Chandigarh
ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ਸਮਾਪਤ
ਹੜ੍ਹਾਂ ਦੇ ਮੁੱਦੇ ਨੂੰ ਲੈ ਕੇ ਆਯੋਜਿਤ ਸੈਸ਼ਨ ਦੌਰਾਨ ਹੋਏ ਭਾਰੀ ਹੰਗਾਮੇ ਤੋਂ ਬਾਅਦ 6 ਬਿਲ ਪਾਸ ਕੀਤੇ
ਚੰਡੀਗੜ੍ਹ, 29 ਸਤੰਬਰ (ਸ.ਬ.) ਪੰਜਾਬ ਵਿਧਾਨ ਸਭਾ ਦੇ ਦੋ ਰੋਜ਼ਾ ਵਿਸ਼ੇਸ਼ ਸੈਸ਼ਨ ਦੀ ਕਾਰਵਾਈ ਖਤਮ ਹੋ ਗਈ ਹੈ। ਇਸ ਦੌਰਾਨ ਸੈਸ਼ਨ ਦੇ ਆਖਰੀ ਦਿਨ ਹੋਏ ਹੰਗਾਮੇ ਵਿਚਾਲੇ 6 ਬਿੱਲ ਪਾਸ ਕੀਤੇ ਗਏ, ਜਿਸ ਵਿੱਚ ਪੰਜਾਬ ਬੀਜ਼ ਸੋਧ ਬਿੱਲ, ਰਾਈਟ ਟੂ ਬਿਜ਼ਨੈਸ ਸੋਧ ਬਿੱਲ ਤੇ ਜੀ ਐਸ ਟੀ ਸੋਧ ਬਿੱਲ, ਪੰਜਾਬ ਪੁਨਰਵਾਸ ਸੋਧ ਬਿੱਲ, ਪੰਜਾਬ ਸਹਿਕਾਰੀ ਸਭਾਵਾਂ ਸੋਧ ਬਿੱਲ, ਪੰਜਾਬ ਟਾਊਨ ਇੰਪਰੂਵਮੈਂਟ ਸੋਧ ਬਿੱਲ ਸ਼ਾਮਿਲ ਹਨ।
ਵਿਸ਼ੇਸ਼ ਇਜਲਾਸ ਦੀ ਕਾਰਵਾਈ ਦੀ ਸ਼ੁਰੂਆਤ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੰਬੋਧਨ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਅਸੀਂ ਉਸ ਕਿਸਮ ਦੇ ਨਹੀਂ ਹਾਂ ਜੋ ਬੰਬੂਕਾਰਟ ਤੇ ਸਫ਼ਰ ਕਰਦੇ ਹਨ ਅਤੇ ਆਪਣੇ ਪੈਰਾਂ ਤੇ ਚਿੱਕੜ ਵੀ ਨਹੀਂ ਲੱਗਣ ਦਿੰਦੇ। ਉਹਨਾਂ ਕਿਹਾ ਕਿ ਹੜ੍ਹਾਂ ਤੋਂ ਪਹਿਲਾਂ ਹੀ ਸਾਡੀ ਸਰਕਾਰ ਨੇ ਤਿਆਰੀ ਕੀਤੀ ਹੋਈ ਸੀ ਤੇ ਅਸੀਂ ਮੰਤਰੀਆਂ ਦੇ ਸਮੂਹ ਬਣਾਏ ਸਨ।
ਉਨ੍ਹਾਂ ਕਿਹਾ ਕਿ ਨੇਤਾ ਉਹ ਹੁੰਦਾ ਹੈ ਜੋ ਦੁੱਖ ਦੇ ਸਮੇਂ ਅੱਗੇ ਅਤੇ ਖੁਸ਼ੀ ਦੇ ਸਮੇਂ ਪਿੱਛੇ ਰਹੇ। ਜਦੋਂ ਕੋਵਿਡ-19 ਆਇਆ ਤਾਂ ਤਤਕਾਲੀ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਪਣੇ ਘਰ ਦੇ ਬਾਹਰ ਇਕ ਬੋਰਡ ਲਗਾ ਦਿੱਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਮਹਾਂਮਾਰੀ ਖਤਮ ਹੋਣ ਤੱਕ ਕੋਈ ਜਨਤਕ ਮੀਟਿੰਗਾਂ ਨਹੀਂ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਐਸ. ਡੀ. ਆਰ. ਐਫ਼. ਨੂੰ ਲੈ ਕੇ ਬਹੁਤ ਰਾਜਨੀਤੀ ਹੋਈ ਹੈ। ਪ੍ਰਧਾਨ ਮੰਤਰੀ ਨੇ ਆ ਕੇ ਕਿਹਾ ਕਿ ਪੰਜਾਬ ਸਰਕਾਰ ਕੋਲ 12,500 ਕਰੋੜ ਰੁਪਏ ਪਏ ਹੋਏ ਹਨ। ਜਦੋਂਕਿ ਸੱਚਾਈ ਇਹ ਹੈ ਕਿ 25 ਸਾਲਾਂ ਵਿਚ ਸਿਰਫ਼ 6,190 ਕਰੋੜ ਰੁਪਏ ਹੀ ਪ੍ਰਾਪਤ ਹੋਏ ਹਨ। ਉਹਨਾਂ ਕਿਹਾ ਕਿ ਸਾਡੇ ਤੇ ਦੋਸ਼ ਲਗਾਇਆ ਗਿਆ ਕਿ ਪੈਸਾ ਕਿੱਥੇ ਗਿਆ। ਇਹ ਸਰਕਾਰ ਦਾ ਪੈਸਾ ਹੈ। ਇਹ ਐਫ਼.ਡੀ. ਵਿਚ ਪਿਆ ਹੈ।
ਉਨ੍ਹਾਂ ਕਿਹਾ ਕਿ ਬਾਜਵਾ ਸਾਹਿਬ ਨੇ ਕਿਹਾ ਕਿ ਸਰਕਾਰ ਨੇ 12,500 ਰੁਪਏ ਦਾ ਗਬਨ ਕੀਤਾ। 