Connect with us

Editorial

ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਜਾਂਦੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਪੰਜਾਬੀ

Published

on

ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਵੱਡੀ ਗਿਣਤੀ ਪੰਜਾਬੀ ਹੜ੍ਹਾਂ ਕਾਰਨ ਪ੍ਰਭਾਵਿਤ ਹੋ ਰਹੇ ਹਨ ਅਤੇ ਉਹਨਾਂ ਦਾ ਜੀਵਨ ਅਸਤ ਵਿਅਸਤ ਹੋ ਗਿਆ ਹੈ। ਅਜਿਹੇ ਸਮੇਂ ਵੱਡੀ ਗਿਣਤੀ ਪੰਜਾਬੀ ਇੱਕ ਦੂਜੇ ਦੀ ਹਰ ਸੰਭਵ ਸਹਾਇਤਾ ਕਰ ਰਹੇ ਹਨ ਅਤੇ ਸ਼੍ਰੋਮਣੀ ਕਮੇਟੀ ਸਮੇਤ ਹੋਰ ਧਾਰਮਿਕ ਸੰਸਥਾਵਾਂ ਨੇ ਵੀ ਹੜ ਪੀੜਤਾਂ ਦੀ ਸਹਾਇਤਾ ਲਈ ਲੰਗਰ ਲਗਾਏ ਹੋਏ ਹਨ। ਸਰਕਾਰ ਵੱਲੋਂ ਵੀ ਹੜ ਪੀੜਤਾਂ ਦੀ ਸਹਾਇਤਾ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ।

ਦੂਜੇ ਪਾਸੇ ਕੁਝ ਅਜਿਹੇ ਲੋਕ ਵੀ ਹਨ ਜੋ ਕਿ ਅਜਿਹੇ ਮਾਹੌਲ ਵਿੱਚ ਵੀ ਅਫਵਾਹਾਂ ਫੈਲਾਉਣ ਦਾ ਯਤਨ ਕਰਦੇ ਹਨ। ਹੜ੍ਹਾਂ ਦੇ ਪਾਣੀ ਤੋਂ ਪੰਜਾਬ ਦੇ ਵੱਡੀ ਗਿਣਤੀ ਲੋਕ ਪਹਿਲਾਂ ਹੀ ਪ੍ਰੇਸ਼ਾਨ ਹਨ, ਦੂਜੇ ਪਾਸੇ ਕਿਸੇ ਸਰਾਰਤੀ ਅਨਸਰ ਵੱਲੋਂ ਕਿਸੇ ਬੰਨ ਦੇ ਟੁੱਟਣ ਜਾਂ ਪੁੱਲ ਦੇ ਟੁੱਟਣ ਜਾਂ ਰਸਤਾ ਬੰਦ ਹੋਣ ਦੀ ਅਫਵਾਹ ਫੈਲਾ ਦਿੱਤੀ ਜਾਂਦੀ ਹੈ। ਸੋਸ਼ਲ ਮੀਡੀਆ ਦਾ ਯੁੱਗ ਹੋਣ ਕਰਕੇ ਇਹ ਅਫਵਾਹਾਂ ਬਹੁਤ ਜਲਦੀ ਫੈਲਦੀਆਂ ਹਨ ਅਤੇ ਜਦੋਂ ਅਜਿਹੀਆਂ ਅਫਵਾਹਾਂ ਫੈਲਦੀਆਂ ਹਨ ਤਾਂ ਪਹਿਲਾਂ ਤੋਂ ਪ੍ਰੇਸ਼ਾਨ ਲੋਕ ਹੋਰ ਪ੍ਰੇਸ਼ਾਨ ਹੋ ਜਾਂਦੇ ਹਨ।

ਸ਼ਰਾਰਤੀ ਅਨਸਰਾਂ ਦਾ ਇੱਕੋ ਇੱਕ ਮਕਸਦ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਹੁੰਦਾ ਹੈ। ਅਸਲ ਵਿੱਚ ਅਜਿਹੇ ਸ਼ਰਾਰਤੀ ਅਨਸਰ ਮਾਨਸਿਕ ਰੋਗੀ ਹੁੰਦੇ ਹਨ, ਜੋ ਕਿ ਹਮੇਸ਼ਾ ਦੂਜਿਆਂ ਨੂੰ ਪ੍ਰੇਸ਼ਾਨ ਕਰਕੇ ਖੁਸ਼ੀ ਮਹਿਸੂਸ ਕਰਦੇ ਹਨ। ਅਜਿਹੇ ਮਾਨਸਿਕ ਰੋਗੀਆਂ ਨੂੰ ਚੰਗੇ ਇਲਾਜ ਦੀ ਲੋੜ ਹੁੰਦੀ ਹੈ।

ਅੱਜ ਕੱਲ ਪੰਜਾਬ ਵਿੱਚ ਬਰਸਾਤ ਦਾ ਮੌਸਮ ਹੈ ਅਤੇ ਹਰ ਦਿਨ ਵਾਂਗ ਬਰਸਾਤ ਪੈ ਰਹੀ ਹੈ। ਜਦੋਂ ਵੀ ਬਰਸਾਤ ਕੁਝ ਸਮਾਂ ਲਗਾਤਾਰ ਪੈਂਦੀ ਹੈ ਤਾਂ ਵੱਡੀ ਗਿਣਤੀ ਲੋਕ ਇਕ ਦੂਜੇ ਨੂੰ ਫੋਨ ਕਰਕੇ ਆਪੋ ਆਪਣੇ ਇਲਾਕਿਆਂ ਵਿੱਚ ਪੈ ਰਹੀ ਬਰਸਾਤ ਬਾਰੇ ਜਾਣਕਾਰੀ ਦਾ ਲੈਣ ਦੇਣ ਕਰਨ ਲੱਗ ਪੈਂਦੇ ਹਨ। ਅਜਿਹੇ ਸਮੇਂ ਦੌਰਾਨ ਕੁਝ ਸ਼ਰਾਰਤੀ ਅਨਸਰ ਜਾਨ ਬੁੱਝ ਕੇ ਅਫਵਾਹਾਂ ਫੈਲਾਉਣ ਦਾ ਯਤਨ ਕਰਦੇ ਹਨ। ਕਈ ਵਾਰ ਤਾਂ ਬੱਸਾਂ ਵਿੱਚ ਸਫਰ ਕਰ ਰਹੇ ਲੋਕਾਂ ਵਿੱਚ ਵੀ ਇਹ ਅਫਵਾਹ ਫੈਲਾ ਦਿਤੀ ਜਾਂਦੀ ਹੈ ਕਿ ਅਗਲੇ ਪਿੰਡ ਵਿੱਚ ਬਰਸਾਤ ਦਾ ਪਾਣੀ ਆ ਰਿਹਾ ਹੈ ਅਤੇ ਰਸਤਾ ਉਥੇ ਬੰਦ ਹੈ। ਜਿਸ ਕਾਰਨ ਬੱਸਾਂ ਵਿੱਚ ਬੈਠੇ ਲੋਕ ਪ੍ਰੇਸ਼ਾਨ ਹੋ ਜਾਂਦੇ ਹਨ ਜਦੋਂ ਕਿ ਬੱਸਾਂ ਦੇ ਡਰਾਇਵਰ ਅਤੇ ਕੰਡਕਟਰ ਉਹਨਾਂ ਨੂੰ ਸਮਝਾਂਉਣ ਦਾ ਯਤਨ ਵੀ ਕਰਦੇ ਹਨ ਕਿ ਜਿਥੋਂ ਤਕ ਰਸਤਾ ਨਜ਼ਰ ਆਉਂਦਾ ਹੈ, ਉਹ ਸਹੀ ਹੈ ਅਤੇ ਜਦੋਂ ਤਕ ਬੱਸ ਚੱਲ ਰਹੀ ਹੈ, ਉਦੋਂ ਤਕ ਕਿਸੇ ਨੂੰ ਵੀ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ।

ਅਸਲ ਵਿੱਚ ਬੱਸਾਂ ਦੇ ਡਰਾਇਵਰਾਂ ਕੰਡਕਟਰਾਂ ਦਾ ਆਪਸ ਵਿੱਚ ਪੂਰਾ ਤਾਲਮੇਲ ਹੁੰਦਾ ਹੈ। ਜਦੋਂ ਵੀ ਕਿਸੇ ਪਾਸੇ ਰਸਤਾ ਬੰਦ ਹੁੰਦਾ ਹੈ , ਜਾਮ ਲੱਗਦਾ ਹੈ, ਜਾਂ ਹੜ ਦਾ ਪਾਣੀ ਆਉਂਦਾ ਹੈ ਤਾਂ ਉਹ ਇਸ ਦੀ ਪੂਰੀ ਜਾਣਕਾਰੀ ਤੁਰੰਤ ਆਪਣੇ ਸਾਰੇ ਡਰਾਇਵਰਾਂ ਕੰਡਕਟਰਾਂ ਨਾਲ ਸਾਂਝੀ ਕਰ ਲੈਂਦੇ ਹਨ ਅਤੇ ਬਦਲਵੇਂ ਰਸਤੇ ਲੱਭ ਲੈਂਦੇ ਹਨ। ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਬੱਸ ਆਪਣੀ ਨਿਰਧਾਰਤ ਸਪੀਡ ਤੇ ਚੱਲ ਰਹੀ ਹੁੰਦੀ ਹੈ ਅਤੇ ਰਸਤਾ ਆਮ ਵਰਗਾ ਖੁੱਲ੍ਹਾ ਹੁੰਦਾ ਹੈ ਪਰ ਕੁਝ ਲੋਕਾਂ ਨੂੰ ਇਹ ਵਹਿਮ ਹੋ ਜਾਂਦਾ ਹੈ ਕਿ ਅਗਲੇ ਆਉਣ ਵਾਲੇ ਪਿੰਡ ਜਾਂ ਸ਼ਹਿਰ ਵਿੱਚ ਕੋਈ ਪੁੱਲ ਟੁੱਟ ਗਿਆ ਹੈ ਜਾਂ ਬਰਸਾਤ ਦਾ ਪਾਣੀ ਸੜਕ ਉਪਰ ਆ ਗਿਆ ਹੈ। ਉਹ ਇਹ ਗੱਲ ਤੁਰੰਤ ਆਪਣੇ ਨਾਲ ਬੈਠੇ ਵਿਅਕਤੀ ਨਾਲ ਸਾਂਝੀ ਕਰਦੇ ਹਨ ਅਤੇ ਫਿਰ ਇਹ ਗੱਲ ਤੁਰੰਤ ਬੱਸ ਵਿੱਚ ਫੈਲ ਜਾਂਦੀ ਹੈ।

ਹੜਾਂ ਕਾਰਨ ਵੱਡੀ ਗਿਣਤੀ ਲੋਕ ਆਪਣੇ ਘਰਾਂ ਨੂੰ ਛੱਡ ਕੇ ਸੁਰਖਿਅਤ ਸਥਾਨਾਂ ਤੇ ਬੈਠੇ ਹਨ। ਉਹਨਾਂ ਨੂੰ ਆਪਣੇ ਘਰਾਂ ਦੀ ਵੀ ਚਿੰਤਾ ਹੁੰਦੀ ਹੈ। ਅਜਿਹੇ ਸਮੇਂ ਵਿੱਚ ਜਦੋਂ ਕੋਈ ਸ਼ਰਾਰਤੀ ਅਨਸਰ ਅਫਵਾਹ ਫੈਲਾ ਦਿੰਦਾ ਹੈ ਤਾਂ ਉਹ ਬਹੁਤ ਪ੍ਰੇਸ਼ਾਨ ਹੁੰਦੇ ਹਨ। ਹਰ ਪਾਸੇ ਫੈਲੇ ਹੜ ਦੇ ਪਾਣੀ ਕਾਰਨ ਉਹ ਆਪਣੇ ਘਰਾਂ ਨੂੰ ਨਹੀਂ ਪਰਤ ਸਕਦੇ ਜਿਸ ਕਰਕੇ ਉਹਨਾਂ ਕੋਲ ਸਿਵਾਏ ਚਿੰਤਾ ਕਰਨ ਤੋਂ ਹੋਰ ਕੁਝ ਨਹੀਂ ਹੁੰਦਾ।

ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਜਾਂਦੀਆਂ ਅਫਵਾਹਾਂ ਵੱਲ ਧਿਆਨ ਨਾ ਦੇਣ। ਇਸ ਦੇ ਨਾਲ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਫਵਾਹਾਂ ਫੈਲਾਉਣ ਵਾਲੇ ਸਰਾਰਤੀ ਅਨਸਰਾਂ ਦਾ ਪਤਾ ਲਗਾ ਕੇ ਉਹਨਾਂ ਨੂੰ ਸਖਤ ਸਜ਼ਾਵਾਂ ਦੇਣ ਦਾ ਪ੍ਰਬੰਧ ਕਰੇ ਤਾਂ ਕਿ ਅੱਗੇ ਤੋਂ ਕੋਈ ਵੀ ਵਿਅਕਤੀ ਅਫਵਾਹ ਨਾ ਫੈਲਾ ਸਕੇ।

