Connect with us

Mohali

ਰੀਜੈਂਟਾ ਹੋਟਲ ਮਾਲਕ ਤੇ ਫਾਇਰਿੰਗ ਮਾਮਲੇ ਵਿੱਚ ਪੁਲੀਸ ਨੇ ਸੰਖੇਪ ਮੁਕਾਬਲੇ ਤੋਂ ਬਾਅਦ ਗੈਂਗਸਟਰ ਨੂੰ ਕੀਤਾ ਗ੍ਰਿਫ਼ਤਾਰ, ਦੋ ਸਾਥੀ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ ਗ੍ਰਿਫ਼ਤਾਰ

Published

on

ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ ਹਨ ਸਾਰੇ ਆਰੋਪੀ

ਐਸ ਏ ਐਸ ਨਗਰ, 10 ਨਵੰਬਰ (ਸ.ਬ.) ਮੁਹਾਲੀ ਪੁਲੀਸ ਨੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਮੁਹਾਲੀ ਸz. ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਸੀ ਆਈ ਏ ਮੁਹਾਲੀ ਦੀ ਟੀਮ ਨੇ ਅੱਜ ਸਵੇਰੇ, ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਗੈਂਗਸਟਰ ਰਣਵੀਰ ਸਿੰਘ ਨੂੰ ਇੱਕ ਸੰਖੇਪ ਮੁਕਾਬਲੇ ਦੌਰਾਨ ਦੁਵੱਲੀ ਗੋਲੀਬਾਰੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ।

ਉਹਨਾਂ ਦੱਸਿਆ ਕਿ ਮੁਲਜ਼ਮ (ਜੋ ਕਿ ਫਰਾਰ ਸੀ) ਨੂੰ ਚੰਡੀਗੜ੍ਹ ਗੋਲੀਬਾਰੀ ਘਟਨਾ ਵਿੱਚ ਵਰਤੇ ਗਏ ਮੋਟਰਸਾਈਕਲ ਤੇ ਭੱਜਦੇ ਸਮੇਂ ਰੋਕਿਆ ਗਿਆ। ਉਹਨਾਂ ਕਿਹਾ ਕਿ ਜਦੋਂ ਉਸਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ, ਤਾਂ ਉਸਨੇ ਪੁਲੀਸ ਪਾਰਟੀ ਤੇ ਗੋਲੀ ਚਲਾ ਦਿੱਤੀ। ਇਸਤੋਂ ਬਾਅਦ ਹੋਏ ਸੰਖੇਪ ਮੁਕਾਬਲੇ ਦੌਰਾਨ ਉਸਦੀ ਲੱਤ ਵਿੱਚ ਗੋਲੀ ਲੱਗੀ।

ਪੁਲੀਸ ਵਲੋਂ ਜਖਮੀ ਗੈਂਗਸਟਰ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਗੋਲੀਬਾਰੀ ਵਿੱਚ ਉਸ ਵਲੋਂ ਵਰਤਿਆ ਗਿਆ .32 ਬੋਰ ਦਾ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ, ਅਤੇ ਪੁਲੀਸ ਤੇ ਗੋਲੀਬਾਰੀ ਕਰਨ ਦੇ ਦੋਸ਼ ਵਿੱਚ ਉਸ ਵਿਰੁੱਧ ਹੋਰ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

ਉਹਨਾਂ ਦੱਸਿਆ ਕਿ ਇਸਤੋਂ ਪਹਿਲਾਂ ਪੁਲੀਸ ਵਲੋਂ ਗੁਪਤ ਸੂਚਨਾ ਦੇ ਆਧਾਰ ਤੇ ਅਰਸ਼ਜੋਤ ਸਿੰਘ ਵਾਸੀ ਪਿੰਡ ਬੱਲੋਮਾਜਰਾ, ਰਣਵੀਰ ਸਿੰਘ ਵਾਸੀ ਪਿੰਡ ਗੁਨੋ ਮਾਜਰਾ ਅਤੇ ਜਸ਼ਨਜੀਤ ਸਿੰਘ ਵਾਸੀ ਖਰੜ ਵਿਰੁੱਧ ਥਾਣਾ ਸਿਟੀ ਖਰੜ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।

