Connect with us

Chandigarh

ਮਿਸ਼ਨ ਰੋਜ਼ਗਾਰ ਤਹਿਤ ਹੁਣ ਤੱਕ ਨੌਜਵਾਨਾਂ ਨੂੰ 55,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ : ਭਗਵੰਤ ਸਿੰਘ ਮਾਨ

Published

on

 

 

ਲੋਕਾਂ ਦੇ ਸਰਗਰਮ ਸਹਿਯੋਗ ਨਾਲ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਦਾ ਸੰਕਲਪ ਦੁਹਰਾਇਆ

ਚੰਡੀਗੜ੍ਹ, 1 ਅਪ੍ਰੈਲ (ਸ.ਬ.) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ‘ਮਿਸ਼ਨ ਰੋਜ਼ਗਾਰ’ ਨੂੰ ਜਾਰੀ ਰੱਖਦਿਆਂ ਆਪਣੇ 36 ਮਹੀਨਿਆਂ ਦੇ ਕਾਰਜਕਾਲ ਦੌਰਾਨ ਨੌਜਵਾਨਾਂ ਨੂੰ 55,000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਅੱਜ ਇੱਥੇ 700 ਤੋਂ ਵੱਧ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਨੌਕਰੀ ਅਧਿਆਪਕਾਂ ਦੀ ਸਖ਼ਤ ਮਿਹਨਤ ਅਤੇ ਸਮਰਪਿਤ ਭਾਵਨਾ ਦਾ ਫਲ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਨੌਜਵਾਨਾਂ ਨੂੰ ਪਾਰਦਰਸ਼ੀ ਢੰਗ ਨਾਲ ਨੌਕਰੀਆਂ ਦੇ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਾਰਦਰਸ਼ੀ ਭਰਤੀ ਨਾਲ ਸਰਕਾਰ ਪ੍ਰਤੀ ਨੌਜਵਾਨਾਂ ਦੀ ਭਰੋਸੇਯੋਗਤਾ ਵਧੀ ਹੈ ਜਿਸ ਕਰਕੇ ਹੁਣ ਉਹ ਵਿਦੇਸ਼ ਜਾਣ ਦਾ ਵਿਚਾਰ ਤਿਆਗ ਕੇ ਸਰਕਾਰੀ ਨੌਕਰੀ ਲਈ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਗੱਲ ਰਿਕਾਰਡ ਤੇ ਹੈ ਕਿ ਵਿਦੇਸ਼ ਜਾਣ ਦੇ ਪੁਰਾਣੇ ਰੁਝਾਨ ਦੇ ਉਲਟ ਸੂਬੇ ਦੇ ਵਿਦਿਅਕ ਅਦਾਰਿਆਂ ਵਿੱਚ ਨੌਜਵਾਨਾਂ ਦੇ ਦਾਖਲਿਆਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਆਪਣੇ ਲੰਬੇ ਸ਼ਾਸਨ ਦੌਰਾਨ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਤੋਂ ਵਾਂਝਾ ਕਰ ਦਿੱਤਾ ਸੀ। ਉਹਨਾਂ ਵਿਅੰਗ ਕੱਸਦਿਆਂ ਕਿਹਾ ਕਿ ਹੁਣ ਨੌਜਵਾਨਾਂ ਨੂੰ ਤਾਂ ਨੌਕਰੀਆਂ ਮਿਲ ਰਹੀਆਂ ਹਨ ਪਰ ਜਿਨ੍ਹਾਂ ਨੇ ਇਨ੍ਹਾਂ ਦਾ ਭਵਿੱਖ ਬਰਬਾਦ ਕਰ ਦਿੱਤਾ ਹੈ, ਉਹ ਹੁਣ ਬੇਰੁਜ਼ਗਾਰ ਹਨ ਅਤੇ ਸੱਤਾ ਤੋਂ ਬਾਹਰ ਬੈਠੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸ਼ਾਸਕਾਂ ਨੇ ਪੰਜਾਬੀਆਂ ਦੀ ਮਾਨਸਿਕਤਾ ਨੂੰ ਵਲੂੰਧਰਿਆ ਅਤੇ ਸੂਬੇ ਵਿੱਚ ਮਾਫੀਏ ਨੂੰ ਸਰਪ੍ਰਸਤੀ ਦੇਣ ਨਾਲ-ਨਾਲ ਖਜ਼ਾਨੇ ਦੀ ਅੰਨ੍ਹੀ ਲੁੱਟ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਿਛਲੀਆਂ ਸਰਕਾਰਾਂ ਦੇ ਕਚਰੇ ਨੂੰ ਸਾਫ਼ ਕਰ ਰਹੀ ਹੈ ਅਤੇ ਹੁਣ ‘ਰੰਗਲਾ ਪੰਜਾਬ’ ਬਣਾਉਣ ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਜਿਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।

