Connect with us

National

ਮੰਡੀ ਵਿੱਚ ਭਾਰੀ ਮੀਂਹ ਕਾਰਨ ਹੜ੍ਹ, ਦੋ ਵਿਅਕਤੀਆਂ ਦੀ ਮੌਤ

Published

on

 

ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਮਨਾਲੀ ਅਤੇ ਮੰਡੀ-ਪਠਾਨਕੋਟ ਸਣੇ ਕਈ ਮੁੱਖ ਸੜਕਾਂ ਬੰਦ

ਮੰਡੀ, 29 ਜੁਲਾਈ (ਸ.ਬ.) ਕਾਂਗੜਾ ਨੇੜੇ ਅੱਜ ਸਵੇਰੇ ਭਾਰੀ ਮੀਂਹ ਕਾਰਨ ਜ਼ਮੀਨ ਖਿਸਕ ਗਈ, ਜਿਸ ਕਾਰਨ ਧਰਮਸ਼ਾਲਾ ਜਾਣ ਵਾਲਾ ਕੌਮੀ ਸ਼ਾਹਰਾਹ ਬੰਦ ਹੋ ਗਿਆ ਅਤੇ ਸੈਂਕੜੇ ਵਾਹਨ ਫਸ ਗਏ। ਦੁੱਧ ਅਤੇ ਅਖ਼ਬਾਰਾਂ ਦੀ ਡਲਿਵਰੀ ਵਰਗੀਆਂ ਜ਼ਰੂਰੀ ਸੇਵਾਵਾਂ ਵਿੱਚ ਵਿਘਨ ਪਿਆ। ਘੰਟਿਆਂ ਤੱਕ ਕੋਈ ਅਧਿਕਾਰੀ ਘਟਨਾ ਸਥਾਨ ਤੇ ਨਹੀਂ ਪਹੁੰਚਿਆ, ਜਿਸ ਕਾਰਨ ਲੋਕਾਂ ਵਿੱਚ ਗੁੱਸਾ ਹੈ। ਮੰਡੀ ਵਿੱਚ ਰਾਤ ਭਰ ਪਏ ਮੀਂਹ ਕਾਰਨ ਅਚਾਨਕ ਆਏ ਹੜ੍ਹਾਂ ਨੇ ਦੋ ਲੋਕਾਂ ਦੀ ਜਾਨ ਲੈ ਲਈ ਅਤੇ ਇੱਕ ਵਿਅਕਤੀ ਲਾਪਤਾ ਹੋ ਗਿਆ। ਹੜ੍ਹ ਨੇ ਤੁੰਗਲ ਕਲੋਨੀ ਵਿੱਚ ਵਾਹਨਾਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਾਇਆ। ਬਚਾਅ ਕਾਰਜ ਜਾਰੀ ਹਨ। ਚੰਡੀਗੜ੍ਹ-ਮਨਾਲੀ ਅਤੇ ਮੰਡੀ-ਪਠਾਨਕੋਟ ਹਾਈਵੇਅ ਸਮੇਤ ਕਈ ਮੁੱਖ ਸੜਕਾਂ ਅਜੇ ਵੀ ਬੰਦ ਹਨ।

ਮੰਡੀ ਜ਼ਿਲ੍ਹੇ ਵਿੱਚ ਅੱਜ ਸਵੇਰੇ ਭਿਆਨਕ ਹੜ੍ਹ ਆਇਆ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਇੱਕ ਵਿਅਕਤੀ ਲਾਪਤਾ ਹੋ ਗਿਆ ਅਤੇ ਇੱਕ ਹੋਰ ਜ਼ਖਮੀ ਦੱਸਿਆ ਜਾਂਦਾ ਹੈ। ਇਹ ਘਟਨਾ ਮੰਡੀ ਸ਼ਹਿਰ ਦੇ ਜੇਲ੍ਹ ਰੋਡ ਟੰਗਲ ਕਲੋਨੀ ਵਿੱਚ ਰਾਤ ਭਰ ਪਏ ਭਾਰੀ ਮੀਂਹ ਤੋਂ ਬਾਅਦ ਵਾਪਰੀ। ਹੜ੍ਹ ਕਾਰਨ ਵਿਆਪਕ ਤਬਾਹੀ ਹੋਈ। ਸਥਾਨਕ ਅਧਿਕਾਰੀਆਂ ਅਨੁਸਾਰ ਅਚਾਨਕ ਆਇਆ ਹੜ੍ਹ ਦਰਜਨਾਂ ਪਾਰਕ ਕੀਤੇ ਵਾਹਨਾਂ ਨੂੰ ਵਹਾ ਕੇ ਲੈ ਗਿਆ। ਚਿੱਕੜ ਅਤੇ ਮਲਬਾ ਘਰਾਂ ਵਿੱਚ ਦਾਖਲ ਹੋ ਗਿਆ ਅਤੇ ਜਾਇਦਾਦ ਨੂੰ ਨੁਕਸਾਨ ਪੁੁੱਜਾ। ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਸਥਾਨਕ ਲੋਕ ਹੈਰਾਨ ਹਨ।

