Editorial
ਆਜ਼ਾਦ ਭਾਰਤ ਦਾ ਉਹ ਕਾਲਾ ਦੌਰ : 25 ਜੂਨ 1975
ਐਮਰਜੈਂਸੀ ਨੇ ਦੇਸ਼ ਦੀ ਜਮਹੂਰੀਅਤ ਨੂੰ ਸ਼ਰਮਸਾਰ ਕੀਤਾ
25 ਜੂਨ 1975 ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਜਮਹੂਰੀਅਤ ਦੀਆਂ ਸਾਰੀਆਂ ਕਦਰਾਂ ਕੀਮਤਾਂ ਨੂੰ ਛਿੱਕੇ ਟੰਗਦਿਆਂ ਦੇਸ਼ ਵਿੱਚ ਅਣਮਿੱਥੇ ਸਮੇਂ ਲਈ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ। ਐਮਰਜੈਂਸੀ ਦੇ ਵਿਰੋਧ ਵਿੱਚ ਆਏ ਹਜ਼ਾਰਾਂ ਲੋਕਾਂ ਅਤੇ ਵੱਡੇ-ਵੱਡੇ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ। ਐਮਰਜੈਂਸੀ ਲੱਗਣ ਦੇ ਚੌਥੇ ਕੁ ਦਿਨ ਮੈਂ ਪਟਿਆਲੇ ਤੋਂ ਪਿੰਡ ਜਾਣ ਲਈ ਬੱਸ ਫੜ੍ਹ ਕੇ ਜਿਵੇਂ ਹੀ ਰਾਜਪੁਰੇ ਬੱਸ ਅੱਡੇ ਤੇ ਉਤਰਿਆਂ ਤਾਂ ਪੁਲੀਸ ਦੀ ਟੀਮ ਨੇ ਆ ਦਬੋਚਿਆ। ਕਾਰਨ ਪੁੱਛਣ ਤੇ ਥਾਣੇਦਾਰ ਨੇ ਕਿਹਾ ਕਿ ਡੀ. ਐਸ. ਪੀ. ਨੇ ਤੁਹਾਨੂੰ ਗੱਲ ਕਰਨ ਲਈ ਬੁਲਾਇਆ ਹੈ।
ਸ਼ਾਮ ਤੱਕ ਜਦੋਂ ਡੀ. ਐਸ. ਪੀ. ਨਾ ਆਇਆ ਤਾਂ ਥਾਣੇਦਾਰ ਕਹਿਣ ਲੱਗਿਆ ਡਿਪਟੀ ਸਾਹਿਬ ਕੱਲ੍ਹ ਸਵੇਰ ਆਉਣਗੇ। ਉਸ ਵੇਲੇ ਤੱਕ ਮੈਨੂੰ ਇਹ ਪਤਾ ਲੱਗ ਚੁੱਕਿਆ ਸੀ ਕਿ ਮੇਰੀ ਹਿਰਾਸਤ ਦਾ ਕਾਰਨ ਮੁਲਕ ਵਿੱਚ ਲੱਗੀ ਐਮਰਜੈਂਸੀ ਹੀ ਹੈ। ਮੈਂਨੂੰ ਗ੍ਰਿਫਤਾਰ ਕਰਨ ਦਾ ਕਾਰਨ ਸੀ ਕਿ ਅਸੀਂ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਪਟਿਆਲੇ ਇਲਾਕੇ ਵਿਚ ਐਮਰਜੈਂਸੀ ਦਾ ਵਿਰੋਧ ਕਰਨ ਦੀ ਹੱਥ ਲਿਖਤ ਅਪੀਲ ਵੰਡੀ ਸੀ।
ਅਗਲੇ ਦਿਨ ਇੱਕ ਡੀ. ਐਸ. ਪੀ. ਕਹਿਣ ਲੱਗਿਆ ਕਿ ਅਸੀਂ ਤੁਹਾਨੂੰ ਸਿਰਫ ਇਕ ਸ਼ਰਤ ਉੱਤੇ ਹੀ ਛੱਡ ਸਕਦੇ ਹਾਂ ਕਿ ਤੁਸੀ ਐਮਰਜੈਂਸੀ ਦੀ ਹਮਾਇਤ ਵਿਚ ਇਕ ਪ੍ਰੈਸ ਬਿਆਨ ਜਾਰੀ ਕਰ ਦਿਉ। ਮੇਰੇ ਨਾ ਕਰਨ ਉੱਤੇ ਉਸਨੇ ਧਮਕੀ ਭਰੇ ਲਹਿਜ਼ੇ ਵਿਚ ਬੁਰੇ ਨਤੀਜੇ ਭੁਗਤਣ ਤੋਂ ਬਚਣ ਦੀ ਸਲਾਹ ਦਿੱਤੀ। ਅਗਲੇ 15 ਦਿਨ ਮੈਂਨੂੰ ਰਾਜਪੁਰੇ ਥਾਣੇ ਵਿਚ ਰੱਖ ਕੇ ਐਮਰਜੈਂਸੀ ਦੀ ਹਿਮਾਇਤ ਕਰਨ ਲਈ ਹਰ ਤਰ੍ਹਾਂ ਦਾ ਦਬਾਅ ਪਾਇਆ ਗਿਆ। ਉਸ ਵੇਲੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਡੀ. ਆਈ. ਜੀ. ਇੰਟੈਲੀਜੈਂਸ ਮਿਸਟਰ ਬਾਵਾ ਉਚੇਚਾ ਮੈਨੂੰ ਮਨਾਉਣ ਲਈ ਭੇਜਿਆ। ਹਰ ਤਰ੍ਹਾ ਦੇ ਡਰਾਵੇ ਅਤੇ ਲਾਲਚ ਦੇ ਕੇ ਵੀ ਜਦੋਂ ਸਰਕਾਰ ਮੇਰੇ ਕੋਲੋਂ ਐਮਰਜੈਂਸੀ ਦੀ ਹਮਾਇਤ ਨਾ ਕਰਵਾ ਸਕੀ ਤਾਂ ਆਖਰ ਮੀਸਾ (ਅੰਦਰੂਨੀ ਸੁਰੱਖਿਆ ਐਕਟ) ਲਾ ਕੇ ਮੈਨੂੰ ਪਟਿਆਲਾ ਜੇਲ੍ਹ ਵਿਚ ਭੇਜ ਦਿੱਤਾ ਗਿਆ।
ਪਟਿਆਲਾ ਜੇਲ੍ਹ ਦੀ ਡਿਉਢੀ ਵਿਚ ਜਦੋਂ ਮੈਨੂੰ ਸਮੱਗਲਰਾਂ ਦੇ ਅਹਾਤੇ ਵਿਚ ਬੰਦ ਕਰਨ ਦਾ ਹੁਕਮ ਸੁਣਾਇਆ ਗਿਆ ਤਾਂ ਪਹਿਲਾਂ ਹੀ ਸਹਿਮਿਆ ਹੋਇਆ ਮੈਂ ਹੋਰ ਡਰ ਗਿਆ। ਪ੍ਰੰਤੂ ਇਹ ਡਰ ਉਸ ਵੇਲੇ ਦੂਰ ਹੋ ਗਿਆ ਜਦੋਂ ਉਨ੍ਹਾਂ ਨੇ ‘ਪਾੜਾ’ ਆਖ ਮੇਰਾ ਸਵਾਗਤ ਕੀਤਾ। ਅਗਲੇ ਹੀ ਦਿਨ ਅਕਾਲੀ ਆਗੂ ਜਸਵਿੰਦਰ ਸਿੰਘ ਬਰਾੜ ਅਤੇ ਬਾਅਦ ਵਿੱਚ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਵਲੋਂ ਐਮਰਜੈਂਸੀ ਖਿਲਾਫ਼ ਇਕ ਸਾਂਝਾ ਐਲਾਨ ਨਾਮਾ ਜਾਰੀ ਕਰਕੇ ਸ਼ੁਰੂ ਕੀਤੇ ਮੋਰਚੇ ਦੌਰਾਨ ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ, ਆਤਮਾ ਸਿੰਘ, ਬਸੰਤ ਸਿੰਘ ਖਾਲਸਾ ਨੇਤਾ ਵੀ ਆਪਣੇ ਆਪਨੂੰ ਗ੍ਰਿਫਤਾਰੀ ਲਈ ਪੇਸ਼ ਕਰਕੇ ਵੱਖ ਵੱਖ ਜੇਲ੍ਹਾਂ ਵਿਚ ਆ ਗਏ।
ਉਸ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਅਤੇ ਜਨਤਾ ਪਾਰਟੀ ਦੇ ਸੀਨੀਅਰ ਆਗੂ ਬਲਰਾਮ ਜੀ ਦਾਸ ਟੰਡਨ ਵੀ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤੇ ਗਏ। ਦੇਸ਼ ਅੰਦਰ ‘ਅੰਦਰੂਨੀ ਐਮਰਜੈਂਸੀ’ ਠੋਸੀ ਹੋਣ ਕਰਕੇ ਸਰਕਾਰ ਵਲੋਂ ਧੜਾਧੜ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ, ਅਖਬਾਰਾਂ ਉੱਤੇ ਲਾਈ ਸੈਂਸਰਸ਼ਿਪ ਅਤੇ ਸਰਕਾਰੀ ਸਾਧਨਾਂ ਦੁਆਰਾ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਨੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਸੀ।