ਉਨ੍ਹਾਂ ਕਿਹਾ ਕਿ ਸਾਡੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਪਹਿਲਾਂ ਹੀ ਇਸ ਅਲਾਮਤ ਕਾਰਨ ਵੱਡਾ ਨੁਕਸਾਨ ਝੱਲ ਚੁੱਕਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਨਸ਼ਿਆਂ ਦੀ ਸਪਲਾਈ ਲਾਈਨ ਤੋੜ ਚੁੱਕੀ ਹੈ। ਇਸ ਘਿਨਾਉਣੇ ਅਪਰਾਧ ਵਿੱਚ ਸ਼ਾਮਲ ਵੱਡੀਆਂ ਮੱਛੀਆਂ ਨੂੰ ਸਲਾਖਾਂ ਪਿੱਛੇ ਸੁੱਟ ਦਿੱਤਾ ਗਿਆ ਹੈ ਅਤੇ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਨਸ਼ਟ/ਜ਼ਬਤ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਭ੍ਰਿਸ਼ਟਾਚਾਰ ਪ੍ਰਤੀ ਕੋਈ ਲਿਹਾਜ਼ ਨਾ ਵਰਤਣ ਦੀ ਨੀਤੀ ਅਪਣਾਈ ਹੈ ਅਤੇ ਕਿਸੇ ਵੀ ਭ੍ਰਿਸ਼ਟ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰ ਭ੍ਰਿਸ਼ਟ ਅਧਿਕਾਰੀ ਨੂੰ ਨੱਥ ਪਾਈ ਜਾਵੇਗੀ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮੰਤਰੀ ਅਤੇ ਹੋਰ ਸ਼ਖਸੀਅਤਾਂ ਦਾ ਸਵਾਗਤ ਕੀਤਾ।

 

Continue Reading

Chandigarh

ਖੁਰਾਕ ਸੁਰੱਖਿਆ ਸੂਬੇ ਦੀ ਮੁੱਖ ਤਰਜੀਹ : ਡਾ. ਬਲਬੀਰ ਸਿੰਘ

Published

on

By

ਸਿਹਤ ਵਿਭਾਗ ਵਲੋਂ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਖੁਰਾਕੀ ਪਦਾਰਥਾਂ ਦੀ ਜਾਂਚ ਮੁਹਿੰਮ ਤੇਜ਼

ਚੰਡੀਗੜ੍ਹ, 21 ਸਤੰਬਰ (ਸ.ਬ.) ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਖੁਰਾਕ ਸੁਰੱਖਿਆ ਸੂਬੇ ਦੀ ਮੁੱਖ ਤਰਜੀਹ ਹੈ ਅਤੇ ਆਗਾਮੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਰਾਹੀਂ ਖਪਤਕਾਰਾਂ ਲਈ ਸੁਰੱਖਿਅਤ, ਪੌਸ਼ਟਿਕ ਅਤੇ ਸਾਫ਼-ਸੁਥਰੇ ਖਾਧ ਪਦਾਰਥਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਪੰਜਾਬ ਭਰ ਵਿੱਚ ਖੁਰਾਕ ਸੁਰੱਖਿਆ ਨਿਯਮਾਂ ਨੂੰ ਲਾਗੂ ਕਰਨ ਸਬੰਧੀ ਮੁਹਿੰਮ ਤੇਜ਼ ਕਰ ਦਿੱਤੀ ਹੈ।