ਪੈਲੇਸ ਕਲੋਨੀ ਦੇ ਵਾਰਡ ਕੌਂਸਲਰ ਹਰਦੀਪ ਸਿੰਘ ਰਾਜਾ ਨੇ ਦੱਸਿਆ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇੱਕ ਪਰਿਵਾਰ ਦੇ ਚਾਰ ਮੈਂਬਰ ਸਵੇਰੇ-ਸਵੇਰੇ ਆਪਣੇ ਘਰ ਤੋਂ ਬਾਹਰ ਨਿਕਲੇ ਤਾਂ ਜੋ ਉਹ ਆਪਣੀ ਗੱਡੀ ਨੂੰ ਸੁਰੱਖਿਅਤ ਥਾਂ ਤੇ ਲਿਜਾ ਸਕਣ। ਉਸੇ ਪਲ ਹੜ੍ਹ ਦੇ ਪਾਣੀ ਦਾ ਇੱਕ ਤੇਜ਼ ਵਹਾਅ ਆਇਆ ਜੋ ਤਿੰਨਾਂ ਨੂੰ ਵਹਾਅ ਕੇ ਲੈ ਗਿਆ। ਪਰਿਵਾਰ ਦੇ ਇੱਕ ਮੈਂਬਰ ਦੀ ਲੱਤ ਟੁੱਟ ਗਈ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ।

ਹੁਣ ਤੱਕ, ਬਚਾਅ ਟੀਮਾਂ ਨੇ ਦੋ ਲਾਸ਼ਾਂ ਬਰਾਮਦ ਕੀਤੀਆਂ ਹਨ, ਜਦੋਂ ਕਿ ਲਾਪਤਾ ਵਿਅਕਤੀ ਨੂੰ ਲੱਭਣ ਲਈ ਖੋਜ ਅਤੇ ਬਚਾਅ ਕਾਰਜ ਜਾਰੀ ਹਨ। ਜ਼ਿਲ੍ਹਾ ਪ੍ਰਸ਼ਾਸਨ, ਐਸ ਡੀ ਆਰ ਐਫ ਅਤੇ ਸਥਾਨਕ ਵਲੰਟੀਅਰ ਮਲਬਾ ਹਟਾਉਣ ਅਤੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਵਿੱਚ ਲੱਗੇ ਹਨ।

ਮਨੁੱਖੀ ਜਾਨਾਂ ਤੋਂ ਇਲਾਵਾ ਅਚਾਨਕ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਰਕੇ ਚੰਡੀਗੜ੍ਹ-ਮਨਾਲੀ ਕੌਮੀ ਸ਼ਾਹਰਾਹ ਕਈ ਥਾਵਾਂ ਤੇ ਬੰਦ ਹੈ। ਖਾਸ ਕਰਕੇ ਪੰਡੋਹ ਦੇ ਨੇੜੇ 4 ਮੀਲ ਅਤੇ 9 ਮੀਲ ਤੇ- ਮੰਡੀ ਅਤੇ ਕੁੱਲੂ ਵਿਚਕਾਰ ਆਵਾਜਾਈ ਅਸਰਅੰਦਾਜ਼ ਹੋਈ ਹੈ। ਜੋਗਿੰਦਰਨਗਰ ਨੇੜੇ ਲਵੰਡੀ ਪੁਲ ਤੇ ਜ਼ਮੀਨ ਖਿਸਕਣ ਕਾਰਨ ਮੰਡੀ-ਪਠਾਨਕੋਟ ਸ਼ਾਹਰਾਹ ਵੀ ਬੰਦ ਹੈ।

