Chandigarh
ਐਟੀ ਗੈਂਗਸਟਰ ਟਾਸਕ ਫੋਰਸ ਵਲੋਂ ਫਿਰੌਤੀ ਰੈਕਿਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ
ਖੁਦ ਨੂੰ ਗੋਲਡੀ ਬਰਾੜ ਦਾ ਭਰਾ ਦੱਸ ਕੇ ਮੰਗ ਰਿਹਾ ਸੀ 1 ਕਰੋੜ ਰੁਪਏ ਦੀ ਫਿਰੌਤੀ
ਚੰਡੀਗੜ੍ਹ, 19 ਅਪ੍ਰੈਲ (ਸ.ਬ.) ਪੰਜਾਬ ਪੁਲੀਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ ਜੀ ਟੀ ਐਫ) ਨੇ ਇੱਕ 24 ਸਾਲਾ ਨੌਜਵਾਨ ਨੂੰ ਖੁਦ ਨੂੰ ਵਿਦੇਸ਼ੀ ਗੈਂਗਸਟਰ ਗੋਲਡੀ ਬਰਾੜ ਦਾ ਭਰਾ ਦੱਸ ਕੇ ਇੱਕ ਸਥਾਨਕ ਆਟੋਮੋਬਾਈਲ ਸ਼ੋਅਰੂਮ ਮਾਲਕ ਤੋਂ ਜ਼ਬਰਨ ਪੈਸੇ ਵਸੂਲਣ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜਮ ਦੀ ਪਛਾਣ ਲਵਜੀਤ ਸਿੰਘ ਵਾਸੀ ਬਰਗਾੜੀ, ਫਰੀਦਕੋਟ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਮੁਲਜਮ ਨੇ ਸ਼ਿਕਾਇਤਕਰਤਾ ਤੋਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਰਕਮ ਨਾ ਦੇਣ ਦੀ ਸੂਰਤ ਵਿੱਚ ਸ਼ਿਕਾਇਤਕਰਤਾ ਅਤੇ ਉਸਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ।
ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਨੇ ਪੁਲੀਸ ਤੋਂ ਬਚਣ ਲਈ ਆਪਣੀ ਪਛਾਣ ਛੁਪਾਉਣ ਅਤੇ ਫਿਰੌਤੀ ਕਾਲਾਂ ਕਰਨ ਲਈ ਵਰਚੁਅਲ ਨੰਬਰਾਂ ਅਤੇ ਸੋਸ਼ਲ ਮੀਡੀਆ ਐਪਲੀਕੇਸ਼ਨਾਂ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਕਈ ਅਗਿਆਤ ਅਪਰਾਧੀ, ਜਿਨ੍ਹਾਂ ਦਾ ਕਿਸੇ ਵੀ ਗਿਰੋਹ ਜਾਂ ਗੈਂਗਸਟਰਾਂ ਨਾਲ ਕੋਈ ਸਬੰਧ ਨਹੀਂ ਹੁੰਦਾ, ਅਜਿਹੇ ਸੰਗਠਨਾਂ ਦਾ ਨਾਂ ਵਰਤ ਕੇ ਲੋਕਾਂ ਦੇ ਡਰ ਦਾ ਫਾਇਦਾ ਉਠਾ ਰਹੇ ਹਨ।
ਜ਼ਿਕਰਯੋਗ ਹੈ ਕਿ ਤਿੰਨ ਮਹੀਨੇ ਪਹਿਲਾਂ, ਏ ਜੀ ਟੀ ਐਫ ਨੇ ਮਲੇਸ਼ੀਆ ਤੋਂ ਚਲਾਏ ਜਾ ਰਹੇ ਇੱਕ ਜਾਅਲੀ ਫਿਰੌਤੀ ਰੈਕੇਟ ਦਾ ਪਰਦਾਫਾਸ਼ ਕੀਤਾ ਸੀ, ਜਿਸ ਵਿੱਚ ਪੰਜਾਬ ਭਰ ਵਿੱਚ ਗਾਇਕਾਂ, ਕਾਰੋਬਾਰੀਆਂ ਅਤੇ ਅਮੀਰ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਮੁਲਜ਼ਮ, ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਵਜੋਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਡਰਾ ਕੇ ਪੈਸੇ ਵਸੂਲਦਾ ਸੀ।