ਉਹਨਾਂ ਕਿਹਾ ਕਿ ਤਿਉਹਾਰਾਂ ਦੇ ਸਮੇਂ ਦੌਰਾਨ ਜਦੋਂ ਮਿਠਾਈਆਂ, ਡੇਅਰੀ ਉਤਪਾਦਾਂ ਅਤੇ ਬੇਕਰੀ ਦੀਆਂ ਵਸਤਾਂ ਦੀ ਮੰਗ ਕਾਫ਼ੀ ਵੱਧ ਜਾਂਦੀ ਹੈ, ਬਾਰ ਵਿੱਚ ਨਕਲੀ ਅਤੇ ਮਾੜੀ ਗੁਣਵਤਾ ਵਾਲੇ ਸਾਮਾਨ ਦੀ ਸਪਲਾਈ ਦਾ ਖਤਰਾ ਵੱਧ ਜਾਂਦਾ ਹੈ। ਉਹਨਾਂ ਕਿਹਾ ਕਿ ਸਾਰੇ ਖੁਰਾਕ ਕਾਰੋਬਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਖੁਰਾਕ ਸੁਰੱਖਿਆ ਸਬੰਧੀ ਕਾਨੂੰਨਾਂ, ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਜ਼ਿੰਮੇਵਾਰਾਨਾ ਤੇ ਸਾਫ਼-ਸੁਥਰੇ ਤਰੀਕੇ ਖਾਧ ਪਦਾਰਥ ਬਣਾਉਣ।

