Connect with us

Punjab

ਕੋਲਕਾਤਾ ਵਿਖੇ 350 ਸਾਲਾ ਸ਼ਤਾਬਦੀ ਸਬੰਧੀ ਵਿਸ਼ਾਲ ਗੁਰਮਤਿ ਸਮਾਗਮ ਵਿੱਚ ਜਥੇਦਾਰ ਗੜਗੱਜ ਨੇ ਕੀਤੀ ਸ਼ਮੂਲੀਅਤ

Published

on

 

 

ਅੰਮ੍ਰਿਤਸਰ, 15 ਸਤੰਬਰ (ਸ.ਬ.) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼੍ਰੋਮਣੀ ਕਮੇਟੀ, ਸ੍ਰੀ ਗੁਰੂ ਸਿੰਘ ਸਭਾ ਕਲਕੱਤਾ ਤੇ ਪੱਛਮੀ ਬੰਗਾਲ ਦੇ ਸਮੂਹ ਗੁਰੂ ਘਰਾਂ ਦੀ ਸਾਂਝੀ ਸ਼ਤਾਬਦੀ ਕਮੇਟੀ ਵਲੋਂ ਕੋਲਕਾਤਾ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਸਾਂਝੇ ਰੂਪ ਵਿਚ ਕਰਵਾਏ ਗਏ ਗੁਰਮਤਿ ਸਮਾਗਮ ਵਿਚ ਸ਼ਮੂਲੀਅਤ ਕੀਤੀ ਅਤੇ ਸਿੱਖਾਂ ਨੂੰ ਕੌਮੀ ਭਾਵਨਾ ਅਨੁਸਾਰ ਇਕਜੁੱਟ ਹੋਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਕੋਲਕਾਤਾ ਤੇ ਪੱਛਮੀ ਬੰਗਾਲ ਦੀ ਸੰਗਤ ਨੇ ਸਮਾਗਮ ਵਿਚ ਭਰਵੀਂ ਸ਼ਮੂਲੀਅਤ ਕੀਤੀ, ਜਿਸ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਮੀਤ ਸਿੰਘ ਸ਼ਾਂਤ ਦੇ ਰਾਗੀ ਜਥੇ, ਕਥਾਵਾਚਕ ਭਾਈ ਬਲਦੇਵ ਸਿੰਘ ਪਾਉਂਟਾ ਸਾਹਿਬ ਵਾਲੇ ਤੇ ਭਾਈ ਜੋਗਾ ਸਿੰਘ ਭਾਗੋਵਾਲੀਆ ਦੇ ਕਵੀਸ਼ਰ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ, ਗੁਰ ਇਤਿਹਾਸ ਤੇ ਕਥਾ ਵਿਚਾਰ ਨਾਲ ਜੋੜਿਆ।

ਸੰਗਤਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਭਗਤ ਜੈਦੇਵ ਜੀ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ, ਉਹ ਕੇਂਦਰੀ ਨਗਰ (ਪੱਛਮੀ ਬੰਗਾਲ) ਦੇ ਸਨ ਅਤੇ ਇਸ ਧਰਤੀ ਤੇ ਆਪਣੀਆਂ ਪ੍ਰਚਾਰ ਫੇਰੀਆਂ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਵੀ ਆਏ ਸਨ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਤੇ ਖ਼ਾਸਕਰ ਕੋਲਕਾਤਾ ਨਾਲ ਸਿੱਖਾਂ ਦੀ ਪੁਰਾਣੀ ਸਾਂਝ ਰਹੀ ਹੈ, ਇਥੇ ਹੀ ਬਜ ਬਜ ਘਾਟ ਤੇ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿਚ ਕੈਨੇਡਾ ਦੀ ਧਰਤੀ ਤੋਂ ਮੋੜੇ ਗਏ ਗੁਰੂ ਨਾਨਕ ਜਹਾਜ਼ ਵਿਚ ਪਰਤੇ ਅਤੇ ਪੰਜਾਬੀਆਂ ਉੱਤੇ ਅੰਗਰੇਜ਼ੀ ਹਕੂਮਤ ਵਲੋਂ ਤਸ਼ੱਦਦ ਕੀਤਾ ਗਿਆ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਵੀ ਇਸ ਇਲਾਕੇ ਵਿਚ ਚੰਗੇ ਕਾਰਜ ਕੀਤੇ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਪਛਾਣ ਵੱਖਰੀ ਹੈ, ਸਿੱਖ ਵੱਖਰੀ ਕੌਮ ਹੈ ਅਤੇ ਦੁਨੀਆ ਦੀ ਕੋਈ ਵੀ ਤਾਕਤ ਜੇਕਰ ਸਾਨੂੰ ਜਜ਼ਬ ਕਰਨ ਦੀ ਗੱਲ ਕਰੇ ਤੇ ਸਾਡੀ ਵੱਖਰੀ ਪਛਾਣ ਉੱਤੇ ਸਵਾਲ ਚੁੱਕੇ ਤਾਂ ਉਨ੍ਹਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਸਿੱਖ ਆਪਣੀ ਪਛਾਣ ਲਈ ਦ੍ਰਿੜ੍ਹਤਾ ਨਾਲ ਲੜਣਗੇ ਤੇ ਕਿਸੇ ਵੀ ਹੱਦ ਤੱਕ ਜਾਣਗੇ।

