Connect with us

Mohali

ਮਿੱਥੇ ਸਮੇਂ ਤੇ ਹੋਣਗੀਆਂ ਨਗਰ ਨਿਗਮ ਚੋਣਾਂ : ਕੁਲਵੰਤ ਸਿੰਘ

Published

on

 

ਨਗਰ ਨਿਗਮ ਵਿੱਚ ਨਵੇਂ ਇਲਾਕਿਆਂ ਦੇ ਸ਼ਾਮਿਲ ਹੋਣ ਤੋਂ ਬਾਅਦ ਹੋਵੇਗੀ ਨਵੀਂ ਵਾਰਡਬੰਦੀ

ਭੁਪਿੰਦਰ ਸਿੰਘ

ਐਸ ਏ ਐਸ ਨਗਰ, 5 ਜੁਲਾਈ

 

ਹਲਕਾ ਵਿਧਾਇਕ ਸz. ਕੁਲਵੰਤ ਸਿਘ ਨੇ ਕਿਹਾ ਹੈ ਕਿ ਅਪ੍ਰੈਲ 2026 ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਮਿੱਥੇ ਸਮੇਂ ਤੇ ਕਰਵਾ ਦਿੱਤੀਆਂ ਜਾਣਗੀਆਂ। ਸਕਾਈ ਹਾਕ ਟਾਈਮਜ਼ ਨਾਲ ਕੀਤੀ ਗਈ ਵਿਸ਼ੇਸ਼ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਨਗਰ ਨਿਗਮ ਚੋਣਾਂ ਕਰਵਾਉਣ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਹੈ ਅਤੇ ਇਹ ਚੋਣਾਂ ਹਰ ਹਾਲ ਵਿੱਚ ਮਿੱਥੇ ਸਮੇਂ ਤੋਂ ਪਹਿਲਾਂ ਕਰਵਾ ਦਿੱਤੀਆਂ ਜਾਣਗੀਆਂ।

ਇੱਥੇ ਜਿਕਰਯੋਗ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਇਹ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਪੰਜਾਬ ਸਰਕਾਰ ਵਲੋਂ ਨਗਰ ਨਿਗਮ ਐਸ ਏ ਐਸ ਨਗਰ ਦੀ ਚੋਣ ਨੂੰ ਲਮਕਾਇਆ ਜਾ ਸਕਦਾ ਹੈ। ਇਸਦਾ ਕਾਰਨ ਇਹ ਹੈ ਕਿ ਜਿੱਥੇ ਆਪ ਸਰਕਾਰ ਵਲੋਂ ਪਹਿਲਾਂ ਵੀ ਸੂਬੇ ਦੀਆਂ ਨਗਰ ਨਿਗਮ ਚੋਣਾਂ ਨੂੰ ਲਮਕਾਇਆ ਗਿਆ ਸੀ ਉੱਥੇ ਇਹ ਗੱਲ ਵੀ ਆਖੀ ਜਾ ਰਹੀ ਹੈ ਕਿ ਨਗਰ ਨਿਗਮ ਦੀ ਮੀਟਿੰਗ ਵਿੱਚ ਸ਼ਹਿਰ ਦੇ ਨਾਲ ਲੱਗਦੇ ਖੇਤਰਾਂ ਨੂੰ ਨਿਗਮ ਵਿੱਚ ਸ਼ਾਮਿਲ ਕਰਨ ਸੰਬੰਧੀ ਮਤਾ ਪਾਸ ਕੀਤੇ ਜਾਣ ਦੇ ਬਾਵਜੂਦ ਸਰਕਾਰ ਵਲੋਂ ਇਸਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਨਗਰ ਨਿਗਮ ਦਾ ਇਹ ਮਤਾ ਸਰਕਾਰੀ ਫਾਈਲਾਂ ਦੀ ਧੂੜ ਫੱਕ ਰਿਹਾ ਹੈ।

