Editorial
ਪੰਜਾਬੀ ਸਭਿਆਚਾਰ ਦੇ ਨਾਮ ਤੇ ਪਰੋਸੀ ਜਾਂਦੀ ਹਿੰਸਾ ਅਤੇ ਅਸ਼ਲੀਲਤਾ ਤੇ ਸਖਤੀ ਨਾਲ ਰੋਕ ਲਗਾਏ ਸਰਕਾਰ
ਖੁਦ ਨੂੰ ਪੰਜਾਬੀ ਸਭਿਆਚਾਰ ਦਾ ਝੰਡਾਬਰਦਾਰ ਦੱਸਣ ਵਾਲੇ ਪੰਜਾਬ ਦੇ (ਜਿਆਦਾਤਰ) ਗਾਇਕਾਂ ਅਤੇ ਕਲਾਕਾਰਾਂ ਵਲੋਂ ਪੰਜਾਬੀ ਸਭਿਆਚਾਰ ਦੇ ਨਾਮ ਤੇ ਪੰਜਾਬੀ ਗਾਣਿਆਂ ਵਿੱਚ ਜਿਹੜੀ ਅਸ਼ਲੀਲਤਾ, ਲਚਰਤਾ, ਗੁੰਡਾ ਗਰਦੀ, ਨਸ਼ੇ, ਹਥਿਆਰ ਅਤੇ ਹੋਰ ਗੰਦ ਪਰੋਸਿਆ ਜਾ ਰਿਹਾ ਹੈ, ਉਸ ਕਾਰਨ ਸਾਡੇ ਸਭਿਆਚਾਰ ਦਾ ਬੁਰੀ ਤਰ੍ਹਾਂ ਘਾਣ ਹੋ ਰਿਹਾ ਹੈ। ਹਾਲਾਤ ਇਹ ਹਨ ਆਏ ਦਿਨ ਬਣਨ ਵਾਲੇ ਇਹਨਾਂ ਗਾਣਿਆਂ ਵਿੱਚ ਪੰਜਾਬੀ ਸਭਿਆਚਾਰ ਤਾਂ ਕਿਤੇ ਨਜਰ ਨਹੀਂ ਆਉਂਦਾ ਪਰੰਤੂ ਤੇਜ ਸੰਗੀਤ ਦੇ ਨਾਲ ਲੋਕਾਂ ਨੂੰ ਉਕਸਾਉਣ ਦਾ ਕੰਮ ਜਰੂਰ ਕੀਤਾ ਜਾਂਦਾ ਹੈ।
ਅਜਿਹੇ ਪੰਜਾਬੀ ਗਾਣਿਆਂ ਦੀਆਂ ਜਿਹੜੀਆਂ ਵੀਡੀਓ ਟੀ ਵੀ ਚੈਨਲਾਂ ਤੇ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ ਉਹਨਾਂ ਵਿੱਚ ਜਿਸ ਤਰੀਕੇ ਨਾਲ ਕਾਮੁਕ ਦ੍ਰਿਸ਼ ਭਰੇ ਜਾਂਦੇ ਹਨ ਅਤੇ ਅਸ਼ਲੀਲਤਾ ਪਰੋਸੀ ਜਾਂਦੀ ਹੈ ਉਹਨੂੰ ਪਰਿਵਾਰ ਵਿੱਚ ਇਕੱਠਿਆਂ ਬੈਠ ਕੇ ਦੇਖਿਆ ਅਤੇ ਸੁਣਿਆ ਤਕ ਨਹੀਂ ਜਾ ਸਕਦਾ। ਪੰਜਾਬੀ ਗਾਣਿਆਂ ਦੀਆਂ ਵੀਡਿਓ ਫਿਲਮਾਂ ਵਿੱਚੋਂ ਜਿਆਦਾਤਰ ਵਿੱਚ ਅਧਨੰਗੀਆਂ ਕੁੜੀਆਂ ਨੂੰ ਨਚਾਇਆ ਜਾਂਦਾ ਹੈ ਅਤੇ ਬਾਕੀ ਦੀ ਕਸਰ ਗਾਣਿਆਂ ਦੇ ਦੋ ਅਰਥੀ ਬੋਲ ਪੂਰੇ ਕਰ ਦਿੰਦੇ ਹਨ ਜਿਹਨਾਂ ਰਾਂਹੀ ਦਰਸ਼ਕਾਂ ਨੂੰ ਭਰਪੂਰ ਅਸ਼ਲੀਲਤਾ ਪਰੋਸੀ ਜਾਂਦੀ ਹੈ। ਇਹਨਾਂ ਗਾਣਿਆਂ ਦੀਆਂ ਵੀਡੀਓ ਫਿਲਮਾਂ ਵਿੱਚ ਪਰੋਸਿਆ ਜਾਣਾ ਵਾਲਾ ਅਸ਼ੀਲਲਤਾ ਦਾ ਇਹ ਨਾਚ ਇਹਨਾਂ ਗਾਇਕਾਂ ਦੇ ਸਫਲ ਹੋਣ ਦੀ ਗਾਰੰਟੀ ਮੰਨਿਆ ਜਾਂਦਾ ਹੈ ਅਤੇ ਜਿਆਦਾਤਰ ਗਾਇਕ (ਜਿਹੜੇ ਕਾਫੀ ਹੱਦ ਤਕ ਬੇਸੁਰੇ ਵੀ ਹੁੰਦੇ ਹਨ) ਆਪਣਾ ਗਾਣਾ ਹਿਟ ਕਰਵਾਉਣ ਲਈ ਇਸੇ ਫਾਰਮੂਲੇ ਦਾ ਸਹਾਰਾ ਲੈਂਦੇ ਹਨ।
ਅਜਿਹੇ ਗਾਇਕਾਂ ਦੇ ਗੀਤਾਂ ਲਈ ਬਣੀ ਵੀਡੀਓ ਵਿੱਚ ਨੱਚਦੀਆਂ ਅਧਨੰਗੀਆਂ ਕੁੜੀਆਂ ਵਲੋਂ ਕੀਤੀਆਂ ਜਾਂਦੀਆਂ ਹਰਕਤਾਂ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ ਅਤੇ ਇਸ ਦੌਰਾਨ ਗਾਇਕ ਦੀ ਬੇਸੁਰੀ ਆਵਾਜ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। ਉੱਪਰੋ ਸਾਡੇ ਇਹ ਗਾਇਕ ਅਸ਼ਲੀਲਤਾ ਅਤੇ ਹਿੰਸਾ ਦਾ ਪਸਾਰ ਕਰਨ ਵਾਲੇ ਆਪਣੇ ਇਹਨਾਂ ਗਾਣਿਆਂ ਨੂੰ ਸਭਿਆਚਾਰਕ ਗੀਤਾਂ ਦਾ ਦਰਜਾ ਦਿੰਦੇ ਹਨ ਅਤੇ ਜਦੋਂ ਕਦੇ ਉਹਨਾਂ ਨੂੰ ਇਸ ਤਰੀਕੇ ਨਾਲ ਫੈਲਾਈ ਜਾ ਰਹੀ ਅਸ਼ਲੀਲਤਾ ਬਾਰੇ ਸਵਾਲ ਕੀਤਾ ਜਾਂਦਾ ਹੈ ਤਾਂ ਉਹਨਾਂ ਦਾ ਜਵਾਬ ਹੁੰਦਾ ਹੈ ਕਿ ਲੋਕ ਇਸ ਤਰ੍ਹਾਂ ਦੇ ਹੀ ਗਾਣੇ ਪਸੰਦ ਕਰਦੇ ਹਨ।
