Mohali
ਨਗਰ ਨਿਗਮ ਚੋਣਾਂ ਦੌਰਾਨ ਇੱਕ ਦੂਜੇ ਦੇ ਖਿਲਾਫ ਭਿੜਦੇ ਨਜਰ ਆਉਣਗੇ ਧੜੇਬੰਦੀ ਵਿੱਚ ਵੰਡੇ ਕਾਂਗਰਸੀ ਆਗੂ
ਪਾਰਟੀ ਨੇ ਧੜੇਬਾਜੀ ਤੇ ਕਾਬੂ ਨਾ ਕੀਤਾ ਤਾਂ ਹੋਵੇਗਾ ਵੱਡਾ ਨੁਕਸਾਨ
ਐਸ ਏ ਐਸ ਨਗਰ, 15 ਅਗਸਤ (ਭਗਵੰਤ ਸਿੰਘ ਬੇਦੀ) ਮੁਹਾਲੀ ਨਗਰ ਨਿਗਮ ਦੀ 2026 ਵਿੱਚ ਹੋਣ ਵਾਲੀ ਚੋਣ ਸਬੰਧੀ ਭਾਵੇਂ ਹੁਣ ਤਕ ਸਰਕਾਰ ਵਲੋਂ ਕੋਈ ਕਾਰਵਾਈ ਆਰੰਭ ਨਹੀਂ ਹੋਈ ਹੈ ਪਰੰਤੂ ਚੋਣ ਲੜਣ ਦੀਆਂ ਚਾਹਵਾਨ ਵੱਖ-ਵੱਖ ਧਿਰਾਂ ਵੱਲੋਂ ਸਿੱਧੇ ਜਾਂ ਅਸਿੱਧੇ ਤੌਰ ਤੇ ਆਪੋ ਆਪਣੀ ਚੋਣ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਗਈ ਹੈ। ਨਗਰ ਨਿਗਮ ਦੀ ਪਿਛਲੀ ਚੋਣ 2021 ਵਿੱਚ ਹੋਈ ਸੀ ਅਤੇ ਉਸ ਵੇਲੇ ਦੇ ਪੰਜਾਬ ਦੇ ਕੈਬਿਨਟ ਮੰਤਰੀ ਅਤੇ ਮੁਹਾਲੀ ਦੇ ਵਿਧਾਇਕ ਸz. ਬਲਬੀਰ ਸਿੰਘ ਸਿੱਧੂ ਮੁਹਾਲੀ ਵਿੱਚ ਕਾਂਗਰਸ ਦੇ ਸਿਰਮੌਰ ਆਗੂ ਹੁੰਦੇ ਸਨ। ਉਸ ਵੇਲੇ ਇਹ ਹਾਲਤ ਸੀ ਕਿ ਮੁਹਾਲੀ ਨਾਲ ਸੰਬੰਧਿਤ ਪਾਰਟੀ ਦਾ ਕੋਈ ਵੀ ਫੈਸਲਾ ਉਹਨਾਂ ਦੀ ਰਜਾਮੰਦੀ ਨਾਲ ਹੀ ਸਿਰੇ ਚੜ੍ਹਦਾ ਸੀ ਅਤੇ ਪਿਛਲੀ ਵਾਰ ਹੋਈ ਚੋਣ ਵਿੱਚ ਨਗਰ ਨਿਗਮ ਚੋਣਾਂ ਲੜਣ ਵਾਲੇ ਕਾਂਗਰਸੀ ਉਮੀਦਵਾਰਾਂ ਨੂੰ ਸz. ਬਲਬੀਰ ਸਿੰਘ ਸਿੱਧੂ ਵਲੋਂ ਹੀ ਟਿਕਟਾਂ ਦਿੱਤੀਆਂ ਗਈਆਂ ਸਨ। ਪਿਛਲੀ ਵਾਰ ਹੋਈਆਂ ਚੋਣਾਂ ਵੇਲੇ ਕਾਂਗਰਸ ਪਾਰਟੀ ਨੂੰ ਹੂੰਝਾਫੇਰੂ ਜਿੱਤ ਹਾਸਿਲ ਹੋਈ ਸੀ ਅਤੇ ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਮੁਹਾਲੀ ਦੇ ਮੇਅਰ ਬਣ ਗਏ ਸਨ।
2022 ਵਿੱਚ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਬਲਬੀਰ ਸਿੰਘ ਸਿੱਧੂ ਮੁਹਾਲੀ ਦੇ ਵਿਧਾਇਕ ਦੀ ਚੋਣ ਹਾਰ ਗਏ ਸਨ। ਇਸਤੋਂ ਬਾਅਦ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ ਅਤੇ ਮੁਹਾਲੀ ਦੇ ਵੱਡੀ ਗਿਣਤੀ ਕਾਂਗਰਸੀ ਵੀ ਉਹਨਾਂ ਦੇ ਨਾਲ ਹੀ ਖੜ੍ਹ ਗਏ ਸਨ ਅਤੇ ਕਾਂਗਰਸ ਕਾਫੀ ਕਮਜੋਰ ਹੋ ਗਈ ਸੀ। ਬੇਸ਼ੱਕ ਸਿੱਧੂ ਭਰਾ ਇਕ ਸਾਲ ਤੋਂ ਵੱਧ ਸਮਾਂ ਭਾਰਤੀ ਜਨਤਾ ਪਾਰਟੀ ਵਿੱਚ ਰਹਿਣ ਤੋਂ ਬਾਅਦ ਵਾਪਸ ਕਾਂਗਰਸ ਵਿੱਚ ਆ ਗਏ ਅਤੇ ਉਹਨਾਂ ਨੇ ਮੁਹਾਲੀ ਵਿੱਚ ਆਪਣੀਆਂ ਸਰਗਰਮੀਆਂ ਵੀ ਤੇਜ਼ ਕਰ ਦਿੱਤੀਆਂ, ਪਰੰਤੂ ਉਹਨਾਂ ਦੀ ਗੈਰਹਾਜਰੀ ਦੌਰਾਨ ਮੁਹਾਲੀ ਵਿੱਚ ਕਾਂਗਰਸ ਦਾ ਇੱਕ ਵੱਖਰਾ ਧੜਾ ਕਾਇਮ ਹੋ ਚੁੱਕਿਆ ਸੀ, ਜਿਹੜਾ ਸz. ਸਿੱਧੂ ਅਤੇ ਜੀਤੀ ਸਿੱਧੂ ਦਾ ਵਿਰੋਧੀ ਸੀ। ਹਾਲਾਂਕਿ ਵੱਖਰੇ ਤੌਰ ਤੇ ਚਲਣ ਵਾਲੇ ਇਹ ਆਗੂ ਵੀ ਆਪਸ ਵਿੱਚ ਵੰਡੇ ਹੋਏ ਸਨ।