ਜਾਂਚ ਦੌਰਾਨ, ਇਹ ਖੁਲਾਸਾ ਹੋਇਆ ਕਿ ਮੁਲਜ਼ਮਾਂ ਨੇ 4 ਨਵੰਬਰ ਨੂੰ ਚੰਡੀਗੜ੍ਹ ਦੇ ਸੈਕਟਰ 39 ਵਿੱਚ ਸਥਿਤ ਮਨਪ੍ਰੀਤ ਸਿੰਘ ਦੇ ਘਰ ਤੇ ਫਿਰੌਤੀ ਮੰਗਣ ਤੋਂ ਬਾਅਦ ਗੋਲੀਆਂ ਚਲਾਈਆਂ ਸਨ। ਮਨਪ੍ਰੀਤ ਸਿੰਘ ਮੁਹਾਲੀ ਵਿੱਚ ਟੀ ਡੀ ਆਈ ਸਿਟੀ ਵਿੱਚ ਹੋਟਲ ਰੀਜੈਂਟਾ ਚਲਾਉਂਦੇ ਹਨ। ਉਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਚੰਡੀਗੜ੍ਹ ਥਾਣੇ ਵਿੱਚ ਬੀ ਐਨ ਐਸ ਦੀ ਧਾਰਾ 109, 308(4), 351(2) ਅਤੇ 25 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਉਹਨਾਂ ਕਿਹਾ ਕਿ ਆਰੋਪੀ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਂਗ ਨਾਲ ਜੁੜੇ ਹੋਏ ਹਨ। ਉਨ੍ਹਾਂ ਵਿੱਚੋਂ ਦੋ ਅਰਸ਼ਜੋਤ ਸਿੰਘ ਅਤੇ ਜਸ਼ਨਜੀਤ ਸਿੰਘ ਨੂੰ ਕੱਲ੍ਹ ਗ੍ਰਿਫ਼ਤਾਰ ਕੀਤਾ ਗਿਆ ਸੀ, ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ .30 ਬੋਰ ਪਿਸਤੌਲ (ਜਿਹੜਾ ਚੰਡੀਗੜ੍ਹ ਗੋਲੀਬਾਰੀ ਵਿੱਚ ਵਰਤਿਆ ਗਿਆ ਸੀ) ਅਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਸਨ। ਉਹਨਾਂ ਕਿਹਾ ਕਿ ਇਹ ਤਿੰਨੋਂ ਆਦਤਨ ਅਪਰਾਧੀ ਹਨ ਜਿਨ੍ਹਾਂ ਦੇ ਖਿਲਾਫ ਪੰਜਾਬ ਭਰ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਹਨ।

ਉਹਨਾਂ ਦੱਸਿਆ ਕਿ ਅਰਸ਼ਜੋਤ ਸਿੰਘ ਤਿੰਨ ਮਾਮਲਿਆਂ ਵਿੱਚ ਸ਼ਾਮਲ ਹੈ। ਉਸਦੇ ਖਿਲਾਫ ਥਾਣਾ ਸੋਹਾਣਾ ਵਿਖੇ ਆਈ ਪੀ ਸੀ ਦੀ ਧਾਰਾ 307, 387 ਅਤੇ 25 ਆਰਮਜ਼ ਐਕਟ, ਆਈ ਪੀ ਸੀ ਦੀ ਧਾਰਾ 307/34 ਅਤੇ 25 ਅਸਲਾ ਐਕਟ ਤਹਿਤ ਦੋ ਵੱਖਰੇ ਮਾਮਲੇ ਦਰਜ ਹਨ। ਇਸਦੇ ਨਾਲ ਹੀ । ਥਾਣਾ ਐਸ ਐਸ ਓ ਸੀ ਵਿਖੇ ਆਈ ਪੀ ਸੀ ਦੀ ਘਾਰਾ 384 ਅਤੇ 25 ਅਸਲਾ ਐਕਟ ਤਹਿਤ ਮਾਮਲਾ ਦਰਜ ਹੈ।

ਜਸ਼ਨਜੀਤ ਸਿੰਘ ਵਿਰੁੱਧ ਥਾਣਾ ਸਦਰ ਕੋਟਕਪੂਰਾ ਅਤੇ ਥਾਣਾ ਬਿਆਸ ਵਿਖੇ 25 ਅਸਲਾ ਐਕਟ ਤਹਿਤ ਦੋ ਵੱਖਰੇ ਮਾਮਲੇ ਦਰਜ ਹਨ। ਰਣਵੀਰ ਸਿੰਘ ਤਿੰਨ ਮਾਮਲਿਆਂ ਵਿੱਚ ਲੋੜੀਂਦਾ ਹੈ।

