National
ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਦੀ ਪ੍ਰੈਸ ਕਾਨਫਰੰਸ ਵਿੱਚ ਮਹਿਲਾ ਪੱਤਰਕਾਰਾਂ ਨੂੰ ਦਾਖਲੇ ਤੋਂ ਇਨਕਾਰ ਕਰਨ ਤੇ ਵਿਵਾਦ
ਚੰਡੀਗੜ੍ਹ, 11 ਅਕਤੂਬਰ (ਸ.ਬ.) ਨਵੀਂ ਦਿੱਲੀ ਵਿੱਚ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤੱਕੀ ਦੀ ਪ੍ਰੈਸ ਕਾਨਫਰੰਸ ਵਿੱਚ ਮਹਿਲਾ ਪੱਤਰਕਾਰਾਂ ਨੂੰ ਦਾਖਲੇ ਤੋਂ ਇਨਕਾਰ ਕਰਨ ਤੇ ਵਿਵਾਦ ਖੜ੍ਹਾ ਹੋ ਗਿਆ। ਤਾਲਿਬਾਨ ਅਧਿਕਾਰੀਆਂ ਦੁਆਰਾ ਤਿਆਰ ਕੀਤੀ ਗਈ ਸੂਚੀ ਵਿੱਚ ਕੋਈ ਵੀ ਮਹਿਲਾ ਪੱਤਰਕਾਰ ਸ਼ਾਮਲ ਨਹੀਂ ਸੀ। ਤ੍ਰਿਣਮੂਲ ਸੰਸਦ ਮੈਂਬਰ ਮਹੂਆ ਮੋਇਤਰਾ ਅਤੇ ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਇਸ ਫ਼ੈਸਲੇ ਤੇ ਸਖ਼ਤ ਇਤਰਾਜ਼ ਜਤਾਇਆ।
ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਸਵਾਲ ਕੀਤਾ ਕਿ ਭਾਰਤ ਵਰਗੇ ਲੋਕਤੰਤਰੀ ਦੇਸ਼ ਵਿੱਚ ਤਾਲਿਬਾਨ ਨੂੰ ਅਜਿਹੀ ਇਜਾਜ਼ਤ ਕਿਵੇਂ ਦਿੱਤੀ ਗਈ। ਚਿਦੰਬਰਮ ਨੇ ਕਿਹਾ ਕਿ ਪੁਰਸ਼ ਪੱਤਰਕਾਰਾਂ ਨੂੰ ਵਾਕਆਊਟ ਕਰ ਦੇਣਾ ਚਾਹੀਦਾ ਸੀ। ਇਸ ਘਟਨਾ ਨੇ ਤਾਲਿਬਾਨ ਦੀਆਂ ਮਹਿਲਾ ਵਿਰੋਧੀ ਨੀਤੀਆਂ ਅਤੇ ਭਾਰਤ ਦੀ ਕੂਟਨੀਤਕ ਨੀਤੀ ਬਾਰੇ ਨਵੇਂ ਸਵਾਲ ਖੜ੍ਹੇ ਕੀਤੇ ਹਨ।
ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਸਖ਼ਤ ਆਲੋਚਨਾ ਕੀਤੀ ਹੈ।
ਨਵੀਂ ਦਿੱਲੀ ਸਥਿਤ ਅਫਗਾਨ ਦੂਤਾਵਾਸ ਵਿੱਚ ਅਫਗਾਨ ਵਿਦੇਸ਼ ਮੰਤਰੀ ਅਮੀਰ ਖਾਨ ਮੁਤੱਕੀ ਵੱਲੋਂ ਕਰਵਾਈ ਗਈ ਪ੍ਰੈਸ ਕਾਨਫਰੰਸ ਵਿੱਚ ਮਹਿਲਾ ਪੱਤਰਕਾਰਾਂ ਨੂੰ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ, ਜਦੋਂ ਉਨ੍ਹਾਂ ਨੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਕਈ ਮੁੱਦਿਆਂ ਤੇ ਚਰਚਾ ਕੀਤੀ।
