Connect with us

Editorial

ਰਾਖਵੇਂਕਰਨ ਦਾ ਲਾਭ ਸਿਰਫ ਆਰਥਿਕ ਤੌਰ ਤੇ ਕਮਜੋਰ ਲੋਕਾਂ ਨੂੰ ਹੀ ਮਿਲੇ

Published

on

 

ਸਾਡੇ ਦੇਸ਼ ਨੂੰ ਆਜਾਦੀ ਮਿਲਣ ਤੋਂ ਬਾਅਦ ਬਣੀ ਸਰਕਾਰ ਵਲੋਂ ਸਮਾਜ ਦੇ ਪਿਛੜੇ ਵਰਗਾਂ ਦੀ ਹਾਲਤ ਵਿੱਚ ਲੋੜੀਂਦਾ ਸੁਧਾਰ ਕਰਨ ਅਤੇ ਉਹਨਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਦੇਸ਼ ਵਿੱਚ ਰਾਖਵਾਂਕਰਨ ਦੀ ਵਿਵਸਥਾ ਲਾਗੂ ਕੀਤੀ ਗਈ ਸੀ ਜਿਸਦੇ ਤਹਿਤ ਦਲਿਤਾਂ ਅਤੇ ਸਮਾਜ ਦੇ ਪਿਛੜੇ ਵਰਗਾਂ ਨਾਲ ਸੰਬੰਧਿਤ ਲੋਕਾਂ ਨੂੰ ਰਾਖਵੇਂਕਰਨ ਦਾ ਫਾਇਦਾ ਦੇ ਕੇ ਉਹਨਾਂ ਨੂੰ ਤਰੱਕੀ ਦੇ ਲੋੜੀਂਦੇ ਮੌਕੇ ਮੁਹਈਆ ਕਰਵਾਉਣ ਦਾ ਅਮਲ ਆਰੰਭਿਆ ਗਿਆ ਸੀ। ਇਹ ਵਿਵਸਥਾ ਹੁਣ ਵੀ ਚਲਦੀ ਆ ਰਹੀ ਹੈ ਪਰੰਤੂ ਸਮੇਂ ਦੇ ਨਾਲ ਨਾਲ ਇਹ ਗੱਲ ਸਾਮ੍ਹਣੇ ਆਉਂਦੀ ਰਹੀ ਹੈ ਕਿ ਰਾਖਵੇਂਕਰਨ ਦੀ ਮੌਜੂਦਾ ਵਿਵਸਥਾ ਆਪਣਾ ਅਸਲ ਮਨੋਰਥ ਹਾਸਿਲ ਨਈਂ ਕਰ ਪਾਈ ਅਤੇ ਆਜਾਦੀ ਦੇ 78 ਸਾਲਾਂ ਬਾਅਦ ਵੀ ਸਮਾਜ ਦੇ ਪਿਛੜੇ ਵਰਗਾਂ ਅਤੇ ਦਲਿਤਾਂ ਨੂੰ ਇਸਦਾ ਬਣਦਾ ਲਾਭ ਹਾਸਿਲ ਨਹੀਂ ਹੋ ਪਾਇਆ ਹੈ।

ਇਸਦਾ ਕਾਰਨ ਇਹ ਹੈ ਕਿ ਇਹ ਵਿਵਸਥਾ ਆਪਣੇ ਸ਼ੁਰੂਆਤੀ ਦੌਰ ਵਿੱਚ ਇਸਦਾ ਫਾਇਦਾ ਲੈਣ ਵਾਲੇ ਪਰਿਵਾਰਾਂ ਤਕ ਹੀ ਸਿਮਟ ਕੇ ਰਹਿ ਗਈ ਅਤੇ ਬਾਕੀ ਲੋਕਾਂ ਦੀ ਹਾਲਾਤ ਵਿੱਚ ਕੋਈ ਖਾਸ ਫਰਕ ਨਹੀਂ ਪਿਆ। ਇਸ ਦੌਰਾਨ ਸਮੇਂ ਦੇ ਨਾਲ ਸਮਾਜ ਦੇ ਬਾਕੀ ਵਰਗਾਂ ਦੀ ਹਾਲਤ ਵਿੱਚ ਵੀ ਬਦਲਦੀ ਗਈ ਅਤੇ ਇਸ ਜਨਰਲ ਵਰਗ ਨਾਲ ਸੰਬੰਧਿਤ ਲੋਕਾਂ ਦੀ ਆਰਥਿਕ ਸਥਿਤੀ ਬਦਹਾਲ ਹੋ ਜਾਣ ਤੇ ਉਹਨਾਂ ਵਲੋਂ ਵੀ ਰਾਖਵੇਂਕਰਨ ਦੀ ਮੰਗ ਜੋਰ ਫੜਣ ਲੱਗ ਗਈ। ਇਸ ਸੰਬੰਧੀ ਜਨਰਲ ਵਰਗ ਦੀਆਂ ਵੱਖ ਵੱਖ ਜਥੇਬੰਦੀਆਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਤੋਂ ਵਾਰ ਵਾਰ ਇਹ ਮੰਗ ਕੀਤੀ ਜਾਂਦੀ ਰਹੀ ਹੈ ਕਿ ਸਰਕਾਰੀ ਨੌਕਰੀਆਂ ਲਈ ਰਾਖਵਾਂਕਰਨ ਜਾਤੀ ਦੀ ਥਾਂ ਆਰਥਿਕ ਆਧਾਰ ਤੇ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਪਿਛੜੇ ਵਰਗਾਂ ਅਤੇ ਦਲਿਤਾਂ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਆਰਥਿਕ ਤੌਰ ਤੇ ਕਾਫੀ ਜਿਆਦਾ ਮਜਬੂਤ ਅਤੇ ਕਰੋੜਾਂ ਦੀਆਂ ਜਾਇਦਾਦਾਂ ਦੇ ਮਾਲਕ ਹੋਣ ਦੇ ਬਾਵਜੂਦ ਰਾਖਵੇਂਕਰਨ ਦਾ ਲਾਭ ਹਾਸਿਲ ਕਰ ਰਹੇ ਹਨ ਅਤੇ ਦੂਜੇ ਪਾਸੇ ਜਨਰਲ ਵਰਗ ਨਾਲ ਸੰਬੰਧਿਤ ਗਰੀਬ ਲੋਕਾਂ ਨੂੰ ਅਜਿਹੀ ਕੋਈ ਸਹੂਲੀਅਤ ਨਹੀਂ ਮਿਲਦੀ ਜਿਸ ਕਾਰਨ ਉਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਰਹਿੰਦੀਆਂ ਹਨ।

ਇਸ ਸੰਬੰਧੀ ਜਨਰਲ ਵਰਗ ਦੇ ਆਗੂ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ ਕਿ ਜੇਕਰ ਸਰਕਾਰ ਨੇ ਸਮਾਜ ਦੇ ਕਮਜੋਰ ਵਰਗਾਂ ਨੂੰ ਰਾਖਵਾਂਕਰਨ ਦੇਣਾ ਹੀ ਹੈ ਤਾਂ ਇਹ ਜਾਤੀ ਦੀ ਥਾਂ ਆਰਥਿਕ ਆਧਾਰ ਤੇ ਦਿੱਤਾ ਜਾਣਾ ਚਾਹੀਦਾ ਹੈ। ਜਨਰਲ ਵਰਗ ਦੇ ਆਗੂਆਂ ਵਲੋਂ ਤਰਕ ਦਿੱਤਾ ਜਾਂਦਾ ਰਿਹਾ ਹੈ ਕਿ ਜਾਤ ਆਧਾਰਿਤ ਰਾਖਵਾਂਕਰਨ ਵਿਵਸਥਾ ਲਾਗੂ ਹੋਣ ਕਾਰਨ ਜਿੱਥੇ ਕਮਜੋਰ ਆਰਥਿਕ ਸਥਿਤੀ ਨਾਲ ਸੰਬੰਧ ਰੱਖਦੇ ਜਨਰਲ ਵਰਗ ਦੇ ਯੋਗ ਵਿਅਕਤੀ ਵੀ ਸਰਕਾਰੀ ਸਹੂਲਤਾਂ ਮਿਲਣ ਤੋਂ ਵਾਂਝੇ ਰਹਿ ਜਾਂਦੇ ਹਨ, ਉੱਥੇ ਮਜਬੂਤ ਆਰਥਿਕ ਸਥਿਤੀ ਅਤੇ ਘੱਟ ਯੋਗਤਾ ਵਾਲੇ ਰਾਖਵੀਆਂ ਜਾਤਾਂ ਨਾਲ ਸੰਬੰਧਿਤ ਵਿਅਕਤੀ ਇਹਨਾਂ ਸਹੂਲਤਾਂ ਦਾ ਆਨੰਦ ਲੈਂਦੇ ਹਨ। ਜਿਹਨਾਂ ਵਿਅਕਤੀਆਂ ਨੂੰ ਰਾਖਵਾਂਕਰਨ ਕੋਟੇ ਤਹਿਤ ਸਰਕਾਰੀ ਨੌਕਰੀ ਹਾਸਿਲ ਹੁੰਦੀ ਹੈ ਉਹਨਾਂ ਨੂੰ ਜਨਰਲ ਵਰਗ ਦੀ ਥਾਂ ਰਾਖਵੇਂ ਕੋਟੇ ਰਾਹੀਂ ਤਰੱਕੀ ਵੀ ਛੇਤੀ ਹਾਸਿਲ ਹੁੰਦੀ ਹੈ ਅਤੇ ਆਪਣੀ ਤਰੱਕੀ ਦੀ ਉਡੀਕ ਕਰਦੇ ਜਨਰਲ ਵਰਗ ਦੇ ਕਰਮਚਾਰੀ ਖੁਦ ਨੂੰ ਠੱਗਿਆ ਜਿਹਾ ਮਹਿਸੂਸ ਕਰਦੇ ਹਨ।