ਬਿਊਰੋ

Continue Reading

Editorial

ਮੁੱਖ ਸੜਕਾਂ ਕਿਨਾਰੇ ਖੜ੍ਹਦੇ ਵਾਹਨਾਂ ਦੀ ਸਮੱਸਿਆ ਤੇ ਕਾਬੂ ਕਰਨ ਲਈ ਸਖਤ ਕਾਰਵਾਈ ਕਰੇ ਪ੍ਰਸ਼ਾਸ਼ਨ

Published

on

By

ਪਿਛਲੇ ਸਮੇਂ ਦੌਰਾਨ ਸਾਡੇ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਖੜ੍ਹਦੇ ਵਾਹਨਾਂ ਦੀ ਸਮੱਸਿਆ ਲਗਾਤਾਰ ਵੱਧਦੀ ਰਹੀ ਹੈ ਅਤੇ ਹਾਲਤ ਇਹ ਹਨ ਕਿ ਸ਼ਹਿਰ ਦੀਆਂ ਲਗਭਗ ਸਾਰੀਆਂ ਹੀ ਮੁੱਖ ਸੜਕਾਂ ਦੇ ਕਿਨਾਰੇ ਲੋਕਾਂ ਵਲੋਂ ਆਪਣੇ ਵਾਹਨ ਖੜ੍ਹੇ ਕਰਨ ਦੀ ਕਾਰਵਾਈ ਆਮ ਦਿਖਦੀ ਹੈ। ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਖੜ੍ਹਦੇ ਇਹਨਾਂ ਵਾਹਨਾਂ ਕਾਰਨ ਜਿੱਥੇ ਸੜਕ ਤੇ ਹੋਰਨਾਂ ਵਾਹਨਾਂ ਦੇ ਲਾਂਘੇ ਲਈ ਰਾਹ ਘੱਟ ਹੋ ਜਾਂਦਾ ਹੈ, ਉੱਥੇ ਇਸ ਕਾਰਨ ਅਜਿਹੇ ਹਾਦਸਿਆਂ ਦੀ ਆਸ਼ੰਕਾ ਹੋਰ ਵੀ ਵੱਧ ਜਾਂਦੀ ਹੈ। ਅੱਜਕੱਲ ਦਿਨ ਵੀ ਛੋਟੇ ਹੋਣ ਲੱਗ ਗਏ ਹਨ ਅਤੇ ਪਹਿਲਾਂ ਦੇ ਮੁਕਾਬਲੇ ਦਿਨ ਵੀ ਛੇਤੀ ਛੁਪ ਜਾਂਦਾ ਹੈ ਅਤੇ ਇਸਦੇ ਨਾਲ ਹੀ ਸੜਕਾਂ ਤੇ ਦੇਖਣ ਦੀ ਸਮਰਥਾ ਵੀ ਘੱਟ ਜਾਂਦੀ ਹੈ। ਅਜਿਹੇ ਸਮੇਂ ਦੌਰਾਨ ਜਦੋਂ ਸੜਕ ਤੇ ਵੇਖਣ ਦੀ ਸਮਰਥਾ ਘੱਟ ਜਾਂਦੀ ਹੈ, ਸੜਕ ਹਾਦਸਿਆਂ ਦਾ ਖਤਰਾ ਕਾਫੀ ਵੱਧ ਜਾਂਦਾ ਹੈ ਅਤੇ ਸੜਕ ਤੇ ਕਿਸੇ ਕਿਸਮ ਦੀ ਰੁਕਾਵਟ ਵੀ ਖਤਰੇ ਦਾ ਕਾਰਨ ਬਣਦੀ ਹੈ।

ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਲੋਕਾਂ ਵਲੋਂ ਆਪਣੀਆਂ ਗੱਡੀਆਂ ਖੜ੍ਹੀਆਂ ਕਰਨ ਦੀ ਸਮੱਸਿਆ ਕਾਫੀ ਸਮੇਂ ਤੋਂ ਚਲਦੀ ਆ ਰਹੀ ਹੈ ਅਤੇ ਇਸ ਕਾਰਨ ਕਈ ਵਾਰ ਜਾਮ ਤਕ ਲਗਣ ਦੀ ਨੌਬਤ ਆ ਜਾਂਦੀ ਹੈ ਪਰੰਤੂ ਇਸਦੇ ਬਾਵਜੂਦ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਆਪਣੇ ਵਾਹਨ ਖੜ੍ਹੇ ਕਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸੜਕਾਂ ਕਿਨਾਰੇ ਗੱਡੀਆਂ ਖੜ੍ਹਾਉਣ ਦੀ ਇਹ ਕਾਰਵਾਈ ਉਹਨਾਂ ਥਾਵਾਂ ਤੇ ਜਿਆਦਾ ਦਿਖਦੀ ਹੈ ਜਿੱਥੇ ਸੜਕ ਕਿਨਾਰੇ ਬਣੀਆਂ ਮਾਰਕੀਟਾਂ ਵਿੱਚ ਖਰੀਦਦਾਰੀ ਕਰਨ ਜਾਂ ਕਿਸੇ ਕੰਮ ਆਏ ਵਿਅਕਤੀ ਮਾਰਕੀਟ ਦੀ ਪਾਰਕਿੰਗ ਵਿੱਚ ਜਾ ਕੇ ਗੱਡੀ ਖੜ੍ਹਾਉਣ ਦੀ ਥਾਂ ਮੁੱਖ ਸੜਕ ਦੇ ਕਿਨਾਰੇ ਤੇ ਆਪਣੀ ਗੱਡੀ ਖੜ੍ਹੀ ਕਰ ਦਿੰਦੇ ਹਨ ਅਤੇ ਖੁਦ ਮਾਰਕੀਟ ਵਿੱਚ ਚਲੇ ਜਾਂਦੇ ਹਨ। ਸ਼ਹਿਰ ਦੀ ਸਭ ਤੋਂ ਵਿਅਸਤ ਸੜਕ (ਜਿਹੜੀ ਫੇਜ਼ 1 ਨੂੰ ਫੇਜ਼ 11 ਨਾਲ ਜੋੜਦੀ ਹੈ) ਦਾ ਮਾਰਕੀਟਾਂ ਦੇ ਸਾਮ੍ਹਣੇ ਪੈਂਦਾ ਖੇਤਰ ਇਸ ਸਮੱਸਿਆ ਦਾ ਸਭ ਤੋਂ ਵੱਧ ਸ਼ਿਕਾਰ ਹੈ। ਫੇਜ਼ 1 ਵਿੱਚ ਪੁਰਾਣੇ ਬੈਰੀਅਰ ਤੋਂ ਲੈ ਕੇ ਫਰੈਂਕੋ ਹੋਟਲ ਦੇ ਸਾਮਣੇ ਤਕ ਦੀ ਸੜਕ, ਫੇਜ਼ 5 ਦੇ 3-5 ਚੌਂਕ ਦੇ ਨਾਲ ਲੱਗਦੇ ਬੂਥਾਂ ਦੇ ਸਾਮ੍ਹਣੇ, ਫੇਜ਼ 7 ਦੀ ਮਾਰਕੀਟ ਦਾ ਉਹ ਹਿੱਸਾ ਜਿੱਥੇ ਵਿੱਚ ਵੱਡੀ ਗਿਣਤੀ ਬੈਂਕ ਮੌਜੂਦ ਹਨ, ਫੇਜ਼ 7 ਦੇ ਐਚ ਐਮ ਕਵਾਟਰਾਂ ਦੇ ਸਾਮ੍ਹਣੇ ਵਾਲੀ ਥਾਂ ਅਤੇ ਫੇਜ਼ 11 ਵਿੱਚ ਮਾਰਕੀਟ ਦੇ ਸਾਮ੍ਹਣੇ ਇਹ ਸਮੱਸਿਆ ਕਾਫੀ ਜਿਆਦਾ ਦਿਖਦੀ ਹੈ।