ਉਨ੍ਹਾਂ ਕਲਕੱਤੇ ਤੇ ਪੱਛਮ ਬੰਗਾਲ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਕਿਹਾ ਕਿ ਇਸ ਸ਼ਤਾਬਦੀ ਸਮਾਗਮ ਦੀ ਤਰ੍ਹਾਂ ਹਮੇਸ਼ਾ ਹੀ ਆਪਸ ਵਿਚ ਤਾਲਮੇਲ ਤੇ ਇਕਜੁੱਟਤਾ ਨਾਲ ਰਹਿਣ। ਉਨ੍ਹਾਂ ਕਲਕੱਤੇ ਦੇ ਸਮੂਹ ਸਿੱਖਾਂ ਤੇ ਨੌਜਵਾਨਾਂ ਨੂੰ ਸਾਬਤ ਸੂਰਤ ਹੋ ਕੇ ਆਪਣੀ ਸਿੱਖ ਪਛਾਣ ਕਾਇਮ ਰੱਖਣ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਅਤੇ ਆਪਣੇ ਘਰਾਂ ਵਿਚ ਗੁਰਬਾਣੀ ਦੇ ਪਹਿਰੇ ਵਧਾਉਣ ਲਈ ਪ੍ਰੇਰਣਾ ਕੀਤੀ। ਉਨ੍ਹਾਂ ਸਮੂਹ ਸਿੱਖ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਗੁਰਮੁਖੀ ਪੰਜਾਬੀ ਸਿਖਾਉਣ ਤੇ ਆਪਣੇ ਘਰਾਂ ਵਿੱਚ ਪੰਜਾਬੀ ਬੋਲਣ ਤੇ ਪੜ੍ਹਨ ਲਈ ਵੀ ਪ੍ਰੇਰਿਆ।

