਂਸਲਰ ਹਰਜੀਤ ਸਿੰਘ ਭੋਲੂ ਨੇ ਆਪਣੇ ਵਾਰਡ ਦੀਆਂ ਸਮੱਸਿਆਵਾਂ ਦਾ ਜਿਕਰ ਕੀਤਾ ਅਤੇ ਕਿਹਾ ਕਿ ਵਸਨੀਕਾਂ ਨੂੰ ਕਮਿਉਨਿਟੀ ਸੈਂਟਰ ਦੀ ਸੁਵਿਧਾ ਮੁਹਈਆ ਕਰਵਾਈ ਜਾਵੇ। ਕੌਂਸਲਰ ਬਲਜੀਤ ਕੌਰ ਮੁਹਾਲੀ ਅਤੇ ਰੁਪਿੰਦਰ ਕੌਰ ਰੀਨਾ ਵਲੋਂ ਫੇਜ਼ 5 ਅਤੇ ਫੇਜ਼ 4 ਦੇ ਖੇਤਰ ਵਿੱਚ ਹਰ ਸਾਲ ਆਉਂਦੀ ਬਰਸਾਤੀ ਪਾਣੀ ਦੀ ਸਮੱਸਿਆ ਦੇ ਹਲ ਲਈ ਲੋੜੀਂਦੀ ਕਾਰਵਾਈ ਦੀ ਮੰਗ ਕੀਤੀ ਗਈ। ਕੌਂਸਲਰ ਦਵਿੰਦਰ ਕੌਰ ਵਾਲੀਆ ਵਲੋਂ ਉਹਨਾਂ ਦੇ ਵਾਰਡ ਵਿੱਚ ਪੇਸ਼ ਆਉਂਦੀ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਹਲ ਕਰਨ ਦੀ ਮੰਗ ਕੀਤੀ ਗਈ।

 

Mohali

ਮੋਗਾ ਸੈਕਸ ਸਕੈਂਡਲ ਮਾਮਲੇ ਵਿਚ ਤਤਕਾਲੀ ਐਸ.ਐਸ.ਪੀ, ਐਸ.ਪੀ ਅਤੇ ਦੋ ਇੰਸਪੈਕਟਰ ਦੋਸ਼ੀ ਕਰਾਰ

Published

on

By

 

4 ਅਪ੍ਰੈਲ ਨੂੰ ਸੁਣਾਈ ਜਾਵੇਗੀ ਸਜ਼ਾ, ਪੰਜਾਬ ਪੁਲੀਸ ਤੋਂ ਸੀ. ਬੀ. ਆਈ ਨੂੰ ਜਾਂਚ ਕਰਨ ਦੇ ਹੋਏ ਸੀ ਹੁਕਮ

ਐਸ ਏ ਐਸ ਨਗਰ, 29 ਮਾਰਚ (ਪਰਵਿੰਦਰ ਕੌਰ ਜੱਸੀ) ਬਹੁਚਰਚਿਤ ਮੋਗਾ ਸੈਕਸ ਸਕੈਂਡਲ ਮਾਮਲੇ ਵਿਚ ਮੁਹਾਲੀ ਦੀ ਵਿਸ਼ੇਸ਼ ਸੀ. ਬੀ. ਆਈ ਅਦਾਲਤ ਦੇ ਜੱਜ ਰਾਕੇਸ਼ ਕੁਮਾਰ ਗੁਪਤਾ ਦੀ ਅਦਾਲਤ ਨੇ ਪੰਜਾਬ ਪੁਲੀਸ ਦੇ ਚਾਰ ਸਾਬਕਾ ਪੁਲੀਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਹੈ। ਅਦਾਲਤ ਵਲੋਂ ਸੁਣਾਏ ਗਏ ਫੈਸਲੇ ਵਿਚ ਮੁਲਜ਼ਮਾਂ ਨੂੰ ਭ੍ਰਿਸ਼ਟਾਚਾਰ ਅਤੇ ਜਬਰੀ ਵਸੂਲੀ ਨਾਲ ਸਬੰਧਤ ਦੋਸ਼ਾਂ ਦਾ ਦੋਸ਼ੀ ਪਾਇਆ ਗਿਆ।