ਹਾਲਾਂਕਿ ਇਹ ਵੀ ਹਕੀਕਤ ਹੈ ਕਿ ਇਸ ਸਮੱਸਿਆ ਲਈ ਖੁਦ ਸ਼ਹਿਰਵਾਸੀ ਹੀ ਜਿੰਮੇਵਾਰ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਲੋਕ ਸੜਕਾਂ ਕਿਨਾਰੇ ਖੜ੍ਹਦੀਆਂ ਗੱਡੀਆਂ ਕਾਰਨ ਟ੍ਰੈਫਿਕ ਸਮੱਸਿਆ ਦੀ ਬਦਹਾਲੀ ਦੀ ਸ਼ਿਕਾਇਤ ਤਾਂ ਕਰਦੇ ਹਨ ਪਰੰਤੂ ਉਹ ਖੁਦ ਵੀ ਅਜਿਹਾ ਹੀ ਕਰਦੇ ਦਿਖਦੇ ਹਨ। ਸ਼ਹਿਰ ਵਾਸੀ ਕਿਸੇ ਹੋਰ ਵਲੋਂ ਕੀਤੀ ਜਾਂਦੀ ਕਾਨੂੰਨ ਦੀ ਉਲੰਘਣਾ ਤੇ ਤਾਂ ਇਤਰਾਜ ਕਰਦੇ ਦਿਖਦੇ ਹਨ ਪਰੰਤੂ ਜਦੋਂ ਖੁਦ ਤੇ ਗੱਲ ਆਉਂਦੀ ਹੈ ਤਾਂ ‘ਬਸ ਦੋ ਮਿਨਟ ਦਾ ਕੰਮ ਹੈ’ ਵਰਗੇ ਬਹਾਨੇ ਬਣਾ ਕੇ ਖੁਦ ਨੂੰ ਜਾਇਜ ਕਰਾਰ ਦੇਣ ਦੀ ਕੋਸ਼ਿਸ਼ ਵਿੱਚ ਲੱਗ ਜਾਂਦੇ ਹਨ। ਇਸਨੂੰ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਸਾਡੇ ਸ਼ਹਿਰ ਦੇ ਵਸਨੀਕਾਂ ਦੀ ਮਾਨਸਿਕਤਾ ਹੀ ਕੁੱਝ ਅਜਿਹੀ ਹੋ ਗਈ ਜਾਪਦੀ ਹੈ ਕਿ ਆਪਣੀ ਖੁਦ ਦੀ ਸਹੂਲੀਅਤ ਲਈ ਉਹ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਕਿ ਉਹਨਾਂ ਦੀ ਕੋਈ ਕਾਰਵਾਈ ਹੋਰਨਾਂ ਸ਼ਹਿਰੀਆਂ ਲਈ ਕਿੰਨੀ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਸ਼ਹਿਰਵਾਸੀ ਖੁਦ ਲਈ ਅਤਿ ਆਧੁਨਿਕ ਸੁਵਿਧਾਵਾਂ ਦੀ ਮੰਗ ਤਾਂ ਕਰਦੇ ਹਨ ਪਰੰਤੂ ਅਕਸਰ ਉਹਨਾਂ ਦੀਆਂ ਖੁਦ ਦੀਆਂ ਕਾਰਵਾਈਆਂ ਹੀ ਉਹਨਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਦੇ ਰਾਹ ਦੀ ਰੁਕਾਵਟ ਬਣ ਜਾਂਦੀਆਂ ਹਨ।

ਮੁੱਖ ਸੜਕਾਂ ਦੇ ਕਿਨਾਰੇ ਵਾਹਨ ਖੜ੍ਹਾਉਣ ਦੀ ਇਹ ਕਾਰਵਾਈ ਕਾਨੂੰਨ ਦੀ ਸਿੱਧੀ ਉਲੰਘਣਾ ਦੇ ਦਾਇਰੇ ਵਿੱਚ ਆਉਂਦੀ ਹੈ ਅਤੇ ਕੁੱਝ ਸਾਲ ਪਹਿਲਾਂ ਤਕ ਟ੍ਰੈਫਿਕ ਪੁਲੀਸ ਵਲੋਂ ਅਜਿਹੇ ਵਾਹਨ ਚਾਲਕਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਂਦੀ ਰਹੀ ਹੈ ਜਿਸਦੇ ਤਹਿਤ ਪੁਲੀਸ ਵਲੋਂ ਅਜਿਹੀਆਂ ਗੱਡੀਆਂ ਨੂੰ ਕ੍ਰੇਨ ਨਾਲ ਚੁਕਵਾ ਕੇ ਥਾਣੇ ਪਹੁੰਚਾ ਦਿੱਤਾ ਜਾਂਦਾ ਸੀ ਅਤੇ ਫਿਰ ਜੁਰਮਾਨਾ ਵਸੂਲਣ ਤੋਂ ਬਾਅਦ ਹੀ ਇਹਨਾਂ ਨੂੰ ਛੱਡਿਆ ਜਾਂਦਾ ਸੀ, ਪਰੰਤੂ ਪਿਛਲੇ ਕਾਫੀ ਸਮੇਂ ਤੋਂ ਟ੍ਰੈਫਿਕ ਪੁਲੀਸ ਦੀ ਇਹ ਕਾਰਵਾਈ ਬੰਦ ਹੈ ਅਤੇ ਇਸ ਕਾਰਨ ਸੜਕਾਂ ਕਿਨਾਰੇ ਖੜ੍ਹਦੀਆਂ ਇਹਨਾਂ ਗੱਡੀਆਂ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ।

ਸਥਾਨਕ ਪ੍ਰਛਾਛਨ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਛਹਿਰ ਦੀਆਂ ਸੜਕਾਂ ਦੇ ਕਿਨਾਰੇ ਵਾਹਨ ਖੜ੍ਹਾਉਣ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਏ ਅਤੇ ਇਸ ਸਮੱਸਿਆ ਦੇ ਹਲ ਲਈ ਪ੍ਰਭਾਵੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ। ਇਸ ਸੰਬੰਧੀ ਟ੍ਰੈਫਿਕ ਪੁਲੀਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਸੜਕਾਂ ਕਿਨਾਰੇ ਵਾਹਨ ਖੜ੍ਹਾਉਣ ਦੀ ਇਸ ਕਾਰਵਾਈ ਤੇ ਸਖਤੀ ਨਾਲ ਰੋਕ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਇਸ ਕਾਰਨ ਪੇਸ਼ ਆਉਂਦੀ ਟ੍ਰੈਫਿਕ ਵਿਵਸਥਾ ਦੀ ਬਦਹਾਲੀ ਦੀ ਸਮੱਸਿਆ ਤੋਂ ਛੁਟਕਾਰਾ ਹਾਸਿਲ ਹੋ ਸਕੇ।

Continue Reading

Editorial

ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਨਾਲ ਪੰਜਾਬ ਦੇ ਖੇਡ ਜਗਤ ਨੂੰ ਮਿਲੇਗਾ ਹੁਲਾਰਾ

Published

on

By

ਪੰਜਾਬ ਦੀ ਧਰਤੀ ਤੇ 27 ਅਕਤੂਬਰ ਤੋਂ 5 ਨਵੰਬਰ 2026 ਤੱਕ ਕਰਵਾਈ ਜਾ ਰਹੀ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਪੰਜਾਬ-2026 ਨਾਲ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿੱਚ ਉਤਸ਼ਾਹ ਦਿਖ ਰਿਹਾ ਹੈ ਅਤੇ ਇਸ ਚੈਂਪੀਅਨ ਟਰਾਫੀ ਨਾਲ ਉਭਰਦੇ ਹਾਕੀ ਖਿਡਾਰੀ ਵੀ ਉਤਸ਼ਾਹ ਵਿੱਚ ਹਨ। ਇਸ ਟਰਾਫੀ ਵਿੱਚ ਭਾਰਤ, ਬੰਗਲਾਦੇਸ਼, ਚੀਨ, ਜਪਾਨ, ਦੱਖਣੀ ਕੋਰੀਆ ਅਤੇ ਮਲੇਸ਼ੀਆ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਪੰਜਾਬ ਦੇ ਉਭਰਦੇ ਹਾਕੀ ਖਿਡਾਰੀ ਵੱਖ ਵੱਖ ਦੇਸ਼ਾਂ ਦੀਆਂ ਟੀਮਾਂ ਦੇ ਸੀਨੀਅਰ ਖਿਡਾਰੀਆਂ ਨੂੰ ਨੇੜਿਓਂ ਖੇਡਦਾ ਵੇਖ ਕੇ ਆਪਣੀ ਖੇਡ ਕਲਾ ਵਿੱਚ ਹੋਰ ਨਿਖਾਰ ਲਿਆਉਣ ਦਾ ਯਤਨ ਕਰਨ ਦੀ ਤਿਆਰੀ ਵਿੱਚ ਹਨ। ਸੀਨੀਅਰ ਖਿਡਾਰੀਆਂ ਦੇ ਖੇਡ ਗੁਰਾਂ ਤੋਂ ਉਭਰਦੇ ਖਿਡਾਰੀ ਬਹੁਤ ਕੁਝ ਸਿੱਖਦੇ ਹਨ।

ਇਸ ਸਮੇਂ ਦੇਸ਼ ਵਿਦੇਸ਼ ਵਿੱਚ ਰਹਿੰਦੇ ਹਾਕੀ ਪ੍ਰੇਮੀਆਂ ਦੀਆਂ ਨਜ਼ਰਾਂ ਵੀ ਚੈਂਪੀਅਨ ਟਰਾਫ਼ੀ ਵੱਲ ਲੱਗੀਆਂ ਹੋਈਆਂ ਹਨ। ਵਿਦੇਸ਼ ਰਹਿੰਦੇ ਹਾਕੀ ਪ੍ਰੇਮੀ ਵੱਖ- ਵੱਖ ਟੀਮਾਂ ਵਿਚਾਲੇ ਹੁੰਦੇ ਮੈਚਾਂ ਨੂੰ ਦਰਸ਼ਕ ਬਹੁਤ ਧਿਆਨ ਨਾਲ ਵੇਖਦੇ ਹਨ ਅਤੇ ਆਪਣੇ ਵਿਚਾਰ ਵੀ ਪ੍ਰਗਟ ਕਰਦੇ ਹਨ। ਪੰਜਾਬ ਵਿੱਚ ਅੰਤਰਰਾਸ਼ਟਰੀ ਹਾਕੀ ਮੈਚ ਹੋਣ ਨਾਲ ਹੁਣ ਹਰ ਪਾਸੇ ਹਾਕੀ ਦੀਆਂ ਗੱਲਾਂ ਹੋ ਰਹੀਆਂ ਹਨ।