ਜ਼ਿਲ੍ਹੇ ਦੀਆਂ ਕਈ ਹੋਰ ਅੰਦਰੂਨੀ ਸੜਕਾਂ ਵੀ ਜ਼ਮੀਨ ਖਿਸਕਣ ਅਤੇ ਪਾਣੀ ਭਰਨ ਕਾਰਨ ਲੰਘਣ ਦੇ ਯੋਗ ਨਹੀਂ ਰਹੀਆਂ ਹਨ। ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਅਤੇ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਹੈ। ਜ਼ਿਲ੍ਹਾ ਅਧਿਕਾਰੀ ਹਾਲਾਤ ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਪ੍ਰਭਾਵਿਤ ਲੋਕਾਂ ਨੂੰ ਅਸਥਾਈ ਆਸਰਾ, ਡਾਕਟਰੀ ਸਹਾਇਤਾ ਅਤੇ ਭੋਜਨ ਸਪਲਾਈ ਸਮੇਤ ਰਾਹਤ ਉਪਾਅ ਪ੍ਰਦਾਨ ਕੀਤੇ ਜਾ ਰਹੇ ਹਨ।

ਅੱਜ ਸਵੇਰੇ ਕਾਂਗੜਾ ਨੇੜੇ ਭਾਰੀ ਮੀਂਹ ਕਾਰਨ ਹੋਏ ਜ਼ਮੀਨ ਦਾ ਇਕ ਵੱਡਾ ਹਿੱਸਾ ਖਿਸਕਣ ਨਾਲ ਕੌਮੀ ਸ਼ਾਹਰਾਹ ਬੰਦ ਹੋ ਗਿਆ, ਜਿਸ ਨਾਲ ਧਰਮਸ਼ਾਲਾ, ਮੈਕਲੌਡਗੰਜ ਅਤੇ ਆਲੇ ਦੁਆਲੇ ਦੇ ਇਲਾਕਿਆਂ ਤੱਕ ਜਾਣ ਵਾਲਾ ਇੱਕੋ-ਇੱਕ ਮੁੱਖ ਸੜਕੀ ਸੰਪਰਕ ਟੁੱਟ ਗਿਆ। ਨਤੀਜੇ ਵਜੋਂ ਹਾਈਵੇਅ ਦੇ ਦੋਵੇਂ ਪਾਸੇ ਸੈਂਕੜੇ ਵਾਹਨ ਫਸ ਗਏ, ਜਿਸ ਕਾਰਨ ਆਵਾਜਾਈ ਅਤੇ ਜ਼ਰੂਰੀ ਸੇਵਾਵਾਂ ਵਿੱਚ ਵੱਡਾ ਵਿਘਨ ਪਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਖੇਤਰ ਵਿੱਚ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਸਵੇਰੇ 3 ਵਜੇ ਦੇ ਕਰੀਬ ਜ਼ਮੀਨ ਖਿਸਕ ਗਈ। ਸੜਕ ਦੇ ਕਈ ਹਿੱਸੇ ਮਲਬੇ ਅਤੇ ਢਿੱਲੀਆਂ ਚੱਟਾਨਾਂ ਦੇ ਢੇਰ ਹੇਠ ਦੱਬ ਗਏ। ਫਸੇ ਵਾਹਨਾਂ ਵਿੱਚ ਸਵੇਰੇ ਅਖ਼ਬਾਰਾਂ ਦੀ ਵੰਡ ਕਰਨ ਵਾਲੀਆਂ ਵੈਨਾਂ ਵੀ ਸ਼ਾਮਲ ਸਨ ਜੋ ਪੂਰੇ ਖੇਤਰ ਵਿੱਚ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਦੁੱਧ ਦੀ ਡਲਿਵਰੀ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰਨ ਵਾਲੇ ਵਾਹਨ ਵੀ ਹਾਈਵੇਅ ਤੇ ਫਸੇ ਹੋਏ ਸਨ।

ਹਾਲਾਤ ਦੀ ਗੰਭੀਰਤਾ ਦੇ ਬਾਵਜੂਦ, ਜ਼ਿਲ੍ਹਾ ਪ੍ਰਸ਼ਾਸਨ, ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ), ਜਾਂ ਰਾਜ ਲੋਕ ਨਿਰਮਾਣ ਵਿਭਾਗ ਦਾ ਕੋਈ ਵੀ ਅਧਿਕਾਰੀ ਕਈ ਘੰਟਿਆਂ ਤੱਕ ਘਟਨਾ ਸਥਾਨ ਤੇ ਨਹੀਂ ਪਹੁੰਚਿਆ। ਮਲਬੇ ਨੂੰ ਹਟਾਉਣ ਲਈ ਕੋਈ ਤੁਰੰਤ ਕੋਸ਼ਿਸ਼ ਨਹੀਂ ਕੀਤੀ ਗਈ, ਜਿਸ ਕਾਰਨ ਯਾਤਰੀ ਅਤੇ ਸੈਲਾਨੀ ਲਗਾਤਾਰ ਮੀਂਹ ਵਿਚ ਖੱਜਲ ਖੁਆਰ ਹੋ ਰਹੇ ਹਨ।