Continue Reading

Mohali

ਮੱਸਿਆ ਦਾ ਮਾਸਿਕ ਲੰਗਰ ਲਗਾਇਆ

Published

on

By

ਐਸ ਏ ਐਸ ਨਗਰ, 7 ਨਵੰਬਰ (ਸ.ਬ.) ਮਾਂ ਅੰਨਪੂਰਣਾ ਸੇਵਾ ਸਮਿਤੀ ਮੁਹਾਲੀ ਵੱਲੋਂ ਦਿਵਾਲੀ ਦੀ ਪੂਰਵ ਸੰਧਿਆ ਤੇ ਪੀ ਜੀ ਆਈ, ਚੰਡੀਗੜ ਦੀ ਨਵੀਂ ਓ ਪੀ ਡੀ (ਗੇਟ ਨੰ: 4) ਦੇ ਸਾਹਮਣੇ ਮੱਸਿਆ ਦਾ ਮਾਸਿਕ ਲੰਗਰ ਲਗਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਿਜ ਮੋਹਨ ਜੋਸ਼ੀ ਨੇ ਦੱਸਿਆ ਕਿ ਲੰਗਰ ਸੇਵਾ ਵਿੱਚ ਇਸ ਵਾਰ ਸੇਬ, ਕੇਲੇ ਵੰਡੇ ਗਏ। ਇਸ ਮੌਕੇ ਸ਼ੀਸ਼ਪਾਲ ਗਰਗ, ਪ੍ਰਧਾਨ ਸਿੰਘ, ਸਤੀਸ਼ ਕੁਮਾਰ, ਪੰਕਜ ਕੁਮਾਰ ਹਾਜਿਰ ਸਨ।

Continue Reading

Mohali

ਦੀਵਾਲੀ ਦੇ ਤਿਉਹਾਰ ਮੌਕੇ ਮਾਵਾਂ ਭੈਣਾਂ ਨੂੰ ਸੂਟ ਵੰਡੇ

Published

on

By

ਐਸ ਏ ਐਸ ਨਗਰ, 7 ਨਵੰਬਰ (ਸ.ਬ.) ਦੀਵਾਲੀ ਦੇ ਤਿਉਹਾਰ ਮੌਕੇ ਮਿਉਂਸਪਲ ਕੌਂਸਲਰ ਕਮਲਪੀਤ ਸਿੰਘ ਬੰਨੀ ਦੇ ਵਾਰਡ (ਵਾਰਡ ਨੰਬਰ 14) ਵਿਖੇ ਆਯੋਜਿਤ ਇੱਕ ਸਾਦੇ ਸਮਾਗਮ ਦੌਰਾਨ ਮਾਵਾਂ ਅਤੇ ਭੈਣਾਂ ਨੂੰ ਸੂਟ ਵੰਡੇ ਗਏ। ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਸਰਦਾਰ ਬਲਬੀਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਅਤੇ ਸਭ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।

ਇਸ ਮੌਕੇ ਸ. ਸਿੱਧੂ ਨੇ ਕਿਹਾ ਕਿ ਤਿਉਹਾਰਾਂ ਦੀ ਅਸਲ ਖੁਸ਼ੀ ਇੱਕ-ਦੂਜੇ ਨਾਲ ਪਿਆਰ, ਸਤਿਕਾਰ ਅਤੇ ਖੁਸ਼ੀਆਂ ਸਾਂਝੀਆਂ ਕਰਨ ਵਿੱਚ ਹੀ ਹੈ। ਉਹਨਾਂ ਹਾਜਰੀਨਾਂ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੰਦਿਆਂ ਸਭ ਦੀ ਚੜ੍ਹਦੀ ਕਲਾ, ਤੰਦਰੁਸਤੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।