ਸਰਕਾਰ ਦੀ ਰਾਖਵੇਂਕਰਨ ਦੀ ਇਹ ਨੀਤੀ ਸਕੂਲਾਂ ਕਾਲਜਾਂ ਵਿੱਚ ਵੀ ਲਾਗੂ ਹੈ ਅਤੇ ਇਸਦੇ ਤਹਿਤ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ ਦਲਿਤ ਵਰਗ ਦੇ ਬਚਿਆਂ ਨੂੰ ਵਜੀਫੇ ਦਿਤੇ ਜਾਂਦੇ ਹਨ, ਜਦੋਂਕਿ ਜਨਰਲ ਵਰਗ ਦੇ (ਗਰੀਬ) ਬੱਚਿਆਂ ਨੂੰ ਇਹ ਵਜੀਫੇ ਨਹੀਂ ਮਿਲਦੇ। ਇਸਨੂੰ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਬਚਪਨ ਤੋਂ ਹੀ ਰਾਖਵੇਂਕਰਨ ਦੇ ਨਾਮ ਤੇ ਜਿਹੜਾ ਭੇਦਭਾਵ ਸ਼ੁਰੂ ਹੁੰਦਾ ਉਹ ਬਾਅਦ ਵਿੱਚ ਵੀ ਜਾਰੀ ਰਹਿੰਦਾ ਹੈ। ਇਹਨਾਂ ਹਾਲਾਤਾਂ ਵਿੱਚ ਸੁਧਾਰ ਕਰਨ ਲਈ ਜਰੂਰੀ ਹੈ ਕਿ ਰਾਖਵੇਂਕਰਨ ਦੀ ਮੌਜੂਦਾ ਵਿਵਸਥਾ ਨੂੰ ਜਾਂ ਤਾਂ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇ ਅਤੇ ਜਾਂ ਫਿਰ ਇਸਨੂੰ ਜਾਤੀ ਦੀ ਥਾਂ ਲੋਕਾਂ ਦੀ ਆਰਥਿਕ ਸਥਿਤੀ ਦੇ ਆਧਾਰ ਤੇ ਲਾਗੂ ਕੀਤਾ ਜਾਵੇ। ਜਿਹੜੇ ਵਿਅਕਤੀ ਰਾਖਵੇਂਕਰਨ ਦਾ ਲਾਭ ਲੈ ਕੇ ਸਮਾਜ ਵਿੱਚ ਚੰਗੀ ਪੁਜੀਸ਼ਨ ਹਾਸਿਲ ਕਰ ਚੁੱਕੇ ਹਨ ਉਹਨਾਂ ਨੂੰ ਰਾਖਵੇਂਕਰਨ ਦਾ ਵਾਰ ਵਾਰ ਫਾਇਦਾ ਦੇਣ ਦੀ ਥਾਂ ਲੋੜਵੰਦਾਂ ਤਕ ਇਸਦਾ ਫਾਇਦਾ ਪਹੁੰਚਾਇਆ ਜਾਣਾ ਚਾਹੀਦਾ ਹੈ।

ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਰਾਖਵੇਂਕਰਨ ਦੇ ਲਾਭ ਨੂੰ ਇਸਦੀ ਮੂਲ ਭਾਵਨਾ (ਸਮਾਜ ਦੇ ਕਮਜੋਰ ਤਬਕਿਆਂ ਨੂੰ ਫਾਇਦਾ ਦੇਣ) ਤਕ ਸੀਮਿਤ ਰੱਖਿਆ ਜਾਵੇ ਅਤੇ ਬਿਹਤਰ ਆਰਥਿਕ ਹਾਲਤ ਵਾਲੇ ਵਿਅਕਤੀਆਂ (ਚਾਹੇ ਉਹ ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦੇ ਹੋਣ) ਨੂੰ ਰਾਖਵੇਂਕਰਨ ਦਾ ਫਾਇਦਾ ਦੇਣ ਦੀ ਥਾਂ ਹੋਰਨਾਂ ਲੋੜਵੰਦਾਂ ਨੂੰ ਇਹ ਫਾਇਦਾ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਸਮਾਜ ਦੇ ਸਾਰੇ ਵਰਗਾਂ ਨੂੰ ਇਸਦਾ ਫਾਇਦਾ ਮਿਲ ਸਕੇ।

Continue Reading

Editorial

ਸਿਆਸੀ ਪਾਰਟੀਆਂ ਨੂੰ ਮਿਲਣ ਵਾਲੀ ਹਰ ਤਰ੍ਹਾਂ ਦੀ ਰਕਮ ਦੀ ਜਾਣਕਾਰੀ ਜਨਤਕ ਹੋਵੇ

Published

on

By

ਸਾਡੇ ਦੇਸ਼ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਦਰਜਾ ਹਾਸਿਲ ਹੈ ਅਤੇ ਇੱਥੇ ਦਰਜਨਾਂ ਨਹੀਂ ਬਲਕਿ ਸੈਂਕੜਿਆਂ ਦੀ ਗਿਣਤੀ ਵਿੱਚ ਸਿਆਸੀ ਪਾਰਟੀਆਂ ਮੌਜੂਦ ਹਨ, ਜਿਹੜੀਆਂ ਚੋਣ ਕਮਿਸ਼ਨ ਕੋਲ ਬਾਕਾਇਦਾ ਰਜਿਸਟਰਡ ਵੀ ਹਨ। ਇਹ ਸਿਆਸੀ ਪਾਰਟੀਆਂ ਆਪਣੇ ਵਲੋਂ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੇ ਛੋਟੇ ਵੱਡੇ ਖਰਚੇ ਲਈ ਆਪਣੇ ਸਮਰਥਕਾਂ ਤੋਂ ਚੰਦਾ (ਦਾਨ) ਲੈਂਦੀਆਂ ਹਨ ਅਤੇ ਦੇਸ਼ ਦੀਆਂ ਵੱਡੀਆਂ ਸਿਆਸੀ ਪਾਰਟੀਆਂ ਨੂੰ ਮਿਲਣ ਵਾਲੀ ਚੰਦੇ ਦੀ ਇਹ ਰਕਮ ਅਰਬਾਂ ਖਰਬਾਂ ਵਿੱਚ ਹੁੰਦੀ ਹੈ। ਸਿਆਸੀ ਪਾਰਟੀਆਂ ਵਲੋਂ ਇਕੱਠੀ ਜਾਂਦੀ ਇਸ ਰਕਮ ਦੀ ਵਰਤੋਂ ਮੁੱਖ ਤੌਰ ਤੇ ਚੋਣਾਂ ਦੌਰਾਨ ਹੋਣ ਵਾਲੇ ਖਰਚਿਆਂ ਦੀ ਪੂਰਤੀ ਲਈ ਕੀਤੀ ਜਾਂਦੀ ਹੈ ਅਤੇ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜਦੋਂ ਵੀ ਚੋਣਾਂ ਹੁੰਦੀਆਂ ਹਨ ਤਾਂ ਇਹਨਾਂ ਸਿਆਸੀ ਪਾਰਟੀਆਂ ਵਲੋਂ ਆਪੋ ਆਪਣੇ ਪ੍ਰਚਾਰ ਤੇ ਕਰੋੜਾਂ ਅਰਬਾਂ ਰੁਪਏ ਖਰਚ ਕੀਤੇ ਜਾਂਦੇ ਹਨ।