31 ਮਾਰਚ, 2023 ਦੀ ਕੈਗ ਰਿਪੋਰਟ ਦਿਖਾਈ ਗਈ ਹੈ। ਮੈਂ ਤੁਹਾਨੂੰ 2017 ਦੀ ਰਿਪੋਰਟ ਦਿਖਾਉਂਦਾ ਹਾਂ। ਉਸ ਰਿਪੋਰਟ ਵਿਚ 4,740.20 ਕਰੋੜ ਰੁਪਏ ਸਰਕਾਰ ਕੋਲ ਪਏ ਹਨ ਹਾਲਾਂਕਿ ਆਰ. ਬੀ. ਆਈ. ਨੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ। ਬੈਂਕ ਨੇ ਕਰਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਵਿਚ ਪ੍ਰਤਾਪ ਸਿੰਘ ਬਾਜਵਾ ਦੇ ਜ਼ਮੀਨ ਖਰੀਦ ਰਿਕਾਰਡ ਦਾ ਖ਼ੁਲਾਸਾ ਕੀਤਾ। ਵਿੱਤ ਮੰਤਰੀ ਨੇ ਕਿਹਾ ਕਿ ਬਾਜਵਾ ਸਾਹਿਬ ਹਰ ਮੁੱਦੇ ਤੇ ਕਦੇ ਹਾਊਸ ਕਮੇਟੀ ਬਣਾਉਣ ਦੀ ਗੱਲ ਕਰਦੇ ਹਨ ਤੇ ਕਦੇ ਗੋਇਲ ਸਾਹਿਬ ਦੇ ਅਸਤੀਫ਼ੇ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਤੁਹਾਡੀ ਜ਼ਮੀਨ ਪਿੰਡ ਫੁਲੜਾ ਵਿਚ ਖਰੀਦੀ ਗਈ ਸੀ, ਜੋ ਕਿ 16.10 ਮਰਲੇ ਸੀ। ਉਕਤ ਇਲਾਕਾ ਬਿਆਸ ਦਰਿਆ ਦੇ ਨਾਲ ਧੁੱਸੀ ਡੈਮ ਦੇ ਅੰਦਰ ਹੈ। ਉਹਨਾਂ ਕਿਹਾ ਕਿ ਇਨ੍ਹਾਂ ਨੇ ਇਹ ਜ਼ਮੀਨ 2025 ਵਿਚ ਖ਼ਰੀਦੀ ਸੀ ਕਿਉਂਕਿ ਇਨ੍ਹਾਂ ਨੂੰ ਪਤਾ ਸੀ ਕਿ ਰੇਤ ਆਉਣ ਵਾਲੀ ਹੈ। ਦੂਜਾ ਪਿੰਡ ਪਾਸਵਾਲ ਹੈ, ਜਿਥੇ ਉਨ੍ਹਾਂ ਨੇ ਦਸ ਏਕੜ ਜ਼ਮੀਨ ਖਰੀਦੀ ਸੀ। ਇਹ ਵੀ ਬਿਆਸ ਦਰਿਆ ਦੇ ਨੇੜੇ ਧੁੱਸੀ ਡੈਮ ਦੇ ਅੰਦਰ ਸੀ।
ਇਸ ਦੇ ਜਵਾਬ ਵਿਚ ਬਾਜਵਾ ਨੇ ਕਿਹਾ ਕਿ ਮੈਂ ਕਿਸਾਨਾਂ ਤੋਂ ਜ਼ਮੀਨ ਖਰੀਦੀ। ਮੈਂ ਇਸ ਦਾ ਭੁਗਤਾਨ ਕੀਤਾ ਹੈ। ਮੈਂ ਸਰਕਾਰ ਨੂੰ ਮਾਲੀਆ ਭਰਿਆ ਹੈ। ਬਾਜਵਾ ਨੇ ਕਿਹਾ ਕਿ ਆਬਕਾਰੀ ਮੰਤਰੀ ਹਰ ਮਹੀਨੇ ਸ਼ਰਾਬ ਫੈਕਟਰੀਆਂ ਤੋਂ ਪੈਸੇ ਲੈਂਦੇ ਹਨ। ਉਹ ਇਕ ਡਿਸਟਿਲਰੀ ਤੋਂ 1.25 ਕਰੋੜ ਰੁਪਏ ਅਤੇ ਹਰ ਮਹੀਨੇ 35 ਤੋਂ 40 ਕਰੋੜ ਰੁਪਏ ਇਕੱਠੇ ਕਰਦੇ ਹਨ ਤੇ ਸ਼ਰਾਬ ਨੀਤੀ ਤੋਂ 12,000 ਕਰੋੜ ਰੁਪਏ ਦਾ ਗਬਨ ਵੀ ਕੀਤਾ ਹੈ। ਇਸਦੇ ਜਵਾਬ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਸੱਚ ਬੋਲਦੇ ਹਾਂ ਤਾਂ ਉਹ ਚਿੜ ਜਾਂਦੇ ਹਨ ਤੇ ਇਸ ਤੇ ਦੋਹਾਂ ਆਗੂਆਂ ਵਿਚ ਬਹਿਸ ਹੋ ਗਈ। ਸਪੀਕਰ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਹੰਗਾਮਾ ਜਾਰੀ ਰਿਹਾ ਤਾਂ ਸਦਨ ਨੂੰ 10 ਮਿੰਟ ਲਈ ਮੁਲਤਵੀ ਕਰ ਦਿੱਤਾ ਗਿਆ।
ਕਾਰਵਾਈ ਮੁੜ ਸ਼ੁਰੂ ਹੋਣ ਤੇ ਵਿਧਾਨ ਸਭਾ ਸੈਸ਼ਨ ਵਿਚ ਸਿੰਚਾਈ ਮੰਤਰੀ ਨੇ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਝੂਠ ਦੀ ਰਾਜਨੀਤੀ ਖ਼ੇਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਮੁੱਦੇ ਲਈ ਸੈਸ਼ਨ ਬੁਲਾਇਆ ਗਿਆ ਸੀ, ਉਸ ਤੇ ਚਰਚਾ ਕਰਨ ਦੀ ਬਜਾਏ, ਵਿਸ਼ਾ ਕਿਸੇ ਹੋਰ ਪਾਸੇ ਚਲਾ ਗਿਆ। ਇਥੇ ਝੂਠ ਦੀ ਰਾਜਨੀਤੀ ਖੇਡੀ ਗਈ। ਹੜ੍ਹ ਪੀੜਤਾਂ ਦੇ ਜ਼ਖ਼ਮਾਂ ਨੂੰ ਭਰਨ ਦੀ ਬਜਾਏ, ਉਨ੍ਹਾਂ ਵਿਚ ਲੂਣ ਛਿੜਕਿਆ ਗਿਆ।
ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਇਜਲਾਸ ਦੌਰਾਨ ਮੰਗ ਕੀਤੀ ਕਿ ਸਿੰਚਾਈ ਮੰਤਰੀ ਹੜ੍ਹਾਂ ਦੇ ਕਾਰਨ ਦੱਸਣ, ਕਿਉਂਕਿ ਉਨ੍ਹਾਂ ਨੂੰ ਇਸ ਦਾ ਕਾਰਨ ਦਾ ਦੱਸਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਜੋ ਰਾਜਾ ਹੁੰਦਾ ਹੈ, ਉਸ ਦਾ ਫ਼ੈਸਲਾ ਸਾਨੂੰ ਮਨਜ਼ੂਰ ਹੈ ਤੇ ਉਹ ਜੋ ਕਹਿਣਗੇ ਉਹ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਤੁਸੀਂ ਖੁਦ ਅਪਰਾਧੀ, ਇੰਸਪੈਕਟਰ ਅਤੇ ਜੱਜ ਹੋ। ਤੁਸੀਂ ਸਿਸਟਮ ਅਨੁਸਾਰ ਕੰਮ ਕਿਉਂ ਨਹੀਂ ਕਰਦੇ? ਤੁਹਾਡੀ ਮੌਸਮ ਵਿਭਾਗ ਦੀ ਕਮੇਟੀ ਦੀ ਮੀਟਿੰਗ ਨਹੀਂ ਹੋਈ। ਰਾਣਾ ਗੁਰਜੀਤ ਸਿੰਘ ਨੇ ਪੁੱਛਿਆ ਕਿ ਮੰਤਰੀ ਅਤੇ ਕ੍ਰਿਸ਼ਨ ਕੁਮਾਰ ਨੇ ਕੀ ਕੀਤਾ? ਜਦੋਂ ਪੰਜਾਬ ਵਿਚ ਹੜ੍ਹ ਆਇਆ ਸੀ, ਤਾਂ ਮੈਂ ਨੁਕਸਾਨ ਦੀ ਹੱਦ ਨਿਰਧਾਰਤ ਕਰਨ ਲਈ ਇਕ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਨੂੰ ਸੈਟੇਲਾਈਟ ਮੈਪਿੰਗ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਅਜੇ ਵੀ ਬਹੁਤ ਦੇਰ ਨਹੀਂ ਹੋਈ ਹੈ। ਜੇਕਰ ਕੋਈ ਰਾਸ਼ਟਰੀ ਪੱਧਰ ਦਾ ਸਲਾਹਕਾਰ ਨਹੀਂ ਹੈ, ਤਾਂ ਇਕ ਅੰਤਰਰਾਸ਼ਟਰੀ ਸਲਾਹਕਾਰ ਨੂੰ ਨਿਯੁਕਤ ਕਰੋ। ਅਸੀਂ 2019 ਅਤੇ 2023 ਦੇ ਹੜ੍ਹਾਂ ਨੂੰ ਭੁੱਲ ਗਏ ਹਾਂ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮੈਂ ਤੁਹਾਨੂੰ ਪਾਣੀ ਦੀ ਵਰਤੋਂ ਕਿਵੇਂ ਕਰਨੀ ਹੈ ਇਸ ਬਾਰੇ ਸੁਝਾਅ ਦਿੰਦਾ ਹਾਂ। ਰਾਣਾ ਨੇ ਕਿਹਾ ਕਿ ਜੇ ਤੁਸੀਂ ਪਾਣੀ ਬਚਾਉਣਾ ਚਾਹੁੰਦੇ ਹੋ, ਤਾਂ ਕਣਕ ਦੀ ਬਜਾਏ ਮੱਕੀ ਦੀ ਖੇਤੀ ਕਰੋ।
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਅਗਸਤ ਅਤੇ ਸਤੰਬਰ ਵਿਚ ਲਗਾਤਾਰ ਹੋਈ ਬਾਰਿਸ਼ ਨੇ ਪੰਜਾਬ ਵਿਚ ਕਾਫ਼ੀ ਨੁਕਸਾਨ ਕੀਤਾ ਹੈ। ਇਸ ਲਈ ਕੋਈ ਵੀ ਦੋਸ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਾੜਾਂ ਵਿਚ ਬੱਦਲ ਫਟਣ ਦਾ ਸਿਲਸਿਲਾ ਜਾਰੀ ਰਿਹਾ, ਜਿਸ ਨਾਲ ਖੇਤੀਬਾੜੀ ਅਤੇ ਪ੍ਰਦੂਸ਼ਣ ਨੂੰ ਨੁਕਸਾਨ ਪਹੁੰਚਿਆ। ਪੰਜ ਲੱਖ ਏਕੜ ਫ਼ਸਲ ਤਬਾਹ ਹੋ ਗਈ। ਕਪਾਹ ਅਤੇ ਬਾਗਾਂ ਨੂੰ ਨੁਕਸਾਨ ਪਹੁੰਚਿਆ। ਖੇਤੀਬਾੜੀ ਵਿਭਾਗ ਨੂੰ 5,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਸੜਕਾਂ, ਸਰਕਾਰੀ ਇਮਾਰਤਾਂ, ਹਸਪਤਾਲ ਅਤੇ 2,500 ਛੋਟੇ ਅਤੇ ਵੱਡੇ ਪੁਲਾਂ ਨੂੰ ਨੁਕਸਾਨ ਪਹੁੰਚਿਆ ਹੈ। ਅਸੀਂ ਕਿਸਾਨਾਂ ਨੂੰ ਕਣਕ ਦੇ ਬੀਜ ਮੁਹੱਈਆ ਕਰਵਾਉਣ ਜਾ ਰਹੇ ਹਾਂ।
ਖੇਤੀਬਾੜੀ ਮੰਤਰੀ ਨੇ ਬੀਜ (ਪੰਜਾਬ ਸੋਧ) ਬਿੱਲ 2025 ਪੇਸ਼ ਕੀਤਾ। ਸੀ. ਐਲ. ਪੀ. ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਬਿੱਲ ਦਾ ਸਮਰਥਨ ਕੀਤਾ। ਇਸ ਦੌਰਾਨ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਬਿੱਲ ਨੂੰ ਮੁਲਤਵੀ ਕਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਮਾਮਲੇ ਦੀ ਜਾਂਚ ਲਈ ਵਿਗਿਆਨੀਆਂ ਦੀ ਇਕ ਕਮੇਟੀ ਬਣਾਈ ਜਾਣੀ ਚਾਹੀਦੀ ਹੈ। ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਜਦੋਂ ਨਕਲੀ ਬੀਜਾਂ ਦਾ ਪਤਾ ਲਗਾਇਆ ਜਾਂਦਾ ਹੈ, ਤਾਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੜ੍ਹਾਂ ਤੋਂ ਬਚਾਅ ਕਰਨ ਦਾ ਪੜਾਅ ਪੂਰਾ ਹੋ ਗਿਆ ਹੈ। ਹੁਣ ਸਾਨੂੰ ਮੁੜ ਵਸੇਬੇ ਤੇ ਕੰਮ ਕਰਨਾ ਪਵੇਗਾ। ਇਸ ਲਈ ਇਕ ਬਿੱਲ ਵੀ ਪੇਸ਼ ਕੀਤਾ ਜਾਵੇਗਾ, ਜਿਸਨੂੰ ਸਰਬਸੰਮਤੀ ਨਾਲ ਪਾਸ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪ੍ਰਤੀ ਏਕੜ 26 ਤੋਂ 33 ਪ੍ਰਤੀਸ਼ਤ ਨੁਕਸਾਨ ਲਈ 2,000 ਰੁਪਏ ਦਿੱਤੇ ਜਾਂਦੇ ਸਨ, ਪੰਜਾਬ 10,000 ਰੁਪਏ ਦੇਵੇਗਾ। 33 ਤੋਂ 75 ਪ੍ਰਤੀਸ਼ਤ ਨੁਕਸਾਨ ਲਈ 6,800 ਰੁਪਏ ਦਿੱਤੇ ਗਏ ਸਨ, ਅਸੀਂ ਇਸਨੂੰ ਵਧਾ ਕੇ 10,000 ਰੁਪਏ ਕਰ ਰਹੇ ਹਾਂ। 75 ਤੋਂ 100 ਪ੍ਰਤੀਸ਼ਤ ਨੁਕਸਾਨ ਲਈ 20,000 ਰੁਪਏ ਦਿੱਤੇ ਜਾਣਗੇ ਤੇ ਉਸ ਵਿਚ ਐਸ.ਡੀ.ਆਰ.ਐਫ਼. ਦਾ 6,800 ਰੁਪਏ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਮਾਮਲੇ ਬਾਰੇ ਕੱਲ੍ਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਰਿਹਾ ਹਾਂ।
ਉਹਨਾਂ ਕਿਹਾ ਕਿ ਸਾਨੂੰ ਬੀਜ ਸੋਧ ਬਿੱਲ ਬਾਰੇ ਬਾਅਦ ਵਿਚ ਹੀ ਪਤਾ ਲੱਗਾ। ਅਸੀਂ ਬੀਜਾਂ ਵਿਚ ਮਿਲਾਵਟ ਵਿਰੁੱਧ ਕਾਨੂੰਨ ਨੂੰ ਹੋਰ ਸਖ਼ਤ ਬਣਾਉਣ ਜਾ ਰਹੇ ਹਾਂ। ਅਸੀਂ ਦੁਕਾਨਦਾਰਾਂ ਨੂੰ ਇਕ ਸੂਚੀ ਪ੍ਰਦਾਨ ਕਰਾਂਗੇ। ਅਸੀਂ ਕਿਸਾਨਾਂ ਨੂੰ ਸਿਰਫ਼ ਪ੍ਰਮਾਣਿਤ ਬੀਜ ਖਰੀਦਣ ਲਈ ਕਹਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਮਿਲਾਵਟ ਇੰਨੀ ਜ਼ਿਆਦਾ ਵਧ ਗਈ ਸੀ ਕਿ ਸਾਡਾ ਇਕ ਜਹਾਜ਼ ਅਨਾਜ ਲੈ ਕੇ ਸਿੰਗਾਪੁਰ ਗਿਆ ਸੀ, ਪਰ ਸਿੰਗਾਪੁਰ ਨੇ ਉਸ ਜਹਾਜ਼ ਨੂੰ ਵਾਪਸ ਭੇਜ ਦਿੱਤਾ। ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਆਲੀ ਨੇ ਬਿੱਲ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਆਲੂ ਦੀ ਖੇਤੀ ਨੂੰ ਸਰਕਾਰੀ ਸਹਾਇਤਾ ਨਹੀਂ ਮਿਲਦੀ। ਉਨ੍ਹਾਂ ਦਾ ਵੀ ਸਮਰਥਨ ਕੀਤਾ ਜਾਵੇਗਾ। ਸਦਨ ਨੇ ਬਹਿਸ ਮਗਰੋਂ ਬੀਜ (ਪੰਜਾਬ ਸੋਧ) ਬਿੱਲ ਪਾਸ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ 20 ਅਕਤੂਬਰ ਨੂੰ ਦੀਵਾਲੀ ਹੈ ਤੇ ਅਸੀਂ 15 ਅਕਤੂਬਰ ਤੱਕ ਫ਼ਸਲਾਂ, ਪਸ਼ੂਆਂ ਅਤੇ ਹੋਰ ਵਸਤੂਆਂ ਦੇ ਨੁਕਸਾਨ ਲਈ ਲੋਕਾਂ ਨੂੰ ਚੈਕ ਜਾਰੀ ਕਰਨਾ ਸ਼ੁਰੂ ਕਰ ਦੇਵਾਂਗੇ। ਇਕ ਵਿਸ਼ੇਸ਼ ਗਿਰਦਾਵਰੀ ਕੀਤੀ ਜਾਵੇਗੀ ਤੇ ਕਿਸਾਨਾਂ ਨੂੰ ਰੇਤ ਹਟਾਉਣ ਲਈ ਪ੍ਰਤੀ ਏਕੜ 7,200 ਰੁਪਏ ਦਿੱਤੇ ਜਾਣਗੇ। ਕੁਝ ਜ਼ਮੀਨ ਵਹਿ ਗਈ ਹੈ ਅਤੇ ਇਸ ਲਈ 18,800 ਰੁਪਏ ਦਿੱਤੇ ਜਾਣਗੇ। ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਸੇਮ ਖੇਤਰਾਂ ਲਈ ਮੁੱਖ ਮੰਤਰੀ ਰਾਹਤ ਫੰਡ ਵਿਚੋਂ 4.5 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਰਾਣਾ ਜੀ ਨੇ ਕਿਹਾ ਸੀ ਕਿ ਕਬਰ ਪਹਿਲਾਂ ਹੀ ਪੁੱਟ ਦਿੱਤੀ ਗਈ ਹੈ। ਇਸ ਵਿਚ ਚਾਹੇ ਕ੍ਰਿਸ਼ਨ ਕੁਮਾਰ ਨੂੰ ਸੁੱਟ ਦਿਓ ਜਾਂ ਆਮ ਆਦਮੀ ਪਾਰਟੀ ਨੂੰ। ਉਹਨਾਂ ਸਵਾਲ ਕੀਤਾ ਕਿ ਕੀ ਕਾਂਗਰਸ ਨੇ ਕਪੂਰੀ ਵਿਚ ਕਬਰ ਨਹੀਂ ਪੁੱਟੀ? ਕੀ ਉਨ੍ਹਾਂ ਨੇ 1984 ਵਿਚ ਕਬਰ ਨਹੀਂ ਪੁੱਟੀ ਸੀ, ਜਿਸ ਤੇ ਟੈਂਕਾਂ ਨਾਲ ਹਮਲਾ ਕੀਤਾ ਗਿਆ ਸੀ? ਅਸੀਂ ਕਾਂਗਰਸ ਨੂੰ ਕਬਰ ਵਿਚ ਸੁੱਟਾਂਗੇ ਤੇ ਆਰ. ਆਈ. ਪੀ. ਕਾਂਗਰਸ ਦੀ ਤਖ਼ਤੀ ਵੀ ਲਗਾਵਾਂਗੇ।
ਪੰਜਾਬ ਵਿਧਾਨ ਸਭਾ ਵਲੋਂ ਕੇਂਦਰ ਸਰਕਾਰ ਦੀ ਐਲਾਨੀ ਮਾਮੂਲੀ ਰਾਹਤ ਰਾਸ਼ੀ ਬਾਰੇ ਅਤੇ ਕੇਂਦਰ ਸਰਕਾਰ ਤੋਂ 20 ਹਜ਼ਾਰ ਕਰੋੜ ਰੁਪਏ ਦੇ ਵਿਸ਼ੇਸ਼ ਵਿੱਤੀ ਪੈਕੇਜ ਦੀ ਮੰਗ ਨੂੰ ਲੈ ਕੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ। ਮਤਾ ਪਾਸ ਕਰਨ ਮੌਕੇ ਭਾਜਪਾ ਦੇ ਵਿਧਾਇਕ ਗਸਰਬਸੰਮਤੀ ਨਾਲ ਗੈਰਹਾਜ਼ਰ ਰਹੇ।
Chandigarh
ਇਨਸਾਫ਼ ਲਈ ਇਕਜੁਟਤਾ ਦਿਖਾਉਣ ਲਈ ਸਭ ਤੋਂ ਅੱਗੇ ਹੋ ਕੇ ਲੜਦੇ ਅਤੇ ਖੜ੍ਹਦੇ ਹਨ ਪੰਜਾਬੀ : ਇਆਲੀ
ਪੰਜਾਬ ਬੰਦ ਨੂੰ ਕਾਮਯਾਬ ਕਰਕੇ ਪੰਜਾਬੀ ਨੇ ਇਨਸਾਫ਼ ਦੀ ਆਵਾਜ਼ ਬੁਲੰਦ ਕੀਤੀ
ਚੰਡੀਗੜ੍ਹ, 15 ਅਕਤੂਬਰ (ਸ.ਬ.) ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਸੀਨੀਅਰ ਆਗੂ ਅਤੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਹੈ ਕਿ ਅੱਜ ਇੱਕ ਵਾਰ ਫਿਰ ਪੰਜਾਬ ਦੇ ਇਨਸਾਫ਼ ਪਸੰਦ ਲੋਕਾਂ ਨੇ ਸਾਬਿਤ ਕਰ ਦਿੱਤਾ ਹੈ ਕਿ, ਜਦੋਂ ਵੀ ਇਨਸਾਫ਼ ਲਈ ਇਕਜੁਟਤਾ ਦਿਖਾਉਣ ਦੀ ਲੋੜ ਪੈਂਦੀ ਹੈ ਤਾਂ ਪੰਜਾਬੀ ਸਭ ਤੋ ਅੱਗੇ ਹੋ ਕੇ ਲੜਦੇ ਅਤੇ ਖੜ੍ਹਦੇ ਹਨ।
ਇੱਥੇ ਜਾਰੀ ਬਿਆਨ ਵਿੱਚ ਸz ਇਯਾਲੀ ਨੇ ਕਿਹਾ ਕਿ ਪਿਛਲੇ ਦੋ ਦਿਨ ਤੋਂ ਪੁਲੀਸ ਵੱਲੋਂ ਇਨਸਾਫ ਦੀ ਮੰਗ ਕਰ ਰਹੇ ਇਨਸਾਫ਼ ਪਸੰਦ ਲੋਕਾਂ ਨੂੰ ਮਾਨਸਾ ਜਾਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਹੁਣ ਤੱਕ ਕਈ ਗਿਰਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ। ਉਹਨਾਂ ਕਿਹਾ ਕਿ ਜਿੰਨਾ ਜ਼ੋਰ ਪੁਲੀਸ ਇਨਸਾਫ਼ ਪਸੰਦ ਲੋਕਾਂ ਨੂੰ ਗ੍ਰਿਫਤਾਰ ਕਰਨ ਤੇ ਲਗਾ ਰਹੀ ਹੈ, ਜੇਕਰ ਏਨੀ ਸ਼ਿੱਦਤ ਨਾਲ ਨਸ਼ਿਆਂ ਦੇ ਖਿਲਾਫ ਕੰਮ ਕੀਤਾ ਹੁੰਦਾ ਤਾਂ ਅੱਜ ਨਤੀਜੇ ਬਿਹਤਰ ਹੁੰਦੇ।
ਉਹਨਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਸਿਰਫ ਸਿਆਸੀ ਨਾਟਕ ਹੈ, ਜਿਸ ਦਾ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਅਤੇ ਅੱਜ ਵੀ ਪੰਜਾਬ ਵਿੱਚ ਡਰੱਗ ਕਾਰਟਿਲ ਬੇਖੌਫ ਹੋ ਕੇ ਧੰਦਾ ਕਰ ਰਿਹਾ ਹੈ, ਜਿਸਦੀ ਮਾਰ ਨਾਲ ਨੌਜਵਾਨਾਂ ਦੀ ਜਾਨ ਜਾ ਰਹੀ ਹੈ। ਉਹਨਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਹੋਣ ਜਾਂ ਖਰਨ ਦੀ ਡਰੱਗ ਇੰਸਪੈਕਟਰ ਨੇਹਾ ਸ਼ੌਰੀ, ਜਿਸਨੇ ਵੀ ਇਸ ਡਰੱਗ ਕਾਰਟਿਲ ਖਿਲਾਫ ਆਵਾਜ ਬੁਲੰਦ ਕੀਤੀ, ਉਸਨੂੰ ਜਾਂ ਤਾਂ ਕਤਲ ਕਰ ਦਿੱਤਾ ਗਿਆ ਜਾਂ ਫਿਰ ਉਸ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਉਹਨਾਂ ਕਿਹਾ ਕਿ ਪਿਛਲੇ ਸਮੇਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੇ ਨਸ਼ੇ ਖਿਲਾਫ ਆਵਾਜ ਬੁਲੰਦ ਕੀਤੀ ਤਾਂ ਉਸ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ।
ਪੰਜਾਬ ਸਰਕਾਰ ਤੇ ਹਮਲਾ ਕਰਦਿਆਂ ਉਹਨਾਂ ਕਿਹਾ ਕਿ ਅੱਜ ਪੰਜਾਬ ਪੂਰੀ ਤਰਾਂ ਨਾਲ ਪੁਲੀਸ ਰਾਜ ਵਿੱਚ ਤਬਦੀਲ ਹੋ ਚੁੱਕਾ ਹੈ। ਸੂਬੇ ਦੀ ਪੁਲੀਸ ਸੱਤਾਧਾਰੀ ਪਾਰਟੀ ਦੇ ਵਿੰਗ ਵਜੋਂ ਕੰਮ ਕਰ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੁਲਿਸ ਬਲ ਦੇ ਜਰੀਏ ਲੋਕਾਂ ਦੀ ਅਵਾਜ ਦਬਾਉਣ ਵਿੱਚ ਲੱਗੀ ਹੋਈ ਹੈ।
ਉਹਨਾਂ ਕਿਹਾ ਕਿ ਪੰਜਾਬ, ਪਰਵਿੰਦਰ ਸਿੰਘ ਝੋਟਾ ਦੀ ਨਸ਼ੇ ਖਿਲਾਫ ਦਿੱਤੀ ਕੁਰਬਾਨੀ ਨੂੰ ਕਦੇ ਨਹੀਂ ਭੁਲਾ ਸਕਦਾ ਅਤੇ ਪੂਰਾ ਪੰਜਾਬ ਇਸ ਵੇਲੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਪੂਰੀ ਤਰਾਂ ਇਕਜੁੱਟਤਾ ਨਾਲ ਖੜ੍ਹਾ ਹੈ, ਜਿਸਨੇ ਦੂਜਿਆਂ ਦੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਲਈ ਆਪਣੇ ਬੱਚਿਆਂ ਦੇ ਭਵਿੱਖ ਦੀ ਪ੍ਰਵਾਹ ਨਹੀਂ ਕੀਤੀ। ਉਹਨਾਂ ਕਿਹਾ ਕਿ ਮਰਹੂਮ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ਲੜਾਈ ਨੂੰ ਅੰਜਾਮ ਤੱਕ ਲੈਕੇ ਜਾਇਆ ਜਾਵੇਗਾ।
Chandigarh
ਚੰਡੀਗੜ੍ਹ ਵਿੱਚ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਚੰਡੀਗੜ੍ਹ, 15 ਅਕਤੂਬਰ (ਸ.ਬ.) ਸ਼ਹਿਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦਾ ਮਾਮਲਾ ਲਗਾਤਾਰ ਵਧਦਾ ਨਜ਼ਰ ਆ ਰਿਹਾ ਹੈ। ਹੁਣ ਅੱਠ ਹੋਰ ਸਕੂਲਾਂ ਨੂੰ ਵੀ ਈਮੇਲ ਰਾਹੀਂ ਬੰਬ ਦੀ ਧਮਕੀ ਮਿਲਣ ਦੀ ਜਾਣਕਾਰੀ ਮਿਲੀ ਹੈ। ਇਨ੍ਹਾਂ ਵਿੱਚ ਨਿੱਜੀ ਅਤੇ ਸਰਕਾਰੀ, ਦੋਵੇਂ ਤਰ੍ਹਾਂ ਦੇ ਸਕੂਲ ਸ਼ਾਮਲ ਦੱਸੇ ਜਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, ਸੈਕਟਰ-46ਏ ਸਥਿਤ ਆਸ਼ੀਆਨਾ ਸਕੂਲ, ਮਨੀਮਾਜਰਾ ਦਾ ਰਿਮਿਟ ਸਕੂਲ, ਸੈਕਟਰ-20ਡੀ ਦਾ ਸਰਕਾਰੀ ਸਕੂਲ, ਸੈਕਟਰ-28 ਦਾ ਸੈਂਟ ਸੋਲਜਰਜ਼ ਸਕੂਲ, ਸੈਕਟਰ-41ਸੀ ਦਾ ਸ਼ਿਵਾਲਿਕ ਪਬਲਿਕ ਸਕੂਲ, ਸੈਕਟਰ-26 ਦਾ ਸੈਂਟ ਜੌਨ ਸਕੂਲ, ਸੈਕਟਰ-37 ਦਾ ਸੈਂਟ ਪੀਟਰਸਨ ਸਕੂਲ ਅਤੇ ਇਸੇ ਸੈਕਟਰ ਦਾ ਪਲੇਅ ਵੇਅ ਸਮਾਰਟ ਸਕੂਲ ਨੂੰ ਧਮਕੀ ਵਾਲੇ ਈਮੇਲ ਮਿਲੇ ਹਨ।
