Editorial
ਬਿਹਾਰ ਚੋਣਾਂ ਕਾਰਨ ਤਾਂ ਨਹੀਂ ਪੰਜਾਬ ਵਿੱਚ ਉਠਾਇਆ ਜਾ ਰਿਹਾ ਪਰਵਾਸੀਆਂ ਦਾ ਮੁੱਦਾ?
ਪੰਜਾਬ ਵਿੱਚ ਇਸ ਸਮੇਂ ਦੂਜੇ ਰਾਜਾਂ ਤੋਂ ਆ ਕੇ ਪੰਜਾਬ ਵਿੱਚ ਰਹਿ ਰਹੇ ਪਰਵਾਸੀ ਮਜਦੂਰਾਂ ਦਾ ਮਸਲਾ ਕਾਫੀ ਭਖਿਆ ਹੋਇਆ ਹੈ। ਹੁਸ਼ਿਆਰਪੁਰ ਵਿੱਚ ਇੱਕ ਪਰਵਾਸੀ ਮਜਦੂਰ ਵੱਲੋਂ ਇੱਕ ਪੰਜਾਬੀ ਬੱਚੇ ਨਾਲ ਦਰਿੰਦਗੀ ਕਰਨ ਤੋਂ ਬਾਅਦ ਪੰਜਾਬੀਆਂ ਵਿੱਚ ਪਰਵਾਸੀ ਮਜਦੂਰਾਂ ਵਿਰੁੱਧ ਗੁੱਸਾ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਕੁਝ ਪੰਜਾਬੀਆਂ ਨੇ ਪੰਜਾਬ ਵਿਚੋਂ ਪਰਵਾਸੀ ਮਜਦੂਰਾਂ ਨੂੰ ਵਾਪਸ ਉਹਨਾ ਦੇ ਰਾਜਾਂ ਵਿੱਚ ਭੇਜਣ ਦੀ ਮੁਹਿੰਮ ਚਲਾ ਦਿਤੀ ਹੈ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਕੁਝ ਪਰਵਾਸੀ ਮਜਦੂਰ ਆਪਣੇ ਮੁਲ ਰਾਜਾਂ ਨੂੰ ਵਾਪਸ ਵੀ ਜਾ ਰਹੇ ਹਨ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ, ਜਿਹਨਾਂ ਵਿੱਚ ਅਨੇਕਾਂ ਪਰਵਾਸੀ ਮਜਦੂਰਾਂ ਨੂੰ ਸਿੱਖਾਂ ਅਤੇ ਪੰਜਾਬੀਆਂ ਨੂੰ ਧਮਕੀਆਂ ਦਿੰਦੇ ਹੋਏ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਅਜਿਹੀਆਂ ਵੀਡੀਓ ਪਰਵਾਸੀ ਮਹਿਲਾਵਾਂ ਵੀ ਪੰਜਾਬੀਆਂ ਨੂੰ ਸ਼ਰੇਆਮ ਧਮਕੀਆਂ ਦਿੰਦੀਆਂ ਦਿਖਦੀਆਂ ਹਨ। ਜਿਸ ਕਾਰਨ ਪੰਜਾਬ ਵਿੱਚ ਪਰਵਾਸੀ ਮਜਦੂਰਾਂ ਵਿਰੁੱਧ ਮਾਹੌਲ ਦਿਨੋਂ ਦਿਨ ਗਰਮ ਹੁੰਦਾ ਜਾ ਰਿਹਾ ਹੈ।
ਦੂਜੇ ਪਾਸੇ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਹਨਾਂ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਭਾਜਪਾ, ਨੀਤਿਸ਼ ਕੁਮਾਰ ਦੀ ਪਾਰਟੀ ਅਤੇ ਭਾਜਪਾ ਦੀਆਂ ਹੋਰ ਸਹਿਯੋਗੀ ਪਾਰਟੀਆਂ ਹਰ ਤਰ੍ਹਾਂ ਦਾ ਕੰਮ ਕਰ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਭਾਜਪਾ ਹਰ ਹਾਲਤ ਵਿੱਚ ਬਿਹਾਰ ਵਿਧਾਨ ਸਭਾ ਚੋਣਾਂ ਜਿੱਤਣਾ ਚਾਹੁੰਦੀ ਹੈ। ਇਸੇ ਦੌਰਾਨ ਕੁਝ ਲੋਕ ਇਹ ਕਹਿ ਰਹੇ ਹਨ ਕਿ ਸ਼ਾਇਦ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਹੋਣ ਕਾਰਨ ਹੀ ਪੰਜਾਬ ਵਿੱਚ ਪਰਵਾਸੀ ਮਜਦੂਰਾਂ ਦਾ ਮੁੱਦਾ ਉਭਾਰਿਆ ਗਿਆ ਹੈ ਤਾਂ ਕਿ ਸਿਆਸੀ ਪਾਰਟੀਆਂ ਵੱਲੋਂ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਇਸ ਮੁੱਦੇ ਦਾ ਲਾਭ ਲਿਆ ਜਾ ਸਕੇ।
ਕੁਝ ਪੰਜਾਬੀ ਆਗੂ ਦਾਅਵਾ ਕਰ ਰਹੇ ਹਨ ਕਿ ਪਰਵਾਸੀ ਮਜਦੂਰਾਂ ਨੇ ਪੰਜਾਬ ਵਿੱਚ ਵੀ ਵੋਟਾਂ ਬਣਵਾਈਆਂ ਹੋਈਆਂ ਹਨ ਅਤੇ ਯੂ ਪੀ ਬਿਹਾਰ ਵਿੱਚ ਵੀ ਇਹਨਾਂ ਨੇ ਵੋਟਾਂ ਬਣਵਾਈਆਂ ਹੋਈਆਂ ਹਨ। ਜਦੋਂ ਬਿਹਾਰ ਅਤੇ ਯੂ ਪੀ ਵਿੱਚ ਚੋਣਾਂ ਹੁੰਦੀਆਂ ਹਨ ਤਾਂ ਇਹ ਪਰਵਾਸੀ ਮਜਦੂਰ ਰੇਲ ਗੱਡੀਆਂ ਵਿੱਚ ਭਰ ਕੇ ਬਿਹਾਰ ਅਤੇ ਯੂ ਪੀ ਵਿੱਚ ਪਹੁੰਚ ਜਾਂਦੇ ਹਨ ਅਤੇ ਉਥੇ ਆਪਣੀਆਂ ਵੋਟਾਂ ਪਾ ਕੇ ਮੁੜ ਪੰਜਾਬ ਆ ਜਾਂਦੇ ਹਨ। ਇਸ ਸਮੇਂ ਵੀ ਬਿਹਾਰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਕਰਕੇ ਵੀ ਅਨੇਕਾਂ ਬਿਹਾਰੀ ਮਜਦੂਰ ਵਾਪਸ ਬਿਹਾਰ ਜਾ ਰਹੇ ਹਨ। ਪਰ ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਪੰਜਾਬੀਆਂ ਵੱਲੋਂ ਪਰਵਾਸੀ ਮਜਦੂਰਾਂ ਵਿਰੁੱਧ ਮੁਹਿੰਮ ਚਲਾਉਣ ਕਾਰਨ ਇਹ ਮਜਦੂਰ ਵਾਪਸ ਬਿਹਾਰ ਜਾ ਰਹੇ ਹਨ।