ਦੋਸ਼ੀ ਠਹਿਰਾਏ ਗਏ ਅਧਿਕਾਰੀਆਂ ਵਿਚ ਤਤਕਾਲੀ ਐਸ.ਐਸ.ਪੀ ਮੋਗਾ ਦਵਿੰਦਰ ਸਿੰਘ ਗਰਚਾ, ਤਤਕਾਲੀ ਐਸ.ਪੀ (ਹੈੱਡਕੁਆਰਟਰ) ਮੋਗਾ ਪਰਮਦੀਪ ਸਿੰਘ ਸੰਧੂ, ਤਤਕਾਲੀ ਐਸ ਐਚ ਓ, ਥਾਣਾ ਸਿਟੀ ਮੋਗਾ ਰਮਨ ਕੁਮਾਰ ਅਤੇ ਤਤਕਾਲੀ ਐਸ. ਐਚ. ਓ ਪੁਲੀਸ ਸਟੇਸ਼ਨ ਸਿਟੀ ਮੋਗਾ ਇੰਸਪੈਕਟਰ ਅਮਰਜੀਤ ਸਿੰਘ ਸ਼ਾਮਲ ਹਨ।

ਅਦਾਲਤ ਨੇ ਦਵਿੰਦਰ ਸਿੰਘ ਗਰਚਾ ਅਤੇ ਪੀ. ਐਸ. ਸੰਧੂ ਨੂੰ ਭ੍ਰਿਸ਼ਟਾਚਾਰ ਰੋਕਥਾਮ (ਪੀ. ਸੀ.) ਐਕਟ ਦੀ ਧਾਰਾ 13 (1) ਦੇ ਨਾਲ ਧਾਰਾ 13 (2) ਦੇ ਤਹਿਤ ਦੋਸ਼ੀ ਪਾਇਆ ਹੈ। ਇਸੇ ਤਰ੍ਹਾਂ ਰਮਨ ਕੁਮਾਰ ਅਤੇ ਅਮਰਜੀਤ ਸਿੰਘ ਨੂੰ ਪੀ. ਸੀ ਐਕਟ ਅਤੇ ਆਈ ਪੀ ਸੀ ਦੀ ਧਾਰਾ 384 (ਜਬਰਦਸਤੀ) ਦੇ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਇਸ ਦੇ ਨਾਲ ਅਮਰਜੀਤ ਸਿੰਘ ਨੂੰ ਆਈ ਪੀ ਸੀ ਦੀ ਧਾਰਾ 384 ਅਤੇ 511 ਦੇ ਤਹਿਤ ਵੀ ਦੋਸ਼ੀ ਠਹਿਰਾਇਆ ਗਿਆ ਹੈ। ਹਾਲਾਂਕਿ ਅਦਾਲਤ ਵਲੋਂ ਮੁਲਜਮ ਅਕਾਲੀ ਆਗੂ ਬਰਜਿੰਦਰ ਸਿੰਘ ਉਰਫ਼ ਮੱਖਣ ਅਤੇ ਸੁਖਰਾਜ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ। ਅਦਾਲਤ ਨੇ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਲਈ 4 ਅਪ੍ਰੈਲ ਦੀ ਤਰੀਕ ਤੈਅ ਕੀਤੀ ਹੈ। ਇਸ ਮੁਕੱਦਮੇ ਦੀ ਪੈਰਵੀ ਸੀ. ਬੀ. ਆਈ. ਦੇ ਸਰਕਾਰੀ ਵਕੀਲ ਅਨਮੋਲ ਨਾਰੰਗ ਵਲੋਂ ਕੀਤੀ ਗਈ ਸੀ।