ਹੌਲੀ-ਹੌਲੀ ਪਟਿਆਲੇ ਦੀ ਪੂਰੀ ਜੇਲ੍ਹ ਹੀ ਰਾਜਨੀਤਿਕ ਰੰਗਤ ਵਿਚ ਰੰਗੀ ਜਾਣ ਕਾਰਨ ਮੈਂ ਪੂਰੀ ਤਰ੍ਹਾਂ ਨਿਰਭੈਅ ਹੋ ਗਿਆ ਅਤੇ ਕਿਸੇ ਵੀ ਕੀਮਤ ਉੱਤੇ ਐਮਰਜੈਂਸੀ ਦੀ ਹਿਮਾਇਤ ਨਾ ਕਰਨ ਤੇ ਅੜ੍ਹ ਗਿਆ। ਮੀਸਾ ਤਹਿਤ ਨਜ਼ਰਬੰਦ ਕੀਤੇ ਗਏ ਸਾਰੇ ਆਗੂਆਂ ਵਿਚੋਂ ਮੈਂ ਸਭ ਤੋਂ ਛੋਟੀ ਉਮਰ ਦਾ ਹੋਣ ਕਾਰਨ ਸਾਰਿਆਂ ਵਲੋਂ ਮਿਲੇ ਪਿਆਰ ਅਤੇ ਸਤਿਕਾਰ ਸਦਕਾ ਮੇਰੀ ਦ੍ਰਿੜਤਾ ਹੋਰ ਵੀ ਪਰਪੱਕ ਹੋ ਗਈ ਸੀ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਸੀਨੀਅਰ ਆਗੂਆਂ ਦੀ ਸੰਗਤ ਨੇ ਮੇਰੀ ਰਾਜਸੀ ਸੋਚ ਵਿਚ ਤਬਦੀਲੀ ਵੀ ਲਿਆਂਦੀ ਅਤੇ ਸਪਸ਼ਟਤਾ ਵੀ। ਐਮਰਜੈਂਸੀ ਦੌਰਾਨ ਜੇਲ੍ਹ ਵਿਚ ਮੇਰੀ ਨਜ਼ਰਬੰਦੀ ਨੇ ਹੀ ਸ਼ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਮੁੱਢ ਬੰਨ੍ਹਿਆ। ਇਲਾਕਾਈ ਸਾਂਝ ਹੋਣ ਕਾਰਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਿਨ੍ਹਾਂ ਮੇਰੀ ਕਿਸੇ ਹੋਰ ਅਕਾਲੀ ਲੀਡਰ ਨਾਲ ਕੋਈ ਜਾਣ ਪਛਾਣ ਨਹੀਂ ਸੀ। ਇਕ ਸਧਾਰਨ ਕਿਸਾਨ ਦਾ ਪੁੱਤ ਹੋਣ ਕਰਕੇ ਰਾਜਨੀਤਿਕ ਅਹੁਦੇ ਆਪਣੀ ਪਹੁੰਚ ਤੋਂ ਦੂਰ ਲੱਗਦੇ ਸਨ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੜ੍ਹਾਈ ਪੂਰੀ ਹੋਣ ਕਾਰਨ ਮੇਰਾ ਨਿਸ਼ਾਨਾ ਉਸ ਵੇਲੇ ਕਿਸੇ ਕਾਲਜ ਵਿਚ ਲੈਕਚਰਾਰ ਲੱਗਣ ਤੱਕ ਹੀ ਸੀਮਿਤ ਸੀ। ਪਰ ਫਿਰੋਜ਼ਪੁਰ ਜੇਲ੍ਹ ਤੋਂ ਪੇਸ਼ੀ ਭੁਗਤਣ ਆਏ ਜਥੇਦਾਰ ਗੁਰਚਰਨ ਸਿਘ ਟੌਹੜਾ ਨੂੰ ਜਦੋਂ ਪਟਿਆਲਾ ਜੇਲ੍ਹ ਵਿਚ ਲਿਆਂਦਾ ਗਿਆ ਤਾਂ ਉਹਨਾਂ ਆਉਦਿਆਂ ਹੀ ਆਪਣਾ ਬਿਸਤਰਾ ਮੇਰੇ ਅਹਾਤੇ ਵਿਚ ਲਗਵਾ ਲਿਆ। ਜਦੋਂ ਵੀ ਉਹ ਪੇਸ਼ੀ ਭੁਗਤਣ ਪਟਿਆਲੇ ਆਉਦੇ ਤਾਂ ਉਹ ਮੇਰੇ ਕੋਲ ਹੀ ਰਹਿੰਦੇ। ਜੇਲ੍ਹ ਦੀ ਇਸ ਨਜ਼ਰਬੰਦੀ ਦੌਰਾਨ ਟੌਹੜਾ ਸਾਹਿਬ ਨਾਲ ਬਣੇ ਨੇੜਲੇ ਸੰਬੰਧਾਂ ਕਾਰਨ ਹੀ ਮੈਂ ਸਰਗਰਮ ਰਾਜਨੀਤੀ ਵਿਚ ਦਾਖ਼ਲ ਹੋਇਆ।
ਇਕ ਦਿਨ ਜੇਲ੍ਹ ਵਿਚ ਇਹ ਅਫ਼ਵਾਹ ਫੈਲੀ ਕਿ ਸਰਕਾਰ ਅਕਾਲੀ ਦਲ ਨਾਲ ਗੱਲਬਾਤ ਕਰ ਕੇ ਮੋਰਚਾ ਵਾਪਸ ਕਰਵਾ ਰਹੀ ਹੈ ਤੇ ਇਸੇ ਮਕਸਦ ਲਈ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਫਿਰੋਜ਼ਪੁਰ ਤੋਂ ਪਟਿਆਲਾ ਜੇਲ੍ਹ ਵਿਚ ਲਿਆਂਦਾ ਜਾ ਰਿਹਾ ਹੈ ਤਾਂ ਕਿ ਸਾਰੀ ਅਕਾਲੀ ਲੀਡਰਸ਼ਿਪ ਨੂੰ ਇਕ ਥਾਂ ਇਕੱਠਾ ਕਰਕੇ ਗੱਲਬਾਤ ਕੀਤੀ ਜਾ ਸਕੇ। ਜਥੇਦਾਰ ਟੌਹੜਾ ਜਦੋਂ ਜੇਲ੍ਹ ਵਿਚ ਆਏ ਤਾਂ ਉਸ ਵੇਲੇ ਬੰਦੀ ਹੋ ਚੁੱਕੀ ਸੀ। ਰਾਤ ਨੂੰ ਉਹ ਮੇਰੇ ਅਹਾਤੇ ਵਿਚ ਹੀ ਰਹੇ। ਸਵੇਰੇ ਜਦੋਂ ਸਾਰੇ ਅਕਾਲੀ, ਜਨਸੰਘੀ ਤੇ ਸੋਸ਼ਲਿਸਟ ਆਗੂ ਇਕੱਠੇ ਬੈਠੇ ਸਨ ਤਾਂ ਬਲਰਾਮ ਦਾਸ ਟੰਡਨ ਟੌਹੜਾ ਸਾਹਿਬ ਨੂੰ ਪੁੱਛਣ ਲੱਗੇ ਕਿ ਐਮਰਜੈਂਸੀ ਕਦੋਂ ਤੱਕ ਚੱਲ ਸਕਦੀ ਹੈ ਅਤੇ ਤੁਹਾਡਾ ਮੋਰਚਾ ਕਦੋਂ ਤੱਕ ਚਲੇਗਾ। ਜਥੇਦਾਰ ਟੌਹੜਾ ਨੇ ਕਿਹਾ ਕਿ ਐਮਰਜੈਂਸੀ ਘੱਟੋ ਘੱਟ 12 ਸਾਲ ਤਾਂ ਚੱਲੇਗੀ ਹੀ। ਇਹ ਸੁਣਦਿਆਂ ਹੀ ਬਟਾਲੇ ਦੇ ਉੱਥੇ ਬੈਠੇ ਜਨਸੰਘ ਦੇ ਇਕ ਆਗੂ ਦੇ ਹੱਥੋਂ ਚਾਹ ਪੀਂਦਿਆਂ ਦਾ ਕੱਪ ਛੁੱਟ ਕੇ ਹੇਠਾਂ ਡਿੱਗ ਪਿਆ। ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਗੱਲ ਹਾਸੇ ਵਿਚ ਪਾਉਂਦਿਆਂ ਟੌਹੜਾ ਸਾਹਿਬ ਨੂੰ ਕਿਹਾ, ਤੂੰ ਕਿਹੜਾ ਧਰਮ ਰਾਜ ਕੋਲੋਂ ਆਇਐਂ ਵੀ ਤੈਨੂੰ ਪਤਾ ਕਿ ਐਮਰਜੈਂਸੀ 12 ਸਾਲ ਚੱਲੇਗੀ। ਜਥੇਦਾਰ ਟੌਹੜਾ ਨੇ ਕਿਹਾ ਕਿ ਉਹ ਧਰਮਰਾਜ ਕੋਲੋਂ ਤਾਂ ਨਹੀਂ ਆਏ, ਪਰ ਉਹ ਇਹ ਅੰਦਾਜ਼ਾ ਤਾਂ ਲਾ ਰਹੇ ਹਨ ਕਿ ਇੰਦਰਾ ਗਾਂਧੀ ਦੀ ਸਹੇਲੀ ਸਿਰੀਮਾਵੋ ਭੰਡਾਰਨਾਇਕੇ ਨੇ ਸ੍ਰੀ ਲੰਕਾ ਵਿਚ 12 ਸਾਲ ਐਮਰਜੈਂਸੀ ਲਾ ਕੇ ਰੱਖੀ ਸੀ, ਇਸ ਲਈ ਭਾਰਤ ਵਿਚ ਵੀ 12 ਸਾਲ ਤਾਂ ਰਹੇਗੀ ਹੀ। ਉਹਨਾਂ ਨਾਲ ਹੀ ਕਿਹਾ ਕਿ ਅਕਾਲੀ ਮੋਰਚਾ ਐਮਰਜੈਂਸੀ ਹੱਟਣ ਤੱਕ ਚਲੇਗਾ। ਅਕਾਲੀ ਕਦੇ ਪਿਛੇ ਨਹੀਂ ਹੱਟਦੇ ਕਿਉਂਕਿ ਇਹਨਾਂ ਦੀ ਗੱਡੀ ਵਿਚ ਬੈਕ ਗੇਅਰ ਹੀ ਨਹੀਂ ਹੁੰਦਾ ਅਤੇ ਇਹ ਗੱਡੀ ਖਰੀਦਦੇ ਹੀ ਬੈਕ ਗੇਅਰ ਕਢਵਾ ਦਿੰਦੇ ਹਨ। ਇਹ ਸੁਣਦਿਆਂ ਹੀ ਮਾਹੌਲ ਹਲਕਾ ਹੋ ਗਿਆ।