ਪੰਜਾਬ ਦੇ ਵੱਖ ਵੱਖ ਰੇਲਵੇ ਸਟੇਸ਼ਨਾਂ ਤੇ ਇਸ ਸਮੇਂ ਪਰਵਾਸੀ ਮਜਦੁੂਰਾਂ ਦੀਆਂ ਭੀੜਾਂ ਵੇਖਣ ਵਿੱਚ ਆ ਰਹੀਆਂ ਹਨ। ਅਗਲੇ ਦਿਨਾਂ ਦੌਰਾਨ ਦੁਸ਼ਹਿਰਾ ਅਤੇ ਦਿਵਾਲੀ ਦੇ ਤਿਉਹਾਰ ਵੀ ਆਉਣ ਵਾਲੇ ਹਨ। ਇਸ ਕਾਰਨ ਵੀ ਵੱਡੀ ਗਿਣਤੀ ਪਰਵਾਸੀ ਮਜਦੂਰ ਆਪਣੇ ਮੂੁਲ ਰਾਜਾਂ ਨੂੰ ਜਾ ਰਹੇ ਹਨ ਪਰ ਕੁਝ ਲੋਕ ਦਾਅਵਾ ਕਰ ਰਹੇ ਹਨ ਕਿ ਇਹ ਪਰਵਾਸੀ ਮਜਦੂਰ ਸਿਰਫ ਪੰਜਾਬੀਆਂ ਕਾਰਨ ਵਾਪਸ ਜਾ ਰਹੇ ਹਨ। ਛਠ ਪੂਜਾ ਦੌਰਾਨ ਵੀ ਵੱਡੀ ਗਿਣਤੀ ਬਿਹਾਰੀ ਮਜਦੂਰ ਵਾਪਸ ਆਪਣੇ ਮੂੁਲ ਰਾਜਾਂ ਨੂੰ ਜਾਂਦੇ ਹਨ। ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਹੋਣ ਕਾਰਨ ਅਨੇਕਾਂ ਬਿਹਾਰੀ ਮਜਦੂਰ ਬਿਹਾਰ ਵਿੱਚ ਜਾ ਰਹੇ ਹਨ।
ਬਿਹਾਰ ਵਿੱਚ ਕੁਝ ਸਿਆਸੀ ਆਗੂਆਂ ਵੱਲੋਂ ਪੰਜਾਬ ਵਿੱਚ ਪਰਵਾਸੀਆਂ ਵਿਰੁੱਧ ਹੋ ਰਹੇ ਪ੍ਰਚਾਰ ਦਾ ਮੁੱਦਾ ਉਠਾਇਆ ਜਾ ਰਿਹਾ ਹੈ ਅਤੇ ਇਸ ਮੁੱਦੇ ਦਾ ਲਾਭ ਵੋਟਾਂ ਵਿੱਚ ਲੈਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸੇ ਕਾਰਨ ਪੰਜਾਬ ਦੇ ਕੁਝ ਆਗੂ ਇਹ ਵੀ ਕਹਿ ਰਹੇ ਹਨ ਕਿ ਪੰਜਾਬ ਵਿੱਚ ਪਰਵਾਸੀ ਮਜਦੂਰਾਂ ਦਾ ਮੁੱਦਾ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਕਾਰਨ ਵੀ ਉਠਾਇਆ ਹੋ ਸਕਦਾ ਹੈ ਤਾਂ ਕਿ ਬਿਹਾਰ ਵਿੱਚ ਇਸ ਮੁੱਦੇ ਨੂੰ ਵਰਤ ਕੇ ਵੋਟਾਂ ਲਈਆਂ ਜਾਣ। ਹੁਣ ਸੱਚਾਈ ਕੀ ਹੈ, ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ।
ਬਿਊਰੋ
Editorial
ਪ੍ਰਦੂਸ਼ਨ ਵਿੱਚ ਹੁੰਦੇ ਲਗਾਤਾਰ ਵਾਧੇ ਤੇ ਕਾਬੂ ਕਰਨ ਲਈ ਯੋਜਨਾਬੱਧ ਕਾਰਵਾਈ ਦੀ ਲੋੜ
ਕੋਈ ਸਮਾਂ ਹੁੰਦਾ ਸੀ ਜਦੋਂ ਸਾਡੇ ਸ਼ਹਿਰ ਨੂੰ ਸਿਰਫ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਸਭ ਤੋਂ ਵੱਧ ਸਾਫ ਸੁਥਰੇ ਵਾਤਾਵਰਨ ਵਾਲੇ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਸੀ ਅਤੇ ਢਾਈ ਤਿੰਨ ਦਹਾਕੇ ਪਹਿਲਾਂ ਦੀ ਗੱਲ ਕਰੀਏ ਤਾਂ ਉਸ ਵੇਲੇ ਸਾਡੇ ਸ਼ਹਿਰ ਵਿੱਚ ਹਰ ਪਾਸੇ ਛਾਈ ਹਰਿਆਲੀ, ਸਾਫ ਸੁਥਰੀ ਹਵਾ ਅਤੇ ਸਾਫ ਪਾਣੀ ਕਾਰਨ ਹਰ ਵਿਅਕਤੀ ਇੱਥੇ ਆਪਣਾ ਪੱਕਾ ਟਿਕਾਣਾ ਕਰਨ ਦਾ ਚਾਹਵਾਨ ਹੁੰਦਾ ਸੀ। ਉਸ ਵੇਲੇ ਦੁਨੀਆ ਦੇ ਹਰ ਕੋਨੇ ਵਿੱਚ ਵਸੇ ਪੰਜਾਬੀ ਸਾਡੇ ਸ਼ਹਿਰ ਵਿੱਚ ਆਪਣਾ ਇੱਕ ਅਦਦ ਘਰ ਬਣਾਉਣ ਦਾ ਸੁਫਨਾ ਵੇਖਿਆ ਕਰਦੇ ਸੀ ਤਾਂ ਜੋ ਉਹ ਜਦੋਂ ਵੀ ਪੰਜਾਬ ਆਉਣ, ਇੱਥੋਂ ਦੇ ਸਾਫ ਸੁਥਰੇ ਵਾਤਾਵਰਨ ਦਾ ਲਾਹਾ ਲੈ ਸਕਣ।
ਪਰੰਤੂ ਸਮੇਂ ਦੇ ਨਾਲ ਨਾਲ ਵਿਕਾਸ ਦੀ ਦੌੜ ਵਿੱਚ ਉਲਝਿਆ ਸਾਡਾ ਸ਼ਹਿਰ ਹੁਣ ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਚੁੱਕਿਆ ਹੈ ਅਤੇ ਇਸ ਨਾਲ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸ਼ਹਿਰ ਦੇ ਵਿਕਾਸ ਦੇ ਨਾਮ ਤੇ ਚਲੀ ਇਸ ਅੰਨ੍ਹੀ ਦੌੜ ਦੀ ਸਾਡੇ ਸ਼ਹਿਰ ਨੇ ਕਿੰਨੀ ਭਾਰੀ ਕੀਮਤ ਅਦਾ ਕੀਤੀ ਹੈ। ਪਿਛਲੇ ਸਮੇਂ ਦੌਰਾਨ ਸਾਡੇ ਸ਼ਹਿਰ ਦੇ ਵਾਤਾਵਰਣ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧਦਾ ਰਿਹਾ ਹੈ ਅਤੇ ਪ੍ਰਦੂਸ਼ਨ ਦਾ ਇਹ ਜ਼ਹਿਰ ਹੌਲੀ-ਹੌਲੀ ਸ਼ਹਿਰ ਵਾਸੀਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਆ ਰਿਹਾ ਹੈ। ਸ਼ਹਿਰ ਵਿੱਚ ਸਫਾਈ ਦਾ ਕੰਮ ਕਰਨ ਵਾਲੇ ਵਿਅਕਤੀਆਂ ਵਲੋਂ ਕੂੜੇ ਦੇ ਢੇਰਾਂ ਨੂੰ ਅੱਗ ਲਗਾਉਣ ਦੀ ਕਾਰਵਾਈ ਹੋਵੇ ਜਾਂ ਸ਼ਹਿਰ ਵਿੱਚ ਚਲਦੇ ਵਾਹਨਾਂ ਅਤੇ ਇੱਥੇ ਲੱਗੀਆਂ ਫੈਕਟ੍ਰੀਆਂ ਦੀਆਂ ਚਿਮਨੀਆਂ ਵਿੱਚੋਂ ਨਿਕਲਣ ਵਾਲਾ ਧੂੰਆਂ, ਇਹ ਸਾਰੇ ਮਿਲ ਕੇ ਸ਼ਹਿਰ ਦੇ ਵਾਤਾਵਰਣ ਵਿੱਚ ਜਿਹੜਾ ਜ਼ਹਿਰ ਘੋਲਦੇ ਹਨ ਉਸਦਾ ਸਿੱਧਾ ਅਸਰ ਆਮ ਲੋਕਾਂ ਦੀ ਸਿਹਤ ਤੇ ਹੀ ਹੁੰਦਾ ਹੈ। ਸਾਡੇ ਸ਼ਹਿਰ ਦੇ ਉਦਯੋਗਿਕ ਖੇਤਰ ਵਿੱਚ ਸਥਿਤ ਕੁੱਝ ਵੱਡੀਆਂ ਕੰਪਨੀਆਂ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦੇ ਵਾਤਾਵਰਨ ਵਿੱਚ ਆਪਣਾ ਜ਼ਹਿਰੀਲਾ ਧੂਆਂ ਛੱਡਦੀਆਂ ਆ ਰਹੀਆਂ ਹਨ ਅਤੇ ਇਹਨਾਂ ਫੈਕਟ੍ਰੀਆਂ ਦੀ ਇਹ ਕਾਰਵਾਈ ਸ਼ਹਿਰ ਅਤੇ ਇਸਦੇ ਆਸਪਾਸ ਦੇ ਲੰਮੇ ਚੌੜੇ ਖੇਤਰ ਦੇ ਵਾਤਾਵਰਣ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰਦੀ ਹੈ।
ਸ਼ਹਿਰ ਦੇ ਵਾਤਾਵਰਣ ਦੇ ਲਗਾਤਾਰ ਗੰਧਲੇ ਹੋਣ ਦਾ ਹੀ ਅਸਰ ਹੈ ਕਿ ਸ਼ਹਿਰ ਦੇ ਵੱਖ ਵੱਖ ਹਸਪਤਾਲਾਂ ਵਿੱਚ ਮਰੀਜਾਂ ਦੀ ਗਿਣਤੀ ਲਗਾਤਾਰ ਵੱਧਦੀ ਰਹੀ ਹੈ। ਇਸ ਵੇਲੇ ਹਾਲਾਤ ਇਹ ਹਨ ਕਿ ਸ਼ਹਿਰ ਦੇ ਵਸਨੀਕ ਵਾਤਾਵਰਣ ਵਿੱਚ ਲਗਾਤਾਰ ਵੱਧਦੇ ਜਾ ਰਹੇ ਇਸ ਪ੍ਰਦੂਸ਼ਨ ਦੇ ਜ਼ਹਿਰ ਦੇ ਸ਼ਿਕਾਰ ਹੋ ਰਹੇ ਹਨ ਅਤੇ ਸ਼ਹਿਰ ਵਿੱਚ ਸਾਹ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਤ੍ਰਾਸਦੀ ਇਹ ਹੈ ਕਿ ਇਸ ਸਭ ਦੇ ਬਾਵਜੂਦ ਸੂਬੇ ਦੇ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਵਾਤਾਵਰਣ ਦੇ ਗੰਧਲਾ ਹੋਣ ਤੇ ਕਾਬੂ ਕਰਨ ਅਤੇ ਇਸ ਵਿੱਚ ਸੁਧਾਰ ਕਰਨ ਲਈ ਸਿਵਾਏ ਕਾਗਜ਼ੀ ਕਾਰਵਾਈ ਦੇ ਕੁੱਝ ਵੀ ਨਹੀਂ ਕੀਤਾ ਜਾਂਦਾ ਅਤੇ ਸ਼ਹਿਰ ਦੇ ਵਾਤਾਵਰਣ ਵਿੱਚ ਪ੍ਰਦੂਸ਼ਣ ਦੇ ਲਗਾਤਾਰ ਵੱਧਦੇ ਪੱਧਰ ਤੇ ਕਾਬੂ ਕਰਨ ਵਿੱਚ ਇਹ ਵਿਭਾਗ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ।
ਵਾਤਾਵਰਨ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਨ ਦੇ ਇਸ ਪੱਧਰ ਤੇ ਕਾਬੂ ਕਰਨ ਲਈ ਜ਼ਰੂਰੀ ਹੈ ਕਿ ਸ਼ਹਿਰਵਾਸੀ ਇਸ ਵਾਸਤੇ ਨਾ ਸਿਰਫ ਖੁਦ ਲਾਮਬੰਦ ਹੋਣ ਬਲਕਿ ਇਕੱਠੇ ਹੋ ਕੇ ਸਰਕਾਰ ਨੂੰ ਮਜ਼ਬੂਰ ਕਰਨ ਕਿ ਉਹ ਸ਼ਹਿਰ ਦੇ ਬੁਰੀ ਤਰ੍ਹਾਂ ਗੰਧਲੇ ਹੁੰਦੇ ਜਾ ਰਹੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਏ। ਇਸ ਸੰਬੰਧੀ ਵਾਤਾਵਰਣ ਦੀ ਸਾਂਭ ਸੰਭਾਲ ਦਾ ਕੰਮ ਕਰਨ ਵਾਲੀਆਂ ਸੰਸਥਾਵਾਂ ਵਲੋਂ ਸਮੇਂ ਸਮੇਂ ਤੇ ਸ਼ਹਿਰ ਦੇ ਵਾਤਾਵਰਣ ਵਿੱਚ ਘੁਲਦੇ ਜਾ ਰਹੇ ਜਹਿਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਸ਼ਹਿਰ ਨੂੰ ਹਰਾ ਭਰਾ ਅਤੇ ਸਾਫ ਸੁਥਰਾ ਰੱਖਣ ਲਈ ਆਪਣਾ ਬਣਦਾ ਯੋਗਦਾਨ ਵੀ ਪਾਇਆ ਜਾਂਦਾ ਹੈ ਪਰੰਤੂ ਪ੍ਰਦੂਸ਼ਣ ਦੇ ਵੱਧਦੇ ਪੱਧਰ ਨੂੰ ਮੁੱਖ ਰੱਖਦਿਆਂ ਸਮੁੱਚੇ ਸ਼ਹਿਰ ਵਾਸੀਆਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ।