ਉਨ੍ਹਾਂ ਖੁਰਾਕ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੱਚੇ ਮਾਲ ਦੀ ਸਹੀ ਖਰੀਦ ਅਤੇ ਸੁਚੱਜੀ ਸੰਭਾਲ ਯਕੀਨੀ ਬਣਾਉਣ, ਸਫਾਈ ਵਿਵਸਥਾ ਕਾਇਮ ਰੱਖਣ, ਮਿਲਾਵਟਖੋਰੀ ਤੋਂ ਬਚਣ ਅਤੇ ਲੋਕਾਂ ਦੀ ਸਿਹਤ ਲਈ ਖ਼ਤਰਾ ਪੈਦਾ ਕਰਨ ਵਾਲੀ ਕਿਸੇ ਵੀ ਗੈਰ-ਮਿਆਰੀ ਕਾਰਵਾਈ ਤੋਂ ਸਖ਼ਤੀ ਨਾਲ ਗੁਰੇਜ਼ ਕਰਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਖੁਰਾਕ ਦੀ ਗੁਣਵੱਤਾ ਨਾਲ ਕੋਈ ਵੀ ਸਮਝੌਤਾ ਕਰਨ ਵਾਲਿਆਂ ਤੇ ‘ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ’ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਸੰਬੰਧੀ ਜ਼ਮੀਨੀ ਪੱਧਰ ਤੇ ਕੀਤੀ ਜਾ ਰਹੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ, ਐਫ.ਡੀ.ਏ. (ਐਫਡੀਏ) ਪੰਜਾਬ ਦੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਦੱਸਿਆ ਕਿ ਖਾਧ ਪਦਾਰਥਾਂ ਦੀ ਗੁਣਵੱਤਾ ਦੀ ਨਜ਼ਰਸਾਨੀ ਲਈ ਪੂਰੇ ਰਾਜ ਵਿੱਚ ਵਿਸ਼ੇਸ਼ ਮੁਹਿੰਮਾਂ ਦੀ ਇੱਕ ਲੜੀ ਸ਼ੁਰੂ ਕੀਤੀ ਗਈ ਹੈ। 12 ਅਤੇ 13 ਸਤੰਬਰ ਨੂੰ ਪਨੀਰ ਅਤੇ ਖੋਏ ਦੀ ਗੁਣਵੱਤਾ ਜਾਂਚ ਦੇ ਮੱਦੇਨਜ਼ਰ ਚਲਾਈ ਗਈ ਰਾਜ ਪੱਧਰੀ ਮੁਹਿੰਮ ਦੌਰਾਨ 216 ਨਮੂਨੇ ਲਏ ਗਏ ਜਿਹੜੇ ਵਿਸਥਾਰਪੂਰਵਕ ਜਾਂਚ ਲਈ ਰਾਜ ਖੁਰਾਕ ਲੈਬਾਰਿਟਰੀ ਨੂੰ ਭੇਜੇ ਗਏ ਹਨ। ਉਹਨਾਂ ਕਿਹਾ ਕਿ ਜਾਂਚ ਰਿਪੋਰਟਾਂ ਪ੍ਰਾਪਤ ਹੋਣ ਤੇ ‘ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਅਤੇ ਨਿਯਮਾਂ’ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਹਨਾਂ ਦੱਸਿਆ ਕਿ ਐਫ.ਡੀ. ਏ. ਦੀਆਂ ਟੀਮਾਂ ਨੇ 19 ਅਤੇ 20 ਸਤੰਬਰ ਨੂੰ ਮਿਠਾਈ ਅਤੇ ਬੇਕਰੀ ਉਤਪਾਦਨ ਇਕਾਈਆਂ ਵਿੱਚ ਸਫਾਈ ਅਤੇ ਸਵੱਛਤਾ ਮਾਪਦੰਡਾਂ ਦੀ ਪਾਲਣਾ ਦੀ ਜਾਂਚ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਿਸ ਦੌਰਾਨ ਪੰਜਾਬ ਭਰ ਵਿੱਚ ਕੀਤੀਆਂ ਗਈਆਂ 250 ਜਾਂਚਾਂ ਵਿੱਚੋਂ, ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ 101 ਸੁਧਾਰ ਨੋਟਿਸ ਜਾਰੀ ਕੀਤੇ ਗਏ, ਜਦਕਿ ਨਿਯਮਾਂ ਦੀ ਉਲੰਘਣਾ ਕਰਨ ਲਈ ਮੌਕੇ ਤੇ ਹੀ 20 ਚਲਾਨ ਕੱਟੇ ਗਏ।

ਉਹਨਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਸਖ਼ਤ ਨਿਗਰਾਨੀ, ਦੇਖ-ਰੇਖ ਅਤੇ ਅਚਨਚੇਤ ਜਾਂਚ ਦਾ ਸਿਲਸਿਲਾ ਇਸੇ ਤਰ੍ਹਾਂ ਨਿਰਵਿਘਨ ਜਾਰੀ ਰਹੇਗਾ। ਸਿਹਤ ਵਿਭਾਗ ਅਤੇ ਐਫ.ਡੀ.ਏ. ਪੰਜਾਬ ਨੇ ਨਾਗਰਿਕਾਂ ਨੂੰ ਵੀ ਸੁਚੇਤ ਰਹਿਣ, ਸਮਝਦਾਰੀ ਨਾਲ ਖਰੀਦਦਾਰੀ ਕਰਨ ਅਤੇ ਮਿਠਾਈਆਂ, ਡੇਅਰੀ ਉਤਪਾਦ ਤੇ ਬੇਕਰੀ ਉਤਪਾਦ ਸਿਰਫ਼ ਭਰੋਸੇਯੋਗ ਅਤੇ ਨਿਯਮਾਂ ਦੀ ਪਾਲਣਾ ਕਰਨ ਵਾਲੀਆਂ ਦੁਕਾਨਾਂ ਤੋਂ ਹੀ ਖਰੀਦਣ ਦੀ ਅਪੀਲ ਕੀਤੀ ਹੈ।