ਨਗਰ ਨਿਗਮ ਵਲੋਂ ਜਿਹੜੇ ਖੇਤਰਾਂ ਨੂੰ ਨਗਰ ਨਿਗਮ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਉਸ ਵਿੱਚ ਪਿੰਡ ਬਲੌਂਗੀ, ਟੀ ਡੀ ਆਈ, ਬਲਿਆਲੀ, ਸੈਕਟਰ 90-91 (ਜੇ ਐਲ ਪੀ ਐਲ) ਸੈਕਟਰ 88-89 ਤੋਂ ਇਲਾਵਾ ਹੋਰ ਖੇਤਰ ਸ਼ਾਮਿਲ ਹਨ ਜਿਹਨਾਂ ਨੂੰ ਨਗਰ ਨਿਗਮ ਵਿੱਚ ਸ਼ਾਮਿਲ ਕੀਤੇ ਜਾਣ ਸੰਬੰਧੀ ਨਗਰ ਨਿਗਮ ਦੀ ਮੀਟਿੰਗ ਵਿੱਚ ਮੰਜੂਰੀ ਦਿੱਤੀ ਜਾ ਚੁੱਕੀ ਹੈ ਪਰੰਤੂ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਨਿਗਮ ਦੇ ਇਸ ਮਤੇ ਨੂੰ ਹੁਣ ਤਕ ਮੰਜੂਰੀ ਨਹੀਂ ਦਿੱਤੀ ਗਈ ਹੈ ਅਤੇ ਇਹ ਕੰਮ ਵਿਚਾਲੇ ਹੀ ਲਮਕ ਰਿਹਾ ਹੈ।

ਇਸ ਸੰਬੰਧੀ ਕਿਹਾ ਜਾ ਰਿਹਾ ਹੈ ਕਿ ਜੇਕਰ ਇਹਨਾਂ ਖੇਤਰਾਂ ਨੂੰ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਿਲ ਕਰਨ ਸੰਬੰਧੀ ਨਿਗਮ ਦੇ ਮਤੇ ਨੂੰ ਪੰਜਾਬ ਸਰਕਾਰ ਵਲੋਂ ਪ੍ਰਵਾਨਗੀ ਦੇ ਵੀ ਦਿੱਤੀ ਜਾਂਦੀ ਹੈ ਤਾਂ ਵੀ ਇਹਨਾਂ ਖੇਤਰਾਂ ਨੂੰ ਅਮਲੀ ਰੂਪ ਵਿੱਚ ਨਗਰ ਨਿਗਮ ਦਾ ਹਿੱਸਾ ਬਣਾਉਣ ਵਿੱਚ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਲੱਗਣਾ ਹੈ। ਇਸਦਾ ਕਾਰਨ ਇਹ ਹੈ ਕਿ ਜਿਹੜੇ ਖੇਤਰ ਨਗਰ ਨਿਗਮ ਵਿੱਚ ਸ਼ਾਮਿਲ ਕੀਤੇ ਜਾਣੇ ਹਨ, ਉਹਨਾਂ ਵਿੱਚ ਕੁੱਝ ਪਿੰਡ ਵੀ ਸ਼ਾਮਿਲ ਹਨ ਜਿਹਨਾਂ ਦੀਆਂ ਪੰਚਾਇਤਾਂ ਵਲੋਂ ਮਤੇ ਪਾਸ ਕੀਤੇ ਜਾਣੇ ਜਰੂਰੀ ਹਨ ਅਤੇ ਇਸ ਵਿੱਚ ਸਮਾਂ ਲੱਗ ਸਕਦਾ ਹੈ। ਇਸਤੋਂ ਬਾਅਦ ਵਾਰਡਬੰਦੀ ਕਰਨ ਵਿੱਚ ਵੀ ਕਾਫੀ ਸਮਾਂ ਲੱਗ ਸਕਦਾ ਹੈ ਅਤੇ ਵਾਰਡਬੰਦੀ ਤੋਂ ਬਾਅਦ ਵਾਰਡ ਵਾਈਜ ਵੋਟਰ ਸੂਚੀਆਂ ਬਣਾਉਣ ਦਾ ਕੰਮ ਵੀ ਕੀਤਾ ਜਾਣਾ ਜਰੂਰੀ ਹੋਵੇਗਾ ਅਤੇ ਫਿਰ ਵੋਟਰ ਸੂਚੀਆਂ ਬਾਰੇ ਦਾਅਵੇ ਅਤੇ ਇਤਰਾਜ ਵਾਸਤੇ ਵੀ ਸਮਾਂ ਦੇਣਾ ਜਰੂਰੀ ਹੁੰਦਾ ਹੈ।