ਪੰਜਾਬੀ ਗਾਇਕੀ ਦੇ ਖੇਤਰ ਵਿੱਚ ਆਏ ਇਸ ਨਿਘਾਰ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਕਿ ਸੰਗੀਤ ਅਤੇ ਗਾਇਕੀ ਦੇ ਖੇਤਰ ਵਿੱਚ ਕਲਾ ਦੇ ਕਦਰਦਾਨਾਂ ਦੀ ਥਾਂ ਹੁਣ ਵੱਡੇ ਵਪਾਰੀਆਂ ਦੀ ਤੂਤੀ ਬੋਲਦੀ ਹੈ ਜਿਹੜੇ ਆਪਣਾ ਮਾਲ ਵੇਚਣ ਲਈ ਹਰ ਹੱਥਕੰਡਾ ਅਪਣਾਉਣ ਲਈ ਤਿਆਰ ਰਹਿੰਦੇ ਹਨ। ਇਹੀ ਕਾਰਨ ਹੈ ਕਿ ਪੰਜਾਬੀ ਗਾਣਿਆਂ ਵਿੱਚ ਲੱਚਰਤਾ ਵੱਧਦੀ ਜਾ ਰਹੀ ਹੈ। ਜਿਆਦਾਤਰ ਗਾਣਿਆਂ ਦੇ ਸ਼ਬਦ ਦੋਹਰੇ ਅਰਥਾਂ ਵਾਲੇ ਹੁੰਦੇ ਹਨ ਅਤੇ ਲਗਭਗ ਹਰ ਗਾਣੇ ਵਿੱਚ ਹੀ ਕੁੜੀਆਂ, ਨਸ਼ਿਆਂ ਅਤੇ ਹਥਿਆਰਾਂ ਦੀ ਗੱਲ ਕੀਤੀ ਜਾਂਦੀ ਹੈ। ਹਾਲਾਤ ਇਹ ਹੋ ਗਏ ਹਨ ਕਿ ਅੱਜ ਕੱਲ ਪੰਜਾਬੀ ਗਾਣਿਆਂ ਵਿੱਚ ਜਿਸ ਤਰ੍ਹਾਂ ਦੀ ਗੁੰਡਾਗਰਦੀ ਅਤੇ ਅਸ਼ਲੀਲਤਾ ਪੇਸ਼ ਕੀਤੀ ਜਾ ਰਹੀ ਹੈ, ਉਨਾ ਕੁਝ ਤਾਂ ਹਿੰਦੀ ਫਿਲਮਾਂ ਵਿੱਚ ਵੀ ਨਹੀਂ ਹੁੰਦਾ। ਹਾਲਾਂਕਿ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਸਾਰੇ ਗਾਇਕ ਹੀ ਅਜਿਹੇ ਹਨ ਪਰੰਤੂ ਜਿਆਦਾਤਰ ਬਾਰੇ ਇਹ ਗੱਲ ਆਖੀ ਜਾ ਸਕਦੀ ਹੈ ਕਿ ਉਹ ਇਸੇ ਰਾਹ ਤੇ ਚਲ ਰਹੇ ਹਨ।
ਇਸ ਤਰੀਕੇ ਨਾਲ ਪੰਜਾਬੀ ਸਭਿਆਚਾਰ ਅਤੇ ਸੰਗੀਤ ਦੇ ਨਾਮ ਤੇ ਅਸ਼ਲੀਲਤਾ ਅਤੇ ਹਿੰਸਾ ਪਰੋਸੇ ਜਾਣ ਦੀ ਇਸ ਕਾਰਵਾਈ ਦਾ ਵਿਰੋਧ ਵੀ ਹੁੰਦਾ ਹੈ ਅਤੇ ਅਜਿਹੀਆਂ ਕਈ ਸੰਸਥਾਵਾਂ ਹਨ ਜਿਹੜੀਆਂ ਪੰਜਾਬੀ ਗਾਣਿਆਂ ਵਿੱਚ ਪਰੋਸੀ ਜਾਣ ਵਾਲੀ ਇਸ ਅਸ਼ਲੀਲਤਾ ਦੇ ਖਿਲਾਫ ਲੰਬੇ ਸਮੇਂ ਤੋਂ ਮੁਹਿੰਮ ਚਲਾ ਰਹੀਆਂ ਹਨ। ਪੰਜਾਬੀ ਸਭਿਆਚਾਰ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ, ਸਾਫ ਸੁਥਰੀ ਗਾਇਕੀ ਵਾਲੇ ਕਲਾਕਾਰਾਂ ਅਤੇ ਉਹਨਾਂ ਦੇ ਸਰੋਤਿਆਂ ਵਲੋਂ ਇਸ ਲਚਰ ਗਾਇਕੀ ਦੇ ਖਿਲਾਫ ਆਵਾਜ ਵੀ ਬੁਲੰਦ ਕੀਤੀ ਜਾਂਦੀ ਹੈ ਅਤੇ ਇਹਨਾਂ ਸਾਰਿਆਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਇਹ ਮੰਗ ਵੀ ਕੀਤੀ ਜਾਂਦੀ ਰਹੀ ਹੈ ਕਿ ਪੰਜਾਬੀ ਗਾਇਕੀ ਦੇ ਨਾਮ ਤੇ ਪਰੋਸੀ ਜਾਣ ਵਾਲੀ ਲਚਰਤਾ ਅਤੇ ਅਸ਼ਲੀਲਤਾ ਤੇ ਕਾਬੂ ਕਰਨ ਲਈ ਇੱਕ ਵਿਸ਼ੇਸ਼ ਸੈਂਸਰ ਬੋਰਡ ਦਾ ਗਠਨ ਕੀਤਾ ਜਾਵੇ ਪਰੰਤੂ ਸਰਕਾਰ ਵਲੋਂ ਹੁਣ ਤਕ ਇਸ ਮੰਗ ਨੂੰ ਅਣਸੁਣਿਆ ਕੀਤਾ ਜਾਂਦਾ ਰਿਹਾ ਹੈ।
ਪੰਜਾਬੀ ਸਭਿਆਚਾਰ ਨੂੰ ਹਿੰਸਾ ਅਤੇ ਅਸ਼ੀਲਲਤਾ ਦੇ ਪਸਾਰ ਨਾਲ ਪਹੁੰਚਾਏ ਜਾ ਰਹੇ ਇਸ ਨੁਕਸਾਨ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸੂਬਾ ਸਰਕਾਰ ਵਲੋਂ ਇਸ ਸੰਬੰਧੀ ਸੈਂਸਰ ਬੋਰਡ ਦਾ ਗਠਨ ਕੀਤਾ ਜਾਵੇ ਜਿਸ ਵਲੋਂ ਅਜਿਹੇ ਤਮਾਮ ਗਾਣਿਆਂ ਅਤੇ ਉਹਨਾਂ ਵਾਸਤੇ ਬਣਾਈਆਂ ਜਾਣ ਵਾਲੀਆਂ ਵੀਡੀਓ ਫਿਲਮਾਂ ਦੀ ਜਾਂਚ ਕਰਨ ਉਪਰੰਤ ਹੀ ਉਹਨਾਂ ਦੇ ਪ੍ਰਸਾਰਨ ਦੀ ਮੰਜੂਰੀ ਦਿੱਤੀ ਜਾਵੇ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਗਾਣਿਆਂ ਲਈ ਸਂੈਸਰ ਬੋਰਡ ਬਣਾਉਣ ਦੀ ਕਾਰਵਾਈ ਤੇ ਗੰਭੀਰਤਾ ਨਾਲ ਵਿਚਾਰ ਕਰੇ ਅਤੇ ਪੰਜਾਬੀ ਗਾਣਿਆਂ ਲਈ ਤੁਰੰਤ ਸੈਂਸਰ ਬੋਰਡ ਬਣਾਇਆ ਜਾਵੇ ਤਾਂ ਜੋ ਸਾਡੇ ਸਭਿਆਚਾਰ ਨੂੰ ਢਾਹ ਲਾਉਣ ਵਾਲੇ ਅਜਿਹੇ ਗਾਣਿਆਂ ਤੇ ਰੋਕ ਲਗਾਈ ਜਾ ਸਕੇ।