ਇਹਨਾਂ ਸਿਆਸੀ ਪਾਰਟੀਆਂ ਵਲੋਂ ਚੋਣ ਲੜਣ ਵਾਲੇ ਉਮੀਦਵਾਰਾਂ ਵਲੋਂ ਚੋਣ ਵਿੱਚ ਜਿੱਤ ਹਾਸਿਲ ਕਰਨ ਲਈ ਹਰ ਹੀਲਾ ਵਰਤਿਆ ਜਾਂਦਾ ਹੈ ਅਤੇ ਇਸ ਦੌਰਾਨ ਇਹਨਾਂ ਸਿਆਸੀ ਪਾਰਟੀਆਂ ਵਲੋਂ ਸਾਮ ਦਾਮ ਦੰਡ ਭੇਦ ਦੇ ਸਾਰੇ ਤਰੀਕਿਆਂ ਨੂੰ ਅਜ਼ਮਾਇਆ ਜਾਂਦਾ ਹੈ। ਸਾਡੇ ਰਾਜਨੇਤਾਵਾਂ ਅਤੇ ਸਿਆਸੀ ਪਾਰਟੀਆਂ ਦੀ ਹਾਲਤ ਇਹ ਹੈ ਕਿ ਇਹਨਾਂ ਵਲੋਂ ਇੱਕ ਪਾਸੇ ਤਾਂ ਕਾਲੇ ਧਨ ਦੇ ਮੁੱਦੇ ਨੂੰ ਆਧਾਰ ਬਣਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਜਾਂਦੀਆਂ ਹਨ ਅਤੇ ਦੂਜੇ ਪਾਸੇ ਚੋਣਾਂ ਦੌਰਾਨ ਇਹਨਾਂ ਪਾਰਟੀਆਂ ਅਤੇ ਉਹਨਾਂ ਵਲੋਂ ਚੋਣ ਲੜਣ ਵਾਲੇ ਉਮੀਦਵਾਰਾਂ ਵਲੋਂ ਪਾਣੀ ਵਾਂਗ ਪੈਸਾ ਰੋੜ੍ਹ ਕੇ ਕਾਲੇ ਧਨ ਦੀ ਖੁੱਲੀ ਵਰਤੋਂ ਕੀਤੀ ਜਾਂਦੀ ਹੈ।

ਸਾਡੇ ਦੇਸ਼ ਦੀਆਂ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਦੀ ਹਾਲਤ ਇਹ ਹੈ ਕਿ ਉਹ ਕਾਲੇ ਧਨ ਦੇ ਮੁੱਦੇ ਤੇ ਰੌਲਾ ਤਾਂ ਬਹੁਤ ਪਾਉਂਦੀਆਂ ਹਨ ਪਰੰਤੂ ਉਹਨਾਂ ਦੀ ਖੁਦ ਦੀ ਹਾਲਤ ਗਲੇ ਤਕ ਆ ਚੁੱਕੇ ਪਾਣੀ ਵਿੱਚ ਖੜ੍ਹਾ ਹੋ ਕੇ ਖੁਦ ਨੂੰ ਸੁੱਕਾ ਸਾਬਿਤ ਕਰਨ ਵਰਗੀ ਹੈ। ਅਜਿਹੇ ਵਿੱਚ ਸਿਆਸੀ ਪਾਰਟੀਆਂ ਅਤੇ ਉਹਨਾਂ ਦੇ ਆਗੂਆਂ ਤੋਂ ਇਹ ਆਸ ਕਿਵੇਂ ਕੀਤੀ ਜਾ ਸਕਦੀ ਹੈ ਕਿ ਉਹ ਕਾਲੇ ਧਨ ਦੇ ਖਿਲਾਫ ਕਿਸੇ ਸਮਰਥ ਕਾਰਵਾਈ ਨੂੰ ਅੰਜਾਮ ਦੇਣਗੇ। ਸ਼ਾਇਦ ਇਹੀ ਕਾਰਨ ਹੈ ਕਿ ਭਾਰਤੀ ਅਮੀਰਾਂ ਵਲੋਂ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਰਵਾਏ ਗਏ ਕਾਲੇ ਧਨ ਨੂੰ ਮੁੱਦਾ ਬਣਾ ਕੇ ਦੇਸ਼ ਦੀ ਸੱਤਾ ਸੰਭਾਲਣ ਵਾਲੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਪਿਛਲੇ 12 ਸਾਲਾਂ ਦੌਰਾਨ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਇਸ ਕਾਲੇ ਧਨ ਨੂੰ ਵਾਪਸ ਲਿਆਉਣ ਦੇ ਨਾਮ ਤੇ ਜਬਾਨੀ ਜਮਾ ਖਰਚ ਕਰਨ ਤੋਂ ਇਲਾਵਾ ਕੁੱਝ ਵੀ ਨਹੀਂ ਕਰ ਪਾਈ ਹੈ ਉਲਟਾ ਵਿਦੇਸ਼ਾਂ ਵਿੱਚ ਜਮਾਂ ਕਾਲੇ ਧਨ ਦਾ ਅੰਕੜਾ ਹੋਰ ਵੀ ਵੱਧ ਗਿਆ ਹੈ।

ਇਹਨਾਂ ਸਿਆਸੀ ਪਾਰਟੀਆਂ ਦੀ ਖੁਦ ਦੀ ਹਾਲਤ ਇਹ ਹੈ ਕਿ ਉਹ ਜਿਹੜੀ ਰਕਮ ਵੱਖ ਵੱਖ ਤਰੀਕਿਆਂ (ਚੰਦੇ, ਦਾਨ, ਮਦਦ ਆਦਿ) ਨਾਲ ਇਕੱਤਰ ਕਰਦੀਆਂ ਹਨ, ਉਸ ਬਾਰੇ ਵੀ ਉਹ ਜਨਤਾ ਨੂੰ ਪੂਰੀ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੁੰਦੀਆਂ। ਸਿਆਸੀ ਪਾਰਟੀਆਂ ਭਾਵੇਂ ਕੋਈ ਵੀ ਤਰਕ ਦੇਣ ਪਰੰਤੂ ਦੇਸ਼ ਦੀ ਜਨਤਾ ਨੂੰ ਇਹ ਜਾਣਕਾਰੀ ਹਾਸਿਲ ਕਰਨ ਦਾ ਪੂਰਾ ਹੱਕ ਹੈ ਕਿ ਉਹਨਾਂ ਤੇ (ਵਾਰੀ ਬਦਲ ਕੇ) ਰਾਜ ਕਰਨ ਵਾਲੀਆਂ ਸਿਆਸੀ ਪਾਰਟੀਆਂ ਅਤੇ ਇਹਨਾਂ ਦੇ ਆਗੂਆਂ ਨੂੰ ਕਦੋਂ, ਕਿੱਥੋਂ ਅਤੇ ਕਿੰਨਾ ਫੰਡ ਮਿਲਦਾ ਹੈ। ਇਸਦੇ ਨਾਲ ਨਾਲ ਜਨਤਾ ਨੂੰ ਇਸ ਗੱਲ ਦੀ ਜਾਣਕਾਰੀ ਹਾਸਿਲ ਕਰਨ ਦਾ ਵੀ ਅਧਿਕਾਰ ਹੈ ਕਿ ਸਿਆਸੀ ਪਾਰਟੀਆਂ ਨੂੰ ਅਜਿਹੇ ਫੰਡ ਦੇਣ ਵਾਲਿਆਂ ਵਲੋਂ ਇਸਦੇ ਬਦਲੇ ਸਰਕਾਰ ਕੋਲੋਂ ਕੀ ਕੀ ਲਾਭ ਹਾਸਿਲ ਕੀਤੇ ਜਾਂਦੇ ਹਨ।

ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਰਕਾਰ ਕੋਲੋਂ ਵੱਡੇ ਲਾਭ ਲੈਣ ਵਾਲੇ ਵੱਡੇ ਕਾਰੋਬਾਰੀ ਅਤੇ ਉਦਯੋਗਪਤੀ, ਹਾਕਮ ਧਿਰ ਨੂੰ ਹੀ ਨਹੀਂ ਬਲਕਿ ਵਿਰੋਧੀ ਧਿਰਾਂ ਨੂੰ ਵੀ ਵੱਡਾ ਫੰਡ ਦਿੰਦੇ ਹਨ ਅਤੇ ਇਸ ਤੋਂ ਡਰਦਿਆਂ ਹੀ ਸਭ ਪਾਰਟੀਆਂ ਆਪੋ ਆਪਣੀ ਅਸਲੀਅਤ ਜਗ ਜਾਹਿਰ ਹੋਣ ਤੋਂ ਡਰਦਿਆਂ ਉਹਨਾਂ ਨੂੰ ਮਿਲਣ ਵਾਲੇ ਫੰਡਾਂ ਦੀ ਜਾਣਕਾਰੀ ਦੇਣ ਤੋਂ ਭੱਜਦੀਆਂ ਹਨ। ਇਸ ਸੰਬੰਧੀ ਪਿਛਲੇ ਸਮੇਂ ਦੌਰਾਨ ਮਾਣਯੋਗ ਸੁਪਰੀਮ ਕੋਰਟ ਦੇ ਹਕਮਾਂ ਤੋਂ ਬਾਅਦ ਇਲੈਕਟੋਰਲ ਬਾਂਡਾਂ ਦੇ ਜਰੀਏ ਸਿਆਸੀ ਪਾਰਟੀਆਂ ਨੂੰ ਚੰਦਾ ਦੇਣ ਵਾਲੀਆਂ ਕੰਪਨੀਆਂ ਵਲੋਂ ਸਰਕਾਰ ਤੋਂ ਵੱਡੇ ਫਾਇਦੇ ਹਾਸਿਲ ਕਰਨ ਦੀ ਗੱਲ ਵੀ ਸਾਮ੍ਹਣੇ ਆ ਚੁੱਕੀ ਹੈ।

ਸਿਆਸੀ ਪਾਰਟੀਆਂ ਅਤੇ ਉਹਨਾਂ ਦੇ ਆਗੂਆਂ ਨੂੰ ਮੋਟਾ ਫੰਡ ਦੇਣ ਅਤੇ ਬਦਲੇ ਵਿੱਚ ਵੱਡੇ ਲਾਭ ਲੈਣ ਵਾਲੇ ਲੋਕਾਂ ਵਿੱਚ ਰੇਤ ਮਾਫੀਆ, ਸ਼ਰਾਬ ਮਾਫੀਆ, ਭੂ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਵੱਡੇ ਕਾਰਖਾਨੇਦਾਰਾ ਸਮੇਤ ਅਜਿਹੇ ਵੱਡੇ ਵੱਡੇ ਲੋਕ ਸ਼ਾਮਿਲ ਹਨ ਜਿਨ੍ਹਾਂ ਦੀ ਪੂਰੀ ਜਾਂਣਕਾਰੀ ਜਨਤਕ ਹੌਣ ਤੇ ਸਿਆਸੀ ਪਾਰਟੀਆਂ ਦੀ ਅਸਲੀਅਤ ਲੋਕਾਂ ਅੱਗੇ ਜਾਹਿਰ ਹੋ ਸਕਦੀ ਹੈ। ਇਸ ਲਈ ਇਹਨਾਂ ਪਾਰਟੀਆਂ ਨੂੰ ਮਿਲਣ ਵਾਲੇ ਫੰਡਾਂ ਦੀ ਅਸਲੀਅਤ ਹਰ ਹਾਲ ਵਿੱਚ ਜੱਗਜਾਹਿਰ ਹੋਣੀ ਚਾਹੀਦੀ ਹੈ। ਇਸ ਸੰਬੰਧੀ ਆਮ ਜਨਤਾ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਉਹ ਇਸ ਸੰਬੰਧੀ ਇਹਨਾਂ ਪਾਰਟੀਆਂ ਤੇ ਦਬਾਅ ਬਣਾ ਕੇ ਇਸ ਸੰਬੰਧੀ ਜਾਣਕਾਰੀ ਜਨਤਕ ਕਰਨ ਲਈ ਮਜਬੂਰ ਕਰੇ ਤਾਂ ਜੋ ਇਹਨਾਂ ਪਾਰਟੀਆਂ ਦੀ ਅਸਲੀਅਤ ਲੋਕਾਂ ਦੇ ਸਾਮ੍ਹਣੇ ਆ ਸਕੇ।

Continue Reading

Editorial

ਮਨੁੱਖਤਾ, ਦਇਆ ਅਤੇ ਨਿਸ਼ਕਾਮ ਸੇਵਾ ਦੇ ਪ੍ਰਤੀਕ ਭਾਈ ਘਨੱਈਆ ਜੀ

Published

on

By

ਭਾਈ ਘਨੱਈਆ ਜੀ ਨੂੰ ਸਿੱਖ ਇਤਿਹਾਸ ਵਿੱਚ ਨਿਸ਼ਕਾਮ ਸੇਵਾ, ਦਇਆ, ਮਨੁੱਖਤਾ ਅਤੇ ਸਮਾਨਤਾ ਦੀ ਮਹਾਨ ਮਿਸਾਲ ਵਜੋਂ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦਾ ਜੀਵਨ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਸੱਚੀ ਸੇਵਾ ਕਿਸੇ ਜਾਤ-ਪਾਤ, ਧਰਮ, ਵਰਗ ਜਾਂ ਦੁਸ਼ਮਣ-ਮਿੱਤਰ ਦੇ ਭੇਦ ਤੋਂ ਉੱਪਰ ਹੁੰਦੀ ਹੈ। ਉਨ੍ਹਾਂ ਨੇ ਮਨੁੱਖ ਵਿੱਚ ਪਰਮਾਤਮਾ ਦੀ ਜੋਤ ਦੇਖੀ ਅਤੇ ਆਪਣਾ ਜੀਵਨ ਦੁਖੀ ਤੇ ਲੋੜਵੰਦ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕਰ ਦਿੱਤਾ।

ਪਰੰਪਰਾਗਤ ਜੀਵਨੀ-ਸਰੋਤਾਂ ਅਨੁਸਾਰ ਭਾਈ ਘਨੱਈਆ ਜੀ ਦਾ ਜਨਮ ਲਗਭਗ 1648 ਈਸਵੀ ਵਿੱਚ ਸੋਧਰਾ, ਸਿਆਲਕੋਟ ਇਲਾਕੇ (ਜੋ ਅੱਜ ਪਾਕਿਸਤਾਨ ਵਿੱਚ ਹੈ) ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਭਾਈ ਨੱਥੂ ਰਾਮ ਜੀ ਅਤੇ ਮਾਤਾ ਸੁੰਦਰੀ ਜੀ ਸਨ। ਬਚਪਨ ਤੋਂ ਹੀ ਉਨ੍ਹਾਂ ਦਾ ਮਨ ਸੰਸਾਰਕ ਧਨ-ਦੌਲਤ ਨਾਲੋਂ ਰੱਬੀ ਚਿੰਤਨ, ਸੰਤਾਂ ਦੀ ਸੰਗਤ ਅਤੇ ਗਰੀਬਾਂ ਦੀ ਸਹਾਇਤਾ ਵੱਲ ਵੱਧ ਖਿੱਚਿਆ ਜਾਂਦਾ ਸੀ। ਜਵਾਨੀ ਵਿੱਚ ਉਨ੍ਹਾਂ ਨੂੰ ਭਗਤ ਨਨੂਆ ਬੈਰਾਗੀ ਜੀ ਦੀ ਸੰਗਤ ਪ੍ਰਾਪਤ ਹੋਈ। ਨਨੂਆ ਜੀ ਦੀ ਰੂਹਾਨੀ ਸੋਚ ਅਤੇ ਮਨੁੱਖਤਾ ਪ੍ਰਤੀ ਸਮਰਪਣ ਨੇ ਭਾਈ ਘਨੱਈਆ ਜੀ ਦੇ ਜੀਵਨ ਉੱਤੇ ਡੂੰਘਾ ਪ੍ਰਭਾਵ ਪਾਇਆ। ਇਸ ਸੰਗਤ ਰਾਹੀਂ ਉਨ੍ਹਾਂ ਦੇ ਮਨ ਵਿੱਚ ਨਾਮ-ਸਿਮਰਨ, ਸੱਚੇ ਜੀਵਨ ਅਤੇ ਨਿਸ਼ਕਾਮ ਸੇਵਾ ਦੀ ਭਾਵਨਾ ਹੋਰ ਮਜ਼ਬੂਤ ਹੋਈ।