ਪਿਛਲੇ ਸਮੇਂ ਦੌਰਾਨ ਸਿੱਧੂ ਭਰਾਵਾਂ ਅਤੇ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦਰਮਿਆਨ ਸ਼ਬਦੀ ਜੰਗ ਕਾਫੀ ਭੱਖ ਗਈ ਹੈ ਜਿਸ ਨਾਲ ਦੋਵਾਂ ਧਿਰਾਂ ਆਪਣੇ ਆਪਣੇ ਕਮਰ ਕੱਸੇ ਕਰ ਰਹੀਆਂ ਹਨ। ਇਸ ਦੌਰਾਨ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਜੀਤੀ ਸਿੱਧੂ ਵੱਲੋਂ ਸਿਆਸੀ ਸਰਗਰਮੀਆਂ ਵੀ ਤੇਜ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਸਿੱਧੂ ਭਰਾਵਾਂ ਵਲੋਂ ਮੁਹਾਲੀ ਦੇ ਫੇਜ਼ 11 ਵਿੱਚ ਉਹਨਾਂ ਵੱਲੋਂ ਬਕਾਇਦਾ ਤੌਰ ਤੇ ਇਕ ਦਫਤਰ ਖੋਲ ਕੇ ਇਹ ਸਪਸ਼ਟ ਸੰਕੇਤ ਦੇ ਦਿੱਤੇ ਹਨ ਕਿ ਉਹ ਅਗਲੀਆਂ ਚੋਣਾਂ ਦੀਆਂ ਤਿਆਰੀਆਂ ਲਗਾਤਾਰ ਕਰ ਰਹੇ ਹਨ। ਫੇਜ਼ 11 ਵਿੱਚ ਬਕਾਇਦਾ ਉਹਨਾਂ ਦੀ ਸਰਗਰਮੀ ਵੇਖਣ ਨੂੰ ਦਿਖ ਰਹੀ ਹੈ। ਇਸ ਦੇ ਨਾਲ ਹੀ ਵੱਖ-ਵੱਖ ਵਾਰਡਾਂ ਵਿੱਚ ਵੀ ਉਹਨਾਂ ਵੱਲੋਂ ਚੋਣ ਪ੍ਰਚਾਰ ਆਪਣੇ ਵਰਕਰਾਂ ਨੂੰ ਸੰਗਠਿਤ ਕਰਨ ਦੇ ਰੂਪ ਵਿੱਚ ਕੀਤਾ ਜਾ ਰਿਹਾ ਹੈ।
ਆਉਂਦੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਦੋਵਾਂ ਧਿਰਾਂ ਦੀ ਜ਼ੋਰ ਅਜਮਾਇਸ਼ ਹੁਣ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਜਿੱਥੇ ਸz. ਸਿੱਧੂ ਇਹ ਸੁਨੇਹਾ ਦੇਣ ਵਿੱਚ ਕਾਮਯਾਬ ਰਹੇ ਹਨ ਕਿ ਪੰਜਾਬ ਦੀ ਕਾਂਗਰਸ ਹਾਈ ਕਮਾਂਡ ਉਹਨਾਂ ਦੀ ਪਿੱਠ ਤੇ ਖੜੀ ਹੈ। ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜ ਵੜਿੰਗ ਹੋਣ ਜਾਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਇਹ ਆਗੂ ਸਿੱਧੂ ਭਰਾਵਾਂ ਦੇ ਹਰ ਸਮਾਗਮ ਵਿੱਚ ਹਾਜ਼ਰ ਹੁੰਦੇ ਹਨ।
ਇਸ ਵੇਲੇ ਹਾਲਾਤ ਇਹ ਹਨ ਕਿ ਸਾਬਕਾ ਮੰਤਰੀ ਸz. ਬਲਬੀਰ ਸਿੰਘ ਸਿੱਧੂ ਦੇ ਵਿਰੋਧੀ ਕੌਂਸਲਰ ਉਹਨਾਂ ਤੋਂ ਦੂਰੀ ਬਣਾ ਕੇ ਚਲ ਰਹੇ ਹਨ ਜਿਹਨਾਂ ਵਿੱਚ ਮੁੱਖ ਤੌਰ ਤੇ ਨਗਰ ਨਿਗਮ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸ੍ਰੀ ਰਿਸ਼ਵ ਜੈਨ, ਨਗਰ ਨਿਗਮ ਦੇ ਡਿਪਟੀ ਮੇਅਰ ਸ. ਕੁਲਜੀਤ ਸਿੰਘ ਬੇਦੀ ਤੋਂ ਇਲਾਵਾ ਨਰਪਿੰਦਰ ਸਿੰਘ ਰੰਗੀ ਅਤੇ ਪ੍ਰਮੋਦ ਮਿਤਰਾ ਦੇ ਨਾਮ ਵੀ ਸ਼ਾਮਿਲ ਹਨ। ਇਸਤੋਂ ਇਲਾਵਾ ਇੱਕ ਦਰਜਨ ਦੇ ਕਰੀਬ ਕੌਂਸਲਰ ਅਜਿਹੇ ਹਨ ਜਿਹੜੇ ਹੁਣ ਪਹਿਲਾਂ ਵਾਂਗ ਸਿੱਧੂ ਭਰਾਵਾਂ ਦੇ ਵਫਾਦਾਰ ਨਹੀਂ ਹਨ ਅਤੇ ਮੌਕੇ ਤੇ ਕੋਈ ਵੀ ਫੈਸਲਾ ਲੈ ਸਕਦੇ ਹਨ।