ਜਥੇਦਾਰ ਗੜਗੱਜ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਦੀ ਸ਼ਲਾਘਾ ਕੀਤੀ। ਪੱਛਮੀ ਬੰਗਾਲ ਦੀ ਸੰਗਤ ਵਲੋਂ ਕਲਕੱਤਾ ਦੇ ਨੇਤਾ ਜੀ ਇਨਡੋਰ ਸਟੇਡੀਅਮ ਵਿਖੇ ਕਰਵਾਏ ਗਏ ਸ਼ਤਾਬਦੀ ਸਮਾਗਮ ਲਈ ਸੂਬਾ ਸਰਕਾਰ, ਸਥਾਨਕ ਪ੍ਰਸ਼ਾਸਨ, ਮੁੱਖ ਮੰਤਰੀ ਮਮਤਾ ਬੈਨਰਜੀ ਤੇ ਸਾਂਸਦ ਸ੍ਰੀ ਅਭਿਸ਼ੇਕ ਬੈਨਰਜੀ ਵਲੋਂ ਸਹਿਯੋਗ ਕਰਦਿਆਂ ਸਟੇਡੀਅਮ ਵਿਖੇ ਗੁਰਮਤਿ ਸਮਾਗਮ ਕਰਵਾਉਣ ਲਈ ਸੇਵਾ ਭਾਵਨਾ ਨਾਲ ਥਾਂ ਭੇਟਾ ਰਹਿਤ ਮੁਹੱਈਆ ਕਰਵਾਈ ਗਈ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਗੁਰਿੰਦਰਪਾਲ ਸਿੰਘ ਗੋਰਾ, ਭਾਈ ਗੁਰਪ੍ਰੀਤ ਸਿੰਘ ਕਾਰ ਸੇਵਾ ਖਡੂਰ ਸਾਹਿਬ, ਬਾਬਾ ਘੋਲਾ ਸਿੰਘ ਜੀ ਕਾਰ ਸੇਵਾ ਸਰਹਾਲੀ ਵਾਲੇ, ਸ. ਗੁਰਬਖ਼ਸ਼ ਸਿੰਘ ਲੋਪੋਂ ਪ੍ਰਧਾਨ ਸ੍ਰੀ ਗੁਰੂ ਸਿੰਘ ਸਭਾ ਕਲਕੱਤਾ, ਸ. ਗੁਰਮੀਤ ਸਿੰਘ ਸੇਖੋਂ ਪ੍ਰਧਾਨ ਗੁਰਦੁਆਰਾ ਬੜਾ ਸਿੱਖ ਸੰਗਤ ਕਲਕੱਤਾ, ਸ. ਰਣਜੀਤ ਸਿੰਘ ਖਮਾਣੋ ਪ੍ਰਧਾਨ ਸ਼ਤਾਬਦੀ ਕਮੇਟੀ, ਸ. ਜਗਮੋਹਨ ਸਿੰਘ ਗਿੱਲ ਇੰਚਾਰਜ ਸਿੱਖ ਮਿਸ਼ਨ ਕਲਕੱਤਾ (ਪੂਰਬੀ ਭਾਰਤ), ਨਿੱਜੀ ਸਹਾਇਕ ਭਾਈ ਬਲਦੇਵ ਸਿੰਘ, ਮੀਡੀਆ ਸਲਾਹਕਾਰ ਸ. ਜਸਕਰਨ ਸਿੰਘ, ਪ੍ਰਚਾਰਕ ਭਾਈ ਗੁਰਵਿੰਦਰ ਸਿੰਘ, ਭਾਈ ਦਲਜੀਤ ਸਿੰਘ ਚਾੜ੍ਹਕੇ ਮੁੱਖ ਗ੍ਰੰਥੀ, ਭਾਈ ਜਰਨੈਲ ਸਿੰਘ ਬਸਰਾਵਾਂ ਕਥਾਵਾਚਕ, ਭਾਈ ਗੁਰਪ੍ਰੀਤ ਸਿੰਘ ਚੈਨਾ ਸਮੇਤ ਵੱਡੀ ਗਿਣਤੀ ਵਿਚ ਸਿੱਖ ਸੰਗਤ ਹਾਜ਼ਰ ਸੀ।