Editorial
ਲਗਾਤਾਰ ਵੱਧਦੇ ਭ੍ਰਿਸ਼ਟਾਚਾਰ ਤੇ ਕਾਬੂ ਕਰਨ ਲਈ ਸਰਕਾਰੀ ਕੰਮਕਾਜ ਦੀ ਜਵਾਬਦੇਹੀ ਤੈਅ ਕਰੇ ਸਰਕਾਰ
ਪੌਣੇ ਚਾਰ ਸਾਲ ਪਹਿਲਾਂ ਪੰਜਾਬ ਦੀ ਸੱਤਾ ਸੰਭਾਲਣ ਵਾਲੀ ਮੁੱਖ ਮੰਤਰੀ ਭਗਵੰਤ ਸਿਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਤਿੰਨ ਚੌਥਾਈ ਕਾਰਜਕਾਲ ਲੰਘ ਗਿਆ ਹੈ ਅਤੇ ਆਪਣੇ ਹੁਣ ਤਕ ਦੇ ਕਾਰਜਕਾਲ ਦੌਰਾਨ ਖੁਦ ਨੂੰ ਕੱਟੜ ਇਮਾਨਦਾਰ ਕਹਿਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਭ੍ਰਿਸ਼ਟਾਚਾਰ ਤੇ ਕਾਬੂ ਕਰਨ ਲਈ ਲਗਾਤਾਰ ਕਾਰਵਾਈ ਕਰਨ ਦੇ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਰਹੇ ਹਨ। ਇਸ ਦੌਰਾਨ ਵਿਜੀਲੈਂਸ ਵਿਭਾਗ ਵਲੋਂ ਆਏ ਦਿਨ ਕਿਸੇ ਨਾ ਕਿਸੇ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਵੀ ਕੀਤਾ ਜਾਂਦਾ ਹੈ ਪਰੰਤੂ ਇਸਦੇ ਬਾਵਜੂਦ ਸਰਕਾਰੀ ਕੰਮ ਕਾਜ ਦੌਰਾਨ ਹੋਣ ਵਾਲੇ ਭ੍ਰਿਸ਼ਟਾਚਾਰ ਤੇ ਕਾਬੂ ਨਹੀਂ ਕੀਤਾ ਜਾ ਸਕਿਆ ਹੈ।
ਸਰਕਾਰ ਵਲੋਂ ਭਾਵੇਂ ਪੰਜਾਬ ਵਿਚ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੇ ਲੰਬੇ ਚੌੜੇ ਦਾਅਵੇ ਕੀਤੇ ਜਾਂਦੇ ਹਨ ਪਰੰਤੂ ਅਸਲੀਅਤ ਇਹੀ ਹੈ ਕਿ ਵੱਡੀ ਗਿਣਤੀ ਸਰਕਾਰੀ ਦਫਤਰਾਂ ਵਿੱਚ ਹੁਣੇ ਵੀ ਭ੍ਰਿਸ਼ਟਾਚਾਰ ਭਾਰੂ ਹੈ ਅਤੇ ਆਮ ਲੋਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਆਪਣੇ ਕੰਮ ਕਰਵਾਉਣ ਲਈ ਧੱਕੇ ਖਾਣੇ ਪੈਂਦੇ ਹਨ। ਹਾਲਾਕਿ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਇਹ ਕੰਮ ਥੋੜ੍ਹਾ ਘੱਟ ਜਰੂਰ ਹੋਇਆ ਹੈ ਪਰੰਤੂ ਹਾਲਾਤ ਹੁਣੇ ਵੀ ਇਹੀ ਹਨ ਕਿ ਰਿਸ਼ਵਤ ਦਿੱਤੇ ਬਿਨਾ ਲੋਕਾਂ ਦੇ ਸਰਕਾਰੀ ਕੰਮ ਲੰਬਾ ਸਮਾਂ ਤਕ ਲਮਕਦੇ ਰਹਿੰਦੇ ਹਨ ਅਤੇ ਜਦੋਂ ਤਕ ਕੰਮ ਦੀ ਫਾਈਲ ਨੂੰ ਅੱਗੇ ਤੋਰਨ ਲਈ ਉਸਨੂੰ ਪਹੀਏ ਨਹੀਂ ਲਗਾਏ ਜਾਂਦੇ, ਕੰਮ ਲਮਕਦਾ ਹੀ ਰਹਿੰਦਾ ਹੈ।
ਹਾਲਾਂਕਿ ਇਸ ਵਾਸਤੇ ਕੁੱਝ ਹੱਦ ਤਕ ਆਮ ਲੋਕਾਂ ਨੂੰ ਵੀ ਜਿੰਮੇਵਾਰ ਠਹਿਰਾਇਆ ਜਾ ਸਕਦਾ ਹੈ ਜਿਹੜੇ ਲੋੜੀਂਦਾ ਇੰਤਜਾਰ ਕਰਨ ਦੀ ਥਾਂ ਕੁੱਝ ਲੈ ਦੇ ਕੇ ਆਪਣਾ ਕੰਮ ਤੁਰੰਤ ਕਰਵਾਉਣ ਲਈ ਯਤਨਸ਼ੀਲ ਹੁੰਦੇ ਹਨ ਅਤੇ ਸਰਕਾਰੀ ਕਰਮਚਾਰੀ ਵੀ ਲੋਕਾਂ ਦੀ ਇਸ ਮਾਨਸਿਕਤਾ ਦਾ ਪੂਰਾ ਫਾਇਦਾ ਚੁੱਕਦਿਆਂ ਉਹਨਾਂ ਤੋਂ ਪੈਸੇ ਵਸੂਲਦੇ ਹਨ। ਪਰੰਤੂ ਹਰ ਵੇਲੇ ਅਜਿਹਾ ਨਹੀਂ ਹੁੰਦਾ ਅਤੇ ਕਈ ਵਾਰ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਲੋਕਾਂ ਨੂੰ ਰਿਸ਼ਵਤ ਦੇਣ ਲਈ ਮਜਬੂਰ ਵੀ ਕੀਤਾ ਜਾਂਦਾ ਹੈ। ਵੱਖ ਵੱਖ ਵਿਭਾਗਾਂ ਦੇ ਕੰਮ ਕਰਨ ਵਾਲੇ ਸਰਕਾਰੀ ਠੇਕੇਦਾਰ ਅਕਸਰ ਇਹ ਸ਼ਿਕਵਾ ਕਰਦੇ ਹਨ ਕਿ ਜਦੋਂ ਤਕ ਉਹ ਸੰਬੰਧਿਤ ਕਲਰਕ ਜਾਂ ਅਧਿਕਾਰੀ ਨੂੰ ਠੇਕੇ ਦੀ ਬਣਦੀ ਕਮਿਸ਼ਨ ਦੀ ਰਕਮ ਦੀ ਪੇਸ਼ਗੀ ਅਦਾਇਗੀ ਨਹੀਂ ਕਰਦੇ ਉਹਨਾਂ ਦੇ ਬਿਲਾਂ ਨੂੰ ਪਾਸ ਹੀ ਨਹੀਂ ਕੀਤਾ ਜਾਂਦਾ। ਇਹਨਾਂ ਠੇਕੇਦਾਰਾਂ ਵਲੋਂ ਵੱਖ ਵੱਖ ਵਰਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਮਿਸ਼ਨ ਦੇ ਰੂਪ ਵਿੱਚ ਠੇਕੇ ਦੀ ਕੁਲ ਰਕਮ ਦਾ 15 ਤੋਂ 20 ਫੀਸਦੀ ਤਕ ਕਮਿਸ਼ਨ ਦੇ ਰੂਪ ਵਿੱਚ ਦਿੱਤਾ ਜਾਂਦਾ ਹੈ ਅਤੇ ਇਹ ਰਕਮ ਉੱਪਰ ਤਕ ਵੰਡੇ ਜਾਣ ਦੀ ਚਰਚਾ ਆਮ ਹੁੰਦੀ ਹੈ। ਇਹ ਵੀ ਇੱਕ ਕਾਰਨ ਹੈ ਕਿ ਇਹਨਾਂ ਠੇਕੇਦਾਰਾਂ ਵਲੋਂ ਕਰਵਾਏ ਜਾਣ ਵਾਲੇ ਕੰਮਾਂ ਦੌਰਾਨ ਹਲਕੇ ਪੱਧਰ ਦਾ ਮਟੀਰੀਅਲ ਵਰਤਿਆ ਜਾਂਦਾ ਹੈ।
ਲੋਕ ਆਮ ਸ਼ਿਕਾਇਤ ਕਰਦੇ ਹਨ ਕਿ ਸਰਕਾਰ ਦਾ ਅਫਸਰਸ਼ਾਹੀ ਉਪਰ ਕੋਈ ਕਾਬੂ ਨਹੀਂ ਹੈ ਅਤੇ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਆਪਣੀ ਮਰਜੀ ਨਾਲ ਹੀ ਕੰਮ ਕਰਦੇ ਹਨ। ਇਹ ਚਰਚਾ ਵੀ ਆਮ ਹੁੰਦੀ ਹੈ ਕਿ ਵੱਡੀ ਗਿਣਤੀ ਅਫਸਰ ਅਤੇ ਮੁਲਾਜਮ ਕਦੇ ਵੀ ਸਮੇਂ ਤੇ ਦਫਤਰ ਤਕ ਨਹੀਂ ਆਉਂਦੇ ਅਤੇ ਜੇਕਰ ਆ ਵੀ ਜਾਣ ਤਾਂ ਵੀ ਕਈ ਵਾਰ ਆਪਣੀ ਹਾਜਰੀ ਲਗਾ ਕੇ ਸੀਟ ਤੋਂ ਉਠ ਕੇ ਚਲੇ ਜਾਂਦੇ ਹਨ। ਇਹਨਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਆਪਣੇ ਕਿਸੇ ਨਿੱਜੀ ਕੰਮ ਲਈ ਇੱਕ ਦੋ ਘੰਟਿਆਂ ਲਈ ਦਫਤਰ ਛੱਡ ਕੇ ਕਿਤੇ ਜਾਣਾ ਆਮ ਜਿਹੀ ਗੱਲ ਹੈ। ਪੰਜਾਬ ਸਿਵਲ ਸਕਤਰੇਤ ਦੇ ਕਰਮਚਾਰੀਆਂ ਬਾਰੇ ਇਹ ਗੱਲ ਆਮ ਆਖੀ ਜਾਂਦੀ ਰਹੀ ਹੈ ਕਿ ਸਕਤਰੇਤ ਦੇ ਵੱਡੀ ਗਿਣਤੀ ਮੁਲਾਜਮ ਦਫਤਰ ਵਿੱਚ ਆਪਣੀ ਸੀਟ ਤੇ ਕੰਮ ਕਰਨ ਥਾਂ ਬਾਹਰ ਜਾ ਕੇ ਇੱਧਰ ਉੱਧਰ ਘੁੰਮਦੇ ਰਹਿੰਦੇ ਹਨ ਅਤੇ ਅਜਿਹਾ ਹੋਣ ਕਾਰਨ ਸਕਤਰੇਤ ਵਿਚ ਆਪਣੇ ਛੋਟੇ ਵੱਡੇ ਕੰਮ ਕਰਵਾਉਣ ਲਈ ਪਹੁੰਚਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਵਲੋਂ ਭ੍ਰਿਸ਼ਟਾਚਾਰ ਤੇ ਕਾਬੂ ਕਰਨ ਲਈ ਸਖਤ ਕਾਰਵਾਈ ਕਰਨ ਦੇ ਦਾਅਵੇ ਭਾਵੇਂ ਜੋ ਵੀ ਹੋਣ ਪਰੰਤੂ ਜਮੀਨੀ ਹਾਲਾਤ ਇਹੀ ਹਨ ਕਿ ਜਿਆਦਾਤਰ ਸਰਕਾਰੀ ਦਫਤਰਾਂ ਵਿੱਚ ਭ੍ਰਿਸ਼ਟਾਚਾਰ ਪਹਿਲਾਂ ਵਾਂਗ ਹੀ ਭਾਰੂ ਹੈ ਬਲਕਿ ਸਮੇਂ ਦੇ ਨਾਲ ਇਸ ਵਿੱਚ ਹੋਰ ਵੀ ਵਾਧਾ ਹੋਇਆ ਹੈ।