ਬਾਅਦ ਵਿੱਚ ਭਾਈ ਘਨੱਈਆ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੰਗਤ ਵਿੱਚ ਆਏ। ਗੁਰੂ ਘਰ ਨਾਲ ਜੁੜ ਕੇ ਉਨ੍ਹਾਂ ਨੇ ਪਾਣੀ ਪਿਲਾਉਣ, ਲੰਗਰ ਦੀ ਸੇਵਾ ਅਤੇ ਹੋਰ ਸੇਵਾਵਾਂ ਨਿਭਾਈਆਂ। ਉਨ੍ਹਾਂ ਦੀ ਸੇਵਾ ਤੋਂ ਖੁਸ਼ ਹੋ ਕਿ ਗੁਰੂ ਸਾਹਿਬ ਨੇ ਵਰ ਮੰਗਣ ਲਈ ਕਿਹਾ ਤਾਂ ਭਾਈ ਜੀ ਨੇ ਸੇਵਾ ਤੇ ਸਿਮਰਨ ਦਾ ਵਰ ਮੰਗਿਆ। ਉਨ੍ਹਾਂ ਲਈ ਸੇਵਾ ਕੋਈ ਰਸਮੀ ਕਾਰਜ ਨਹੀਂ ਸੀ, ਸਗੋਂ ਇਹ ਉਨ੍ਹਾਂ ਦੀ ਭਗਤੀ ਅਤੇ ਆਤਮਿਕ ਜੀਵਨ ਦਾ ਅਟੁੱਟ ਹਿੱਸਾ ਬਣ ਗਈ ਸੀ।

ਜੰਗ ਦੇ ਮੈਦਾਨ ਵਿੱਚ ਮਨੁੱਖਤਾ ਦੀ ਮਹਾਨ ਸੇਵਾ

ਭਾਈ ਘਨੱਈਆ ਜੀ ਦੇ ਜੀਵਨ ਦੀ ਸਭ ਤੋਂ ਪ੍ਰਸਿੱਧ ਘਟਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਆਨੰਦਪੁਰ ਸਾਹਿਬ ਦੇ ਯੁੱਧ ਨਾਲ ਜੁੜੀ ਹੋਈ ਹੈ। ਪਰੰਪਰਾਗਤ ਸਾਖੀਆਂ ਅਤੇ ਐਸ ਜੀ ਪੀ ਸੀ ਦੇ ਪ੍ਰਕਾਸ਼ਿਤ ਵੇਰਵੇ ਅਨੁਸਾਰ, ਭਾਈ ਘਨੱਈਆ ਜੀ ਜੰਗ ਦੇ ਮੈਦਾਨ ਵਿੱਚ ਜ਼ਖ਼ਮੀ ਸਿਪਾਹੀਆਂ ਨੂੰ ਪਾਣੀ ਪਿਲਾਉਂਦੇ ਸਨ। ਉਹ ਸਿਪਾਹੀਆਂ ਦੇ ਸਿੱਖ ਜਾਂ ਵਿਰੋਧੀ ਪੱਖ ਦਾ ਹੋਣ ਤੇ ਕੋਈ ਭੇਦ ਨਹੀਂ ਕਰਦੇ ਸਨ। ਇਸ ਬਾਰੇ ਕੁਝ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਸ਼ਿਕਾਇਤ ਕੀਤੀ ਕਿ ਭਾਈ ਘਨੱਈਆ ਜੀ ਵਿਰੋਧੀ ਸਿਪਾਹੀਆਂ ਨੂੰ ਵੀ ਪਾਣੀ ਪਿਲਾ ਰਹੇ ਹਨ, ਤਾਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਬੁਲਾਇਆ। ਭਾਈ ਘਨੱਈਆ ਜੀ ਨੇ ਨਿਮਰਤਾ ਨਾਲ ਦੱਸਿਆ ਕਿ ਉਨ੍ਹਾਂ ਨੂੰ ਜੰਗ ਦੇ ਮੈਦਾਨ ਵਿੱਚ ਕੋਈ ਦੁਸ਼ਮਣ ਨਜ਼ਰ ਨਹੀਂ ਆਉਂਦਾ ਉਨ੍ਹਾਂ ਨੂੰ ਤਾਂ ਹਰ ਜ਼ਖ਼ਮੀ ਮਨੁੱਖ ਵਿੱਚ ਗੁਰੂ ਸਾਹਿਬ ਦੀ ਜੋਤ ਹੀ ਦਿਖਾਈ ਦਿੰਦੀ ਹੈ। ਇਸ ਨਿਸ਼ਕਾਮ ਭਾਵਨਾ ਤੋਂ ਪ੍ਰਸੰਨ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਖ਼ਮੀਆਂ ਦੀ ਮਲ੍ਹਮ-ਪੱਟੀ ਲਈ ਵੀ ਸਮਾਨ ਦਿੱਤਾ। ਇਸ ਤਰ੍ਹਾਂ ਭਾਈ ਘਨੱਈਆ ਜੀ ਨੇ ਸੇਵਾ ਨੂੰ ਸਿਰਫ਼ ਵਿਚਾਰ ਨਹੀਂ, ਸਗੋਂ ਜੀਵਨ ਵਿੱਚ ਅਮਲ ਕਰਕੇ ਦਿਖਾਇਆ।

ਉਨ੍ਹਾਂ ਦੀ ਜੀਵਨ-ਜਾਚ ਸਾਨੂੰ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਦੇ ਵਿਸ਼ਾਲ ਮਨੁੱਖਤਾਵਾਦੀ ਸੰਦੇਸ਼ ਦੀ ਯਾਦ ਦਿਵਾਉਂਦੀ ਹੈ। ਉਨ੍ਹਾਂ ਨੇ ਦਿਖਾਇਆ ਕਿ ਮਨੁੱਖਤਾ ਦੀ ਸੇਵਾ ਕਿਸੇ ਪਛਾਣ ਜਾਂ ਵੰਡ ਦੀ ਮੁਹਤਾਜ ਨਹੀਂ।

ਭਾਈ ਘਨੱਈਆ ਜੀ ਦੀ ਸੇਵਾ-ਭਾਵਨਾ ਨੇ ਅੱਗੇ ਚੱਲ ਕੇ ਸੇਵਾਪੰਥੀ ਪਰੰਪਰਾ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਦਾ ਨਾਮ ਅੱਜ ਵੀ ਨਿਸ਼ਕਾਮ ਸੇਵਾ, ਦਇਆ ਅਤੇ ਮਨੁੱਖੀ ਭਾਈਚਾਰੇ ਨਾਲ ਜੋੜ ਕੇ ਲਿਆ ਜਾਂਦਾ ਹੈ। ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਸੰਦੇਸ਼ ਇਹ ਹੈ ਕਿ ਸੇਵਾ ਦਾ ਮਕਸਦ ਨਾਮ, ਸ਼ੋਹਰਤ ਜਾਂ ਨਿੱਜੀ ਲਾਭ ਨਹੀਂ, ਸਗੋਂ ਦੁਖੀ ਮਨੁੱਖ ਦੇ ਦੁੱਖ ਨੂੰ ਘਟਾਉਣਾ ਹੈ।

ਅੱਜ ਦੇ ਸਮੇਂ ਵਿੱਚ, ਜਦੋਂ ਸਮਾਜ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਵੰਡਾਂ ਅਤੇ ਭੇਦਭਾਵ ਦੇਖਣ ਨੂੰ ਮਿਲਦੇ ਹਨ, ਭਾਈ ਘਨੱਈਆ ਜੀ ਦਾ ਜੀਵਨ ਸਾਨੂੰ ਮਨੁੱਖਤਾ ਨੂੰ ਸਭ ਤੋਂ ਉੱਪਰ ਰੱਖਣ ਦੀ ਪ੍ਰੇਰਣਾ ਦਿੰਦਾ ਹੈ। ਗਰੀਬਾਂ, ਬਿਮਾਰਾਂ, ਬੇਸਹਾਰਿਆਂ, ਬਜ਼ੁਰਗਾਂ, ਔਰਤਾਂ ਅਤੇ ਹੋਰ ਲੋੜਵੰਦਾਂ ਦੀ ਸਹਾਇਤਾ ਕਰਨਾ ਹੀ ਉਨ੍ਹਾਂ ਦੀ ਯਾਦ ਨੂੰ ਸੱਚੀ ਸ਼ਰਧਾਂਜਲੀ ਹੈ। ਸੇਵਾ ਉਦੋਂ ਹੀ ਸਾਰਥਕ ਹੁੰਦੀ ਹੈ ਜਦੋਂ ਇਸ ਵਿੱਚ ਦਿਖਾਵਾ ਨਹੀਂ, ਬਲਕਿ ਨਿਮਰਤਾ ਅਤੇ ਨਿਸ਼ਕਾਮ ਭਾਵਨਾ ਹੋਵੇ।

