Editorial
ਸਰਕਾਰੀ ਦਫਤਰਾਂ ਵਿੱਚ ਹੁੰਦੇ ਭ੍ਰਿਸ਼ਟਾਚਾਰ ਤੇ ਕਾਬੂ ਕਰਨ ਲਈ ਕੰਮਕਾਜ ਦੀ ਜਵਾਬਦੇਹੀ ਤੈਅ ਕਰੇ ਸਰਕਾਰ
ਪੰਜਾਬ ਦੀ ਸੱਤਾ ਤੇ ਕਾਬਿਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਹੋ ਚੁੱਕੇ ਹਨ ਅਤੇ ਇਸ ਦੌਰਾਨ ਮੁੱਖ ਮੰਤਰੀ ਸਮੇਤ ਤਮਾਮ ਸੱਤਾਧਾਰੀਆਂ ਆਗੂਆਂ ਵਲੋਂ ਭ੍ਰਿਸ਼ਟਾਚਾਰ ਤੇ ਕਾਬੂ ਕਰਨ ਲਈ ਲਗਾਤਾਰ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ। ਇਸ ਦੌਰਾਨ ਵਿਜੀਲੈਂਸ ਵਿਭਾਗ ਵਲੋਂ ਆਏ ਦਿਨ ਕਿਸੇ ਨਾ ਕਿਸੇ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਵੀ ਕੀਤਾ ਜਾਂਦਾ ਹੈ ਪਰੰਤੂ ਇਸਦੇ ਬਾਵਜੂਦ ਸਰਕਾਰੀ ਕੰਮ ਕਾਜ ਦੌਰਾਨ ਹੋਣ ਵਾਲੇ ਭ੍ਰਿਸ਼ਟਾਚਾਰ ਤੇ ਕਾਬੂ ਨਹੀਂ ਕੀਤਾ ਜਾ ਸਕਿਆ ਹੈ।
ਮੌਜੂਦਾ ਸਰਕਾਰ ਵਲੋਂ ਭਾਵੇਂ ਪੰਜਾਬ ਵਿਚ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੇ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਅਸਲੀਅਤ ਇਹੀ ਹੈ ਕਿ ਵੱਡੀ ਗਿਣਤੀ ਸਰਕਾਰੀ ਦਫਤਰਾਂ ਵਿੱਚ ਹੁਣੇ ਵੀ ਭ੍ਰਿਸ਼ਟਾਚਾਰ ਭਾਰੂ ਹੈ ਅਤੇ ਆਮ ਲੋਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਆਪਣੇ ਕੰਮ ਕਰਵਾਉਣ ਲਈ ਪਹਿਲਾਂ ਵਾਂਗ ਹੀ ਧੱਕੇ ਖਾਣੇ ਪੈਂਦੇ ਹਨ। ਹਾਲਾਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਇਹ ਕੰਮ ਥੋੜ੍ਹਾ ਘੱਟ ਜਰੂਰ ਹੋਇਆ ਹੈ ਪਰੰਤੂ ਹਾਲਾਤ ਹੁਣੇ ਵੀ ਇਹੀ ਹਨ ਕਿ ਰਿਸ਼ਵਤ ਦਿੱਤੇ ਬਿਨਾ ਲੋਕਾਂ ਦੇ ਸਰਕਾਰੀ ਕੰਮ ਲੰਬਾ ਸਮਾਂ ਤਕ ਲਮਕਦੇ ਰਹਿੰਦੇ ਹਨ ਅਤੇ ਜਦੋਂ ਤਕ ਕੰਮ ਦੀ ਫਾਈਲ ਨੂੰ ਅੱਗੇ ਤੋਰਨ ਲਈ ਉਸਨੂੰ ਪਹੀਏ ਨਹੀਂ ਲਗਾਏ ਜਾਂਦੇ, ਕੰਮ ਲਮਕਦਾ ਹੀ ਰਹਿੰਦਾ ਹੈ।
ਇਸ ਵਾਸਤੇ ਕੁੱਝ ਹੱਦ ਤਕ ਆਮ ਲੋਕਾਂ ਨੂੰ ਵੀ ਜਿੰਮੇਵਾਰ ਠਹਿਰਾਇਆ ਜਾ ਸਕਦਾ ਹੈ ਜਿਹੜੇ ਲੋੜੀਂਦਾ ਇੰਤਜਾਰ ਕਰਨ ਦੀ ਥਾਂ ਕੁੱਝ ਲੈ ਦੇ ਕੇ ਆਪਣਾ ਕੰਮ ਤੁਰੰਤ ਕਰਵਾਉਣ ਲਈ ਯਤਨਸ਼ੀਲ ਹੁੰਦੇ ਹਨ ਅਤੇ ਸਰਕਾਰੀ ਕਰਮਚਾਰੀ ਵੀ ਲੋਕਾਂ ਦੀ ਇਸ ਮਾਨਸਿਕਤਾ ਦਾ ਪੂਰਾ ਫਾਇਦਾ ਚੁੱਕਦਿਆਂ ਉਹਨਾਂ ਤੋਂ ਪੈਸੇ ਵਸੂਲਦੇ ਹਨ। ਪਰੰਤੂ ਹਰ ਵੇਲੇ ਅਜਿਹਾ ਨਹੀਂ ਹੁੰਦਾ ਅਤੇ ਕਈ ਵਾਰ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਲੋਕਾਂ ਨੂੰ ਰਿਸ਼ਵਤ ਦੇਣ ਲਈ ਮਜਬੂਰ ਵੀ ਕੀਤਾ ਜਾਂਦਾ ਹੈ। ਵੱਖ ਵੱਖ ਵਿਭਾਗਾਂ ਦੇ ਕੰਮ ਕਰਨ ਵਾਲੇ ਸਰਕਾਰੀ ਠੇਕੇਦਾਰ ਅਕਸਰ ਇਹ ਸ਼ਿਕਵਾ ਕਰਦੇ ਹਨ ਕਿ ਜਦੋਂ ਤਕ ਉਹ ਸੰਬੰਧਿਤ ਕਲਰਕ ਜਾਂ ਅਧਿਕਾਰੀ ਨੂੰ ਠੇਕੇ ਦੀ ਬਣਦੀ ਕਮਿਸ਼ਨ ਦੀ ਰਕਮ ਦੀ ਪੇਸ਼ਗੀ ਅਦਾਇਗੀ ਨਹੀਂ ਕਰਦੇ ਉਹਨਾਂ ਦੇ ਬਿਲਾਂ ਨੂੰ ਪਾਸ ਹੀ ਨਹੀਂ ਕੀਤਾ ਜਾਂਦਾ। ਇਹਨਾਂ ਠੇਕੇਦਾਰਾਂ ਵਲੋਂ ਵੱਖ ਵੱਖ ਵਰਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਮਿਸ਼ਨ ਦੇ ਰੂਪ ਵਿੱਚ ਠੇਕੇ ਦੀ ਕੁਲ ਰਕਮ ਦਾ 15 ਤੋਂ 