Continue Reading

Chandigarh

ਰਾਹੁਲ ਗਾਂਧੀ ਤੋਂ ਬਾਅਦ ਹੁਣ ਪ੍ਰਿਅੰਕਾ ਗਾਂਧੀ ਵਲੋਂ ਕੀਤਾ ਜਾਵੇਗਾ ਪੰਜਾਬ ਦਾ ਦੌਰਾ

Published

on

By

ਦੋਆਬਾ ਖੇਤਰ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ ਪ੍ਰਿਅੰਕਾ ਗਾਂਧੀ

ਚੰਡੀਗੜ੍ਹ, 7 ਨਵੰਬਰ (ਸ.ਬ.) ਕਾਂਗਰਸ ਪਾਰਟੀ ਨੇ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸੰਗਰੂਰ ਵਿੱਚ ਰਾਹੁਲ ਗਾਂਧੀ ਦੀ ‘ਇਨਸਾਫ਼ ਰੈਲੀ’ ਤੋਂ ਬਾਅਦ, ਹੁਣ ਪ੍ਰਿਅੰਕਾ ਗਾਂਧੀ ਵੀ ਸੂਬੇ ਦਾ ਦੌਰਾ ਕਰਨ ਆ ਰਹੇ ਹਨ। ਪ੍ਰਿਅੰਕਾ ਗਾਂਧੀ ਦੋਆਬਾ ਖੇਤਰ ਵਿੱਚ ਇੱਕ ਰੈਲੀ ਕਰਨਗੇ। ਇਸ ਸਮਾਗਮ ਦੀ ਮਿਤੀ ਅਤੇ ਸਥਾਨ ਬਾਰੇ ਫ਼ੈਸਲਾ ਅਜੇ ਲਿਆ ਜਾ ਰਿਹਾ ਹੈ। ਪਾਰਟੀ ਸੂਤਰਾਂ ਅਨੁਸਾਰ, ਉਨ੍ਹਾਂ ਦੇ ਪੰਜਾਬ ਦੌਰੇ ਦਾ ਪ੍ਰੋਗਰਾਮ ਨਵੰਬਰ ਦੇ ਤੀਜੇ ਹਫ਼ਤੇ ਤੋਂ ਬਾਅਦ ਕਿਸੇ ਵੀ ਸਮੇਂ ਜਾਰੀ ਕੀਤਾ ਜਾ ਸਕਦਾ ਹੈ।

ਮੰਨਿਆ ਜਾ ਰਿਹਾ ਹੈ ਕਿ ਪ੍ਰਿਅੰਕਾ ਗਾਂਧੀ ਦਾ ਇਹ ਦੌਰਾ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਵੱਲੋਂ ਤਿਆਰ ਕੀਤੀ ਗਈ ਰਣਨੀਤੀ ਵਜੋਂ ਆਯੋਜਿਤ ਕੀਤਾ ਜਾ ਰਿਹਾ ਹੈ। ਉਹ ਚਾਹੁੰਦੇ ਹਨ ਕਿ ਪਾਰਟੀ ਵਰਕਰਾਂ ਦਾ ਉਤਸ਼ਾਹ ਬਣਿਆ ਰਹੇ ਅਤੇ ਸੀਨੀਅਰ ਆਗੂ ਇੱਕੋ ਮੰਚ ਤੇ ਇਕੱਠੇ ਨਜ਼ਰ ਆਉਣ, ਜਿਸ ਲਈ ਉਹ ਚਾਹੁੰਦੇ ਹਨ ਕਿ ਕੇਂਦਰੀ ਆਗੂ ਅਕਸਰ ਪੰਜਾਬ ਦਾ ਦੌਰਾ ਕਰਦੇ ਰਹਿਣ। ਇਸ ਸੰਬੰਧੀ ਜਦੋਂ ਪਾਇਲਟ ਨੇ ਪ੍ਰਿਅੰਕਾ ਗਾਂਧੀ ਨੂੰ ਪੰਜਾਬ ਆਉਣ ਦੀ ਬੇਨਤੀ ਕੀਤੀ, ਤਾਂ ਉਨ੍ਹਾਂ ਨੇ ਇਸ ਲਈ ਸਹਿਮਤੀ ਦੇ ਦਿੱਤੀ। ਹਾਲਾਂਕਿ ਨਵੰਬਰ ਦੇ ਪੂਰੇ ਮਹੀਨੇ ਦੌਰਾਨ ਉੱਤਰ ਪ੍ਰਦੇਸ਼ ਵਿੱਚ ਉਨ੍ਹਾਂ ਦੇ ਪ੍ਰੋਗਰਾਮਾਂ ਦੀ ਰੁਝੇਵੇਂ ਭਰੀ ਸੂਚੀ ਹੈ, ਫਿਰ ਵੀ ਉਹ ਇਸ ਵਿੱਚੋਂ ਸਮਾਂ ਕੱਢ ਕੇ ਪੰਜਾਬ ਦਾ ਦੌਰਾ ਕਰਨਗੇ।