ਜੇਲ੍ਹ ਵਿਚ ਹੀ ਮੈਨੂੰ ਸੋਸ਼ਲਿਸਟ ਆਗੂ ਕ੍ਰਿਪਾਲ ਸਿੰਘ ਨੇ ਰਾਜਨੀਤੀ ਸਾਸ਼ਤਰ ਵਿਚ ਐਮ. ਏ. ਕਰਨ ਦੀ ਸਲਾਹ ਦਿੱਤੀ, ਭਾਵੇਂ ਮੈਂ ਪਹਿਲਾਂ ਹੀ ਅਰਥ ਸਾਸ਼ਤਰ ਦੀ ਐਮ.ਏ. ਕੀਤੀ ਹੋਈ ਸੀ। ਪਰ ਦਿੱਕਤ ਕਿਤਾਬਾਂ ਦੀ ਸੀ ਕਿਉਂਕਿ ਮੀਸਾ ਤਹਿਤ ਨਜ਼ਰਬੰਦ ਹੋਣ ਕਾਰਨ ਮੈਨੂੰ ਬਾਹਰੋਂ ਕਿਤਾਬਾਂ ਮੰਗਵਾਉਣ ਉਤੇ ਪਾਬੰਦੀ ਸੀ, ਕਾਗਜ਼ ਵੀ ਸੀਮਤ ਮਾਤਰਾ ਵਿਚ ਹੀ ਮਿਲਦੇ ਸਨ। ਪਰ ਉਹਨਾਂ ਸਮੇਤ ਜੇਲ੍ਹ ਵਿਚ ਬੰਦ ਵੱਖ ਵੱਖ ਆਗੂਆਂ ਨੇ ਮੈਨੂੰ ਜ਼ਬਾਨੀ ਹੀ ਵੱਖ ਵੱਖ ਪੇਪਰ ਪੜਾਉਣੇ ਸ਼ੁਰੂ ਕਰ ਦਿੱਤੇ। ਮੁਲਕ ਦੇ ਪ੍ਰਧਾਨ ਮੰਤਰੀ ਬਣੇ ਚੰਦਰ ਸ਼ੇਖਰ ਨੇ ਮੈਨੂੰ ਇੰਡੀਅਨ ਪੁਲੀਟੀਕਲ ਥੌਟ ਅਤੇ ਮਹਾਤਮਾ ਗਾਂਧੀ ਦੇ ਰਾਜਨੀਤਕ ਸਿਧਾਂਤ, ਸੁਰਜੀਤ ਸਿੰਘ ਬਰਨਾਲਾ ਨੇ ਮੁਲਕ ਦੀਆਂ ਵੱਖ ਵੱਖ ਰਾਜਸੀ ਪਾਰਟੀਆਂ ਦੀ ਵਿਚਾਰਧਾਰਾ ਤੇ ਇਤਿਹਾਸ ਖੁਦ ਕ੍ਰਿਪਾਲ ਸਿੰਘ ਨੇ ਸਿੱਖ ਰਾਜਸੀ ਵਿਚਾਰਧਾਰਾ ਪੜਾਈ ।
ਸਰਕਾਰੀ ਫਿਜ਼ੀਕਲ ਕਾਲਜ ਵਿਚ ਜਦੋਂ ਪੇਪਰ ਦੇਣ ਗਿਆ ਤਾਂ ਮੇਰੇ ਸੱਜੇ ਹੱਥ ਨੂੰ ਹੱਥਕੜੀ ਲਾਈ ਹੋਈ ਸੀ। ਇਮਤਿਹਾਨ ਹਾਲ ਤੋਂ ਬਾਹਰ ਵੱਡੀ ਗਿਣਤੀ ਵਿਚ ਇਕੱਠੇ ਹੋਏ ਵਿਦਿਆਰਥੀਆਂ ਨੇ ਥਾਣੇਦਾਰ ਨੂੰ ਕਿਹਾ ਕਿ ਉਹ ਸੱਜੇ ਹੱਥ ਦੀ ਥਾਂ ਖੱਬੇ ਹੱਥ ਨੂੰ ਹੱਥਕੜੀ ਲਾ ਲਵੇ ਤਾਂ ਕਿ ਲਿਖਣਾ ਸੌਖਾ ਹੋ ਜਾਵੇ। ਉਹ ਅੜ ਗਿਆ ਕਿ ਹੱਥਕੜੀ ਤਾਂ ਸੱਜੇ ਹੱਥ ਨੂੰ ਹੀ ਲੱਗੇਗੀ। ਹੰਗਾਮਾ ਖੜਾ ਹੋ ਗਿਆ ਤਾਂ ਜ਼ਿਲ੍ਹੇ ਦੇ ਐਸ. ਐਸ. ਪੀ. ਨੇ ਆ ਕੇ ਮਸਲਾ ਹੱਲ ਕਰਵਾਇਆ। ਹੱਥਕੜੀ ਖੱਬੇ ਹੱਥ ਨੂੰ ਲਾ ਦਿੱਤੀ ਗਈ ਜਿਸ ਕਾਰਨ ਲਿਖਣਾ ਸੌਖਾ ਹੋ ਗਿਆ। ਮੈਂ ਇਹ ਇਮਤਿਹਾਨ ਬਗੈਰ ਕਿਤਾਬਾਂ ਤੋਂ ਬਹੁਤ ਹੀ ਚੰਗੇ ਨੰਬਰਾਂ ਵਿਚ ਪਾਸ ਕੀਤਾ।
ਜਦੋਂ ਮੈਨੂੰ ਮੀਸਾ ਲਾ ਕੇ ਪਟਿਆਲਾ ਜੇਲ੍ਹ ਵਿਚ ਨਜ਼ਰਬੰਦ ਕਰਨ ਦਾ ਫੈਸਲਾ ਹੋ ਗਿਆ ਸੀ ਤਾਂ ਇਕ ਡੀ. ਐਸ. ਪੀ. ਨੇ ਮੈਨੂੰ ਮੀਸਾ ਤਹਿਤ ਜਾਰੀ ਹੋਏ ਵਰੰਟ ਦੇ ਕੇ ਜੀਪ ਵਿਚ ਬਿਠਾ ਲਿਆ ਅਤੇ ਨਾਲ ਹੀ ਮੇਰੇ ਮੋਢੇ ਉਤੇ ਹੱਥ ਰੱਖ ਕੇ ਕਹਿਣ ਲੱਗਾ, ਘਬਰਾਈਂ ਨਾ ਕਾਕਾ, ਤੂੰ ਇਕ ਦਿਨ ਵਜ਼ੀਰ ਬਣੇਗਾ। ਭਾਵੇਂ ਉਸ ਵੇਲੇ ਇਹ ਗੱਲ ਮੇਰਾ ਦਿਲ ਧਰਾੳਣ ਲਈ ਕਹੀ ਗਈ ਹੋਵੇ, ਪਰ ਬਾਅਦ ਵਿਚ ਇਹ ਠੀਕ ਸਿੱਧ ਹੋਈ। ਇਹੀ ਗੱਲ ਇਕ ਵਾਰੀ ਸਟੇਜ ਉੱਤੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਅਕਾਲੀ ਦਲ ਵਲੋਂ ਰਾਜਪੁਰਾ ਵਿਖੇ ਕਰਵਾਈ ਗਈ ਜ਼ਬਰ ਵਿਰੋਧੀ ਰੈਲੀ ਵਿਚ ਕਹੀ ਸੀ।
ਐਮਰਜੈਂਸੀ ਤੋਂ ਥੋੜ੍ਹਾ ਸਮਾਂ ਪਹਿਲਾਂ ਮੇਰਾ ਮੰਗਣਾ ਹੋ ਚੁੱਕਿਆ ਸੀ ਨਜ਼ਰਬੰਦੀ ਲੰਬੀ ਹੋਣ ਕਰਕੇ ਇਹ ਰਿਸ਼ਤਾ ਟੁੱਟਣ ਲੱਗਿਆ ਸੀ ਕਿਉਂਕਿ ਮੇਰੇ ਸਹੁਰਾ ਪਰਿਵਾਰ ਉਤੇ ਉਹਨਾਂ ਦੇ ਰਿਸ਼ਤੇਦਾਰਾਂ ਵਲੋਂ ਦਬਾਅ ਪੈ ਰਿਹਾ ਸੀ ਕਿ ਪਤਾ ਨਹੀਂ ਮੁੰਡਾ ਕਦੋਂ ਬਾਹਰ ਆਊ, ਕੁੜੀ ਕਿਸੇ ਹੋਰ ਥਾਂ ਵਿਆਹ ਦਿਉ। ਪੇਸ਼ੀ ਭੁਗਤਣ ਲਈ ਆਏ ਜਥੇਦਾਰ ਗੁਰਚਰਨ ਸਿੰਘ ਟੌਹੜਾ ਜਦੋਂ ਪਟਿਆਲਾ ਜੇਲ੍ਹ ਵਿਚ ਮੇਰੇ ਅਹਾਤੇ ਵਿਚ ਰਹੇ ਤਾਂ ਮੈਂ ਉਹਨਾਂ ਨਾਲ ਇਹ ਗੱਲ ਸਾਂਝੀ ਕੀਤੀ ਕਿਉਂਕਿ ਮੇਰਾ ਸਹੁਰਾ ਪਰਿਵਾਰ ਦਾ ਉਹਨਾਂ ਨਾਲ ਬਹੁਤ ਸਹਿਚਾਰ ਸੀ। ਟੌਹੜਾ ਸਾਹਿਬ ਕਹਿਣ ਲੱਗੇ ਕਿ ਬੇਫਿਕਰ ਰਹਿ ਇਹ ਨਹੀਂ ਹੋਣ ਦਿਆਂਗੇ। ਦੂਜੇ ਦਿਨ ਪੇਸ਼ੀ ਮੌਕੇ ਕਚਹਿਰੀ ਵਿਚ ਉਹਨਾਂ ਨੂੰ ਵੱਡੀ ਗਿਣਤੀ ਵਿਚ ਮਿਲਣ ਆਏ ਅਕਾਲੀ ਵਰਕਰਾਂ ਵਿਚ ਮੇਰਾ ਰਿਸ਼ਤੇਦਾਰ ਸਰਪੰਚ ਗਿਆਨ ਸਿੰਘ ਵੀ ਸੀ। ਜਥੇਦਾਰ ਟੌਹੜਾ ਨੇ ਉਸ ਨੂੰ ਸਖ਼ਤੀ ਨਾਲ ਕਿਹਾ ਕਿ ਇਹ ਰਿਸ਼ਤਾ ਤੋੜਣ ਬਾਰੇ ਸੋਚਣਾ ਵੀ ਨਹੀਂ ਅਤੇ ਉਹਨਾਂ ਨੇ ਇਹ ਗੱਲ ਸਿਰ ਮੱਥੇ ਮੰਨ ਲਈ। ਇਸ ਫੇਰੀ ਦੌਰਾਨ ਜਥੇਦਾਰ ਟੌਹੜਾ ਮੇਰੇ ਛੋਟੇ ਭਰਾ ਨੂੰ ਪੰਜਾਬ ਐਂਡ ਸਿੰਧ ਬੈਂਕ ਵਿਚ ਭਰਤੀ ਕਰਨ ਲਈ ਬੈਂਕ ਦੇ ਚੇਅਰਮੈਨ ਡਾ. ਇੰਦਰਜੀਤ ਸਿੰਘ ਦੇ ਨਾਂ ਇਕ ਸਿਫ਼ਾਰਸੀ ਚਿੱਠੀ ਵੀ ਦੇ ਕੇ ਗਏ।
1977 ਦੇ ਸ਼ੁਰੂ ਵਿਚ ਹੀ ਸ੍ਰੀਮਤੀ ਇੰਦਰਾ ਗਾਂਧੀ ਨੇ ਅਚਾਨਕ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ। ਚੋਣਾਂ ਦਾ ਐਲਾਨ ਹੁੰਦਿਆਂ ਹੀ ਅਕਾਲੀ ਆਗੂਆਂ ਨੂੰ 18 ਜਨਵਰੀ ਨੂੰ ਰਿਹਾਅ ਕਰ ਦਿੱਤਾ ਗਿਆ, ਪਰ ਮੇਰੀ ਨਜ਼ਰਬੰਦੀ ਜਾਰੀ ਰਹੀ। 16 ਤੋਂ 20 ਮਾਰਚ ਤੱਕ ਹੋਈਆਂ ਲੋਕ ਸਭਾ ਚੋਣ ਦੇ ਨਤੀਜੇ 21 ਮਾਰਚ ਦੀ ਰਾਤ ਨੂੰ ਆਉਣੇ ਸ਼ੁਰੂ ਹੋਏ। ਪਹਿਲਾਂ ਸੰਜੇ ਗਾਂਧੀ ਦੇ ਚੋਣ ਹਾਰਨ ਦੀ ਖਬਰ ਆਈ ਤੇ ਬਾਅਦ ਵਿਚ ਜਦੋਂ ਇੰਦਰਾ ਗਾਂਧੀ ਦੇ ਚੋਣ ਹਾਰਨ ਦੀ ਖ਼ਬਰ ਆਈ ਤਾਂ ਜੇਲ੍ਹ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ।
