Connect with us

National

ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ

Published

on

 

 

ਵਿਰੋਧੀ ਧਿਰਾਂ ‘ਐਸ ਆਈ ਆਰ’ ਤੇ ਚਰਚਾ ਲਈ ਬਜ਼ਿੱਦ,

ਨਵੀਂ ਦਿੱਲੀ, 1 ਅਗਸਤ (ਸ.ਬ.) ਵਿਰੋਧੀ ਧਿਰਾਂ ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਦੇ ਅਮਲ ਉੱਤੇ ਚਰਚਾ ਦੀ ਮੰਗ ਨੂੰ ਲੈ ਕੇ ਅੱਜ ਵੀ ਬਜ਼ਿੱਦ ਰਹੀਆਂ। ਵਿਰੋਧੀ ਧਿਰਾਂ ਵੱਲੋਂ ਪਾਏ ਰੌਲੇ ਰੱਪੇ ਕਰਕੇ ਅੱਜ ਵੀ ਉਪਰਲੇ ਸਦਨ ਦੀ ਕਾਰਵਾਈ ਵਿਚ ਅੜਿੱਕਾ ਪਿਆ। ਸਦਨ ਦੀ ਕਾਰਵਾਈ ਪਹਿਲਾਂ 12 ਵਜੇ ਤੱਕ ਤੇ ਮੁੜ ਕੇ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ਹੁਣ ਸੋਮਵਾਰ ਨੂੰ ਸਵੇਰੇ 11 ਵਜੇ ਮੁੜ ਜੁੜੇਗਾ।

ਇਸ ਤੋਂ ਪਹਿਲਾਂ ਅੱਜ ਸਵੇਰੇ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਸੂਚੀਬੱਧ ਪੇਪਰਾਂ ਨੂੰ ਪੇਸ਼ ਕੀਤੇ ਜਾਣ ਤੋਂ ਫੌਰੀ ਮਗਰੋਂ ਡਿਪਟੀ ਚੇਅਰਮੈਨ ਹਰਿਵੰਸ਼ ਨੇ ਕਿਹਾ ਕਿ ਉਨ੍ਹਾਂ ਨੂੰ ਐਸ ਆਈ ਆਰ, ਦੂਜੇ ਰਾਜਾਂ ਵਿੱਚ ਬੰਗਾਲੀ ਪਰਵਾਸੀ ਕਾਮਿਆਂ ਨਾਲ ਕਥਿਤ ਵਿਤਕਰਾ, ਭਾਰਤੀ ਦਰਾਮਦਾਂ ਤੇ 25 ਫੀਸਦ ਟੈਰਿਫ ਲਗਾਉਣ ਦੇ ਅਮਰੀਕੀ ਫੈਸਲੇ ਦਾ ਪ੍ਰਭਾਵ, ਅਤੇ ਭਾਰਤੀ ਆਈਟੀ ਖੇਤਰ ਵਿੱਚ ਵੱਡੇ ਪੱਧਰ ਤੇ ਛਾਂਟੀ ਆਦਿ ਮਸਲਿਆਂ ਤੇ ਚਰਚਾ ਲਈ ਨਿਯਮ 267 ਤਹਿਤ 30 ਮੁਲਤਵੀ ਨੋਟਿਸ ਮਿਲੇ ਹਨ। ਉਨ੍ਹਾਂ ਕਿਹਾ ਕਿ ਕਿਉਂਕਿ ਨੋਟਿਸ ਚੇਅਰ ਵੱਲੋਂ ਦਿੱਤੇ ਗਏ ਵਿਸਤ੍ਰਿਤ ਨਿਰਦੇਸ਼ਾਂ ਅਨੁਸਾਰ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ। ਵਿਰੋਧੀ ਧਿਰ ਨੇ ਚੇਅਰਪਰਸਨ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ। ਕਈ ਮੈਂਬਰ ਸਦਨ ਦੇ ਐਨ ਵਿਚਾਲੇ ਆ ਗਏ।