ਸ਼ੁਰੂ ਵਿਚ ਇਹ ਮਾਮਲਾ ਸੀ. ਬੀ. ਆਈ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਦਰਜ ਕੀਤਾ ਸੀ। 11 ਦਸੰਬਰ 2007 ਦੇ ਹੁਕਮ ਮੁਤਾਬਕ ਜਾਂਚ ਸੀ. ਬੀ. ਆਈ ਨੂੰ ਸੌਂਪੀ ਗਈ ਸੀ। ਅਦਾਲਤ ਨੇ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਦਬਾਅ ਦਾ ਹਵਾਲਾ ਦਿੰਦੇ ਹੋਏ, ਸਟੇਟ ਪੁਲੀਸ ਦੀ ਨਿਰਪੱਖ ਜਾਂਚ ਕਰਨ ਦੀ ਯੋਗਤਾ ਤੇ ਚਿੰਤਾ ਜਤਾਈ। ਇਸ ਤੋਂ ਬਾਅਦ ਸੀ. ਬੀ. ਆਈ ਨੇ ਪੀ. ਸੀ ਐਕਟ 1988 ਦੀ ਧਾਰਾ 7, 13 (2) ਦੇ ਨਾਲ-ਨਾਲ ਆਈ ਪੀ ਸੀ ਦੀ ਧਾਰਾ 384, 211, ਅਤੇ 120 ਬੀ ਦੇ ਤਹਿਤ ਐਫ.ਆਈ.ਆਰ ਦਰਜ ਕੀਤੀ ਸੀ। ਦੋਸ਼ੀਆਂ ਵਿਚ ਮੋਗਾ ਦੇ ਪੀ ਐਸ ਸਿਟੀ-1 ਦੇ ਤਤਕਾਲੀ ਐਸ ਐਚ ਓ ਅਮਰਜੀਤ ਸਿੰਘ ਅਤੇ ਨਾਲ ਹੀ ਨਿੱਜੀ ਵਿਅਕਤੀ ਮਨਜੀਤ ਕੌਰ ਅਤੇ ਮਨਪ੍ਰੀਤ ਕੌਰ ਸ਼ਾਮਲ ਸਨ।

ਜਾਂਚ ਦੌਰਾਨ ਪਤਾ ਲੱਗਾ ਕਿ ਦਵਿੰਦਰ ਸਿੰਘ ਗਰਚਾ, ਪਰਮਦੀਪ ਸਿੰਘ ਸੰਧੂ, ਅਮਰਜੀਤ ਸਿੰਘ ਅਤੇ ਰਮਨ ਕੁਮਾਰ ਨੇ ਸਰਕਾਰੀ ਅਧਿਕਾਰੀ ਹੋਣ ਦੇ ਨਾਤੇ, ਅਕਾਲੀ ਨੇਤਾ ਤੋਤਾ ਸਿੰਘ ਦੇ ਪੁੱਤਰ ਬਰਜਿੰਦਰ ਸਿੰਘ ਉਰਫ਼ ਮੱਖਣ ਅਤੇ ਹੋਰਾਂ ਨਾਲ ਮਿਲ ਕੇ ਗੈਰ ਕਾਨੂੰਨੀ ਵਿੱਤੀ ਲਾਭ ਪ੍ਰਾਪਤ ਕਰਨ ਦੀ ਸਾਜ਼ਿਸ਼ ਰਚੀ। ਉਨ੍ਹਾਂ ਨੇ ਕਥਿਤ ਤੌਰ ਤੇ ਝੂਠੀਆਂ ਐਫ ਆਈ ਆਰ ਦਰਜ ਕੀਤੀਆਂ ਅਤੇ ਬੇਕਸੂਰ ਵਿਅਕਤੀਆਂ ਨੂੰ ਕੇਸਾਂ ਤੋਂ ਬਾਹਰ ਕੱਢਣ ਲਈ ਰਿਸ਼ਵਤ ਲੈਣ ਲਈ ਫਸਾਇਆ। ਇਸ ਸਾਜ਼ਿਸ਼ ਵਿਚ ਕਥਿਤ ਪੀੜਤ ਅਤੇ ਸ਼ਿਕਾਇਤਕਰਤਾ ਮਨਪ੍ਰੀਤ ਕੌਰ ਵਲੋਂ ਸਹੁੰ ਚੁੱਕੇ ਝੂਠੇ ਹਲਫ਼ਨਾਮੇ ਦੀ ਵਰਤੋਂ ਵੀ ਸ਼ਾਮਲ ਸੀ।