ਭਾਈ ਘਨੱਈਆ ਜੀ ਸਿਰਫ਼ ਸਿੱਖ ਇਤਿਹਾਸ ਦੇ ਮਹਾਨ ਸੇਵਾਦਾਰ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹਨ। ਉਨ੍ਹਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਦੁਖੀ ਮਨੁੱਖ ਦੀ ਸਹਾਇਤਾ ਕਰਨਾ ਹੀ ਸੱਚੀ ਮਨੁੱਖੀ ਸੇਵਾ ਹੈ। ਸਰ ਹੈਨਰੀ ਡਿਉਨੈਟ ਵਲੋਂ 1863 ਵਿੱਚ ਅੰਤਰਰਾਸ਼ਟਰੀ ਰੈਡ ਕਰਾਸ ਸੰਸਥਾ ਦੀ ਸਥਾਪਨਾ ਕੀਤੀ ਗਈ ਸੀ, ਜਦਕਿ ਭਾਈ ਘਨੱਈਆ ਜੀ ਨੇ ਤਾਂ 1704 ਵਿੱਚ ਲੜਾਈ ਦੌਰਾਨ ਜਖਮੀ ਹੋਏ ਲੜਾਕਿਆਂ ਨੂੰ ਬਗੈਰ ਕਿਸੇ ਭੇਦਭਾਵ ਤੋਂ ਪਾਣੀ ਪਿਲਾਇਆ ਅਤੇ ਉਹਨਾਂ ਦੀ ਮੱਲਮ ਪੱਟੀ ਕੀਤੀ। ਇਸ ਲਈ ਭਾਈ ਘਨੱਈਆ ਜੀ ਨੂੰ ਰੈਡ ਕਰਾਸ ਦਾ ਬਾਨੀ ਵੀ ਕਿਹਾ ਜਾਂਦਾ ਹੈ।

ਆਓ, ਅਸੀਂ ਭਾਈ ਘਨੱਈਆ ਜੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਬਿਨਾਂ ਕਿਸੇ ਭੇਦਭਾਵ ਦੇ ਲੋੜਵੰਦਾਂ ਦੀ ਸੇਵਾ ਕਰਨ ਦਾ ਸੰਕਲਪ ਕਰੀਏ ਅਤੇ ਉਹਨਾਂ ਦੇ ਸੰਦੇਸ਼ ਮਨੁੱਖਤਾ ਦੀ ਸੇਵਾ-ਸਭ ਤੋਂ ਉੱਚੀ ਸੇਵਾ” ਨੂੰ ਅਪਨਾ ਕੇ ਸਮਾਜ ਵਿੱਚ ਪਿਆਰ, ਦਇਆ, ਸਾਂਝ, ਸਹਿਯੋਗ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੀਏ।

ਹਰਿੰਦਰ ਪਾਲ ਸਿੰਘ

Continue Reading

Editorial

ਅੱਸੂ ਪੁੱਤ ਸਿਆਲੇ ਦਾ…..

Published

on

By

ਪੰਜਾਬ ਨੂੰ ਦੁਨੀਆ ਦਾ ਇੱਕਲੌਤਾ ਅਜਿਹਾ ਇਲਾਕਾ ਮੰਨਿਆ ਜਾਂਦਾ ਹੈ, ਜਿਥੇ ਇੱਕ ਸਾਲ ਵਿੱਚ ਛੇ ਰੁੱਤਾਂ ਆਉਂਦੀਆਂ ਹਨ ਅਤੇ ਇਸ ਸੰਬੰਧੀ ਕਈ ਵਿਦਵਾਨ ਇਹ ਦਾਅਵਾ ਕਰਦੇ ਹਨ ਕਿ ਪੰਜਾਬ ਤੋਂ ਬਿਨਾਂ ਦੁਨੀਆਂ ਦੇ ਕਿਸੇ ਵੀ ਇਲਾਕੇ ਵਿੱਚ ਇੱਕ ਸਾਲ ਵਿੱਚ 6 ਰੁੱਤਾਂ ਨਹੀਂ ਆਉਂਦੀਆਂ। ਗਲੋਬਲ ਵਾਰਮਿੰਗ ਕਾਰਨ ਭਾਵੇਂ ਹੁਣ ਰੁੱਤਾਂ ਆਪਣਾ ਸਮਾਂ ਬਦਲ ਰਹੀਆਂ ਪ੍ਰਤੀਕ ਹੋ ਰਹੀਆਂ ਹਨ, ਪਰ ਫ਼ਿਰ ਵੀ ਹਰ ਰੁੱਤ ਆਪਣੇ ਨਿਸ਼ਚਿਤ ਸਮੇਂ ਤੇ ਪੰਜਾਬ ਫ਼ੇਰਾ ਜਰੂਰ ਪਾਉਂਦੀ ਹੈ ਅਤੇ ਆਪਣਾ ਅਸਰ ਦਿਖਾਉਂਦੀ ਹੈ।

ਹਰ ਰੁੱਤ ਦਾ ਆਪੋ ਆਪਣਾ ਮਹੱਤਵ ਅਤੇ ਮਾਨਤਾ ਹੁੰਦੀ ਹੈ। ਅੱਸੂ ਦੇਸੀ ਸਾਲ ਦਾ ਸੱਤਵਾਂ ਮਹੀਨਾ ਹੈ, ਭਾਵ ਇਸ ਨਾਲ ਸਾਲ ਦੇ ਦੂਸਰੇ ਹਿੱਸੇ ਦਾ ਆਗਾਜ਼ ਹੋ ਜਾਂਦਾ ਹੈ। ਅੱਸੂ-ਕੱਤਕ ਸਰਦ ਰੁੱਤ ਦੇ ਸ਼ੁਰੂਆਤੀ ਮਹੀਨੇ ਕਹੇ ਜਾ ਸਕਦੇ ਹਨ। ਬਾਰਹਮਾਹ ਤੁਖਾਰੀ ਵਿੱਚ ਇਸ ਮਹੀਨੇ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਚਨ ਹੈ, ”ਅਗੈ ਘਾਮ ਪਿਛੈ ਰੁਤ ਜਾਡਾ।” ਭਾਵ ਗਰਮੀ ਨਿਕਲ ਗਈ ਹੈ ਅਤੇ ਸਰਦੀ ਅੱਗੇ ਆ ਰਹੀ ਹੈ। ਇਸ ਮਹੀਨੇ ਵਿੱਚ ਨਾ ਗਰਮੀ ਹੁੰਦੀ ਹੈ, ਨਾ ਸਰਦੀ। ਖਾਸ ਤੌਰ ਤੇ ਸਵੇਰ ਤੇ ਸ਼ਾਮ ਸਮੇਂ ਮੌਸਮ ਸੁਹਾਵਣਾ ਅਤੇ ਸੁਖਾਵਾਂ ਹੋਣ ਲਗਦਾ ਹੈ। ਇਸ ਦੇ ਠੰਡੇ-ਮਿੱਠੇ ਸੁਭਾਅ ਕਰਕੇ ਆਮ ਕਿਹਾ ਜਾਂਦਾ ਹੈ, ਅਸੂ ਮਾਹ ਨਿਰਾਲਾ, ਦਿਹੁੰ ਧੁੱਪ ਤੇ ਰਾਤੀਂ ਪਾਲਾ।

ਸ੍ਰੀ ਗੁਰੂ ਅਰਜਨ ਦੇਵ ਅਨੁਸਾਰ

” ਰੁਤਿ ਸਰਦ ਅਡੰਬਰੋ

ਅਸੂ ਕਤਕੇ ਹਰਿ ਪਿਆਸ ਜੀਉ।।”