ਇਸ ਮੌਕੇ ਮਿਉਂਸਪਲ ਕੌਂਸਲਰ ਸz. ਕਮਲਪ੍ਰੀਤ ਸਿੰਘ ਬੰਨੀ ਨੇ ਕਿਹਾ ਕਿ ਵਾਰਡ ਦੀਆਂ ਮਾਵਾਂ ਭੈਣਾਂ ਵਲੋਂ ਉਹਨਾਂ ਨੂੰ ਦੂਜੀ ਵਾਰ ਫੇਜ਼ 9 ਦੇ ਕੌਂਸਲਰ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ ਅਤੇ ਬੀਬੀਆਂ ਵੱਲੋਂ ਮਿਲਿਆ ਪਿਆਰ, ਵਿਸ਼ਵਾਸ ਅਤੇ ਸਹਿਯੋਗ ਉਹਨਾਂ ਲਈ ਬੇਹੱਦ ਕੀਮਤੀ ਹੈ। ਉਹਨਾਂ ਕਿਹਾ ਕਿ ਇਹ ਰਿਸ਼ਤਾ ਸਿਰਫ਼ ਚੋਣਾਂ ਤੱਕ ਸੀਮਤ ਨਹੀਂ ਹੈ, ਬਲਕਿ ਆਪਣੇਪਣ ਅਤੇ ਸੇਵਾ ਦੀ ਭਾਵਨਾ ਨਾਲ ਜੁੜਿਆ ਹੋਇਆ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਰਨੈਲ ਸਿੰਘ ਢੀਂਡਸਾ, ਬਲਿਹਾਰ ਸਿੰਘ ਵਿਰਕ, ਪਰਵੀਨ ਸ਼ਰਮਾ, ਹਰਿੰਦਰ ਸਿੰਘ ਵਾਲੀਆ, ਪ੍ਰਿੰਸ ਵਰਮਾ, ਸਚਿਨ ਰਾਏਜ਼ਾਦਾ, ਅਨਿਲ ਆਨੰਦ, ਆਈ. ਡੀ ਗਰਗ, ਅੰਮ੍ਰਿਤਪਾਲ ਸਿੰਘ, ਚੰਦਰ ਅਰੋੜਾ ਵੀ ਹਾਜਿਰ ਸਨ।

Continue Reading

Mohali

ਪ੍ਰਾਈਵੇਟ ਕੰਸਟਰੱਕਸ਼ਨ ਲੇਬਰ ਕੰਟਰੈਕਟਰਜ਼ ਐਸੋਸੀਏਸ਼ਨ ਵੱਲੋਂ 9 ਨਵੰਬਰ ਨੂੰ ਮਨਾਇਆ ਜਾਵੇਗਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ

Published

on

By

ਐਸੋਸੀਏਸ਼ਨ ਦੀ ਮੀਟਿੰਗ ਵਿੱਚ ਸਮਾਗਮ ਦੀਆਂ ਤਿਆਰੀਆਂ ਨੂੰ ਅੰਤਮ ਰੂਪ ਦਿੱਤਾ

ਐਸ ਏ ਐਸ ਨਗਰ, 7 ਨਵੰਬਰ (ਸ.ਬ.) ਪ੍ਰਾਈਵੇਟ ਕੰਸਟਰੱਕਸ਼ਨ ਲੇਬਰ ਕੰਟਰੈਕਟਰਜ਼ ਐਸੋਸੀਏਸ਼ਨ (ਰਜਿ:) ਮੁਹਾਲੀ ਵੱਲੋਂ ਰਾਮਗੜ੍ਹੀਆ ਸਭਾ (ਰਜਿ:) ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਦੀ ਭਾਈ ਲਾਲੋ ਕੋ-ਆਪ ਐਨ. ਏ. ਟੀ ਐਂਡ ਸੀ ਸੁਸਾਇਟੀ ਲਿਮਟਿਡ, ਦਸ਼ਮੇਸ਼ ਵੈਲਫੇਅਰ ਕੌਸਲ (ਰਜਿ.) ਅਤੇ ਗੁਰੂ ਰਾਮਦਾਸ ਵੈਲਫੇਅਰ ਸੋਸਾਇਟੀ (ਰਜਿ.) ਦੇ ਸਹਿਯੋਗ ਨਾਲ ਸ਼ਿਲਪ ਕਲਾ ਦੇ ਜਨਮ ਦਾਤਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ, ਉਤਸ਼ਾਹ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ 9 ਨਵੰਬਰ ਨੂੰ ਰਾਮਗੜ੍ਹੀਆ ਭਵਨ, ਫੇਜ਼ 3ਬੀ-1, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ।