ਇਸ ਮੁਕੱਦਮੇ ਦੌਰਾਨ ਮਨਪ੍ਰੀਤ ਕੌਰ ਨੂੰ ਮਾਫ਼ੀ ਦੇ ਦਿੱਤੀ ਗਈ ਅਤੇ ਸਰਕਾਰੀ ਗਵਾਹ ਬਣਾਇਆ ਗਿਆ, ਹਾਲਾਂਕਿ ਬਾਅਦ ਵਿਚ ਅਦਾਲਤ ਵਿਚ ਉਸਨੂੰ ਵਿਰੋਧੀ ਐਲਾਨ ਦਿੱਤਾ ਗਿਆ, ਜਿਸ ਕਾਰਨ ਮੁਹਾਲੀ ਦੀ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਉਸਦੇ ਵਿਰੁੱਧ ਵੱਖਰੀ ਕਾਰਵਾਈ ਸ਼ੁਰੂ ਹੋਈ। ਇਸ ਤੋਂ ਇਲਾਵਾ ਰਣਬੀਰ ਸਿੰਘ ਉਰਫ਼ ਰਾਣੂ ਅਤੇ ਕਰਮਜੀਤ ਸਿੰਘ ਬਾਠ ਵੀ ਸਰਕਾਰੀ ਗਵਾਹ ਬਣੇ ਅਤੇ ਇਸਤਗਾਸਾ ਗਵਾਹ ਵਜੋਂ ਗਵਾਹੀ ਦਿੱਤੀ। ਇੱਕ ਹੋਰ ਮੁਲਜਮ ਮਨਜੀਤ ਕੌਰ ਦੀ ਮੁਕੱਦਮੇ ਦੌਰਾਨ ਮੌਤ ਹੋ ਗਈ, ਜਿਸ ਕਾਰਨ ਉਸਦੇ ਵਿਰੁੱਧ ਕਾਰਵਾਈ ਰੁਕ ਗਈ।

Continue Reading

Mohali

ਮੁਹਾਲੀ ਪੁਲੀਸ ਵਲੋਂ ਨਸ਼ਾ ਤਸਕਰੀ ਮਾਮਲੇ ਵਿੱਚ 2 ਮੁਲਜ਼ਮ ਕਾਬੂ

Published

on

By

 

ਇੱਕ ਮੁਲਜ਼ਮ ਜ਼ਮਾਨਤ ਤੇ ਬਾਹਰ ਆ ਕੇ ਵਾਰ ਵਾਰ ਕਰਦਾ ਹੈ ਹੈਰੋਇਨ ਦੀ ਤਸਕਰੀ

ਐਸ ਏ ਐਸ ਨਗਰ, 29 ਮਾਰਚ (ਪਰਵਿੰਦਰ ਕੌਰ ਜੱਸੀ) ਥਾਣਾ ਸੋਹਾਣਾ ਦੀ ਪੁਲੀਸ ਨੇ ਗੁਪਤ ਸੂਚਨਾ ਦੇ ਅਧਾਰ ਤੇ 2 ਮੁਲਜ਼ਮਾਂ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਮੁਕੇਸ਼ ਕੁਮਾਰ ਉਰਫ ਬੋਬੀ ਵਾਸੀ ਸ਼੍ਰੀ ਮੁਕਤਸਰ ਸਾਹਿਬ (ਹਾਲ ਵਾਸੀ ਪਿੰਡ ਸੋਹਾਣਾ) ਅਤੇ ਰਵਿੰਦਰ ਸਿੰਘ ਉਰਫ ਗਨੀ ਉਰਫ ਦਵਿੰਦਰ ਸਿੰਘ ਵਾਸੀ ਸ਼੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ।