ਅਖ਼ਬਾਰ ਡਲਿਵਰੀ ਵਾਹਨ ਦੇ ਡਰਾਈਵਰ, ਜੋ ਧਰਮਸ਼ਾਲਾ ਵੱਲ ਜਾ ਰਿਹਾ ਸੀ, ਨੇ ਕਿਹਾ ਕਿ ਉਹ ਸਵੇਰੇ 4 ਵਜੇ ਤੋਂ ਇੱਥੇ ਫਸਿਆ ਹੋਇਆ ਹੈ। ਅਧਿਕਾਰੀਆਂ ਤੋਂ ਕੋਈ ਜਾਣਕਾਰੀ ਨਹੀਂ ਹੈ ਅਤੇ ਸੜਕ ਪੂਰੀ ਤਰ੍ਹਾਂ ਬੰਦ ਹੈ।

ਬੰਦ ਹਾਈਵੇਅ ਨੇ ਇੱਕ ਵਾਰ ਫਿਰ ਮੌਨਸੂਨ ਦੇ ਮੌਸਮ ਦੌਰਾਨ ਪਹਾੜੀ ਰਾਜ ਵਿੱਚ ਸੜਕੀ ਬੁਨਿਆਦੀ ਢਾਂਚੇ ਦੀ ਕਮਜ਼ੋਰੀ ਨੂੰ ਉਜਾਗਰ ਕੀਤਾ ਹੈ। ਪ੍ਰਸ਼ਾਸਨ ਨੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ ਕਿ ਸੜਕ ਕਦੋਂ ਸਾਫ਼ ਹੋਵੇਗੀ ਅਤੇ ਆਵਾਜਾਈ ਕਦੋਂ ਤੱਕ ਬਹਾਲ ਹੋਣ ਦੀ ਉਮੀਦ ਹੈ। ਮੌਸਮ ਵਿਭਾਗ ਵੱਲੋਂ ਅਗਲੇ 48 ਘੰਟਿਆਂ ਵਿੱਚ ਹੋਰ ਮੀਂਹ ਪੈਣ ਦੀ ਭਵਿੱਖਬਾਣੀ ਦੇ ਨਾਲ, ਖੇਤਰ ਵਿੱਚ ਹੋਰ ਜ਼ਮੀਨ ਖਿਸਕਣ ਅਤੇ ਵਿਘਨ ਪੈਣ ਦੀ ਚਿੰਤਾ ਵਧ ਰਹੀ ਹੈ।

Continue Reading

National

ਸੁਪਰੀਮ ਕੋਰਟ ਨੇ ਪੰਜਾਬ-ਹਰਿਆਣਾ ਦਾ ਹਿਮਾਚਲ ਨਾਲ ਦਹਾਕਿਆਂ ਪੁਰਾਣਾ ਵਿਵਾਦ ਨਬੇੜਿਆ

Published

on

By

ਅਗਲੇ 20 ਸਾਲਾਂ ਵਿੱਚ 11,973 ਮਿਲੀਅਨ ਯੂਨਿਟ ਬਿਜਲੀ ਦੇ ਰੂਪ ਵਿੱਚ ਹੋਵੇਗੀ ਬਕਾਏ ਦੀ ਅਦਾਇਗੀ

ਨਵੀਂ ਦਿੱਲੀ, 6 ਨਵੰਬਰ (ਸ.ਬ.) ਸੁਪਰੀਮ ਕੋਰਟ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਪ੍ਰੋਜੈਕਟਾਂ ਤੋਂ ਸਾਲ 1966 ਤੋਂ ਲਟਕਦੇ ਆ ਰਹੇ ਬਿਜਲੀ ਬਕਾਏ ਦੇ ਭੁਗਤਾਨ ਨੂੰ ਲੈ ਕੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿਚਕਾਰ ਚੱਲ ਰਹੇ ਦਹਾਕਿਆਂ ਪੁਰਾਣੇ ਊਰਜਾ ਵਿਵਾਦ ਦਾ ਪੱਕਾ ਨਿਬੇੜਾ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਵੱਲੋਂ ਹਿਮਾਚਲ ਪ੍ਰਦੇਸ਼ ਨੂੰ ਬਿਜਲੀ ਦੇ ਰੂਪ ਵਿੱਚ ਬਕਾਏ ਦਾ ਭੁਗਤਾਨ ਕਰਨ ਦੇ ਕੇਂਦਰ ਸਰਕਾਰ ਦੇ ਕੈਸ਼ਲੈਸ ਸੁਝਾਅ ਨੂੰ ਪ੍ਰਵਾਨ ਕਰ ਲਿਆ ਹੈ। ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੋਏਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੇ ਬੈਂਚ ਨੇ ਇਸ ਇਤਿਹਾਸਕ ਫੈਸਲੇ ਰਾਹੀਂ ਸਾਰੇ ਪੱਖਾਂ ਦੇ ਹਿੱਸੇ ਤੈਅ ਕਰ ਦਿੱਤੇ ਹਨ।

ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਵਾਂ ਪ੍ਰਬੰਧ ਸਾਲ 2011 ਦੇ ਉਸ ਫੈਸਲੇ ਦੇ ਮੁਤਾਬਕ ਹੀ ਹੋਵੇਗਾ ਜਿਸ ਵਿੱਚ ਸਾਲ 1966 ਤੋਂ ਚੱਲ ਰਹੇ ਭਾਖੜਾ ਨੰਗਲ ਅਤੇ ਬਿਆਸ ਹਾਈਡ੍ਰੋ ਪ੍ਰੋਜੈਕਟਾਂ ਦੇ ਬਿਜਲੀ ਬਕਾਏ ਵਿੱਚ ਹਿਮਾਚਲ ਪ੍ਰਦੇਸ਼ ਦਾ ਹਿੱਸਾ 7.19 ਫੀਸਦੀ ਤੈਅ ਕੀਤਾ ਗਿਆ ਸੀ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਲਿਖਿਆ ਕਿ, ‘ਪੰਜਾਬ ਅਤੇ ਹਰਿਆਣਾ ਅਗਲੇ 20 ਸਾਲਾਂ ਦੀ ਮਿਆਦ ਦੇ ਦੌਰਾਨ ਹਿਮਾਚਲ ਪ੍ਰਦੇਸ਼ ਨੂੰ 11,973 ਮਿਲੀਅਨ ਯੂਨਿਟ ਬਿਜਲੀ ਦਾ ਭੁਗਤਾਨ ਕਰਨਗੇ।’ ਕੇਂਦਰੀ ਬਿਜਲੀ ਅਥਾਰਟੀ ਵੱਲੋਂ ਅਸਲ ਹੱਕਾਂ ਦੀ ਗਣਨਾ 13,066 ਮਿਲੀਅਨ ਯੂਨਿਟ ਕੀਤੀ ਗਈ ਸੀ, ਜਿਸ ਨੂੰ ਹੁਣ ਆਪਸੀ ਸਹਿਮਤੀ ਅਤੇ ਸ਼ਰਤਾਂ ਮੁਤਾਬਕ ਸੋਧਿਆ ਗਿਆ ਹੈ।

ਇਸ ਨਵੇਂ ਸਮਝੌਤੇ ਦੇ ਤਹਿਤ ਹਿਮਾਚਲ ਪ੍ਰਦੇਸ਼ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਇਨ੍ਹਾਂ ਡੈਮਾਂ ਦੇ ਨਿਰਮਾਣ ਦੌਰਾਨ ਹੋਏ ਇਤਿਹਾਸਕ ਖਰਚਿਆਂ ਨੂੰ ਵੀ ਸੈਟਲਮੈਂਟ ਵਿੱਚ ਸ਼ਾਮਲ ਕਰ ਲਿਆ ਗਿਆ ਹੈ।

Continue Reading

National

ਟਰੱਕ ਦੀ ਟੱਕਰ ਕਾਰਨ 7 ਵਿਅਕਤੀਆਂ ਦੀ ਮੌਤ, 2 ਗੰਭੀਰ ਜ਼ਖਮੀ

Published

on

By

ਖੂੰਟੀ, 6 ਨਵੰਬਰ (ਸ.ਬ.) ਝਾਰਖੰਡ ਦੇ ਖੂੰਟੀ ਜ਼ਿਲ੍ਹੇ ਵਿਚ ਬੀਤੀ ਦੇਰ ਰਾਤ ਕਰਰਾ-ਟੋਰਪਾ ਮੁੱਖ ਸੜਕ ਤੇ, ਕਰਰਾ ਥਾਣੇ ਦੇ ਅਧਿਕਾਰ ਖੇਤਰ ਵਿੱਚ, ਇੱਕ ਤੇਜ਼ ਰਫ਼ਤਾਰ ਟਰੱਕ ਨੇ ਸੜਕ ਕਿਨਾਰੇ ਖੜ੍ਹੇ ਕਈ ਲੋਕਾਂ ਨੂੰ ਦਰੜ ਦਿੱਤਾ। ਇਸ ਘਟਨਾ ਵਿੱਚ 10 ਮਹੀਨਿਆਂ ਦੇ ਬੱਚੇ ਸਮੇਤ ਸੱਤ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ ਮਰਨ ਵਾਲੇ ਸਾਰੇ ਲੋਕ ਇੱਕੋ ਪਰਿਵਾਰ ਨਾਲ ਸਬੰਧਤ ਸਨ।