20 ਫੀਸਦੀ ਤਕ ਕਮਿਸ਼ਨ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ ਅਤੇ ਇਹ ਰਕਮ ਉੱਪਰ ਤਕ ਵੰਡੇ ਜਾਣ ਦੀ ਚਰਚਾ ਆਮ ਹੁੰਦੀ ਹੈ। ਇਹ ਵੀ ਇੱਕ ਕਾਰਨ ਹੈ ਕਿ ਇਹਨਾਂ ਠੇਕੇਦਾਰਾਂ ਵਲੋਂ ਕਰਵਾਏ ਜਾਣ ਵਾਲੇ ਕੰਮਾਂ ਦੌਰਾਨ ਹਲਕੇ ਪੱਧਰ ਦਾ ਮਟੀਰੀਅਲ ਵਰਤਿਆ ਜਾਂਦਾ ਹੈ। ਆਖਿਰ ਠੇਕੇਦਾਰ ਵੀ ਕੀ ਕਰਨ, ਉਹਨਾਂ ਨੇ ਵੀ ਤਾਂ ਵੱਖ ਵੱਖ ਅਧਿਕਾਰੀਆਂ ਨੂੰ ਦਿੱਤੀ ਜਾਣ ਵਾਲੀ ਕਮਿਸ਼ਨ ਦੀ ਰਕਮ ਨੂੰ ਵਿਚੋਂ ਹੀ ਪੂਰਾ ਕਰਨਾ ਹੁੰਦਾ ਹੈ।
ਸਰਕਾਰੀ ਕੰਮ ਕਾਜ ਦੌਰਾਨ ਹੋਣ ਵਾਲੇ ਭ੍ਰਿਸ਼ਟਾਚਾਰ ਤੇ ਕਾਬੂ ਕਰਨ ਸੰਬੰਧੀ ਸਰਕਾਰ ਦੇ ਦਾਅਵੇ ਭਾਵੇਂ ਜੋ ਵੀ ਹੋਣ ਪਰੰਤੂ ਜਮੀਨੀ ਹਾਲਾਤ ਇਹੀ ਹਨ ਕਿ ਨਵੀਂ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਵੀ ਪੰਜਾਬ ਦੇ ਜਿਆਦਾਤਰ ਸਰਕਾਰੀ ਦਫਤਰਾਂ ਵਿੱਚ ਭ੍ਰਿਸ਼ਟਾਚਾਰ ਪਹਿਲਾਂ ਵਾਂਗ ਹੀ ਭਾਰੂ ਹੈ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਇਸ ਉਪਰ ਕਾਬੂ ਪਾਉਣ ਵਿਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਪਾਈ ਹੈ। ਲੋਕ ਆਮ ਸ਼ਿਕਾਇਤ ਕਰਦੇ ਹਨ ਕਿ ਸਰਕਾਰ ਦਾ ਅਫਸਰਸ਼ਾਹੀ ਉਪਰ ਕੋਈ ਕਾਬੂ ਨਹੀਂ ਹੈ ਅਤੇ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਆਪਣੀ ਮਰਜੀ ਨਾਲ ਹੀ ਕੰਮ ਕਰਦੇ ਹਨ। ਇਹ ਚਰਚਾ ਵੀ ਆਮ ਹੁੰਦੀ ਹੈ ਕਿ ਵੱਡੀ ਗਿਣਤੀ ਅਫਸਰ ਅਤੇ ਮੁਲਾਜਮ ਕਦੇ ਵੀ ਸਮੇਂ ਤੇ ਦਫਤਰ ਤਕ ਨਹੀਂ ਆਉਂਦੇ ਅਤੇ ਜੇਕਰ ਆ ਵੀ ਜਾਣ ਤਾਂ ਵੀ ਕਈ ਵਾਰ ਆਪਣੀ ਹਾਜਰੀ ਲਗਾ ਕੇ ਸੀਟ ਤੋਂ ਉਠ ਕੇ ਚਲੇ ਜਾਂਦੇ ਹਨ। ਇਹਨਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਆਪਣੇ ਕਿਸੇ ਨਿੱਜੀ ਕੰਮ ਲਈ ਇੱਕ ਦੋ ਘੰਟਿਆਂ ਲਈ ਦਫਤਰ ਛੱਡ ਕੇ ਕਿਤੇ ਜਾਣਾ ਆਮ ਜਿਹੀ ਗੱਲ ਹੈ।
ਇਸ ਸਾਰੇ ਕੁੱਝ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸਰਕਾਰ ਵਲੋਂ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਉਹਨਾਂ ਨੂੰ ਆਪਣੇ ਕੋਲ ਪਹੁੰਚਣ ਵਾਲੇ ਹਰ ਛੋਟੇ ਵੱਡੇ ਕੰਮ ਨੂੰ ਸਮਾਬੱਧ ਤਰੀਕੇ ਨਾਲ ਪੂਰਾ ਕਰਨ ਲਈ ਪਾਬੰਦ ਕੀਤਾ ਜਾਵੇ। ਇਸਦੇ ਨਾਲ ਨਾਲ ਆਪਣੇ ਕੋਲ ਪਹੁੰਚਣ ਵਾਲੀਆਂ ਫਾਈਲਾਂ ਨੂੰ ਬਿਨਾ ਵਜ੍ਹਾ ਰੋਕ ਕੇ ਰੱਖਣ ਅਤੇ ਸਰਕਾਰੀ ਕੰਮਾਂ ਨੂੰ ਲਮਕਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਸਖਤ ਕਾਰਵਾਈ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕਰਕੇ ਅਤੇ ਉਹਨਾਂ ਵਲੋਂ ਆਪਣਾ ਕੰਮ ਮਿੱਥੇ ਸਮੇਂ ਤੋਂ ਪੂਰਾ ਨਾ ਕਰਨ ਤੇ ਕੀਤੀ ਜਾਣ ਵਾਲੀ ਸਖਤ ਕਾਰਵਾਈ ਕਰਕੇ ਸਰਕਾਰੀ ਕੰਮਾਂ ਵਿੱਚ ਹੋਣ ਵਾਲੇ ਭ੍ਰਿਸ਼ਟਾਚਾਰ ਨੂੰ ਕਾਫੀ ਹੱਦ ਤਕ ਕਾਬੂ ਵਿੱਚ ਕੀਤਾ ਜਾ ਸਕਦਾ ਹੈ ਅਤੇ ਸਰਕਾਰ ਵਲੋਂ ਇਸ ਸੰਬੰਧੀ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ।