ਇਹਨਾਂ ਖਦਸ਼ਿਆਂ ਬਾਰੇ ਗੱਲ ਕਰਨ ਤੇ ਸz ਕੁਲਵੰਤ ਸਿੰਘ ਨੇ ਕਿਹਾ ਕਿ ਇਹ ਸਾਰਾ ਕੁੱਝ ਮਿੱਥੇ ਸਮੇਂ ਵਿੱਚ ਸਿਰੇ ਚੜ੍ਹਾ ਲਿਆ ਜਾਵੇਗਾ। ਉਹਨਾਂ ਕਿਹਾ ਕਿ ਨਗਰ ਨਿਗਮ ਦੇ ਮੌਜੂਦਾ ਕਾਰਜਕਾਲ ਨੂੰ ਹੁਣੇ 9 ਮਹੀਨਿਆਂ ਤੋਂ ਵੱਧ ਸਮਾਂ ਪਿਆ ਹੈ ਅਤੇ ਇਸ ਦੌਰਾਨ ਇਹ ਸਾਰੀਆਂ ਕਾਰਵਾਈਆਂ ਬੜੀ ਆਸਾਨੀ ਨਾਲ ਮੁਕੰਮਲ ਕੀਤੀਆਂ ਜਾ ਸਕਦੀਆਂ ਹਨ ਅਤੇ ਨਿਗਮ ਚੋਣਾਂ ਮਿੱਥੇ ਸਮੇਂ ਤੋਂ ਪਹਿਲਾਂ ਮੁਕੰਮਲ ਕਰ ਲਈਆਂ ਜਾਣਗੀਆਂ।

ਨਗਰ ਨਿਗਮ ਚੋਣਾਂ 14 ਫਰਵਰੀ 2021 ਨੂੰ ਹੋਈਆਂ ਸਨ ਜਿਹਨਾਂ ਦੇ ਨਤੀਜੇ 17 ਫਰਵਰੀ ਨੂੰ ਜਾਰੀ ਕੀਤੇ ਗਏ ਸਨ। ਬਾਅਦ ਵਿੱਚ 21 ਅਪ੍ਰੈਲ 2021 ਨੂੰ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁਕਵਾਈ ਗਈ ਸੀ ਅਤੇ ਉਸੇ ਦਿਨ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਦੀ ਚੋਣ ਦਾ ਕੰਮ ਸਿਰੇ ਚੜ੍ਹਿਆ ਸੀ। ਇਸ ਲਿਹਾਜ ਨਾਲ ਵੇਖਿਆ ਜਾਵੇ ਤਾਂ ਨਗਰ ਨਿਗਮ ਦਾ ਮੌਜੂਦਾ ਕਾਰਜਕਾਲ 12 ਅਪ੍ਰੈਲ 2026 ਨੂੰ ਸਮਾਪਤ ਹੋਣ ਜਾ ਰਿਹਾ ਹੈ ਅਤੇ ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਦੇ ਦਾਅਵੇ ਅਨੁਸਾਰ ਪੰਜਾਬ ਸਰਕਾਰ ਵਲੋਂ ਇਸਤੋਂ ਪਹਿਲਾਂ ਨਵੀਆਂ ਚੋਣਾਂ ਕਰਵਾ ਦਿੱਤੀਆਂ ਜਾਣਗੀਆਂ।

 