ਅਗਲੇ ਦਿਨ 22 ਮਾਰਚ ਨੂੰ ਸਵੇਰੇ ਸੱਤ ਵਜੇ ਕੇਂਦਰੀ ਮੰਤਰੀ ਮੰਡਲ ਦੁਆਰਾ ਐਮਰਜੈਂਸੀ ਹਟਾਉਣ ਦਾ ਐਲਾਨ ਹੋਣ ਨਾਲ ਮੇਰੀ ਰਿਹਾਈ ਦਾ ਰਾਹ ਵੀ ਪੱਧਰਾ ਹੋ ਗਿਆ। ਇਸ ਕਾਲੇ ਦੌਰ ਦੌਰਾਨ 21 ਮਹੀਨਿਆਂ ਦੀ ਜੇਲ੍ਹ ਕੱਟਣ ਤੋਂ ਬਾਅਦ ਮੈਂ 22 ਮਾਰਚ 1977 ਨੂੰ ਰਿਹਾਅ ਹੋਇਆ।
ਭਾਵੇਂ ਦੇਸ਼ ਦੀ ਐਮਰਜੈਸੀ ਦਾ ਉਹ ਸਮਾਂ ਇਕ ਕਾਲਾ ਦੋਰ ਸੀ, ਪਰ ਉਸ ਵਿਚੋਂ ਦੇਸ਼ ਨੂੰ ਇਕ ਨਵੀਂ ਲੀਡਰਸ਼ਿਪ ਵੀ ਮਿਲੀ।
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
ਸਾਬਕਾ ਪਾਰਲੀਮੈਂਟ ਮੈਂਬਰ
9888900070
Editorial
ਦੇਸ਼ ਦੀਆਂ ਅਦਾਲਤਾਂ ਵਿੱਚ ਜੜ੍ਹਾਂ ਮਜਬੂਤ ਕਰਦੇ ਭ੍ਰਿਸ਼ਟਾਚਾਰ ਨੂੰ ਕਾਬੂ ਕੀਤਾ ਜਾਣਾ ਜਰੂਰੀ
ਸਾਡੇ ਦੇਸ਼ ਵਿੱਚ ਅਦਾਲਤਾਂ ਨੂੰ ਇਨਸਾਫ ਦੇ ਮੰਦਰਾਂ ਦਾ ਦਰਜਾ ਹਾਸਿਲ ਹੈ ਪਰੰਤੂ ਇਸ ਵੇਲੇ ਹਾਲਤ ਕਮੋਬੇਸ਼ ਅਜਿਹੇ ਹੀ ਹਨ ਕਿ ਅਦਾਲਤਾਂ ਵਿੱਚ ਵੀ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਲਗਾਤਾਰ ਪੱਕੀਆਂ ਹੋ ਰਹੀਆਂ ਹਨ ਅਤੇ ਅਦਾਲਤਾਂ ਵਿੱਚ ਕੰਮ ਕਰਨ ਵਾਲੇ ਜਿਆਦਾਤਰ ਅਧਿਕਾਰੀ, ਕਰਮਚਾਰੀ ਸਮੇਤ ਵਕੀਲ ਅਤੇ ਉਹਨਾਂ ਦੇ ਸਹਿਯੋਗੀ ਕਰਮਚਾਰੀ ਭ੍ਰਿਸ਼ਟਾਚਾਰ ਦੀ ਇਸ ਨਦੀ ਵਿੱਚ ਗੋਤੇ ਲਗਾਉਂਦੇ ਦਿਖਦੇ ਹਨ ਜਿਸ ਕਾਰਨ ਆਮ ਜਨਤਾ ਬੁਰੀ ਤਰ੍ਹਾਂ ਤ੍ਰਸਤ ਹੈ। ਲੋਕਾਂ ਦੀ ਸਭਤੋਂ ਵੱਡੀ ਸਮੱਸਿਆ ਇਹ ਹੈ ਕਿ ਜੇਕਰ ਇਨਸਾਫ ਦੇ ਇਹਨਾਂ ਮੰਦਰਾਂ ਵਿੱਚ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋ ਜਾਵੇ ਤਾਂ ਉਹ ਕਿੱਥੇ ਜਾ ਕੇ ਫਰਿਆਦ ਕਰਨ। ਹਾਲਾਂਕਿ ਅਦਾਲਤਾਂ ਵਿੱਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਤਾਂ ਬਹੁਤ ਪੁਰਾਣੀਆਂ ਹਨ ਪਰੰਤੂ ਹੁਣ ਇਹਨਾਂ ਵਿੱਚ ਵਾਧਾ ਹੋਣ ਕਾਰਨ ਲੋਕ ਇਸਦੀ ਖੁੱਲ੍ਹੇਆਮ ਸ਼ਿਕਾਇਤ ਕਰਨ ਲੱਗ ਗਏ ਹਨ।
ਜੇਕਰ ਅਦਾਲਤਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਜਾਵੇ ਤਾਂ ਇਸਦੀ ਸ਼ੁਰੂਆਤ ਅਰਜੀ ਨਵੀਸਾਂ, ਅਸਟਾਮ ਫਰੋਸਾਂ ਅਤੇ ਟਾਈਪਿਸਟਾਂ ਤੋਂ ਹੁੰਦੀ ਹੈ, ਜਿਹੜਾ ਵਕੀਲਾਂ ਦੇ ਕੈਬਿਨ ਤੋਂ ਹੁੰਦਾ ਹੋਇਆ ਹੌਲੀ ਹੌਲੀ ਜੱਜ ਸਾਹਿਬ ਦੇ ਅਦਾਲਤੀ ਕਮਰੇ ਤਕ ਜਾ ਪਹੁੰਚਦਾ ਹੈ। ਅਰਜੀ ਨਵੀਸ, ਅਸਟਾਮ ਫਰੋਸ ਅਤੇ ਟਾਈਪਿਸਟ ਜਿੱਥੇ ਲੋਕਾਂ ਤੋਂ ਆਮ ਕਾਗਜ ਤਕ ਟਾਈਪ ਕਰਨ ਅਤੇ ਉਸਨੂੰ ਫੋਟੋਸਟੇਟ ਕਰਨ ਦੇ ਮੂੰਹ ਮੰਗੇ ਪੈਸੇ ਵਸੂਲਦੇ ਹਨ ਉੱਥੇ ਮਹਿੰਗੇ ਰੇਟ ਤੇ ਅਸ਼ਟਾਮ ਵੇਚੇ ਜਾਣ ਦੀਆਂ ਖਬਰਾਂ ਵੀ ਆਮ ਹਨ। ਇਸੇ ਤਰ੍ਹਾਂ ਜਿਆਦਾਤਾਰ ਵਕੀਲਾਂ ਦੇ ਮੁਨਸ਼ੀ, ਚਪੜਾਸੀ, ਟੇ੍ਰਨਿੰਗ ਕਰ ਰਹੇ ਛੋਟੇ ਵਕੀਲ ਵੀ ਹਰ ਵਾਰ ਮੁਕਦਮੇ ਦੀ ਪੇਸ਼ੀ ਭੁਗਤਣ ਆਏ ਵਿਅਕਤੀ ਤੋਂ ਆਪਣਾ ਚਾਹ ਪਾਣੀ ਵੱਖਰਾ ਵਸੂਲਦੇ ਹਨ। ਇਹਨਾਂ ਸਾਰੇ ਪੜਾਵਾਂ ਨੂੰ ਪਾਰ ਕਰਨ ਤੋਂ ਬਾਅਦ ਜਦੋਂ ਮੁਕਦਮਾ ਲੜ ਰਿਹਾ ਵਿਅਕਤੀ ਅਦਾਲਤ ਦੇ ਕਮਰੇ ਤਕ ਪਹੁੰਚਦਾ ਹੈ ਤਾਂ ਉੱਥੇ ਪੇਸ਼ੀ ਲਈ ‘ਹਾਜਰ ਹੋ’ ਦੀਆਂ ਆਵਾਜਾਂ ਮਾਰਨ ਵਾਲਾ ਵਿਅਕਤੀ ਹੋਵੇ ਜਾਂ ਅਦਾਲਤ ਵਿੱਚ ਜੱਜ ਸਾਹਿਬ ਦੇ ਕਮਰੇ ਵਿੱਚ ਬੈਠੇ ਜਿਆਦਾਤਰ ਕਰਮਚਾਰੀ (ਟਾਈਪਿਸਟ, ਨਾਇਬ ਕੋਰਟ ਅਤੇ ਹੋਰ ਮੁਲਾਜਮ), ਮੌਕਾ ਮਿਲਣ ਤੇ ਪੇਸ਼ੀ ਭੁਗਤਣ ਆਏ ਲੋਕਾਂ ਤੋਂ ਕੁਝ ਨਾ ਕੁਝ ਝਾੜ ਲੈਂਦੇ ਹਨ।
ਇਸ ਦੌਰਾਨ ਅਦਾਲਤ ਦੇ ਹੀ ਕਿਸੇ ਕਰਮਚਾਰੀ ਵਲੋਂ ਜੱਜ ਸਾਹਿਬ ਦੇ ਨਾਮ ਤੇ ਮੁਕਦਮਾ ਲੜ ਰਹੇ ਵਿਅਕਤੀਆਂ ਨੂੰ ਫੈਸਲਾ ਉਹਨਾਂ ਦੇ ਪੱਖ ਵਿੱਚ ਕਰਵਾਉਣ ਦੇ ਨਾਮ ਹੇਠ ਮੋਟੀ ਰਕਮ ਲੈਣ ਦੇ ਮਾਮਲੇ ਵੀ ਅਕਸਰ ਸਾਮ੍ਹਣੇ ਆਉਂਦੇ ਹਨ। ਸਿਰਫ ਸਰਕਾਰੀ ਕਰਮਚਾਰੀ ਹੀ ਨਹੀਂ ਬਲਕਿ ਮੁਕਦਮਾ ਲੜ ਰਹੇ ਵਕੀਲਾਂ ਤੇ ਵੀ ਜੱਜ ਨਾਲ ਸਿੱਧੀ ਗੱਲ ਹੋਣ ਅਤੇ ਮੁਕਦਮੇ ਦਾ ਫੈਸਲਾ ਆਪਣੇ ਪੱਖ ਵਿੱਚ ਕਰਵਾਉਣ ਦਾ ਦਾਅਵਾ ਕਰਨ ਦੇ ਇਲਜਾਮ ਲੱਗਦੇ ਹਨ, ਜਿਹੜੇ ਆਪਣੇ ਮੁਵੱਕਿਲ ਤੋਂ ਮੋਟੀ ਫੀਸ ਤਾਂ ਵਸੂਲਦੇ ਹੀ ਹਨ, ਜੱਜ ਨੂੰ ਦੇਣ ਦੇ ਨਾਮ ਤੇ ਵੀ ਮੋਟੀ ਰਕਮ ਲੈਂਦੇ ਹਨ। ਗਨੀਮਤ ਇਹ ਹੈ ਕਿ ਹੁਣ ਵੀ ਸਾਡੀਆਂ ਅਦਾਲਤਾਂ ਦੇ ਮਾਣਯੋਗ ਜੱਜ ਆਮ ਤੌਰ ਤੇ ਇਮਾਨਦਾਰ ਹਨ। ਹਾਲਾਂਕਿ ਸਮੇਂ ਸਮੇਂ ਤੇ ਜੱਜਾਂ ਉਪਰ ਵੀ ਰਿਸ਼ਵਤ ਲੈਣ ਦੇ ਦੋਸ਼ ਲੱਗਦੇ ਹਨ ਪਰੰਤੂ ਫਿਰ ਵੀ ਕਿਹਾ ਜਾ ਸਕਦਾ ਹੈ ਕਿ ਇੱਕਾ ਦੁੱਕਾ ਮਾਮਲਿਆਂ ਨੂੰ ਛੱਡ ਕੇ ਸਾਡੇ ਦੇਸ਼ ਦੀਆਂ ਅਦਾਲਤਾਂ ਦੇ ਵੱਡੀ ਗਿਣਤੀ ਜੱਜ ਇਮਾਨਦਾਰ ਹਨ।