Editorial
ਬਾਜਾਰਾਂ ਵਿੱਚ ਹੁੰਦੀ ਨਕਲੀ ਸਾਮਾਨ ਦੀ ਖੁੱਲੇਆਮ ਵਿਕਰੀ ਤੇ ਰੋਕ ਲਗਾਉਣਾ ਸਰਕਾਰ ਦੀ ਜਿੰਮੇਵਾਰੀ
ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਾਡੇ ਦੇਸ਼ ਵਿੱਚ ਕਪੜਿਆਂ ਅਤੇ ਜੁੱਤੀਆਂ ਤੋਂ ਲੈ ਕੇ ਲੂਣ, ਤੇਲ ਤਕ ਹਰ ਤਰਾਂ ਦਾ ਨਕਲੀ ਸਾਮਾਨ ਖੁੱਲੇਆਮ ਵੇਚਿਆ ਜਾਂਦਾ ਹੈ ਅਤੇ ਚਾਲਾਕ ਕਿਸਮ ਦੇ ਦੁਕਾਨਦਾਰ ਆਮ ਲੋਕਾਂ ਨੂੰ ਅਸਲੀ ਸਾਮਾਨ ਦੀ ਥਾਂ ਨਕਲੀ ਸਾਮਾਨ ਵੇਚ ਦਿੰਦੇ ਹਨ। ਨਕਲੀ ਸਾਮਾਨ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਨੂੰ ਅਜਿਹੇ ਸਾਮਾਨ ਦੀ ਵਿਕਰੀ ਤੇ ਮੋਟਾ ਮੁਨਾਫਾ ਮਿਲਦਾ ਹੈ ਅਤੇ ਜਿਆਦਾਤਰ ਮਾਮਲਿਆਂ ਵਿੱਚ ਇਹ ਦੁਕਾਨਦਾਰ ਅਸਲ ਬ੍ਰਾਂਡਿਡ ਸਾਮਾਨ ਦੀ ਹੀ ਕੀਮਤ ਵਸੂਲਦੇ ਹਨ।
ਆਮ ਤੌਰ ਤੇ ਲੋਕਾਂ ਨੂੰ ਅਸਲੀ ਨਕਲੀ ਸਾਮਾਨ ਦੀ ਪਹਿਚਾਣ ਨਹੀਂ ਹੁੰਦੀ ਅਤੇ ਬਾਅਦ ਵਿੱਚ ਜਦੋਂ ਖਰੀਦਦਾਰ ਨੂੰ ਪਤਾ ਲੱਗਦਾ ਹੈ ਕਿ ਉਸਨੂੰ ਅਸਲ ਸਾਮਾਨ ਦੀ ਕੀਮਤ ਦੇ ਬਦਲੇ ਨਕਲੀ ਸਾਮਾਨ ਮਿਲਿਆ ਹੈ ਤਾਂ ਉਸਨੂੰ ਪਛਤਾਉਣਾ ਪੈਂਦਾ ਹੈ। ਅੱਜਕੱਲ ਦੇ ਭਾਰੀ ਮਹਿੰਗਾਈ ਦੇ ਇਸ ਦੌਰ ਵਿੱਚ ਜਦੋਂ ਆਮ ਲੋਕਾਂ ਲਈ ਘਰ ਚਲਾਉਣ ਲਈ ਲੋੜੀਂਦੇ ਸਾਮਾਨ ਦੀ ਖਰੀਦ ਕਰਨਾ ਵੀ ਔਖਾ ਹੋ ਗਿਆ ਹੈ, ਬਾਜਾਰਾਂ ਵਿੱਚ ਖੁੱਲੇਆਮ ਹੁੰਦੀ ਨਕਲੀ ਅਤੇ ਮਿਲਾਵਟੀ ਸਾਮਾਨ ਦੀ ਵਿਕਰੀ ਕਾਰਨ ਲੋਕਾਂ ਨੂੰ ਪੂਰੀ ਰਕਮ ਦੇਣ ਦੇ ਬਾਵਜੂਦ ਅਸਲੀ ਸਾਮਾਨ ਨਹੀਂ ਮਿਲਦਾ ਅਤੇ ਅਜਿਹਾ ਆਮ ਹੁੰਦਾ ਹੈ ਕਿ ਦੁਕਾਨਦਾਰਾਂ ਜਾਂ ਕੰਪਨੀਆਂ ਵਲੋਂ ਆਮ ਲੋਕਾਂ ਨੂੰ ਅਸਲੀ ਸਾਮਾਨ ਦੀ ਕੀਮਤ ਵਸੂਲ ਕੇ ਨਕਲੀ ਸਾਮਾਨ ਦੇ ਦਿਤਾ ਜਾਂਦਾ ਹੈ। ਅਜਿਹਾ ਕਰਕੇ ਜਿੱਥੇ ਇੱਕ ਪਾਸੇ ਦੁਕਾਨਦਾਰਾਂ ਅਤੇ ਕੰਪਨੀਆਂ ਵਲੋਂ ਆਮ ਲੋਕਾਂ ਦੀ ਆਰਥਿਕ ਲੁੱਟ ਕੀਤੀ ਜਾਂਦੀ ਹੈ ਉੱਥੇ ਜੇਕਰ ਇਹ ਨਕਲੀ ਜਾਂ ਮਿਲਾਵਟੀ ਸਾਮਾਨ ਖਾਣ ਪੀਣ ਵਾਲਾ ਹੋਵੇ ਤਾਂ ਇਸ ਨਾਲ ਆਮ ਲੋਕਾਂ ਦੀ ਸਿਹਤ ਨੂੰ ਵੀ ਨੁਕਸਾਨ ਹੁੰਦਾ ਹੈ।
ਹਾਲਾਂਕਿ ਅਜਿਹਾ ਵੀ ਨਹੀਂ ਹੈ ਕਿ ਹਰ ਵਾਰ ਦੁਕਾਨਦਾਰ ਹੀ ਗ੍ਰਾਹਕ ਨਾਲ ਧੋਖਾ ਹੀ ਕਰਦੇ ਹਨ ਅਤੇ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਗ੍ਰਾਹਕ ਨੂੰ ਵੀ ਪਤਾ ਹੁੰਦਾ ਹੈ ਕਿ ਜਿਹੜਾ ਸਾਮਾਨ ਉਹ ਖਰੀਦ ਰਿਹਾ ਹੈ ਉਹ ਨਕਲੀ ਹੈ, ਪਰੰਤੂ ਇਸਦੇ ਬਾਵਜੂਦ ਉਹ ਥੋੜ੍ਹੇ ਸਸਤੇ ਦੇ ਲਾਲਚ ਵਿੱਚ ਇਹ ਸਾਮਾਨ ਖਰੀਦ ਲੈਂਦਾ ਹੈ। ਰਿਹਾਇਸ਼ੀ ਖੇਤਰਾਂ ਵਿੱਚ ਘੁੰਮਦੇ ਗਲੀਆਂ ਵਿੱਚ ਘੁੰਮਦੇ ਫੇਰੀ ਵਾਲੇ ਅਕਸਰ ਵੱਡੀਆਂ ਕੰਪਨੀਆਂ ਦੇ ਨਾਮ ਤੇ ਸਸਤੇ ਰੇਟ ਤੇ ਨਕਲੀ ਸਾਮਾਨ ਵੇਚਦੇ ਹਨ ਅਤੇ ਆਮ ਲੋਕ (ਜਿਹਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਸਾਮਾਨ ਨਕਲੀ ਹੈ) ਫਿਰ ਵੀ ਅਜਿਹਾ ਸਾਮਾਨ ਖਰੀਦ ਲੈਦੇ ਹਨ ਜੋ ਸਸਤਾ ਤਾਂ ਹੁੰਦਾ ਹੈ ਪਰੰਤੂ ਬਹੁਤ ਜਲਦੀ ਖਰਾਬ ਵੀ ਹੋ ਜਾਂਦਾ ਹੈ।