ਇਹਨਾਂ ਹਾਲਾਤਾਂ ਵਿੱਚ ਜਿੱਥੇ ਸਿੱਧੂ ਭਰਾਵਾਂ ਵਲੋਂ ਆਪਣੇ ਵਿਰੋਧੀਆਂ ਦੇ ਪਰ ਕੁਤਰਨ ਲਈ ਉਹਨਾਂ ਦੇ ਵਾਰਡਾਂ ਵਿੱਚ ਆਪਣੇ ਵਫਾਦਾਰ ਆਗੂਆਂ ਨੂੰ ਉਭਾਰਿਆ ਜਾ ਰਿਹਾ ਹੈ ਉੱਥੇ ਵਿਰੋਧੀ ਵੀ ਸਿੱਧੂ ਭਰਾਵਾਂ ਨੂੰ ਪੂਰੀ ਟੱਕਰ ਦੇਣ ਦੇ ਰੌਂਅ ਵਿੱਚ ਹਨ। ਇਸ ਦੌਰਾਨ ਪ੍ਰਦੇਸ਼ ਕਾਂਗਰਸ ਹਾਈਕਮਾਨ ਵਲੋਂ ਇਸ ਧੜੇਬਾਜ਼ੀ ਦੇ ਖਿਲਾਫ ਕੋਈ ਸਖਤ ਕਾਰਵਾਈ ਕਰਨ ਤੋਂ ਪਰਹੇਜ ਕੀਤਾ ਜਾ ਰਿਹਾ ਹੈ ਜਿਸਦਾ ਕਿ ਕਾਂਗਰਸ ਨੂੰ ਹੀ ਨੁਕਸਾਨ ਹੋ ਰਿਹਾ ਹੈ। ਪਿਛਲੇ ਦਿਨੀਂ ਸz. ਬਲਬੀਰ ਸਿੰਘ ਸਿੱਧੂ ਵਲੋਂ ਮੁਹਾਲੀ ਵਿੱਚ ਕਾਂਗਰਸ ਦੀ ਲੈਂਡ ਪੂਲਿੰਗ ਦੇ ਖਿਲਾਫ ਕੀਤੀ ਗਈ ਰੈਲੀ ਦੌਰਾਨ ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ ਨੂੰ ਨਜਰਬੱਟੂ ਆਖੇ ਜਾਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ। ਇਸਦੇ ਪ੍ਰਤੀਕਰਮ ਵਜੋਂ ਸz ਬੇਦੀ ਵੀ ਹੁਣ ਜਨਤਕ ਤੌਰ ਤੇ ਸਿੱਧੂ ਭਰਾਵਾਂ ਦੇ ਖਿਲਾਫ ਖੁੱਲ ਕੇ ਬੋਲਣ ਲੱਗ ਪਏ ਹਨ ਅਤੇ ਸz. ਸਿੱਧੂ ਦੇ ਪੁਰਾਣੇ ਵਿਰੋਧੀ ਵੀ ਸz. ਬੇਦੀ ਦੇ ਨਾਲ ਖੜ੍ਹੇ ਦਿਖਦੇ ਹਨ।
ਜਾਹਿਰ ਤੌਰ ਤੇ ਕਾਂਗਰਸ ਦੀ ਇਹ ਧੜੇਬੰਦੀ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਦੇ ਹੀ ਨੁਕਸਾਨ ਦਾ ਕਾਰਨ ਬਣੇਗੀ ਅਤੇ ਜੇਕਰ ਪਾਰਟੀ ਅਗਵਾਈ ਵਲੋਂ ਇਸ ਧੜੇਬਾਜੀ ਤੇ ਕਾਬੂ ਨਾ ਕੀਤਾ ਗਿਆ ਤਾਂ ਇਸਦਾ ਸਿੱਧਾ ਅਸਰ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਵੀ ਪਵੇਗਾ। ਪਾਰਟੀ ਵਲੋਂ ਵਿਧਾਇਕ ਦੇ ਉਮੀਦਵਾਰ ਦੀ ਟਿਕਟ ਕਿਸੇ ਨੂੰ ਵੀ ਦਿੱਤੀ ਜਾਵੇ ਪਰੰਤੂ ਇੱਕ ਦੂਜੇ ਦੇ ਵਿਰੋਧ ਕਾਰਨ ਮੁਹਾਲੀ ਸੀਟ ਵੀ ਖਤਰੇ ਵਿੱਚ ਪਹੁੰਚ ਜਾਏਗੀ। ਮੁਹਾਲੀ ਕਾਂਗਰਸ ਦੀ ਇਹ ਧੜੇਬਾਜੀ ਆਉਂਦੀਆਂ ਨਗਰ ਨਿਗਮ ਚੋਣਾਂ ਵਿੱਚ ਵੀ ਸਪਸ਼ਟ ਰੂਪ ਵਿੱਚ ਦਿਖੇਗੀ। ਇਸ ਦੌਰਾਨ ਬਲਬੀਰ ਸਿੰਘ ਸਿੱਧੂ ਧੜੇ ਵੱਲੋਂ ਲੋਕਾਂ ਨਾਲ ਜਨ ਸੰਪਰਕ ਬੜੀ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਦੂਸਰੇ ਧੜੇ ਦੀ ਰੂਪ ਰੇਖਾ ਉਹ ਅਜੇ ਬਹੁਤੀ ਸਾਹਮਣੇ ਨਹੀਂ ਆ ਸਕੀ ਅਤੇ ਹੁਣ ਤੱਕ ਉਹ ਧੜਾ ਕੋਈ ਵੱਡੀ ਮੀਟਿੰਗ ਵੀ ਨਹੀਂ ਕਰ ਸਕਿਆ।
ਹੋ ਸਕਦਾ ਹੈ ਕਿ ਆਉਂਦੀਆਂ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਹਾਈ ਕਮਾਂਡ ਇਸ ਟਕਰਾਉ ਨੂੰ ਦੂਰ ਕਰਨ ਲਈ ਕੋਈ ਯਤਨ ਕਰੇ। ਪਰ ਪਿਛਲੇ ਦੋ ਤਿੰਨ ਸਾਲਾਂ ਦੌਰਾਨ ਪਾਰਟੀ ਹਾਈ ਕਮਾਂਡ ਨੇ ਮੁਹਾਲੀ ਕਾਂਗਰਸ ਦੀ ਆਪਸੀ ਲੜਾਈ ਨੂੰ ਖਤਮ ਕਰਨ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਹੈ। ਆਉਂਦੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗਰਸ ਦੀ ਆਪਸੀ ਲੜਾਈ ਪੰਜਾਬ ਦੀ ਸੱਤਾਧਾਰੀ ਧਿਰ ਲਈ ਕਿਾਫੀ ਫਾਇਦੇਮੰਦ ਸਾਬਿਤ ਹੋ ਸਕਦੀ ਹੈ। ਇਸ ਵੇਲੇ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਮੇਅਰ ਜਾਂ ਪ੍ਰਧਾਨ ਹਨ ਅਤੇ ਸਿਰਫ ਜੀਤੀ ਸਿੱਧੂ ਹੀ ਮੁਹਾਲੀ ਤੋਂ ਕਾਂਗਰਸ ਤੇ ਇੱਕ ਮੇਅਰ ਹਨ। ਜੇ ਆਉਂਦੀਆਂ ਚੋਣਾਂ ਵਿੱਚ ਮੇਅਰ ਦੀ ਇਹ ਕੁਰਸੀ ਵੀ ਕਾਂਗਰਸ ਤੋਂ ਖੁਸ ਗਈ ਤਾਂ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੇ ਵੀ ਪ੍ਰਸ਼ਨ ਚਿੰਨ ਲੱਗ ਜਾਣਾ ਹੈ।
Mohali
ਮੁਹਾਲੀ ਵਿੱਚ ਭਖਣ ਲੱਗੀਆਂ ਚੋਣ ਸਰਗਰਮੀਆਂ
ਚੋਣ ਲੜਣ ਦੇ ਚਾਹਵਾਨ ਆਗੂਆਂ ਵਲੋਂ ਸਰਗਰਮੀਆਂ ਤੇਜ਼
ਭੁਪਿੰਦਰ ਸਿੰਘ
ਐਸ ਏ ਐਸ ਨਗਰ, 26 ਅਕਤੂਬਰ
ਪੰਜਾਬ ਵਿਧਾਨਸਭਾ ਚੋਣਾਂ ਨੂੰ ਭਾਵੇਂ ਕਾਫੀ ਸਮਾਂ ਪਿਆ ਹੈ ਅਤੇ ਇਹਨਾਂ ਬਾਰੇ ਰਸਮੀ ਐਲਾਨ ਵੀ ਹੋਣਾ ਹੈ ਪਰੰਤੂ ਇਸ ਦੌਰਾਨ ਹਲਕੇ ਵਿੱਚ ਚੋਣ ਲੜਣ ਦੇ ਚਾਹਵਾਨ ਆਗੂਆਂ ਵਲੋਂ ਆਪੋ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ ਅਤੇ ਸਿਆਸੀ ਆਗੂ ਲੋਕਾਂ ਨਾਲ ਸੰਪਰਕ ਕਰਕੇ ਆਪਣੀ ਦਾਅਵੇਦਾਰੀ ਮਜਬੂਤ ਕਰਨ ਵਿੱਚ ਲੱਗ ਗਏ ਹਨ।
ਇਸ ਸੰਬੰਧੀ ਗੱਲ ਕਰੀਏ ਤਾਂ ਪਿਛਲੀ ਵਾਰ ਮੁਹਾਲੀ ਹਲਕੇ ਤੋਂ ਚੋਣ ਜਿੱਤਣ ਵਾਲੇ ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਵਲੋਂ ਪਿਛਲੇ ਸਮੇਂ ਦੌਰਾਨ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਹਨ। ਕੁੱਝ ਸਮਾਂ ਪਹਿਲਾਂ ਹੋਈਆਂ ਨਗਰ ਨਿਗਮ ਚੋਣਾਂ ਦੌਰਾਨ ਬਹੁਮਤ ਹਾਸਿਲ ਕਰਕੇ ਅਤੇ ਆਪਣੇ ਪੁੱਤਰ ਸਰਬਜੀਤ ਸਿੰਘ ਸਮਾਣਾ ਨੂੰ ਨਗਰ ਨਿਗਮ ਦੇ ਮੇਅਰ ਦੀ ਚੋਣ ਜਿਤਵਾ ਕੇ ਉਹਨਾਂ ਦਾ ਹੌਂਸਲਾ ਪਹਿਲਾਂ ਹੀ ਕਾਫੀ ਵਧਿਆ ਹੋਇਆ ਹੈ ਅਤੇ ਪੰਜਾਬ ਦੀ ਸੱਤਾਧਾਰੀ ਧਿਰ ਨਾਲ ਸੰਬੰਧਿਤ ਹੋਣ ਕਾਰਨ ਉਹਨਾਂ ਕੋਲ ਲੋਕਾਂ ਵਿੱਚ ਜਾਣ ਦੇ ਮੌਕੇ ਵੀ ਜਿਆਦਾ ਹਨ। ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਮੁਹਾਲੀ ਹਲਕੇ ਵਿੱਚ ਕਾਫੀ ਹੁੰਗਾਰਾ ਮਿਲਿਆ ਹੈ ਅਤੇ ਰੋਜਾਨਾ ਹੀ ਦੋ ਤਿੰਨ ਬਸਾਂ ਧਾਰਮਿਕ ਯਾਤਰਾ ਲਈ ਰਵਾਨਾ ਹੋ ਰਹੀਆਂ ਹਨ। ਇਸਦੇ ਨਾਲ ਹੀ ਪਿੰਡਾਂ ਦੇ ਵਸਨੀਕਾਂ ਨੂੰ ਮੇਰਾ ਘਰ ਮੇਰੇ ਨਾਮ ਯੋਜਨਾ ਤਹਿਤ ਪ੍ਰਾਪਰਟੀ ਕਾਰਡ ਵੀ ਵੰਡੇ ਜਾ ਰਹੇ ਹਨ ਅਤੇ ਹਲਕਾ ਵਿਧਾਇਕ ਇਸ ਵੇਲੇ ਪੂਰੀ ਤਰ੍ਹਾਂ ਸਰਗਰਮ ਦਿਖਦੇ ਹਨ।