ਉਹਨਾਂ ਦੱਸਿਆ ਕਿ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਸ. ਦੀਦਾਰ ਸਿੰਘ ਕਲਸੀ ਦੀ ਪ੍ਰਧਾਨਗੀ ਹੇਠ ਹੋਈ ਸੰਸਥਾ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਸੀਨੀਅਰ ਮੀਤੀ ਪ੍ਰਧਾਨ ਮਨਜੀਤ ਸਿੰਘ ਮਾਨ, ਰਾਮਗੜ੍ਹੀਆ ਸਭਾ ਦੇ ਪ੍ਰਧਾਨ ਗੁਰਚਰਨ ਸਿੰਘ ਨੰਨੜ੍ਹਾ, ਐਸੋਸੀਏਸ਼ਨ ਦੇ ਜਨਰਲ ਸਕੱਤਰ ਸ. ਬਲਵਿੰਦਰ ਸਿੰਘ ਕਲਸੀ, ਖਜ਼ਾਨਚੀ ਬਲਵਿੰਦਰ ਸਿੰਘ, ਮੈਨੇਜ਼ਰ ਗੁਰਬਚਨ ਸਿੰਘ ਸ਼ਾਮਲ ਹੋਏ। ਮੀਟਿੰਗ ਦੌਰਾਨ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ।

ਸ. ਦੀਦਾਰ ਸਿੰਘ ਕਲਸੀ ਨੇ ਦੱਸਿਆ ਕਿ ਇਸ ਸੰਬੰਧੀ ਅੱਜ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ ਜਿਨ੍ਹਾਂ ਦੇ ਭੋਗ 9 ਨਵੰਬਰ ਨੂੰ ਸਵੇਰੇ 8 ਵਜੇ ਪਾਏ ਜਾਣਗੇ ਅਤੇ ਉਪਰੰਤ ਧਾਰਮਿਕ ਦਿਵਾਨ ਸਜਾਏ ਜਾਣਗੇ।

ਧਾਰਮਿਕ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਸ. ਬਲਵਿੰਦਰ ਸਿੰਘ ਕਲਸੀ ਨੇ ਦੱਸਿਆ ਕਿ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਮੌਕੇ 9 ਨਵੰਬਰ ਨੂੰ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਸਵੇਰੇ 9 ਤੋਂ 10 ਵਜੇ ਤੱਕ ਭਾਈ ਪੁਰਸ਼ੋਤਮ ਸਿੰਘ ਅਤੇ ਸਾਥੀ (ਹਜ਼ੂਰੀ ਰਾਗੀ ਜੱਥਾ) ਵੱਲੋਂ ਮਨੋਹਰ ਕੀਰਤਨ ਕੀਤਾ ਜਾਵੇਗਾ। ਸਵੇਰੇ 10 ਤੋਂ 11 ਵਜੇ ਤੱਕ ਇਸਤਰੀ ਸਤਿਸੰਗ ਜੱਥਾ, ਰਾਮਗੜ੍ਹੀਆ ਸਭਾ ਵੱਲੋਂ ਗੁਰਬਾਣੀ ਕੀਰਤਨ ਕੀਤਾ ਜਾਵੇਗਾ। ਸਵੇਰੇ 11 ਤੋਂ 11:30 ਵਜੇ ਤੱਕ ਭਾਈ ਬਲਿਹਾਰ ਸਿੰਘ (ਹੈਡ ਗ੍ਰੰਥੀ, ਰਾਮਗੜ੍ਹੀਆ ਸਭਾ) ਵੱਲੋਂ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। 11:30 ਤੋਂ ਦੁਪਹਿਰ 1 ਵਜੇ ਤੱਕ ਇੰਟਰਨੈਸ਼ਨਲ ਪੰਥਕ ਢਾਡੀ ਜੱਥਾ ਭਾਈ ਗੁਰਿੰਦਰ ਪ੍ਰਿਤਪਾਲ ਸਿੰਘ ਬੈਂਸ ਅਤੇ ਸਾਥੀਆਂ ਵੱਲੋਂ ਢਾਡੀ ਵਾਰਾਂ ਪੇਸ਼ ਕੀਤੀਆਂ ਜਾਣਗੀਆਂ। ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ।

Continue Reading

Latest News

Trending