ਇਸ ਸਾਰੇ ਕੁੱਝ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸਰਕਾਰ ਵਲੋਂ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਉਹਨਾਂ ਨੂੰ ਆਪਣੇ ਕੋਲ ਪਹੁੰਚਣ ਵਾਲੇ ਹਰ ਛੋਟੇ ਵੱਡੇ ਕੰਮ ਨੂੰ ਸਮਾਬੱਧ ਤਰੀਕੇ ਨਾਲ ਪੂਰਾ ਕਰਨ ਲਈ ਪਾਬੰਦ ਕੀਤਾ ਜਾਵੇ। ਇਸਦੇ ਨਾਲ ਨਾਲ ਆਪਣੇ ਕੋਲ ਪਹੁੰਚਣ ਵਾਲੀਆਂ ਫਾਈਲਾਂ ਨੂੰ ਬਿਨਾ ਵਜ੍ਹਾ ਰੋਕ ਕੇ ਰੱਖਣ ਅਤੇ ਸਰਕਾਰੀ ਕੰਮਾਂ ਨੂੰ ਲਮਕਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਸਖਤ ਕਾਰਵਾਈ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕਰਕੇ ਅਤੇ ਮਿੱਥੇ ਸਮੇਂ ਤੇ ਆਪਣਾ ਕੰਮ ਪੂਰਾ ਨਾ ਕਰਨ ਵਾਲਿਆਂ ਤੇ ਸਖਤ ਕਾਰਵਾਈ ਕਰਕੇ ਸਰਕਾਰੀ ਕੰਮਾਂ ਵਿੱਚ ਹੋਣ ਵਾਲੇ ਭ੍ਰਿਸ਼ਟਾਚਾਰ ਨੂੰ ਕਾਫੀ ਹੱਦ ਤਕ ਕਾਬੂ ਵਿੱਚ ਕੀਤਾ ਜਾ ਸਕਦਾ ਹੈ ਅਤੇ ਸਰਕਾਰ ਵਲੋਂ ਇਸ ਸੰਬੰਧੀ ਲੋੜੀਂਦੇ ਕਦਮ ਚੁੱਕੇ ਜਾਣੇ ਚਾਹੀਦੇ ਹਨ।
Editorial
ਪੰਜਾਬ ਵਿੱਚ ਜਾਰੀ ਹੈ ਪਰਾਲੀ ਨੂੰ ਅੱਗ ਲਗਾਉਣ ਦਾ ਰੁਝਾਨ
ਪੰਜਾਬ ਵਿੱਚ ਇਸ ਸਮੇਂ ਕਿਸਾਨਾਂ ਵੱਲੋਂ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦਾ ਰੁਝਾਨ ਜਾਰੀ ਹੈ। ਪਰਾਲੀ ਨੂੰ ਅੱਗ ਲਗਾਉਣ ਨਾਲ ਕਾਫੀ ਪ੍ਰਦੂਸ਼ਨ ਫੈਲ ਰਿਹਾ ਹੈ। ਦੂਜੇ ਪਾਸੇ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਲਈ ਬੱਜਿੱਦ ਹਨ।
ਕਈ ਥਾਂਵਾਂ ਤੇ ਤਾਂ ਸਰਕਾਰੀ ਅਧਿਕਾਰੀਆਂ ਨੂੰ ਪਰਾਲੀ ਨੂੰ ਲੱਗੀ ਅੱਗ ਬੁਝਾਉਣ ਲਈ ਮਜਬੂੁਰ ਹੋਣਾ ਪਿਆ, ਕਿਉਂਕਿ ਸਰਕਾਰ ਨੇ ਪਰਾਲੀ ਨੂੰ ਅੱਗ ਲਾਉਣ ਤੇ ਮਨਾਹੀ ਕੀਤੀ ਹੋਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਦੀਵਾਲੀ ਦੇ ਤਿਉਹਾਰ ਉਪਰ ਚਲਾਏ ਗਏ ਪਟਾਕਿਆਂ ਅਤੇ ਉਦਯੋਗਾਂ ਤੇ ਭਠਿਆਂ ਦੀਆਂ ਚਿਮਨੀਆਂ ਵਿੱਚੋਂ ਨਿਕਲਦੇ ਧੂੰਏਂ ਕਾਰਨ ਹਵਾ ਵਿੱਚ ਪ੍ਰਦੂਸ਼ਨ ਵਧੇਰੇ ਫੈਲਦਾ ਹੈ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਉਹਨਾਂ ਦੀ ਮਜਬੂੁਰੀ ਹੈ। ਖੇਤਾਂ ਵਿੱਚ ਪਰਾਲੀ ਵਾਹੁਣ ਉਪਰ ਕਿਸਾਨਾਂ ਦਾ ਖਰਚਾ ਬਹੁਤ ਆਉਂਦਾ ਹੈ ਅਤੇ ਮਿਹਨਤ ਵੀ ਬਹੁਤ ਹੁੰਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਪਰਾਲੀ ਦਾ ਮੁਆਵਜਾ ਦੇਵੇ।
ਦੂਜੇ ਪਾਸੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕਈ ਤਰੀਕਿਆਂ ਨਾਲ ਕਿਸਾਨਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਅਤੇ ਸਰਕਾਰ ਕਿਸਾਨਾਂ ਦੇ ਮਸਲੇ ਹਲ ਕਰਨ ਲਈ ਯਤਨਸ਼ੀਲ ਹੈ। ਇਸ ਲਈ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਰਕਾਰ ਨੂੰ ਸਹਿਯੋਗ ਦੇਣ ਅਤੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਾ ਲਾਉਣ। ਦਿੱਲੀ ਦੀ ਸਰਕਾਰ ਅਤੇ ਦਿਲੀ ਦੇ ਅਨੇਕਾਂ ਆਗੂ ਦਿੱਲੀ ਵਿੱਚ ਫੈਲੇ ਪ੍ਰਦੂਸ਼ਨ ਲਈ ਪੰਜਾਬ ਵਿੱਚ ਪਰਾਲੀ ਨੂੰ ਲਾਈ ਜਾ ਰਹੀ ਅੱਗ ਨੂੰ ਜ਼ਿੰਮੇਵਾਰ ਦੱਸਦੇ ਹਨ, ਜਦੋਂ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਈ ਮਾਹਿਰ ਇਹ ਸਪਸ਼ਟ ਕਰ ਚੁੱਕੇ ਹਨ ਕਿ ਪੰਜਾਬ ਵਿੱਚ ਪਰਾਲੀ ਨੂੰ ਲੱਗੀ ਅੱਗ ਦਾ ਧੂੰਆਂ ਦਿੱਲੀ ਤਕ ਪਹੁੰਚਣਾ ਸੰਭਵ ਨਹੀਂ ਹੈ। ਇਸ ਦੇ ਬਾਵਜੂਦ ਹਰ ਸਾਲ ਦਿਲੀ ਵਿੱਚ ਫੈਲੇ ਪ੍ਰਦੂਸ਼ਨ ਲਈ ਦਿੱਲੀ ਦੀ ਸਰਕਾਰ ਅਤੇ ਦਿੱਲੀ ਦੇ ਸਿਆਸੀ ਆਗੂਆਂ ਵੱਲੋਂ ਪੰਜਾਬ ਉਪਰ ਦੋਸ਼ ਲਗਾ ਦਿੱਤੇ ਜਾਂਦੇ ਹਨ।
ਮਾਹਿਰ ਕਹਿੰਦੇ ਹਨ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਬਹੁਤ ਨੁਕਸਾਨ ਹੁੰਦਾ ਹੈ। ਇਸ ਨਾਲ ਵਾਤਾਵਰਣ ਵਿੱਚ ਪ੍ਰਦੂਸ਼ਨ ਵੀ ਫੈਲਦਾ ਹੈ ਅਤੇ ਮਨੁੱਖ ਨੂੰ ਕਈ ਤਰਾਂ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੀ ਪੈਦਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਖੇਤਾਂ ਵਿੱਚ ਪਰਾਲੀ ਨੂੰ ਲਾਈ ਅੱਗ ਕਾਰਨ ਅਨੇਕਾਂ ਪੇੜ ਪੌਦੇ ਵੀ ਸੜ ਜਾਂਦੇ ਹਨ। ਖੇਤਾਂ ਵਿੱਚ ਰਹਿੰਦੇ ਜੀਵ ਜੰਤੂ ਪਰਾਲੀ ਦੀ ਅੱਗ ਵਿੱਚ ਜਿਉਂਦੇ ਹੀ ਸੜ ਜਾਂਦੇ ਹਨ।
ਪਰਾਲੀ ਦੀ ਅੱਗ ਕਾਰਨ ਕਈ ਵਾਰ ਹਾਦਸੇ ਵੀ ਹੋ ਚੁੱਕੇ ਹਨ। ਆਮ ਲੋਕ ਵੀ ਅਕਸਰ ਕਹਿੰਦੇ ਹਨ ਕਿ ਕਿਸਾਨ ਜਦੋਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਂਦੇ ਹਨ ਤਾਂ ਉਸ ਦੇ ਧੂੰਏਂ ਕਾਰਨ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ। ਕਈ ਲੋਕਾਂ ਨੂੰ ਅੱਖਾਂ ਵਿੱਚ ਜਲਨ ਹੋਣ ਲੱਗ ਜਾਂਦੀ ਹੈ। ਬੱਚਿਆਂ ਅਤੇ ਬਿਮਾਰ ਲੋਕਾਂ ਦਾ ਹੋਰ ਵੀ ਬੁਰਾ ਹਾਲ ਹੋ ਜਾਂਦਾ ਹੈ। ਕਈ ਵਾਰ ਕੁਝ ਲੋਕ ਕਿਸਾਨਾਂ ਵੱਲੋਂ ਖੇਤਾਂ ਵਿੱਚ ਪਰਾਲੀ ਨੂੰ ਲਾਈ ਜਾ ਰਹੀ ਅੱਗ ਦਾ ਵਿਰੋਧ ਵੀ ਕਰਦੇ ਹਨ ਜਿਸ ਕਾਰਨ ਤਨਾਓ ਵਾਲੀ ਸਥਿਤੀ ਪੈਦਾ ਹੋ ਜਾਂਦੀ ਹੈ। ਇਸ ਦੇ ਬਾਵਜੂਦ ਕਿਸਾਨਾਂ ਵੱਲੋਂ ਖੇਤਾਂ ਵਿੱਚ ਪਰਾਲੀ ਲਾਉਣ ਦਾ ਰੁਝਾਨ ਜਾਰੀ ਹੈ ਅਤੇ ਇਸ ਸਮੱਸਿਆ ਦਾ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਕੱਢਿਆ ਜਾ ਸਕਿਆ।
ਕੁਝ ਲੋਕ ਕਹਿੰਦੇ ਹਨ ਕਿ ਪਰਾਲੀ ਦੀ ਸਮੱਸਿਆ ਦੀ ਹਲ ਇਹੀ ਹੈ ਕਿ ਪੰਜਾਬ ਵਿੱਚ ਝੋਨੇ ਦੀ ਬਿਜਾਈ ਤੇ ਪਾਬੰਦੀ ਲਗਾ ਦਿਤੀ ਜਾਵੇ। ਇਹ ਲੋਕ ਕਹਿੰਦੇ ਹਨ ਕਿ ਝੋਨੇ ਦੀ ਬਿਜਾਈ ਕਾਰਨ ਪੰਜਾਬ ਦਾ ਧਰਤੀ ਹੇਠਲਾ ਪਾਣੀ ਖਤਮ ਹੁੰਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਰਾਲੀ ਨੂੰ ਅੱਗ ਲਾਉਣ ਨਾਲ ਅਨੇਕਾਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਰਾਲੀ ਦੀ ਸਮੱਸਿਆ ਦਾ ਪੱਕਾ ਹਲ ਕੱਢੇ ਅਤੇ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ ਕਰਨ।
ਬਿਊਰੋ
Editorial
ਕੀ ਰੂਸ ਅਤੇ ਯੂਕਰੇਨ ਵਿਚਾਲੇ ਬਣ ਸਕਦੇ ਹਨ ਜੰਗ ਸਮਾਪਤ ਹੋਣ ਦੇ ਆਸਾਰ?