Mohali

ਆਮ ਆਦਮੀ ਪਾਰਟੀ ਨੇ ਵਿਨੀਤ ਵਰਮਾ ਨੂੰ ਬਣਾਇਆ ਪੰਜਾਬ ਦਾ ਮੀਤ ਪ੍ਰਧਾਨ

Published

on

By

ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਆਮ ਆਦਮੀ ਪਾਰਟੀ ਵਲੋਂ ਪਾਰਟੀ ਦੇ ਸੀਨੀਅਰ ਨੇਤਾ ਅਤੇ ਟ੍ਰੇਡਰਜ਼ ਕਮਿਸ਼ਨ ਦੇ ਸਾਬਕਾ ਮੈਂਬਰ ਸ੍ਰੀ ਵਿਨੀਤ ਵਰਮਾ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਮੀਤ ਪ੍ਰਧਾਨ (ਬੀ ਸੀ ਵਿੰਗ) ਨਿਯੁਕਤ ਕੀਤਾ ਹੈ। ਸ੍ਰੀ ਵਿਨੀਤ ਵਰਮਾ ਇਸਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਬੁਲਾਰੇ, ਵਪਾਰ ਮੰਡਲ ਵਿੰਗ ਦੇ ਸੂਬਾ ਪ੍ਰਧਾਨ ਅਤੇ ਪਾਰਟੀ ਦੇ ਟਰੇਡ ਵਿੰਗ ਦੇ ਸੂਬਾ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ। ਉਹ ਮੁਹਾਲੀ ਵਪਾਰ ਮੰਡਲ ਦੇ ਵੀ ਪ੍ਰਧਾਨ ਹਨ ਅਤੇ ਮੁਹਾਲੀ ਵਿਧਾਨਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਟਿਕਟ ਦੇ ਦਾਅਵੇਦਾਰ ਹਨ।

ਸ੍ਰੀ ਵਿਨੀਤ ਵਰਮਾ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਪਾਰਟੀ ਵਲੋਂ ਸਮੇਂ ਸਮੇਂ ਤੇ ਉਹਨਾਂ ਨੂੰ ਜਿਹੜੀ ਵੀ ਜਿੰਮੇਵਾਰੀ ਸੌਂਪੀ ਗਈ ਹੈ, ਉਸਨੂੰ ਉਹਨਾਂ ਨੇ ਪੂਰੀ ਜਿੰਮੇਵਾਰੀ ਨਾਲ ਨਿਭਾਇਆ ਹੈ ਅਤੇ ਹੁਣ ਵੀ ਪਾਰਟੀ ਵਲੋਂ ਉਹਨਾਂ ਨੂੰ ਪਾਰਟੀ ਦੀ ਸੂਬਾ ਇਕਾਈ ਦੇ ਮੀਤ ਪ੍ਰਧਾਨ (ਬੀ ਸੀ ਵਿੰਗ) ਦੀ ਜਿਹੜੀ ਜਿੰਮੇਵਾਰੀ ਦਿੱਤੀ ਗਈ ਹੈ ਉਸਨੂੰ ਤਨਦੇਹੀ ਨਾਲ ਨਿਭਾਉਂਦਿਆਂ ਪਾਰਟੀ ਦੀ ਮਜਬੂਤੀ ਲਈ ਕੰਮ ਕਰਨਾ ਜਾਰੀ ਰੱਖਣਗੇ।

