Mohali
ਦੀਵਾਲੀ ਦੇ ਤਿਉਹਾਰ ਨੇੜੇ ਆਉਣ ਕਾਰਨ ਹਰ ਪਾਸੇ ਲੱਗੀਆਂ ਰੌਣਕਾਂ
ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਦੀਵਾਲੀ ਦਾ ਤਿਉਹਾਰ ਨੇੜੇ ਆਉਣ ਕਾਰਨ ਵੱਖ-ਵੱਖ ਸ਼ਹਿਰਾਂ ਵਿੱਚ ਇਸ ਸਮੇਂ ਮੇਲੇ ਵਰਗਾ ਮਾਹੌਲ ਬਣਿਆ ਹੋਇਆ ਹੈ। ਸ਼ਹਿਰਾਂ ਦੀਆਂ ਮਾਰਕੀਟਾਂ ਤੇ ਬਾਜ਼ਾਰਾਂ ਵਿੱਚ ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ ਹਨ। ਵੱਡੀ ਗਿਣਤੀ ਲੋਕ ਸਾਰਾ ਦਿਨ ਅਤੇ ਦੇਰ ਰਾਤ ਤੱਕ ਨਵੇਂ ਕਪੜੇ ਪਾ ਕੇ ਮਾਰਕੀਟਾਂ ਵਿੱਚ ਘੁੰਮਦੇ ਦਿਖਾਈ ਦੇ ਰਹੇ ਹਨ।
ਮਹਿੰਗਾਈ ਦੇ ਬਾਵਜੂਦ ਵੱਡੀ ਗਿਣਤੀ ਲੋਕ ਖੁੱਲ੍ਹ ਕੇ ਖਰੀਦਦਾਰੀ ਵੀ ਕਰ ਰਹੇ ਹਨ, ਜਿਸ ਕਾਰਨ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਤਿਉਹਾਰੀ ਸੀਜਨ ਚੰਗਾ ਨਿਕਲਣ ਅਤੇ ਚੰਗੀ ਕਮਾਈ ਹੋਣ ਦੀ ਆਸ ਹੈ। ਦੁਕਾਨਦਾਰ ਅਤੇ ਵਪਾਰੀ ਸਾਰਾ ਸਾਲ ਤਿਉਹਾਰੀ ਸੀਜਨ ਦੀ ਉਡੀਕ ਕਰਦੇ ਹਨ, ਕਿਉਂਕਿ ਇਸ ਦੌਰਾਨ ਉਹਨਾਂ ਨੇ ਪੂਰੇ ਸਾਲ ਦੀ ਕਮਾਈ ਕਰਨੀ ਹੁੰਦੀ ਹੈ।
ਪਿਛਲੇ ਦਿਨਾਂ ਦੌਰਾਨ ਕਰਵਾ ਚੌਥ ਅਤੇ ਅਸ਼ਟਮੀ ਦੇ ਤਿਉਹਾਰਾਂ ਮੌਕੇ ਵੀ ਸ਼ਹਿਰਾਂ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਰੌਣਕਾਂ ਲੱਗੀਆਂ ਰਹੀਆਂ ਅਤੇ ਲੋਕਾਂ ਨੇ ਖੁੱਲ੍ਹ ਦੇ ਖਰੀਦਦਾਰੀ ਕੀਤੀ, ਜਿਸ ਕਾਰਨ ਦੁਕਾਨਦਾਰ ਅਤੇ ਵਪਾਰੀ ਬਾਗੋਬਾਗ ਦਿਖਾਈ ਦਿੱਤੇ। ਇਸ ਤੋਂ ਇਲਾਵਾ ਵੱਖ ਵੱਖ ਸ਼ਹਿਰਾਂ ਵਿੱਚ ਰੇਹੜੀਆਂ ਫੜੀਆਂ ਵਾਲਿਆਂ ਤੋਂ ਵੀ ਲੋਕਾਂ ਨੇ ਨਕਲੀ ਫੁੱਲ, ਦੀਪ ਮਾਲਾਵਾਂ, ਰੰਗ ਬਿਰੰਗੀਆਂ ਲੜੀਆਂ ਅਤੇ ਹੋਰ ਸਜਾਵਟੀ ਸਮਾਨ ਖਰੀਦਿਆ। ਇਸ ਸਮੇਂ ਵੀ ਵੱਡੀ ਗਿਣਤੀ ਲੋਕ ਦੀਵਾਲੀ ਦੇ ਤਿਉਹਾਰ ਸਬੰਧੀ ਕਾਫੀ ਸਮਾਨ ਦੀ ਖਰੀਦਦਾਰੀ ਕਰ ਰਹੇ ਹਨ।