ਇਸ ਸਬੰਧੀ ਡੀ.ਐਸ.ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਥਾਣਾ ਸੋਹਾਣਾ ਦੇ ਮੁਖੀ ਸਿਮਰਨ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੈਕਟਰ 79 ਵਿਖੇ ਚਰਚ ਦੇ ਨਜ਼ਦੀਕ ਦੋ ਵਿਅਕਤੀ (ਜੋ ਕਿ ਨਸ਼ਾ ਤਸਕਰੀ ਦਾ ਧੰਦਾ ਕਰਦੇ ਹਨ) ਹੈਰੋਇਨ ਵੇਚਣ ਲਈ ਆਪਣੇ ਗ੍ਰਾਹਕਾਂ ਦੀ ਉਡੀਕ ਕਰ ਰਹੇ ਹਨ। ਉਹਨਾਂ ਦੱਸਿਆ ਕਿ ਥਾਣਾ ਮੁਖੀ ਵਲੋਂ ਥਾਣੇਦਾਰ ਗੁਰਦੀਪ ਕੌਰ ਨੂੰ ਪੁਲੀਸ ਪਾਰਟੀ ਸਮੇਤ ਮੌਕੇ ਤੇ ਭੇਜਿਆ ਜਿਹਨਾਂ ਵਲੋਂ ਮੁਕੇਸ਼ ਕੁਮਾਰ ਅਤੇ ਰਵਿੰਦਰ ਸਿੰਘ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ।

ਡੀ.ਐਸ.ਪੀ ਬੱਲ ਨੇ ਦੱਸਿਆ ਕਿ ਉਕਤ ਦੋਵਾਂ ਮੁਲਜਮਾਂ ਖਿਲਾਫ ਐਨ. ਡੀ. ਪੀ. ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨਾਂ ਦਾ 2 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਮੁਲਜਮ ਮੁਕੇਸ਼ ਕੁਮਾਰ ਦੀ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਸ ਖਿਲਾਫ ਪਹਿਲਾਂ ਤੋਂ ਨਸ਼ਾ ਤਸਕਰੀ ਦੇ ਤਿੰਨ ਮਾਮਲੇ ਦਰਜ ਹਨ। ਉਨਾਂ ਦੱਸਿਆ ਕਿ ਮੁਕੇਸ਼ ਕੁਮਾਰ ਖਿਲਾਫ ਥਾਣਾ ਤ੍ਰਿਪੜੀ ਜਿਲ੍ਹਾ ਪਟਿਆਲਾ ਵਿੱਚ ਮਾਰਚ 2014 ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਥਾਣਾ ਏ. ਐਨ. ਟੀ. ਐਫ ਵਿਖੇ ਅਕਤੂਬਰ 2018 ਵਿੱਚ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ, ਇਸੇ ਤਰ੍ਹਾਂ ਸਾਲ 2019 ਵਿੱਚ ਥਾਣਾ ਏ.ਐਨ.ਟੀ.ਐਫ ਵਿਖੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਮੁਕੇਸ਼ ਕੁਮਾਰ ਇਸ ਸਮੇਂ ਜਮਾਨਤ ਤੇ ਬਾਹਰ ਆਇਆ ਹੋਇਆ ਸੀ।

Continue Reading

Mohali

ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ, ਸੋਹਾਣਾ ਵਿਖੇ ਸਾਲਾਨਾ ਗੁਰਮਤਿ ਸਮਾਗਮ ਦੇ ਦੂਜੇ ਦਿਨ ਵੀ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ

Published

on

By

 

 