ਰਿਪੋਰਟਾਂ ਅਨੁਸਾਰ, ਇਹ ਘਟਨਾ ਖੂੰਟੀ ਜ਼ਿਲ੍ਹੇ ਦੇ ਕਰਰਾ ਥਾਣੇ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਜੋਨ-ਲੁਦਰੂ ਮੋੜ ਨੇੜੇ ਵਾਪਰੀ। ਬੀਤੀ ਰਾਤ ਨੇੜਲੇ ਇਲਾਕੇ ਦੇ ਵਸਨੀਕ ਇੱਕ ਹਾਦਸਾ ਹੋਣ ਦੀ ਆਵਾਜ਼ ਸੁਣ ਕੇ ਆਪਣੇ ਘਰਾਂ ਤੋਂ ਬਾਹਰ ਆ ਗਏ। ਇਸ ਤੋਂ ਬਾਅਦ, ਉਹ ਘਟਨਾ ਵਾਲੀ ਥਾਂ ਦੇਖਣ ਲਈ ਕਰਰਾ-ਤੋਰਪਾ ਮੁੱਖ ਸੜਕ ਤੇ ਇਕੱਠੇ ਹੋ ਗਏ।

ਇਸੇ ਦੌਰਾਨ, ਤੋਰਪਾ ਵੱਲੋਂ ਆ ਰਿਹਾ ਇੱਕ ਤੇਜ਼ ਰਫ਼ਤਾਰ ਟਰੱਕ ਅਚਾਨਕ ਬੇਕਾਬੂ ਹੋ ਗਿਆ। ਸੜਕ ਤੇ ਮੌਜੂਦ ਲੋਕਾਂ ਨੂੰ ਸੰਭਲਣ ਦਾ ਮੌਕਾ ਦਿੱਤੇ ਬਿਨਾਂ ਹੀ, ਟਰੱਕ ਉਨ੍ਹਾਂ ਦੇ ਉੱਪਰ ਚੜ੍ਹ ਗਿਆ। ਕਈ ਲੋਕ ਇਸ ਵਾਹਨ ਦੀ ਲਪੇਟ ਵਿੱਚ ਆ ਗਏ, ਜ਼ਿਕਰਯੋਗ ਹੈ ਕਿ ਟਰੱਕ ਨੇ ਇੱਕ ਤੋਂ ਬਾਅਦ ਇੱਕ ਕਰਕੇ ਲਗਭਗ ਅੱਠ ਤੋਂ ਨੌਂ ਵਿਅਕਤੀਆਂ ਨੂੰ ਦਰੜ ਦਿੱਤਾ।

ਟਰੱਕ ਲੋਕਾਂ ਨੂੰ ਕੁਚਲਣ ਤੋਂ ਬਾਅਦ ਵੀ ਨਹੀਂ ਰੁਕਿਆ। ਬੇਕਾਬੂ ਹੋਇਆ ਵਾਹਨ ਸੜਕ ਦੇ ਕਿਨਾਰੇ ਬਣੀ ਇੱਕ ਪੁਲੀ ਨੂੰ ਤੋੜਦਾ ਹੋਇਆ ਨੇੜਲੇ ਖੱਡੇ ਵਿੱਚ ਜਾ ਡਿੱਗਿਆ। ਹਾਦਸੇ ਤੋਂ ਬਾਅਦ ਆਸ-ਪਾਸ ਮੌਜੂਦ ਲੋਕ ਤੁਰੰਤ ਉੱਥੇ ਪਹੁੰਚੇ ਅਤੇ ਜ਼ਖਮੀਆਂ ਨੂੰ ਬਾਹਰ ਕੱਢਣ ਵਿੱਚ ਜੁੱਟ ਗਏ।