ਸੂਤਰਾਂ ਅਨੁਸਾਰ ਇਸ ਮੀਡੀਆ ਗੱਲਬਾਤ ਲਈ ਪੱਤਰਕਾਰਾਂ ਨੂੰ ਸੱਦਾ ਦੇਣ ਦਾ ਫ਼ੈਸਲਾ ਵਿਦੇਸ਼ ਮੰਤਰੀ ਦੇ ਨਾਲ ਆਏ ਤਾਲਿਬਾਨ ਅਧਿਕਾਰੀਆਂ ਨੇ ਲਿਆ ਸੀ। ਮਾਮਲੇ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਭਾਰਤੀ ਪੱਖ ਨੇ ਸੁਝਾਅ ਦਿੱਤਾ ਸੀ ਕਿ ਮਹਿਲਾ ਪੱਤਰਕਾਰਾਂ ਨੂੰ ਵੀ ਇਸ ਸਮਾਗਮ ਵਿੱਚ ਸੱਦਾ ਦਿੱਤਾ ਜਾਣਾ ਚਾਹੀਦਾ ਹੈ ਪਰ ਅਜਿਹਾ ਨਹੀਂ ਹੋਇਆ।
ਕਾਬੁਲ ਵਿੱਚ ਤਾਲਿਬਾਨ ਸ਼ਾਸਨ ਨੂੰ ਔਰਤਾਂ ਦੇ ਅਧਿਕਾਰਾਂ ਨੂੰ ਸੀਮਤ ਕਰਨ ਲਈ ਸੰਯੁਕਤ ਰਾਸ਼ਟਰ ਸਣੇ ਕਈ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਵੱਲੋਂ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਮੁਤੱਕੀ ਨੇ ਔਰਤਾਂ ਦੀ ਸਥਿਤੀ ਬਾਰੇ ਸਿੱਧੇ ਸਵਾਲ ਤੋਂ ਬਚਦਿਆਂ ਕਿਹਾ ਕਿ ਹਰ ਦੇਸ਼ ਦੇ ਆਪਣੇ ਰੀਤੀ-ਰਿਵਾਜ, ਕਾਨੂੰਨ ਅਤੇ ਸਿਧਾਂਤ ਹੁੰਦੇ ਹਨ, ਜਿਨ੍ਹਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।
ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਇਸ ਘਟਨਾ ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਭਾਰਤ ਵਰਗੇ ਲੋਕਤੰਤਰੀ ਦੇਸ਼ ਲਈ ਸ਼ਰਮਨਾਕ ਹੈ ਕਿ ਮਹਿਲਾ ਪੱਤਰਕਾਰਾਂ ਨੂੰ ਤਾਲਿਬਾਨ ਦੇ ਪ੍ਰਤੀਨਿਧੀਆਂ ਦੁਆਰਾ ਸ਼ਾਮਲ ਪ੍ਰੈਸ ਕਾਨਫਰੰਸ ਤੋਂ ਬਾਹਰ ਰੱਖਿਆ ਗਿਆ।
ਐਕਸ ਤੇ ਇੱਕ ਪੋਸਟ ਵਿੱਚ ਮਹੂਆ ਮੋਇਤਰਾ ਨੇ ਭਾਰਤ ਸਰਕਾਰ ਦੇ ਆਪਣੀ ਧਰਤੀ ਤੇ ਇੱਕ ਲਿੰਗ-ਵਿਸ਼ੇਸ਼ ਸਮਾਗਮ ਦੀ ਆਗਿਆ ਦੇਣ ਦੇ ਫ਼ੈਸਲੇ ਤੇ ਸਵਾਲ ਚੁੱਕੇ ਹਨ, ਜਦੋਂ ਕਿ ਤਾਲਿਬਾਨ ਦੇ ਇੱਕ ਪ੍ਰਤੀਨਿਧੀ ਨੂੰ ਅਧਿਕਾਰਤ ਪ੍ਰੋਟੋਕੋਲ ਦਿੱਤਾ ਗਿਆ ਹੈ, ਇੱਕ ਅਜਿਹਾ ਸ਼ਾਸਨ ਜੋ ਮਹਿਲਾਵਾਂ ਖ਼ਿਲਾਫ਼ ਆਪਣੀਆਂ ਦਮਨਕਾਰੀ ਨੀਤੀਆਂ ਲਈ ਜਾਣਿਆ ਜਾਂਦਾ ਹੈ।
ਉਨ੍ਹਾਂ ਲਿਖਿਆ, ਸਰਕਾਰ ਨੇ ਤਾਲਿਬਾਨ ਦੇ ਵਿਦੇਸ਼ ਮੰਤਰੀ ਅਮੀਰ ਮੁਤੱਕੀ ਨੂੰ ਭਾਰਤੀ ਧਰਤੀ ਤੇ ਮਹਿਲਾ ਪੱਤਰਕਾਰਾਂ ਨੂੰ ਛੱਡ ਕੇ ‘ਪੁਰਸ਼ਾਂ ਲਈ’ ਪ੍ਰੈਸ ਕਾਨਫਰੰਸ ਕਰਨ ਦੀ ਇਜਾਜ਼ਤ ਕਿਵੇਂ ਦਿੱਤੀ? ਜੈਸ਼ੰਕਰ ਨੇ ਇਸ ਨੂੰ ਕਿਵੇਂ ਮਨਜ਼ੂਰੀ ਦਿੱਤੀ? ਅਤੇ ਮੌਜੂਦ ਪੁਰਸ਼ ਪੱਤਰਕਾਰਾਂ ਨੇ ਵਾਕਆਊਟ ਕਿਉਂ ਨਹੀਂ ਕੀਤਾ?
ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਵੀ ਇਸ ਮਾਮਲੇ ਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ। ਉਨ੍ਹਾਂ ਕਿਹਾ, ਮੈਂ ਹੈਰਾਨ ਹਾਂ ਕਿ ਆਮਿਰ ਖਾਨ ਮੁਤੱਕੀ ਦੀ ਪ੍ਰੈਸ ਕਾਨਫਰੰਸ ਤੋਂ ਮਹਿਲਾ ਪੱਤਰਕਾਰਾਂ ਨੂੰ ਬਾਹਰ ਰੱਖਿਆ ਗਿਆ। ਮੇਰੀ ਨਿੱਜੀ ਰਾਏ ਵਿੱਚ ਜਦੋਂ ਪੁਰਸ਼ ਪੱਤਰਕਾਰਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀਆਂ ਮਹਿਲਾ ਸਹਿਯੋਗੀਆਂ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ ਤਾਂ ਉਨ੍ਹਾਂ ਨੂੰ ਪ੍ਰੈਸ ਕਾਨਫਰੰਸ ਤੋਂ ਵਾਕਆਊਟ ਕਰ ਜਾਣਾ ਚਾਹੀਦਾ ਸੀ।
ਵੀਰਵਾਰ ਨੂੰ ਭਾਰਤ ਪਹੁੰਚੇ ਮੁਤੱਕੀ ਨੇ ਬੀੇਤੇ ਦਿਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਦੁਵੱਲੀ ਗੱਲਬਾਤ ਕੀਤੀ। ਇਸ ਤੋਂ ਬਾਅਦ ਭਾਰਤ ਨੇ ਐਲਾਨ ਕੀਤਾ ਕਿ ਉਹ ਕਾਬੁਲ ਵਿੱਚ ਆਪਣੇ ਤਕਨੀਕੀ ਮਿਸ਼ਨ ਨੂੰ ਪੂਰੀ ਤਰ੍ਹਾਂ ਦੂਤਾਵਾਸ ਦੇ ਦਰਜੇ ਵਿੱਚ ਅਪਗ੍ਰੇਡ ਕਰੇਗਾ – ਜੋ ਤਾਲਿਬਾਨ ਸ਼ਾਸਨ ਨਾਲ ਸਬੰਧਾਂ ਵਿੱਚ ਇੱਕ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ। ਜੈਸ਼ੰਕਰ ਨੇ ਕਿਹਾ, ਭਾਰਤ ਅਫਗਾਨਿਸਤਾਨ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਆਜ਼ਾਦੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਭਾਰਤ ਦੇ ਤਕਨੀਕੀ ਮਿਸ਼ਨ ਨੂੰ ਹੁਣ ਦੂਤਾਵਾਸ ਦੇ ਦਰਜੇ ਵਿੱਚ ਅਪਗ੍ਰੇਡ ਕੀਤਾ ਜਾ ਰਿਹਾ ਹੈ।
ਹਾਲਾਂਕਿ ਦਿੱਲੀ ਵਿੱਚ ਅਫਗਾਨ ਦੂਤਾਵਾਸ ਵਿੱਚ ਮੁਤੱਕੀ ਦੀ ਪ੍ਰੈਸ ਬ੍ਰੀਫਿੰਗ ਵਿੱਚ ਮਹਿਲਾ ਪੱਤਰਕਾਰਾਂ ਨੂੰ ਸ਼ਾਮਲ ਹੋਣ ਤੋਂ ਰੋਕਣ ਤੋਂ ਬਾਅਦ ਵਿਵਾਦ ਛਿੜ ਗਿਆ ਹੈ। ਨਿਰਧਾਰਤ ਡਰੈਸ ਕੋਡ ਦੀ ਪਾਲਣਾ ਕਰਨ ਦੇ ਬਾਵਜੂਦ ਕਈ ਮਹਿਲਾ ਪੱਤਰਕਾਰਾਂ ਨੂੰ ਦਾਖ਼ਲੇ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਨਾਲ ਸੋਸ਼ਲ ਮੀਡੀਆ ਤੇ ਵਿਆਪਕ ਆਲੋਚਨਾ ਹੋਈ।