ਚੇਅਰਪਰਸਨ ਨੇ ਆਰਜੇਡੀ ਦੇ ਮਨੋਜ ਕੁਮਾਰ ਝਾਅ ਨੂੰ ਬੋਲਣ ਦੀ ਇਜਾਜ਼ਤ ਦਿੱਤੀ, ਜਿਨ੍ਹਾਂ ਚੇਅਰਪਰਸਨ ਨੂੰ ਐਸ ਆਈ ਆਰ ਤੇ ਚਰਚਾ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ। ਹਰਿਵੰਸ਼ ਨੇ ਕਿਹਾ ਕਿ ਕਿਉਂਕਿ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ, ਇਸ ਲਈ ਉਹ ਇਸ ਤੇ ਚਰਚਾ ਦੀ ਇਜਾਜ਼ਤ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ਅਤੇ ਇਸ ਸਦਨ ਦੇ ਨਿਯਮ ਬਹੁਤ ਸਪੱਸ਼ਟ ਹਨ। ਮੈਂ ਚਰਚਾ ਦੀ ਇਜਾਜ਼ਤ ਨਹੀਂ ਦੇ ਸਕਦਾ। ਉਨ੍ਹਾਂ ਪ੍ਰਦਰਸ਼ਨਕਾਰੀ ਮੈਂਬਰਾਂ ਨੂੰ ਆਪਣੀਆਂ ਸੀਟਾਂ ਤੇ ਵਾਪਸ ਜਾਣ ਦੀ ਅਪੀਲ ਕੀਤੀ ਅਤੇ ਆਪ ਦੇ ਅਸ਼ੋਕ ਕੁਮਾਰ ਮਿੱਤਲ ਨੂੰ ਸਿਫ਼ਰ ਕਾਲ ਦੌਰਾਨ ਆਪਣੀ ਗੱਲ ਰੱਖਣ ਲਈ ਬੁਲਾਇਆ। ਹਾਲਾਂਕਿ ਵਿਰੋਧੀ ਧਿਰਾਂ ਦਾ ਪ੍ਰਦਰਸ਼ਨ ਜਾਰੀ ਰਿਹਾ। ਚੇਅਰਪਰਸਨ ਦੀਆਂ ਸੁਚਾਰੂ ਕੰਮਕਾਜ ਯਕੀਨੀ ਬਣਾਉਣ ਲਈ ਵਾਰ-ਵਾਰ ਕੀਤੀਆਂ ਅਪੀਲਾਂ ਦਾ ਵਿਰੋਧੀ ਧਿਰਾਂ ਤੇ ਕੋਈ ਅਸਰ ਨਹੀਂ ਪਿਆ ਤੇ ਸਦਨ ਦੀ ਕਾਰਵਾਈ ਨੂੰ 11 ਮਿੰਟਾਂ ਅੰਦਰ ਹੀ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ। ਸਦਨ ਮੁੜ ਜੁੜਿਆ ਤਾਂ ਵਿਰੋਧੀ ਧਿਰਾਂ ਦਾ ਰੌਲਾ ਰੱਪਾ ਜਾਰੀ ਰਿਹਾ, ਜਿਸ ਕਰਕੇ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਅੱਤਲ ਕਰ ਦਿੱਤੀ ਗਈ।

ਵਿਰੋਧੀ ਪਾਰਟੀਆਂ ਦੇ ‘ਇੰਡੀਆ’ ਗੱਠਜੋੜ ਵਿਚ ਸ਼ਾਮਲ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਦਾ ਵਿਰੋਧ ਕਰਦੇ ਹੋਏ ਸ਼ੁੱਕਰਵਾਰ ਨੂੰ ਸੰਸਦ ਭਵਨ ਕੰਪਲੈਕਸ ਵਿਚ ਪ੍ਰਦਰਸ਼ਨ ਕੀਤਾ। ਸੰਸਦ ਦੇ ਮਕਰ ਦੁਆਰ ਨੇੜੇ ਕੀਤੇ ਇਸ ਵਿਰੋਧ ਪ੍ਰਦਰਸ਼ਨ ਵਿਚ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਤੇ ਕਈ ਹੋਰ ਪਾਰਟੀਆਂ ਦੇ ਐਮਪੀ’ਜ਼ ਸ਼ਾਮਲ ਸੀ। ਵਿਰੋਧੀ ਧਿਰਾਂ ਨੇ ਇਸ ਮੌਕੇ ਇਕ ਵੱਡਾ ਬੈਨਰ ਵੀ ਫੜਿਆ ਹੋਇਆ ਸੀ, ਜਿਸ ਉੱਤੇ ‘ਐਸ ਆਈ ਆਰ-ਲੋਕਤੰਤਰ ਤੇ ਵਾਰ’ ਲਿਖਿਆ ਹੋਇਆ ਸੀ। ਉਨ੍ਹਾਂ ਨੇ ‘ਐਸ ਆਈ ਆਰ ਵਾਪਸ ਲਓ’ ਦੇ ਨਾਅਰੇ ਵੀ ਲਾਏ। ਖੜਗੇ ਨੇ ਮਗਰੋਂ ਐਕਸ ਤੇ ਇਕ ਪੋਸਟ ਵਿਚ ਲਿਖਿਆ, ”ਐਸਆਈਆਰ ਹੈ ਲੋਕਤੰਤਰ ਪਰ ਵਾਰ, ਨਹੀਂ ਛੀਨਨੇ ਦੇਂਗੇ ਤਬਕੋਂ ਕੇ ਮਤਦਾਨ ਕਾ ਅਧਿਕਾਰ।’ ‘ਇੰਡੀਆ’ ਗੱਠਜੋੜ ਦੀ ਲੜਾਈ ਜਾਰੀ ਹੈ।