ਇਸ ਮਹੀਨੇ ਖੇਤਾਂ ਵਿੱਚ ਪੱਕੇ ਹਰੇ ਰੰਗ ਦੀ ਹਰਿਆਵਲ ਹੁੰਦੀ ਹੈ। ਕੁਝ ਖਾਸ ਕਿਸਮ ਦੇ ਪੌਦਿਆਂ ਤੇ ਫੁੱਲ ਵੀ ਹਾਜ਼ਰੀ ਭਰ ਰਹੇ ਹੁੰਦੇ ਹਨ। ਦਰਿਆਵਾਂ, ਨਦੀਆਂ, ਵੇਈਆਂ, ਛੱਪੜਾਂ, ਛੰਭਾਂ ਦੇ ਕੰਢਿਆਂ ਤੇ ਕਈ ਕਿਸਮਾਂ ਦੇ ਜੰਗਲੀ ਤੇ ਅਵਾਰਾ ਜਿਹੇ ਬੂਟੇ ਭਰ ਜੋਬਨ ਤੇ ਹੁੰਦੇ ਹਨ, ਚਾਹੇ ਉਹ ਕਾਨੇ ਹੋਣ ਜਾਂ ਕਾਈ। ਕਿਤੇ ਕਿਤੇ ਉਪਜਾਊ ਧਰਤੀ ਦੇ ਨਾਲ ਲੱਗਦੇ ਛੱਪੜਾਂ ਵਿਚ ਕੰਮੀਆਂ ਦੇ ਚਿੱਟੇ ਫੁੱਲ ਨਜ਼ਰ ਆਉਂਦੇ ਹਨ। ਹਰੀਆਂ ਕਚੂਰ ਕੇਲੀਆਂ ਨੂੰ ਵੀ ਲਾਲ-ਪੀਲੇ ਫੁੱਲ ਲੱਗ ਰਹੇ ਹੁੰਦੇ ਹਨ।

ਅੱਸੂ ਨੁੰ ਆਸਾਂ ਪੁੱਗਣ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਜਿਥੇ ਇਹ ਵਿਆਹ-ਸ਼ਾਦੀਆਂ ਲਈ ਸ਼ੁਭ ਹੈ, ਉਥੇ ਇਹ ਪੂਜਾ-ਪਾਠ ਲਈ ਵੀ ਕਲਿਆਣਕਾਰੀ ਹੈ। ਇਹ ਮਹੀਨਾ ਕਿਸਾਨਾਂ ਲਈ ਵੀ ਸ਼ੁਭ ਹੈ: ਕੁਝ ਫਸਲਾਂ ਪੱਕ ਚੁੱਕੀਆਂ ਹੁੰਦੀਆਂ ਹਨ ਅਤੇ ਕੁਝ ਪੱਕਣ ਦੀ ਤਿਆਰੀ ਵਿੱਚ ਹੁੰਦੀਆਂ ਹਨ। ਅੱਸੂ ਨੂੰ ਪਾਲਾ ਜੰਮਣ ਦੀ ਰੁੱਤ ਵੀ ਕਿਹਾ ਜਾਂਦਾ ਹੈ, ਇਸੇ ਲਈ ਲੋਕ ਗੀਤਾਂ ਵਿੱਚ ਅੱਸੂ ਨੂੰ ਸਿਆਲ ਦਾ ਪੁੱਤ ਕਿਹਾ ਜਾਂਦਾ ਹੈ। ਅੱਸੂ ਮਹੀਨੇ ਰਾਤਾਂ ਲੰਬੀਆਂ ਅਤੇ ਕਾਲੀਆਂ ਹੋਣ ਲੱਗਦੀਆਂ ਹਨ ਅਤੇ ਦਿਨ ਛੋਟੇ ਹੋਣ ਲੱਗਦੇ ਹਨ। ਦਿਨ ਵਿੱਚ ਭਾਵੇਂ ਗਰਮੀ ਹੁੰਦੀ ਹੈ, ਪਰ ਸਵੇਰੇ ਅੰਮ੍ਰਿਤ ਵੇਲੇ ਅਤੇ ਸ਼ਾਮ ਵੇਲੇ ਠੰਡੀ ਸ਼ੀਤਲ ਹਵਾ ਰੁਮਕਦੀ ਹੈ। ਇਸ ਮਹੀਨੇ ਰਾਤੀਂ ਤਰੇਲ ਵੀ ਪੈਂਦੀ ਹੈ, ਜੋ ਕਿ ਫ਼ੁੱਲਾਂ ਉਪਰ ਪਈ ਕਿਸੇ ਸ਼ਬਨਮ ਦੇ ਹੰਝੂ ਵਰਗੀ ਲਗਦੀ ਹੈ।

ਅੱਸੂ ਮਹੀਨੇ ਅਕਸਰ ਲੋਕ ਪੂਰੀ ਬਾਂਹ ਦੇ ਕਪੜੇ ਪਾਉਣ ਨੂੰ ਤਰਜੀਹ ਦੇਣ ਲੱਗਦੇ ਹਨ, ਇਸ ਮਹੀਨੇ ਭਾਵੇਂ ਠੰਡ ਤਾਂ ਨਹੀਂ ਲੱਗਦੀ, ਪਰ ਜੇਠ, ਹਾੜ, ਸਾਉਣ, ਭਾਦੋਂ ਦੇ ਮਹੀਨਿਆਂ ਦੌਰਾਨ ਅੱਧੀ ਬਾਂਹ ਦੀਆਂ ਸ਼ਰਟਾਂ ਅਤੇ ਟੀ ਸ਼ਰਟਾਂ ਪਾ ਪਾ ਕੇ ਅੱਕੇ ਲੋਕ ਅੱਸੂ ਮਹੀਨੇ ਮੌਸਮ ਵਿੱਚ ਹਲਕੀ ਜਿਹੀ ਠੰਡਕ ਮਹਿਸੂਸ ਕਰਦਿਆਂ ਹੀ ਪੂਰੀ ਬਾਂਹ ਦੀਆਂ ਸ਼ਰਟਾਂ ਕੱਢ ਲੈਂਦੇ ਹਨ। ਇਸ ਮਹੀਨੇ ਮੁਟਿਆਰਾਂ ਵੀ ਰੇਸ਼ਮ ਦੇ ਸੂਟ ਪਾ ਕੇ ਪੈਲਾਂ ਪਾਉਂਦੀਆਂ ਨਜ਼ਰ ਆ ਜਾਂਦੀਆਂ ਹਨ।

ਅੱਸੂ ਮਹੀਨੇ ਨੂੰ ਪਾਠ ਪੂਜਾ ਦਾ ਪਵਿੱਤਰ ਮਹੀਨਾ ਵੀ ਕਿਹਾ ਜਾਂਦਾ ਹੈ। ਅੱਸੂ ਮਹੀਨੇ ਕੀਤੀ ਜਾਂਦੀ ਪਾਠ ਪੂਜਾ ਦਾ ਬਹੁਤ ਮਹਾਤਮ ਸਮਝਿਆ ਜਾਂਦਾ ਹੈ। ਅੱਸੂ ਮਹੀਨੇ ਵਿਆਹ- ਸ਼ਾਦੀਆਂ ਵੀ ਬਹੁਤ ਹੁੰਦੇ ਹਨ, ਜਿਸ ਕਰਕੇ ਅੱਸੂ ਮਹੀਨੇ ਨੂੰ ਕਾਰਜਾਂ ਦਾ ਮਹੀਨਾ ਅਤੇ ਵਿਆਹਾਂ ਦਾ ਮਹੀਨਾਂ ਵੀ ਕਿਹਾ ਜਾਂਦਾ ਹੈ।

ਕਿਹਾ ਜਾਂਦਾ ਹੈ ਕਿ ਅੱਸੂ ਮਹੀਨੇ ਹਰ ਭਰ ਜਵਾਨ ਮੁਟਿਆਰ ਗੁਲਾਬੀ ਸੁਪਨੇ ਲੈਣ ਲੱਗ ਜਾਂਦੀ ਹੈ। ਅੱਸੂ ਮਹੀਨੇ ਦੇ ਸ਼ੁਰੂ ਹੋਣ ਨਾਲ ਹੀ ਜੋਬਨ ਮੱਤੀਆਂ ਮੁਟਿਆਰਾਂ ਦੇ ਦਿਲਾਂ ਵਿੱਚ ਕਈ ਤਰਾਂ ਦੇ ਵਲਵਲੇ ਉਠਣ ਲੱਗਦੇ ਹਨ ਅਤੇ ਉਹਨਾਂ ਨੂੰ ਹਰ ਚੀਜ਼ ਨਸ਼ਿਆਈ ਲੱਗਦੀ ਹੈ। ਉਹਨਾਂ ਦੀਆਂ ਅੱਖਾਂ ਚਿੱਟੇ ਦਿਨ ਹੀ ਅਧਮੀਟੀਆਂ ਜਿਹੀਆਂ ਹੋ ਕੇ ਰੰਗੀਨ ਸੁਪਨੇ ਵੇਖਣ ਲੱਗ ਜਾਂਦੀਆਂ ਹਨ।