ਬਹੁਤ ਸਾਰੇ ਪੱਤਰਕਾਰਾਂ ਨੇ ਆਨਲਾਈਨ ਆਪਣਾ ਗੁੱਸਾ ਜ਼ਾਹਰ ਕੀਤਾ। 2021 ਵਿੱਚ ਅਫਗਾਨਿਸਤਾਨ ਵਿੱਚ ਸੱਤਾ ਵਿੱਚ ਵਾਪਸ ਆਏ ਤਾਲਿਬਾਨ ਸ਼ਾਸਨ ਨੂੰ ਔਰਤਾਂ ਤੇ ਸਖ਼ਤ ਪਾਬੰਦੀਆਂ, ਜਿਸ ਵਿੱਚ ਸਿੱਖਿਆ, ਰੁਜ਼ਗਾਰ ਅਤੇ ਜਨਤਕ ਜੀਵਨ ਵਿੱਚ ਭਾਗੀਦਾਰੀ ਤੇ ਪਾਬੰਦੀਆਂ ਸ਼ਾਮਲ ਹਨ, ਲਈ ਵਿਸ਼ਵਵਿਆਪੀ ਨਿੰਦਾ ਦਾ ਸਾਹਮਣਾ ਕਰਨਾ ਪਿਆ ਹੈ।
National
ਸੁਪਰੀਮ ਕੋਰਟ ਨੇ ਪੰਜਾਬ-ਹਰਿਆਣਾ ਦਾ ਹਿਮਾਚਲ ਨਾਲ ਦਹਾਕਿਆਂ ਪੁਰਾਣਾ ਵਿਵਾਦ ਨਬੇੜਿਆ
ਅਗਲੇ 20 ਸਾਲਾਂ ਵਿੱਚ 11,973 ਮਿਲੀਅਨ ਯੂਨਿਟ ਬਿਜਲੀ ਦੇ ਰੂਪ ਵਿੱਚ ਹੋਵੇਗੀ ਬਕਾਏ ਦੀ ਅਦਾਇਗੀ
ਨਵੀਂ ਦਿੱਲੀ, 6 ਨਵੰਬਰ (ਸ.ਬ.) ਸੁਪਰੀਮ ਕੋਰਟ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਪ੍ਰੋਜੈਕਟਾਂ ਤੋਂ ਸਾਲ 1966 ਤੋਂ ਲਟਕਦੇ ਆ ਰਹੇ ਬਿਜਲੀ ਬਕਾਏ ਦੇ ਭੁਗਤਾਨ ਨੂੰ ਲੈ ਕੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿਚਕਾਰ ਚੱਲ ਰਹੇ ਦਹਾਕਿਆਂ ਪੁਰਾਣੇ ਊਰਜਾ ਵਿਵਾਦ ਦਾ ਪੱਕਾ ਨਿਬੇੜਾ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਵੱਲੋਂ ਹਿਮਾਚਲ ਪ੍ਰਦੇਸ਼ ਨੂੰ ਬਿਜਲੀ ਦੇ ਰੂਪ ਵਿੱਚ ਬਕਾਏ ਦਾ ਭੁਗਤਾਨ ਕਰਨ ਦੇ ਕੇਂਦਰ ਸਰਕਾਰ ਦੇ ਕੈਸ਼ਲੈਸ ਸੁਝਾਅ ਨੂੰ ਪ੍ਰਵਾਨ ਕਰ ਲਿਆ ਹੈ। ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੋਏਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੇ ਬੈਂਚ ਨੇ ਇਸ ਇਤਿਹਾਸਕ ਫੈਸਲੇ ਰਾਹੀਂ ਸਾਰੇ ਪੱਖਾਂ ਦੇ ਹਿੱਸੇ ਤੈਅ ਕਰ ਦਿੱਤੇ ਹਨ।
ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਵਾਂ ਪ੍ਰਬੰਧ ਸਾਲ 2011 ਦੇ ਉਸ ਫੈਸਲੇ ਦੇ ਮੁਤਾਬਕ ਹੀ ਹੋਵੇਗਾ ਜਿਸ ਵਿੱਚ ਸਾਲ 1966 ਤੋਂ ਚੱਲ ਰਹੇ ਭਾਖੜਾ ਨੰਗਲ ਅਤੇ ਬਿਆਸ ਹਾਈਡ੍ਰੋ ਪ੍ਰੋਜੈਕਟਾਂ ਦੇ ਬਿਜਲੀ ਬਕਾਏ ਵਿੱਚ ਹਿਮਾਚਲ ਪ੍ਰਦੇਸ਼ ਦਾ ਹਿੱਸਾ 7.19 ਫੀਸਦੀ ਤੈਅ ਕੀਤਾ ਗਿਆ ਸੀ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਲਿਖਿਆ ਕਿ, ‘ਪੰਜਾਬ ਅਤੇ ਹਰਿਆਣਾ ਅਗਲੇ 20 ਸਾਲਾਂ ਦੀ ਮਿਆਦ ਦੇ ਦੌਰਾਨ ਹਿਮਾਚਲ ਪ੍ਰਦੇਸ਼ ਨੂੰ 11,973 ਮਿਲੀਅਨ ਯੂਨਿਟ ਬਿਜਲੀ ਦਾ ਭੁਗਤਾਨ ਕਰਨਗੇ।’ ਕੇਂਦਰੀ ਬਿਜਲੀ ਅਥਾਰਟੀ ਵੱਲੋਂ ਅਸਲ ਹੱਕਾਂ ਦੀ ਗਣਨਾ 13,066 ਮਿਲੀਅਨ ਯੂਨਿਟ ਕੀਤੀ ਗਈ ਸੀ, ਜਿਸ ਨੂੰ ਹੁਣ ਆਪਸੀ ਸਹਿਮਤੀ ਅਤੇ ਸ਼ਰਤਾਂ ਮੁਤਾਬਕ ਸੋਧਿਆ ਗਿਆ ਹੈ।
ਇਸ ਨਵੇਂ ਸਮਝੌਤੇ ਦੇ ਤਹਿਤ ਹਿਮਾਚਲ ਪ੍ਰਦੇਸ਼ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਇਨ੍ਹਾਂ ਡੈਮਾਂ ਦੇ ਨਿਰਮਾਣ ਦੌਰਾਨ ਹੋਏ ਇਤਿਹਾਸਕ ਖਰਚਿਆਂ ਨੂੰ ਵੀ ਸੈਟਲਮੈਂਟ ਵਿੱਚ ਸ਼ਾਮਲ ਕਰ ਲਿਆ ਗਿਆ ਹੈ।
National
ਟਰੱਕ ਦੀ ਟੱਕਰ ਕਾਰਨ 7 ਵਿਅਕਤੀਆਂ ਦੀ ਮੌਤ, 2 ਗੰਭੀਰ ਜ਼ਖਮੀ
ਖੂੰਟੀ, 6 ਨਵੰਬਰ (ਸ.ਬ.) ਝਾਰਖੰਡ ਦੇ ਖੂੰਟੀ ਜ਼ਿਲ੍ਹੇ ਵਿਚ ਬੀਤੀ ਦੇਰ ਰਾਤ ਕਰਰਾ-ਟੋਰਪਾ ਮੁੱਖ ਸੜਕ ਤੇ, ਕਰਰਾ ਥਾਣੇ ਦੇ ਅਧਿਕਾਰ ਖੇਤਰ ਵਿੱਚ, ਇੱਕ ਤੇਜ਼ ਰਫ਼ਤਾਰ ਟਰੱਕ ਨੇ ਸੜਕ ਕਿਨਾਰੇ ਖੜ੍ਹੇ ਕਈ ਲੋਕਾਂ ਨੂੰ ਦਰੜ ਦਿੱਤਾ। ਇਸ ਘਟਨਾ ਵਿੱਚ 10 ਮਹੀਨਿਆਂ ਦੇ ਬੱਚੇ ਸਮੇਤ ਸੱਤ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ ਮਰਨ ਵਾਲੇ ਸਾਰੇ ਲੋਕ ਇੱਕੋ ਪਰਿਵਾਰ ਨਾਲ ਸਬੰਧਤ ਸਨ।
ਰਿਪੋਰਟਾਂ ਅਨੁਸਾਰ, ਇਹ ਘਟਨਾ ਖੂੰਟੀ ਜ਼ਿਲ੍ਹੇ ਦੇ ਕਰਰਾ ਥਾਣੇ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਜੋਨ-ਲੁਦਰੂ ਮੋੜ ਨੇੜੇ ਵਾਪਰੀ। ਬੀਤੀ ਰਾਤ ਨੇੜਲੇ ਇਲਾਕੇ ਦੇ ਵਸਨੀਕ ਇੱਕ ਹਾਦਸਾ ਹੋਣ ਦੀ ਆਵਾਜ਼ ਸੁਣ ਕੇ ਆਪਣੇ ਘਰਾਂ ਤੋਂ ਬਾਹਰ ਆ ਗਏ। ਇਸ ਤੋਂ ਬਾਅਦ, ਉਹ ਘਟਨਾ ਵਾਲੀ ਥਾਂ ਦੇਖਣ ਲਈ ਕਰਰਾ-ਤੋਰਪਾ ਮੁੱਖ ਸੜਕ ਤੇ ਇਕੱਠੇ ਹੋ ਗਏ।