ਬਿਹਾਰ ਵਿੱਚ ਵੋਟਰ ਸੂਚੀਆਂ ਦੀ ਸੋਧ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਲਗਾਤਾਰ ਹੰਗਾਮੇ ਕਾਰਨ ਸ਼ੁੱਕਰਵਾਰ ਨੂੰ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਜਿਵੇਂ ਹੀ ਦੁਪਹਿਰ 2 ਵਜੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ, ਵਿਰੋਧੀ ਧਿਰ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਜਾਰੀ ਰੱਖੀ। ਸਪੀਕਰ ਵੱਲੋਂ ਗੋਆ ਵਿਧਾਨ ਸਭਾ ਵਿੱਚ ਅਨੁਸੂਚਿਤ ਕਬੀਲਿਆਂ ਨੂੰ ਸੀਟਾਂ ਪ੍ਰਦਾਨ ਕਰਨ ਵਾਲੇ ਬਿੱਲ ਨੂੰ ਪੇਸ਼ ਕਰਨ ਦੀਆਂ ਅਪੀਲਾਂ ਦਾ ਕੋਈ ਅਸਰ ਨਹੀਂ ਹੋਇਆ। ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਹੈਰਾਨੀ ਪ੍ਰਗਟਾਈ ਕਿ ਕੀ ਵਿਰੋਧੀ ਧਿਰ ਅਨੁਸੂਚਿਤ ਕਬੀਲਿਆਂ ਦੇ ਹਿੱਤਾਂ ਦੇ ਵਿਰੁੱਧ ਹੈ ਅਤੇ ਉਨ੍ਹਾਂ ਦੀ ਨੀਅਤ ਤੇ ਸਵਾਲ ਚੁੱਕੇ।

ਵਿਰੋਧੀ ਧਿਰ ਦਾ ਹੰਗਾਮਾ ਜਾਰੀ ਰਹਿਣ ਤੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਦਿਨ ਵਿੱਚ ਪ੍ਰਦਰਸ਼ਨਕਾਰੀ ਮੈਂਬਰਾਂ ਵੱਲੋਂ ਨਾਅਰੇਬਾਜ਼ੀ ਅਤੇ ਤਖ਼ਤੀਆਂ ਲਹਿਰਾਉਣ ਦੌਰਾਨ, ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸਦਨ ਦੀ ਮਰਿਆਦਾ ਬਣਾਈ ਰੱਖੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਆਪਣੀਆਂ ਸੀਟਾਂ ਤੇ ਵਾਪਸ ਜਾਣ ਦੀ ਅਪੀਲ ਵੀ ਕੀਤੀ।

 

Continue Reading

National

ਦਿੱਲੀ ਹਾਈ ਕੋਰਟ ਦੇ 7 ਨਵੇਂ ਜੱਜਾਂ ਨੇ ਚੁੱਕੀ ਸਹੁੰ, ਜੱਜਾਂ ਦੀ ਗਿਣਤੀ ਵਧ ਕੇ ਹੋਈ 50

Published

on

By

ਨਵੀਂ ਦਿੱਲੀ, 21 ਸਤੰਬਰ (ਸ.ਬ.) ਦਿੱਲੀ ਹਾਈ ਕੋਰਟ ਵਿੱਚ ਅੱਜ ਸੱਤ ਨਿਆਂਇਕ ਅਧਿਕਾਰੀਆਂ ਦੀ ਹਾਈ ਕੋਰਟ ਦੇ ਬੈਂਚ ਵਜੋਂ ਪਦ-ਉੱਨਤੀ ਹੋਈ। ਅਦਾਲਤ ਦੇ ਅਹਾਤੇ ਵਿੱਚ ਕੀਤੇ ਗਏ ਸਹੁੰ ਚੁੱਕ ਸਮਾਗਮ ਦੌਰਾਨ ਮੁੱਖ ਜੱਜ ਦੇਵੇਂਦਰ ਕੁਮਾਰ ਉਪਾਧਿਆਏ ਨੇ ਨਵੇਂ ਨਿਯੁਕਤ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ।

ਸੱਤ ਨਿਆਂਇਕ ਅਧਿਕਾਰੀਆਂ, ਜਿਨ੍ਹਾਂ ਵਿੱਚ ਨਿਵੇਦਿਤਾ ਅਨਿਲ ਸ਼ਰਮਾ, ਨਿਸ਼ਾ ਸਹਾਏ ਸਕਸੇਨਾ, ਸੰਜੇ ਸ਼ਰਮਾ, ਭਾਰਤ ਪਰਾਸ਼ਰ, ਡਾ. ਅਦਿਤੀ ਚੌਧਰੀ, ਦਿਨੇਸ਼ ਭੱਟ ਅਤੇ ਅਰੁਣ ਭਾਰਦਵਾਜ ਸ਼ਾਮਲ ਹਨ, ਨੇ ਆਪਣੇ ਪਰਿਵਾਰਕ ਮੈਂਬਰਾਂ, ਸਾਥੀਆਂ ਅਤੇ ਦਿੱਲੀ ਹਾਈ ਕੋਰਟ ਬਾਰ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਅਹੁਦੇ ਦੀ ਸਹੁੰ ਚੁੱਕੀ।

ਨਿਵੇਦਿਤਾ ਅਨਿਲ ਸ਼ਰਮਾ ਅਤੇ ਨਿਸ਼ਾ ਸਹਾਏ ਸਕਸੇਨਾ ਨੂੰ ਦਿੱਲੀ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਸੰਜੇ ਸ਼ਰਮਾ, ਭਾਰਤ ਪਰਾਸ਼ਰ, ਡਾ. ਅਦਿਤੀ ਚੌਧਰੀ, ਦਿਨੇਸ਼ ਭੱਟ ਅਤੇ ਅਰੁਣ ਭਾਰਦਵਾਜ ਨੂੰ ਵਧੀਕ ਜੱਜ ਨਿਯੁਕਤ ਕੀਤਾ ਗਿਆ ਹੈ। ਦਿੱਲੀ ਜ਼ਿਲ੍ਹਾ ਨਿਆਂਪਾਲਿਕਾ ਅਤੇ ਨਿਆਂਇਕ ਪ੍ਰਸ਼ਾਸਨ ਤੋਂ ਪਦ-ਉੱਨਤ ਹੋਏ ਇਹ ਸਾਰੇ ਸੱਤ ਨਿਆਂਇਕ ਅਧਿਕਾਰੀ ਸਹੁੰ ਚੁੱਕ ਸਮਾਗਮ ਤੋਂ ਬਾਅਦ ਰਸਮੀ ਤੌਰ ਤੇ ਅਹੁਦੇ ਤੇ ਬਿਰਾਜਮਾਨ ਹੋ ਗਏ। ਇਸ ਸਮਾਗਮ ਵਿੱਚ ਦਿੱਲੀ ਹਾਈ ਕੋਰਟ ਦੇ ਸਾਰੇ ਮੌਜੂਦਾ ਜੱਜਾਂ ਤੋਂ ਇਲਾਵਾ ਸੀਨੀਅਰ ਨਿਆਂਇਕ ਅਧਿਕਾਰੀ, ਰਜਿਸਟਰੀ ਦੇ ਮੈਂਬਰ, ਵਕੀਲ ਅਤੇ ਨਵੇਂ ਨਿਯੁਕਤ ਜੱਜਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਏ।

ਭਾਰਤ ਦੇ ਮੁੱਖ ਜੱਜ ਸੂਰਿਆ ਕਾਂਤ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਕਾਲੇਜੀਅਮ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਸ਼ਨਿੱਚਰਵਾਰ ਨੂੰ ਇਹ ਨਿਯੁਕਤੀਆਂ ਨੋਟੀਫਾਈ ਕੀਤੀਆਂ ਗਈਆਂ ਸਨ। ਕਾਲੇਜੀਅਮ ਨੇ 10 ਸਤੰਬਰ ਨੂੰ ਹੋਈ ਆਪਣੀ ਬੈਠਕ ਵਿੱਚ ਦਿੱਲੀ ਹਾਈ ਕੋਰਟ ਵਿੱਚ ਪਦ-ਉੱਨਤੀ ਲਈ ਅੱਠ ਨਿਆਂਇਕ ਅਧਿਕਾਰੀਆਂ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ ਸੀ। ਇਸ ਤੋਂ ਬਾਅਦ ਕੇਂਦਰ ਨੇ ਸੱਤ ਨਿਆਂਇਕ ਅਧਿਕਾਰੀਆਂ ਦੀ ਨਿਯੁਕਤੀ ਨੂੰ ਨੋਟੀਫਾਈ ਕੀਤਾ।

ਨਵੇਂ ਪਦ-ਉੱਨਤ ਹੋਏ ਜੱਜਾਂ ਵਿੱਚ ਅਰੁਣ ਭਾਰਦਵਾਜ ਆਪਣੀ ਪਦ-ਉੱਨਤੀ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਵਜੋਂ ਸੇਵਾ ਨਿਭਾ ਰਹੇ ਸਨ। ਹੋਰ ਨਿਯੁਕਤ ਵਿਅਕਤੀਆਂ ਨੇ ਦਿੱਲੀ ਜ਼ਿਲ੍ਹਾ ਨਿਆਂਪਾਲਿਕਾ ਵਿੱਚ ਪ੍ਰਿੰਸੀਪਲ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਵਿਸ਼ੇਸ਼ ਜੱਜ ਸਮੇਤ ਕਈ ਸੀਨੀਅਰ ਅਹੁਦਿਆਂ ਤੇ ਸੇਵਾ ਨਿਭਾਈ ਹੈ।

ਇਹ ਨਿਯੁਕਤੀਆਂ ਅਜਿਹੇ ਸਮੇਂ ਹੋਈਆਂ ਹਨ ਜਦੋਂ ਦਿੱਲੀ ਹਾਈ ਕੋਰਟ ਵਿੱਚ ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ 60 ਹੈ। ਸੱਤ ਨਿਆਂਇਕ ਅਧਿਕਾਰੀਆਂ ਦੀ ਨਿਯੁਕਤੀ ਨਾਲ ਹਾਈ ਕੋਰਟ ਵਿੱਚ ਕੰਮ ਕਰ ਰਹੇ ਜੱਜਾਂ ਦੀ ਗਿਣਤੀ ਹੁਣ ਵਧ ਕੇ 50 ਹੋ ਗਈ ਹੈ। ਨਿਆਂਇਕ ਅਧਿਕਾਰੀਆਂ ਦੀ ਪਦ-ਉੱਨਤੀ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਇਹ ਹਾਈ ਕੋਰਟ ਬੈਂਚ ਵਿੱਚ ਟਰਾਇਲ ਕੋਰਟ ਅਤੇ ਨਿਆਂਇਕ ਪ੍ਰਸ਼ਾਸਕੀ ਖੇਤਰ ਦਾ ਵਿਆਪਕ ਤਜ਼ਰਬਾ ਲੈ ਕੇ ਆਉਂਦੀ ਹੈ। ਇਸ ਨਾਲ ਸੰਸਥਾ ਦੀ ਨਿਆਂਇਕ ਸਮਰੱਥਾ ਹੋਰ ਮਜ਼ਬੂਤ ਹੋਵੇਗੀ, ਖਾਸ ਕਰਕੇ ਅਜਿਹੇ ਸਮੇਂ ਜਦੋਂ ਅਦਾਲਤ ਬਕਾਇਆ ਮਾਮਲਿਆਂ ਅਤੇ ਖਾਲੀ ਪਈਆਂ ਆਸਾਮੀਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਲਗਾਤਾਰ ਕੰਮ ਕਰ ਰਹੀ ਹੈ।