ਜਲੰਧਰ ਅਤੇ ਐਸ.ਏ.ਐਸ.ਨਗਰ ਮੁਹਾਲੀ ਦੇ ਵਸਨੀਕਾਂ ਵਿੱਚ ਇਸ ਟਰਾਫ਼ੀ ਲਈ ਵਿਸ਼ੇਸ਼ ਉਤਸ਼ਾਹ ਪਾਇਆ ਜਾ ਰਿਹਾ ਹੈ ਕਿਉਂਕਿ ਇਸ ਟਰਾਫ਼ੀ ਦੇ ਲੀਗ ਮੈਚ ਜਲੰਧਰ ਦੇ ਉਲੰਪੀਅਨ ਸੁਰਜੀਤ ਹਾਕੀ ਮੈਦਾਨ ਵਿੱਚ ਹੋ ਰਹੇ ਹਨ ਅਤੇ ਸੈਮੀਫਾਈਨਲ ਅਤੇ ਫਾਈਨਲ ਮੈਚ ਐਸ.ਏ.ਐਸ. ਨਗਰ ਮੁਹਾਲੀ ਦੇ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਮੈਦਾਨ ਵਿੱਚ ਖੇਡੇ ਜਾਣਗੇ। ਇਹਨਾਂ ਦੋਵਾਂ ਸ਼ਹਿਰਾਂ ਦੇ ਵਸਨੀਕਾਂ ਨੂੰ ਸੀਨੀਅਰ ਹਾਕੀ ਖਿਡਾਰੀਆਂ ਨੂੰ ਨੇੜਿਓਂ ਖੇਡਦੇ ਵੇਖਣ ਦਾ ਮੌਕਾ ਮਿਲ ਰਿਹਾ ਹੈ, ਜਿਸ ਕਰਕੇ ਇਹਨਾਂ ਸ਼ਹਿਰਾਂ ਅਤੇ ਇਹਨਾਂ ਸ਼ਹਿਰਾਂ ਦੇ ਨੇੜਲੇ ਇਲਾਕਿਆਂ ਦੇ ਲੋਕ ਬਹੁਤ ਉਤਸ਼ਾਹਿਤ ਹਨ।

ਭਾਰਤ ਵਾਸੀ ਭਾਰਤੀ ਹਾਕੀ ਟੀਮ ਤੋਂ ਬਹੁਤ ਉਮੀਦਾਂ ਲਗਾ ਰਹੇ ਹਨ। ਭਾਰਤੀਆਂ ਨੂੰ ਉਮੀਦ ਹੈ ਕਿ ਭਾਰਤੀ ਹਾਕੀ ਟੀਮ ਇਹ ਟਰਾਫ਼ੀ ਜਰੂਰ ਜਿੱਤੇਗੀ। ਅੰਤਰਰਾਸ਼ਟਰੀ ਮੈਚ ਅਸਲ ਵਿੱਚ ਵੱਖ ਵੱਖ ਦੇਸ਼ਾਂ ਦੇ ਖਿਡਾਰੀਆਂ ਵਿੱਚ ਭਾਈਚਾਰਕ ਸਾਂਝ ਪੈਦਾ ਕਰਦੇ ਹਨ ਅਤੇ ਖਿਡਾਰੀਆਂ ਨੂੰ ਵੱਖ ਵੱਖ ਸਭਿਆਚਾਰਾਂ ਨੂੰ ਜਾਣਨ ਦਾ ਮੌਕਾ ਮਿਲਦਾ ਹੈ। ਜਿਸ ਤਰੀਕੇ ਨਾਲ ਇਸ ਚੈਂਪੀਅਨ ਟਰਾਫ਼ੀ ਦੌਰਾਨ ਵੱਖ ਵੱਖ ਦੇਸ਼ਾਂ ਦੇ ਕੁਝ ਖਿਡਾਰੀ ਅਤੇ ਕੋਚ ਪੰਜਾਬੀ ਦੇ ਕੁਝ ਸ਼ਬਦ ਬੋਲਣ ਦਾ ਯਤਨ ਕਰ ਰਹੇ ਹਨ ਉਸ ਨਾਲ ਵੀ ਉਹਨਾਂ ਦੇ ਹਾਕੀ ਨਾਲ ਅਤੇ ਪੰਜਾਬ ਨਾਲ ਪਿਆਰ ਦਾ ਪਤਾ ਚਲ ਜਾਂਦਾ ਹੈ।

ਕੋਈ ਸਮਾਂ ਹੁੰਦਾ ਸੀ ਜਦੋਂ ਖੇਡਾਂ ਦੇ ਖੇਤਰ ਵਿੱਚ ਪੰਜਾਬ ਦੀ ਪੂਰੇ ਭਾਰਤ ਵਿੱਚ ਸਰਦਾਰੀ ਹੁੰਦੀ ਸੀ। ਉਸ ਸਮੇਂ ਰਾਸ਼ਟਰੀ ਖੇਡ ਟੀਮਾਂ ਵਿੱਚ ਪੰਜਾਬੀ ਖਿਡਾਰੀਆਂ ਦੀ ਬਹੁਤਾਤ ਹੁੰਦੀ ਸੀ। ਪਰੰਤੂ ਪਿਛਲੇ ਦਹਾਕਿਆਂ ਦੌਰਾਨ ਜਦੋਂ ਪੰਜਾਬ ਵਿੱਚ ਹਾਲਾਤ ਖਰਾਬ ਹੋ ਗਏ ਸਨ ਅਤੇ ਰਾਸ਼ਟਰਪਤੀ ਰਾਜ ਲਾਗੂ ਹੋ ਗਿਆ ਸੀ, ਉਦੋਂ ਪੰਜਾਬ ਵਿੱਚ ਖੇਡਾਂ ਵੱਲ ਵਿਸ਼ੇਸ਼ ਧਿਆਨ ਨਾ ਦਿੱਤਾ ਜਾ ਸਕਿਆ ਅਤੇ ਪੰਜਾਬ ਖੇਡਾਂ ਵਿੱਚ ਪਿਛੜ ਗਿਆ। ਉਸ ਤੋਂ ਬਾਅਦ ਆਈਆਂ ਸਰਕਾਰਾਂ ਨੇ ਆਪਣੇ ਰਾਜ ਦੌਰਾਨ ਖੇਡਾਂ ਨੂੰ ਵਿਕਸਤ ਕਰਨ ਦੇ ਉਪਰਾਲੇ ਕੀਤੇ। ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਵੀ ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਵਿਸ਼ੇਸ਼ ਯਤਨ ਕਰਨ ਦਾ ਦਾਅਵਾ ਕਰ ਰਹੀ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਚੈਂਪੀਅਨ ਟਰਾਫ਼ੀ ਦੇ ਮੈਚ ਪੰਜਾਬ ਵਿੱਚ ਕਰਵਾਏ ਜਾਣਾ ਵੀ ਉਸ ਦੀ ਖੇਡ ਨੀਤੀ ਦਾ ਹਿੱਸਾ ਹੈ।