ਇਸ ਸਬੰਧੀ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ (ਏ ਡੀ ਜੀ ਪੀ) ਏ ਜੀ ਟੀ ਐਫ ਪ੍ਰਮੋਦ ਬਾਨ ਨੇ ਕਿਹਾ ਕਿ ਏ ਜੀ ਟੀ ਐਫ ਨੂੰ ਫਿਰੌਤੀ ਬਾਰੇ ਸ਼ਿਕਾਇਤ ਮਿਲੀ ਸੀ ਜਿਸਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਏ ਜੀ ਟੀ ਐਫ ਦੀਆਂ ਟੀਮਾਂ ਨੇ ਤਕਨੀਕੀ ਜਾਣਕਾਰੀ ਅਤੇ ਖੁਫੀਆ ਇਤਲਾਹ ਰਾਹੀਂ ਕਾਲਾਂ ਕਰਨ ਵਾਲੇ ਦੇ ਅਸਲ ਟਿਕਾਣੇ ਦਾ ਪਤਾ ਲਗਾਇਆ, ਜਿਸ ਨਾਲ ਦੋਸ਼ੀ ਲਵਜੀਤ ਦੀ ਪਛਾਣ ਹੋਈ ਅਤੇ ਉਸਨੂੰ ਮੁਹਾਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਏ ਜੀ ਟੀ ਐਫ ਦੇ ਏ ਆਈ ਜੀ ਗੁਰਮੀਤ ਚੌਹਾਨ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਲਵਜੀਤ, ਸੋਸ਼ਲ ਮੀਡੀਆ ਦਾ ਸ਼ੌਕੀਨ ਸੀ ਅਤੇ ਇੱਕ ਸ਼ਾਨਦਾਰ ਜੀਵਨ ਸ਼ੈਲੀ ਦੀ ਹੋੜ ਨੇ, ਉਸਨੂੰ ਅਪਰਾਧ ਦੀ ਦੁਨੀਆਂ ਵਿੱਚ ਧਕੇਲ ਦਿੱਤਾ। ਉਨ੍ਹਾਂ ਕਿਹਾ ਕਿ ਮੁਲਜਮ, ਪੁਲੀਸ ਹਿਰਾਸਤ ਤੋਂ ਬਚਣ ਲਈ ਫ਼ਿਰੌਤੀ ਕਾਲਾਂ ਕਰਦੇ ਹੋਏ ਆਪਣੀ ਪਛਾਣ ਛੁਪਾਉਣ ਲਈ ਵਰਚੁਅਲ ਨੰਬਰਾਂ ਅਤੇ ਐਨਕ੍ਰਿਪਟਡ ਐਪਸ ਦੀ ਵਰਤੋਂ ਕਰਦਾ ਸੀ। ਇਸ ਸਬੰਧੀ ਐਸ ਏ ਐਸ ਨਗਰ ਦੇ ਸੋਹਾਣਾ ਪੁਲੀਸ ਸਟੇਸ਼ਨ ਵਿਖੇ ਬੀ ਐਨ ਐਸ ਦੀ ਧਾਰਾ 308 (2) ਅਤੇ 351(2) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
Chandigarh
ਪੰਜਾਬ ਦੇ ਸਰਪੰਚਾਂ ਨੂੰ ਮਿਲੇਗਾ ਦੋ ਹਜ਼ਾਰ ਰੁਪਏ ਮਾਣ ਭੱਤਾ : ਮੁੱਖ ਮੰਤਰੀ

ਚੰਡੀਗੜ੍ਹ, 24 ਅਪ੍ਰੈਲ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਚਾਇਤੀ ਰਾਜ ਦਿਵਸ ਮੌਕੇ ਪੰਜਾਬ ਦੇ ਸਰਪੰਚਾਂ ਦੇ ਮਾਣ ਭੱਤੇ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਸਥਾਨਕ ਟੈਗੋਰ ਥੀਏਟਰ ਵਿੱਚ ‘ਪੰਚਾਇਤੀ ਰਾਜ ਦਿਵਸ’ ਮੌਕੇ ਅਗਾਂਹਵਧੂ ਪੰਚਾਇਤਾਂ ਦੇ ਸਨਮਾਨ ਮੌਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਨਵੇਂ ਬਣੇ ਸਰਪੰਚਾਂ ਨੂੰ ਪ੍ਰਤੀ ਮਹੀਨਾ ਦੋ ਹਜ਼ਾਰ ਰੁਪਏ ਮਾਣ ਭੱਤਾ ਦਿੱਤਾ ਜਾਵੇਗਾ।
ਇੱਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਪੰਚਾਂ ਨੂੰ 1200 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਮਿਲਦਾ ਸੀ ਜੋ ਕੁੱਝ ਵਰ੍ਹੇ ਪਹਿਲਾਂ ਤੋਂ ਬੰਦ ਪਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤਾਂ ਨੂੰ ਹੋਰ ਅਖ਼ਤਿਆਰ ਦੇਣ ਬਾਰੇ ਵੀ ਜਲਦ ਫ਼ੈਸਲਾ ਕੀਤਾ ਜਾਵੇਗਾ।
ਇਸ ਮੌਕੇ ਮੁੱਖ ਮੰਤਰੀ ਨੇ ਸੂਬੇ ਵਿੱਚੋਂ ਪਹਿਲੇ ਸਥਾਨ ਤੇ ਰਹਿਣ ਵਾਲੀ ਪਿੰਡ ਬੱਲ੍ਹੋ ਦੀ ਪੰਚਾਇਤ ਤੋਂ ਇਲਾਵਾ ਪੰਚਾਇਤ ਐਡਵਾਂਸ ਇੰਡੈਕਸ ਅਧੀਨ ਸਥਾਈ ਵਿਕਾਸ ਟੀਚਿਆਂ ਦੇ 9 ਵਿਸ਼ਿਆਂ ਵਿੱਚੋਂ ਅੱਵਲ ਆਉਣ ਵਾਲੀਆਂ ਪੰਚਾਇਤਾਂ ਨੂੰ ਵੀ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਪਹਿਲੇ ਨੰਬਰ ਤੇ ਆਉਣ ਵਾਲੀ ਪੰਚਾਇਤ ਦੇ ਵਿਕਾਸ ਕੰਮਾਂ ਨੂੰ ਦੇਖਣ ਲਈ ਪਿੰਡ ਬੱਲ੍ਹੋ ਵਿਖੇ 6 ਮਈ ਨੂੰ ਦੌਰਾ ਕਰਨ ਦਾ ਐਲਾਨ ਵੀ ਕੀਤਾ।
Chandigarh
ਜੰਮੂ ਕਸ਼ਮੀਰ ਵਿੱਚ ਫਸੇ ਪੰਜਾਬੀਆਂ ਨੂੰ ਸਹੀ ਸਲਾਮਤ ਵਾਪਸ ਲਿਆਵੇਗੀ ਸਰਕਾਰ : ਭਗਵੰਤ ਮਾਨ

ਪੰਜਾਬ ਦੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕਰਨ ਦੇ ਨਿਰਦੇਸ਼ ਦਿੱਤੇ
ਚੰਡੀਗੜ੍ਹ, 23 ਅਪ੍ਰੈਲ (ਸ.ਬ.) ਪਹਿਲਗਾਮ ਵਿੱਚ ਬੀਤੇ ਦਿਨ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੂਬੇ ਦੇ ਹਾਲਾਤ ਦਾ ਜਾਇਜਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਦੀ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਦੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿੱਚ ਫਸੇ ਹੋਏ ਪੰਜਾਬੀਆਂ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਜਾਵੇਗਾ ਇਸ ਲਈ ਉਹ ਜੰਮੂ ਕਸ਼ਮੀਰ ਸਰਕਾਰ ਨਾਲ ਲਗਾਤਾਰ ਸੰਪਰਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਵੱਲੋਂ ਅਕਸਰ ਹੀ ਪੰਜਾਬ ਦੀ ਸਰਹੱਦ ਰਾਹੀਂ ਦਾਖਲ ਹੋ ਕੇ ਸੂਬੇ ਅਤੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੂਬਾ ਸਰਕਾਰ ਵੱਲੋਂ ਸਰਹੱਦੀ ਖੇਤਰ ਨੂੰ ਸੁਰੱਖਿਤ ਕਰਨ ਲਈ ਐਂਟੀ ਡਰੋਨ ਸਿਸਟਮ ਵਿਕਸਿਤ ਕੀਤਾ ਜਾਵੇਗਾ, ਜਿਸ ਨਾਲ ਸੂਬੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲੀਸ ਵੱਲੋਂ ਬੀ ਐਸ ਐਫ ਅਤੇ ਭਾਰਤੀ ਫੌਜ ਨਾਲ ਮਿਲ ਕੇ ਪਠਾਨਕੋਟ ਇਲਾਕੇ ਅਤੇ ਹੋਰ ਸਰਹੱਦੀ ਖੇਤਰ ਵਿਚ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਕੇਂਦਰੀ ਜਾਂਚ ਏਜੰਸੀਆਂ ਨਾਲ ਵੀ ਤਾਲਮੇਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹਦੇ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾ ਰਹੀ ਹੈ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪਹਿਲਗਾਮ ਵਿਚ ਵਾਪਰੀ ਘਟਨਾ ਤੋਂ ਬਾਅਦ ਤੋਂ ਹੀ ਪੰਜਾਬ ਵਿਚ ਹਾਈ ਅਲਰਟ ਲਾਗੂ ਕਰ ਦਿੱਤਾ ਸੀ। ਇਸ ਦੌਰਾਨ ਸੂਬੇ ਵਿੱਚ ਅੰਤਰਰਾਜੀ ਸੜਕਾਂ ਤੇ ਨਾਕਾਬੰਦੀ ਕੀਤੀ ਗਈ ਹੈ ਅਤੇ ਸਰਹੱਦੀ ਖੇਤਰ ਵਿਚ ਪੁਲੀਸ ਗਸ਼ਤ ਵੀ ਵਧਾ ਦਿੱਤੀ ਗਈ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਪੰਜਾਬ ਪੁਲੀਸ ਹਰ ਸਮੇਂ ਸੂਬੇ ਦੀ ਸੁਰੱਖਿਆ ਨੂੰ ਬਰਕਾਰ ਰੱਖਣ ਲਈ ਮੁਸਤੈਦ ਹੈ।
Chandigarh
ਹਾਈ ਕੋਰਟ ਨੇ ਪ੍ਰਤਾਪ ਬਾਜਵਾ ਦੀ ਗ੍ਰਿਫ਼ਤਾਰੀ ਤੇ ਲੱਗੀ ਰੋਕ ਵਧਾਈ

ਭਵਿੱਖ ਵਿੱਚ ਗ੍ਰਿਫ਼ਤਾਰੀ ਤੋਂ ਪਹਿਲਾਂ ਕੋਰਟ ਨੂੰ ਸੂਚਿਤ ਕਰਨ ਦੇ ਹੁਕਮ, ਮਾਮਲੇ ਦੀ ਅਗਲੀ ਸੁਣਵਾਈ 7 ਮਈ ਨੂੰ
ਚੰਡੀਗੜ੍ਹ, 22 ਅਪ੍ਰੈਲ (ਸ.ਬ.) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫ਼ਤਾਰੀ ਤੇ ਲੱਗੀ ਰੋਕ ਜਾਰੀ ਰੱਖਣ ਦਾ ਹੁਕਮ ਦਿੱਤਾ ਹੈ। ਸੁਣਵਾਈ ਦੌਰਾਨ ਸਰਕਾਰ ਵੱਲੋਂ ਦਾਖਲ ਕੀਤੀ ਗਈ ਸਟੇਟਸ ਰਿਪੋਰਟ ਵਿੱਚ ਮਾਮਲੇ ਦੀ ਤਫ਼ਤੀਸ਼ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਨੂੰ ਕੋਰਟ ਨੇ ਨੋਟ ਕਰ ਲਿਆ।