ਕਈ ਦੁਕਾਨਦਾਰ ਤਾਂ ਅਜਿਹੇ ਵੀ ਹੁੰਦੇ ਹਨ ਜਿਹਨਾਂ ਨੇ ਆਪਣੀਆਂ ਦੁਕਾਨਾਂ ਤੇ ਬ੍ਰਾਂਡਿਡ ਕੰਪਨੀਆਂ ਦੇ ਅਸਲੀ ਸਾਮਾਨ ਦੇ ਨਾਲ ਨਕਲੀ ਸਾਮਾਨ ਵੀ ਰੱਖਿਆ ਹੁੰਦਾ ਹੈ, ਜਿਹੜਾ ਗ੍ਰਾਹਕਾਂ ਨੂੰ ਨਕਲੀ ਦੱਸ ਕੇ ਵੇਚਿਆ ਜਾਂਦਾ ਹੈ ਅਤੇ ਗ੍ਰਾਹਕ ਵੀ ਸਭ ਕੁੱਝ ਜਾਣਦੇ ਸਮਝਦੇ ਹੋਏ ਸਸਤੇ ਦੇ ਲਾਲਚ ਵਿੱਚ ਬਾਂਡੇਡ ਕੰਪਨੀਆਂ ਦੇ ਨਾਮ ਤੇ ਵਿਕਦਾ ਇਹ ਨਕਲੀ ਸਾਮਾਨ ਖਰੀਦਦੇ ਹਨ। ਨਕਲੀ ਅਤੇ ਅਸਲੀ ਸਾਮਾਨ ਇਕੱਠਾ ਰੱਖ ਕੇ ਵੇਚਣ ਵਾਲੇ ਇਹ ਦੁਕਾਨਦਾਰ ਕਈ ਵਾਰ ਗ੍ਰਾਹਕ ਨੂੰ ਜਾਣ ਬੁੱਝ ਕੇ ਵੀ ਠੱਗਦੇ ਹਨ ਅਤੇ ਲੋਕਾਂ ਨੂੰ ਨਕਲੀ ਸਾਮਾਨ ਵੇਚ ਕੇ ਮੋਟੀ ਕਮਾਈ ਕਰਦੇ ਹਨ। ਆਨ ਲਾਈਨ ਸਾਮਾਨ ਵੇਚਣ ਵਾਲੀਆਂ ਕੰਪਨੀਆਂ ਵੀ ਇਸ ਕੰਮ ਵਿਚ ਪਿਛੇ ਨਹੀਂ ਹਨ ਅਤੇ ਇਹਨਾਂ ਆਨਲਾਈਨ ਕੰਪਨੀਆਂ ਵਲੋਂ ਵੀ ਅਕਸਰ ਲੋਕਾਂ ਨੂੰ ਅਸਲੀ ਦੀ ਥਾਂ ਡੁਪਲੀਕੇਟ ਸਾਮਾਨ ਭੇਜ ਕੇ ਸਿੱਧੀ ਠੱਗੀ ਮਾਰੀ ਜਾਂਦੀ ਹੈ।
ਇਹ ਵਰਤਾਰਾ ਦੇਸ਼ ਭਰ ਵਿੱਚ ਆਮ ਹੈ ਅਤੇ ਲਗਭਗ ਹਰ ਸ਼ਹਿਰ ਵਿੱਚ ਲੋਕਾਂ ਦੀ ਆਮ ਵਰਤੋਂ ਦੇ ਅਸਲੀ ਸਾਮਾਨ ਦੇ ਨਾਲ ਨਾਲ ਨਕਲੀ ਸਾਮਾਨ ਦੀ ਖੁੱਲੇਆਮ ਵਿਕਰੀ ਹੈ। ਇਸਦੇ ਨਾਲ ਨਾਲ ਠੱਗਾਂ ਵਲੋਂ ਨਕਲੀ ਦੁੱਧ, ਮਿਠਾਈਆਂ, ਪਨੀਰ, ਮਸਾਲੇ ਗੱਲ ਕੀ ਖਾਣ ਪੀਣ ਦਾ ਹਰ ਤਰ੍ਹਾਂ ਦਾ ਨਕਲੀ ਸਾਮਾਨ ਵੀ ਤਿਆਰ ਕਰਕੇ ਵੇਚਿਆ ਜਾਂਦਾ ਹੈ। ਇਸ ਸੰਬੰਧੀ ਕਾਰਵਾਈ ਕਰਦਿਆਂ ਪ੍ਰਸ਼ਾਸਨ ਵਲੋਂ ਸਮੇਂ ਸਮੇਂ ਤੇ ਖਾਣ ਪੀਣ ਦਾ ਅਜਿਹਾ ਨਕਲੀ ਸਾਮਾਨ ਬਰਾਮਦ ਵੀ ਕੀਤਾ ਜਾਂਦਾ ਹੈ, ਪਰ ਫਿਰ ਵੀ ਮਾਰਕੀਟਾਂ ਵਿਚ ਨਕਲੀ ਦੁੱਧ, ਪਨੀਰ, ਮਿਠਾਈ ਅਤੇ ਹੋਰ ਸਾਮਾਨ ਦੀ ਵਿਕਰੀ ਦੀਆਂ ਖਬਰਾਂ ਆਮ ਸਾਮ੍ਹਣੇ ਆਉਂਦੀਆਂ ਹਨ।
ਬਾਜਾਰਾਂ ਵਿੱਚ ਇਸ ਤਰੀਕੇ ਨਾਲ ਖੁੱਲੇਆਮ ਹੁੰਦੀ ਨਕਲੀ ਸਾਮਾਨ ਦੀ ਵਿਕਰੀ ਤੇ ਰੋਕ ਲਗਾਉਣਾ ਸਰਕਾਰ ਦੀ ਜਿੰਮੇਵਾਰੀ ਹੈ ਅਤੇ ਇਸ ਸੰਬੰਧੀ ਸਰਕਾਰ ਵਲੋਂ ਲੋੜੀਂਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਲਈ ਜਰੂਰੀ ਹੈ ਕਿ ਨਕਲੀ ਸਾਮਾਨ ਦੀ ਵਿਕਰੀ ਰੋਕਣ ਲਈ ਬਣਾਏ ਗਏ ਕਾਨੂੰਨਾਂ ਨੂ ੰਸਖਤੀ ਨਾਲ ਲਾਗੂ ਕੀਤਾ ਜਾਵੇ ਅਤੇ ਖਾਣ ਪੀਣ ਅਤੇ ਜਰੂਰੀ ਵਰਤੋ ਦੇ ਸਾਮਾਨ ਦੀ ਸਮੇਂ ਸਮੇਂ ਚੈਕਿੰਗ ਦਾ ਪ੍ਰਬੰਧ ਕੀਤਾ ਜਾਵੇ ਅਤੇ ਹਰ ਤਰਾਂ ਦਾ ਨਕਲੀ ਸਾਮਾਨ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਵੱਡੇ ਪੱਧਰ ਤੇ ਅੰਜਾਮ ਦਿੱਤੀ ਜਾਂਦੀ ਠੱਗੀ ਦੀ ਇਸ ਕਾਰਵਾਈ ਤੇ ਰੋਕ ਲੱਗੇ।
Editorial
ਸਾਈਬਰ ਕ੍ਰਾਈਮ ਅਤੇ ਹੋਰ ਅਪਰਾਧਾਂ ਤੋਂ ਬਚਣ ਲਈ ਸੁਚੇਤ ਹੋਣ ਆਮ ਲੋਕ

ਜਿਵੇਂ-ਜਿਵੇਂ ਦੁਨੀਆਂ ਤਰੱਕੀ ਕਰ ਰਹੀ ਹੈ, ਉਵੇਂ ਉਵੇਂ ਵਿਗਿਆਨੀਆਂ ਵੱਲੋਂ ਵੀ ਆਮ ਲੋਕਾਂ ਦੀ ਭਲਾਈ ਲਈ ਕਈ ਤਰ੍ਹਾਂ ਦੀਆਂ ਖੋਜ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਨਵੇਂ ਯੰਤਰ ਬਣਾਏ ਜਾ ਰਹੇ ਹਨ। ਪਰ ਇਸ ਦੇ ਨਾਲ ਠੱਗ ਅਤੇ ਅਪਰਾਧੀ ਵੀ ਹਾਈਟੈਕ ਹੋ ਰਹੇ ਹਨ ਅਤੇ ਹੁਣ ਸਾਈਬਰ ਕ੍ਰਾਈਮ ਅਤੇ ਹੋਰ ਠੱਗੀਆਂ ਤੇ ਅਪਰਾਧਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ।