Continue Reading

Mohali

ਬਿਜਲੀ ਵਿਭਾਗ ਨੇ ਖਪਤਕਾਰ ਨੂੰ ਸਿਫਰ ਰੀਡਿੰਗ ਵਾਲੇ ਮੀਟਰ ਦਾ ਭੇਜਿਆ 5 ਲੱਖ 92 ਹਜਾਰ ਦਾ ਬਿਲ

Published

on

By

ਖਪਤਕਾਰ ਵਲੋਂ 9 ਸਾਲਾਂ ਤੋਂ ਕੀਤੀ ਜਾ ਰਹੀ ਹੈ ਬਿਜਲੀ ਦਾ ਮੀਟਰ ਪੁੱਟਣ ਦੀ ਮੰਗ

ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਪਿੰਡ ਸੋਹਾਣਾ ਦੇ ਇੱਕ ਖਪਤਕਾਰ ਸੁੰਦਰ ਲਾਲ ਅਗਰਵਾਲ ਨੂੰ 2017 ਵਿੱਚ ਉਸਦੇ ਘਰ ਵਿੱਚ ਲਗਾਏ ਗਏ ਬਿਜਲੀ ਦੇ ਮੀਟਰ ਦੀ ਸਿਫਰ ਰੀਡਿੰਗ ਹੋਣ ਦੇ ਬਾਵਜੂਦ ਉਸਨੂੰ 5 ਲੱਖ 92 ਹਜਾਰ ਰੁਪਏ ਦਾ ਬਿਜਲੀ ਦਾ ਬਿਲ ਭੇਜਿਆ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁੰਦਰ ਲਾਲ ਅਗਰਵਾਲ ਨੇ ਦੱਸਿਆ ਕਿ ਪਿੰਡ ਸੋਹਾਣਾ ਵਿੱਚ ਉਹਨਾਂ ਦੀ ਪੁਰਾਣੀ ਹਵੇਲੀ ਵਿੱਚ ਬਿਜਲੀ ਦਾ ਜੱਦੀ ਕਨੈਕਸ਼ਨ ਨੰਬਰ 30001799204 ਚਲਦਾ ਸੀ। ਉਹਨਾਂ ਦੱਸਿਆ ਕਿ ਬਾਅਦ ਵਿੱਚ ਪਰਿਵਾਰ ਵਲੋਂ ਹਵੇਲੀ ਢਾਅ ਦਿੱਤੀ ਗਈ ਅਤੇ ਬਿਜਲੀ ਬਿਲ ਦਾ ਕੁੱਝ ਬਕਾਇਆ ਰਹਿਣ ਕਾਰਨ ਬਿਜਲੀ ਵਿਭਾਗ ਨਾਲ ਵਿਵਾਦ ਹੋ ਗਿਆ ਸੀ ਜਿਸਤੇ ਉਹਨਾਂ ਨੇ ਉਹ ਕਨੈਕਸ਼ਨ ਕਟਵਾ ਦਿੱਤਾ ਸੀ।

ਉਹਨਾਂ ਦੱਸਿਆ ਕਿ ਸਾਲ 2016 ਵਿੱਚ ਉਹਨਾਂ ਨੇ ਉੱਥੇ ਬਿਜਲੀ ਦੇ ਦੋ ਨਵੇਂ ਕਨੈਕਸ਼ਨ ਲਗਵਾਏ ਸੀ ਜਿਹਨਾਂ ਦੇ ਨੰਬਰ 3004542282 ਅਤੇ 3004740110 ਸਨ। ਉਹਨਾਂ ਦੱਸਿਆ ਕਿ ਇਸ ਦੌਰਾਨ ਬਿਜਲੀ ਵਿਭਾਗ ਨੇ ਜੱਦੀ ਕਨੈਕਸ਼ਨ ਦਾ ਬਕਾਇਆ ਉਹਨਾਂ ਦੇ ਨਵੇਂ ਕਨੈਕਸ਼ਨ (ਖਾਤਾ ਨੰਬਰ 3004542282) ਵਿੱਚ ਪਾ ਦਿੱਤਾ, ਜਿਸਦੇ ਖਿਲਾਫ ਉਹਨਾਂ ਵਲੋਂ ਪਟਿਆਲਾ ਵਿਖੇ ਅਪੀਲ ਦਾਇਰ ਕੀਤੀ ਗਈ ਅਤੇ ਉਸਦਾ ਫੈਸਲਾ ਉਹਨਾਂ ਦੇ ਹੱਕ ਵਿੱਚ ਹੋ ਗਿਆ।