ਇਸ ਭਿਆਨਕ ਹਾਦਸੇ ਵਿੱਚ ਹੁਣ ਤੱਕ ਸੱਤ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ ਲਗਭਗ 10 ਮਹੀਨਿਆਂ ਦਾ ਇੱਕ ਬੱਚਾ ਵੀ ਸ਼ਾਮਲ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਹਾਦਸੇ ਵਿੱਚ ਜਾਨ ਗੁਆਉਣ ਵਾਲੇ ਸਾਰੇ ਲੋਕ ਇੱਕੋ ਪਰਿਵਾਰ ਦੇ ਦੱਸੇ ਜਾ ਰਹੇ ਹਨ। ਹਾਲਾਂਕਿ, ਮ੍ਰਿਤਕਾਂ ਦੀ ਪਛਾਣ ਅਤੇ ਆਪਸੀ ਰਿਸ਼ਤਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਆਉਣੀ ਅਜੇ ਬਾਕੀ ਹੈ। ਇਸ ਘਟਨਾ ਵਿੱਚ ਦੋ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਸਥਾਨਕ ਵਸਨੀਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਬਿਹਤਰ ਡਾਕਟਰੀ ਦੇਖਭਾਲ ਲਈ ਦੋਵਾਂ ਜ਼ਖ਼ਮੀਆਂ ਨੂੰ ਖੂੰਟੀ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

Continue Reading

National

ਮੋਬਾਈਲ ਦੀ ਦੁਕਾਨ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

Published

on

By

ਨਵੀਂ ਦਿੱਲੀ, 6 ਨਵੰਬਰ (ਸ.ਬ.) ਦਿੱਲੀ ਦੀ ਗੱਫਾਰ ਮਾਰਕੀਟ ਵਿੱਚ ਅੱਜ ਤੜਕੇ ਇੱਕ ਮੋਬਾਈਲ ਐਕਸੈਸਰੀਜ਼ ਦੀ ਦੁਕਾਨ ਵਿੱਚ ਭਿਆਨਕ ਅੱਗ ਲੱਗ ਗਈ, ਜੋ ਚਾਰ ਮੰਜਿਲਾ ਵਪਾਰਕ ਇਮਾਰਤ ਵਿੱਚ ਫੈਲ ਗਈ। ਪੁਲੀਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਤੇ ਕਾਬੂ ਪਾਉਣ ਲਈ ਲਗਪਗ 22 ਅੱਗ ਬੁਝਾਊ ਗੱਡੀਆਂ ਤਾਇਨਾਤ ਕਰਨੀਆਂ ਪਈਆਂ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸੇ ਦੇ ਮਾਰੇ ਜਾਣ ਜਾਂ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ, ਜਦੋਂ ਕਿ ਅੱਗ ਨਾਲ ਜਾਇਦਾਦ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੀ ਨਜ਼ਰੇ ਬੈਟਰੀਆਂ ਦਾ ਜ਼ਿਆਦਾ ਗਰਮ ਹੋਣਾ ਜਾਂ ਓਵਰਚਾਰਜਿੰਗ ਅੱਗ ਲੱਗਣ ਦਾ ਸੰਭਾਵੀ ਕਾਰਨ ਜਾਪਦਾ ਹੈ, ਉਨ੍ਹਾਂ ਅੱਗੇ ਕਿਹਾ ਕਿ ਵਿਸਥਾਰਤ ਜਾਂਚ ਤੋਂ ਬਾਅਦ ਹੀ ਅਸਲ ਕਾਰਨ ਦਾ ਪਤਾ ਲੱਗੇਗਾ।

ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਰੀ ਪਲਾਜ਼ਾ ਵਿਖੇ ਬੀਤੀ ਰਾਤ 1.28 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਕਰੌਲ ਬਾਗ ਪੁਲੀਸ ਥਾਣੇ ਵਿੱਚ ਇੱਕ ਪੀ.ਸੀ.ਆਰ. ਕਾਲ ਪ੍ਰਾਪਤ ਹੋਈ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਥਾਣੇ ਦਾ ਰਾਤ ਦਾ ਸਟਾਫ਼ ਤੁਰੰਤ ਮੌਕੇ ਤੇ ਪਹੁੰਚਿਆ ਅਤੇ ਵਪਾਰਕ ਇਮਾਰਤ ਦੀ ਦੁਕਾਨ ਨੰਬਰ 13/21 ਵਿੱਚ ਅੱਗ ਲੱਗੀ ਦੇਖੀ, ਜਿਸ ਵਿੱਚ ਮੋਬਾਈਲ ਐਕਸੈਸਰੀਜ਼ ਨਾਲ ਸਬੰਧਤ ਕਾਰੋਬਾਰ ਹੁੰਦੇ ਹਨ।