ਅਕਸਰ ਹੀ ਕਿਸੇ ਨਾ ਕਿਸੇ ਵਿਅਕਤੀ ਨੂੰ ਫੋਨ ਆਉਂਦਾ ਹੈ ਅਤੇ ਫੋਨ ਕਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਕਿਸੇ ਬੈਂਕ ਦਾ ਸੀਨੀਅਰ ਅਧਿਕਾਰੀ ਦੱਸ ਕੇ ਕਹਿੰਦਾ ਹੈ ਕਿ ਤੁਸੀਂ ਬੈਂਕ ਵਿੱਚ ਆਧਾਰ ਕਾਰਡ ਜਾਂ ਹੋਰ ਫਾਰਮ ਜਮਾ ਨਹੀਂ ਕਰਵਾਇਆ। ਇਸ ਦੇ ਨਾਲ ਹੀ ਉਹ ਕਹਿੰਦਾ ਹੈ ਕਿ ਤੁਹਾਡੇ ਫੋਨ ਤੇ ਇੱਕ ਓ ਟੀ ਪੀ ਆਵੇਗਾ ਉਹ ਦਸ ਦੇਈਓ ਜਦੋਂ ਸਾਹਮਣੇ ਵਾਲਾ ਵਿਅਕਤੀ ਓ ਟੀ ਪੀ ਦਸ ਦਿੰਦਾ ਹੈ ਤਾਂ ਤੁਰੰਤ ਉਸਦਾ ਬੈਂਕ ਖਾਤਾ ਖਾਲੀ ਹੋ ਜਾਂਦਾ ਹੈ।
ਇਸ ਤਰ੍ਹਾਂ ਦੀਆਂ ਠੱਗੀਆਂ ਕਈ ਲੋਕਾਂ ਨਾਲ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਕਈ ਲੋਕਾਂ ਨੂੰ ਕੁਝ ਲੋਕ ਪੁਲੀਸ ਵਾਲੇ ਜਾਂ ਸੀ ਆਈ ਡੀ ਵਾਲੇ ਬਣ ਕੇ ਵੀ ਡਰਾ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਤੁਸੀਂ ਡਿਜੀਟਲ ਹਿਰਾਸਤ ਵਿੱਚ ਹੋ ਅਤੇ ਤੁਹਾਡੇ ਖਿਲਾਫ ਮਾਮਲਾ ਦਰਜ ਹੋ ਸਕਦਾ ਹੈ ਨਹੀਂ ਤਾਂ ਏਨੇ ਪੈਸੇ ਦਿਓ। ਇਸ ਤਰ੍ਹਾਂ ਡਰਦੇ ਹੋਏ ਲੋਕ ਕਈ ਵਾਰ ਲੱਖਾਂ ਰੁਪਏ ਫੋਨ ਕਰਨ ਵਾਲੇ ਵਿਅਕਤੀ ਨੂੰ ਦੇ ਦਿੰਦੇ ਹਨ।
ਅਜਿਹੀਆਂ ਘਟਨਾਵਾਂ ਅਕਸਰ ਬਜੁਰਗਾਂ ਨਾਲ ਵਾਪਰਦੀਆਂ ਹਨ ਅਤੇ ਬਜੁਰਗਾਂ ਦੇ ਭੋਲੇ ਪਣ ਦਾ ਲਾਭ ਕੁਝ ਚੁਸਤ ਚਲਾਕ ਲੋਕ ਉਠਾ ਕੇ ਉਹਨਾਂ ਨਾਲ ਠੱਗੀਆਂ ਮਾਰ ਦਿੰਦੇ ਹਨ। ਭਾਵੇਂ ਕਿ ਸਰਕਾਰ ਅਤੇ ਸਰਕਾਰੀ ਏਜੰਸੀਆਂ ਲੋਕਾਂ ਨੂੰ ਸਾਈਬਰ ਕ੍ਰਾਈਮ ਸਬੰਧੀ ਜਾਗਰੂਕ ਵੀ ਕਰਦੀਆਂ ਹਨ ਪਰ ਅਜੇ ਵੀ ਵੱਡੀ ਗਿਣਤੀ ਲੋਕ ਅਜਿਹੀ ਜਾਣਕਾਰੀ ਦੀ ਘਾਟ ਕਾਰਨ ਅਕਸਰ ਧੋਖੇ ਅਤੇ ਠੱਗੀ ਦਾ ਸ਼ਿਕਾਰ ਹੋ ਸਕਦੇ ਹਨ। ਇਸ ਲਈ ਅਜਿਹੇ ਲੋਕਾਂ ਲਈ ਜਾਗਰੂਕ ਹੋਣਾ ਬਹੁਤ ਜਰੂਰੀ ਹੈ।
ਕਈ ਵਾਰ ਕੋਈ ਵਿਅਕਤੀ ਨਕਲੀ ਇੰਸਪੈਕਟਰ ਬਣ ਕੇ ਕਿਸੇ ਵਿਅਕਤੀ ਨੂੰ ਫੋਨ ਕਰ ਦਿੰਦਾ ਹੈ ਕਿ ਤੁਹਾਡਾ ਪੁੱਤਰ ਜਾਂ ਧੀ ਨਸ਼ੀਲੇ ਪਦਾਰਥ ਸਮੇਤ ਫੜੇ ਗਏ ਹਨ,ਉਹਨਾਂ ਨੂੰ ਬਚਾਉਣਾ ਹੈ ਤਾਂ ਏਨੇ ਲੱਖ ਰੁਪਏ ਦਿਓ। ਆਪਣੇ ਪੁੱਤਰ ਤੇ ਧੀ ਨੂੰ ਬਚਾਉਣ ਲਈ ਮਾਪੇ ਅਕਸਰ ਪੈਸੇ ਦੇਣ ਲਈ ਤਿਆਰ ਹੋ ਜਾਂਦੇ ਹਨ ਪਰ ਜਦੋਂ ਉਹਨਾਂ ਦੀ ਆਪਣੇ ਪੁੱਤਰ ਜਾਂ ਧੀ ਨਾਲ ਆਹਮੋ ਸਾਹਮਣੇ ਗੱਲ ਹੁੰਦੀ ਹੈ ਤਾਂ ਅਜਿਹੀ ਕੋਈ ਗੱਲ ਹੀ ਨਹੀਂ ਹੁੰਦੀ। ਫੋਨ ਕਰਨ ਵਾਲੇ ਨਕਲੀ ਇੰਸਪੈਕਟਰ ਨੇ ਜਿਸ ਵਿਅਕਤੀ ਜਾਂ ਲੜਕੀ ਨਾਲ ਮਾਪਿਆਂ ਦੀ ਗਲ ਕਰਵਾਈ ਹੁੰਦੀ ਹੈ, ਉਸ ਦੀ ਆਵਾਜ ਵੀ ਇਹਨਾ ਮਾਪਿਆਂ ਦੇ ਪੁੱਤਰ ਜਾਂ ਧੀ ਨਾਲ ਰਲਦੀ ਮਿਲਦੀ ਜਿਹੀ ਬਣਾਈ ਹੁੰਦੀ ਹੈ। ਜਿਸ ਕਰਕੇ ਮਾਪਿਆਂ ਨੂੰ ਵਿਸ਼ਵਾਸ਼ ਹੋ ਜਾਂਦਾ ਹੈ ਕਿ ਸਚਮੁੱਚ ਉਹਨਾ ਦੇ ਬੱਚੇ ਮੁਸੀਬਤ ਵਿੱਚ ਹਨ। ਇਸ ਤਰ੍ਹਾਂ ਨਕਲੀ ਪੁਲੀਸ ਵਾਲੇ ਬਣ ਕੇ ਵੀ ਅਪਰਾਧੀ ਆਮ ਲੋਕਾਂ ਨਾਲ ਠੱਗੀਆਂ ਮਾਰ ਜਾਂਦੇ ਹਨ।