ਉਹਨਾਂ ਕਿਹਾ ਕਿ ਬਾਅਦ ਵਿੱਚ ਵਿਭਾਗ ਵਲੋਂ ਲੋਕਪਾਲ ਵਿੱਚ ਪਾਈ ਅਪੀਲ ਦਾ ਫੈਸਲਾ ਉਹਨਾਂ ਦੇ ਖਿਲਾਫ ਹੋ ਗਿਆ ਅਤੇ ਉਹਨਾਂ ਵਲੋਂ 44 ਹਜਾਰ ਰੁਪਏ ਦੀ ਰਕਮ ਵਿਭਾਗ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ।

ਉਹਨਾਂ ਕਿਹਾ ਕਿ ਇਸ ਉਪਰੰਤ ਵਿਭਾਗ ਵਲੋਂ ਉਹਨਾਂ ਵੱਲ 36 ਹਾਜਾਰ ਦਾ ਹੋਰ ਬਕਾਇਆ ਕੱਢ ਦਿੱਤਾ ਗਿਆ। ਉਸਤੋਂ ਬਾਅਦ ਉਹਨਾਂ ਵਲੋਂ ਵਿਭਾਗ ਨੂੰ ਅਰਜੀ ਦਿੱਤੀ ਗਈ ਕਿ ਉਹ ਇਹ ਅਦਾਇਗੀ ਕਰਨ ਲਈ ਤਿਆਰ ਹਨ ਇਸ ਬਿਜਲੀ ਦੇ ਮੀਟਰ ਨੂੰ ਲਾਹ ਲਿਆ ਜਾਵੇ ਪਰੰਤੂ ਵਿਭਾਗ ਵਲੇ ਇਸਦੀ ਥਾਂ ਦੂਜਾ ਮੀਟਰ ਲਾਹ ਕੇ ਲੈ ਗਏ। ਦੁਬਾਰਾ ਸ਼ਿਕਾਇਤ ਕਰਨ ਤੇ ਇਸ ਮੀਟਰ ਤੋਂ ਅੱਗੇ ਘਰ ਤਕ ਸਪਲਾਈ ਹੋਣ ਵਾਲੀਆਂ ਤਾਰਾਂ ਕੱਢ ਦਿੱਤੀਆਂ ਗਈਆਂ ਅਤੇ ਇਸ ਮੀਟਰ ਤੋਂ ਸਪਲਾਈ ਵੀ ਬੰਦ ਹੋ ਗਈ।

ਉਹਨਾਂ ਕਿਹਾ ਕਿ ਹੁਣ ਬਿਜਲੀ ਵਿਭਾਗ ਵਲੋਂ ਉਹਨਾਂ ਨੂੰ ਇਸ ਮੀਟਰ ਦਾ 5 ਲੱਖ 92 ਹਜਾਰ ਰੁਪਏ ਦਾ ਬਿਲ ਭੇਜ ਦਿੱਤਾ ਗਿਆ ਹੈ ਜੋ ਸਰਾਸਰ ਗਲਤ ਹੈ।

ਉਹਨਾਂ ਕਿਹਾ ਕਿ ਉਸ ਤੋਂ ਬਾਅਦ ਤੋਂ ਉਹ ਕਈ ਵਾਰ ਵਿਭਾਗ ਵਿੱਚ ਸ਼ਿਕਾਇਤ ਦੇ ਚੁੱਕੇ ਹਨ ਕਿ ਜਦੋਂ ਇਸ ਮੀਟਰ ਵਿੱਚ ਸਪਲਾਈ ਹੀ ਨਹੀਂ ਆਉਣੀ ਤਾਂ ਇਸਨੂੰ ਇੱਥੋਂ ਹਟਾਇਆ ਜਾਵੇ ਪਰੰਤੂ ਬਿਜਲੀ ਵਿਭਾਗ ਇਸ ਮੀਟਰ ਨੂੰ ਪੁੱਟਣ ਤੋਂ ਵੀ ਇਨਕਾਰੀ ਹੈ ਅਤੇ ਹੁਣ ਉਹਨਾਂ ਨੂੰ ਲਗਭਗ 6 ਲੱਖ ਦਾ ਬਿਲ ਭੇਜਿਆ ਗਿਆ ਹੈ।