ਦੀਵਾਲੀ ਦਾ ਤਿਉਹਾਰ ਨੇੜੇ ਆਉਣ ਕਾਰਨ ਵੱਡੀ ਗਿਣਤੀ ਸ਼ਹਿਰਾਂ ਵਿੱਚ ਮਾਰਕੀਟਾਂ ਅਤੇ ਬਾਜ਼ਾਰਾਂ ਨੂੰ ਚੰਗੀ ਤਰ੍ਹਾਂ ਸਜਾਇਆ ਗਿਆ ਹੈ ਅਤੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਉੱਪਰ ਰੰਗ ਬਿਰੰਗੀਆਂ ਬਿਜਲਈ ਲੜੀਆਂ ਟੰਗੀਆਂ ਗਈਆਂ ਹਨ। ਵੱਡੀ ਗਿਣਤੀ ਦੁਕਾਨਦਾਰਾਂ ਨੇ ਤਿਉਹਾਰੀ ਸੀਜਨ ਤੋਂ ਪਹਿਲਾਂ ਹੀ ਆਪਣੀਆਂ ਦੁਕਾਨਾਂ ਨੂੰ ਨਵਾਂ ਰੰਗ ਰੋਗਣ ਕਰਵਾਇਆ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਦੁਕਾਨਦਾਰਾਂ ਨੇ ਦੁਕਾਨਾਂ ਦੇ ਬਾਹਰ ਸਜਾਵਟੀ ਸਮਾਨ ਵੀ ਰੱਖਿਆ ਹੋਇਆ ਹੈ। ਸ਼ਾਮ ਸਮੇਂ ਅਤੇ ਰਾਤ ਸਮੇਂ ਵੱਖ-ਵੱਖ ਸ਼ਹਿਰਾਂ ਦੀਆਂ ਮਾਰਕੀਟਾਂ ਵਿੱਚ ਚਲਦੀਆਂ ਬਿਜਲਈ ਲੜੀਆਂ ਅਤੇ ਵੱਖ- ਵੱਖ ਰੰਗਾਂ ਦੇ ਬਲੱਬ ਬਹੁਤ ਸੁੰਦਰ ਦ੍ਰਿਸ਼ ਪੇਸ਼ ਕਰਦੇ ਹਨ। ਸ਼ਾਮ ਸਮੇਂ ਤੋਂ ਲੈ ਕੇ ਰਾਤ 10-11 ਵਜੇ ਤੱਕ ਵੱਖ-ਵੱਖ ਸ਼ਹਿਰਾਂ ਦੀਆਂ ਮਾਰਕੀਟਾਂ ਵਿੱਚ ਲੋਕਾਂ ਦੀ ਚੰਗੀ ਚਹਿਲ ਪਹਿਲ ਰਹਿੰਦੀ ਹੈ।
ਪਹਿਲਾਂ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਦਾ ਤਿਉਹਾਰੀ ਸੀਜਨ ਉਪਰ ਵੀ ਅਸਰ ਪਵੇਗਾ ਅਤੇ ਤਿਉਹਾਰੀ ਸੀਜਨ ਦੇ ਫਿੱਕਾ ਰਹਿਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਸੀ ਪਰ ਜਿਸ ਤਰੀਕੇ ਨਾਲ ਲੋਕਾਂ ਵੱਲੋਂ ਤਿਉਹਾਰੀ ਸੀਜਨ ਦੌਰਾਨ ਖਰੀਦਦਾਰੀ ਕਰਨ ਵਿੱਚ ਉਤਸ਼ਾਹ ਦਿਖਾਇਆ ਜਾ ਰਿਹਾ ਹੈ, ਉਸ ਨਾਲ ਇਹ ਮਹਿਸੂਸ ਹੁੰਦਾ ਹੈ ਕਿ ਇਸ ਵਾਰ ਖਰੀਦਦਾਰੀ ਦੇ ਸਾਰੇ ਰਿਕਾਰਡ ਟੁੱਟ ਜਾਣਗੇ। ਬੱਚੇ ਅਤੇ ਨੌਜਵਾਨ ਮੁੰਡੇ ਕੁੜੀਆਂ ਰੇਡੀਮੇਡ ਕੱਪੜਿਆਂ ਦੇ ਸ਼ੋਅਰੂਮਾਂ ਅਤੇ ਮਾਲਾਂ ਵਿੱਚ ਜਾ ਕੇ ਰੇਡੀਮੇਡ ਕੱਪੜੇ ਖਰੀਦਦੇ ਦਿਖਾਈ ਦੇ ਰਹੇ ਹਨ, ਜਦੋਂ ਕਿ ਅੱਧਖੜ ਅਤੇ ਬਜੁਰਗ ਲੋਕ ਘਰੇਲੂ ਸਮਾਨ ਦੇ ਨਾਲ ਸੁੱਕੇ ਮੇਵੇ ਖਰੀਦਦੇ ਵੇਖੇ ਜਾ ਰਹੇ ਹਨ। ਜਿਸ ਕਾਰਨ ਹਰ ਪਾਸੇ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਵੱਡੀ ਗਿਣਤੀ ਲੋਕ ਤਿਉਾਹਰੀ ਸੀਜਨ ਦਾ ਉਤਸ਼ਾਹ ਨਾਲ ਆਨੰਦ ਮਾਣ ਰਹੇ ਹਨ।