ਦੇਸ਼ ਦੀਆਂ ਅਦਾਲਤਾਂ ਵਿੱਚ ਆਪਣੀਆਂ ਜੜ੍ਹਾਂ ਮਜਬੂਤ ਕਰ ਰਹੇ ਭ੍ਰਿਸ਼ਟਾਚਾਰ ਕਾਰਨ ਲੋਕਾਂ ਦਾ ਦੇਸ਼ ਦੀ ਨਿਆਂ ਵਿਵਸਥਾ ਤੋਂ ਭਰੋਸਾ ਉਠਦਾ ਹੈ ਅਤੇ ਇਹ ਵੀ ਇੱਕ ਕਾਰਨ ਹੈ ਕਿ ਲੋਕ ਕਿਸੇ ਮੁਕੱਦਮੇਬਾਜੀ ਵਿੱਚ ਉਲਝਣ ਦੀ ਥਾਂ ਵਿਰੋਧੀਆਂ ਨਾਲ ਸਮਝੌਤਾ ਕਰਨ ਦਾ ਰਾਹ ਅਪਣਾਉਂਦੇ ਹਨ ਤਾਂ ਜੋ ਅਦਾਲਤਾਂ ਦੀ ਖੱਜਲ ਖੁਆਰੀ ਤੋਂ ਬਚਿਆ ਜਾ ਸਕੇ। ਕੁੱਝ ਠੱਗ ਕਿਸਮ ਦੇ ਲੋਕ ਆਮ ਲੋਕਾਂ ਦੇ ਇਸ ਡਰ ਦਾ ਪੂਰਾ ਫਾਇਦਾ ਚੁੱਕਦੇ ਹਨ ਅਤੇ ਕਈ ਵਾਰ ਅਜਿਹਾ ਵੀ ਵੇਖਣ ਵਿੱਚ ਆਉਂਦਾ ਹੈ ਕਿ ਅਜਿਹੇ ਲੋਕ ਕਿਸੇ ਨਾ ਕਿਸੇ ਸ਼ਰੀਫ ਵਿਅਕਤੀ ਨੂੰ ਮੁਕਦਮੇਬਾਜੀ ਵਿੱਚ ਉਲਝਾ ਲੈਂਦੇ ਹਨ ਅਤੇ ਫਿਰ ਉਸ ਵਿਅਕਤੀ ਵਲੋਂ ਅਦਾਲਤ ਵਿੱਚ ਹੋਣ ਵਾਲੀ ਖੱਜਲ ਖੁਆਰੀ ਤੋਂ ਬਚਣ ਲਈ ਮੁਕਦਮਾ ਭੁਗਤਣ ਦੀ ਥਾਂ, ਕੁਝ ਲੈ ਦੇ ਕੇ ਸਮਝੌਤਾ ਕਰਨ ਦਾ ਰਾਹ ਅਖਤਿਆਰ ਕਰਦਾ ਹੈ।
ਦੇਸ਼ ਦੀਆਂ ਅਦਾਲਤਾਂ ਵਿੱਚ ਲਗਾਤਾਰ ਵੱਧਦੇ ਭ੍ਰਿਸ਼ਟਾਚਾਰ ਦੇ ਇਸ ਕੋਹੜ ਤੇ ਕਾਬੂ ਕਰਨ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਇਸ ਵਿੱਚ ਸ਼ਾਮਿਲ ਲੋਕਾਂ ਦੇ ਖਿਲਾਫ ਸਖਤ ਕਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਸੰਬੰਧੀ ਅਦਾਲਤਾਂ ਵਿੱਚ ਤੈਨਾਤ ਮਾਣਯੋਗ ਜੱਜਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਕੋਲ ਆਉਣ ਵਾਲੇ ਮੁਕੱਦਮਿਆਂ ਦੀ ਸੁਣਵਾਈ ਦੇ ਨਾਲ ਨਾਲ ਆਪਣੇ ਦਫਤਰੀ ਅਮਲੇ ਫੈਲੇ ਵਲੋਂ ਕੀਤੇ ਜਾਂਦੇ ਭ੍ਰਿਸ਼ਟਾਚਾਰ ਤੇ ਕਾਬੂ ਕਰਨ ਲਈ ਸਖਤ ਕਦਮ ਚੁੱਕਣ ਅਤੇ ਅਜਿਹੇ ਕਰਮਚਾਰੀਆਂ ਨੂੰ ਬਰਖਾਸਤ ਕੀਤਾ ਜਾਵੇ, ਜਿਹੜੇ ਰਿਸ਼ਵਤ ਦੇ ਨਾਮ ਤੇ ਇਨਸਾਫ ਦੀ ਆਸ ਵਿੱਚ ਅਦਾਲਤ ਵਿੱਚ ਪਹੁੰਚਣ ਵਾਲੇ ਮਜਲੂਮਾਂ ਦੀ ਹੀ ਲੁੱਟ ਕਰਦੇ ਹਨ। ਸਾਡੀ ਨਿਆਂ ਵਿਵਸਥਾ ਵਿੱਚ ਆਮ ਲੋਕਾਂ ਦਾ ਭਰੋਸਾ ਕਾਇਮ ਰੱਖਣ ਲਈ ਅਜਿਹਾ ਕੀਤਾ ਜਾਣਾ ਜਰੂਰੀ ਹੈ ਅਤੇ ਇਸ ਲਈ ਤੁਰੰਤ ਕਾਰਵਾਈ ਜਰੂਰੀ ਹੈ ਅਤੇ ਇਸ ਸੰਬੰਧੀ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ।
Editorial
ਪੰਜਾਬ ਬੰਦ ਦਾ ਸੱਦਾ ਦੇਣ ਲਈ ਕਿਉਂ ਮਜਬੂਰ ਹੁੰਦੀਆਂ ਹਨ ਸੰਘਰਸ਼ਸ਼ੀਲ ਜਥੇਬੰਦੀਆਂ
ਪਿਛਲੇ ਦਿਨੀਂ ਪੰਜਾਬ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਪੰਜਾਬ ਬੰਦ ਰਿਹਾ। ਇਸ ਬੰਦ ਦਾ ਸੱਦਾ ਪਰਵਿੰਦਰ ਸਿੰਘ ਦੇ ਪਰਿਵਾਰ ਅਤੇ ਵੱਖ- ਵੱਖ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਸੀ। ਇਸ ਦੌਰਾਨ ਕਈ ਥਾਵਾਂ ਤੇ ਧਰਨਾਕਾਰੀਆਂ ਵੱਲੋਂ ਮੁੱਖ ਸੜਕਾਂ ਤੇ ਧਰਨੇ ਲਗਾ ਕੇ ਕਈ ਘੰਟੇ ਆਵਾਜਾਈ ਵੀ ਠੱਪ ਕੀਤੀ ਗਈ, ਜਿਸ ਕਾਰਨ ਜਿੱਥੇ ਆਮ ਲੋਕ ਖੱਜਲ ਖੁਆਰ ਹੋਏ, ਉਥੇ ਅਨੇਕਾਂ ਥਾਵਾਂ ਤੇ ਆਵਾਜਾਈ ਠੱਪ ਕਰਨ ਵਾਲਿਆਂ ਅਤੇ ਰਾਹਗੀਰਾਂ, ਵਾਹਨ ਚਾਲਕਾਂ ਵਿਚਾਲੇ ਬਹਿਸ ਵੀ ਹੋਈ।
ਇਸ ਦੌਰਾਨ ਪਟਿਆਲਾ ਜ਼ਿਲ੍ਹੇ ਵਿੱਚ ਬੰਦ ਦਾ ਅਸਰ ਘੱਟ ਰਿਹਾ। ਪਟਿਆਲਾ ਜ਼ਿਲ੍ਹੇ ਦੀ ਵਪਾਰ ਜਥੇਬੰਦੀ ਦੇ ਪ੍ਰਧਾਨ ਨੇ ਸੋਸ਼ਲ ਮੀਡੀਆ ਅਤੇ ਟੀ. ਵੀ. ਚੈਨਲਾਂ ਤੇ ਲਾਈਵ ਹੋ ਕੇ ਕਿਹਾ ਸੀ ਕਿ ਉਹ ਪੰਜਾਬ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਨਿਖੇਧੀ ਕਰਦੇ ਹਨ ਅਤੇ ਪੀੜਤ ਪਰਿਵਾਰ ਦਾ ਦੁੱਖ ਸਮਝਦੇ ਹਨ ਪਰ ਪਟਿਆਲਾ ਜ਼ਿਲ੍ਹੇ ਦੇ ਵਪਾਰੀ ਅਤੇ ਦੁਕਾਨਦਾਰ ਦੁਕਾਨਾਂ ਬੰਦ ਨਹੀਂ ਕਰਨਗੇ ਕਿਉਂਕਿ ਇਸ ਵੇਲੇ ਤਿਉਹਾਰੀ ਸੀਜਨ ਚੱਲ ਰਿਹਾ ਹੈ ਅਤੇ ਦੁਕਾਨਦਾਰਾਂ ਨੇ ਆਪਣੀ ਰੋਜ਼ੀ ਰੋਟੀ ਦੁਕਾਨਾਂ ਖੋਲ੍ਹ ਕੇ ਹੀ ਕਮਾਉਣੀ ਹੁੰਦੀ ਹੈ।
ਬੰਦ ਦੌਰਾਨ ਕਈ ਥਾਵਾਂ ਨੇ ਸੰਘਰਸ਼ ਸ਼ੀਲ ਜਥੇਬੰਦੀਆਂ ਵੱਲੋਂ ਜਬਰਦਸਤੀ ਦੁਕਾਨਾਂ ਬੰਦ ਕਰਵਾਈਆਂ ਗਈਆਂ, ਜਿਸ ਕਾਰਨ ਮਾਹੌਲ ਤਨਾਓ ਪੂਰਨ ਰਿਹਾ। ਵੱਡੀ ਗਿਣਤੀ ਲੋਕਾਂ ਨੇ ਡਰ ਅਤੇ ਸਹਿਮ ਕਾਰਨ ਆਪਣੀਆਂ ਦੁਕਾਨਾਂ ਬੰਦ ਰਖੀਆਂ ਤਾਂ ਕਿ ਸ਼ਰਾਰਤੀ ਅਨਸਰ ਉਹਨਾਂ ਨਾਲ ਕੋਈ ਅਣਸੁਖਾਂਵੀ ਘਟਨਾ ਨੂੰ ਅੰਜਾਮ ਨਾ ਦੇਣ।