ਇਸਦੇ ਨਾਲ ਹੀ ਇਹ ਵੀ ਖਬਰ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਤੋਂ ਬਾਅਦ, ਕਾਂਗਰਸ ਵਲੋਂ ਵੀ ਆਪਣੇ 50 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਹਾਈਕਮਾਂਡ ਇੱਕ ਅਜਿਹੀ ਰਣਨੀਤੀ ਤੇ ਕੰਮ ਕਰ ਰਹੀ ਹੈ ਜਿਸ ਤਹਿਤ ਉਮੀਦਵਾਰਾਂ ਦਾ ਐਲਾਨ ਕਾਫ਼ੀ ਪਹਿਲਾਂ ਕਰ ਦਿੱਤਾ ਜਾਵੇ, ਤਾਂ ਜੋ ਉਨ੍ਹਾਂ ਕੋਲ ਆਪਣੇ ਸਬੰਧਤ ਹਲਕਿਆਂ ਵਿੱਚ ਚੋਣ ਪ੍ਰਚਾਰ ਕਰਨ ਅਤੇ ਲੋਕਾਂ ਨਾਲ ਜੁੜਨ ਲਈ ਲੋੜੀਂਦਾ ਸਮਾਂ ਹੋਵੇ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੰਬੰਧੀ 1 ਨਵੰਬਰ ਨੂੰ ਦਿੱਲੀ ਵਿੱਚ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਇੱਕ ਮੀਟਿੰਗ ਆਯੋਜਿਤ ਕੀਤੀ ਗਈ ਸੀ, ਜਿਸ ਵਿੱਚ ਲਗਭਗ 50 ਸੀਟਾਂ ਲਈ ਸੰਭਾਵੀ ਉਮੀਦਵਾਰਾਂ ਬਾਰੇ ਚਰਚਾ ਕੀਤੀ ਗਈ, ਹਾਲਾਂਕਿ ਕਿਸੇ ਵੀ ਨਾਮ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ।

ਕਾਂਗਰਸ ਹਾਈ ਕਮਾਂਡ ਨੇ ਉਮੀਦਵਾਰਾਂ ਦੀ ਜਿੱਤ ਦੀ ਸੰਭਾਵਨਾ ਦਾ ਜਾਇਜ਼ਾ ਲੈਣ ਲਈ ਇੱਕ ਨਵਾਂ ਸਰਵੇਖਣ ਵੀ ਸ਼ੁਰੂ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਪਾਰਟੀ ਕੋਲ ਸਾਰੀਆਂ 117 ਵਿਧਾਨ ਸਭਾ ਸੀਟਾਂ ਲਈ ਉਮੀਦਵਾਰ ਤਿਆਰ ਹਨ ਅਤੇ ਕਾਂਗਰਸ ਕਿਸੇ ਵੀ ਸਮੇਂ ਇਨ੍ਹਾਂ ਨਾਵਾਂ ਦਾ ਐਲਾਨ ਕਰ ਸਕਦੀ ਹੈ।

Continue Reading

Mohali

ਮੱਸਿਆ ਦਾ ਮਾਸਿਕ ਲੰਗਰ ਲਗਾਇਆ

Published

on

By

ਐਸ ਏ ਐਸ ਨਗਰ, 7 ਨਵੰਬਰ (ਸ.ਬ.) ਮਾਂ ਅੰਨਪੂਰਣਾ ਸੇਵਾ ਸਮਿਤੀ ਮੁਹਾਲੀ ਵੱਲੋਂ ਦਿਵਾਲੀ ਦੀ ਪੂਰਵ ਸੰਧਿਆ ਤੇ ਪੀ ਜੀ ਆਈ, ਚੰਡੀਗੜ ਦੀ ਨਵੀਂ ਓ ਪੀ ਡੀ (ਗੇਟ ਨੰ: 4) ਦੇ ਸਾਹਮਣੇ ਮੱਸਿਆ ਦਾ ਮਾਸਿਕ ਲੰਗਰ ਲਗਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਿਜ ਮੋਹਨ ਜੋਸ਼ੀ ਨੇ ਦੱਸਿਆ ਕਿ ਲੰਗਰ ਸੇਵਾ ਵਿੱਚ ਇਸ ਵਾਰ ਸੇਬ, ਕੇਲੇ ਵੰਡੇ ਗਏ। ਇਸ ਮੌਕੇ ਸ਼ੀਸ਼ਪਾਲ ਗਰਗ, ਪ੍ਰਧਾਨ ਸਿੰਘ, ਸਤੀਸ਼ ਕੁਮਾਰ, ਪੰਕਜ ਕੁਮਾਰ ਹਾਜਿਰ ਸਨ।