ਪਿਛਲੇ ਦਿਨੀਂ ਇੱਕ ਖਬਰ ਨੇ ਸਭ ਦਾ ਧਿਆਨ ਖਿੱਚਿਆ ਸੀ ਕਿ ਕੁੱਝ ਸਪਾ ਸੈਂਟਰਾਂ ਤੋਂ ਕੁਝ ਵਿਅਕਤੀ ਨਕਲੀ ਪੁਲੀਸ ਵਾਲੇ ਬਣ ਕੇ ਹਰ ਮਹੀਨੇ ਕੁਝ ਪੈਸੇ ਲੈਂਦੇ ਸਨ ਪਰ ਬਾਅਦ ਵਿੱਚ ਉਹਨਾਂ ਦਾ ਭੇਦ ਖੁੱਲ ਗਿਆ ਤਾਂ ਇਹ ਗੱਲ ਸਾਹਮਣੇ ਆ ਗਈ। ਅਜਿਹਾ ਹੋਰ ਵੀ ਕਈ ਸਪਾ ਕੇਂਦਰਾਂ ਅਤੇ ਦੁਕਾਨਦਾਰਾਂ ਨਾਲ ਹੋਣ ਦੀ ਚਰਚਾ ਅਕਸਰ ਹੁੰਦੀ ਹੈ, ਜਿਹਨਾਂ ਨੂੰ ਅਪਰਾਧੀ ਨਕਲੀ ਪੁਲੀਸ ਵਾਲੇ ਬਣ ਕੇ ਚੂਨਾ ਲਗਾ ਜਾਂਦੇ ਹਨ।
ਭਾਵੇਂ ਕਿ ਵੱਡੀ ਗਿਣਤੀ ਲੋਕ ਅੱਜਕਲ ਅਖਬਾਰ ਪੜਦੇ ਹਨ ਅਤੇ ਟੀ ਵੀ ਚੈਨਲਾਂ ਤੇ ਖਬਰਾਂ ਸੁਣਦੇ ਹਨ, ਇਸ ਦੇ ਬਾਵਜੂਦ ਉਹ ਅਕਸਰ ਸਾਈਬਰ ਕ੍ਰਾਈਮ ਜਾਂ ਹੋਰ ਅਪਰਾਧਾਂ ਸਬੰਧੀ ਅਣਜਾਣ ਰਹਿੰਦੇ ਹਨ, ਕਿਉਂਕਿ ਆਮ ਲੋਕ ਅਪਰਾਧ ਨਾਲ ਸੰਬਧਿਤ ਖਬਰਾਂ ਘੱਟ ਹੀ ਪੜਦੇ ਸੁਣਦੇ ਹਨ। ਇਸੇ ਕਾਰਨ ਉਹਨਾਂ ਨੂੰ ਅਪਰਾਧੀਆਂ ਵਲੋਂ ਅਪਨਾਏ ਜਾਂਦੇ ਨਵੇਂ ਢੰਗ ਤਰੀਕਿਆਂ ਦੀ ਜਾਣਕਾਰੀ ਨਹੀਂ ਹੁੰਦੀ, ਜਿਸ ਦਾ ਫਾਇਦਾ ਠੱਗ ਅਤੇ ਅਪਰਾਧੀ ਉਠਾਉਂਦੇ ਹਨ। ਜਾਣਕਾਰੀ ਦੀ ਘਾਟ ਕਾਰਨ ਅਕਸਰ ਆਮ ਲੋਕ ਠੱਗਾਂ ਅਤੇ ਅਪਰਾਧੀਆਂ ਦੇ ਝਾਂਸੇ ਵਿੱਚ ਆ ਜਾਂਦੇ ਹਨ ਅਤੇ ਠੱਗੇ ਜਾਂਦੇ ਹਨ।
ਕਿਹਾ ਜਾਂਦਾ ਹੈ ਕਿ ਠੱਗਾਂ ਅਤੇ ਅਪਰਾਧੀਆਂ ਦੇ ਗਿਰੋਹ ਸੰਗਠਿਤ ਹੁੰਦੇ ਹਨ ਅਤੇ ਇਹਨਾਂ ਦੀਆਂ ਤਾਰਾਂ ਦੂਰ ਤਕ ਜੁੜੀਆਂ ਹੁੰਦੀਆਂ ਹਨ। ਲੋਕਲ ਅਪਰਾਧੀ ਤੇ ਠੱਗ ਇਹਨਾਂ ਦੀ ਸਹਾਇਤਾ ਕਰਦੇ ਹਨ ਅਤੇ ਆਮ ਲੋਕਾਂ ਬਾਰੇ ਜਾਣਕਾਰੀ ਇਹਨਾਂ ਵੱਡੇ ਅਪਰਾਧੀਆਂ ਨੂੰ ਗਲੀ ਮੁਹੱਲੇ ਦੇ ਛੋਟੇ ਮੋਟੇ ਅਪਰਾਧੀ ਜਾਂ ਠੱਗ ਦਿੰਦੇ ਹਨ। ਆਮ ਲੋਕਾਂ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਹੀ ਵੱਡੇ ਠੱਗ ਅਤੇ ਅਪਰਾਧੀ ਅਕਸਰ ਇਹਨਾਂ ਲੋਕਾਂ ਨਾਲ ਠੱਗੀਆਂ ਮਾਰ ਜਾਂਦੇ ਹਨ।
ਇਸ ਲਈ ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਾਈਬਰ ਕਾ੍ਰਈਮ, ਠੱਗੀਆਂ ਅਤੇ ਹੋਰ ਅਪਰਾਧਾਂ ਤੋਂ ਬਚਣ ਲਈ ਅਣਜਾਨ ਲੋਕਾਂ ਨੂੰ ਆਪਣੇ ਬਾਰੇ ਜਾਣਕਾਰੀ ਨਾ ਦੇਣ ਅਤੇ ਹਰ ਕਿਸੇ ਕੋਲ ਆਪਣੇ ਪਰਿਵਾਰ ਬਾਰੇ ਗੱਲ ਨਾ ਕਰਨ। ਇਸ ਤੋਂ ਇਲਾਵਾ ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰ, ਸਰਕਾਰੀ ਏਂਜਸੀਆਂ ਅਤੇ ਮੀਡੀਆ ਵੱਲੋਂ ਸਾਈਬਰ ਕ੍ਰਾਈਮ ਅਤੇ ਹੋਰ ਅਪਰਾਧੀਆਂ ਤੇ ਠੱਗਾਂ ਬਾਰੇ ਦਿਤੀ ਜਾਂਦੀ ਜਾਣਕਾਰੀ ਨੂੰ ਜਰੂਰ ਦੇਖਿਆ ਪੜਿਆ ਕਰਨ ਤਾਂ ਕਿ ਉਹ ਇਹਨਾਂ ਤੋਂ ਸੁਚੇਤ ਹੋ ਸਕਣ।
ਬਿਊਰੋ
Editorial
ਪੰਥ ਦੀ ਸਿਆਸਤ ਵਿੱਚ ਕਿਸੇ ਵੀ ਧਿਰ ਦੇ ਭਾਰੂ ਨਾ ਹੋਣ ਕਾਰਨ ਸਪਸ਼ਟ ਨਹੀਂ ਹੋ ਰਿਹਾ ਪੰਥਕ ਸਿਆਸਤ ਦਾ ਚਿਹਰਾ ਮੋਹਰਾ
ਪੰਜਾਬ ਵਿੱਚ ਪੰਥਕ ਸਿਆਸਤ ਤੋਂ ਬਿਨਾਂ ਸਿਆਸਤ ਦੀ ਗੱਲ ਨਹੀਂ ਕੀਤੀ ਜਾ ਸਕਦੀ ਅਤੇ ਇਸੇ ਕਰਕੇ ਹੀ ਪੰਜਾਬ ਵਿੱਚ ਪੰਥਕ ਸਿਆਸਤ ਦਾ ਬੋਲਬਾਲਾ ਰਿਹਾ ਹੈ। ਪਰ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਪੰਥਕ ਸਿਆਸਤ ਦਾ ਚਿਹਰਾ ਮੋਹਰਾ ਸਪਸ਼ਟ ਨਹੀਂ ਹੋ ਰਿਹਾ, ਜਿਸ ਕਾਰਨ ਆਮ ਸਿੱਖ ਦੁਬਿਧਾ ਵਿੱਚ ਫਸੇ ਹੋਏ ਹਨ ਕਿ ਉਹ ਕਿਸ ਸਿਆਸੀ ਪਾਰਟੀ ਦਾ ਸਮਰਥਣ ਕਰਨ।