ਇਹ ਬਹੁਤ ਹੀ ਗੰਭੀਰ ਸਮੱਸਿਆ ਹੈ ਅਤੇ ਇਸ ਸਮੱਸਿਆ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸਰਕਾਰ ਵਲੋਂ ਇਸ ਸੰਬੰਧੀ ਇਮਾਨਦਾਰੀ ਨਾਲ ਕਦਮ ਚੁੱਕੇ ਜਾਣ। ਜੇਕਰ ਸਰਕਾਰ ਅਜਿਹਾ ਕਰੇ ਤਾਂ ਨਾ ਸਿਰਫ ਪ੍ਰਦੂਸ਼ਨ ਵਿੱਚ ਹੋਣ ਵਾਲੇ ਵਾਧੇ ਤੇ ਕਾਬੂ ਕੀਤਾ ਜਾ ਸਕਦਾ ਹੈ ਬਲਕਿ ਇਸਦਾ ਪੱਧਰ ਘੱਟ ਕਰਕੇ ਸਾਡੇ ਸ਼ਹਿਰ ਨੂੰ ਮੁੜ ਪ੍ਰਦੂਸ਼ਨ ਮੁਕਤ ਸ਼ਹਿਰਾਂ ਦੀ ਸੂਚੀ ਵਿੱਚ ਵੀ ਸ਼ਾਮਿਲ ਕਰਵਾਇਆ ਜਾ ਸਕਦਾ ਹੈ। ਇਸ ਲਈ ਹਵਾ ਦੇ ਪ੍ਰਦੂਸ਼ਨ ਤੇ ਕਾਬੂ ਕਰਨ ਲਈ ਜਨਤਕ ਥਾਵਾਂ ਤੇ ਜੱਥੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ। ਇਸ ਸੰਬੰਧੀ ਸ਼ਹਿਰਵਾਸੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਖੁਦ ਵੀ ਸ਼ਹਿਰ ਦੇ ਵਾਤਾਵਰਣ ਨੂੰ ਸੰਭਾਲਣ ਲਈ ਅੱਗੇ ਆਉਣ ਅਤੇ ਪ੍ਰਦੂਸ਼ਨ ਦੇ ਇਸ ਲਗਾਤਾਰ ਵੱਧਦੇ ਪੱਧਰ ਤੇ ਕਾਬੂ ਕਰਨ ਲਈ ਮਿਲ ਕੇ ਕੰਮ ਕਰਨ ਤਾਂ ਜੋ ਵਾਤਾਵਰਨ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।
Editorial
ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਸਿਆਸੀ ਗੱਠਜੋੜ ਨੇ ਸਿਆਸਤ ਵਿੱਚ ਬਣਾਏ ਨਵੇਂ ਸਮੀਕਰਨ
ਕੀ ਪਹਿਲਾਂ ਵਾਂਗ ਮਜ਼ਬੂਤ ਹੋ ਸਕੇਗਾ ਅਕਾਲੀ ਦਲ ਬਾਦਲ?
ਉਹੀ ਗੱਲ ਹੋਈ, ਜਿਸ ਦੀਆਂ ਕਿਆਸ- ਅਰਾਈਆਂ ਲਗਾਈਆਂ ਜਾ ਰਹੀਆਂ ਸਨ। ਪਿਛਲੇ ਦਿਨੀਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਪਣੀ ‘ਸਿਆਸੀ ਸਾਂਝ’ ਦਾ ਐਲਾਨ ਕਰ ਦਿੱਤਾ ਗਿਆ। ਜਿਵੇਂ ਹੀ ਦੋਵਾਂ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਅਕਾਲੀ-ਭਾਜਪਾਚੋਣ ਸਮਝੌਤੇ ਦਾ ਐਲਾਨ ਕੀਤਾ ਗਿਆ, ਉਵੇਂ ਹੀ ਪੰਜਾਬ ਦੀ ਸਿਆਸਤ ਦੇ ਸਮੀਕਰਨ ਵੀ ਬਦਲਣੇ ਸ਼ੁਰੂ ਹੋ ਗਏ। ਇਸ ਸਿਆਸੀ ਗੱਠਜੋੜ ਨੇ ਸਿਰਫ ਪੰਜਾਬ ਦੀ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਖੇਮਿਆ ਅੰਦਰ ਹੀ ਹਲਚਲ ਨਹੀਂ ਮਚਾਈ ਬਲਕਿ ਹੋਰਨਾਂ ਅਕਾਲੀ ਧੜਿਆਂ, ਕਾਂਗਰਸ ਅਤੇ ਬਸਪਾ ਨੂੰ ਵੀ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਰਣਨੀਤੀ ਬਾਰੇ ਮੁੜ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਭਾਜਪਾ ਅਤੇ ਅਕਾਲੀ ਦਲ ਬਾਦਲ ਦੇ ਵਿਚਾਲੇ ਹੋਏ ਸਿਆਸੀ ਗੱਠਜੋੜ ਬਾਰੇ ਕਈ ਕਿਸਮ ਦੇ ਸਵਾਲ ਉੱਠ ਰਹੇ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜੇ ਦਿੱਲੀ ਵਾਲਿਆਂ ਨੂੰ ਸੁਖਬੀਰ ਬਾਦਲ ਅਕਸਰ ਆਪਣੀਆਂ ਰੈਲੀਆਂ ਵਿੱਚ ਭੰਡਦੇ ਸਨ, ਕੀ ਉਹ ਹੀ ਦਿੱਲੀ ਵਾਲੇ ਹੁਣ ਦੁੱਧ ਧੋਤੇ ਹੋ ਗਏ ਹਨ? ਜੇ ਦਿੱਲੀ ਵਾਲਿਆਂ ਨਾਲ ਸਮਝੌਤਾ ਹੀ ਕਰਨਾ ਸੀ ਤਾਂ ਫੇਰ ਉਹਨਾਂ ਦਾ ਭੰਡੀਪ੍ਰਚਾਰ ਕਰਨ ਦੀ ਲੋੜ ਸੀ।