ਜੇਕਰ ਮੁਹਾਲੀ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਇਸ ਸ਼ਹਿਰ ਵਿੱਚ ਫੇਜ਼ 1 ਤੋਂ ਲੈ ਕੇ ਫੇਜ਼ 11 ਅਤੇ ਹੋਰਨਾਂ ਸੈਕਟਰਾਂ ਵਿੱਚ ਦੀਵਾਲੀ ਦੇ ਤਿਉਹਾਰ ਸਬੰਧੀ ਰੌਣਕਾਂ ਲੱਗੀਆਂ ਹੋਈਆਂ ਹਨ। ਫੇਜ਼ 1, 2, 3ਬੀ2, 5, 7, 9, 10, 11 ਅਤੇ ਹੋਰਨਾਂ ਇਲਾਕਿਆਂ ਦੀਆਂ ਮਾਰਕੀਟਾਂ ਵਿੱਚ ਦੀਵਾਲੀ ਕਾਰਨ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਸਵੇਰੇ ਤੋਂ ਲੈ ਕੇ ਦੇਰ ਰਾਤ ਤਕ ਇਹਨਾਂ ਮਾਰਕੀਟਾਂ ਵਿੱਚ ਚੰਗੀ ਪਹਿਲ ਚਹਿਲ ਰਹਿੰਦੀ ਹੈ। ਵੱਡੀ ਗਿਣਤੀ ਲੋਕ ਇਹਨਾਂ ਮਾਰਕੀਟਾਂ ਵਿੱਚ ਜਰੂਰੀ ਲੋੜ ਦੀਆਂ ਵਸਤੂਆਂ ਅਤੇ ਹੋਰ ਸਮਾਨ ਖਰੀਦਦੇ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਲੋਕ ਫਰਨੀਚਰ ਆਦਿ ਵੀ ਖਰੀਦਦੇ ਦਿਖਾਈ ਦਿੰਦੇ ਹਨ। ਦੀਵਾਲੀ ਦੇ ਆਉਣ ਵਾਲੇ ਤਿਉਹਾਰ ਲਈ ਹਰ ਵਰਗ ਦੇ ਲੋਕਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ।
Mohali
ਮੱਸਿਆ ਦਾ ਮਾਸਿਕ ਲੰਗਰ ਲਗਾਇਆ
ਐਸ ਏ ਐਸ ਨਗਰ, 7 ਨਵੰਬਰ (ਸ.ਬ.) ਮਾਂ ਅੰਨਪੂਰਣਾ ਸੇਵਾ ਸਮਿਤੀ ਮੁਹਾਲੀ ਵੱਲੋਂ ਦਿਵਾਲੀ ਦੀ ਪੂਰਵ ਸੰਧਿਆ ਤੇ ਪੀ ਜੀ ਆਈ, ਚੰਡੀਗੜ ਦੀ ਨਵੀਂ ਓ ਪੀ ਡੀ (ਗੇਟ ਨੰ: 4) ਦੇ ਸਾਹਮਣੇ ਮੱਸਿਆ ਦਾ ਮਾਸਿਕ ਲੰਗਰ ਲਗਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਿਜ ਮੋਹਨ ਜੋਸ਼ੀ ਨੇ ਦੱਸਿਆ ਕਿ ਲੰਗਰ ਸੇਵਾ ਵਿੱਚ ਇਸ ਵਾਰ ਸੇਬ, ਕੇਲੇ ਵੰਡੇ ਗਏ। ਇਸ ਮੌਕੇ ਸ਼ੀਸ਼ਪਾਲ ਗਰਗ, ਪ੍ਰਧਾਨ ਸਿੰਘ, ਸਤੀਸ਼ ਕੁਮਾਰ, ਪੰਕਜ ਕੁਮਾਰ ਹਾਜਿਰ ਸਨ।
Mohali
ਦੀਵਾਲੀ ਦੇ ਤਿਉਹਾਰ ਮੌਕੇ ਮਾਵਾਂ ਭੈਣਾਂ ਨੂੰ ਸੂਟ ਵੰਡੇ