Continue Reading

National

ਮੀਂਹ ਦੇ ਪਾਣੀ ਨਾਲ ਭਰੇ ਡੂੰਘੇ ਟੋਏ ਵਿੱਚ ਡੁੱਬਣ ਕਾਰਨ 3 ਬੱਚਿਆਂ ਦੀ ਮੌਤ

Published

on

By

ਬਾਰਾਬੰਕੀ, 21 ਸਤੰਬਰ (ਸ.ਬ.) ਬਾਰਾਬੰਕੀ ਜ਼ਿਲ੍ਹੇ ਦੇ ਕੁਰਸੀ ਇਲਾਕੇ ਵਿਚ ਮੀਂਹ ਦੇ ਪਾਣੀ ਨਾਲ ਭਰੇ ਇਕ ਡੂੰਘੇ ਟੋਏ ਵਿਚ ਤਿੰਨ ਮੁੰਡਿਆਂ ਦੀ ਡੁੱਬ ਜਾਣ ਨਾਲ ਮੌਤ ਹੋ ਗਈ। ਪੁਲੀਸ ਨੇ ਅੱਜ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਨਾ ਪਿੰਡ ਵਿਚ ਉਸਾਰੀ ਅਧੀਨ ਇਕ ਪੋਲਟਰੀ ਫਾਰਮ ਤੋਂ ਮਿੱਟੀ ਕੱਢਣ ਲਈ ਇਕ ਡੂੰਘਾ ਟੋਆ ਪੁੱਟਿਆ ਗਿਆ ਸੀ, ਜੋ ਹਾਲ ਹੀ ਵਿਚ ਹੋਈ ਭਾਰੀ ਬਾਰਿਸ਼ ਕਾਰਨ ਪਾਣੀ ਨਾਲ ਭਰ ਗਿਆ ਸੀ।

ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਉਸੇ ਪਿੰਡ ਦੇ ਰਹਿਣ ਵਾਲੇ ਦੇਵਾ (13), ਸੁਮਿਤ (12) ਅਤੇ ਦਿਵਯਾਂਸ਼ (10) ਟੋਏ ਵਿੱਚ ਨਹਾ ਰਹੇ ਸਨ, ਜਦੋਂ ਉਹ ਡੂੰਘੀ ਗਹਿਰਾਈ ਵਿਚ ਜਾਣ ਨਾਲ ਉਹ ਵੀ ਡੁੱਬ ਗਏ। ਪੁਲੀਸ ਨੇ ਦੱਸਿਆ ਕਿ ਬੱਚਿਆਂ ਦੇ ਰੋਣ ਦੀ ਆਵਾਜ਼ ਸੁਣ ਕੇ ਮੌਕੇ ਤੇ ਪਹੁੰਚੇ ਪਿੰਡ ਵਾਸੀਆਂ ਨੇ ਦੇਵਾ ਅਤੇ ਸੁਮਿਤ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਦਿਵਯਾਂਸ਼ ਨਹੀਂ ਮਿਲਿਆ ਤਾਂ ਪੁਲੀਸ ਨੇ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।

ਬੀਤੀ ਦੇਰ ਰਾਤ ਟੋਏ ਵਿੱਚੋਂ ਉਸਦੀ ਲਾਸ਼ ਬਰਾਮਦ ਕਰ ਲਈ। ਪੁਲੀਸ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੇ ਫਤਿਹਪੁਰ ਦੇ ਉਪ-ਜ਼ਿਲ੍ਹਾ ਮੈਜਿਸਟਰੇਟ ਕਾਰਤੀਕੇਯ ਸਿੰਘ ਅਤੇ ਪੁਲੀਸ ਸਰਕਲ ਅਫਸਰ ਜਗਤਰਾਮ ਕੰਨੌਜੀਆ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਉਨ੍ਹਾਂ ਕਿਹਾ ਕਿ ਪੁਲੀਸ ਇਸ ਮਾਮਲੇ ਵਿੱਚ ਲੋੜੀਂਦੀ ਕਾਨੂੰਨੀ ਕਾਰਵਾਈ ਕਰ ਰਹੀ ਹੈ।