ਇਸੇ ਦੌਰਾਨ, ਤੋਰਪਾ ਵੱਲੋਂ ਆ ਰਿਹਾ ਇੱਕ ਤੇਜ਼ ਰਫ਼ਤਾਰ ਟਰੱਕ ਅਚਾਨਕ ਬੇਕਾਬੂ ਹੋ ਗਿਆ। ਸੜਕ ਤੇ ਮੌਜੂਦ ਲੋਕਾਂ ਨੂੰ ਸੰਭਲਣ ਦਾ ਮੌਕਾ ਦਿੱਤੇ ਬਿਨਾਂ ਹੀ, ਟਰੱਕ ਉਨ੍ਹਾਂ ਦੇ ਉੱਪਰ ਚੜ੍ਹ ਗਿਆ। ਕਈ ਲੋਕ ਇਸ ਵਾਹਨ ਦੀ ਲਪੇਟ ਵਿੱਚ ਆ ਗਏ, ਜ਼ਿਕਰਯੋਗ ਹੈ ਕਿ ਟਰੱਕ ਨੇ ਇੱਕ ਤੋਂ ਬਾਅਦ ਇੱਕ ਕਰਕੇ ਲਗਭਗ ਅੱਠ ਤੋਂ ਨੌਂ ਵਿਅਕਤੀਆਂ ਨੂੰ ਦਰੜ ਦਿੱਤਾ।
ਟਰੱਕ ਲੋਕਾਂ ਨੂੰ ਕੁਚਲਣ ਤੋਂ ਬਾਅਦ ਵੀ ਨਹੀਂ ਰੁਕਿਆ। ਬੇਕਾਬੂ ਹੋਇਆ ਵਾਹਨ ਸੜਕ ਦੇ ਕਿਨਾਰੇ ਬਣੀ ਇੱਕ ਪੁਲੀ ਨੂੰ ਤੋੜਦਾ ਹੋਇਆ ਨੇੜਲੇ ਖੱਡੇ ਵਿੱਚ ਜਾ ਡਿੱਗਿਆ। ਹਾਦਸੇ ਤੋਂ ਬਾਅਦ ਆਸ-ਪਾਸ ਮੌਜੂਦ ਲੋਕ ਤੁਰੰਤ ਉੱਥੇ ਪਹੁੰਚੇ ਅਤੇ ਜ਼ਖਮੀਆਂ ਨੂੰ ਬਾਹਰ ਕੱਢਣ ਵਿੱਚ ਜੁੱਟ ਗਏ।
ਇਸ ਭਿਆਨਕ ਹਾਦਸੇ ਵਿੱਚ ਹੁਣ ਤੱਕ ਸੱਤ ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ ਲਗਭਗ 10 ਮਹੀਨਿਆਂ ਦਾ ਇੱਕ ਬੱਚਾ ਵੀ ਸ਼ਾਮਲ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਹਾਦਸੇ ਵਿੱਚ ਜਾਨ ਗੁਆਉਣ ਵਾਲੇ ਸਾਰੇ ਲੋਕ ਇੱਕੋ ਪਰਿਵਾਰ ਦੇ ਦੱਸੇ ਜਾ ਰਹੇ ਹਨ। ਹਾਲਾਂਕਿ, ਮ੍ਰਿਤਕਾਂ ਦੀ ਪਛਾਣ ਅਤੇ ਆਪਸੀ ਰਿਸ਼ਤਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਆਉਣੀ ਅਜੇ ਬਾਕੀ ਹੈ। ਇਸ ਘਟਨਾ ਵਿੱਚ ਦੋ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਸਥਾਨਕ ਵਸਨੀਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਬਿਹਤਰ ਡਾਕਟਰੀ ਦੇਖਭਾਲ ਲਈ ਦੋਵਾਂ ਜ਼ਖ਼ਮੀਆਂ ਨੂੰ ਖੂੰਟੀ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
National
ਮੋਬਾਈਲ ਦੀ ਦੁਕਾਨ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਨਵੀਂ ਦਿੱਲੀ, 6 ਨਵੰਬਰ (ਸ.ਬ.) ਦਿੱਲੀ ਦੀ ਗੱਫਾਰ ਮਾਰਕੀਟ ਵਿੱਚ ਅੱਜ ਤੜਕੇ ਇੱਕ ਮੋਬਾਈਲ ਐਕਸੈਸਰੀਜ਼ ਦੀ ਦੁਕਾਨ ਵਿੱਚ ਭਿਆਨਕ ਅੱਗ ਲੱਗ ਗਈ, ਜੋ ਚਾਰ ਮੰਜਿਲਾ ਵਪਾਰਕ ਇਮਾਰਤ ਵਿੱਚ ਫੈਲ ਗਈ। ਪੁਲੀਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਤੇ ਕਾਬੂ ਪਾਉਣ ਲਈ ਲਗਪਗ 22 ਅੱਗ ਬੁਝਾਊ ਗੱਡੀਆਂ ਤਾਇਨਾਤ ਕਰਨੀਆਂ ਪਈਆਂ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸੇ ਦੇ ਮਾਰੇ ਜਾਣ ਜਾਂ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ, ਜਦੋਂ ਕਿ ਅੱਗ ਨਾਲ ਜਾਇਦਾਦ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੀ ਨਜ਼ਰੇ ਬੈਟਰੀਆਂ ਦਾ ਜ਼ਿਆਦਾ ਗਰਮ ਹੋਣਾ ਜਾਂ ਓਵਰਚਾਰਜਿੰਗ ਅੱਗ ਲੱਗਣ ਦਾ ਸੰਭਾਵੀ ਕਾਰਨ ਜਾਪਦਾ ਹੈ, ਉਨ੍ਹਾਂ ਅੱਗੇ ਕਿਹਾ ਕਿ ਵਿਸਥਾਰਤ ਜਾਂਚ ਤੋਂ ਬਾਅਦ ਹੀ ਅਸਲ ਕਾਰਨ ਦਾ ਪਤਾ ਲੱਗੇਗਾ।
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਰੀ ਪਲਾਜ਼ਾ ਵਿਖੇ ਬੀਤੀ ਰਾਤ 1.28 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਕਰੌਲ ਬਾਗ ਪੁਲੀਸ ਥਾਣੇ ਵਿੱਚ ਇੱਕ ਪੀ.ਸੀ.ਆਰ. ਕਾਲ ਪ੍ਰਾਪਤ ਹੋਈ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਥਾਣੇ ਦਾ ਰਾਤ ਦਾ ਸਟਾਫ਼ ਤੁਰੰਤ ਮੌਕੇ ਤੇ ਪਹੁੰਚਿਆ ਅਤੇ ਵਪਾਰਕ ਇਮਾਰਤ ਦੀ ਦੁਕਾਨ ਨੰਬਰ 13/21 ਵਿੱਚ ਅੱਗ ਲੱਗੀ ਦੇਖੀ, ਜਿਸ ਵਿੱਚ ਮੋਬਾਈਲ ਐਕਸੈਸਰੀਜ਼ ਨਾਲ ਸਬੰਧਤ ਕਾਰੋਬਾਰ ਹੁੰਦੇ ਹਨ।
ਪੁਲੀਸ ਅਨੁਸਾਰ ਸ਼ੱਕ ਹੈ ਕਿ ਅੱਗ ਗਰਾਊਂਡ ਫਲੋਰ ਤੇ ਸਥਿਤ ਇਕ ਦੁਕਾਨ ਤੋਂ ਸ਼ੁਰੂ ਹੋਈ, ਜਿੱਥੇ ਮੋਬਾਈਲ ਬੈਟਰੀਆਂ ਰੱਖੀਆਂ ਹੋਈਆਂ ਸਨ, ਇਸ ਤੋਂ ਪਹਿਲਾਂ ਕਿ ਇਹ ਚਾਰ ਮੰਜਿਲਾ ਇਮਾਰਤ ਦੀਆਂ ਉੱਪਰਲੀਆਂ ਮੰਜਿਲਾਂ ਤੱਕ ਫੈਲ ਜਾਵੇ। ਅੱਗ ਤੇ ਕਾਬੂ ਪਾਉਣ ਅਤੇ ਐਮਰਜੈਂਸੀ ਰਿਸਪਾਂਸ ਵਿੱਚ ਮਦਦ ਲਈ ਲਗਪਗ 20 ਤੋਂ 25 ਅੱਗ ਬੁਝਾਊ ਗੱਡੀਆਂ, ਤਿੰਨ ਸੈਂਟਰਲਾਈਜ਼ਡ ਐਕਸੀਡੈਂਟ ਐਂਡ ਟਰਾਮਾ ਸਰਵਿਸਿਜ਼ ਐਂਬੂਲੈਂਸਾਂ ਅਤੇ ਦੋ ਪੀ.ਸੀ.ਆਰ. ਵਾਹਨ ਮੌਕੇ ਤੇ ਭੇਜੇ ਗਏ। ਜਿਵੇਂ ਹੀ ਅੱਗ ਤੇਜ਼ ਹੋਈ, ਹੋਰ ਅੱਗ ਬੁਝਾਊ ਵਾਹਨ ਕੰਮ ਤੇ ਲਗਾਏ ਗਏ। ਪੁਲੀਸ ਨੇ ਦੱਸਿਆ ਕਿ ਅੱਗ ਤੇ ਕਾਬੂ ਪਾਉਣ ਅਤੇ ਬਾਅਦ ਵਿੱਚ ਇਸ ਨੂੰ ਬੁਝਾਉਣ ਤੋਂ ਪਹਿਲਾਂ ਅੱਗ ਬੁਝਾਊ ਅਭਿਆਨ ਕਈ ਘੰਟਿਆਂ ਤੱਕ ਚੱਲਿਆ।
ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਦਿੱਲੀ ਫਾਇਰ ਸਰਵਿਸ ਅਤੇ ਇਲੈਕਟ੍ਰੀਕਲ ਇੰਸਪੈਕਟਰ ਤੋਂ ਰਿਪੋਰਟ ਹਾਸਲ ਕੀਤੀ ਜਾਵੇਗੀ। ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਟੀਮ ਵੀ ਇਮਾਰਤ ਦੀ ਜਾਂਚ ਕਰੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉੱਥੇ ਕੋਈ ਹੋਰ ਜਲਨਸ਼ੀਲ ਸਮੱਗਰੀ ਤਾਂ ਨਹੀਂ ਰੱਖੀ ਗਈ ਸੀ।
ਪੁਲੀਸ ਨੇ ਕਿਹਾ ਕਿ ਰਿਪੋਰਟਾਂ ਦੇ ਨਤੀਜਿਆਂ ਦੇ ਆਧਾਰ ਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਮਨੁੱਖੀ ਜਾਨਾਂ ਦੇ ਕਿਸੇ ਵੀ ਖਤਰੇ ਨੂੰ ਖਾਰਜ ਕਰਨ ਲਈ ਮਿਊਂਸਪਲ ਕਾਰਪੋਰੇਸ਼ਨ ਆਫ ਦਿੱਲੀ ਤੋਂ ਸਟ੍ਰਕਚਰਲ ਸੇਫਟੀ ਅਸੈਸਮੈਂਟ ਜਾਂ ਸਰਟੀਫਿਕੇਟ ਵੀ ਮੰਗਿਆ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਅੱਗ ਬੁਝਾ ਦਿੱਤੀ ਗਈ ਹੈ ਅਤੇ ਮੌਕੇ ਤੇ ਸਥਿਤੀ ਕਾਬੂ ਹੇਠ ਹੈ, ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
-
International2 months ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International2 months ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
Chandigarh2 months ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
-
Chandigarh2 months agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
International1 month agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International4 weeks ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International3 weeks agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