ਉਹਨਾਂ ਕਿਹਾ ਕਿ ਜਦੋਂ ਪਿਛਲੇ 9 ਸਾਲਾਂ ਤੋਂ ਬਿਜਲੀ ਦੀ ਸਪਲਾਈ ਹੀ ਨਹੀਂ ਮਿਲ ਰਹੀ ਫਿਰ ਬਿਜਲੀ ਵਿਭਾਗ ਉਹਨਾਂ ਤੋਂ ਬਿਜਲੀ ਬਿਲ ਦੀ ਇੰਨੀ ਵੱਡੀ ਰਕਮ ਕਿਵੇਂ ਮੰਗ ਸਕਦਾ ਹੈ। ਉਹਨਾਂ ਕਿਹਾ ਕਿ ਉਹ ਅੱਜ ਵੀ ਆਪਣਾ 36 ਹਜਾਰ ਰੁਪਏ ਦਾ ਬਕਾਇਆ ਜਮਾਂ ਕਰਨ ਲਈ ਤਿਆਰ ਹਨ ਪਰੰਤੂ ਬਿਜਲੀ ਵਿਭਾਗ ਹੈ ਕਿ ਉਹਨਾਂ ਨਾਲ ਜਿਆਦਤੀ ਕਰ ਰਿਹਾ ਹੈ।

ਉਹਨਾਂ ਪੰਜਾਬ ਦੇ ਬਿਜਲੀ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣ ਅਤੇ ਇਸ ਮਾਮਲੇ ਦਾ ਹਲ ਕੱਢ ਕੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ।

ਇਸ ਸਬੰਧੀ ਸੰਪਰਕ ਕਰਨ ਤੇ ਐਡੀਸ਼ਨਲ ਐਸ ਈ ਸ੍ਰੀ ਅਮਨਦੀਪ ਸਿੰਘ ਨੇ ਕਿਹਾ ਕਿ ਇਸ ਖਪਤਕਾਰ ਦਾ ਪੁਰਾਣਾ ਬਕਾਇਆ ਰੁਕਿਆ ਹੋਇਆ ਹੈ ਜਿਸ ਸਬੰਧੀ ਖਪਤਕਾਰ ਨੇ ਅਦਾਲਤ ਵਿੱਚ ਕੇਸ ਵੀ ਪਾਇਆ ਸੀ ਅਤੇ ਉਸ ਦੀ ਆੜ ਹੇਠ ਇਸ ਖਪਤਕਾਰ ਵੱਲੋਂ ਬਿਜਲੀ ਦੇ ਅਗਲੇ ਬਿਲ ਵੀ ਜਮ੍ਹਾ ਨਹੀਂ ਕਰਵਾਏ ਗਏ ਜਿਸ ਕਾਰਨ ਉਸ ਦੇ ਪੁਰਾਣੇ ਬਕਾਏ ਅਤੇ ਵਿਆਜ ਦਾ ਬਿਲ ਹੀ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਖਪਤਕਾਰ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਉਹਨਾਂ ਨੂੰ ਨਿੱਜੀ ਤੌਰ ਤੇ ਮਿਲ ਸਕਦਾ ਹੈ।

Continue Reading

Mohali

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਉਤਸ਼ਾਹ ਪੁਰਵਕ ਮਨਾਇਆ ਗਿਆ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ

Published

on

By

ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸਿੱਖ ਪੰਥ ਦੀ ਮਹਾਨ ਸਖਸ਼ੀਅਤ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਪੂਰਵਕ ਮਨਾਇਆ ਗਿਆ। ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਸਾਰਾ ਦਿਨ ਵਿਸ਼ੇਸ਼ ਗੁਮਰਤਿ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਗੁਰਮਤਿ ਸਮਾਗਮ ਵਿੱਚ ਬੀਬੀ ਰਾਜਵੰਤ ਕੌਰ ਸ੍ਰੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਇੰਨਟਰਨੈਸ਼ਨਲ ਢਾਡੀ ਜੱਥੇ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜੀਵਨ ਬ੍ਰਿਤਾਂਤ ਸੰਗਤਾਂ ਨੂੰ ਢਾਡੀ ਵਾਰਾਂ ਵਿੱਚ ਵਿਸਥਾਰ ਸਹਿਤ ਸੁਣਾਇਆ। ਉਨ੍ਹਾਂ ਦੱਸਿਆ ਕਿ ਬਾਬਾ ਬੁੱਢਾ ਜੀ ਨੂੰ 5 ਗੁਰੂ ਸਾਹਿਬਾਨਾਂ ਨੂੰ ਗੁਰਿਆਈ ਦਾ ਤਿਲਕ ਲਗਾਉਣ ਦਾ ਮਾਣ ਹਾਸਲ ਹੈ। ਭਾਈ ਧਰਮ ਸਿੰਘ ਮਾਹੀ ਦੇ ਰਾਗੀ ਜੱਥੇ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਭਾਈ ਗੁਰਪ੍ਰੀਤ ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅੰਮ੍ਰਿਤਸਰ ਵਾਲਿਆਂ ਨੇ ਆਪਣੇ ਪ੍ਰਵਚਣਾਂ ਰਾਹੀਂ ਦਸਿੱਆ ਕਿ ਬਾਬਾ ਬੂੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਪ੍ਰਤਾਪੀ ਪੁੱਤਰ ਹੋਣ ਦਾ ਵਰ ਦਿੱਤਾ ਅਤੇ ਲੰਗਰ ਛਕਦਿਆਂ ਹੋਇਆ ਗੰਢਾ ਭੰਨਦੇ ਹੋਏ ਬਚਨ ਕੀਤੇ ਕਿ ਜਿਵੇਂ ਇਹ ਗੰਢਾ ਭੰਨਿਆ ਹੈ, ਉਸੇ ਤਰ੍ਹਾਂ ਆਪ ਜੀ ਦਾ ਪੁੱਤਰ ਦੁਸ਼ਮਣਾਂ ਦੇ ਸਿਰ ਭੰਨੇਗਾ। ਉਹਨਾਂ ਦੇ ਬਚਨਾਂ ਅਨੁਸਾਰ ਮਾਤਾ ਗੰਗਾ ਜੀ ਦੀ ਕੁੱਖੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ।

ਇਸ ਤੋਂ ਇਲਾਵਾ ਭਾਈ ਰਵਿੰਦਰ ਸਿੰਘ, ਸ਼ੇਰ ਏ ਪੰਜਾਬ ਕਵੀਸ਼ਰੀ ਜੱਥਾ, ਭਾਈ ਹਰਮਨਜੀਤ ਸਿੰਘ, ਭਾਈ ਸਰੂਪ ਸਿੰਘ, ਭਾਈ ਮਹਿੰਦਰਪਾਲ ਸਿੰਘ, ਬੀਬੀ ਹਰਜਿੰਦਰ ਕੌਰ ਜੀ ਦੇ ਜੱਥਿਆਂ ਤੋਂ ਇਲਾਵਾ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਹਜ਼ੂਰੀ ਜੱਥੇ ਭਾਈ ਨਿਤਿੰਨ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਸੰਦੀਪ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕੀਤਾ। ਸਾਰੇ ਜੱਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਜਨਮ ਦਿਹਾੜੇ ਦੀ ਖੁਸ਼ੀ ਵਿੱਚ ਦਰਬਾਰ ਸਾਹਿਬ ਜੀ ਦੀ ਅੰਦਰੋਂ ਫੁੱਲਾਂ ਨਾਲ ਵਿਸ਼ੇਸ਼ ਸਜਾਵਟ ਕੀਤੀ ਗਈ ਸੀ। ਇਸ ਮੌਕੇ ਤੇ ਸੰਗਤਾਂ ਨੇ ਇਸ ਸਥਾਨ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ। ਗੁਰੂ ਕਾ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਇਆ ਗਿਆ।

Continue Reading

Latest News

Trending