ਸਿਆਸੀ ਮਾਹਿਰ ਕਹਿ ਰਹੇ ਹਨ ਕਿ ਇਸ ਸਮੇਂ ਸਵਾਲ ਤਾਂ ਇਹ ਵੀ ਉੱਠ ਰਹੇ ਹਨ ਕਿ ਕੀ ਸੁਖਬੀਰ ਬਾਦਲ ਦੀ ਨਜ਼ਰ ਵਿੱਚ ਪ੍ਰਧਾਨ ਮੰਤਰੀ ਪੰਜਾਬੀ ਹਨ? ਕੀ ਭਾਰਤੀ ਜਨਤਾ ਪਾਰਟੀ ਦਿੱਲੀ ਦੀ ਪਾਰਟੀ ਨਹੀਂ ਹੈ? ਕੀ ਸਭ ਤੋਂ ਵੱਡਾ ਦਿੱਲੀ ਦੀ ਪਾਰਟੀ ਵਾਲਾ ਪ੍ਰਧਾਨ ਮੰਤਰੀ ਤੋਂ ਬਿਨਾਂ ਕੋਈ ਹੋਰ ਹੈ? ਦੋ ਸਾਲ ਪੰਜਾਬੀਆਂ ਨਾਲ ਲਗਾਤਾਰ ਪੰਜਾਬ ਨਾਲ ਧੱਕਾ ਹੋਣ ਦਾ ਰੋਣਾ ਰੋਣ ਵਾਲਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਨਾਲ ਚੋਣ ਗੱਠਜੋੜ ਕਰਨ ਵੇਲੇ ਇੱਕ ਵਾਰ ਵੀ ਨਹੀਂ ਸੋਚ ਸਕਿਆ ਕਿ ਪਿਛਲੇ ਦੋ ਸਾਲ ਤੋਂ ਅਕਾਲੀ ਆਗੂ ਜੋ ਬਿਆਨ ਦੇ ਰਹੇ ਸਨ, ਉਹੀ ਬਿਆਨ ਕਿਤੇ ਉਹਨਾਂ ਨੂੰ ਭਾਰੀ ਨਾ ਪੈ ਜਾਣ।
ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ 1996 ਤੋਂ ਲਗਾਤਾਰ ਇਕੱਠੇ ਚੋਣਾਂ ਲੜਦੇ ਰਹੇ। ਇਸੇ ਸਮੇਂ ਦੌਰਾਨ ਹੀ ਬੰਦੀ ਸਿੰਘ ਵੀ ਜੇਲ੍ਹਾਂ ਵਿੱਚ ਬੰਦ ਸਨ ਅਤੇ ਇਸੇ ਸਮੇਂ ਦੌਰਾਨ ਹੀ ਪੰਜਾਬ ਦੇ ਉੱਤੇ ਕਈ ਤਰ੍ਹਾਂ ਦੀਆਂ ਮੁਸੀਬਤਾਂ ਆਈਆਂ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੇ ਛੋਟੇ ਭਰਾ ਭਾਰਤੀ ਜਨਤਾ ਪਾਰਟੀ ਨੂੰ ਗੋਦੀ ਵਿੱਚ ਚੁੱਕ ਕੇ ਇਸ ਤਰ੍ਹਾਂ ਨਾਲ ਰੱਖਦਾ ਸੀ ਕਿ ਜੇਕਰ ਛੋਟਾ ਭਰਾ ਰੁਸ ਗਿਆ ਤਾਂ ਉਹਨਾਂ ਦੀ ਸਰਕਾਰ ਸ਼ਾਇਦ ਨਾ ਬਣੇ।
ਇਹ ਗੱਲ ਸੱਚ ਵੀ ਸੀ ਅਤੇ 2022 ਦੀਆਂ ਚੋਣਾਂ ਤੋਂ ਬਾਅਦ 2024 ਦੀਆਂ ਚੋਣਾਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜੋ ਦੁਰਦਸ਼ਾ ਹੋਈ ਸੀ, ਸੁਖਬੀਰ ਬਾਦਲ ਉਸਤੋਂ ਡਰ ਚੁੱਕੇ ਸਨ। ਅਕਾਲੀ ਦਲ ਬਾਦਲ ਤੋਂ ਵੱਖ ਹੋਇਆ ਪੁਨਰ ਸੁਰਜੀਤ ਧੜਾ ਵੀ ਕਈ ਮਹੀਨੇ ਤਕ ਭਾਰਤੀ ਜਨਤਾ ਪਾਰਟੀ ਨਾਲ ਸਮਝੌਤੇ ਦੀ ਕੋਸ਼ਿਸ਼ ਕਰਦਾ ਰਿਹਾ ਬੀਜੇਪੀ ਦੀ ਅੱਖ ਅਕਾਲੀ ਦਲਾਂ ਦੇ ਵਿੱਚੋਂ ਸਭਤੋਂ ਵੱਡੀ ਪਾਰਟੀ ਸਮਝੀ ਜਾਂਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲ ਸੀ। ਉਹਨਾਂ ਦਾ ਮਕਸਦ ਸ਼੍ਰੋਮਣੀ ਅਕਾਲੀ ਦਲ ਨੂੰ ਇੰਨਾ ਕੁ ਮਜਬੂਰ ਕਰਨਾ ਸੀ ਕਿ 23 ਸੀਟਾਂ ਤੋਂ 50 ਤੋਂ ਵੱਧ ਸੀਟਾਂ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਆ ਜਾਣ, ਅਤੇ ਭਾਰਤੀ ਜਨਤਾ ਪਾਰਟੀ ਇਸ ਵਿੱਚ ਕਾਮਯਾਬ ਰਹੀ। 94 ਸੀਟਾਂ ਤੇ ਚੋਣ ਲੜਣ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹੁਣ 60 ਤੋਂ 70 ਸੀਟਾਂ ਉੱਤੇ ਹੀ ਸਬਰ ਕਰਨਾ ਪਏਗਾ।
ਸਵਾਲ ਇਹ ਵੀ ਹੈ ਕਿ ਜਦੋਂ ਵੋਟਰਾਂ ਕੋਲ ਜਾਣ ਦਾ ਸਮਾਂ ਆਏਗਾ ਉਸ ਵੇਲੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਦਾਅਵੇ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਨਾਲ ਇਕੱਠੇ ਖਲੋ ਕੇ ਕਿਸਾਨਾਂ ਨੂੰ ਕੀ ਸੰਦੇਸ਼ ਦੇਵੇਗਾ? ਕੀ 700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਬੇਮਾਇਨਾ ਸੀ? ਕੀ ਕਿਸਾਨ ਅੰਦੋਲਨ ਦੇ ਨਾਂਅ ਤੇ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਤੋੜਨਾ ਇੱਕ ਵਕਤੀ ਚਾਲ ਸੀ ਕੀ ਪੰਜਾਬ ਦੇ ਵਾਸਤੇ ਜੋ ਮੰਗਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਚਾਹੁੰਦਾ ਸੀ, ਹਕੂਮਤ ਦੇ ਵਿੱਚ ਰਹਿੰਦਿਆਂ ਭਾਰਤੀ ਜਨਤਾ ਪਾਰਟੀ ਨੇ ਇੱਕ ਵੀ ਪੂਰੀ ਕੀਤੀ?