Continue Reading

National

ਸੜਕ ਹਾਦਸੇ ਦੌਰਾਨ ਫੁੱਟਬਾਲ ਖਿਡਾਰੀ ਦੀ ਮੌਤ, 1 ਜ਼ਖਮੀ

Published

on

By

ਕੋਝੀਕੋਡ, 21 ਸਤੰਬਰ (ਸ.ਬ.) ਕੇਰਲ ਦੇ ਗਾਂਧੀ ਰੋਡ ਫਲਾਈਓਵਰ ਤੇ 2 ਮੋਟਰਸਾਈਕਲਾਂ ਦੀ ਟੱਕਰ ਵਿੱਚ ਇਕ ਫੁੱਟਬਾਲਰ ਦੀ ਮੌਤ ਹੋ ਗਈ ਅਤੇ ਦੂਜਾ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਤ੍ਰਿਸ਼ੂਰ ਦੇ ਓਲੁਰ ਵਾਸੀ ਅਤੇ ਕਾਲੀਕਟ ਐਫਸੀ ਦੇ ਖਿਡਾਰੀ ਰਿਜਾਨ ਜੋਸ (29) ਵਜੋਂ ਹੋਈ ਹੈ। ਜ਼ਖ਼ਮੀ ਖਿਡਾਰੀ ਦੀ ਪਛਾਣ ਗਨੀ ਅਹਿਮਦ ਨਿਗਮ ਵਜੋਂ ਹੋਈ ਹੈ। ਦੋਵੇਂ ਕੋਝੀਕੋਡ ਪਹੁੰਚੇ ਸਨ, ਕਿਉਂਕਿ ਕਾਲੀਕਟ ਐਫਸੀ ਆਉਣ ਵਾਲੀ ਸੁਪਰ ਲੀਗ ਕੇਰਲ ਦੀ ਤਿਆਰੀ ਕਰ ਰਿਹਾ ਸੀ, ਜੋ 25 ਸਤੰਬਰ ਨੂੰ ਸ਼ੁਰੂ ਹੋਣ ਵਾਲੀ ਸੀ।

ਰਿਜਾਨ ਨੇ ਐਸਐਲਕੇ ਦੇ ਪਿਛਲੇ ਸੀਜ਼ਨ ਵਿੱਚ ਫੋਕਰਾ ਕੋਚੀ ਲਈ ਡਿਫੈਂਡਰ ਵਜੋਂ ਖੇਡਿਆ ਸੀ। ਪੁਲੀਸ ਅਨੁਸਾਰ, ਇਹ ਹਾਦਸਾ ਬੀਤੀ ਰਾਤ ਕਰੀਬ 10.40 ਵਜੇ ਕੋਝੀਕੋਡ ਵਿੱਚ ਕ੍ਰਿਸ਼ਚੀਅਨ ਕਾਲਜ ਕੋਲ ਇਕ ਫਲਾਈਓਵਰ ਤੇ ਹੋਇਆ। ਪੁਲੀਸ ਨੇ ਦੱਸਿਆ ਕਿ ਜਿਹੜੇ 2 ਫੁੱਟਬਾਲਰਾਂ ਦੀ ਮੋਟਰਸਾਈਕਲ ਸੀ, ਉਹ ਉਲਟ ਦਿਸ਼ਾ ਵਲੋਂ ਆ ਰਹੇ ਇਕ ਹੋਰ ਦੋਪਹੀਆ ਵਾਹਨ ਨਾਲ ਟਕਰਾ ਗਈ।

ਟੱਕਰ ਤੋਂ ਬਾਅਦ ਦੋਵੇਂ ਫੁੱਟਬਾਲਰ ਸੜਕ ਤੇ ਡਿੱਗ ਗਏ ਅਤੇ ਰਿਜਾਨ ਨੂੰ ਗੰਭੀਰ ਸੱਟਾਂ ਲੱਗੀਆਂ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਲ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਰਿਜਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਨਿਗਮ ਦੀ ਹਾਲਤ ਸਥਿਰ ਹੈ। ਕਾਲੀਕਟ ਐਫਸੀ ਦੇ ਮੈਨੇਜਰ ਦੀ ਸ਼ਿਕਾਇਤ ਦੇ ਆਧਾਰ ਤੇ ਨਡਾਕਾਵੂ ਪੁਲੀਸ ਨੇ ਉਸ ਮੋਟਰਸਾਈਕਲ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਿਸ ਦੀ ਬਾਈਕ ਫੁੱਟਬਾਲਰਾਂ ਦੇ ਵਾਹਨ ਨਾਲ ਟਕਰਾਈ ਸੀ। ਪੁਲੀਸ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।

Continue Reading

Latest News

Trending