ਪਿਛਲੀ ਵਾਰ ਹੋਈ ਚੋਣ ਦੌਰਾਨ ਦੂਜੇ ਨੰਬਰ ਤੇ ਰਹੀ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਸz. ਬਲਬੀਰ ਸਿੰਘ ਸਿੱਧੂ ਵੀ ਇਸ ਵੇਲੇ ਇਲੈਕਸ਼ਨ ਮੋਡ ਵਿੱਚ ਆ ਚੁੱਕੇ ਹਨ ਅਤੇ ਉਹਨਾਂ ਵਲੋਂ ਆਏ ਦਿਨ ਕੋਈ ਨਾ ਕੋਈ ਪ੍ਰੋਗਰਾਮ ਆਯੋਜਿਤ ਕਰਕੇ ਆਪਣੀਆਂ ਸਿਆਸੀ ਸਰਕਗਰਮੀਆਂ ਚਲਾਈਆਂ ਜਾ ਰਹੀਆਂ ਹਨ। ਇਸ ਦੌਰਾਨ ਪਾਰਟੀ ਵਲੋਂ ਸਰਕਾਰ ਦੇ ਖਿਲਾਫ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਹੋਣ ਜਾਂ ਫਿਰ ਹਲਕੇ ਦੇ ਪੱਧਰ ਤੇ ਕੀਤੇ ਜਾਣ ਵਾਲੇ ਸਿਆਸੀ ਸਮਾਗਮ ਉਹਨਾਂ ਵਲੋਂ ਵੀ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ।
ਪਿਛਲੀ ਵਾਰ ਚੋਣ ਲੜਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੀ ਗੱਲ ਕਰੀਏ ਤਾਂ ਭਾਜਪਾ ਦੀ ਟਿਕਟ ਤੇ ਚੋਣ ਲੜੇ ਸ੍ਰੀ ਸੰਜੀਵ ਵਸ਼ਿਸ਼ਠ ਵੀ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਉਹਨਾਂ ਵਲੋਂ ਵੀ ਪਾਰਟੀ ਦੀਆਂ ਸਰਗਰਮੀਆਂ ਨੂੰ ਕਾਫੀ ਤੇਜ ਕੀਤਾ ਜਾ ਚੁੱਕਿਆ ਹੈ। ਸ੍ਰੀ ਵਸ਼ਿਸ਼ਠ ਪਾਰਟੀ ਦੀ ਜਿਲ੍ਹਾ ਇਕਾਈ ਦੇ ਵੀ ਪ੍ਰਧਾਨ ਹਨ ਅਤੇ ਉਹਨਾਂ ਵਲੋਂ ਪਾਰਟੀ ਦੇ ਵੱਖ ਵੱਖ ਪ੍ਰੋਗਰਾਮਾਂ ਦੌਰਾਨ ਵੀ ਪੂਰੀ ਸਰਗਰਮੀ ਵਿਖਾਈ ਜਾ ਰਹੀ ਹੈ। ਇਸਦੇ ਇਲਾਵਾ ਉਹ ਸੋਸ਼ਲ ਮੀਡੀਆ ਤੇ ਵੀ ਪੂਰੇ ਸਰਗਰਮ ਹਨ ਅਤੇ ਮੁਹਾਲੀ ਹਲਕੇ ਨਾਲ ਸੰਬੰਧਿਤ ਵੱਖ ਵੱਖ ਮੁੱਦਿਆਂ ਬਾਰੇ ਆਵਾਜ ਚੁੱਕਦੇ ਰਹਿੰਦੇ ਹਨ।
ਪਿਛਲੀ ਵਾਰ ਹੋਈ ਚੋਣ ਦੌਰਾਨ ਚੌਥੇ ਨੰਬਰ ਤੇ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸz. ਪਰਵਿੰਦਰ ਸਿੰਘ ਸੋਹਾਣਾ ਵੀ ਪਿਛਲੇ ਕਾਫੀ ਸਮੇਂ ਤੋਂ ਇਲੈਕਸ਼ਨ ਮੋਡ ਵਿੱਚ ਹੀ ਚਲ ਰਹੇ ਹਨ ਅਤੇ ਉਹਨਾਂ ਵਲੋਂ ਵੀ ਆਪਣੀਆਂ ਸਿਆਸੀ ਸਰਗਰਮੀਆਂ ਤੇਜ ਕੀਤੀਆਂ ਜਾ ਚੁੱਕੀਆਂ ਹਨ।
ਹਾਲਾਂਕਿ ਹੁਣੇ ਇਹ ਤੈਅ ਨਹੀਂ ਹੋਇਆ ਹੈ ਕਿ ਇਹਨਾਂ ਪਾਰਟੀਆਂ ਵਲੋਂ ਪਿਛਲੀ ਵਾਰ ਚੋਣ ਲੜਣ ਵਾਲੇ ਇਹਨਾਂ ਉਮੀਦਵਾਰਾਂ ਨੂੰ ਹੀ ਪਾਰਟੀ ਟਿਕਟ ਤੇ ਚੋਣ ਲੜਾਈ ਜਾਵੇਗੀ ਜਾਂ ਫਿਰ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾਵੇਗਾ। ਇਸ ਦੌਰਾਨ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਚੋਣ ਸਮਝੌਤਾ ਹੋਣ ਦੀਆਂ ਕਿਆਸ ਅਰਾਈਆਂ ਵੀ ਜਾਰੀ ਹਨ ਅਤੇ ਕਾਂਰਗਸ ਪਾਰਟੀ ਦੇ ਕੁੱਝ ਆਗੂ ਵੀ ਇਸ ਵਾਰ ਚੋਣਾਂ ਦੌਰਾਨ ਆਪਣੀ ਕਿਸਮਤ ਅਜਮਾਉਣ ਲਈ ਆਪਣੀ ਦਾਅਵੇਦਾਰੀ ਪੇਸ਼ ਕਰਦੇ ਦਿਖ ਰਹੇ ਹਨ।