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਪੂਰੇ ਵਿਸ਼ਵ ਲਈ ਇੱਕ ਸਿਰਦਰਦੀ ਬਣੀ ਹੋਈ ਹੈ। ਇਸ ਜੰਗ ਨੂੰ ਰੋਕਣ ਲਈ ਭਾਵੇਂ ਰੂਸ ਅਤੇ ਯੂਕਰੇਨ ਵਿਚਾਲੇ ਕਈ ਵਾਰ ਸ਼ਾਂਤੀ ਵਾਰਤਾ ਹੋ ਚੁੱਕੀ ਹੈ ਪਰ ਇਹ ਜੰਗ ਅਜੇ ਵੀ ਜਾਰੀ ਹੈ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਕਈ ਵਾਰ ਦਾਅਵਾ ਕਰ ਚੁੱਕੇ ਹਨ ਕਿ ਉਹ ਰੂਸ ਅਤੇ ਯੂਕਰੇਨ ਜੰਗ ਜਲਦੀ ਹੀ ਰੁਕਵਾ ਦੇਣਗੇ ਇਸ ਲਈ ਉਹ ਲਗਾਤਾਰ ਯਤਨ ਵੀ ਕਰ ਰਹੇ ਹਨ ਪਰ ਉਹਨਾਂ ਦੇ ਯਤਨਾਂ ਨੂੰ ਬੂਰ ਨਹੀਂ ਪਿਆ।
ਅਸਲ ਵਿੱਚ ਰੂਸ ਅਤੇ ਯੂਕਰੇਨ ਆਪਣੀ ਜਿੱਦ ਤੇ ਅੜੇ ਹੋਏ ਹਨ, ਜਿਸ ਕਾਰਨ ਇਹ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਇਸ ਸਮੇਂ ਸਾਲ 2025 ਦਾ ਅਕਤੂਬਰ ਮਹੀਨਾ ਖਤਮ ਹੋਣ ਲੱਗਿਆ ਹੈ, ਪਰ ਇਹ ਜੰਗ ਜਿਸ ਤਰੀਕੇ ਨਾਲ ਜਾਰੀ ਹੈ, ਉਸ ਤੋਂ ਮਹਿਸੂਸ ਹੁੰਦਾ ਹੈ ਕਿ ਇਹ ਜੰਗ ਇਸ ਸਾਲ ਦੇ ਅੰਤ ਅਤੇ ਨਵੇਂ ਸਾਲ ਦੀ ਸ਼ੁਰੂਆਤ ਤਕ ਵੀ ਬੰਦ ਨਹੀਂ ਹੋਵੇਗੀ।
ਦੋਵਾਂ ਦੇਸ਼ਾਂ ਦੇ ਮੁਖੀਆਂ ਦੀ ਅੜੀ ਕਾਰਨ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਇਸ ਗੱਲ ਨੂੰ ਦੋਵਾਂ ਦੇਸ਼ਾਂ ਦੇ ਮੁੱਖੀ ਸਮਝਦੇ ਵੀ ਹਨ ਪਰ ਇਸ ਜੰਗ ਨੂੰ ਰੋਕਣ ਲਈ ਸਹਿਮਤ ਨਹੀਂ ਹੁੰਦੇ, ਉਲਟਾ ਜਦੋਂ ਵੀ ਇਸ ਜੰਗ ਨੂੰ ਰੋਕਣ ਲਈ ਦੋਵਾਂ ਦੇਸ਼ਾਂ ਵਿਚਾਲੇ ਕੋਈ ਸ਼ਾਂਤੀ ਗੱਲਬਾਤ ਦੀ ਯੋਜਨਾ ਬਣਦੀ ਹੈ ਤਾਂ ਤੁਰੰਤ ਦੋਵੇਂ ਦੇਸ਼ ਇੱਕ ਦੂਜੇ ਉਪਰ ਹਮਲੇ ਤੇਜ਼ ਕਰ ਦਿੰਦੇ ਹਨ।
ਰੂਸ ਅਤੇ ਯੂਕਰੇਨ ਵਿਚਾਲੇ ਚਲਦੀ ਜੰਗ ਨੂੰ ਤਿੰਨ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਇਸ ਜੰਗ ਦਾ ਕੋਈ ਨਤੀਜਾ ਨਹੀਂ ਨਿਕਲਿਆ। ਪਹਿਲਾਂ ਅਮਰੀਕਾ ਵੱਲੋਂ ਯੂਕਰੇਨ ਦਾ ਸਾਥ ਦਿਤਾ ਜਾ ਰਿਹਾ ਸੀ। ਪਰ ਅਮਰੀਕਾ ਵਿੱਚ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਦੇ ਰੁੱਖ ਵਿੱਚ ਬਦਲਾਓ ਆ ਗਿਆ ਅਤੇ ਉਸ ਵੱਲੋਂ ਇਹ ਜੰਗ ਰੋਕਣ ਲਈ ਯਤਨ ਕੀਤੇ ਜਾਣ ਲੱਗੇ। ਇਸ ਵੇਲੇ ਵੀ ਟਰੰਪ ਦਾਅਵਾ ਕਰ ਰ ਹੇ ਹਨ ਕਿ ਅਮਰੀਕੀ ਪ੍ਰਸ਼ਾਸਨ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਰੋਕਣ ਲਈ ਉਪਰਾਲੇ ਕਰ ਰਿਹਾ ਹੈ, ਜਿਸ ਵਿੱਚ ਜਲਦੀ ਹੀ ਸਫਲਤਾ ਮਿਲ ਜਾਵੇਗੀ।
ਇਸ ਜੰਗ ਕਾਰਨ ਰੂਸ ਅਤੇ ਯੂਕਰੇਨ ਦਾ ਬਹੁਤ ਨੁਕਸਾਨ ਹੋਇਆ ਹੈ ਅਤੇ ਦੋਵਾਂ ਦੇਸ਼ਾਂ ਦੇ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ। ਰੂਸ ਅਤੇ ਯੂਕਰੇਨ ਕੁਦਰਤੀ ਸੁੰਦਰਤਾ ਨਾਲ ਭਰਪੂਰ ਦੇਸ਼ ਹਨ ਪਰ ਇਸ ਜੰਗ ਕਾਰਨ ਦੋਵਾਂ ਦੇਸ਼ਾਂ ਦੀ ਕੁਦਰਤੀ ਸੁੰਦਰਤਾ ਤਬਾਹ ਹੋ ਰਹੀ ਹੈ। ਇਸ ਗੱਲ ਨੂੰ ਦੋਵੇਂ ਦੇਸ਼ ਸਮਝਦੇ ਵੀ ਹਨ ਪਰ ਦੋਵੇੇਂ ਦੇਸ਼ ਆਪੋ ਆਪਣੀ ਅੜੀ ਤੇ ਅੜੇ ਹੋਏ ਹਨ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਗੱਲਬਾਤ ਸਿਰੇ ਨਹੀਂ ਚੜੀ ਅਤੇ ਦੋਵੇਂ ਦੇਸ਼ ਇਸ ਸਮੇਂ ਵੀ ਆਪਸੀ ਜੰਗ ਵਿੱਚ ਉਲਝੇ ਹੋਏ ਹਨ।