ਹੁਣ ਹੋ ਸਕਦਾ ਚੋਣਾਂ ਦੇ ਨੇੜੇ ਪ੍ਰਧਾਨ ਮੰਤਰੀ 8 ਦਸੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਦਾ ਐਲਾਣ ਵੀ ਕਰ ਦੇਣ ਪਰ ਕਿਸਾਨਾਂ ਦੀ ਸ਼ਹਾਦਤ ਦੇ ਨਾਲ ਨਾਲ ਨਸ਼ਾ, ਬੇਰੁਜ਼ਗਾਰੀ ਅਤੇ ਸਭ ਤੋਂ ਵੱਡਾ ਧਾਰਮਿਕ ਮਸਲਾ ਸ਼੍ਰੋਮਣੀ ਕਮੇਟੀ ਦੇ ਉੱਤੇ ਕਬਜ਼ਿਆਂ ਦੀ ਗੱਲ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਗੱਲ ਦਾ ਗਿਲਾ ਕਰਦਾ ਰਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ਼੍ਰੀ ਪਟਨਾ ਸਾਹਿਬ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਭਾਰਤੀ ਜਨਤਾ ਪਾਰਟੀ ਨੇ ਸਿੱਧੇ ਜਾਂ ਸਿੱਧੇ ਤੌਰ ਤੇ ਕਬਜ਼ਾ ਕਰ ਲਿਆ ਹੈ। ਹੁਣ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕਰਕੇ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੀ ਅਸਿੱਧੇ ਰੂਪ ਦੇ ਵਿੱਚ ਐਨ.ਡੀ.ਏ. ਦੇ ਹੱਥ ਨਹੀਂ ਫੜਾ ਦਿੱਤੀ ਗਈ? ਕੀ ਹਜ਼ੂਰ ਸਾਹਿਬ ਦੀ ਕਮੇਟੀ ,ਪਟਨਾ ਸਾਹਿਬ ਦੀ ਕਮੇਟੀ, ਦਿੱਲੀ ਦੀ ਕਮੇਟੀ ਅਤੇ ਹਰਿਆਣਾ ਕਮੇਟੀ ਦੇ ਬਾਰੇ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਬਦਲ ਗਿਆ ਹੈ।
2007 ਤੋਂ 2017 ਤੱਕ 10 ਸਾਲ ਪੰਜਾਬ ਵਿੱਚ ਇਹਨਾਂ ਦੋਵਾਂ ਪਾਰਟੀਆਂ ਦੀ ਸਰਕਾਰ ਰਹੀ। ਉਸ ਸਮੇਂ ਜਿਹੜਾ ਚਿੱਟੇ ਦਾ ਤੇ ਦੂਜਿਆਂ ਨਸ਼ਿਆਂ ਦਾ ਰੌਲਾ ਪਿਆ ਸੀ, ਕੀ ਉਹ ਖਤਮ ਹੋ ਜਾਵੇਗਾ, ਕੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰ ਸਕਣਗੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਹਿਲੀ ਨਜ਼ਰ ਵਿੱਚ ਇਹ ਜਰੂਰ ਲੱਗਦਾ ਹੈ ਕਿ ਇਸ ਸਮਝੌਤੇ ਨਾਲ ਅਕਾਲੀ ਦਲ ਕੁਝ ਸੀਟਾਂ ਜਿੱਤ ਸਕਦਾ ਹੈ ਪਰ ਭਾਰਤੀ ਜਨਤਾ ਪਾਰਟੀ ਇਸ ਸਮਝੌਤੇ ਵਿੱਚੋਂ ਕਾਫੀ ਜਿਆਦਾ ਖੱਟਣ ਦੇ ਵਿੱਚ ਕਾਮਯਾਬ ਹੋ ਜਾਵੇਗੀ ਅਤੇ ਜੇ ਸਰਕਾਰ ਬਣਦੀ ਹੈ ਬਹੁਤੇ ਐਮ. ਐਲ. ਏ. ਵਾਲਾ ਵੱਡਾ ਭਰਾ ਹੀ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ। ਜੇਕਰ ਭਾਜਪਾ ਦੇ ਵੱਧ ਵਿਧਾਇਕ ਹੋਏ ਤਾਂ ਕੀ ਅਕਾਲੀ ਦਲ ਛੋਟਾ ਭਰਾ ਨਹੀਂ ਬਣ ਜਾਵੇਗਾ? ਹੋ ਸਕਦਾ ਹੈ ਕਿ ਇੱਥੇ ਵਿਵਾਦ ਛਿੜਨ ਤੇ ਸੁਖਬੀਰ ਬਾਦਲ ਨੂੰ ਵੀ ਕੈਂਡੀਡੇਟ ਵਿਖਾ ਦੇਣ ਪਰ ਭਾਰਤੀ ਜਨਤਾ ਪਾਰਟੀ ਦੀ ਨੀਅਤ ਸਵਾਲਾਂ ਦੇ ਘੇਰੇ ਵਿੱਚ ਹੈ ਅਤੇ ਜਦ ਤੱਕ ਚੋਣਾਂ ਦੇ ਆਉਣ ਤੱਕ ਕੋਈ ਪਿਕਚਰ ਸਾਫ ਨਹੀਂ ਹੁੰਦੀ, ਇਹ ਨੀਅਤ ਸਵਾਲਾਂ ਦੇ ਵਿੱਚ ਰਹੇਗੀ।
ਸਿਆਸੀ ਮਾਹਿਰ ਕਹਿ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੀ ਕਮਜ਼ੋਰੀ ਮੰਨ ਲਈ ਹੈ ਤੇ ਇਹ ਪਾਰਟੀ 94 ਸੀਟਾਂ ਤੋਂ 60 ਜਾਂ 70 ਤੇ ਪਹੁੰਚ ਗਈ ਹੈ। 30 ਦੇ ਕਰੀਬ ਸੀਟਾਂ (ਜਿਹੜੀਆਂ ਅਕਾਲੀ ਦਲ ਵਲੋਂ ਪ੍ਰਕਾਸ਼ ਸਿੰਘ ਬਾਦਲ ਦੇ ਵੇਲੇ ਲੜੀਆਂ ਜਾਂਦੀਆਂ ਸਨ) ਉਹ ਸੀਟਾਂ ਸ਼੍ਰੋਮਣੀ ਅਕਾਲੀ ਬਾਦਲ ਨੇ ਭਾਰਤੀ ਜਨਤਾ ਪਾਰਟੀ ਦੀ ਝੋਲੀ ਪਾ ਕੇ ਆਪਣੀ ਕਮਜ਼ੋਰੀ ਮੰਨੀ ਹੈ। ਜੋ ਦਰਸਾਉਂਦਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਓਨਾ ਮਜ਼ਬੂਤ ਨਹੀਂ ਰਿਹਾ, ਜਿੰਨਾ 2017 ਤੋਂ ਪਹਿਲਾਂ ਸੀ।
ਇਸ ਸਮੇਂ ਹਰ ਪਾਸੇ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਗੱਠਜੋੜ ਦੀਆਂ ਗੱਲਾਂ ਹੋ ਰਹੀਆਂ ਹਨ, ਜਿਸ ਕਾਰਨ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਉੁਬਾਲ ਆ ਗਿਆ ਹੈ। ਹੁਣ ਇਹ ਗੱਠਜੋੜ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਿੰਨਾ ਕੁ ਕਾਮਯਾਬ ਰਹਿੰਦਾ ਹੈ, ਇਹ ਤਾਂ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਹੀ ਪਤਾ ਚੱਲੇਗਾ।
ਭਗਵੰਤ ਸਿੰਘ ਬੇਦੀ
Editorial
ਇਨਸਾਨੀ ਸਵਾਰਥ ਨੇ ਬੁਰੀ ਤਰ੍ਹਾਂ ਪਲੀਤ ਕਰ ਦਿੱਤਾ ਪਾਣੀ ਪੰਜ ਦਰਿਆਵਾਂ ਦਾ…….