ਨਗਰ ਨਿਗਮ ਦੇ ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ ਪਿਛਲੇ ਕਾਫੀ ਸਮੇਂ ਤੋਂ ਹਲਕੇ ਵਿੱਚ ਸੰਭਾਵੀ ਉਮੀਦਵਾਰ ਵਜੋਂ ਵਿਚਰ ਰਹੇ ਹਨ ਅਤੇ ਉਹਨਾਂ ਵਲੋਂ ਸਿੱਧੂ ਖੇਮੇ ਨੂੰ ਤਕੜੀ ਟੱਕਰ ਦਿੱਤੀ ਜਾ ਰਹੀ ਹੈ। ਇਸਦੇ ਨਾਲ ਹੀ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਜਿਲ੍ਹਾ ਪ੍ਰਧਾਨ ਪਹਿਲਵਾਨ ਅਮਰਜੀਤ ਸਿੰਘ ਵੀ ਪਾਰਟੀ ਟਿਕਟ ਲਈ ਦਾਅਵੇਦਾਰੀ ਪੇਸ਼ ਕਰਦੇ ਦਿਖ ਰਹੇ ਹਨ। ਇਸ ਤਰ੍ਹਾਂ ਕਾਂਗਰਸੀ ਆਗੂ ਅਤੇ ਨਗਰ ਨਿਗਮ ਦੇ ਕੌਂਸਲਰ ਨਰਪਿੰਦਰ ਸਿੰਘ ਰੰਗੀ ਵੀ ਪਾਰਟੀ ਟਿਕਟ ਦੀ ਦੌੜ ਵਿੱਚ ਹਨ।
ਪਿਛਲੀ ਵਾਰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ ਦੋ ਸੀਟਾਂ ਜਿੱਤਣ ਵਾਲੀ ਵਾਰਿਸ ਪੰਜਾਬ ਦੇ ਜੱਥੇਬੰਦੀ ਦੀ ਟਿਕਟ ਤੇ ਚੋਣ ਲੜਣ ਦ ਚਾਹਵਾਨ ਕਈ ਆਗੂ ਵੀ ਆਪੋ ਆਪਣੀਆਂ ਸਰਗਰਮੀਆਂ ਚਲਾ ਰਹੇ ਹਨ ਅਤੇ ਇਹਨਾਂ ਵਲੋਂ ਹਲਕੇ ਵਿੱਚ ਪੋਸਟਰ ਆਦਿ ਵੀ ਲੱਗੇ ਦਿਖਦੇ ਹਨ। ਇਸੇ ਤਰ੍ਹਾਂ ਨਗਰ ਨਿਗਮ ਦੇ ਆਜਾਦ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਵੀ ਇਸ ਵਾਰ ਹਲਕੇ ਤੋਂ ਚੋਣ ਲੜਣ ਲਈ ਸਿਆਸੀ ਸਰਗਰਮੀਆਂ ਚਲਾ ਰਹੇ ਹਨ।
ਪੰਜਾਬ ਵਿਧਾਨਸਭਾ ਦੀਆਂ ਅਗਲੀਆਂ ਚੋਣਾਂ ਵਾਸਤੇ ਆਉਂਦੇ ਦਿਨਾਂ ਵਿੱਚ ਮੁੱਖ ਚੋਣ ਕਮਿਸ਼ਨਰ ਦਾ ਦੌਰਾ ਹੋਣ ਜਾ ਰਿਹਾ ਹੈ ਜਿਸ ਦੌਰਾਨ ਉਹਨਾਂ ਵਲੋਂ ਪੰਜਾਬ ਵਿੱਚ ਵਿਧਾਨਸਭਾ ਚੋਣਾ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਜਾਣਾ ਹੈ ਅਤੇ ਉਸਤੋਂ ਬਾਅਦ ਚੋਣਾਂ ਦੀਆਂ ਤਿਆਰੀਆਂ ਦੇ ਆਧਾਰ ਤੇ ਚੋਣਾਂ ਸੰਬੰਧੀ ਅਗਲਾ ਫੈਸਲਾ ਹੋਣਾ ਹੈ।
ਆਉਣ ਵਾਲੇ ਦਿਨਾਂ ਦੌਰਾਨ ਚੋਣ ਸਰਗਰਮੀਆਂ ਨੇ ਹੋਰ ਤੇਜੀ ਫੜਣੀ ਹੈ ਉੱਥੇ ਚੋਣ ਲੜਣ ਦੇ ਚਾਹਵਾਨਾਂ ਦੀ ਗਿਦਤੀ ਵੀ ਖੁੱਲ ਕੇ ਸਾਮ੍ਹਣੇ ਆ ਜਾਣੀ ਹੈ।
Mohali
2 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਫੇਜ਼ 9 ਤੋਂ 11 ਤੱਕ ਮਾਰਕੀਟਾਂ ਦੀਆਂ ਪਾਰਕਿੰਗਾਂ ਦੀ ਰੀਕਾਰਪੈਟਿੰਗ ਦਾ ਕੰਮ : ਵਿਨੀਤ ਵਰਮਾ
ਫੇਜ਼ 11 ਦੀ ਮਾਰਕੀਟ ਵਿੱਚ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸੁਣੀਆਂ
ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਬੀ ਸੀ ਸੈਲ ਦੇ ਸੂਬਾ ਮੀਤ ਪ੍ਰਧਾਨ ਸ੍ਰੀ ਵਿਨੀਤ ਵਰਮਾ ਵਲੋਂ ਫੇਜ਼ 11 ਦੀ ਮਾਰਕੀਟ ਦਾ ਦੌਰਾ ਕੀਤਾ ਗਿਆ ਅਤੇ ਮਾਰਕੀਟ ਦੇ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ।