ਕਿਸੇ ਜਥੇਬੰਦੀ ਜਾਂ ਜਥੇਬੰਦੀਆਂ ਵੱਲੋਂ ‘ਪੰਜਾਬ ਬੰਦ’ ਦਾ ਦਿੱਤਾ ਗਿਆ ਇਹ ਸੱਦਾ ਪਹਿਲੀ ਵਾਰ ਨਹੀਂ ਸੀ ਬਲਕਿ ਇਸ ਤੋਂ ਪਹਿਲਾਂ ਵੀ ਵੱਖ- ਵੱਖ ਜਥੇਬੰਦੀਆਂ ‘ਪੰਜਾਬ ਬੰਦ’ ਦਾ ਸੱਦਾ ਦੇ ਚੁੱਕੀਆਂ ਹਨ ਅਤੇ ਉਹਨਾਂ ਦੇ ਬੰਦ ਦੇ ਸੱਦੇ ਨੂੰ ਹੁੰਗਾਰਾ ਵੀ ਮਿਲਦਾ ਰਿਹਾ ਹੈ। ਪਿਛਲੇ ਮਹੀਨੇ ਕੌਮੀ ਇਨਸਾਫ਼ ਮੋਰਚੇ ਵੱਲੋਂ 15 ਅਗਸਤ ਨੂੰ ਚੰਡੀਗੜ੍ਹ ਵੱਲ ਕੂਚ ਕਰ ਰਹੀ ਸੰਗਤ ਤੇ ਅਥਰੂ ਗੈਸ ਦੇ ਗੋਲੇ ਵਰ੍ਹਾਉਣ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਖ਼ਿਲਾਫ਼ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਗਿਆ ਸੀ। ਇਸ ਮੌਕੇ ਇਨਸਾਫ਼ ਮੋਰਚੇ ਦੇ ਆਗੂਆਂ ਵੱਲੋਂ ਵੱਖ- ਵੱਖ ਥਾਵਾਂ ਤੇ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਆਵਾਜਾਈ, ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਕਰਵਾਉਣ ਦਾ ਯਤਨ ਕੀਤਾ ਗਿਆ। ਇਸ ਤੋਂ ਵੀ ਕੁਝ ਦਿਨ ਪਹਿਲਾਂ ਦਲਿਤ ਜਥੇਬੰਦੀਆਂ ਵੱਲੋਂ ਵੀ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਗਿਆ ਸੀ। ਕਿਸਾਨ ਜਥੇਬੰਦੀਆਂ ਵੀ ਪਿਛਲੇ ਸਮੇਂ ਦੌਰਾਨ ‘ਪੰਜਾਬ ਬੰਦ’ ਕਰ ਚੁੱਕੀਆਂ ਹਨ। ਜਿਸ ਕਰਕੇ ਇਹ ਮਹਿਸੂਸ ਹੋ ਰਿਹਾ ਹੈ ਕਿ ਸੂਬੇ ਵਿੱਚ ‘ਪੰਜਾਬ ਬੰਦ’ ਦੀ ਰਾਜਨੀਤੀ ਇੱਕ ਵਾਰ ਮੁੜ ਸ਼ੁਰੂ ਹੋ ਗਈ ਹੈ।
ਪੰਜਾਬੀਆਂ ਨੂੰ ਉਹ ਲੰਘਿਆ ਸਮਾਂ ਅਜੇ ਵੀ ਚੰਗੀ ਤਰ੍ਹਾਂ ਯਾਦ ਹੈ, ਜਦੋਂ ਸੂਬੇ ਵਿੱਚ ਹਰ ਤੀਜੇ ਦਿਨ ‘ਪੰਜਾਬ ਬੰਦ’ ਦਾ ਸੱਦਾ ਦੇ ਦਿੱਤਾ ਜਾਂਦਾ ਸੀ। ਉਸ ਸਮੇਂ ਪੰਜਾਬ ਦਾ ਮਾਹੌਲ ਠੀਕ ਨਹੀਂ ਸੀ ਅਤੇ ਡਰਦੇ ਹੋਏ ਲੋਕ ਕੁਝ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਦਿੱਤੇ ਜਾਂਦੇ ‘ਪੰਜਾਬ ਬੰਦ’ ਦੇ ਸੱਦੇ ਦੌਰਾਨ ਆਪਣੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰੱਖਦੇ ਸਨ। ਇਸ ਦੇ ਨਾਲ ਹੀ ਵਿਦਿਅਕ ਅਦਾਰੇ ਵੀ ਅਕਸਰ ਬੰਦ ਰਹਿੰਦੇ ਸਨ। ਉਸ ਸਮੇਂ ਅਕਸਰ ਰੇਲ ਅਤੇ ਬੱਸ ਆਵਾਜਾਈ ਵੀ ਠੱਪ ਕਰ ਦਿੱਤੀ ਜਾਂਦੀ ਸੀ। ਪੰਜਾਬ ਵਿੱਚ ਅਮਨ-ਸ਼ਾਂਤੀ ਪਰਤ ਆਉਣ ਤੋਂ ਬਾਅਦ ਇਹ ‘ਬੰਦ ਦੀ ਰਾਜਨੀਤੀ’ ਵੀ ਇੱਕ ਤਰ੍ਹਾਂ ਸਮਾਪਤ ਹੋ ਗਈ ਸੀ।
ਪਰੰਤੂ ਹੁਣ ਪੰਜਾਬ ਵਿੱਚ ਮੁੜ ‘ਬੰਦ’ ਦੀ ਰਾਜਨੀਤੀ ਦੀ ਸ਼ੁਰੂੁਆਤ ਹੋ ਚੁੱਕੀ ਹੈ। ਇਸ ਤਰੀਕੇ ਦੀ ਸਿਆਸਤ ਦੀ ਸ਼ੁਰੂਆਤ ਭਾਵੇਂ ਸਿਆਸੀ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਜਾਂਦੀ ਮੰਨੀ ਜਾਂਦੀ ਹੈ ਪਰ ਕਿਸਾਨ ਜਥੇਬੰਦੀਆਂ ਜਦੋਂ ਵੀ ਕਿਸੇ ਥਾਂ ਧਰਨਾ ਲਗਾਉਂਦੀਆਂ ਹਨ ਤਾਂ ਪੂਰੇ ਅਨੁਸ਼ਾਸਨ ਵਿੱਚ ਰਹਿੰਦੀਆਂ ਹਨ ਅਤੇ ਉਥੇ ਇਹਨਾਂ ਜਥੇਬੰਦੀਆਂ ਵੱਲੋਂ ‘ਲੰਗਰ’ ਵੀ ਲਗਾਏ ਜਾਂਦੇ ਹਨ। ਇਹਨਾਂ ‘ਲੰਗਰਾਂ’ ਵਿੱਚ ਕੋਈ ਵੀ ਵਿਅਕਤੀ ਬਿਨਾਂ ਕਿਸੇ ਭੇਦਭਾਵ ਦੇ ਖਾਣਾ ਖਾ ਸਕਦਾ ਹੈ। ਕੁਝ ਕਿਸਾਨ ਆਗੂ ਕਹਿੰਦੇ ਹਨ ਕਿ ਉਹਨਾਂ ਦੀ ਲੜਾਈ ਸਰਕਾਰਾਂ ਨਾਲ ਹੈ ਅਤੇ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਸਮਝਦੇ ਹਨ।
ਪੰਜਾਬ ਵਿੱਚ ਵੱਡੀ ਗਿਣਤੀ ਲੋਕ ਅਜਿਹੇ ਹਨ, ਜੋਕਿ ਹਰ ਦਿਨ ਦਿਹਾੜੀ ਲਗਾਉਂਦੇ ਹਨ ਜਾਂ ਰੇਹੜੀਆਂ ਫੜੀਆਂ ਲਗਾਉਂਦੇ ਹਨ। ਇਸ ਤੋਂ ਇਲਾਵਾ ਦੁਕਾਨਦਾਰਾਂ ਨੇ ਵੀ ਹਰ ਦਿਨ ਕਮਾਈ ਕਰਨੀ ਹੁੰਦੀ ਹੈ, ਕਿਉਂਕਿ ਹਰ ਦੁਕਾਨ ਦਾ ਹਰ ਦਿਨ ਖਰਚਾ ਪੈਂਦਾ ਰਹਿੰਦਾ ਹੈ। ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜਮ ਵੀ ਇੱਕ ਤਰ੍ਹਾਂ ਦਿਹਾੜੀਦਾਰਾਂ ਵਰਗੇ ਹੁੰਦੇ ਹਨ। ਜਦੋਂ ਵੀ ਕਿਸੇ ਥਾਂ ਆਵਾਜਾਈ ਠੱਪ ਹੁੰਦੀ ਹੈ ਜਾਂ ‘ਬੰਦ’ ਹੁੰਦਾ ਹੈ ਤਾਂ ਅਕਸਰ ਆਮ ਲੋਕਾਂ ਦੇ ਕੰਮ ਕਾਰ ਬੰਦ ਹੋ ਜਾਂਦੇ ਹਨ ਅਤੇ ਪ੍ਰਾਈਵੇਟ ਮੁਲਾਜਮ ਆਪਣੇ ਦਫਤਰਾਂ ਵਿੱਚ ਸਮੇਂ ਸਿਰ ਨਹੀਂ ਪਹੁੰਚ ਸਕਦੇ। ਜਿਸ ਕਾਰਨ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੋਈ ਵੀ ਸਿਆਸੀ ਪਾਰਟੀ ਬੰਦੀ ਸਿੰਘਾਂ, ਕਿਸਾਨਾਂ ਦੇ ਮਸਲਿਆਂ, ਪਾਣੀਆਂ ਦਾ ਮਸਲਾ, ਨਸ਼ੇ ਦੇ ਕਹਿਰ ਅਤੇ ਪੰਜਾਬੀਆਂ ਦੀਆਂ ਹੋਰ ਮੁੱਖ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਇਹੋ ਕਾਰਨ ਹੈ ਕਿ ਇਹਨਾਂ ਮੰਗਾਂ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ‘ਪੰਜਾਬ ਬੰਦ’ ਵਰਗੇ ਸੱਦੇ ਦੇਣ ਲਈ ਮਜ਼ਬੂਰ ਹੁੰਦੀਆਂ ਹਨ। ‘ਪੰਜਾਬ ਬੰਦ’ ਦੇ ਸੱਦੇ ਦੇਣ ਤੋਂ ਪਹਿਲਾਂ ਜਥੇਬੰਦੀਆਂ ਨੂੰ ਇਸ ਬੰਦ ਕਾਰਨ ਆਮ ਲੋਕਾਂ ਦੇ ਹੁੰਦੇ ਆਰਥਿਕ, ਸਮਾਜਿਕ ਤੇ ਮਾਨਸਿਕ ਨੁਕਸਾਨ ਬਾਰੇ ਸੋਚਣਾ ਚਾਹੀਦਾ ਹੈ।