ਹਾਲਾਂਕਿ, ਉਪਲਬਧ ਜਾਣਕਾਰੀ ਦੇ ਆਧਾਰ ਤੇ ਇਹ ਸਪੱਸ਼ਟ ਨਹੀਂ ਹੈ ਕਿ ਸਾਰੇ ਈਮੇਲ ਇੱਕ ਹੀ ਸਰੋਤ ਤੋਂ ਭੇਜੇ ਗਏ ਹਨ ਜਾਂ ਨਹੀਂ। ਈਮੇਲ ਭੇਜਣ ਵਾਲੇ ਦੀ ਪਛਾਣ, ਧਮਕੀ ਦੀ ਪ੍ਰਮਾਣਿਕਤਾ ਜਾਂ ਕਿਸੇ ਵੀ ਸ਼ੱਕੀ ਵਸਤੂ ਦੀ ਬਰਾਮਦਗੀ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੈ। ਇਸ ਲਈ, ਧਮਕੀ ਨੂੰ ਅਸਲੀ ਸਮਝਣਾ ਅਤੇ ਸੁਰੱਖਿਆ ਜਾਂਚ ਕਰਵਾਉਣਾ ਮਹੱਤਵਪੂਰਨ ਹੈ।
ਪੁਲੀਸ ਅਤੇ ਸਬੰਧਤ ਸੁਰੱਖਿਆ ਏਜੰਸੀਆਂ ਦੀ ਕਾਰਵਾਈ, ਸਕੂਲਾਂ ਦੀ ਜਾਂਚ ਅਤੇ ਵਿਦਿਆਰਥੀਆਂ ਤੇ ਸਟਾਫ਼ ਦੀ ਸੁਰੱਖਿਆ ਨੂੰ ਲੈ ਕੇ ਅਧਿਕਾਰਤ ਜਾਣਕਾਰੀ ਮਿਲਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ।
Chandigarh
ਪੰਜਾਬ ਵਿੱਚ 429 ਕਰੋੜ ਰੁਪਏ ਦੇ ਜੀ. ਐਸ. ਟੀ. ਧੋਖਾਧੜੀ ਨੈਟਵਰਕ ਦਾ ਪਰਦਾਫਾਸ਼ : ਹਰਪਾਲ ਸਿੰਘ ਚੀਮਾ
ਜਾਅਲੀ ਬਿੱਲਾਂ ਰਾਹੀਂ ਸਿੰਡੀਕੇਟ ਚਲਾਉਣ ਦੇ ਦੋਸ਼ ਹੇਠ ਲੁਧਿਆਣਾ ਵਿੱਚ ਇੱਕ ਟਰਾਂਸਪੋਰਟਰ ਅਤੇ ਦੋ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ
ਚੰਡੀਗੜ੍ਹ, 14 ਅਕਤੂਬਰ (ਸ.ਬ.) ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਕਰ ਵਿਭਾਗ ਵਲੋਂ ਪੰਜਾਬ ਵਿੱਚ 429 ਕਰੋੜ ਰੁਪਏ ਦੇ ਜੀ. ਐਸ. ਟੀ. ਧੋਖਾਧੜੀ ਨੈਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਸ਼ੱਕੀ ਟੈਕਸ ਚੋਰੀ ਵਿੱਚ 2,410.22 ਕਰੋੜ ਰੁਪਏ ਦੀ ਵੱਡੀ ਟੈਕਸਯੋਗ ਰਕਮ ਸ਼ਾਮਲ ਹੈ, ਜਿਸ ਨਾਲ 429.30 ਕਰੋੜ ਰੁਪਏ ਦਾ ਜੀ. ਐਸ. ਟੀ. ਫਰਾਡ ਹੋਇਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ (ਸਿਪੂ) ਵਲੋਂ ਇਕੱਠੀ ਕੀਤੀ ਗਈ ਖੁਫੀਆ ਜਾਣਕਾਰੀ ਤੇ ਕਾਰਵਾਈ ਕਰਦਿਆਂ, ਪੁਲੀਸ ਸਟੇਸ਼ਨ ਡਿਵੀਜ਼ਨ ਨੰਬਰ 4, ਲੁਧਿਆਣਾ ਵਿਖੇ ਸ਼੍ਰੀ ਬਾਲਾਜੀ ਟਰਾਂਸਪੋਰਟ ਕੰਪਨੀ ਦੇ ਮਾਲਕ ਹਰਸ਼ ਥਾਪਰ ਅਤੇ ਉਸਦੇ ਸਾਥੀਆਂ ਸੰਮੀ ਧੀਮਾਨ, ਜੱਸ ਅਤੇ ਹੋਰਾਂ ਵਿਰੁੱਧ ਭਾਰਤੀ ਨਿਆਏ ਸੰਹਿਤਾ, 2023 ਦੀਆਂ ਸਬੰਧਤ ਧਾਰਾਵਾਂ ਅਤੇ ਕੇਂਦਰੀ ਵਸਤਾਂ ਅਤੇ ਸੇਵਾਵਾਂ ਕਰ (ਸੀ.ਜੀ.ਐਸ.ਟੀ.) ਐਕਟ, 2017 ਦੀ ਧਾਰਾ 132 ਤਹਿਤ ਐਫ. ਆਈ. ਆਰ. ਦਰਜ ਕੀਤੀ ਗਈ ਹੈ।