Continue Reading

Mohali

ਦੀਵਾਲੀ ਦੇ ਤਿਉਹਾਰ ਮੌਕੇ ਮਾਵਾਂ ਭੈਣਾਂ ਨੂੰ ਸੂਟ ਵੰਡੇ

Published

on

By

ਐਸ ਏ ਐਸ ਨਗਰ, 7 ਨਵੰਬਰ (ਸ.ਬ.) ਦੀਵਾਲੀ ਦੇ ਤਿਉਹਾਰ ਮੌਕੇ ਮਿਉਂਸਪਲ ਕੌਂਸਲਰ ਕਮਲਪੀਤ ਸਿੰਘ ਬੰਨੀ ਦੇ ਵਾਰਡ (ਵਾਰਡ ਨੰਬਰ 14) ਵਿਖੇ ਆਯੋਜਿਤ ਇੱਕ ਸਾਦੇ ਸਮਾਗਮ ਦੌਰਾਨ ਮਾਵਾਂ ਅਤੇ ਭੈਣਾਂ ਨੂੰ ਸੂਟ ਵੰਡੇ ਗਏ। ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਅਤੇ ਸਭ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।

ਇਸ ਮੌਕੇ ਸ. ਸਿੱਧੂ ਨੇ ਕਿਹਾ ਕਿ ਤਿਉਹਾਰਾਂ ਦੀ ਅਸਲ ਖੁਸ਼ੀ ਇੱਕ-ਦੂਜੇ ਨਾਲ ਪਿਆਰ, ਸਤਿਕਾਰ ਅਤੇ ਖੁਸ਼ੀਆਂ ਸਾਂਝੀਆਂ ਕਰਨ ਵਿੱਚ ਹੀ ਹੈ। ਉਹਨਾਂ ਹਾਜਰੀਨਾਂ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੰਦਿਆਂ ਸਭ ਦੀ ਚੜ੍ਹਦੀ ਕਲਾ, ਤੰਦਰੁਸਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।

ਇਸ ਮੌਕੇ ਮਿਉਂਸਪਲ ਕੌਂਸਲਰ ਸz. ਕਮਲਪ੍ਰੀਤ ਸਿੰਘ ਬੰਨੀ ਨੇ ਕਿਹਾ ਕਿ ਵਾਰਡ ਦੀਆਂ ਮਾਵਾਂ ਭੈਣਾਂ ਵਲੋਂ ਉਹਨਾਂ ਨੂੰ ਦੂਜੀ ਵਾਰ ਫੇਜ਼ 9 ਦੇ ਕੌਂਸਲਰ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ ਅਤੇ ਬੀਬੀਆਂ ਵੱਲੋਂ ਮਿਲਿਆ ਪਿਆਰ, ਵਿਸ਼ਵਾਸ ਅਤੇ ਸਹਿਯੋਗ ਉਹਨਾਂ ਲਈ ਬੇਹੱਦ ਕੀਮਤੀ ਹੈ। ਉਹਨਾਂ ਕਿਹਾ ਕਿ ਇਹ ਰਿਸ਼ਤਾ ਸਿਰਫ਼ ਚੋਣਾਂ ਤੱਕ ਸੀਮਤ ਨਹੀਂ ਹੈ, ਬਲਕਿ ਆਪਣੇਪਣ ਅਤੇ ਸੇਵਾ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਢੀਂਡਸਾ, ਬਲਿਹਾਰ ਸਿੰਘ ਵਿਰਕ, ਪਰਵੀਨ ਸ਼ਰਮਾ, ਹਰਿੰਦਰ ਸਿੰਘ ਵਾਲੀਆ, ਪ੍ਰਿੰਸ ਵਰਮਾ, ਸਚਿਨ ਰਾਏਜ਼ਾਦਾ, ਅਨਿਲ ਆਨੰਦ, ਆਈ. ਡੀ ਗਰਗ, ਅੰਮ੍ਰਿਤਪਾਲ ਸਿੰਘ, ਚੰਦਰ ਅਰੋੜਾ ਵੀ ਹਾਜਿਰ ਸਨ।

Continue Reading

Latest News

Trending