ਮੀਟਿੰਗ ਦੌਰਾਨ ਮਾਰਕੀਟ ਦੀ ਪਾਰਕਿਗ ਵਾਲੀ ਥਾਂ ਵਿੱਚ ਗਮਾਡਾ ਵਲੋਂ ਪਾਈ ਗਈ ਪਾਣੀ ਦੀ ਪਾਈਪ ਕਾਰਨ ਖਰਾਬ ਹੋਈ ਪਾਰਕਿੰਗ ਦੀ ਮੁਰੰਮਤ ਦਾ ਮੁੱਦਾ ਉਠਿਆ। ਮਾਰਕੀਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਫੇਜ਼ 9 ਤੋਂ 11 ਤਕ ਪਾਈਪ ਲਾਈਨ ਪਾਉਣ ਲਈ ਤਿੰਨ ਚਾਰ ਮਹੀਨੇ ਪਹਿਲਾਂ ਖੁਦਾਈ ਕਰਕੇ ਪਾਈਪਾਂ ਪਾਈਆਂ ਗਈਆਂ ਸਨ ਪਰੰਤੂ ਇਸ ਥਾਂ ਦੀ ਲੋੜੀਂਦੀ ਮੁਰੰਮਤ ਨਹੀਂ ਕਰਵਾਈ ਗਈ ਜਿਸ ਕਾਰਨ ਮਾਰਕੀਟ ਵਿੱਚ ਆਉਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਹੋਣਾ ਪੈਂਦਾ ਹੈ।
ਇਸ ਮੌਕੇ ਸ੍ਰੀ ਵਨੀਤ ਵਰਮਾ ਨੇ ਕਿਹਾ ਕਿ ਫੇਜ਼ 9,10 ਅਤੇ 11 ਦੀ ਪਾਰਕਿੰਗ ਦੀ ਮੁਰੰਮਤ ਦਾ ਕੰਮ ਅਗਲੇ ਇੱਕ ਦੋ ਦਿਨ ਵਿੱਚ ਆਰੰਭ ਹੋ ਜਾਵੇਗਾ। ਉਹਨਾਂ ਕਿਹਾ ਕਿ ਇਸ ਕੰਮ ਤੇ ਲਗਭਗ 2 ਕਰੋੜ ਰੁਪਏ ਖਰਚ ਹੋਣਗੇ ਅਤੇ ਇਸਨੂੰ ਛੇਤੀ ਹੀ ਮੁਕੰਮਲ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕੰਮ ਦੇ ਮੁਕੰਮਲ ਹੋਣ ਤੇ ਕਾਰੋਬਾਰੀਆਂ ਦੀ ਪਿਛਲੇ ਲੰਮੇ ਦੀ ਮੰਗ ਪੂਰੀ ਹੋ ਜਾਵੇਗੀ ਅਤੇ ਪਿਛਲੇ ਸਮੇਂ ਤੋਂ ਚਲਦੀ ਆ ਰਹੀ ਪਾਰਕਿੰਗ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ।
ਸ੍ਰੀ ਵਿਨੀਤ ਵਰਮਾ ਨੇ ਦੱਸਿਆ ਕਿ ਇਸ ਮੌਕੇ ਵਪਾਰੀਆਂ ਦੇ ਹੋਰ ਮਸਲਿਆਂ ਤੇ ਵੀ ਚਰਚਾ ਕੀਤੀ ਗਈ, ਅਤੇ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਵਪਾਰੀਆਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਿਉਂਸਪਲ ਕੌਂਸਲਰ ਅਮਰਜੀਤ ਸਿੰਘ, ਵਾਰਡ ਨੰਬਰ 21 ਤੋਂ ਆਪ ਇੰਚਾਰਜ ਸਵਰਨ ਲਤਾ, ਨਰਿੰਦਰ ਸਿੰਘ, ਗੁਰਬਚਨ ਸਿੰਘ, ਹਰਪ੍ਰੀਤ ਸਿੰਘ, ਜਸਜੀਤ ਸਿੰਘ, ਰਿਸ਼ਵ ਗੋਇਲ, ਸੁਮਿਤ, ਸਤਿਸ਼ ਗਰਗ, ਅਨਿਲ ਕੁਮਾਰ, ਗੁਰਦੀਪ ਸਿੰਘ, ਮੋਹਿਤ, ਦੀਪਕ ਤਲਵਾਰ, ਹਰਜੀਤ ਸਿੰਘ ਜਸ਼ਨ, ਅਜੈਬ ਸਿੰਘ ਅਤੇ ਹੋਰ ਦੁਕਾਨਦਾਰ ਮੌਜੂਦ ਸਨ।
Mohali
ਮਟੌਰ ਵਿਖੇ ਮੁਫਤ ਮੈਡੀਕਲ ਕੈਂਪ ਦੌਰਾਨ 600 ਮਰੀਜ਼ਾਂ ਦੀ ਜਾਂਚ ਕੀਤੀ
ਅੱਖਾਂ ਤੇ ਦੰਦਾਂ ਦਾ ਮੁਫ਼ਤ ਚੈਕਅੱਪ ਅਤੇ ਦਵਾਈਆਂ ਵੰਡੀਆਂ
ਐਸ ਏ ਐਸ ਨਗਰ, 26 ਅਕਤੂਬਰ (ਸ.ਬ.) ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਸ੍ਰੀ ਸੱਤਿਆ ਨਾਰਾਇਣ ਮੰਦਿਰ, ਮਟੌਰ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੌਰਾਨ ਲਗਭਗ 600 ਮਰੀਜ਼ਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ। ਇਸ ਦੌਰਾਨ ਮਾਹਿਰ ਡਾਕਟਰਾਂ ਵਲੋਂ ਮਰੀਜਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸਦੇ ਨਾਲ ਹੀ ਅੱਖਾਂ ਅਤੇ ਦੰਦਾਂ ਦੀ ਵੀ ਜਾਂਚ ਕੀਤੀ ਗਈ।