ਐਸ ਏ ਐਸ ਨਗਰ, 7 ਨਵੰਬਰ (ਸ.ਬ.) ਦੀਵਾਲੀ ਦੇ ਤਿਉਹਾਰ ਮੌਕੇ ਮਿਉਂਸਪਲ ਕੌਂਸਲਰ ਕਮਲਪੀਤ ਸਿੰਘ ਬੰਨੀ ਦੇ ਵਾਰਡ (ਵਾਰਡ ਨੰਬਰ 14) ਵਿਖੇ ਆਯੋਜਿਤ ਇੱਕ ਸਾਦੇ ਸਮਾਗਮ ਦੌਰਾਨ ਮਾਵਾਂ ਅਤੇ ਭੈਣਾਂ ਨੂੰ ਸੂਟ ਵੰਡੇ ਗਏ। ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਅਤੇ ਸਭ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਇਸ ਮੌਕੇ ਸ. ਸਿੱਧੂ ਨੇ ਕਿਹਾ ਕਿ ਤਿਉਹਾਰਾਂ ਦੀ ਅਸਲ ਖੁਸ਼ੀ ਇੱਕ-ਦੂਜੇ ਨਾਲ ਪਿਆਰ, ਸਤਿਕਾਰ ਅਤੇ ਖੁਸ਼ੀਆਂ ਸਾਂਝੀਆਂ ਕਰਨ ਵਿੱਚ ਹੀ ਹੈ। ਉਹਨਾਂ ਹਾਜਰੀਨਾਂ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੰਦਿਆਂ ਸਭ ਦੀ ਚੜ੍ਹਦੀ ਕਲਾ, ਤੰਦਰੁਸਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।
ਇਸ ਮੌਕੇ ਮਿਉਂਸਪਲ ਕੌਂਸਲਰ ਸz. ਕਮਲਪ੍ਰੀਤ ਸਿੰਘ ਬੰਨੀ ਨੇ ਕਿਹਾ ਕਿ ਵਾਰਡ ਦੀਆਂ ਮਾਵਾਂ ਭੈਣਾਂ ਵਲੋਂ ਉਹਨਾਂ ਨੂੰ ਦੂਜੀ ਵਾਰ ਫੇਜ਼ 9 ਦੇ ਕੌਂਸਲਰ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ ਅਤੇ ਬੀਬੀਆਂ ਵੱਲੋਂ ਮਿਲਿਆ ਪਿਆਰ, ਵਿਸ਼ਵਾਸ ਅਤੇ ਸਹਿਯੋਗ ਉਹਨਾਂ ਲਈ ਬੇਹੱਦ ਕੀਮਤੀ ਹੈ। ਉਹਨਾਂ ਕਿਹਾ ਕਿ ਇਹ ਰਿਸ਼ਤਾ ਸਿਰਫ਼ ਚੋਣਾਂ ਤੱਕ ਸੀਮਤ ਨਹੀਂ ਹੈ, ਬਲਕਿ ਆਪਣੇਪਣ ਅਤੇ ਸੇਵਾ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਢੀਂਡਸਾ, ਬਲਿਹਾਰ ਸਿੰਘ ਵਿਰਕ, ਪਰਵੀਨ ਸ਼ਰਮਾ, ਹਰਿੰਦਰ ਸਿੰਘ ਵਾਲੀਆ, ਪ੍ਰਿੰਸ ਵਰਮਾ, ਸਚਿਨ ਰਾਏਜ਼ਾਦਾ, ਅਨਿਲ ਆਨੰਦ, ਆਈ. ਡੀ ਗਰਗ, ਅੰਮ੍ਰਿਤਪਾਲ ਸਿੰਘ, ਚੰਦਰ ਅਰੋੜਾ ਵੀ ਹਾਜਿਰ ਸਨ।
Mohali
ਪ੍ਰਾਈਵੇਟ ਕੰਸਟਰੱਕਸ਼ਨ ਲੇਬਰ ਕੰਟਰੈਕਟਰਜ਼ ਐਸੋਸੀਏਸ਼ਨ ਵੱਲੋਂ 9 ਨਵੰਬਰ ਨੂੰ ਮਨਾਇਆ ਜਾਵੇਗਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ
ਐਸੋਸੀਏਸ਼ਨ ਦੀ ਮੀਟਿੰਗ ਵਿੱਚ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਮ ਰੂਪ ਦਿੱਤਾ
ਐਸ ਏ ਐਸ ਨਗਰ, 7 ਨਵੰਬਰ (ਸ.ਬ.) ਪ੍ਰਾਈਵੇਟ ਕੰਸਟਰੱਕਸ਼ਨ ਲੇਬਰ ਕੰਟਰੈਕਟਰਜ਼ ਐਸੋਸੀਏਸ਼ਨ (ਰਜਿ:) ਮੁਹਾਲੀ ਵੱਲੋਂ ਰਾਮਗੜ੍ਹੀਆ ਸਭਾ (ਰਜਿ:) ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਦੀ ਭਾਈ ਲਾਲੋ ਕੋ-ਆਪ ਐਨ. ਏ. ਟੀ ਐਂਡ ਸੀ ਸੁਸਾਇਟੀ ਲਿਮਟਿਡ, ਦਸ਼ਮੇਸ਼ ਵੈਲਫੇਅਰ ਕੌਸਲ (ਰਜਿ.) ਅਤੇ ਗੁਰੂ ਰਾਮਦਾਸ ਵੈਲਫੇਅਰ ਸੋਸਾਇਟੀ (ਰਜਿ.) ਦੇ ਸਹਿਯੋਗ ਨਾਲ ਸ਼ਿਲਪ ਕਲਾ ਦੇ ਜਨਮ ਦਾਤਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ 9 ਨਵੰਬਰ ਨੂੰ ਰਾਮਗੜ੍ਹੀਆ ਭਵਨ, ਫੇਜ਼ 3ਬੀ-1, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਸ. ਦੀਦਾਰ ਸਿੰਘ ਕਲਸੀ ਦੀ ਪ੍ਰਧਾਨਗੀ ਹੇਠ ਹੋਈ ਸੰਸਥਾ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਸੀਨੀਅਰ ਮੀਤੀ ਪ੍ਰਧਾਨ ਮਨਜੀਤ ਸਿੰਘ ਮਾਨ, ਰਾਮਗੜ੍ਹੀਆ ਸਭਾ ਦੇ ਪ੍ਰਧਾਨ ਗੁਰਚਰਨ ਸਿੰਘ ਨੰਨੜ੍ਹਾ, ਐਸੋਸੀਏਸ਼ਨ ਦੇ ਜਨਰਲ ਸਕੱਤਰ ਸ. ਬਲਵਿੰਦਰ ਸਿੰਘ ਕਲਸੀ, ਖਜ਼ਾਨਚੀ ਬਲਵਿੰਦਰ ਸਿੰਘ, ਮੈਨੇਜ਼ਰ ਗੁਰਬਚਨ ਸਿੰਘ ਸ਼ਾਮਲ ਹੋਏ। ਮੀਟਿੰਗ ਦੌਰਾਨ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ।
ਸ. ਦੀਦਾਰ ਸਿੰਘ ਕਲਸੀ ਨੇ ਦੱਸਿਆ ਕਿ ਇਸ ਸੰਬੰਧੀ ਅੱਜ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ ਜਿਨ੍ਹਾਂ ਦੇ ਭੋਗ 9 ਨਵੰਬਰ ਨੂੰ ਸਵੇਰੇ 8 ਵਜੇ ਪਾਏ ਜਾਣਗੇ ਅਤੇ ਉਪਰੰਤ ਧਾਰਮਿਕ ਦਿਵਾਨ ਸਜਾਏ ਜਾਣਗੇ।