ਪੁਲੀਸ ਅਨੁਸਾਰ ਸ਼ੱਕ ਹੈ ਕਿ ਅੱਗ ਗਰਾਊਂਡ ਫਲੋਰ ਤੇ ਸਥਿਤ ਇਕ ਦੁਕਾਨ ਤੋਂ ਸ਼ੁਰੂ ਹੋਈ, ਜਿੱਥੇ ਮੋਬਾਈਲ ਬੈਟਰੀਆਂ ਰੱਖੀਆਂ ਹੋਈਆਂ ਸਨ, ਇਸ ਤੋਂ ਪਹਿਲਾਂ ਕਿ ਇਹ ਚਾਰ ਮੰਜਿਲਾ ਇਮਾਰਤ ਦੀਆਂ ਉੱਪਰਲੀਆਂ ਮੰਜਿਲਾਂ ਤੱਕ ਫੈਲ ਜਾਵੇ। ਅੱਗ ਤੇ ਕਾਬੂ ਪਾਉਣ ਅਤੇ ਐਮਰਜੈਂਸੀ ਰਿਸਪਾਂਸ ਵਿੱਚ ਮਦਦ ਲਈ ਲਗਪਗ 20 ਤੋਂ 25 ਅੱਗ ਬੁਝਾਊ ਗੱਡੀਆਂ, ਤਿੰਨ ਸੈਂਟਰਲਾਈਜ਼ਡ ਐਕਸੀਡੈਂਟ ਐਂਡ ਟਰਾਮਾ ਸਰਵਿਸਿਜ਼ ਐਂਬੂਲੈਂਸਾਂ ਅਤੇ ਦੋ ਪੀ.ਸੀ.ਆਰ. ਵਾਹਨ ਮੌਕੇ ਤੇ ਭੇਜੇ ਗਏ। ਜਿਵੇਂ ਹੀ ਅੱਗ ਤੇਜ਼ ਹੋਈ, ਹੋਰ ਅੱਗ ਬੁਝਾਊ ਵਾਹਨ ਕੰਮ ਤੇ ਲਗਾਏ ਗਏ। ਪੁਲੀਸ ਨੇ ਦੱਸਿਆ ਕਿ ਅੱਗ ਤੇ ਕਾਬੂ ਪਾਉਣ ਅਤੇ ਬਾਅਦ ਵਿੱਚ ਇਸ ਨੂੰ ਬੁਝਾਉਣ ਤੋਂ ਪਹਿਲਾਂ ਅੱਗ ਬੁਝਾਊ ਅਭਿਆਨ ਕਈ ਘੰਟਿਆਂ ਤੱਕ ਚੱਲਿਆ।

ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਦਿੱਲੀ ਫਾਇਰ ਸਰਵਿਸ ਅਤੇ ਇਲੈਕਟ੍ਰੀਕਲ ਇੰਸਪੈਕਟਰ ਤੋਂ ਰਿਪੋਰਟ ਹਾਸਲ ਕੀਤੀ ਜਾਵੇਗੀ। ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਟੀਮ ਵੀ ਇਮਾਰਤ ਦੀ ਜਾਂਚ ਕਰੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉੱਥੇ ਕੋਈ ਹੋਰ ਜਲਨਸ਼ੀਲ ਸਮੱਗਰੀ ਤਾਂ ਨਹੀਂ ਰੱਖੀ ਗਈ ਸੀ।

ਪੁਲੀਸ ਨੇ ਕਿਹਾ ਕਿ ਰਿਪੋਰਟਾਂ ਦੇ ਨਤੀਜਿਆਂ ਦੇ ਆਧਾਰ ਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਮਨੁੱਖੀ ਜਾਨਾਂ ਦੇ ਕਿਸੇ ਵੀ ਖਤਰੇ ਨੂੰ ਖਾਰਜ ਕਰਨ ਲਈ ਮਿਊਂਸਪਲ ਕਾਰਪੋਰੇਸ਼ਨ ਆਫ ਦਿੱਲੀ ਤੋਂ ਸਟ੍ਰਕਚਰਲ ਸੇਫਟੀ ਅਸੈਸਮੈਂਟ ਜਾਂ ਸਰਟੀਫਿਕੇਟ ਵੀ ਮੰਗਿਆ ਜਾਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਅੱਗ ਬੁਝਾ ਦਿੱਤੀ ਗਈ ਹੈ ਅਤੇ ਮੌਕੇ ਤੇ ਸਥਿਤੀ ਕਾਬੂ ਹੇਠ ਹੈ, ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

Continue Reading

Latest News

Trending