ਅੱਸੂ ਮਹੀਨੇ ਦੀ ਮੁੱਖ ਵਿਸ਼ੇਸ਼ਤਾ ਇਹ ਵੀ ਹੈ ਇਹਨਾਂ ਦਿਨਾਂ ਵਿਚ ਭੋਜਨ (ਦਹੀਂ, ਦਾਲਾਂ, ਸਬਜੀਆਂ ਅਤੇ ਹੋਰ ਸਮਾਨ) ਦੇ ਖਰਾਬ ਹੋਣ ਦਾ ਡਰ ਵੀ ਨਹੀਂ ਹੁੰਦਾ, ਇਸ ਕਾਰਨ ਹੀ ਜੋਬਨਮੱਤੀ ਪੰਜਾਬਣ ਮੁਟਿਆਰ ਆਪਣੇ ਬਾਬਲ ਨੂੰ ਅੱਸੂ ਮਹੀਨੇ ਵਿਚ ਹੀ ਉਸਦਾ ਮੰਗਣਾ ਅਤੇ ਵਿਆਹ ਕਰਨ ਲਈ ਕਹਿੰਦੀ ਹੈ। ਅੱਸੂ ਮਹੀਨੇ ਆਮ ਤੌਰ ਤੇ ਹੋਰਨਾਂ ਮਹੀਨਿਆਂ ਨਾਲੋਂ ਸਬਜ਼ੀਆਂ ਅਤੇ ਹੋਰ ਫ਼ਲ ਫ਼ਰੂਟ ਆਦਿ ਕੁਝ ਸਸਤੇ ਵੀ ਹੋ ਜਾਂਦੇ ਹਨ।

ਅੱਸੂ ਮਹੀਨੇ ਦਾ ਪਰਵਾਸ ਨਾਲ ਵੀ ਚੰਗਾ ਸਬੰਧ ਹੈ। ਦਿਵਾਲੀ ਮੌਕੇ ਪੰਜਾਬ ਆਉਣ ਲਈ ਪਰਵਾਸੀ ਪੰਜਾਬੀ ਅੱਸੂ ਮਹੀਨੇ ਹੀ ਵਿਦੇਸ਼ ਵਿੱਚ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ। ਇਸ ਤੋਂ ਇਲਾਵਾ ਪੰਜਾਬੀਆਂ ਦੇ ਉੱਡਣ ਮਹਿਮਾਣ ਪਰਵਾਸੀ ਪੰਛੀ ਅਤੇ ਕੂੰਜਾਂ ਵੀ ਅੱਸੂ ਮਹੀਨੇ ਦੇ ਅੰਤਲੇ ਦਿਨਾਂ ਦੌਰਾਨ ਦੁਨੀਆਂ ਦੇ ਸਭ ਤੋਂ ਠੰਡੇ ਮੰਨੇ ਜਾਂਦੇ ਇਲਾਕੇ ਸਾਈਬੇਰੀਆ ਅਤੇ ਹੋਰ ਠੰਡੇ ਮੁਲਕਾਂ ਤੋਂ ਪੰਜਾਬ ਸਮੇਤ ਭਾਰਤ ਦੇ ਵੱਖ -ਵੱਖ ਇਲਾਕਿਆਂ ਵਿੱਚ ਪਰਵਾਸ ਕਰਨ ਲਈ ਆਪਣੇ ਪਰ ਤੋਲਣੇ ਸ਼ੁਰੂ ਕਰ ਦਿੰਦੇ ਹਨ। ਕੂੰਜਾਂ ਅਤੇ ਹੋਰ ਪਰਵਾਸੀ ਪੰਛੀ ਸਾਈਬੇਰੀਆ, ਮੰਗੋਲੀਆਂ, ਚੀਨ ਦੇ ਉਚੇ ਪਹਾੜਾਂ ਅਤੇ ਕਾਲੇ ਸਾਗਰ ਸਮੇਤ ਹੋਰ ਇਲਾਕਿਆਂ ਤੋਂ ਪੰਜਾਬ ਅਤੇ ਭਾਰਤ ਦੇ ਹੋਰ ਇਲਾਕਿਆਂ ਵਿੱਚ ਆਉਣ ਲਈ ਕੱਤਕ ਮਹੀਨੇ ਮਾਰਨ ਵਾਲੀ ਆਪਣੀ ਪਰਵਾਸ ਦੀ ਲੰਮੀਂ ਉਡਾਰੀ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ।

ਅੱੱਸੂ ਮਹੀਨੇ ਖੇਤਾਂ ਵਿੱਚ ਪੱਕ ਰਹੀ ਫ਼ਸਲ ਵੇਖ ਕੇ ਜਿਥੇ ਕਿਸਾਨ ਖੁਸ਼ ਹੁੰਦੇ ਹਨ ਅਤੇ ਉਹਨਾਂ ਨੂੰ ਚੰਗੀ ਫ਼ਸਲ ਹੋਣ ਅਤੇ ਚੰਗੀ ਕਮਾਈ ਹੋਣ ਦੀ ਆਸ ਹੋ ਜਾਂਦੀ ਹੈ, ਉਥੇ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਦੀ ਆਰਥਿਕਤਾ ਵੀ ਮਜਬੂਤ ਹੋਣ ਦੀ ਆਸ ਬਣ ਜਾਂਦੀ ਹੈ। ਇਸੇ ਲਈ ਹੀ ਅੱਸੂ ਨੂੰ ਆਸਾਂ ਦਾ ਮਹੀਨਾ ਵੀ ਕਿਹਾ ਜਾਂਦਾ ਹੈ।

ਅੱਸੂ ਬਾਰੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੇ ਵੀ ਲਿਖਿਆ ਹੈ ਕਿ

ਜਦ ਪੈਣ ਕਪਾਹੀਂ ਫ਼ੁੱਲ ਵੇ, ਸਾਨੂੰ ਉਹ ਰੁੱਤ ਲੈ ਦਈਂ ਮੁੱਲ ਵੇ ਧਰਮੀ ਬਾਬਲਾ।

ਅੱਸੂ ਮਹੀਨੇ ਵਿੱਚ ਸਾਰਾ ਆਲਮ ਹੀ ਕੁਦਰਤ ਦੇ ਰੰਗ ਵਿੱਚ ਨਸ਼ਿਆਇਆ ਹੋਇਆ ਝੂਮਦਾ ਹੈ। ਇਸ ਮਹੀਨੇ ਵਿੱਚ ਇੱਕ ਪਾਸੇ ਖੇਤਾਂ ਵਿੱਚ ਕਪਾਹ ਤੇ ਹੋਰ ਫ਼ਸਲਾਂ ਨੂੰ ਫ਼ੁੱਲ ਪੈ ਚੁੱਕੇ ਹੁੰਦੇ ਹਨ ਅਤੇ ਕਈ ਫ਼ਸਲਾਂ ਪੱਕ ਚੁੱਕੀਆਂ ਹਨ। ਇਸ ਮਹੀਨੇ ਮੱਕੀ ਦੀ ਫ਼ਸਲ ਪੱਕਣ ਤੋਂ ਬਾਅਦ ਕਿਸਾਨਾਂ ਦੇ ਘਰਾਂ ਦੀਆਂ ਛੱਤਾਂ ਉਪਰ ਛੱਲੀਆਂ ਸੁੱਕਣੀਆਂ ਪਾ ਦਿੱਤੀਆਂ ਜਾਂਦੀਆਂ ਹਨ। ਇਸ ਦੇ ਨਾਲ ਖੇਤਾਂ ਵਿੱਚ ਖੜਾ ਹਰਾ ਕਚੂਰ ਝੋਨਾ ਵੀ ਹਲਕੀ ਜਿਹੀ ਸੁਨਿਹਰੀ ਭਾਅ ਮਾਰਨ ਲੱਗ ਜਾਂਦਾ ਹੈ।

ਜਗਮੋਹਨ ਸਿੰਘ ‘ਲੱਕੀ’

ਮੋਬਾਇਲ : 9463819174

Continue Reading

Latest News

Trending