ਧਾਰਮਿਕ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਸ. ਬਲਵਿੰਦਰ ਸਿੰਘ ਕਲਸੀ ਨੇ ਦੱਸਿਆ ਕਿ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਮੌਕੇ 9 ਨਵੰਬਰ ਨੂੰ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਸਵੇਰੇ 9 ਤੋਂ 10 ਵਜੇ ਤੱਕ ਭਾਈ ਪੁਰਸ਼ੋਤਮ ਸਿੰਘ ਅਤੇ ਸਾਥੀ (ਹਜ਼ੂਰੀ ਰਾਗੀ ਜੱਥਾ) ਵੱਲੋਂ ਮਨੋਹਰ ਕੀਰਤਨ ਕੀਤਾ ਜਾਵੇਗਾ। ਸਵੇਰੇ 10 ਤੋਂ 11 ਵਜੇ ਤੱਕ ਇਸਤਰੀ ਸਤਿਸੰਗ ਜੱਥਾ, ਰਾਮਗੜ੍ਹੀਆ ਸਭਾ ਵੱਲੋਂ ਗੁਰਬਾਣੀ ਕੀਰਤਨ ਕੀਤਾ ਜਾਵੇਗਾ। ਸਵੇਰੇ 11 ਤੋਂ 11:30 ਵਜੇ ਤੱਕ ਭਾਈ ਬਲਿਹਾਰ ਸਿੰਘ (ਹੈਡ ਗ੍ਰੰਥੀ, ਰਾਮਗੜ੍ਹੀਆ ਸਭਾ) ਵੱਲੋਂ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। 11:30 ਤੋਂ ਦੁਪਹਿਰ 1 ਵਜੇ ਤੱਕ ਇੰਟਰਨੈਸ਼ਨਲ ਪੰਥਕ ਢਾਡੀ ਜੱਥਾ ਭਾਈ ਗੁਰਿੰਦਰ ਪ੍ਰਿਤਪਾਲ ਸਿੰਘ ਬੈਂਸ ਅਤੇ ਸਾਥੀਆਂ ਵੱਲੋਂ ਢਾਡੀ ਵਾਰਾਂ ਪੇਸ਼ ਕੀਤੀਆਂ ਜਾਣਗੀਆਂ। ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
-
International2 months ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International2 months ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
Editorial2 months agoਨਸ਼ੇ ਦੇ ਦੈਂਤ ਨੇ ਨਿਗਲੀਆਂ ਸੈਂਕੜੇ ਜਵਾਨੀਆਂ, ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੋਈ ਠੁੱਸ
-
Chandigarh1 month ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
-
Chandigarh1 month agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
International1 month agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International4 weeks ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