ਐਸ ਏ ਐਸ ਨਗਰ, 29 ਮਾਰਚ (ਸ.ਬ.) ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ, ਸੋਹਾਣਾ ਦੇ ਸਾਲਾਨਾ ਗੁਰਮਤਿ ਸਮਾਗਮ ਦੇ ਦੂਜੇ ਦਿਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਭਾਈ ਸਾਹਿਬ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਦੀ ਯਾਦ ਵਿਚ ਕਰਵਾਏ ਜਾ ਰਹੇ ਇਸ ਸਮਾਗਮ ਦੌਰਾਨ ਪੰਥ ਦੇ ਪ੍ਰਸਿੱਧ ਰਾਗੀ ਅਤੇ ਢਾਡੀਆਂ ਤੋਂ ਇਲਾਵਾ ਕਥਾ ਵਾਚਕਾਂ ਸੰਗਤਾਂ ਨੂੰ ਪਵਿੱਤਰ ਗੁਰਬਾਣੀ ਨਾਲ ਜੋੜਿਆ। ਜਿਨ੍ਹਾਂ ਵਿਚ ਬੀਬੀ ਹਰਨੂਰ ਕੌਰ, ਬੀਬੀ ਜਸਪ੍ਰੀਤ ਕੌਰ, ਭਾਈ ਮਨਿੰਦਰ ਸਿੰਘ ਰਬਾਬੀ, ਭਾਈ ਜਗਜੀਤ ਸਿੰਘ, ਭਾਈ ਸਤਨਾਮ ਸਿੰਘ ਕੋਹਾੜਕਾ, ਸਿੰਘ ਸਾਹਿਬ ਗਿਆਨ ਹਰਪਾਲ ਸਿੰਘ, ਬੀਬੀ ਮਨੂੰਪ੍ਰਿਆ ਕੌਰ, ਰੱਬੀ ਕੀਰਤਨ ਕਰਦੇ ਹੋਏ ਸੰਗਤਾਂ ਨੂੰ ਆਪਣੇ ਨਾਲ ਜੋੜਿਆ। ਇਸ ਦੇ ਨਾਲ ਹੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਐਡੀਸ਼ਨਲ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਭਾਈ ਰਣਜੀਤ ਸਿੰਘ ਹੈੱਡ ਗ੍ਰੰਥੀ ਗੁਰੂਦੁਆਰਾ ਬੰਗਲਾ ਸਾਹਿਬ, ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ।

ਭਾਈ ਦਵਿੰਦਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਅੱਜ ਸੈਂਕੜੇ ਸੰਗਤਾਂ ਨੂੰ ਅੰਮ੍ਰਿਤ ਸੰਚਾਰ ਕਰਵਾ ਕੇ ਗੁਰੁ ਦੇ ਲੜ ਲਗਾਇਆਂ ਗਿਆ। ਉਹਨਾਂ ਦੱਸਿਆ ਕਿ ਕੱਲ੍ਹ ਮਾਨਵਤਾ ਦੀ ਭਲਾਈ ਲਈ ਖ਼ੂਨਦਾਨ ਕੈਂਪ ਲਗਾਇਆਂ ਜਾ ਰਿਹਾ ਹੈ। ਉਨ੍ਹਾਂ ਦੱਸਿਆਂ ਕਿ ਮਾਨਵਤਾ ਦੀ ਸੇਵਾ ਲਈ ਜੋ ਕਾਰਜ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਨੇ ਆਰੰਭ ਕੀਤਾ ਸੀ ਉਸ ਤੇ ਚਲਦੇ ਹੋਏ ਸੋਹਾਣਾ ਹਸਪਤਾਲ ਵੱਡੇ ਪੱਧਰ ਤੇ ਲੋਕਾਂ ਦੀ ਸੇਵਾ ਕਰ ਰਿਹਾ ਹੈ। ਟਰੱਸਟ ਦੇ ਸਕੱਤਰ ਸ. ਗੁਰਮੀਤ ਸਿੰਘ ਨੇ ਦੱਸਿਆ ਕਿ ਸਮਾਗਮ ਦੇ ਪਹਿਲੇ ਦਿਨ ਭਾਈ ਹਰਜਿੰਦਰ ਸਿੰਘ, ਭਾਈ ਮਹਿੰਦਰਪਾਲ ਸਿੰਘ, ਬੀਬੀ ਬਲਜਿੰਦਰ ਕੌਰ ਖਡੂਰ ਸਾਹਿਬ, ਭੈਣ ਰਵਿੰਦਰ ਕੌਰ, ਭਾਈ ਸਾਹਿਬ ਭਾਈ ਦਵਿੰਦਰ ਸਿੰਘ ਖ਼ਾਲਸਾ ਅਤੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ।

Continue Reading

Trending