ਸ਼੍ਰੋਮਣੀ ਅਕਾਲੀ ਦਲ ਲੰਬਾ ਸਮਾਂ ਪੰਜਾਬ ਦੀ ਪੰਥਕ ਪਾਰਟੀ ਰਿਹਾ ਹੈ ਅਤੇ ਇਸ ਪਾਰਟੀ ਨੂੰ ਇਹ ਮਾਣ ਹੈ ਕਿ ਇਸ ਪਾਰਟੀ ਨੇ ਸਿੱਖਾਂ ਅਤੇ ਪੰਥ ਦੇ ਅਹਿਮ ਮੁੱਦੇ ਬੀਤੇ ਸਮੇਂ ਦੌਰਾਨ ਪ੍ਰਮੁੱਖਤਾ ਨਾਲ ਉਠਾਏ ਸਨ, ਜਿਸ ਕਰਕੇ ਆਮ ਸਿੱਖਾਂ ਨੇ ਵੀ ਇਸ ਪਾਰਟੀ ਨੂੰ ਕਈ ਵਾਰ ਪੰਜਾਬ ਦੀ ਸੱਤਾ ਦਾ ਸੁੱਖ ਬਖਸਿਆ।
ਪਰ ਹੁਣ ਇਹ ਪਾਰਟੀ ਆਪਣਾ ਪੰਥਕ ਆਧਾਰ ਗੁਆ ਚੁਕੀ ਹੈ ਇਸ ਸਮੇਂ ਇਸ ਪਾਰਟੀ ਦੀ ਜੋ ਸਥਿਤੀ ਹੈ, ਉਹ ਸਭ ਦੇ ਸਾਹਮਣੇ ਹੈ। ਪੰਜਾਬ ਵਿੱਚ ਕੁੱਝ ਹੋਰ ਅਕਾਲੀ ਦਲ ਵੀ ਸਰਗਰਮ ਹਨ ਪਰ ਕਿਸੇ ਵੀ ਅਕਾਲੀ ਦਲ ਦਾ ਆਧਾਰ ਪੂਰੇ ਪੰਜਾਬ ਵਿੱਚ ਨਹੀਂ ਹੈ। ਇਹ ਅਕਾਲੀ ਦਲ ਕੁਝ ਹਿੱਸਿਆਂ ਜਾਂ ਆਪਣੇ ਆਗੂਆਂ ਤਕ ਸੀਮਿਤ ਹਨ। ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿੱਚ ਅਕਾਲੀ ਦਲ ਲਈ ਨਵੀਂ ਭਰਤੀ ਹੋ ਰਹੀ ਹੈ ਅਤੇ ਦਸਿਆ ਜਾ ਰਿਹਾ ਹੈ ਕਿ ਆਮ ਸਿੱਖਾਂ ਵੱਲੋਂ ਇਸ ਭਰਤੀ ਨੂੰ ਕਾਫੀ ਹੁੰਗਾਰਾ ਵੀ ਭਰਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਬਾਦਲ ਦਲ ਵੀ ਲੱਖਾਂ ਮੈਂਬਰਾਂ ਦੀ ਭਰਤੀ ਕਰਨ ਦਾ ਦਾਅਵਾ ਕਰ ਚੁੱਕਿਆ ਹੈ।
ਇਸ ਤਰ੍ਹਾਂ ਪੰਜਾਬ ਦੀ ਪੰਥਕ ਸਿਆਸਤ ਵਿੱਚ ਦਿਨੋਂ ਦਿਨ ਦੁਬਿਧਾ ਵਾਲੀ ਸਥਿਤੀ ਬਣਦੀ ਜਾ ਰਹੀ ਹੈ। ਜਿਥੋਂ ਤੱਕ ਆਮ ਸਿੱਖਾਂ ਦਾ ਸਵਾਲ ਹੈ ਤਾਂ ਆਮ ਸਿੱਖ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿੱਚ ਹੀ ਪੰਥਕ ਸਿਆਸਤ ਦੀਆਂ ਸਰਗਰਮੀਆਂ ਚਾਹੁੰਦੇ ਹਨ। ਦੂਜੇ ਪਾਸੇ ਹੋਰ ਸਿਆਸੀ ਪਾਰਟੀਆਂ ਵੀ ਅਕਾਲੀ ਦਲ ਜਾਂ ਪੰਥਕ ਸਿਆਸਤ ਵਿੱਚ ਅੰਦਰੂਨੀ ਤੌਰ ਤੇ ਸਰਗਰਮ ਹੋਣ ਜਾਂ ਸਾਂਝ ਪਾਉਣ ਦੀ ਸੋਚ ਰਹੀਆਂ ਹਨ। ਕੁੱਝ ਵਿਦਵਾਨ ਕਹਿੰਦੇ ਹਨ ਕਿ ਭਾਜਪਾ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਪੰਜਾਬ ਜਿੱਤਣ’ ਵੱਲ ਪੂਰਾ ਧਿਆਨ ਦੇ ਰਹੀ ਹੈ। ਇਸ ਲਈ ਉਹ ਅਕਾਲੀ ਦਲ ਦੇ ਇੱਕ ਧੜੇ ਨਾਲ ਸਮਝੌਤਾ ਜ਼ਰੂਰ ਕਰੇਗੀ। ਜਿਸ ਤਰ੍ਹਾਂ ਦੀ ਸਥਿਤੀ ਹੈ ਉਸ ਤੋਂ ਜਾਪਦਾ ਹੈ ਕਿ ਭਾਜਪਾ ਵੱਲੋਂ ਇਹ ਸਮਝੌਤਾ 5 ਮੈਂਬਰੀ ਕਮੇਟੀ ਵੱਲੋਂ ਕੀਤੀ ਭਰਤੀ ਉਪਰੰਤ ਬਣਨ ਵਾਲੇ ਸੰਭਾਵਿਤ ਅਕਾਲੀ ਦਲ ਨਾਲ ਹੀ ਕੀਤਾ ਜਾਵੇਗਾ। ਭਰਤੀ ਕਮੇਟੀ ਦੇ ਬਹੁਗਿਣਤੀ ਮੈਂਬਰ ਵੀ ਇਹੀ ਚਾਹੁੰਦੇ ਹਨ ਕਿ ਅਕਾਲੀ ਦਲ ਦਾ ਭਾਜਪਾ ਨਾਲ ਸਮਝੌਤਾ ਹੋਵੇ ਤਾਂ ਜੋ ਸੱਤਾ ਹਾਸਲ ਕੀਤੀ ਜਾ ਸਕੇ।
ਸੱਚਾਈ ਇਹ ਵੀ ਹੈ ਕਿ ਭਰਤੀ ਕਮੇਟੀ ਨੂੰ ਲੋਕਾਂ ਵੱਲੋਂ ਚੰਗਾ ਸਹਿਯੋਗ ਮਿਲ ਰਿਹਾ ਹੈ ਪਰ ਭਾਜਪਾ ਨਾਲ ਸਮਝੌਤਾ ਕਰਨਾ ਨਵੇਂ ਅਕਾਲੀ ਦਲ ਲਈ ਸੌਖਾ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਮੋਦੀ ਸਰਕਾਰ ਨੂੰ ਬੰਦੀ ਸਿੱਖ ਛੱਡਣੇ ਪੈਣਗੇ, ਕਿਸਾਨੀ ਤੇ ਪੰਜਾਬ ਦੀਆਂ ਮੰਗਾਂ ਮੰਨਣੀਆਂ ਪੈਣਗੀਆਂ। ਹਾਲੇ ਤੱਕ ਭਾਜਪਾ ਜਨਤਕ ਤੌਰ ਉੱਪਰ ਇਹੀ ਬਿਆਨ ਦੇ ਰਹੀ ਹੈ ਕਿ ਭਾਜਪਾ ਪੰਜਾਬ ਵਿੱਚ ਕਿਸੇ ਨਾਲ ਸਮਝੌਤਾ ਨਹੀਂ ਕਰੇਗੀ ਪਰ ਸਿਆਸਤ ਵਿੱਚ ਕਦੋਂ ਕੀ ਹੋ ਜਾਵੇ, ਕੁਝ ਪਤਾ ਨਹੀਂ ਚੱਲਦਾ। ਪੰਜਾਬ ਵਿੱਚ ਪਹਿਲਾਂ ਵੀ ਭਾਜਪਾ ਵੱਲੋਂ ਅਕਾਲੀ ਦਲ ਨਾਲ ਗਠਜੋੜ ਰਿਹਾ ਹੈ, ਜੋ ਕਿ ਬਾਅਦ ਵਿੱਚ ਭਾਜਪਾ ਅਤੇ ਅਕਾਲੀ ਦਲ ਬਾਦਲ ਵਿਚਾਲੇ ਗਠਜੋੜ ਹੀ ਬਣ ਗਿਆ ਸੀ। ਦੋਵੇਂ ਪਾਰਟੀਆਂ ਗਠਜੋੜ ਰੂਪ ਵਿੱਚ ਪੰਜਾਬ ਦੀ ਸੱਤਾ ਦਾ ਆਨੰਦ ਮਾਣ ਚੁੱਕੀਆਂ ਹਨ ਪਰ ਹੁਣ ਬਾਦਲ ਦਲ ਤੋਂ ਭਾਜਪਾ ਦਾ ਮੋਹ ਭੰਗ ਹੋ ਚੁੱਕਿਆ ਹੈ। ਇਸੇ ਕਰਕੇ ਭਾਜਪਾ ਨਾਲ ਹੋਰ ਅਕਾਲੀ ਧੜਿਆਂ ਵੱਲ ਆਸ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ। ਮਾਨ ਅਕਾਲੀ ਦਲ ਨਾਲ ਭਾਜਪਾ ਦੀ ਸਾਂਝ ਕਦੇ ਵੀ ਪੈ ਨਹੀਂ ਸਕਦੀ ਜਿਸ ਕਰਕੇ ਨਵੀਂ ਭਰਤੀ ਕਮੇਟੀ ਵੱਲੋਂ ਅਕਾਲੀ ਦਲ ਦੀ ਕੀਤੀ ਜਾ ਰਹੀ ਭਰਤੀ ਵੱਲ ਸਭ ਦੀਆਂ ਨਜਰਾਂ ਲੱਗੀਆਂ ਹੋਈਆਂ ਹਨ।
ਆਸ ਕੀਤੀ ਜਾ ਰਹੀ ਹੈ ਕਿ ਭਰਤੀ ਕਮੇਟੀ ਵੱਲੋਂ ਜਦੋਂ ਭਰਤੀ ਮੁਕੰਮਲ ਕਰ ਲਈ ਜਾਵੇਗੀ ਤਾਂ ਇਕ ਨਵੇਂ ਅਕਾਲੀ ਦਲ ਦਾ ਜਨਮ ਹੋਵੇਗਾ, ਜਿਸ ਨਾਲ ਭਾਜਪਾ ਸਮਝੌਤਾ ਕਰ ਸਕਦੀ ਹੈ। ਭਾਵੇਂ ਕਿ ਬਾਦਲ ਦਲ ਵੱਲੋਂ ਨਵੀਂ ਭਰਤੀ ਕਮੇਟੀ ਦਾ ਵਿਰੌਧ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਗੈਰ ਕਾਨੂੰਨੀ ਕਿਹਾ ਜਾ ਰਿਹਾ ਹੈ ਪਰ ਆਮ ਲੋਕਾਂ ਦਾ ਇਸ ਕਮੇਟੀ ਨੂੰ ਮਿਲ ਰਿਹਾ ਸਮਰਥਣ ਇਸ ਕਮੇਟੀ ਦੀ ਸਥਿਤੀ ਮਜਬੂਤ ਕਰ ਰਿਹਾ ਹੈ।
ਹਾਲਾਤ ਇਹ ਹਨ ਕਿ ਪੰਥਕ ਸਿਆਸਤ ਵਿੱਚ ਇਸ ਸਮੇਂ ਕਿਸੇ ਵੀ ਪੰਥਕ ਧਿਰ ਦਾ ਉਭਾਰ ਨਹੀਂ ਹੈ, ਜਿਸ ਕਾਰਨ ਪੰਥਕ ਸਿਆਸਤ ਦਾ ਚਿਹਰਾ ਮੋਹਰਾ ਚੰਗੀ ਤਰਾਂ ਉਭਰ ਕੇ ਸਾਹਮਣੇ ਨਹੀਂ ਆ ਰਿਹਾ, ਜਿਸ ਕਾਰਨ ਆਮ ਸਿੱਖਾਂ ਅੱਗੇ ਇਸ ਸਮੇਂ ਦੁਬਿਧਾ ਵਾਲੀ ਸਥਿਤੀ ਬਣੀ ਹੋਈ ਹੈ। ਹੁਣ ਅਕਾਲੀ ਦਲ ਦੀ ਨਵੀਂ ਭਰਤੀ ਕਮੇਟੀ ਨੂੰ ਕਿੰਨੀ ਕੁ ਸਫਲਤਾ ਮਿਲਦੀ ਹੈ ਅਤੇ ਨਵਾਂ ਅਕਾਲੀ ਦਲ ਕਦੋਂ ਹੋਂਦ ਵਿੱਚ ਆਉਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਬਿਊਰੋ
-
International2 months ago
ਛੇ ਅਮਰੀਕੀ ਸੰਸਦ ਮੈਂਬਰਾਂ ਨੇ ਅਡਾਨੀ ਖਿਲਾਫ਼ ਮੁਕੱਦਮੇ ਲਈ ਨਵੇਂ ਅਟਾਰਨੀ ਜਨਰਲ ਨੂੰ ਪੱਤਰ ਲਿਖਿਆ
-
Editorial2 months ago
ਆਰਥਿਕ ਤਬਾਹੀ ਤੋਂ ਬਚਣ ਲਈ ਆਪਣੇ ਖਰਚੇ ਘੱਟ ਕਰਨ ਪੰਜਾਬੀ
-
Chandigarh1 month ago
ਅਨੁਰਾਗ ਰਸਤੋਗੀ ਹਰਿਆਣਾ ਦੇ ਮੁੱਖ ਸਕੱਤਰ ਨਿਯੁਕਤ
-
National2 months ago
ਖੁਦ ਨੂੰ ਚੁਣੌਤੀ ਦੇਣ ਪਰ ਪ੍ਰੀਖਿਆ ਦਾ ਦਬਾਅ ਨਾ ਲੈਣ ਵਿਦਿਆਰਥੀ : ਨਰਿੰਦਰ ਮੋਦੀ
-
Mohali2 months ago
ਗੁ ਸਿੰਘ ਸ਼ਹੀਦਾਂ ਵਿਖੇ 12 ਫਰਵਰੀ ਨੂੰ ਮਨਾਇਆ ਜਾਵੇਗਾ ਸ਼੍ਰੋਮਣੀ ਭਗਤ ਰਵਿਦਾਸ ਜੀ ਜਨਮ ਦਿਹਾੜਾ
-
Chandigarh1 month ago
ਐਡਵੋਕੇਟ ਐਕਟ-1961 ਸੋਧ ਬਿੱਲ 2025 ਪੂਰੇ ਦੇਸ਼ ਦੇ ਵਕੀਲਾਂ ਦੀ ਸ਼ਾਨ ਤੇ ਸਿੱਧਾ ਹਮਲਾ : ਵਿਵੇਕ ਗਰਚਾ
-
Chandigarh1 month ago
ਪੰਜਾਬ ਵਿਚ ਮੀਂਹ ਨਾਲ ਵਧੀ ਠੰਢ
-
Mohali2 months ago
ਵੱਖ ਵੱਖ ਸਕੂਲਾਂ ਵਿੱਚ ਮੈਗਾ ਐਸ.ਐਮ.ਸੀ. ਮੀਟਿੰਗ ਕਰਵਾਈ