ਅਦਾਲਤ ਨੇ ਕਿਹਾ ਕਿ ਬਾਜਵਾ ਵਿਰੁੱਧ ਜਾਂਚ ਜਾਰੀ ਰਹੇਗੀ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਤੇ ਲੱਗੀ ਰੋਕ ਅਜੇ ਵੀ ਕਾਇਮ ਰਹੇਗੀ।
ਹਾਈ ਕੋਰਟ ਨੇ ਇਹ ਵੀ ਆਦੇਸ਼ ਦਿੱਤਾ ਕਿ ਜੇਕਰ ਭਵਿੱਖ ਵਿੱਚ ਬਾਜਵਾ ਨੂੰ ਗ੍ਰਿਫ਼ਤਾਰ ਕਰਨ ਦੀ ਲੋੜ ਪੈਂਦੀ ਹੈ, ਤਾਂ ਪਹਿਲਾਂ ਕੋਰਟ ਨੂੰ ਸੂਚਿਤ ਕਰਨਾ ਜ਼ਰੂਰੀ ਹੋਵੇਗਾ। ਉਂਝ ਸਰਕਾਰ ਨੇ ਅਦਾਲਤ ਵਿਚ ਕਿਹਾ ਕਿ ਬਾਜਵਾ ਨੂੰ ਗ੍ਰਿਫ਼ਤਾਰ ਕਰਨ ਦਾ ਕੋਈ ਇਰਾਦਾ ਨਹੀਂ ਹੈ। ਇਸ ਮਾਮਲੇ ਤੇ ਅਗਲੀ ਸੁਣਵਾਈ 7 ਮਈ ਨੂੰ ਹੋਵੇਗੀ।
-
Mohali1 month ago
ਗੁਰਦੁਆਰਾ ਅਕਾਲ ਆਸ਼ਰਮ ਸੋਹਾਣਾ ਵਿਖੇ 28 ਤੋਂ 30 ਮਾਰਚ ਤੱਕ ਹੋਵੇਗਾ ਸਾਲਾਨਾ ਗੁਰਮਤਿ ਸਮਾਗਮ
-
Mohali2 months ago
ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਕਾਫਲੇ ਉੱਤੇ ਹਮਲੇ ਦੀ ਨਿਖੇਧੀ
-
Mohali2 months ago
ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਦੇ ਮਾਮਲੇ ਵਿੱਚ 1 ਦੋਸ਼ੀ ਨੂੰ 10 ਸਾਲ ਕੈਦ, 1 ਲੱਖ 20 ਹਜਾਰ ਜੁਰਮਾਨਾ
-
Mohali1 month ago
ਰਾਜਪੁਰਾ ਦੇ ਪ੍ਰਭਾਕਰ ਚੌਂਕ ਵਿੱਚ ਲਗਾਏ ਸ਼ਹੀਦ ਸਤਿਆ ਪ੍ਰਕਾਸ਼ ਪ੍ਰਭਾਕਰ ਦੇ ਬੁੱਤ ਤੋਂ ਪਰਦਾ ਉਤਾਰਿਆ
-
International2 months ago
ਸਾਬਕਾ ਸੈਂਟਰਲ ਬੈਂਕਰ ਮਾਰਕ ਕਾਰਨੇ ਹੋਣਗੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ
-
National1 month ago
ਮੁੰਬਈ ਹਵਾਈ ਅੱਡੇ ਤੇ 8.47 ਕਰੋੜ ਰੁਪਏ ਦਾ ਸੋਨਾ ਬਰਾਮਦ, ਪੰਜ ਵਿਅਕਤੀ ਗ੍ਰਿਫ਼ਤਾਰ
-
National1 month ago
ਤੂੜੀ ਦੇ ਢੇਰ ਵਿੱਚ ਅੱਗ ਲੱਗਣ ਕਾਰਨ ਚਾਰ ਬੱਚੇ ਜ਼ਿੰਦਾ ਸੜੇ
-
International1 month ago
ਪੁਲਾੜ ਤੋਂ ਵਾਪਸ ਆਉਣਗੇ ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ, ਸਪੇਸ ਐਕਸ ਨੇ ਲਾਂਚ ਕੀਤਾ ਮਿਸ਼ਨ