ਕੋਣ ਲਵੇਗਾ ਪੰਜਾਬ ਦੇ ਪਲੀਤ ਹੋ ਚੁੱਕੇ ਪਾਣੀਆਂ ਦੀ ਸਾਰ
ਪੰਜਾਬ ਦੇ ਦਰਿਆਵਾਂ ਦੇ ਪਾਣੀ ਦੇ ਪਲੀਤ ਹੋਣ ਬਾਰੇ ਅਕਸਰ ਹੀ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸ ਸੰਬੰਧੀ ਹੁਣ ਨੰਗਲ ਨੇੜੇ ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ ਹਜ਼ਾਰਾਂ ਮਰੀਆਂ ਹੋਈਆਂ ਮੱਛੀਆਂ ਅਤੇ ਜੰਗਲੀ ਜਾਨਵਰਾਂ (ਜਿਨ੍ਹਾਂ ਵਿੱਚ ਇੱਕ ਨੀਲ ਗਾਂ ਅਤੇ ਇੱਕ ਅਜਗਰ ਵੀ ਸ਼ਾਮਲ ਹਨ) ਦੀ ਮੌਤ ਹੋਣ ਦੀ ਖ਼ਬਰ ਨੇ ਸਭ ਦਾ ਧਿਆਨ ਖਿੱਚਿਆ ਹੈ ਅਤੇ ਇਸਦੇ ਨਾਲ ਹੀ ਦਰਿਆਵਾਂ ਵਿੱਚ ਫੈਲੇ ਪ੍ਰਦੂਸ਼ਨ ਦਾ ਮਾਮਲਾ ਵੀ ਮੁੜ ਸੁਰਖ਼ੀਆਂ ਵਿੱਚ ਆ ਗਿਆ ਹੈ।
ਇਸ ਨਹਿਰ ਵਿੱਚ ਮੱਛੀਆਂ ਕਿਉਂ ਅਤੇ ਕਿਵੇਂ ਮਰੀਆਂ, ਇਹ ਪਤਾ ਲਗਾਉਣਾ ਅਜੇ ਬਾਕੀ ਹੈ। ਇਸ ਵਾਸਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪਸ਼ੂ ਪਾਲਣ ਵਿਭਾਗ ਨੇ ਪਾਣੀ ਦੇ ਨਮੂਨੇ ਇਕੱਠੇ ਕੀਤੇ ਹਨ ਅਤੇ ਮ੍ਰਿਤਕ ਜੀਵਾਂ ਨੂੰ ਪੋਸਟਮਾਰਟਮ ਲਈ ਭੇਜਿਆ ਵੀ ਹੈ, ਪਰ ਇਸ ਦਾ ਵੱਡਾ ਕਾਰਨ ਦਰਿਆਵੀ ਪਾਣੀਆਂ ਵਿੱਚ ਘੁਲ ਰਿਹਾ ਪ੍ਰਦੂਸ਼ਨ ਅਤੇ ਉਦਯੋਗਾਂ ਦੇ ਜ਼ਹਿਰੀਲੇ ਘੁਲਣਸ਼ੀਲ ਤੱਤ ਵੀ ਮੰਨੇ ਜਾ ਸਕਦੇ ਹਨ। ਇਹ ਨਹਿਰ ਕੀਰਤਪੁਰ ਸਾਹਿਬ ਵੱਲ ਪਾਣੀ ਲੈ ਕੇ ਜਾਂਦੀ ਹੈ, ਜਿੱਥੇ ਇਹ ਸਤਲੁਜ ਦਰਿਆ ਵਿੱਚ ਮਿਲਣ ਤੋਂ ਪਹਿਲਾਂ ਲੋਹੰਡ ਖੱਡ ਵਿੱਚ ਦਾਖ਼ਲ ਹੁੰਦੀ ਹੈ। ਖ਼ਦਸ਼ਾ ਹੈ ਕਿ ਪਾਣੀ ਵਿਚਲੇ ਇਹ ਜ਼ਹਿਰੀਲੇ ਤੱਤ ਅੱਗੇ ਵਹਿ ਕੇ ਹੇਠਲੇ ਇਲਾਕਿਆਂ ਤੱਕ ਵੀ ਪਹੁੰਚ ਸਕਦੇ ਹਨ।
ਪੰਜਾਬ ਦੇ ਜਿਹੜੇ ਦਰਿਆਵਾਂ ਦਾ ਪਾਣੀ ਅੰਮ੍ਰਿਤ ਵਰਗਾ ਸਮਝਿਆ ਜਾਂਦਾ ਸੀ, ਉਹ ਪਾਣੀ ਹੁਣ ਇਸ ਕਦਰ ਪਲੀਤ ਹੋ ਚੁੱਕਿਆ ਹੈ ਕਿ ਇਹ ਕੈਂਸਰ ਦੀ ਬਿਮਾਰੀ ਵੰਡ ਰਿਹਾ ਹੈ। ਇੱਥੋਂ ਤੱਕ ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਵੀ ਪ੍ਰਦੂਸ਼ਿਤ ਹੋ ਚੁੱਕਿਆ ਹੈ। ਇਹ ਕਿਸੇ ਲੇਖਕ ਦੀ ਕਲਪਨਾ ਨਹੀਂ ਸਗੋਂ ਪੰਜਾਬ ਦੇ ਪਾਣੀਆਂ ਸਬੰਧੀ ਪਿਛਲੇ ਸਮੇਂ ਦੌਰਾਨ ਆਈਆਂ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ।
ਪੰਜਾਬ ਵਿੱਚ ਇਸ ਸਮੇਂ ਸਿਰਫ਼ ਦੋ ਮੁੱਖ ਦਰਿਆ ਸਤਲੁਜ ਅਤੇ ਬਿਆਸ ਹਨ। ਰਾਵੀ ਦਾ ਕੁਝ ਹਿੱਸਾ ਹੀ ਪੰਜਾਬ ਵਿੱਚ ਹੈ। ਇਸ ਤੋਂ ਇਲਾਵਾ ਘੱਗਰ ਦਰਿਆ, ਬੁੱਢਾ ਦਰਿਆ ਤੇ ਹੋਰ ਛੋਟੇ ਦਰਿਆ ਅਸਲ ਵਿੱਚ ਛੋਟੀਆਂ ਜਲ ਧਾਰਾਵਾਂ ਹਨ। ਪੰਜਾਬ ਦੇ ਇਹਨਾਂ ਦਰਿਆਵਾਂ ਤੇ ਜਲ ਧਾਰਾਵਾਂ ਵਿੱਚ ਬਹੁਤ ਜਿਆਦਾ ਪ੍ਰਦੂਸ਼ਣ ਫ਼ੈਲ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ਦੇ ਉਦਯੋਗਾਂ ਅਤੇ ਦਵਾਈਆਂ ਦੀਆਂ ਫ਼ੈਕਟਰੀਆਂ ਦਾ ਪ੍ਰਦੂਸ਼ਿਤ ਪਾਣੀ ਵੀ ਪੰਜਾਬ ਦੇ ਦਰਿਆਵਾਂ ਵਿੱਚ ਆ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਅਨੇਕਾਂ ਸ਼ਹਿਰਾਂ ਦੇ ਉਦਯੋਗਾਂ, ਡਾਈਆਂ ਅਤੇ ਫ਼ੈਕਟਰੀਆਂ ਦਾ ਪ੍ਰਦੂਸ਼ਿਤ ਪਾਣੀ ਵੀ ਪੰਜਾਬ ਦੇ ਦਰਿਆਵਾਂ ਵਿੱਚ ਰਲ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਦਰਿਆ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਗਏ ਹਨ।