ਪੰਜਾਬ ਵਿੱਚ ਅੰਤਰਰਾਸ਼ਟਰੀ ਹਾਕੀ ਮੈਚ ਹੋਣ ਕਾਰਨ ਪੰਜਾਬੀਆਂ ਵਿੱਚ ਵਿਸ਼ੇਸ਼ ਉਤਸ਼ਾਹ ਪਾਇਆ ਜਾ ਰਿਹਾ ਹੈ। ਖੇਡ ਮਾਹਿਰ ਕਹਿੰਦੇ ਹਨ ਕਿ ਇਸ ਟਰਾਫ਼ੀ ਦੇ ਮੈੇਚ ਪੰਜਾਬ ਵਿੱਚ ਹੋਣ ਕਾਰਨ ਪੰਜਾਬ ਦੇ ਹਰ ਵਰਗ ਵਿੱਚ ਹਾਕੀ ਪ੍ਰਤੀ ਦਿਲਚਸਪੀ ਵੱਧ ਰਹੀ ਹੈ।

ਬਿਊਰੋ

Continue Reading

Editorial

ਮਾਲਵਾ ਇਲਾਕੇੇ ਵਿੱਚ ਤੇਜ਼ ਹੋਈਆਂ ਸਿਆਸੀ ਸਰਗਰਮੀਆਂ

Published

on

By

ਪੰਜਾਬ ਦੀ ਰਾਜਨੀਤੀ ਉੱਤੇ ਵੱਡਾ ਅਸਰ ਪਾਉਂਦਾ ਹੈ ਮਾਲਵੇ ਦਾ ਇਲਾਕਾ

ਪੰਜਾਬ ਵਿੱਚ ਇਸ ਵੇਲੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਦੌਰਾਨ ਵੱਖ- ਵੱਖ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਦੇ ਮਾਲਵਾ ਇਲਾਕੇ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਮਾਲਵਾ ਇਲਾਕੇ ਦਾ ਦੌਰਾ ਕਰਕੇ ਗਏ ਹਨ, ਭਾਵੇਂ ਕਿ ਉਹਨਾਂ ਨੇ ਮਾਨਸਾ ਵਿਖੇ ਮਾਰੇ ਗਏ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਹੋਰਨਾਂ ਪੀੜਤ ਪਰਿਵਾਰਾਂ ਨੂੰ ਮਿਲ ਕੇ ਉਹਨਾਂ ਦਾ ਦੁੱਖ ਵੰਡਾਇਆ।

ਹੁਣ ਕਾਂਗਰਸ ਵੱਲੋਂ ਨਵੰਬਰ ਮਹੀਨੇ ਦੀ ਸ਼ੁਰੂਆਤ ਵਿੱਚ ਮਾਲਵੇ ਦੇ ਮੁੱਖ ਸ਼ਹਿਰ ਸੰਗਰੂਰ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਹੈ, ਜਿਸ ਨੂੰ ਸੰਬੋਧਨ ਕਰਨ ਲਈ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਆ ਰਹੇ ਹਨ। ਕੌਮੀ ਪੱਧਰ ਦੇ ਦੋ ਨੇਤਾਵਾਂ ਦੀਆਂ ਸਰਗਰਮੀਆਂ ਨਾਲ ਮਾਲਵਾ ਇਲਾਕੇ ਵਿੱਚ ਸਿਆਸੀ ਸਰਗਰਮੀਆਂ ਸਿਖਰਾਂ ਨੂੰ ਛੋਹ ਗਈਆਂ ਹਨ। ਕਾਂਗਰਸ ਵੱਲੋਂ ਤਾਂ ਸੰਗਰੂਰ ਰੈਲੀ ਤੋਂ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਕਰਕੇ ਮਾਲਵਾ ਇਲਾਕਾ ਇੱਕਦਮ ਹੀ ਸੁਰਖ਼ੀਆਂ ਵਿੱਚ ਆ ਗਿਆ ਹੈ।

ਮਾਲਵਾ ਪੰਜਾਬ ਦਾ ਸਭ ਤੋਂ ਵੱਡਾ ਇਲਾਕਾ ਹੈ, ਜੋ ਕਿ 15 ਜ਼ਿਲ੍ਹਿਆਂ ਵਿੱਚ ਫੈਲਿਆ ਹੋਇਆ ਹੈ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿਚੋਂ 69 ਸੀਟਾਂ ਇਕੱਲੇ ਮਾਲਵਾ ਖੇਤਰ ਵਿੱਚ ਹਨ। ਇਹ ਰਾਜ ਦਾ ਸਭ ਤੋਂ ਵੱਡਾ ਅਤੇ ਸਿਆਸੀ ਤੌਰ ਤੇ ਸਭ ਤੋਂ ਮਹੱਤਵਪੂਰਨ ਖੇਤਰ ਮੰਨਿਆ ਜਾਂਦਾ ਹੈ ਕਿਉਂਕਿ ਇਥੋਂ ਚਲਣ ਵਾਲੀ ਸਿਆਸੀ ਲਹਿਰ ਦਾ ਅਸਰ ਪੂਰੇ ਪੰਜਾਬ ਦੇ ਚੋਣ ਨਤੀਜਿਆਂ ਤੇ ਪੈਂਦਾ ਹੈ। ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਭਗਵੰਤ ਮਾਨ ਵਰਗੇ ਪ੍ਰਮੁੱਖ ਮੁੱਖ ਮੰਤਰੀ ਇਸੇ ਖੇਤਰ ਨਾਲ ਸਬੰਧਿਤ ਰਹੇ ਹਨ।

ਸਾਲ 2022 ਵਿੱਚ ‘ਆਪ’ ਨੇ ਮਾਲਵਾ ਦੀਆਂ 69 ਵਿਚੋਂ 66 ਸੀਟਾਂ ਜਿੱਤ ਕੇ ਹੂੰਝਾ ਫੇਰਿਆ ਸੀ, ਜਦੋਂਕਿ ਕਾਂਗਰਸ ਨੂੰ 2 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ 1 ਸੀਟ ਮਿਲੀ ਸੀ। ਇਸ ਵਾਰ ਕਿਸਾਨ ਅਤੇ ਕਿਸਾਨੀ ਨਾਲ ਜੁੜੇ ਮੁੱਦੇ, ਜ਼ਮੀਨ ਹੇਠਲਾ ਪਾਣੀ, ਕੈਂਸਰ ਬੈਲਟ, ਬੇਰੁਜ਼ਗਾਰੀ ਅਤੇ ਨੌਜਵਾਨਾਂ ਦਾ ਵਿਦੇਸ਼ ਵੱਲ ਪਲਾਇਨ ਮੁੱਖ ਮੁੱਦਿਆਂ ਵਿੱਚ ਸ਼ਾਮਲ ਹਨ। ਸਾਰੀਆਂ ਪਾਰਟੀਆਂ ਮਾਲਵਾ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਵਿਸ਼ੇਸ਼ ਰਣਨੀਤੀ ਤੇ ਕੰਮ ਕਰ ਰਹੀਆਂ ਹਨ। ਮਾਨਸਾ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਕਾਰਕੁੰਨ ਪਰਵਿੰਦਰ ਸਿੰਘ ਉਰਫ਼ ਝੋਟਾ ਦੇ ਕਤਲ ਨੇ ਜਿੱਥੇ ਸੂਬੇ ਦੇ ਸਿਆਸੀ ਮਾਹੌਲ ਨੂੰ ਭਖ਼ਾ ਦਿੱਤਾ ਹੈ, ਉੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਮਾਲਵਾ ਵਿੱਚ ਕੀਤੇ ਜਾ ਰਹੇ ਦੌਰਿਆਂ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ।

ਸਿਆਸੀ ਮਾਹਿਰ ਕਹਿੰਦੇ ਹਨ ਕਿ ਪੰਜਾਬ ਦੇ ਮਾਲਵਾ ਇਲਾਕੇ ਵਿੱਚ ਪਿਛਲੇ ਸਮੇਂ ਦੌਰਾਨ ਵੱਖ- ਵੱਖ ਲਹਿਰਾਂ ਉਭਰੀਆਂ, ਜਿਹਨਾਂ ਨੇ ਪੂਰੇ ਪੰਜਾਬ ਨੂੰ ਹੀ ਪ੍ਰਭਾਵਿਤ ਕੀਤਾ। ਸਿਆਸੀ ਪਾਰਟੀਆਂ ਵੀ ਇਸ ਤੱਥ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਨ। ਇਸ ਕਾਰਨ ਪੰਜਾਬ ਦੇ ਮਾਲਵਾ ਇਲਾਕੇ ਵੱਲ ਸਿਆਸੀ ਪਾਰਟੀਆਂ ਵੱਲੋਂ ਹਰ ਚੋਣਾਂ ਵੇਲੇ ਵਿਸ਼ੇਸ਼ ਤਵੱਜੋ ਦਿੱਤੀ ਜਾਂਦੀ ਹੈ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਮਾਲਵਾ ਇਲਾਕੇ ਵਿੱਚ ਜਿਹੜੀ ਸਿਆਸੀ ਪਾਰਟੀ ਨੂੰ ਬਹੁਮਤ ਮਿਲ ਜਾਂਦਾ ਹੈ, ਉਸ ਪਾਰਟੀ ਦੀ ਹੀ ਪੰਜਾਬ ਵਿੱਚ ਸਰਕਾਰ ਹੋਂਦ ਵਿੱਚ ਆ ਜਾਂਦੀ ਹੈ।

ਮਾਲਵਾ ਇਲਾਕੇ ਵਿਚੋਂ ਉਠਦੀ ਆਵਾਜ਼ ਅਤੇ ਲਹਿਰ ਨੂੰ ਅਣਗੋਲਿਆ ਕਰਨਾ ਸਿਆਸੀ ਪਾਰਟੀਆਂ ਲਈ ਸੰਭਵ ਨਹੀਂ ਹੁੰਦਾ, ਇਹੋ ਕਾਰਨ ਹੈ ਕਿ ਵੱਖ ਵੱਖ ਸਿਆਸੀ ਪਾਰਟੀਆਂ ਇਸ ਇਲਾਕੇ ਵਿੱਚ ਵੱਡੀਆਂ ਸਰਗਰਮੀਆਂ ਕਰਦੀਆਂ ਹਨ। ਇਸ ਸਮੇਂ ਮਾਨਸਾ ਵਿੱਚ ਪਰਵਿੰਦਰ ਝੋਟੇ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਲਗਾਤਾਰ ਧਰਨਾ ਚੱਲ ਰਿਹਾ ਹੈ। ਜਿਸ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਕੁਝ ਕਲਾਕਾਰ ਵੀ ਆਪਣੀ ਹਾਜ਼ਰੀ ਲਵਾ ਕੇ ਗਏ ਹਨ।

ਇਸ ਧਰਨੇ ਵਿੱਚ ਪਹੁੰਚੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਧਰਨੇ ਤੋਂ ਪੰਜਾਬ ਵਿੱਚ ਮੌਜੂਦਾ ਸਰਕਾਰ ਵਿਰੁੱਧ ਨਵੀਂ ਲੋਕ ਲਹਿਰ ਸ਼ੁਰੂ ਹੋ ਰਹੀ ਹੈ। ਕਿਸਾਨ ਆਗੂ ਤਾਂ ਇਹ ਵੀ ਕਹਿੰਦੇ ਹਨ ਕਿ ਉਹ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਹੀ ਨਹੀਂ ਮੰਨਦੇ। ਜਿਸ ਤਰੀਕੇ ਨਾਲ ਪੰਜਾਬ ਦੇ ਮਾਲਵਾ ਇਲਾਕੇ ਵਿੱਚ ਸਿਆਸੀ ਸਰਗਰਮੀਆਂ ਹੋ ਰਹੀਆਂ ਹਨ, ਉਸ ਤੋਂ ਮਹਿਸੂਸ ਹੁੰਦਾ ਹੈ ਕਿ ਪੰਜਾਬ ਦਾ ਮਾਲਵਾ ਇਲਾਕਾ ਇਸ ਸਮੇਂ ਸਿਆਸੀ ਸਰਗਰਮੀਆਂ ਦਾ ਗੜ੍ਹ ਬਣਿਆ ਹੋਇਆ ਹੈ।

ਬਿਊਰੋ

Continue Reading

Latest News

Trending