ਵਿੱਤ ਮੰਤਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਤਾਰ ਬੀਤੀ 30 ਸਤੰਬਰ ਨੂੰ ਜੁੜੀ ਸੀ ਜਦੋਂ ਲੁਧਿਆਣਾ ਦੇ ਇੱਕ ਸਟੇਟ ਟੈਕਸ ਅਧਿਕਾਰੀ ਨੇ ਦਿੱਲੀ ਤੋਂ ਪੰਜਾਬ ਆ ਰਹੇ ਸਾਮਾਨ ਵਾਲੇ ਇੱਕ ਵਾਹਨ ਨੂੰ ਰੋਕਿਆ ਸੀ ਅਤੇ ਇਹ ਕਾਰਵਾਈ ਇਕ ਵੱਡੇ ਨੈਟਵਰਕ ਦੀ ਇੱਕ ਛੋਟੀ ਜਿਹੀ ਝਲਕ ਸਾਬਤ ਹੋਈ। ਉਹਨਾਂ ਦੱਸਿਆ ਕਿ ਭਾਵੇਂ ਇਸ ਮਾਮਲੇ ਵਿੱਚ ਈ-ਵੇਅ ਬਿੱਲਾਂ ਅਤੇ ਇਨਵੌਇਸਾਂ ਵਿੱਚ ਪੰਜਾਬ ਸਥਿਤ ਤਿੰਨ ਫਰਮਾਂ ਨੂੰ ਮਾਲ ਸਪਲਾਈ ਕੀਤੇ ਜਾਣ ਦਾ ਜ਼ਿਕਰ ਸੀ, ਪਰ ਜਦੋਂ ਵਿਭਾਗ ਵੱਲੋਂ ਉਕਤ ਪ੍ਰਾਪਤ ਕਰਤਾਵਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਅਜਿਹਾ ਕੋਈ ਆਰਡਰ ਦੇਣ ਜਾਂ ਸਾਮਾਨ ਖਰੀਦਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਉਹਨਾਂ ਦੱਸਿਆ ਕਿ ਬਾਅਦ ਵਿੱਚ ਕੀਤੀ ਗਈ ਜਾਂਚ ਦੌਰਾਨ ਜਾਅਲੀ ਦਸਤਾਵੇਜ਼ਾਂ ਰਾਹੀਂ ਸਾਮਾਨ ਢੋਹਣ ਵਾਲੇ ਇੱਕ ਸੰਗਠਿਤ ਸਿੰਡੀਕੇਟ ਦਾ ਖੁਲਾਸਾ ਹੋਇਆ। ਉਹਨਾਂ ਦੱਸਿਆ ਕਿ ਐਡਵਾਂਸ ਡਾਟਾ ਐਨਾਲਿਟਿਕਸ ਅਤੇ ਈ ਵੇਅ ਬਿੱਲ ਰਿਕਾਰਡਾਂ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਵਿਭਾਗ ਨੇ ਵੱਖ-ਵੱਖ ਰਾਜਾਂ ਵਿੱਚ ਚੱਲ ਰਹੀਆਂ 62 ਆਪਸ ਵਿੱਚ ਜੁੜੀਆਂ ਫਰਮਾਂ ਦੇ ਜਾਲ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚੋਂ 25 ਪੰਜਾਬ ਵਿੱਚ ਸਰਗਰਮ ਹਨ।
ਵਿੱਤ ਮੰਤਰੀ ਨੇ ਕਿਹਾ ਕਿ ਇਹ ਸਿੰਡੀਕੇਟ ਮੁੱਖ ਤੌਰ ਤੇ ਵਿੱਤੀ ਸਾਲ 2025-26 ਅਤੇ 2026-27 ਦੌਰਾਨ ਸਰਗਰਮ ਰਿਹਾ ਅਤੇ ਟਰਾਂਸਪੋਰਟਰ ਨੇ ਇਸ ਗੈਰਕਾਨੂੰਨੀ ਧੰਦੇ ਨੂੰ ਚਲਾਉਣ ਲਈ ਹੋਰਨਾਂ ਸੰਸਥਾਵਾਂ ਤੋਂ ਜਾਅਲੀ ਬਿੱਲ ਪ੍ਰਾਪਤ ਕਰਕੇ ਅਤੇ ਈ-ਵੇਅ ਬਿੱਲਾਂ ਦਾ ਪਾਰਟ-ਬੀ ਭਰ ਕੇ ਇੱਕ ਅਹਿਮ ਕੜੀ ਵਜੋਂ ਕੰਮ ਕੀਤਾ। ਉਹਨਾਂ ਦੱਸਿਆ ਕਿ ਇਸ ਪੂਰੇ ਨੈਟਵਰਕ ਦੀ ਡੂੰਘਾਈ ਨਾਲ ਅਪਰਾਧਿਕ ਜਾਂਚ ਕਰਨ ਲਈ ਮਾਮਲਾ ਪੁਲੀਸ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ।
-
International1 month ago92 ਸਿੱਖ ਸ਼ਰਧਾਲੂਾਂ ਨੂੰ ਫੈਸਲਾਬਾਦ ਹਵਾਈ ਅੱਡੇ ਤੇ 12 ਘੰਟਿਆਂ ਲਈ ਰੋਕਿਆ
-
International2 months agoਨੇਪਾਲ ਵਿੱਚ ਹੜ੍ਹ ਕਾਰਨ 626 ਮੌਤਾਂ, ਭਾਰਤ ਨੇ ਹਵਾਈ ਫੌਜ ਰਾਹੀਂ ਰਾਹਤ ਸਮੱਗਰੀ ਭੇਜੀ
-
International3 weeks ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
International4 weeks ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
National1 month agoਤਾਇਕਵਾਂਡੋ ਮੁਕਾਬਲਿਆਂ ਵਿੱਚ ਬੱਚਿਆਂ ਨੇ ਦਿਖਾਏ ਜੌਹਰ
-
National1 month agoਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾਈ, 3 ਵਿਅਕਤੀਆਂ ਦੀ ਮੌਤ
-
Punjab1 month agoਪੰਜਾਬ ਪੁਲੀਸ ਵਲੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਵਿਅਕਤੀ ਕਾਬੂ
-
International2 months ago
ਮੇਲਾ ਪੰਜਾਬਣਾਂ ਦਾ 6 ਸਤੰਬਰ ਨੂੰ