ਜਿਕਰਯੋਗ ਹੈ ਕਿ ਇਹ ਕੈਂਪ ਸਾਬਕਾ ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਹਰ ਐਤਵਾਰ ਵੱਖ-ਵੱਖ ਪਿੰਡਾਂ ਵਿੱਚ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਤਹਿਤ ਲਗਾਇਆ ਗਿਆ ਸੀ। ਇਨ੍ਹਾਂ ਕੈਂਪਾਂ ਦੇ ਆਯੋਜਨ ਵਿੱਚ ਮੁਹਾਲੀ ਫਸਟ ਫਾਊਂਡੇਸ਼ਨ, ਹੈਡਨ ਕਲੀਨਿਕਸ ਅਤੇ ਤੇਰਾ ਹੀ ਤੇਰਾ ਸੰਸਥਾ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਲੋਕਾਂ ਦੀ ਸਿਹਤ ਦੀ ਸੰਭਾਲ ਕਰਨਾ ਅਤੇ ਉਨ੍ਹਾਂ ਨੂੰ ਬਿਮਾਰੀਆਂ ਪ੍ਰਤੀ ਜਾਗਰੂਕ ਕਰਨਾ ਇਨ੍ਹਾਂ ਮੈਡੀਕਲ ਕੈਂਪਾਂ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਅਕਸਰ ਲੋਕ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਰੁੱਝੇ ਹੋਣ ਕਾਰਨ ਸਿਹਤ ਦੀ ਜਾਂਚ ਨੂੰ ਅਣਗੌਲਿਆ ਕਰ ਦਿੰਦੇ ਹਨ, ਜਦਕਿ ਸਮੇਂ ਸਿਰ ਜਾਂਚ ਕਰਵਾਉਣ ਨਾਲ ਕਈ ਬਿਮਾਰੀਆਂ ਦੀ ਸ਼ੁਰੂਆਤੀ ਪੜਾਅ ਤੇ ਪਛਾਣ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਹੋ ਜਾਵੇ ਤਾਂ ਉਨ੍ਹਾਂ ਨੂੰ ਗੰਭੀਰ ਰੂਪ ਧਾਰਨ ਕਰਨ ਤੋਂ ਪਹਿਲਾਂ ਹੀ ਕਾਬੂ ਕਰਨ ਵਿੱਚ ਮਦਦ ਮਿਲਦੀ ਹੈ।
-
International2 months ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
Punjab2 months agoਪੰਜਾਬ ਪੁਲੀਸ ਵਲੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਵਿਅਕਤੀ ਕਾਬੂ
-
International1 month ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International1 month ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
National1 month agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
Mohali2 months agoਸ਼ਹੀਦ ਜਥੇਦਾਰ ਸ਼ੇਰ ਸਿੰਘ ਡੂਮਛੇੜੀ ਦੇ ਜੀਵਨ ਤੇ ਸੰਘਰਸ਼ ਤੇ ਆਧਾਰਿਤ ਪੁਸਤਕ ਦਾ ਲੋਕ ਅਰਪਣ 12 ਨੂੰ
-
International2 months ago
ਇਰਾਨ ਵੱਲੋਂ ਜਾਰਡਨ ਵਿੱਚ ਅਮਰੀਕੀ ਏਅਰਬੇਸ ਤੇ ਮਿਜ਼ਾਈਲ ਹਮਲਾ, ਕਈ ਲੜਾਕੂ ਜਹਾਜ਼ ਨੁਕਸਾਨੇ
-
National2 months agoਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾਈ, 3 ਵਿਅਕਤੀਆਂ ਦੀ ਮੌਤ