ਬਿਊਰੋ
Editorial
ਕੱਤਕ ਮਹੀਨੇ ਆਵਣ ਕੂੰਜਾਂ
ਘਰਾਂ ਨੂੰ ਪਰਤਣ ਦਾ ਮਹੀਨਾ ਕੱਤਕ
ਕੱਤਕ ਮਹੀਨੇ ਨੂੰ ਕੱਤਾ ਅਤੇ ਕੱਤੇ ਵੀ ਕਹਿ ਲਿਆ ਜਾਂਦਾ ਹੈ। ਕੱਤਕ ਮਹੀਨੇ ਨੂੰ ਹਿੰਦੀ ਅਤੇ ਹੋਰਨਾਂ ਭਾਸ਼ਾਵਾਂ ਵਿਚ ‘ਕਾਰਤਿਕ ‘ ਵੀ ਕਿਹਾ ਜਾਂਦਾ ਹੈ। ਕੱਤਕ ਮਹੀਨੇ ਨੂੰ ਇੰਗਲਿਸ਼ ਵਿਚ ‘ਪਲੀਅਡੀਜ’ ਕਹਿੰਦੇ ਹਨ, ਇਸੇ ਤਰਾਂ ਫਾਰਸੀ ਵਿਚ ਕੱਤਕ ਮਹੀਨੇ ਨੂੰ ‘ਪਰਵੀਨ’ ਅਤੇ ਅਰਬੀ ਭਾਸ਼ਾ ਵਿੱਚ ‘ਸੋਰਯਾ’ ਕਹਿੰਦੇ ਹਨ।
ਜਦੋਂ ਪੰਜਾਬ ਦੇ ਹਰ ਇਲਾਕੇ ਵਿੱਚ ਭਰ ਜਵਾਨ ਹੋਇਆ ਝੋਨਾ, ਮਾਲਵਾ ਇਲਾਕੇ ਵਿੱਚ ਕਪਾਹ ਅਤੇ ਨਰਮੇ ਨੂੰ ਖਿੜੇ ਚਿੱਟੇ ਚਿੱਟੇ ਫੁੱਲ ਅਤੇ ਇਹਨਾਂ ਚਿੱਟੇ ਦੁੱਧ ਵਰਗੇ ਫੁੱਲਾਂ ਤੇ ਪਈ ਤਰੇਲ ਦੀਆਂ ਬੂੰਦਾਂ, ਕਪਾਹ ਅਤੇ ਨਰਮਾ ਚੁਗਦੀਆਂ ਹੋਈਆਂ ਪੰਜਾਬ ਦੀਆਂ ਮੁਟਿਆਰਾਂ, ਗਵਾਰ ਅਤੇ ਮੂੰਗੀ ਦੀਆਂ ਫਸਲਾਂ ਭਰ ਜੋਬਨ ਤੇ ਆ ਕੇ ਪੈਲਾਂ ਪਾਉਣ ਲੱਗ ਪੈਣ ਤਾਂ ਹਰ ਆਮ ਤੇ ਖਾਸ ਨੂੰ ਪਤਾ ਚਲ ਜਾਂਦਾ ਹੈ ਕਿ ਕੱਤਕ ਮਹੀਨੇ ਨੇ ਦਸਤਕ ਦੇ ਦਿੱਤੀ ਹੈ।
ਕੱਤਕ ਮਹੀਨੇ ਕੂੰਜਾਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਹੋਰ ਪਰਵਾਸੀ ਪੰਛੀਆਂ ਦੇ ਆਉਣ ਦੇ ਨਾਲ ਹੀ ਉਹਨਾਂ ਵਿਆਹੁਤਾ ਮੁਟਿਆਰਾਂ ਨੂੰ ਆਪਣੇ ਕੰਤ ਦੇ ਆਉਣ ਦੀ ਉਡੀਕ ਵੀ ਸ਼ੁਰੂ ਹੋ ਜਾਂਦੀ ਹੈ, ਜਿਹਨਾਂ ਦੇ ਕੰਤ ਰੋਜ਼ੀ ਰੋਟੀ ਦੇ ਜੁਗਾੜ ਲਈ ਸੱਤ ਸਮੁੰਦਰ ਪਾਰ ਪਰਦੇਸ਼ ਉਡਾਰੀ ਮਾਰ ਗਏ ਹੁੰਦੇ ਹਨ। ਅਕਸਰ ਹੀ ਵੱਡੀ ਗਿਣਤੀ ਪਰਵਾਸੀ ਪੰਜਾਬੀ ਦਿਵਾਲੀ ਮੌਕੇ ਆਪਣੇ ਵਤਨ ਪੰਜਾਬ ਗੇੜਾ ਮਾਰਦੇ ਹਨ। ਬਿਰਹੋਂ ਦੀ ਅਗਨੀ ਵਿੱਚ ਤੜਫਦੀਆਂ ਜੋਬਨਵੰਤੀਆਂ ਮੁਟਿਆਰਾਂ ਦੇ ਕੰਤ ਜਦੋਂ ਕੱਤਕ ਮਹੀਨੇ ਉਹਨਾਂ ਦੇ ਕੋਲ ਆ ਜਾਂਦੇ ਹਨ ਤਾਂ ਉਹਨਾਂ ਦੀ ਜਿੰਦਗੀ ਵਿੱਚ ਲੱਖਾਂ ਬਲਬਾਂ ਤੇੇ ਕਰੋੜਾਂ ਟਿਊਬ ਲਾਈਟਾਂ ਦੀ ਰੌਸ਼ਨੀ ਹੋ ਜਾਂਦੀ ਹੈ।
ਕੱਤਕ ਮਹੀਨੇ ਮਾਲਵਾ ਇਲਾਕੇ ਦੇ ਅਬੋਹਰ ਅਤੇ ਹੋਰ ਇਲਾਕਿਆਂ ਵਿੱਚ ਮੌਸਮੀ (ਮੁਸੰਮੀ) ਦੇ ਪੌਦਿਆਂ ਨੂੰ ਭਰਪੂਰ ਫਲ ਲੱਗਿਆ ਹੁੰਦਾ ਹੈ, ਇਸ ਦੇ ਨਾਲ ਕਿੰਨੂੰ ਦੇ ਪੌਦਿਆਂ ਨੂੰ ਕੱਤਕ ਮਹੀਨੇ ਫਲ ਪੈਣਾ ਸ਼ੁਰੂ ਹੋ ਜਾਂਦਾ ਹੈ, ਜੋ ਕਿ ਅਗਲੇ ਮਹੀਨਿਆਂ ਦੌਰਾਨ ਵੱਡਾ ਹੁੰਦਾ ਜਾਂਦਾ ਹੈ। ਕੱਤਕ ਮਹੀਨੇ ਗੰਨੇ ਦੀ ਫਸਲ ਵੀ ਪੈਲਾਂ ਪਾਉਂਦੀ ਆਪਣੀ ਜਵਾਨੀ ਦਾ ਜਲਵਾ ਦਿਖਾਉਂਦੀ ਪ੍ਰਤੀਤ ਹੁੰਦੀ ਹੈ। ਅੱਧੇ ਕੱਤੇ ਤੋਂ ਭਾਵ ਕੱਤਕ ਮਹੀਨੇ ਦੇ ਅੱਧ ਵਿਚਕਾਰ ਜਾ ਕੇ ਪੰਜਾਬ ਦੇ ਖੇਤਾਂ ਵਿੱਚ ਹਾੜੀ ਦੀ ਫਸਲ ਕਣਕ ਅਤੇ ਸਰ੍ਹੋਂ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ।
ਕੁਝ ਸਾਲ ਪਹਿਲਾਂ ਤੱਕ ਪੰਜਾਬ ਵਿੱਚ ਗੰਨਾ ਬਹੁਤ ਵੱਡੇ ਪੱਧਰ ਉਪਰ ਬੀਜਿਆ ਜਾਂਦਾ ਸੀ ਪਰ ਹੁਣ ਗੰਨੇ ਦੀ ਫਸਲ ਹੇਠ ਰਕਬਾ ਬਹੁਤ ਹੀ ਘੱਟ ਗਿਆ ਹੈ। ਗੰਨੇ ਦੀ ਫਸਲ ਨੂੰ ਕਮਾਦ ਵੀ ਕਿਹਾ ਜਾਂਦਾ ਹੈ। ਗੰਨੇ ਤੋਂ ਹੀ ਗੁੜ ਅਤੇ ਸ਼ੱਕਰ ਬਣਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਕੱਤਕ ਮਹੀਨੇ ਵਿੱਚ ਅਨੇਕਾਂ ਹੀ ਥਾਂਵਾਂ ਉਪਰ ਗੁੜ ਤੇ ਸ਼ੱਕਰ ਬਣਾਉਣ ਵਾਲੇ ਵੇਲਣੇ ਅਤੇ ਘੁਲਾੜੀਆਂ ਨਜ਼ਰ ਆਉਂਦੇ ਹਨ। ਮਿਥਿਹਾਸ ਅਨੁਸਾਰ ਗੰਨੇ ਦੀ ਉਤਪਤੀ ਭਾਰਤ ਵਿੱਚ ਹੀ ਹੋਈ ਅਤੇ ਇਥੋਂ ਹੀ ਗੰਨਾ ਸਾਰੀ ਦੁਨੀਆ ਵਿੱਚ ਪਹੁੰਚਿਆ। ਇਹ ਵੀ ਕਿਹਾ ਜਾਂਦਾ ਹੈ ਕਿ ਸਿਕੰਦਰ ਦੇ ਫ਼ੌਜੀ ਵਾਪਸ ਮੁੜਦੇ ਸਮੇਂ ਆਪਣੇ ਨਾਲ ਗੰਨਾ ਵੀ ਯੂਰੋਪ ਵਿੱਚ ਲੈ ਗਏ। ਕੱਤਕ ਮਹੀਨੇ ਗੰਨੇ ਚੂਪਦੇ ਬੱਚੇ ਅਤੇ ਜਵਾਨ ਅੱਜ ਵੀ ਨਜ਼ਰ ਆ ਜਾਂਦੇ ਹਨ।
ਕੱਤਕ ਮਹੀਨੇ ਨੂੰ ਖਾਣ ਪੀਣ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਕੱਤਕ ਮਹੀਨੇ ਦੀ ਮੱਸਿਆ ਨੂੰ ਰੌਸ਼ਨੀਆਂ ਦਾ ਪ੍ਰਸਿੱਧ ਤਿਉਹਾਰ ਦਿਵਾਲੀ ਮਨਾਇਆ ਜਾਂਦਾ ਹੈ। ਕੱਤਕ ਦੀ ਪੂਰਨਮਾਸੀ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ। ਆਮ ਤੌਰ ਤੇ ਸਿੱਖ ਭਾਈਚਾਰੇ ਦੇ ਘਰਾਂ ਵਿੱਚ ਦਿਵਾਲੀ ਮੌਕੇ ਲਗਾਈਆਂ ਗਈਆਂ ਰੰਗ ਬਿਰੰਗੇ ਬਲਬਾਂ ਦੀ ਲੜੀਆਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੱਕ ਚਲਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਕਰਵਾ ਚੌਥ, ਚੱਕਰੀਆਂ (ਮਾਤਾ ਦਾ ਵਰਤ) ਵਰਗੇ ਤਿਉਹਾਰ ਵੀ ਇਸੇ ਕੱਤਕ ਮਹੀਨੇ ਵਿੱਚ ਆਉਂਦੇ ਹਨ। ਇਹਨਾਂ ਤਿਉਹਾਰਾਂ ਮੌਕੇ ਵੱਡੀ ਗਿਣਤੀ ਔਰਤਾਂ ਵੱਲੋਂ ਵਰਤ ਵੀ ਰੱਖੇ ਜਾਂਦੇ ਹਨ ।