ਪੰਜਾਬ ਦੇ ਸ਼ਹਿਰਾਂ ਦਾ ਸੀਵਰੇਜ ਵੀ ਦਰਿਆਵਾਂ ਵਿੱਚ ਹੀ ਪਾਇਆ ਜਾਂਦਾ ਹੈ, ਜਿਸ ਕਾਰਨ ਦਰਿਆਵਾਂ ਦਾ ਪਾਣੀ ਹੋਰ ਪ੍ਰਦੂਸ਼ਿਤ ਹੋ ਜਾਂਦਾ ਹੈ। ਕਈ ਇਲਾਕਿਆਂ ਵਿੱਚ ਦਰਿਆਵਾਂ ਦਾ ਪਾਣੀ ਪੀਣ ਲਈ ਵੀ ਵਰਤਿਆ ਜਾਂਦਾ ਹੈ, ਜਿਸ ਕਾਰਨ ਇਹ ਦੂਸ਼ਿਤ ਪਾਣੀ ਪੀਣ ਵਾਲੇ ਲੋਕ ਵੀ ਬਿਮਾਰ ਹੋ ਸਕਦੇ ਹਨ। ਮਹਾਨਗਰ ਲੁਧਿਆਣਾ ਦੇ ਪੂਰਬੀ ਖੇਤਰ ਤੋਂ ਸ਼ੁਰੂ ਹੋ ਕੇ ਪੂਰੇ ਸ਼ਹਿਰ ਵਿਚੋਂ ਲੰਘਣ ਵਾਲਾ ਬੁੱਢਾ ਦਰਿਆ ਖ਼ਤਰਨਾਕ ਤੋਂ ਵੀ ਵੱਧ ਪੱਧਰ ਤੇ ਦੂਸ਼ਿਤ ਹੋ ਚੁੱਕਾ ਹੈ। ਕੂਮ ਕਲਾਂ ਤੋਂ ਸ਼ੁਰੂ ਹੋ ਕੇ ਸਤਲੁਜ ਦਰਿਆ ਵਿੱਚ ਜਾ ਰਲਣ ਤੱਕ ਉਦਯੋਗਿਕ ਇਕਾਈਆਂ ਅਤੇ ਡੇਅਰੀਆਂ ਵਿਚੋਂ ਨਿਕਲਣ ਵਾਲੇ ਜ਼ਹਿਰੀਲੇ ਪਾਣੀ ਨੇ ਬੁੱਢੇ ਦਰਿਆ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਦੂਸ਼ਿਤ ਕਰ ਦਿੱਤਾ ਹੈ। ਪੁਰਾਣੇ ਸਮੇਂ ਸਾਫ਼ ਪਾਣੀ ਦੇ ਇਸ ਸੋਮੇ ਵਿੱਚ ਚੋਰੀ-ਛੁੱਪੇ ਸੁੱਟੇ ਜਾਂਦੇ ਡਾਇੰਗਾਂ, ਇਲੈਕਟਰੋ ਪਲੇਟਿੰਗ ਇਕਾਈਆਂ ਦੇ ਖ਼ਤਰਨਾਕ ਕੈਮੀਕਲਾਂ ਅਤੇ ਡੇਅਰੀਆਂ ਵਿਚੋਂ ਨਿਕਲਣ ਵਾਲੇ ਮਲ ਮੂਤਰ ਨੇ ਬੁੱਢੇ ਦਰਿਆ ਨੂੰ ਗੰਦਾ ਨਾਲਾ ਬਣਾ ਦਿੱਤਾ।
ਇਨਸਾਨੀ ਸਵਾਰਥ ਦੀ ਭੇਟ ਚੜ੍ਹੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਅੱਜ ਇਸ ਕਦਰ ਦੂਸ਼ਿਤ ਹੋ ਚੁੱਕਾ ਹੈ ਕਿ ਆਪਣੇ ਰਾਹ ਵਿੱਚ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਹੀ ਨਹੀਂ ਸਗੋਂ ਹੋਰ ਜ਼ਿਲ੍ਹਿਆਂ ਦੇ ਵਸਨੀਕਾਂ ਨੂੰ ਵੀ ਜਾਨਲੇਵਾ ਬਿਮਾਰੀਆਂ ਵੰਡ ਰਿਹਾ ਹੈ। ਅਸਲ ਵਿੱਚ ਪੰਜਾਬ ਵਿੱਚ ਜਿੰਨੇ ਵੀ ਦਰਿਆ ਜਾਂ ਜਲ ਧਾਰਾਵਾਂ ਅਤੇ ਜਲ ਸੋਮੇ ਹਨ, ਉਹ ਬੁਰੀ ਤਰ੍ਹਾਂ ਪਲੀਤ ਹੋ ਚੁੱਕੇ ਹਨ, ਜਿਨ੍ਹਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ।
ਪੰਜਾਬ ਦੇ ਪਾਣੀਆਂ ਦੇ ਪਲੀਤ ਹੋਣ ਦੇ ਕਾਰਨਾਂ ਦੀ ਜਾਂਚ ਜੇ ਡੂੰਘਾਈ ਨਾਲ ਕੀਤੀ ਜਾਵੇ ਤਾਂ ਇਸ ਦੇ ਤਾਰ ਹਰੀ ਕ੍ਰਾਂਤੀ ਨਾਲ ਜਾ ਜੁੜਦੇ ਹਨ। ਪੰਜਾਬ ਵਿੱਚ ਹਰੀ ਕ੍ਰਾਂਤੀ ਲਿਆਉਣ ਲਈ ਅੰਨ੍ਹੇਵਾਹ ਰਸਾਇਣਿਕ ਖਾਂਦਾ ਅਤੇ ਫ਼ਸਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਕੀੜੇਮਾਰ ਦਵਾਈਆਂ ਤੇ ਜ਼ਹਿਰਾਂ ਦੀ ਵਰਤੋਂ ਕਾਰਨ ਇਸ ਦਾ ਅਸਰ ਪੰਜਾਬ ਦੇ ਦਰਿਆਈ ਪਾਣੀਆਂ ਅਤੇ ਧਰਤੀ ਹੇਠਲੇ ਪਾਣੀ ਤੱਕ ਵੀ ਪਹੁੰਚ ਗਿਆ, ਜਿਸ ਕਾਰਨ ਪੰਜਾਬ ਦਾ ਸਾਰਾ ਪਾਣੀ ਹੀ ਪਲੀਤ ਹੋ ਗਿਆ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਪਲੀਤ ਹੋ ਚੁੱਕੇ ਪਾਣੀਆਂ ਦੀ ਸਾਰ ਕੌਣ ਲਊ? ਪੰਜਾਬ ਦੇ ਦਰਿਆਈ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ, ਇਸ ਦੀ ਸੰਭਾਲ ਕਰਨ, ਇਸ ਨੂੰ ਪ੍ਰਦੂਸ਼ਣ ਮੁਕਤ ਅਤੇ ਜ਼ਹਿਰਾਂ ਮੁਕਤ ਕਰਨ ਲਈ ਪੰਜਾਬ ਸਰਕਾਰ ਨੂੰ ਠੋਸ ਉਪਰਾਲੇ ਕਰਨ ਦੀ ਲੋੜ ਹੈ।
ਬਿਊਰੋ
-
International1 month agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International1 month ago
ਮਿਲਟਰੀ ਬੇਸ ਤੇ ਅੱਗ ਲੱਗਣ ਕਾਰਨ 4 ਫ਼ੌਜੀ ਜਵਾਨ ਸ਼ਹੀਦ, 39 ਜ਼ਖਮੀ
-
International2 months agoਖੱਡ ਵਿੱਚ ਡਿੱਗੀ ਸਕੂਲ ਬੱਸ, ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International1 month agoਸਕੂਲ ਦੀ ਛੱਤ ਡਿੱਗਣ ਕਾਰਨ 28 ਵਿਦਿਆਰਥੀਆਂ ਅਤੇ 1 ਅਧਿਆਪਕਾ ਦੀ ਮੌਤ, ਕਈ ਜ਼ਖ਼ਮੀ
-
Chandigarh1 month ago
ਪਰਵਿੰਦਰ ਝੋਟਾ ਕਤਲ ਮਾਮਲੇ ਵਿੱਚ ਹੋਈ ਪਹਿਲੀ ਗ੍ਰਿਫਤਾਰੀ
-
International2 months agoਪਨਾਮਾ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਕਈ ਇਮਾਰਤਾਂ ਢਹਿ ਢੇਰੀ
-
International1 month agoਸਾਊਦੀ ਅਰਬ ਵਿੱਚ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਹਮਲਾ, 1 ਵਿਅਕਤੀ ਦੀ ਮੌਤ, 8 ਗੰਭੀਰ ਜ਼ਖਮੀ