Continue Reading

Chandigarh

ਚੰਦ ਫ਼ਤਿਹਪੁਰੀ ਦਾ ਵਿਛੋੜਾ ਪੰਜਾਬੀ ਪੱਤਰਕਾਰੀ ਲਈ ਵੱਡਾ ਘਾਟਾ : ਕੇਂਦਰੀ ਪੰਜਾਬੀ ਲੇਖਕ ਸਭਾ

Published

on

By

ਚੰਡੀਗੜ੍ਹ, 21 ਸਤੰਬਰ (ਸ.ਬ.) ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਨੇ ਸੀਨੀਅਰ ਪੱਤਰਕਾਰ, ‘ਨਵਾਂ ਜ਼ਮਾਨਾ’ ਦੇ ਸੰਪਾਦਕ ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀ. ਪੀ. ਆਈ.) ਦੇ ਸੀਨੀਅਰ ਆਗੂ ਚੰਦ ਫ਼ਤਿਹਪੁਰੀ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਚੰਦ ਫ਼ਤਿਹਪੁਰੀ ਨੇ ਲੰਮੇ ਸਮੇਂ ਤੱਕ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਈ। ‘ਨਵਾਂ ਜ਼ਮਾਨਾ’ ਨਾਲ ਉਨ੍ਹਾਂ ਦਾ ਲੰਮਾ ਅਤੇ ਗਹਿਰਾ ਸਬੰਧ ਰਿਹਾ ਅਤੇ ਸੰਪਾਦਕ ਵਜੋਂ ਉਨ੍ਹਾਂ ਨੇ ਅਖ਼ਬਾਰ ਦੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਈਆਂ। ਆਪਣੀ ਲੇਖਣੀ ਰਾਹੀਂ ਉਨ੍ਹਾਂ ਨੇ ਲੋਕਾਂ ਦੇ ਦੁੱਖ-ਦਰਦ, ਸਮਾਜਕ ਸਰੋਕਾਰਾਂ ਅਤੇ ਆਮ ਲੋਕਾਂ ਦੇ ਹੱਕਾਂ ਨਾਲ ਜੁੜੇ ਸਵਾਲਾਂ ਨੂੰ ਆਵਾਜ਼ ਦਿੱਤੀ। ਖੱਬੀ ਲਹਿਰ ਨਾਲ ਜੁੜੇ ਇੱਕ ਸਰਗਰਮ ਆਗੂ ਵਜੋਂ ਵੀ ਉਨ੍ਹਾਂ ਦੀ ਲੰਮੀ ਭੂਮਿਕਾ ਰਹੀ।

ਉਨ੍ਹਾਂ ਕਿਹਾ ਕਿ ਚੰਦ ਫ਼ਤਿਹਪੁਰੀ ਦਾ ਵਿਛੋੜਾ ਪੰਜਾਬੀ ਪੱਤਰਕਾਰੀ ਲਈ ਹੀ ਨਹੀਂ, ਸਗੋਂ ਲੋਕ-ਪੱਖੀ ਸੋਚ ਅਤੇ ਸਮਾਜਕ ਸਰੋਕਾਰਾਂ ਲਈ ਵੀ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਚੰਦ ਫ਼ਤਿਹਪੁਰੀ ਨੇ ਪੱਤਰਕਾਰੀ ਨੂੰ ਸਿਰਫ਼ ਰੋਜ਼ਾਨਾ ਘਟਨਾਵਾਂ ਦੀ ਰਿਪੋਰਟਿੰਗ ਤੱਕ ਸੀਮਤ ਨਹੀਂ ਰੱਖਿਆ, ਸਗੋਂ ਇਸ ਨੂੰ ਲੋਕਾਂ ਦੇ ਸਵਾਲਾਂ ਅਤੇ ਸਮਾਜ ਦੀਆਂ ਹਕੀਕਤਾਂ ਨਾਲ ਜੋੜ ਕੇ ਦੇਖਿਆ। ਉਹ ਆਪਣੇ ਵਿਚਾਰਾਂ ਪ੍ਰਤੀ ਵਚਨਬੱਧ ਅਤੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰ ਸਨ।

ਸਭਾ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਲਿਖਤ, ਉਨ੍ਹਾਂ ਦੀ ਸੋਚ ਅਤੇ ਲੋਕ-ਪੱਖੀ ਪੱਤਰਕਾਰੀ ਦੀ ਰਵਾਇਤ ਉਨ੍ਹਾਂ ਦੀ ਯਾਦ ਨੂੰ ਜਿਊਂਦਾ ਰੱਖੇਗੀ। ਉਨ੍ਹਾਂ ਕਾਮਰੇਡ ਚੰਦ ਫ਼ਤਿਹਪੁਰੀ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੜ੍ਹੀ ਹੈ।

Continue Reading

Chandigarh

ਅਕਾਲੀ ਆਗੂ ਰਣਜੀਤ ਸਿੰਘ ਛੱਜਲਵੱਡੀ ਆਪਣੇ ਪੁੱਤਰ ਸਮੇਤ ‘ਆਪ’ ਵਿੱਚ ਸ਼ਾਮਲ

Published

on

By

ਚੰਡੀਗੜ੍ਹ, 19 ਸਤੰਬਰ (ਸ.ਬ.) ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਵਾਰ ਵਿਧਾਇਕ ਰਹੇ ਰਣਜੀਤ ਸਿੰਘ ਛੱਜਲਵੱਡੀ ਆਪਣੇ ਪੁੱਤਰ ਸਤਿੰਦਰਜੀਤ ਸਿੰਘ ਛੱਜਲਵੱਡੀ ਦੇ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਓ ਐਸ ਡੀ ਰਾਜਬੀਰ ਸਿੰਘ ਘੁੰਮਣ ਨੇ ਛੱਜਲਵੱਡੀ ਨੂੰ ਆਪ ਵਿੱਚ ਸ਼ਾਮਿਲ ਕਰਾਇਆ।

ਇਸ ਮੌਕੇ ਮੁੱਖ ਮੰਤਰੀ ਦੇ ਓ ਐਸ ਡੀ ਰਾਜਬੀਰ ਸਿੰਘ ਘੁੰਮਣ ਨੇ ਕਿਹਾ ਕਿ ਛੱਜਲਵੱਡੀ ਪਰਿਵਾਰ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਹਲਕਾ ਬਾਬਾ ਬਕਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਾਰਟੀ ਕੇਡਰ ਨੂੰ ਨਵੀਂ ਊਰਜਾ ਅਤੇ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਸੂਬੇ ਦੇ ਸੂਝਵਾਨ ਆਗੂ ਤੇ ਆਮ ਲੋਕ ਲਗਾਤਾਰ ‘ਆਪ’ ਨਾਲ ਜੁੜ ਰਹੇ ਹਨ, ਅਤੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰ ਆਗੂ ਤੇ ਵਰਕਰ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਸਤਿੰਦਰਜੀਤ ਸਿੰਘ ਛੱਜਲਵੱਡੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੌਜੂਦਾ ਹਲਕਾ ਇੰਚਾਰਜ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਜੰਡਿਆਲਾ ਗੁਰੂ ਤੋਂ ਚੋਣ ਵੀ ਲੜ ਚੁੱਕੇ ਹਨ।

ਇਸ ਮੌਕੇ ਆਗੂਆਂ ਨੇ ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਅਤੇ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਵਿੱਚ ਵਿਸ਼ਵਾਸ ਪ੍ਰਗਟਾਉਂਦਿਆਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਅਤੇ ਹਲਕੇ ਦੇ ਵਿਕਾਸ ਲਈ ਦਿਨ-ਰਾਤ ਮਿਹਨਤ ਕਰਨਗੇ।

Continue Reading

Latest News

Trending