ਜ਼ਿਕਰਯੋਗ ਹੈ ਕਿ ਯੂਕਰੇਨ ਕਿਸੇ ਸਮੇਂ ਰੂਸ ਦਾ ਹੀ ਹਿੱਸਾ ਰਿਹਾ ਹੈ ਪਰ ਹੁਣ ਵੱਖਰਾ ਦੇਸ਼ ਹੈ। ਕਈ ਸਾਲ ਪਹਿਲਾਂ ਰੂਸ ਨੂੰ ਘੇਰਨ ਲਈ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਯੂਕਰੇਨ ਨੂੰ ਹਮਾਇਤ ਦੇਣੀ ਆਰੰਭ ਕਰ ਦਿਤੀ ਅਤੇ ਯੂਕਰੇਨ ਨੂੰ ਹਰ ਤਰਾਂ ਦੀ ਸਹਾਇਤਾ ਦੇ ਕੇ ਰੂਸ ਵਿਰੁੱਧ ਖੜਾ ਕਰ ਦਿਤਾ, ਜਿਸ ਕਾਰਨ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋ ਗਈ, ਜੋ ਹੁਣ ਪਰਮਾਣੂ ਹਥਿਆਰਾਂ ਦੀ ਲੜਾਈ ਤਕ ਪਹੁੰਚ ਸਕਦੀ ਹੈ।
ਰੂਸ ਨੂੰ ਜਿਥੇ ਆਪਣੀ ਫ਼ੌਜੀ ਸਮਰਥਾ ਅਤੇ ਪਰਮਾਣੂ ਸ਼ਕਤੀ ਤੇ ਭਰੋਸਾ ਹੈ ਉਥੇ ਯੂਕਰੇਨ ਨੂੰ ਯੂਰੋਪ ਦੇ ਦੇਸ਼ਾਂ ਦੀ ਪੂਰੀ ਸਹਾਇਤਾ ਪ੍ਰਾਪਤ ਹੈ। ਯੂਕਰੇਨ ਯੂਰੋਪ ਦੇ ਸਹਾਰੇ ਹੀ ਰੂਸ ਨੂੰ ਲਲਕਾਰ ਰਿਹਾ ਹੈ। ਯੂਰੋਪ ਦੇਸ਼ਾਂ ਨੇ ਰੂਸ ਨੂੰ ਯੂਕਰੇਨ ਰਾਹੀਂ ਘੇਰਿਆ ਹੋਇਆ ਹੈ ਜਿਸਤੇ ਰੂਸ ਨੂੰ ਸਖ਼ਤ ਇਤਰਾਜ ਹੈ, ਜਿਸ ਦਾ ਨਤੀਜਾ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਵਿੱਚ ਨਿਕਲਿਆ ਹੈ।
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਰੋਕਣ ਲਈ ਅਨੇਕਾਂ ਦੇਸ਼ ਸਰਗਰਮ ਵੀ ਹਨ ਪਰ ਉਹਨਾਂ ਦੀਆਂ ਕੋਸ਼ਿਸਾਂ ਨੂੰ ਬੂਰ ਨਹੀਂ ਪਿਆ। ਇਸ ਜੰਗ ਦੇ ਹੁਣ ਤਕ ਬਹੁਤ ਖਤਰਨਾਕ ਨਤੀਜੇ ਸਾਹਮਣੇ ਆ ਰਹੇ ਹਨ। ਪੂਰੀ ਦੁਨੀਆਂ ਵਿੱਚ ਹੀ ਇਸ ਕਾਰਨ ਮਹਿੰਗਾਈ ਬਹੁਤ ਵਧ ਗਈ ਹੈ ਅਤੇ ਦੁਨੀਆਂ ਨੂੰ ਇਸ ਜੰਗ ਕਾਰਨ ਹੋਰ ਵੀ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੂਸ ਅਤੇ ਯੂਕਰੇਨ ਵਿਚਾਲੇ ਹੋਈ ਅਨੇਕਾਂ ਵਾਰ ਹੋਈ ਸ਼ਾਂਤੀ ਗੱਲਬਾਤ ਵਿੱਚ ਭਾਵੇਂ ਕੋਈ ਨਤੀਜਾ ਨਹੀਂ ਨਿਕਲਿਆ ਪਰ ਹਾਲੀਆਂ ਘਟਨਾਵਾਂ ਨਾਲ ਦੁਨੀਆਂ ਭਰ ਦੇ ਨਿਰਪੱਖ ਲੋਕਾਂ ਨੂੰ ਆਸ ਬਣ ਗਈ ਹੈ ਕਿ ਦੋਵੇਂ ਦੇਸ਼ ਜੰਗ ਖਤਮ ਕਰਨ ਲਈ ਜਲਦੀ ਹੀ ਮੁੜ ਆਪਸ ਵਿੱਚ ਸ਼ਾਂਤੀ ਗੱਲਬਾਤ ਕਰਨਗੇ।
ਬਿਊਰੋ
-
Chandigarh2 months agoਪੰਜਾਬ ਦੇ ਰਾਜਪਾਲ ਵੱਲੋਂ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ
-
National2 months ago3 ਧੀਆਂ ਦਾ ਕਤਲ ਕਰਨ ਤੋਂ ਬਾਅਦ ਮਾਂ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
-
National2 months agoਸਵਾਰੀਆਂ ਨਾਲ ਭਰੀ ਬੱਸ ਪਲਟਣ ਕਾਰਨ 2 ਵਿਅਕਤੀਆਂ ਦੀ ਮੌਤ, 13 ਜ਼ਖਮੀ
-
Mohali2 months agoਸੁਧੀਰ ਕੁਮਾਰ ਸੂਰੀ ਦੇ ਕਤਲ ਮਾਮਲੇ ਵਿੱਚ ਬੰਦ ਸੰਦੀਪ ਸਿੰਘ ਸਨੀ ਨੂੰ ਜੇਲ੍ਹ ਵਿੱਚ ਵੱਖਰਾ ਰੱਖਣ ਦੀ ਮੰਗ
-
Mohali1 month agoਲਾਟਰੀ ਦੀ ਦੁਕਾਨ ਤੋਂ ਦੂਜਾ ਇਨਾਮ ਨਿਕਲਣ ਤੇ ਲੱਡੂ ਵੰਡੇ
-
Mohali2 months agoਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਰਵਾਨਾ ਕੀਤੀ
-
National2 months ago
ਦਿੱਲੀ ਪੁਲੀਸ ਅਤੇ ਝਾਰਖੰਡ ਏ ਟੀ ਐਸ ਵੱਲੋਂ ਆਈ ਐਸ ਆਈ ਐਸ ਦੇ 2 ਕਾਰਕੁਨ ਕਾਬੂ
-
National2 months agoਜਥੇਦਾਰ ਗੜਗੱਜ ਵੱਲੋਂ ਆਨਰ ਕਿਲਿੰਗ ਦੇ ਪੀੜਤ ਪਰਿਵਾਰ ਨਾਲ ਮੁਲਾਕਾਤ