ਕੱਤਕ ਮਹੀਨੇ ਹੀ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ, ਜੋ ਕਿ ਦਿਵਾਲੀ ਵਾਲੇ ਦਿਨ ਹੀ ਹੁੰਦਾ ਹੈ। ਦਿਵਾਲੀ ਦੇ ਦਿਨ ਹੀ ਸਿੱਖਾਂ ਦੇ ਛੇਵੇਂ ਗੁਰੂ , ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿਚੋਂ ਆਪਣੇ ਨਾਲ 52 ਰਾਜਿਆਂ ਨੂੰ ਛੁੱਡਵਾ ਕੇ ਅੰਮ੍ਰਿਤਸਰ ਪਹੁੰਚੇ ਸਨ, ਇਹ ਹੀ ਕਾਰਨ ਹੈ ਕਿ ਦਿਵਾਲੀ ਨੂੰ ਘਰਾਂ ਨੂੰ ਪਰਤਣ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਅਤੇ ਕੱਤਕ ਨੂੰ ਘਰਾਂ ਨੂੰ ਪਰਤਣ ਦਾ ਮਹੀਨਾ। ਇਸੇ ਕਾਰਨ ਦੁਨੀਆ ਦੇ ਵੱਖ ਵੱਖ ਮੁਲਕਾਂ ਵਿੱਚ ਵਸੇ ਹੋਏ ਪਰਵਾਸੀ ਪੰਜਾਬੀ ਦਿਵਾਲੀ ਮੌਕੇ ਆਪਣੇ ਪਿੰਡ ਵਾਲੇ ਜੱਦੀ ਘਰ ਗੇੜਾ ਮਾਰਦੇ ਹਨ। ਪਰਿਵਾਰ ਨੂੰ ਮਿਲ ਕੇ ਪਰਵਾਸੀ ਪੰਜਾਬੀਆਂ ਦੇ ਨਾਲ ਨਾਲ ਪਰਿਵਾਰ ਵਾਲਿਆਂ ਦੀ ਖੁਸ਼ੀ ਵੀ ਵੇਖਣ ਵਾਲੀ ਹੁੰਦੀ ਹੈ।
ਹੁਣ ਨਾ ਤਾਂ ਪਹਿਲਾਂ ਵਰਗਾ ਵਾਤਾਵਰਣ ਰਿਹਾ ਹੈ ਤੇ ਨਾ ਸ਼ੁੱਧ ਪੌਣ ਪਾਣੀ। ਨਾ ਹੁਣ ਪਹਿਲਾਂ ਵਰਗਾ ਅੰਮ੍ਰਿਤ ਵੇਲਾ ਤੇ ਸਰਘੀ ਵੇਲਾ ਰਿਹਾ ਹੈ ਤੇ ਨਾ ਛਾਹ ਵੇਲਾ। ਹਰ ਪਾਸੇ ਫੈਲੀ ਆਪਾ-ਧਾਪੀ ਦੇ ਇਸ ਦੌਰ ਵਿੱਚ ਕਿਸੇ ਕੋਲ ਏਨਾ ਕੁ ਸਮਾਂ ਨਹੀਂ ਕਿ ਉਹ ਆਪਣੇ ਪਿੰਡ ਵਾਸੀਆਂ, ਸ਼ਹਿਰ ਵਾਸੀਆਂ ਨਾਲ ਬਹਿ ਕੇ ਕੁਝ ਸਮਾਂ ਕੁਦਰਤ ਦੀ ਗੋਦ ਵਿੱਚ ਗੁਜ਼ਾਰ ਸਕੇ। ਹਰ ਕੋਈ ਹੁਣ ਕੰਕਰੀਟ ਦੇ ਜੰਗਲਾਂ ਵਿੱਚ ਬਣਾਏ ਕੋਠੀ ਨੁਮਾ ਘੁਰਨਿਆਂ ਵਿੱਚ ਵੜ ਕੇ ਆਪਣੇ ਆਪ ਤਕ ਸੀਮਿਤ ਜਿਹਾ ਹੋ ਗਿਆ ਹੈ, ਜਿਸ ਕਰਕੇ ਅਨੇਕਾਂ ਲੋਕਾਂ ਨੂੰ ਹੁਣ ਕੱਤਕ ਮਹੀਨੇ ਦੀਆਂ ਮੌਜਾਂ ਮਾਨਣ ਦੀ ਵਿਹਲ ਨਹੀਂ ਮਿਲਦੀ।
ਕੱਤਕ ਮਹੀਨੇ ਦੀ ਸ਼ੁਰੂਆਤ ਮੌਕੇ ਸਾਰੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਖੁਦ ਵੀ ਆਪਣੇ ਵਿਰਸੇ ਅਤੇ ਕੁਦਰਤ ਨਾਲ ਜੁੜਨ ਅਤੇ ਆਪਣੇ ਬੱਚਿਆਂ ਨੂੰ ਵੀ ਪੰਜਾਬ ਦੇ ਅਮੀਰ ਵਿਰਸੇ ਅਤੇ ਕੁਦਰਤ ਨਾਲ ਜੋੜਨ। ਕੱਤਕ ਮਹੀਨੇ ਦੌਰਾਨ ਸਮੂਹ ਪੰਜਾਬੀਆਂ ਨੂੰ ਪੰਜਾਬ ਵਿੱਚ ਵਹਿ ਰਹੇ ਪਰਵਾਸ ਦੇ ਸੱਤਵੇਂ ਦਰਿਆ ਨੂੰ ਠੱਲਖ਼ ਪਾਉਣ ਲਈ ਵੀ ਸਿਰ ਜੋੜ ਕੇ ਮੰਥਨ ਕਰਨ ਦੀ ਲੋੜ ਹੈ ਤਾਂ ਕਿ ਸੱਤ ਸਮੁੰਦਰ ਪਾਰ ਗਏ ਉਹਨਾਂ ਦੇ ਬੱਚੇ ਆਪਣੇ ਵਤਨ, ਆਪਣੀ ਮਾਂ ਬੋਲੀ, ਆਪਣੇ ਅਮੀਰ ਵਿਰਸੇ ਅਤੇ ਆਪਣੀ ਜੱਦੀ ਜ਼ਮੀਨ ਨਾਲ ਜੁੜੇ ਰਹਿ ਸਕਣ।
ਕੱਤਕ ਮਹੀਨੇ ਦੂਰ ਦੇ ਦੇਸ਼ਾਂ ਦੇਸਾਂਤਰਾਂ ਤੋਂ ਆਉਂਦੀਆਂ ਕੂੰਜਾਂ ਵਾਂਗ ਪੰਜਾਬੀਆਂ ਦੇ ਸੱਤ ਸਮੁੰਦਰ ਪਾਰ ਗਏ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਕੱਤਕ ਮਹੀਨੇ ਆਪਣੇ ਵਤਨਾਂ ਨੂੰ ਗੇੜਾ ਮਾਰਨ ਤਾਂ ਕਿ ਪੰਜਾਬ ਦੇ ਪਿੰਡਾਂ ਵਿੱਚ ਉਹਨਾਂ ਬਿਨਾਂ ਸੁੰਨੇ ਪਏ ਉਹਨਾਂ ਦੇ ਮਹੱਲ ਮੁਨਾਰਿਆਂ ਅਤੇ ਜੱਦੀ ਘਰਾਂ ਵਿੱਚ ਮੁੜ ਰੌਣਕਾਂ ਲੱਗਣ।
ਜਗਮੋਹਨ ਸਿੰਘ ਲੱਕੀ
ਮੋ: 9463819174
-
International1 month ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
International2 months agoਨੇਪਾਲ ਵਿੱਚ ਹੜ੍ਹ ਕਾਰਨ 626 ਮੌਤਾਂ, ਭਾਰਤ ਨੇ ਹਵਾਈ ਫੌਜ ਰਾਹੀਂ ਰਾਹਤ ਸਮੱਗਰੀ ਭੇਜੀ
-
International4 weeks ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
International4 weeks ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
National1 month agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
Punjab1 month agoਪੰਜਾਬ ਪੁਲੀਸ ਵਲੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਵਿਅਕਤੀ ਕਾਬੂ
-
National1 month agoਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾਈ, 3 ਵਿਅਕਤੀਆਂ ਦੀ ਮੌਤ
-
International2 months ago
ਮੇਲਾ ਪੰਜਾਬਣਾਂ ਦਾ 6 ਸਤੰਬਰ ਨੂੰ
